ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਪੁਰਾਣੇ ਜ਼ਮਾਨੇ ਵਿਚ ਯਹੋਵਾਹ ਨੇ ਆਪਣੇ ਇਸਰਾਏਲੀ ਸੇਵਕਾਂ ਨੂੰ ਇਕ ਤੋਂ ਜ਼ਿਆਦਾ ਵਿਆਹ ਕਰਨ ਦਿੱਤੇ ਸਨ, ਪਰ ਅੱਜ ਉਸ ਨੇ ਇਹ ਮਨ੍ਹਾ ਕੀਤਾ ਹੈ। ਕੀ ਯਹੋਵਾਹ ਆਪਣੇ ਮਿਆਰ ਬਦਲਦਾ ਰਹਿੰਦਾ ਹੈ?
ਵਿਆਹ-ਸ਼ਾਦੀ ਬਾਰੇ ਯਹੋਵਾਹ ਨੇ ਆਪਣਾ ਮਿਆਰ ਬਦਲਿਆ ਨਹੀਂ ਹੈ। (ਜ਼ਬੂਰਾਂ ਦੀ ਪੋਥੀ 19:7; ਮਲਾਕੀ 3:6) ਸ਼ੁਰੂ ਤੋਂ ਹੀ ਉਸ ਦਾ ਇਹ ਇਰਾਦਾ ਨਹੀਂ ਸੀ ਕਿ ਇਨਸਾਨ ਇਕ ਨਾਲੋਂ ਜ਼ਿਆਦਾ ਵਿਆਹ ਕਰਾਉਣ ਅਤੇ ਨਾ ਹੀ ਉਹ ਅੱਜ ਇਹ ਚਾਹੁੰਦਾ ਹੈ। ਜਦੋਂ ਉਸ ਨੇ ਆਦਮ ਲਈ ਹੱਵਾਹ ਨੂੰ ਬਣਾਇਆ ਸੀ, ਤਾਂ ਉਸ ਨੇ ਆਪਣਾ ਇਹ ਮਿਆਰ ਕਾਇਮ ਕੀਤਾ ਸੀ ਕਿ ਇਕ ਆਦਮੀ ਦੀ ਇੱਕੋ ਪਤਨੀ ਹੋਣੀ ਚਾਹੀਦੀ ਹੈ। “ਸੋ ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ।”—ਉਤਪਤ 2:24.
ਜਦੋਂ ਯਿਸੂ ਧਰਤੀ ਉੱਤੇ ਸੀ, ਉਸ ਨੇ ਤਲਾਕ ਅਤੇ ਦੂਜਾ ਵਿਆਹ ਕਰਨ ਬਾਰੇ ਸਵਾਲ ਪੁੱਛਣ ਵਾਲਿਆਂ ਨੂੰ ਜਵਾਬ ਦਿੰਦੇ ਹੋਏ ਇਸ ਮਿਆਰ ਨੂੰ ਦੁਬਾਰਾ ਦੁਹਰਾਇਆ ਸੀ। ਉਸ ਨੇ ਕਿਹਾ: “ਕੀ ਤੁਸਾਂ ਇਹ ਨਹੀਂ ਪੜ੍ਹਿਆ ਭਈ ਜਿਸ ਨੇ ਉਨ੍ਹਾਂ ਨੂੰ ਬਣਾਇਆ ਉਹ ਨੇ ਮੁੱਢੋਂ ਉਨ੍ਹਾਂ ਨੂੰ ਨਰ ਅਤੇ ਨਾਰੀ ਬਣਾਇਆ? ਅਤੇ ਕਿਹਾ ਜੋ ਏਸ ਲਈ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਦੋਵੇਂ ਇੱਕ ਸਰੀਰ ਹੋਣਗੇ। ਸੋ ਹੁਣ ਓਹ ਦੋ ਨਹੀਂ ਬਲਕਣ ਇੱਕੋ ਸਰੀਰ ਹਨ।” ਯਿਸੂ ਨੇ ਇਹ ਵੀ ਕਿਹਾ ਸੀ ਕਿ “ਜੋ ਕੋਈ ਆਪਣੀ ਤੀਵੀਂ ਨੂੰ ਬਿਨਾ ਹਰਾਮਕਾਰੀ ਦੇ ਕਿਸੇ ਹੋਰ ਕਾਰਨ ਤੋਂ ਤਿਆਗ ਦੇਵੇ ਅਤੇ ਦੂਈ ਨਾਲ ਵਿਆਹ ਕਰੇ ਸੋ ਜਨਾਹ ਕਰਦਾ ਹੈ।” (ਮੱਤੀ 19:4-6, 9) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਕ ਨਾਲੋਂ ਜ਼ਿਆਦਾ ਤੀਵੀਆਂ ਰੱਖਣੀਆਂ ਵੀ ਜ਼ਨਾਹ ਕਰਨ ਦੇ ਬਰਾਬਰ ਹੈ।
ਤਾਂ ਫਿਰ ਇਕ ਨਾਲੋਂ ਜ਼ਿਆਦਾ ਤੀਵੀਆਂ ਰੱਖਣ ਦੇ ਰਿਵਾਜ ਨੂੰ ਪੁਰਾਣੇ ਸਮਿਆਂ ਵਿਚ ਕਿਉਂ ਇਜਾਜ਼ਤ ਦਿੱਤੀ ਗਈ ਸੀ? ਧਿਆਨ ਦਿਓ ਕਿ ਯਹੋਵਾਹ ਨੇ ਇਹ ਰਿਵਾਜ ਸ਼ੁਰੂ ਨਹੀਂ ਕੀਤਾ ਸੀ। ਬਾਈਬਲ ਵਿਚ ਪਹਿਲਾਂ ਵਿਅਕਤੀ ਲਾਮਕ ਸੀ ਜਿਸ ਨੇ ਦੋ ਤੀਵੀਆਂ ਰੱਖੀਆਂ ਹੋਈਆਂ ਸਨ। ਉਹ ਕਇਨ ਦੇ ਖ਼ਾਨਦਾਨ ਵਿੱਚੋਂ ਸੀ। (ਉਤਪਤ 4:19-24) ਜਦੋਂ ਯਹੋਵਾਹ ਨੇ ਨੂਹ ਦੇ ਦਿਨਾਂ ਵਿਚ ਜਲ-ਪਰਲੋ ਲਿਆਂਦੀ ਸੀ, ਤਾਂ ਨੂਹ ਅਤੇ ਉਸ ਦੇ ਤਿੰਨ ਪੁੱਤਰਾਂ ਦੀ ਸਿਰਫ਼ ਇਕ-ਇਕ ਪਤਨੀ ਸੀ। ਜਿਨ੍ਹਾਂ ਲੋਕਾਂ ਨੇ ਇਕ ਨਾਲੋਂ ਜ਼ਿਆਦਾ ਵਿਆਹ ਕਰਾਏ ਸਨ, ਉਨ੍ਹਾਂ ਸਾਰਿਆਂ ਦਾ ਜਲ-ਪਰਲੋ ਵਿਚ ਨਾਸ਼ ਹੋ ਗਿਆ ਸੀ।
ਸਦੀਆਂ ਬਾਅਦ ਜਦ ਯਹੋਵਾਹ ਨੇ ਇਸਰਾਏਲੀਆਂ ਨੂੰ ਆਪਣੀ ਕੌਮ ਵਜੋਂ ਚੁਣਿਆ ਸੀ, ਤਾਂ ਉਸ ਵੇਲੇ ਉਨ੍ਹਾਂ ਵਿੱਚੋਂ ਕਈਆਂ ਨੇ ਪਹਿਲਾਂ ਹੀ ਦੋ-ਦੋ ਵਿਆਹ ਕਰਾਏ ਹੋਏ ਸਨ। ਪਰ ਆਮ ਤੌਰ ਤੇ ਇਕ ਆਦਮੀ ਇੱਕੋ ਹੀ ਵਿਆਹ ਕਰਾਉਂਦਾ ਸੀ। ਪਰਮੇਸ਼ੁਰ ਨੇ ਇਹ ਨਹੀਂ ਕਿਹਾ ਸੀ ਕਿ ਜੇ ਇਕ ਆਦਮੀ ਨੇ ਦੋ ਵਿਆਹ ਕਰਾਏ ਹੋਣ, ਤਾਂ ਉਸ ਨੂੰ ਇਕ ਤੀਵੀਂ ਛੱਡਣੀ ਪਵੇਗੀ। ਇਸ ਦੀ ਬਜਾਇ, ਉਸ ਨੇ ਹੁਕਮ ਦਿੱਤੇ ਸਨ ਕਿ ਇਨ੍ਹਾਂ ਔਰਤਾਂ ਦੇ ਹੱਕ ਪੂਰੇ ਕੀਤੇ ਜਾਣ ਤੇ ਉਨ੍ਹਾਂ ਨਾਲ ਬਦਸਲੂਕੀ ਨਾ ਕੀਤੀ ਜਾਵੇ।—ਕੂਚ 21:10, 11; ਬਿਵਸਥਾ ਸਾਰ 21:15-17.
ਪਰ ਇਕ ਨਾਲੋਂ ਜ਼ਿਆਦਾ ਤੀਵੀਆਂ ਰੱਖਣ ਦਾ ਰਿਵਾਜ ਸਦਾ ਲਈ ਨਹੀਂ ਰਹਿਣਾ ਸੀ। ਇਹ ਗੱਲ ਨਾ ਸਿਰਫ਼ ਵਿਆਹ ਦੇ ਸੰਬੰਧ ਵਿਚ ਯਹੋਵਾਹ ਦੇ ਮੁਢਲੇ ਮਕਸਦ ਬਾਰੇ ਕਹੇ ਯਿਸੂ ਦੇ ਸ਼ਬਦਾਂ ਤੋਂ ਪਤਾ ਲੱਗਦੀ ਹੈ, ਸਗੋਂ ਪੌਲੁਸ ਰਸੂਲ ਨੇ ਜੋ ਕਿਹਾ ਸੀ ਉਸ ਤੋਂ ਵੀ ਪਤਾ ਲੱਗਦੀ ਹੈ। ਪਵਿੱਤਰ ਆਤਮਾ ਤੋਂ ਪ੍ਰੇਰਿਤ ਹੋ ਕੇ ਪੌਲੁਸ ਨੇ ਲਿਖਿਆ: “ਹਰੇਕ ਪੁਰਖ ਆਪਣੀ ਹੀ ਇਸਤ੍ਰੀ ਨੂੰ ਅਤੇ ਹਰੇਕ ਇਸਤ੍ਰੀ ਆਪਣੇ ਹੀ ਪੁਰਖ ਨੂੰ ਰੱਖੇ।” (1 ਕੁਰਿੰਥੀਆਂ 7:2) ਪੌਲੁਸ ਨੇ ਇਹ ਵੀ ਲਿਖਿਆ ਕਿ ਮਸੀਹੀ ਕਲੀਸਿਯਾ ਵਿਚ ਇਕ ਨਿਗਾਹਬਾਨ ਜਾਂ ਸਹਾਇਕ ਸੇਵਕ ਨੂੰ “ਇੱਕੋ ਹੀ ਪਤਨੀ ਦਾ ਪਤੀ” ਹੋਣਾ ਚਾਹੀਦਾ ਹੈ।—1 ਤਿਮੋਥਿਉਸ 3:2, 12; ਤੀਤੁਸ 1:6.
ਇਸ ਤਰ੍ਹਾਂ, ਯਹੋਵਾਹ ਨੇ ਇਕ ਨਾਲੋਂ ਜ਼ਿਆਦਾ ਪਤਨੀਆਂ ਰੱਖਣ ਦਾ ਰਿਵਾਜ 2,000 ਸਾਲ ਪਹਿਲਾਂ ਖ਼ਤਮ ਕਰ ਦਿੱਤਾ ਜਦੋਂ ਮਸੀਹੀ ਕਲੀਸਿਯਾ ਸਥਾਪਿਤ ਹੋਈ ਸੀ। ਉਸ ਵੇਲੇ ਵਿਆਹ ਦੇ ਸੰਬੰਧ ਵਿਚ ਜੋ ਯਹੋਵਾਹ ਦਾ ਮੁੱਢ ਤੋਂ ਮਕਸਦ ਸੀ, ਉਹ ਮੁੜ ਸਥਾਪਿਤ ਕੀਤਾ ਗਿਆ: ਇਕ ਪਤੀ ਨੂੰ ਇਕ ਹੀ ਪਤਨੀ ਰੱਖਣੀ ਚਾਹੀਦੀ ਹੈ। ਅੱਜ ਦੁਨੀਆਂ ਭਰ ਵਿਚ ਪਰਮੇਸ਼ੁਰ ਦੇ ਲੋਕ ਇਸੇ ਮਿਆਰ ਅਨੁਸਾਰ ਚੱਲਦੇ ਹਨ।—ਮਰਕੁਸ 10:11, 12; 1 ਕੁਰਿੰਥੀਆਂ 6:9, 10.