Skip to content

Skip to table of contents

ਉਨ੍ਹਾਂ ਨੇ ਦਇਆ ਨਾਲ ਪਿਆਰ ਕੀਤਾ

ਉਨ੍ਹਾਂ ਨੇ ਦਇਆ ਨਾਲ ਪਿਆਰ ਕੀਤਾ

ਉਨ੍ਹਾਂ ਨੇ ਦਇਆ ਨਾਲ ਪਿਆਰ ਕੀਤਾ

ਭਰਾ ਮਿਲਟਨ ਜੀ. ਹੈੱਨਸ਼ਲ ਨੇ ਸ਼ਨੀਵਾਰ, 22 ਮਾਰਚ 2003 ਨੂੰ ਆਪਣੀ ਜ਼ਮੀਨੀ ਜ਼ਿੰਦਗੀ ਦਾ ਸਫ਼ਰ ਪੂਰਾ ਕੀਤਾ। ਉਹ 82 ਸਾਲਾਂ ਦੇ ਸਨ। ਉਨ੍ਹਾਂ ਨੇ ਕਾਫ਼ੀ ਲੰਬੇ ਸਮੇਂ ਤਕ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਵਜੋਂ ਸੇਵਾ ਕੀਤੀ।

ਆਪਣੀ ਜਵਾਨੀ ਵਿਚ ਹੀ ਭਰਾ ਮਿਲਟਨ ਹੈੱਨਸ਼ਲ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਵਿਚ ਕੰਮ ਕਰਨ ਲੱਗ ਪਏ ਸਨ ਤੇ ਉਨ੍ਹਾਂ ਨੇ ਤਕਰੀਬਨ 60 ਸਾਲ ਉੱਥੇ ਵਫ਼ਾਦਾਰੀ ਨਾਲ ਕੰਮ ਕੀਤਾ। ਉਹ ਆਪਣੀ ਸਮਝਦਾਰੀ ਲਈ ਤੇ ਰਾਜ ਦੇ ਪ੍ਰਚਾਰ ਕੰਮ ਵਿਚ ਸੱਚੀ ਦਿਲਚਸਪੀ ਰੱਖਣ ਕਰਕੇ ਉੱਥੇ ਕਾਫ਼ੀ ਮਸ਼ਹੂਰ ਹੋ ਗਏ। ਸਾਲ 1939 ਵਿਚ ਉਹ ਭਰਾ ਐੱਨ. ਏਚ. ਨੌਰ ਦੇ ਸੈਕਟਰੀ ਬਣ ਗਏ। ਉਸ ਵੇਲੇ ਭਰਾ ਨੌਰ ਬਰੁਕਲਿਨ ਵਿਚ ਯਹੋਵਾਹ ਦੇ ਗਵਾਹਾਂ ਦੀ ਪ੍ਰਿੰਟਰੀ ਦੇ ਓਵਰਸੀਅਰ ਸਨ। ਜਦੋਂ ਭਰਾ ਨੌਰ ਨੇ 1942 ਵਿਚ ਪੂਰੀ ਦੁਨੀਆਂ ਵਿਚ ਰਹਿੰਦੇ ਯਹੋਵਾਹ ਦੇ ਗਵਾਹਾਂ ਦੀ ਅਗਵਾਈ ਦੀ ਜ਼ਿੰਮੇਵਾਰੀ ਸੰਭਾਲੀ, ਤਾਂ ਭਰਾ ਹੈੱਨਸ਼ਲ ਨੇ ਉਨ੍ਹਾਂ ਦੇ ਸਹਾਇਕ ਦੇ ਤੌਰ ਤੇ ਕੰਮ ਕਰਨਾ ਜਾਰੀ ਰੱਖਿਆ। ਭਰਾ ਹੈੱਨਸ਼ਲ ਨੇ 1956 ਵਿਚ ਲੂਸੀਲ ਬੈੱਨਟ ਨਾਲ ਵਿਆਹ ਕਰਾਇਆ ਅਤੇ ਉਨ੍ਹਾਂ ਦੋਵਾਂ ਨੇ ਰਲ ਕੇ ਜ਼ਿੰਦਗੀ ਦੇ ਮਿੱਠੇ ਤੇ ਕੌੜੇ ਤਜਰਬਿਆਂ ਨੂੰ ਅਨੁਭਵ ਕੀਤਾ।

ਭਰਾ ਹੈੱਨਸ਼ਲ 1977 ਵਿਚ ਭਰਾ ਨੌਰ ਦੀ ਮੌਤ ਤਕ ਉਨ੍ਹਾਂ ਨਾਲ ਕੰਮ ਕਰਦੇ ਰਹੇ। ਉਹ ਭਰਾ ਨੌਰ ਨਾਲ 150 ਤੋਂ ਜ਼ਿਆਦਾ ਦੇਸ਼ਾਂ ਵਿਚ ਗਏ। ਉਹ ਉੱਥੇ ਦੇ ਯਹੋਵਾਹ ਦੇ ਗਵਾਹਾਂ ਨੂੰ, ਖ਼ਾਸ ਕਰਕੇ ਮਿਸ਼ਨਰੀਆਂ ਅਤੇ ਬ੍ਰਾਂਚ ਆਫਿਸ ਵਿਚ ਕੰਮ ਕਰਨ ਵਾਲੇ ਭੈਣ-ਭਰਾਵਾਂ ਨੂੰ ਮਿਲ ਕੇ ਉਨ੍ਹਾਂ ਨੂੰ ਹੌਸਲਾ ਦਿੰਦੇ ਸਨ। ਕਈ ਵਾਰ ਸਫ਼ਰ ਦੌਰਾਨ ਉਨ੍ਹਾਂ ਨੂੰ ਮੁਸ਼ਕਲਾਂ ਤੇ ਖ਼ਤਰਿਆਂ ਦਾ ਸਾਮ੍ਹਣਾ ਕਰਨਾ ਪਿਆ। ਸਾਲ 1963 ਵਿਚ ਭਰਾ ਹੈੱਨਸ਼ਲ ਲਾਈਬੀਰੀਆ ਵਿਚ ਇਕ ਸੰਮੇਲਨ ਵਿਚ ਗਏ। ਉਨ੍ਹਾਂ ਨੂੰ ਉੱਥੇ ਇਕ ਦੇਸ਼ਭਗਤੀ ਦੀ ਰਸਮ ਵਿਚ ਹਿੱਸਾ ਲੈਣ ਤੋਂ ਇਨਕਾਰ ਕਰਨ ਤੇ ਘੋਰ ਅਤਿਆਚਾਰ ਸਹਿਣਾ ਪਿਆ। * ਪਰ ਭਰਾ ਹੈੱਨਸ਼ਲ ਡਰੇ ਨਹੀਂ। ਉਹ ਕੁਝ ਮਹੀਨਿਆਂ ਬਾਅਦ ਲਾਈਬੀਰੀਆ ਦੇ ਰਾਸ਼ਟਰਪਤੀ ਨੂੰ ਮਿਲਣ ਲਈ ਵਾਪਸ ਗਏ ਤਾਂਕਿ ਉਹ ਯਹੋਵਾਹ ਦੇ ਗਵਾਹਾਂ ਵਾਸਤੇ ਭਗਤੀ ਕਰਨ ਦੀ ਆਜ਼ਾਦੀ ਦੀ ਮੰਗ ਕਰ ਸਕਣ।

ਭਰਾ ਹੈੱਨਸ਼ਲ ਬਹੁਤ ਹੀ ਸਮਝਦਾਰੀ ਨਾਲ ਤੇ ਵਧੀਆ ਢੰਗ ਨਾਲ ਸਮੱਸਿਆਵਾਂ ਨੂੰ ਹੱਲ ਕਰਦੇ ਸਨ। ਉਹ ਦੂਸਰਿਆਂ ਨਾਲ ਪਿਆਰ ਨਾਲ ਪੇਸ਼ ਆਉਂਦੇ ਸਨ ਅਤੇ ਉਹ ਕੱਟੜ ਸੁਭਾਅ ਦੇ ਨਹੀਂ ਸਨ। ਉਨ੍ਹਾਂ ਨਾਲ ਕੰਮ ਕਰਨ ਵਾਲੇ ਭਰਾ ਉਨ੍ਹਾਂ ਦੀ ਸਲੀਕੇਦਾਰੀ, ਨਿਮਰਤਾ ਤੇ ਮਜ਼ਾਕੀਆ ਸੁਭਾਅ ਦੀ ਸ਼ਲਾਘਾ ਕਰਦੇ ਹਨ। ਉਨ੍ਹਾਂ ਦੀ ਯਾਦਾਸ਼ਤ ਵੀ ਬੜੀ ਤੇਜ਼ ਸੀ। ਦੁਨੀਆਂ ਭਰ ਵਿਚ ਰਹਿੰਦੇ ਬਹੁਤ ਸਾਰੇ ਮਿਸ਼ਨਰੀਆਂ ਨੂੰ ਉਹ ਹਮੇਸ਼ਾ ਉਨ੍ਹਾਂ ਦੇ ਨਾਵਾਂ ਤੋਂ ਬੁਲਾ ਕੇ, ਉੱਥੇ ਦੀ ਭਾਸ਼ਾ ਵਿਚ ਇਕ-ਦੋ ਗੱਲਾਂ ਕਹਿ ਕੇ ਤੇ ਮਜ਼ਾਕ ਕਰ ਕੇ ਖ਼ੁਸ਼ ਕਰ ਦਿੰਦੇ ਸਨ।

ਮੀਕਾਹ 6:8 ਵਿਚ ਕਿਹਾ ਗਿਆ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ‘ਦਯਾ ਨਾਲ ਪ੍ਰੇਮ ਰੱਖੀਏ।’ ਭਰਾ ਮਿਲਟਨ ਹੈੱਨਸ਼ਲ ਨੇ ਦਇਆ ਨਾਲ ਪ੍ਰੇਮ ਕਰਨ ਵਿਚ ਚੰਗੀ ਮਿਸਾਲ ਕਾਇਮ ਕੀਤੀ ਜਿਸ ਕਰਕੇ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਭਾਰੀਆਂ ਜ਼ਿੰਮੇਵਾਰੀਆਂ ਹੋਣ ਦੇ ਬਾਵਜੂਦ ਵੀ ਉਹ ਮਿਲਣਸਾਰ, ਪਿਆਰ ਕਰਨ ਵਾਲੇ ਤੇ ਦਿਆਲੂ ਇਨਸਾਨ ਰਹੇ। ਉਹ ਕਿਹਾ ਕਰਦੇ ਸਨ, “ਜੇ ਤੁਹਾਨੂੰ ਪਤਾ ਨਾ ਹੋਵੇ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਤਾਂ ਹਮੇਸ਼ਾ ਯਾਦ ਰੱਖੋ ਕਿ ਦਇਆ ਭਰਿਆ ਕੰਮ ਕਰਨਾ ਹੀ ਸਹੀ ਕੰਮ ਹੁੰਦਾ ਹੈ।” ਭਾਵੇਂ ਸਾਨੂੰ ਆਪਣੇ ਇਸ ਪਿਆਰੇ ਭਰਾ ਦੇ ਵਿਛੜਨ ਦਾ ਦੁੱਖ ਹੈ, ਪਰ ਅਸੀਂ ਇਸ ਗੱਲ ਤੋਂ ਬਹੁਤ ਖ਼ੁਸ਼ ਹਾਂ ਕਿ ਉਹ ਆਪਣੀ ਮੌਤ ਤਕ ਵਫ਼ਾਦਾਰ ਰਹੇ ਤੇ ਉਨ੍ਹਾਂ ਨੂੰ “ਜੀਵਨ ਦਾ ਮੁਕਟ” ਮਿਲਿਆ ਹੈ।—ਪਰਕਾਸ਼ ਦੀ ਪੋਥੀ 2:10.

[ਸਫ਼ੇ 31 ਉੱਤੇ ਤਸਵੀਰ]

ਭਰਾ ਐੱਮ. ਜੀ. ਹੈੱਨਸ਼ਲ ਭਰਾ ਐੱਨ. ਏਚ. ਨੌਰ ਦੇ ਨਾਲ

[ਸਫ਼ੇ 31 ਉੱਤੇ ਤਸਵੀਰ]

ਆਪਣੀ ਪਤਨੀ ਲੂਸੀਲ ਦੇ ਨਾਲ

[ਫੁਟਨੋਟ]