“ਇੰਜੀਨੀਅਰੀ ਦਾ ਇਕ ਸਭ ਤੋਂ ਵੱਡਾ ਕਾਰਨਾਮਾ”
“ਇੰਜੀਨੀਅਰੀ ਦਾ ਇਕ ਸਭ ਤੋਂ ਵੱਡਾ ਕਾਰਨਾਮਾ”
ਤਕਰੀਬਨ 3,000 ਸਾਲ ਪਹਿਲਾਂ ਸੁਲੇਮਾਨ ਦੇ ਰਾਜ ਦੌਰਾਨ ਯਰੂਸ਼ਲਮ ਵਿਚ ਯਹੋਵਾਹ ਲਈ ਇਕ ਮੰਦਰ ਬਣਾਇਆ ਗਿਆ ਸੀ। ਪਾਣੀ ਰੱਖਣ ਲਈ ਕਾਂਸੀ ਦਾ ਇਕ ਵੱਡਾ ਸਾਰਾ ਭਾਂਡਾ ਵੀ ਬਣਾਇਆ ਗਿਆ ਜਿਸ ਨੂੰ ਮੰਦਰ ਦੀ ਦਹਿਲੀਜ਼ ਦੇ ਬਾਹਰ ਰੱਖਿਆ ਗਿਆ ਸੀ। ਇਸ ਭਾਂਡੇ ਦਾ ਭਾਰ 30 ਟਨ ਤੋਂ ਜ਼ਿਆਦਾ ਸੀ ਅਤੇ ਇਸ ਵਿਚ ਲਗਭਗ 40,000 ਲੀਟਰ ਪਾਣੀ ਭਰਿਆ ਜਾ ਸਕਦਾ ਸੀ। ਇਸ ਵਿਸ਼ਾਲ ਭਾਂਡੇ ਨੂੰ “ਸਾਗਰੀ ਹੌਦ” ਕਿਹਾ ਜਾਂਦਾ ਸੀ। (1 ਰਾਜਿਆਂ 7:23-26) ਕੈਨੇਡਾ ਵਿਚ ਨੈਸ਼ਨਲ ਰਿਸਰਚ ਕੌਂਸਲ ਦੇ ਇਕ ਸਾਬਕਾ ਤਕਨੀਕੀ ਅਫ਼ਸਰ ਐਲਬਰਟ ਜ਼ੋਇਡਹੋਫ਼ ਨੇ ਬਿਬਲੀਕਲ ਆਰਕੀਓਲਜਿਸਟ ਰਸਾਲੇ ਵਿਚ ਕਿਹਾ: “ਇਬਰਾਨੀ ਕੌਮ ਵਿਚ ਇਹ ਸੱਚ-ਮੁੱਚ ਇੰਜੀਨੀਅਰੀ ਦਾ ਇਕ ਸਭ ਤੋਂ ਵੱਡਾ ਕਾਰਨਾਮਾ ਸੀ।”
ਇਸ ਹੌਜ਼ ਨੂੰ ਕਿਵੇਂ ਬਣਾਇਆ ਗਿਆ ਸੀ? ਬਾਈਬਲ ਦੱਸਦੀ ਹੈ: ‘ਯਰਦਨ ਦੇ ਮਦਾਨ ਵਿੱਚ ਪਾਤਸ਼ਾਹ ਨੇ ਕਾਂਸੀ ਦੇ ਭਾਂਡਿਆਂ ਨੂੰ ਚੀਕਣੀ ਮਿੱਟੀ ਵਿੱਚ ਢਾਲਿਆ।’ (1 ਰਾਜਿਆਂ 7:45, 46) ਜ਼ੋਇਡਹੋਫ਼ ਕਹਿੰਦਾ ਹੈ: “ਹੌਜ਼ ਬਣਾਉਣ ਲਈ ਸ਼ਾਇਦ ਉਹੀ ਤਰੀਕਾ ਵਰਤਿਆ ਗਿਆ ਹੋਵੇਗਾ ਜੋ ਅੱਜ ਕਾਂਸੀ ਦੇ ਵੱਡੇ-ਵੱਡੇ ਘੰਟੇ ਬਣਾਉਣ ਲਈ ਵਰਤਿਆ ਜਾਂਦਾ ਹੈ। ਸਭ ਤੋਂ ਪਹਿਲਾਂ ਉਲਟਾਏ ਗਏ ਹੌਜ਼ ਦੇ ਆਕਾਰ ਦਾ ਮਿੱਟੀ ਦਾ ਇਕ ਸਾਂਚਾ ਬਣਾਇਆ ਗਿਆ। ਸਾਂਚੇ ਦੇ ਚੰਗੀ ਤਰ੍ਹਾਂ ਸੁੱਕਣ ਤੋਂ ਬਾਅਦ ਉਸ ਉੱਪਰ ਮੋਮ ਦਾ ਨਮੂਨਾ ਤਿਆਰ ਕੀਤਾ ਗਿਆ। . . . ਇਸ ਮਗਰੋਂ ਢਲ਼ਾਈਕਾਰਾਂ ਨੇ ਮੋਮ ਦੇ ਉੱਪਰ ਮਿੱਟੀ ਦੀ ਇਕ ਹੋਰ ਪਰਤ ਚੜ੍ਹਾਈ। ਇਸ ਢਾਂਚੇ ਦੇ ਸੁੱਕਣ ਤੋਂ ਬਾਅਦ ਇਸ ਵਿੱਚੋਂ ਮੋਮ ਨੂੰ ਪਿਘਲਾ ਕੇ ਕੱਢ ਦਿੱਤਾ ਗਿਆ ਅਤੇ ਖੋਖਲੇ ਸਾਂਚੇ ਵਿਚ ਕਾਂਸੀ ਦੀ ਧਾਤ ਨੂੰ ਪਿਘਲਾ ਕੇ ਪਾ ਦਿੱਤਾ ਗਿਆ।”
ਇੰਨੇ ਵੱਡੇ ਅਤੇ ਭਾਰੇ ਸਾਗਰੀ ਹੌਜ਼ ਨੂੰ ਬਣਾਉਣ ਲਈ ਕਾਫ਼ੀ ਹੁਨਰ ਦੀ ਲੋੜ ਸੀ। ਹੌਜ਼ ਦੇ ਅੰਦਰਲੇ ਅਤੇ ਬਾਹਰਲੇ ਸਾਂਚੇ ਨੂੰ ਇੰਨਾ ਮਜ਼ਬੂਤ ਬਣਾਉਣ ਦੀ ਲੋੜ ਸੀ ਕਿ ਉਹ 30 ਟਨ ਪਿਘਲੇ ਕਾਂਸੀ ਦੇ ਭਾਰ ਨੂੰ ਸੰਭਾਲ ਸਕੇ। ਸਾਰੀ ਪਿਘਲੀ ਧਾਤ ਨੂੰ ਇੱਕੋ ਵਾਰੀ ਖੋਖਲੇ ਸਾਂਚੇ ਦੇ ਅੰਦਰ ਪਾਉਣ ਦੀ ਲੋੜ ਸੀ ਤਾਂਕਿ ਹੌਜ਼ ਵਿਚ ਕੋਈ ਤਰੇੜ ਜਾਂ ਨੁਕਸ ਨਾ ਪਵੇ। ਇਸ ਦੇ ਲਈ ਇੱਕੋ ਥਾਂ ਤੇ ਬਹੁਤ ਸਾਰੀਆਂ ਭੱਠੀਆਂ ਦੀ ਲੋੜ ਸੀ ਤਾਂਕਿ ਧਾਤ ਨੂੰ ਪਿਘਲਾ ਕੇ ਸਾਂਚੇ ਵਿਚ ਲਗਾਤਾਰ ਪਾਇਆ ਜਾ ਸਕੇ। ਇਹ ਸੱਚ-ਮੁੱਚ ਬਹੁਤ ਵੱਡਾ ਕਾਰਨਾਮਾ ਸੀ!
ਮੰਦਰ ਦਾ ਉਦਘਾਟਨ ਕਰਨ ਵੇਲੇ ਪ੍ਰਾਰਥਨਾ ਵਿਚ ਰਾਜਾ ਸੁਲੇਮਾਨ ਨੇ ਮੰਦਰ ਦੇ ਸਾਰੇ ਕੰਮ ਦਾ ਸਿਹਰਾ ਯਹੋਵਾਹ ਪਰਮੇਸ਼ੁਰ ਨੂੰ ਦਿੰਦੇ ਹੋਏ ਕਿਹਾ: “ਤੂੰ ਆਪਣੇ ਮੂੰਹ ਤੋਂ ਬੋਲਿਆ ਅਤੇ ਆਪਣੇ ਹੱਥ ਨਾਲ ਪੂਰਾ ਕੀਤਾ।”—1 ਰਾਜਿਆਂ 8:24.