ਕੱਲ੍ਹ ਅਤੇ ਅੱਜ—ਬਾਈਬਲ ਦੀ ਸਲਾਹ ਨੇ ਉਸ ਨੂੰ ਇਕ ਨਵਾਂ ਇਨਸਾਨ ਬਣਾਇਆ
“ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ”
ਕੱਲ੍ਹ ਅਤੇ ਅੱਜ—ਬਾਈਬਲ ਦੀ ਸਲਾਹ ਨੇ ਉਸ ਨੂੰ ਇਕ ਨਵਾਂ ਇਨਸਾਨ ਬਣਾਇਆ
ਜਰਮਨੀ ਦੇ ਰਹਿਣ ਵਾਲੇ ਰੌਲਫ਼-ਮਿਖ਼ਾਏਲ ਲਈ ਸੰਗੀਤ ਹੀ ਜ਼ਿੰਦਗੀ ਸੀ, ਪਰ ਉਹ ਨਸ਼ਿਆਂ ਤੋਂ ਬਿਨਾਂ ਵੀ ਜੀਉਂਦਾ ਨਹੀਂ ਰਹਿ ਸਕਦਾ ਸੀ। ਉਹ ਜਵਾਨੀ ਦੇ ਦਿਨਾਂ ਵਿਚ ਹੀ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗ ਪਿਆ ਅਤੇ ਉਹ ਐੱਲ.ਐੱਸ.ਡੀ., ਕੋਕੀਨ ਤੇ ਭੰਗ ਵਰਗੇ ਖ਼ਤਰਨਾਕ ਨਸ਼ੀਲੇ ਪਦਾਰਥ ਵੀ ਇਸਤੇਮਾਲ ਕਰਦਾ ਸੀ।
ਇਕ ਵਾਰ ਰੌਲਫ਼-ਮਿਖ਼ਾਏਲ ਗ਼ੈਰ-ਕਾਨੂੰਨੀ ਤੌਰ ਤੇ ਇਕ ਅਫ਼ਰੀਕੀ ਦੇਸ਼ ਵਿਚ ਨਸ਼ੀਲੇ ਪਦਾਰਥ ਲੈ ਜਾਣ ਦੀ ਕੋਸ਼ਿਸ਼ ਕਰਦਿਆਂ ਫੜਿਆ ਗਿਆ ਅਤੇ ਉਸ ਨੂੰ ਜੇਲ੍ਹ ਵਿਚ 13 ਮਹੀਨੇ ਬਿਤਾਉਣੇ ਪਏ। ਜੇਲ੍ਹ ਦੀ ਸਜ਼ਾ ਕੱਟਦਿਆਂ ਉਸ ਦੇ ਮਨ ਵਿਚ ਜ਼ਿੰਦਗੀ ਦੇ ਮਕਸਦ ਬਾਰੇ ਕਈ ਸਵਾਲ ਉੱਠੇ।
ਰੌਲਫ਼-ਮਿਖ਼ਾਏਲ ਅਤੇ ਉਸ ਦੀ ਪਤਨੀ ਉਰਸੂਲਾ ਜ਼ਿੰਦਗੀ ਦਾ ਮਕਸਦ ਜਾਣਨ ਅਤੇ ਸੱਚਾਈ ਲੱਭਣ ਲਈ ਥਾਂ-ਥਾਂ ਭਟਕਦੇ ਰਹੇ। ਭਾਵੇਂ ਉਨ੍ਹਾਂ ਨੂੰ ਈਸਾਈ ਗਿਰਜਿਆਂ ਤੋਂ ਬੜੀ ਨਿਰਾਸ਼ਾ ਹੋਈ, ਫਿਰ ਵੀ ਉਨ੍ਹਾਂ ਵਿਚ ਪਰਮੇਸ਼ੁਰ ਨੂੰ ਜਾਣਨ ਦੀ ਗਹਿਰੀ ਇੱਛਾ ਸੀ। ਉਨ੍ਹਾਂ ਨੇ ਕਈ ਧਾਰਮਿਕ ਸੰਸਥਾਵਾਂ ਨੂੰ ਪਰਖਿਆ, ਪਰ ਉਨ੍ਹਾਂ ਨੂੰ ਕਿਤਿਓਂ ਆਪਣੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ। ਇਸ ਤੋਂ ਇਲਾਵਾ, ਇਨ੍ਹਾਂ ਧਰਮਾਂ ਤੋਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਬਦਲਣ ਦੀ ਕੋਈ ਪ੍ਰੇਰਣਾ ਨਹੀਂ ਮਿਲੀ।
ਆਖ਼ਰਕਾਰ, ਰੌਲਫ਼-ਮਿਖ਼ਾਏਲ ਤੇ ਉਰਸੂਲਾ ਦੀ ਮੁਲਾਕਾਤ ਯਹੋਵਾਹ ਦੇ ਗਵਾਹਾਂ ਨਾਲ ਹੋਈ। ਬਾਈਬਲ ਦਾ ਅਧਿਐਨ ਕਰਦੇ ਸਮੇਂ, ਯਾਕੂਬ 4:8 ਦੀ ਸਲਾਹ ਰੌਲਫ਼-ਮਿਖ਼ਾਏਲ ਦੇ ਦਿਲ ਨੂੰ ਛੂਹ ਗਈ। ਇਹ ਸਲਾਹ ਸੀ: “ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।” ਰੌਲਫ਼-ਮਿਖ਼ਾਏਲ ਨੇ ਠਾਣ ਲਿਆ ਕਿ ਉਹ ‘ਆਪਣਾ ਪੁਰਾਣਾ ਜੀਵਣ ਤਿਆਗ ਕੇ ਨਵੇਂ ਮਨੁੱਖੀ ਸੁਭਾਓ ਨੂੰ ਪ੍ਰਾਪਤ ਕਰੇਗਾ ਜੋ ਪਰਮੇਸ਼ਰ ਦੇ ਸਰੂਪ ਤੇ ਧਾਰਮਿਕਤਾ ਅਤੇ ਪਵਿੱਤਰਤਾ ਦੇ ਦੁਆਰਾ ਰਚਿਆ ਗਿਆ ਹੈ।’—ਅਫ਼ਸੀਆਂ 4:22-24, ਪਵਿੱਤਰ ਬਾਈਬਲ ਨਵਾਂ ਅਨੁਵਾਦ।
ਪਰ ਰੌਲਫ਼-ਮਿਖ਼ਾਏਲ ਨਵਾਂ ਮਨੁੱਖੀ ਸੁਭਾਅ ਕਿਵੇਂ ਪ੍ਰਾਪਤ ਕਰ ਸਕਦਾ ਸੀ? ਉਸ ਨੂੰ ਬਾਈਬਲ ਵਿੱਚੋਂ ਦਿਖਾਇਆ ਗਿਆ ਕਿ ਜਦੋਂ ਇਕ ਵਿਅਕਤੀ “ਪੂਰਨ ਗਿਆਨ” ਲੈਂਦਾ ਹੈ, ਤਾਂ ਉਸ ਦੀ ਸ਼ਖ਼ਸੀਅਤ ‘ਆਪਣੇ ਕਰਤਾਰ ਯਹੋਵਾਹ ਪਰਮੇਸ਼ੁਰ ਦੇ ਸਰੂਪ ਦੇ ਉੱਤੇ ਨਵੀਂ ਬਣ’ ਸਕਦੀ ਹੈ।—ਕੁਲੁੱਸੀਆਂ 3:9-11.
ਰੌਲਫ਼-ਮਿਖ਼ਾਏਲ ਨੇ ਇਸੇ ਤਰ੍ਹਾਂ ਕੀਤਾ। ਉਸ ਨੇ ਪਰਮੇਸ਼ੁਰ ਦੇ ਬਚਨ ਦਾ ਸਹੀ ਗਿਆਨ ਲਿਆ ਅਤੇ ਇਸ ਦੇ ਸਿਧਾਂਤਾਂ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ। (ਯੂਹੰਨਾ 17:3) ਨਸ਼ਾ ਛੱਡਣ ਲਈ ਉਸ ਨੂੰ ਬੜੀ ਜੱਦੋ-ਜਹਿਦ ਕਰਨੀ ਪਈ, ਪਰ ਉਸ ਨੇ ਪ੍ਰਾਰਥਨਾ ਦਾ ਸਹਾਰਾ ਲਿਆ ਅਤੇ ਯਹੋਵਾਹ ਨੇ ਉਸ ਦੀ ਮਦਦ ਕੀਤੀ। (1 ਯੂਹੰਨਾ 5:14, 15) ਯਹੋਵਾਹ ਦੇ ਗਵਾਹਾਂ ਨਾਲ ਸੰਗਤ ਕਰ ਕੇ ਵੀ ਉਸ ਨੂੰ ਬੜੀ ਮਦਦ ਮਿਲੀ ਕਿਉਂਕਿ ਉਹ ਵੀ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਰੌਲਫ਼-ਮਿਖ਼ਾਏਲ ਨੇ ਸਿੱਖਿਆ ਕਿ ਇਹ ਦੁਨੀਆਂ ਜਲਦੀ ਹੀ ਨਾਸ਼ ਹੋਣ ਵਾਲੀ ਹੈ ਅਤੇ ਉਹੋ ਲੋਕ ਬਚਣਗੇ ਜੋ ਪਰਮੇਸ਼ੁਰ ਦੀ ਇੱਛਾ ਪੂਰੀ ਕਰਦੇ ਹਨ। ਇਸ ਗੱਲ ਨੇ ਵੀ ਰੌਲਫ਼-ਮਿਖ਼ਾਏਲ ਨੂੰ ਬਦਲਣ ਦਾ ਹੌਸਲਾ ਦਿੱਤਾ। ਕੁਝ ਸਮੇਂ ਲਈ ਦੁਨੀਆਂ ਦਾ ਲੁਤਫ਼ ਉਠਾਉਣ ਦੀ ਬਜਾਇ, ਉਸ ਨੇ ਯਹੋਵਾਹ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰ ਕੇ ਸਦਾ ਲਈ ਬਰਕਤਾਂ ਹਾਸਲ ਕਰਨ ਦਾ ਫ਼ੈਸਲਾ ਕੀਤਾ। (1 ਯੂਹੰਨਾ 2:15-17) ਕਹਾਉਤਾਂ 27:11 ਨੇ ਰੌਲਫ਼-ਮਿਖ਼ਾਏਲ ਉੱਤੇ ਡੂੰਘਾ ਅਸਰ ਪਾਇਆ ਜਿਸ ਵਿਚ ਕਿਹਾ ਗਿਆ ਹੈ: “ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ।” ਰੌਲਫ਼-ਮਿਖ਼ਾਏਲ ਕਹਿੰਦਾ ਹੈ: “ਇਸ ਆਇਤ ਤੋਂ ਯਹੋਵਾਹ ਦੇ ਪਿਆਰ ਦੀ ਡੂੰਘਾਈ ਝਲਕਦੀ ਹੈ ਕਿਉਂਕਿ ਉਸ ਨੇ ਇਨਸਾਨਾਂ ਨੂੰ ਉਸ ਦੇ ਜੀਅ ਨੂੰ ਖ਼ੁਸ਼ ਕਰਨ ਦਾ ਮਾਣ ਬਖ਼ਸ਼ਿਆ ਹੈ।”
ਰੌਲਫ਼-ਮਿਖ਼ਾਏਲ, ਉਸ ਦੀ ਪਤਨੀ ਅਤੇ ਤਿੰਨ ਬੱਚਿਆਂ ਵਾਂਗ ਲੱਖਾਂ ਲੋਕਾਂ ਨੇ ਬਾਈਬਲ ਦੇ ਸਿਧਾਂਤਾਂ ਉੱਤੇ ਚੱਲ ਕੇ ਲਾਭ ਹਾਸਲ ਕੀਤਾ ਹੈ। ਇਹ ਲੋਕ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਵਿਚ ਦੇਖੇ ਜਾ ਸਕਦੇ ਹਨ। ਪਰੰਤੂ ਦੁੱਖ ਦੀ ਗੱਲ ਹੈ ਕਿ ਕੁਝ ਦੇਸ਼ਾਂ ਵਿਚ ਗਵਾਹਾਂ ਉੱਤੇ ਇਹ ਦੋਸ਼ ਲਾਇਆ ਜਾਂਦਾ ਹੈ ਕਿ ਉਹ ਖ਼ਤਰਨਾਕ ਲੋਕ ਹਨ ਜੋ ਪਰਿਵਾਰਾਂ ਵਿਚ ਫੁੱਟ ਪਾਉਂਦੇ ਹਨ। ਪਰ ਰੌਲਫ਼-ਮਿਖ਼ਾਏਲ ਦਾ ਤਜਰਬਾ ਇਸ ਦੋਸ਼ ਨੂੰ ਝੂਠਾ ਸਾਬਤ ਕਰਦਾ ਹੈ।—ਇਬਰਾਨੀਆਂ 4:12.
ਰੌਲਫ਼-ਮਿਖ਼ਾਏਲ ਦਾ ਕਹਿਣਾ ਹੈ ਕਿ ਮੱਤੀ 6:33 ਵਿਚ ਅਧਿਆਤਮਿਕ ਕੰਮਾਂ ਨੂੰ ਪਹਿਲ ਦੇਣ ਦੀ ਸਲਾਹ ਉਸ ਦੇ ਪਰਿਵਾਰ ਦੀ “ਕਮਪਾਸ” ਹੈ ਜੋ ਉਨ੍ਹਾਂ ਨੂੰ ਸਹੀ ਸੇਧ ਦਿੰਦੀ ਹੈ। ਰੌਲਫ਼-ਮਿਖ਼ਾਏਲ ਅਤੇ ਉਸ ਦਾ ਪਰਿਵਾਰ ਯਹੋਵਾਹ ਦੇ ਬਹੁਤ ਧੰਨਵਾਦੀ ਹਨ ਕਿ ਉਸ ਦੇ ਮਿਆਰਾਂ ਉੱਤੇ ਚੱਲ ਕੇ ਉਹ ਅੱਜ ਇੰਨੇ ਸੁਖੀ ਹਨ। ਉਹ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਕਰਦੇ ਹਨ ਜਿਸ ਨੇ ਇਹ ਸ਼ਬਦ ਗਾਏ ਸਨ: “ਯਹੋਵਾਹ ਦੇ ਮੇਰੇ ਉੱਤੇ ਸਾਰੇ ਉਪਕਾਰਾਂ ਲਈ ਮੈਂ ਉਹ ਨੂੰ ਕੀ ਮੋੜ ਕੇ ਦਿਆਂ?”—ਜ਼ਬੂਰਾਂ ਦੀ ਪੋਥੀ 116:12.
[ਸਫ਼ੇ 9 ਉੱਤੇ ਸੁਰਖੀ]
ਪਰਮੇਸ਼ੁਰ ਨੇ ਇਨਸਾਨਾਂ ਨੂੰ ਉਸ ਦੇ ਦਿਲ ਨੂੰ ਖ਼ੁਸ਼ ਕਰਨ ਦਾ ਮਾਣ ਬਖ਼ਸ਼ਿਆ ਹੈ
[ਸਫ਼ੇ 9 ਉੱਤੇ ਡੱਬੀ]
ਬਾਈਬਲ ਦੇ ਫ਼ਾਇਦੇਮੰਦ ਸਿਧਾਂਤ
ਹੇਠਾਂ ਦਿੱਤੇ ਕੁਝ ਬਾਈਬਲ ਸਿਧਾਂਤਾਂ ਨੇ ਬਹੁਤ ਸਾਰੇ ਲੋਕਾਂ ਨੂੰ ਖ਼ਤਰਨਾਕ ਨਸ਼ੇ ਛੱਡਣ ਦੀ ਤਾਕਤ ਦਿੱਤੀ:
“ਹੇ ਯਹੋਵਾਹ ਦੇ ਪ੍ਰੇਮੀਓ, ਬੁਰਿਆਈ ਤੋਂ ਘਿਣ ਕਰੋ!” (ਜ਼ਬੂਰਾਂ ਦੀ ਪੋਥੀ 97:10) ਜਦੋਂ ਇਕ ਇਨਸਾਨ ਨੂੰ ਪੱਕਾ ਵਿਸ਼ਵਾਸ ਹੋ ਜਾਂਦਾ ਹੈ ਕਿ ਜਾਨਲੇਵਾ ਆਦਤਾਂ ਕਿੰਨੀਆਂ ਗ਼ਲਤ ਹਨ ਅਤੇ ਉਹ ਇਨ੍ਹਾਂ ਨੂੰ ਦਿਲੋਂ ਨਫ਼ਰਤ ਕਰਨ ਲੱਗਦਾ ਹੈ, ਤਾਂ ਉਸ ਲਈ ਪਰਮੇਸ਼ੁਰ ਦੇ ਮਿਆਰਾਂ ਉੱਤੇ ਚੱਲਣਾ ਆਸਾਨ ਹੋ ਜਾਂਦਾ ਹੈ।
“ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” (ਕਹਾਉਤਾਂ 13:20) ਨਸ਼ਿਆਂ ਤੋਂ ਛੁੱਟਣ ਲਈ ਇਕ ਇਨਸਾਨ ਨੂੰ ਆਪਣੀ ਸੰਗਤ ਵੱਲ ਧਿਆਨ ਦੇਣ ਦੀ ਲੋੜ ਹੈ। ਉਸ ਨੂੰ ਉਨ੍ਹਾਂ ਮਸੀਹੀਆਂ ਨਾਲ ਦੋਸਤੀ ਕਰਨੀ ਚਾਹੀਦੀ ਹੈ ਜੋ ਉਸ ਨੂੰ ਭੈੜੀਆਂ ਆਦਤਾਂ ਛੱਡਣ ਦੀ ਹੱਲਾਸ਼ੇਰੀ ਦੇਣਗੇ।
“ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।” (ਫ਼ਿਲਿੱਪੀਆਂ 4:6, 7) ਨਸ਼ਿਆਂ ਤੋਂ ਸਾਨੂੰ ਅਜਿਹੀ ਸ਼ਾਂਤੀ ਨਹੀਂ ਮਿਲ ਸਕਦੀ। ਇਸ ਤੋਂ ਇਲਾਵਾ, ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਅਤੇ ਉਸ ਉੱਤੇ ਪੂਰਾ ਭਰੋਸਾ ਰੱਖਣ ਨਾਲ ਅਸੀਂ ਨਸ਼ਿਆਂ ਦਾ ਸਹਾਰਾ ਲਏ ਬਗੈਰ ਹੀ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਡੱਟ ਕੇ ਸਾਮ੍ਹਣਾ ਕਰ ਸਕਦੇ ਹਾਂ।