ਸੱਚੇ ਮਸੀਹੀਆਂ ਦੀ ਗਿਣਤੀ ਵਧ ਰਹੀ ਹੈ
ਸੱਚੇ ਮਸੀਹੀਆਂ ਦੀ ਗਿਣਤੀ ਵਧ ਰਹੀ ਹੈ
ਪਹਿਲੀ ਸਦੀ ਵਿਚ ਯਿਸੂ ਮਸੀਹ ਨੇ ਬੜੇ ਜੋਸ਼ ਨਾਲ ਪ੍ਰਚਾਰ ਕੀਤਾ। ਲੋਕ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਜਾਂਦੇ ਸਨ। ਉਸ ਦੇ ਸੰਦੇਸ਼ ਨੇ ਲੋਕਾਂ ਦੇ ਦਿਲਾਂ ਵਿਚ ਆਸ਼ਾ ਦੀ ਕਿਰਨ ਜਗਾਈ ਅਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ। ਉਸ ਦੇ ਸ਼ਬਦਾਂ ਨੇ ਕਈਆਂ ਲੋਕਾਂ ਦੇ ਦਿਲ ਜਿੱਤ ਲਏ।—ਮੱਤੀ 7:28, 29.
ਯਿਸੂ ਆਪਣੇ ਜ਼ਮਾਨੇ ਦੇ ਕਿਸੇ ਵੀ ਧਾਰਮਿਕ ਜਾਂ ਰਾਜਨੀਤਿਕ ਸੰਸਥਾ ਦਾ ਹਿੱਸਾ ਨਹੀਂ ਬਣਿਆ ਜੋ ਲੋਕਾਂ ਉੱਤੇ ਜ਼ੁਲਮ ਢਾਹ ਰਹੇ ਸਨ। ਪਰ ਉਹ ਆਮ ਲੋਕਾਂ ਨਾਲ ਮਿਲਿਆ-ਵਰਤਿਆ ਅਤੇ ਲੋਕ ਉਸ ਕੋਲ ਆਉਣ ਤੋਂ ਡਰਦੇ ਨਹੀਂ ਸਨ। (ਮੱਤੀ 11:25-30) ਉਸ ਨੇ ਕਬੂਲ ਕੀਤਾ ਕਿ ਧਰਤੀ ਉੱਤੇ ਸ਼ਤਾਨ ਅਤੇ ਉਸ ਦੇ ਬੁਰੇ ਦੂਤਾਂ ਦਾ ਪ੍ਰਭਾਵ ਛਾਇਆ ਹੋਇਆ ਸੀ ਅਤੇ ਉਸ ਨੇ ਪਰਮੇਸ਼ੁਰ ਦੀ ਸ਼ਕਤੀ ਨਾਲ ਲੋਕਾਂ ਵਿੱਚੋਂ ਭੂਤ ਕੱਢੇ। (ਮੱਤੀ 4:2-11, 24; ਯੂਹੰਨਾ 14:30) ਯਿਸੂ ਨੇ ਸਾਫ਼-ਸਾਫ਼ ਦਿਖਾਇਆ ਕਿ ਦੁੱਖ ਅਤੇ ਪਾਪ ਵਿਚਕਾਰ ਕੀ ਤਅੱਲਕ ਹੈ ਅਤੇ ਉਸ ਨੇ ਇਹ ਵੀ ਦੱਸਿਆ ਕਿ ਪਰਮੇਸ਼ੁਰ ਦੇ ਰਾਜ ਰਾਹੀਂ ਇਨਸਾਨਾਂ ਨੂੰ ਇਨ੍ਹਾਂ ਗੱਲਾਂ ਤੋਂ ਛੁਟਕਾਰਾ ਮਿਲੇਗਾ। (ਮਰਕੁਸ 2:1-12; ਲੂਕਾ 11:2, 17-23) ਯਿਸੂ ਨੇ ਪ੍ਰਗਟ ਕੀਤਾ ਕਿ ਉਸ ਦਾ ਪਿਤਾ ਕਿਹੋ ਜਿਹਾ ਪਰਮੇਸ਼ੁਰ ਹੈ ਅਤੇ ਉਸ ਨੇ ਪਰਮੇਸ਼ੁਰ ਦਾ ਨਾਂ ਉਨ੍ਹਾਂ ਲੋਕਾਂ ਨੂੰ ਦੱਸਿਆ ਜੋ ਪਰਮੇਸ਼ੁਰ ਨਾਲ ਨਜ਼ਦੀਕੀ ਰਿਸ਼ਤਾ ਕਾਇਮ ਕਰਨਾ ਚਾਹੁੰਦੇ ਸਨ।—ਯੂਹੰਨਾ 17:6, 26.
ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਧਾਰਮਿਕ ਆਗੂਆਂ ਵੱਲੋਂ ਸਤਾਹਟ ਜਾਂ ਰਾਜਨੀਤਿਕ ਵਿਰੋਧਤਾ ਦੇ ਬਾਵਜੂਦ ਯਿਸੂ ਦੇ ਚੇਲਿਆਂ ਨੇ ਜੋਸ਼ ਤੇ ਤੇਜ਼ੀ ਨਾਲ ਉਸ ਦਾ ਸੰਦੇਸ਼ ਫੈਲਾਇਆ। ਸਿਰਫ਼ 30 ਕੁ ਸਾਲਾਂ ਦੇ ਅੰਦਰ-ਅੰਦਰ ਅਫ਼ਰੀਕਾ, ਏਸ਼ੀਆ ਤੇ ਯੂਰਪ ਵਿਚ ਮਸੀਹੀ ਕਲੀਸਿਯਾਵਾਂ ਸ਼ੁਰੂ ਕੀਤੀਆਂ ਗਈਆਂ। (ਕੁਲੁੱਸੀਆਂ 1:23) ਯਿਸੂ ਨੇ ਸੱਚਾਈਆਂ ਨੂੰ ਇੰਨੇ ਆਸਾਨ ਤਰੀਕੇ ਨਾਲ ਪੇਸ਼ ਕੀਤਾ ਕਿ ਇਨ੍ਹਾਂ ਨੇ ਪੂਰੇ ਰੋਮੀ ਸਾਮਰਾਜ ਵਿਚ ਨਿਮਰ ਲੋਕਾਂ ਦੀਆਂ ਮਨ ਦੀਆਂ ਅੱਖਾਂ ਖੋਲ੍ਹ ਦਿੱਤੀਆਂ।—ਅਫ਼ਸੀਆਂ 1:17, 18.
ਪਰ ਇਹ ਸਾਰੇ ਨਵੇਂ ਚੇਲੇ “ਇੱਕੋ ਨਿਹਚਾ” ਵਿਚ ਇਕਮੁੱਠ ਕਿੱਦਾਂ ਹੋ ਸਕਦੇ ਸਨ ਜਦ ਕਿ ਉਹ ਵੱਖੋ-ਵੱਖਰੇ ਪਿਛੋਕੜਾਂ ਤੇ ਸਭਿਆਚਾਰਾਂ ਦੇ ਸਨ, ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਦੇ ਸਨ, ਕਈ ਗ਼ਰੀਬ ਸਨ ਤੇ ਕਈ ਅਮੀਰ, ਕਈ ਪੜ੍ਹੇ-ਲਿਖੇ ਤੇ ਕਈ ਅਨਪੜ੍ਹ? (ਅਫ਼ਸੀਆਂ 4:5) ਉਹ “ਸੱਭੇ ਇੱਕੋ ਗੱਲ” ਕਿਵੇਂ ਬੋਲ ਸਕਦੇ ਸਨ ਤਾਂਕਿ ਉਨ੍ਹਾਂ ਵਿਚ ਫੁੱਟ ਨਾ ਪਵੇ? (1 ਕੁਰਿੰਥੀਆਂ 1:10) ਅੱਜ-ਕੱਲ੍ਹ ਚਰਚਾਂ ਵਿਚ ਪਈ ਫੁੱਟ ਨੂੰ ਦੇਖਦੇ ਹੋਏ ਸਾਨੂੰ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਅਸਲ ਵਿਚ ਯਿਸੂ ਨੇ ਕਿਹੜੀ ਸਿੱਖਿਆ ਦਿੱਤੀ ਸੀ।
ਮਸੀਹੀ ਏਕਤਾ ਦੀ ਨੀਂਹ
ਜਦ ਯਿਸੂ ਨੂੰ ਪੁੰਤਿਯੁਸ ਪਿਲਾਤੁਸ ਸਾਮ੍ਹਣੇ ਪੇਸ਼ ਕੀਤਾ ਗਿਆ ਸੀ, ਤਾਂ ਯਿਸੂ ਨੇ ਦੱਸਿਆ ਕਿ ਮਸੀਹੀਆਂ ਦੀ ਏਕਤਾ ਦੀ ਨੀਂਹ ਕੀ ਹੋਣੀ ਸੀ: “ਮੈਂ ਇਸੇ ਲਈ ਜਨਮ ਧਾਰਿਆ ਅਤੇ ਇਸੇ ਲਈ ਜਗਤ ਵਿੱਚ ਆਇਆ ਹਾਂ ਭਈ ਸਚਿਆਈ ਉੱਤੇ ਸਾਖੀ ਦਿਆਂ। ਹਰੇਕ ਜੋ ਸਚਿਆਈ ਦਾ ਹੈ ਮੇਰਾ ਬਚਨ ਸੁਣਦਾ ਹੈ।” (ਯੂਹੰਨਾ 18:37) ਸੋ ਪਰਮੇਸ਼ੁਰ ਦੇ ਬਚਨ ਅਤੇ ਯਿਸੂ ਦੀਆਂ ਸਿੱਖਿਆਵਾਂ ਸਵੀਕਾਰ ਕਰਨ ਨਾਲ ਯਿਸੂ ਦੇ ਸੱਚੇ ਚੇਲਿਆਂ ਵਿਚ ਏਕਤਾ ਬਣੀ ਰਹਿਣੀ ਸੀ।—1 ਕੁਰਿੰਥੀਆਂ 4:6; 2 ਤਿਮੋਥਿਉਸ 3:16, 17.
ਇਹ ਸੱਚ ਹੈ ਕਿ ਕਦੇ-ਕਦੇ ਯਿਸੂ ਦੇ ਚੇਲੇ ਸ਼ਾਇਦ ਸੱਚਾਈ ਬਾਰੇ ਸਵਾਲ ਖੜ੍ਹਾ ਕਰਨ ਜਾਂ ਫਿਰ ਕਿਸੇ ਗੱਲ ਬਾਰੇ ਉਨ੍ਹਾਂ ਦੇ ਵਿਚਾਰ ਆਪਸ ਵਿਚ ਮਿਲਦੇ-ਜੁਲਦੇ ਨਾ ਹੋਣ। ਫਿਰ ਉਨ੍ਹਾਂ ਨੂੰ ਏਕਤਾ ਕਾਇਮ ਰੱਖਣ ਵਿਚ ਮਦਦ ਕਿੱਥੋਂ ਮਿਲ ਸਕਦੀ ਸੀ? ਯਿਸੂ ਨੇ ਇਸ ਸਵਾਲ ਦਾ ਜਵਾਬ ਦਿੱਤਾ: “ਜਦ ਉਹ ਅਰਥਾਤ ਸਚਿਆਈ ਦਾ ਆਤਮਾ ਆਵੇ ਤਦ ਉਹ ਸਾਰੀ ਸਚਿਆਈ ਵਿੱਚ ਤੁਹਾਡੀ ਅਗਵਾਈ ਕਰੇਗਾ ਕਿਉਂ ਜੋ ਉਹ ਆਪਣੀ ਵੱਲੋਂ ਨਾ ਕਹੇਗਾ ਪਰ ਜੋ ਕੁਝ ਸੁਣੇਗਾ ਸੋਈ ਆਖੇਗਾ ਅਤੇ ਉਹ ਹੋਣ ਵਾਲੀਆਂ ਗੱਲਾਂ ਤੁਹਾਨੂੰ ਦੱਸੇਗਾ।” (ਯੂਹੰਨਾ 16:12, 13) ਜੀ ਹਾਂ, ਜਿੱਦਾਂ-ਜਿੱਦਾਂ ਪਰਮੇਸ਼ੁਰ ਨੇ ਯਿਸੂ ਦੇ ਸੱਚੇ ਚੇਲਿਆਂ ਨੂੰ ਸੱਚਾਈ ਪ੍ਰਗਟ ਕਰਨੀ ਸੀ, ਉੱਦਾਂ-ਉੱਦਾਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਨੇ ਇਸ ਸੱਚਾਈ ਨੂੰ ਸਮਝਣ ਵਿਚ ਉਨ੍ਹਾਂ ਦੀ ਮਦਦ ਕਰਨੀ ਸੀ। ਇਸ ਤੋਂ ਇਲਾਵਾ, ਪਰਮੇਸ਼ੁਰ ਦੀ ਆਤਮਾ ਨੇ ਉਨ੍ਹਾਂ ਵਿਚ ਪਿਆਰ, ਆਨੰਦ ਅਤੇ ਸ਼ਾਂਤੀ ਵਰਗੇ ਗੁਣ ਵੀ ਪੈਦਾ ਕਰਨੇ ਸਨ ਜਿਨ੍ਹਾਂ ਨਾਲ ਉਨ੍ਹਾਂ ਦੀ ਏਕਤਾ ਕਾਇਮ ਰਹਿ ਸਕਦੀ ਸੀ।—ਰਸੂਲਾਂ ਦੇ ਕਰਤੱਬ 15:28; ਗਲਾਤੀਆਂ 5:22, 23.
ਯਿਸੂ ਨੇ ਆਪਣੇ ਚੇਲਿਆਂ ਵਿਚਕਾਰ ਬਹਿਸ ਹੋਣ ਅਤੇ ਫੁੱਟ ਪੈਣ ਦੀ ਕੋਈ ਗੁੰਜਾਇਸ਼ ਨਹੀਂ ਛੱਡੀ ਸੀ। ਉਸ ਨੇ ਉਨ੍ਹਾਂ ਨੂੰ ਇਹ ਅਧਿਕਾਰ ਵੀ ਨਹੀਂ ਦਿੱਤਾ ਸੀ ਕਿ ਉਹ ਲੋਕਾਂ ਦੇ ਸਭਿਆਚਾਰ ਜਾਂ ਰੀਤੀ-ਰਿਵਾਜ ਅਨੁਸਾਰ ਬਾਈਬਲ ਦੀ ਸੱਚਾਈ ਨੂੰ ਬਦਲ ਕੇ ਸਿਖਾਉਣ। ਇਸ ਦੀ ਬਜਾਇ, ਯਿਸੂ ਨੇ ਆਪਣੇ ਚੇਲਿਆਂ ਨਾਲ ਆਪਣੇ ਆਖ਼ਰੀ ਪਲਾਂ ਦੌਰਾਨ ਪ੍ਰਾਰਥਨਾ ਕੀਤੀ: “ਮੈਂ ਨਿਰਾ ਏਹਨਾਂ ਹੀ ਲਈ ਬੇਨਤੀ ਨਹੀਂ ਕਰਦਾ ਪਰ ਓਹਨਾਂ ਲਈ ਵੀ ਜਿਹੜੇ ਏਹਨਾਂ ਦੇ ਬਚਨ ਨਾਲ ਮੇਰੇ ਉੱਤੇ ਨਿਹਚਾ ਕਰਨਗੇ। ਜੋ ਓਹ ਸਭ ਇੱਕ ਹੋਣ ਜਿਸ ਤਰਾਂ, ਹੇ ਪਿਤਾ, ਤੂੰ ਮੇਰੇ ਵਿੱਚ ਅਤੇ ਮੈਂ ਤੇਰੇ ਵਿੱਚ ਹਾਂ ਜੋ ਓਹ ਵੀ ਸਾਡੇ ਵਿੱਚ ਹੋਣ ਤਾਂ ਜੋ ਜਗਤ ਸਤ ਮੰਨੇ ਭਈ ਤੈਂ ਮੈਨੂੰ ਘੱਲਿਆ।” (ਯੂਹੰਨਾ 17:20, 21) ਤਾਂ ਫਿਰ, ਸ਼ੁਰੂ ਤੋਂ ਹੀ ਯਿਸੂ ਦੇ ਚੇਲਿਆਂ ਦੀ ਪਛਾਣ ਇਸ ਗੱਲ ਤੋਂ ਹੁੰਦੀ ਸੀ ਕਿ ਉਹ ਇਕਮੁੱਠ ਹੋ ਕੇ ਪਰਮੇਸ਼ੁਰ ਦੀ ਭਗਤੀ ਆਤਮਾ ਅਤੇ ਸੱਚਾਈ ਨਾਲ ਕਰਦੇ ਸਨ ਤੇ ਇਹ ਗੱਲ ਅੱਜ ਵੀ ਸੱਚ ਹੈ। (ਯੂਹੰਨਾ 4:23, 24) ਫਿਰ ਵੀ, ਅੱਜ ਦੇ ਚਰਚਾਂ ਵਿਚ ਏਕਤਾ ਦੀ ਬਜਾਇ ਫੁੱਟ ਪਈ ਹੋਈ ਹੈ। ਇਸ ਤਰ੍ਹਾਂ ਕਿਉਂ ਹੈ?
ਚਰਚਾਂ ਵਿਚ ਫੁੱਟ ਕਿਉਂ?
ਅੱਜ ਈਸਾਈਆਂ ਵਿਚ ਪਈ ਫੁੱਟ ਦਾ ਮੁੱਖ ਕਾਰਨ ਇਹ ਹੈ ਕਿ ਉਹ ਯਿਸੂ ਦੀਆਂ ਸਿੱਖਿਆਵਾਂ ਉੱਤੇ ਪੱਕੇ ਨਹੀਂ ਰਹੇ ਹਨ। ਇਕ ਲੇਖਕ ਨੇ ਕਿਹਾ: “ਜਿਸ ਤਰ੍ਹਾਂ ਪਹਿਲਾਂ ਤੋਂ ਹੁੰਦਾ ਆਇਆ ਹੈ, ਅੱਜ ਦੇ ਨਵੇਂ ਈਸਾਈ ਵੀ ਬਾਈਬਲ ਵਿੱਚੋਂ ਉਹੀ ਗੱਲਾਂ ਮੰਨਦੇ ਹਨ ਜੋ ਉਨ੍ਹਾਂ ਨੂੰ ਚੰਗੀਆਂ ਲੱਗਦੀਆਂ ਹਨ ਅਤੇ ਜਿਹੜੀਆਂ ਗੱਲਾਂ ਉਨ੍ਹਾਂ ਦੇ ਖ਼ਿਆਲਾਂ ਤੇ ਪਰੰਪਰਾ ਨਾਲ ਮੇਲ ਨਹੀਂ ਖਾਂਦੀਆਂ ਉਹ ਉਨ੍ਹਾਂ ਨੂੰ ਰੱਦ ਕਰ ਦਿੰਦੇ ਹਨ।” ਯਿਸੂ ਅਤੇ ਉਸ ਦੇ ਰਸੂਲਾਂ ਨੇ ਪਹਿਲਾਂ ਹੀ ਦੱਸਿਆ ਸੀ ਕਿ ਇਹੋ ਕੁਝ ਹੋਵੇਗਾ।
ਮਿਸਾਲ ਲਈ, ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਪੌਲੁਸ ਰਸੂਲ ਨੇ ਤਿਮੋਥਿਉਸ ਨਾਂ ਦੇ ਇਕ ਹੋਰ ਮਸੀਹੀ ਨੂੰ ਲਿਖਿਆ: “ਉਹ ਸਮਾ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ ਪਰ ਕੰਨਾਂ ਦੀ ਜਲੂਨ ਦੇ ਕਾਰਨ ਆਪਣਿਆਂ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਢੇਰ ਸਾਰੇ ਗੁਰੂ ਧਾਰਨਗੇ। ਅਤੇ ਸਚਿਆਈ ਤੋਂ ਕੰਨਾਂ ਨੂੰ ਫੇਰ ਕੇ ਖਿਆਲੀ ਕਹਾਣੀਆਂ ਦੀ ਵੱਲ ਫਿਰਨਗੇ।” ਕੀ ਇਸ ਦਾ ਮਤਲਬ ਹੈ ਕਿ ਸਾਰੇ ਮਸੀਹੀਆਂ ਨੇ ਕੁਰਾਹੇ ਪੈ ਜਾਣਾ ਸੀ? ਨਹੀਂ, ਕਿਉਂਕਿ ਪੌਲੁਸ ਨੇ ਅੱਗੇ ਕਿਹਾ: “ਪਰ ਤੂੰ ਸਭਨੀਂ ਗੱਲੀਂ ਸੁਚੇਤ ਰਹੀਂ, ਦੁਖ ਝੱਲੀਂ, ਪਰਚਾਰਕ ਦਾ ਕੰਮ ਕਰੀਂ, ਆਪਣੀ ਸੇਵਕਾਈ ਨੂੰ ਪੂਰਿਆਂ ਕਰੀਂ।” (2 ਤਿਮੋਥਿਉਸ 4:3-5; ਲੂਕਾ 21:8; ਰਸੂਲਾਂ ਦੇ ਕਰਤੱਬ 20:29, 30; 2 ਪਤਰਸ 2:1-3) ਤਿਮੋਥਿਉਸ ਅਤੇ ਹੋਰਨਾਂ ਵਫ਼ਾਦਾਰ ਮਸੀਹੀਆਂ ਨੇ ਇਸ ਸਲਾਹ ਨੂੰ ਲਾਗੂ ਕੀਤਾ ਸੀ।
ਸੱਚੇ ਮਸੀਹੀਆਂ ਵਿਚ ਅੱਜ ਵੀ ਏਕਤਾ ਹੈ
ਤਿਮੋਥਿਉਸ ਵਾਂਗ ਸੱਚੇ ਮਸੀਹੀ ਅੱਜ ਵੀ ਸਚੇਤ ਰਹਿੰਦੇ ਹਨ ਅਤੇ ਮਨੁੱਖਾਂ ਦੀਆਂ ਸਿੱਖਿਆਵਾਂ ਨਹੀਂ, ਸਗੋਂ ਬਾਈਬਲ ਵਿੱਚੋਂ ਪਰਮੇਸ਼ੁਰ ਦੀਆਂ ਸਿੱਖਿਆਵਾਂ ਨੂੰ ਮੰਨਦੇ ਹਨ। (ਕੁਲੁੱਸੀਆਂ 2:8; 1 ਯੂਹੰਨਾ 4:1) ਪਹਿਲੀ ਸਦੀ ਦੇ ਮਸੀਹੀਆਂ ਦੀ ਰੀਸ ਕਰਦੇ ਹੋਏ ਯਹੋਵਾਹ ਦੇ ਗਵਾਹ 230 ਤੋਂ ਜ਼ਿਆਦਾ ਦੇਸ਼ਾਂ ਵਿਚ ਲੋਕਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ। ਇਹ ਉਹੀ ਸੰਦੇਸ਼ ਹੈ ਜੋ ਯਿਸੂ ਨੇ ਲੋਕਾਂ ਨੂੰ ਸੁਣਾਇਆ ਸੀ। ਆਓ ਆਪਾਂ ਧਿਆਨ ਦੇਈਏ ਕਿ ਦੁਨੀਆਂ ਭਰ ਦੇ ਸੱਚੇ ਮਸੀਹੀ ਕਿਨ੍ਹਾਂ ਚਾਰ ਜ਼ਰੂਰੀ ਗੱਲਾਂ ਵਿਚ ਯਿਸੂ ਦੀ ਰੀਸ ਕਰਦੇ ਹੋਏ ਆਪਣੀ ਏਕਤਾ ਬਣਾਈ ਰੱਖਦੇ ਹਨ।
ਉਨ੍ਹਾਂ ਦੀਆਂ ਸਿੱਖਿਆਵਾਂ ਪਰਮੇਸ਼ੁਰ ਦੇ ਬਚਨ ਵਿੱਚੋਂ ਲਈਆਂ ਗਈਆਂ ਹਨ। (ਯੂਹੰਨਾ 17:17) ਬੈਲਜੀਅਮ ਵਿਚ ਚਰਚ ਦੇ ਇਕ ਪਾਦਰੀ ਨੇ ਯਹੋਵਾਹ ਦੇ ਗਵਾਹਾਂ ਬਾਰੇ ਲਿਖਿਆ: “ਅਸੀਂ ਉਨ੍ਹਾਂ ਤੋਂ ਇਕ ਗੱਲ ਸਿੱਖ ਸਕਦੇ ਹਾਂ ਕਿ ਉਹ ਪਰਮੇਸ਼ੁਰ ਦੇ ਬਚਨ ਅਨੁਸਾਰ ਸਭ ਕੁਝ ਕਰਨ ਲਈ ਤਿਆਰ ਹਨ ਅਤੇ ਉਹ ਦਲੇਰੀ ਨਾਲ ਉਸ ਦਾ ਪ੍ਰਚਾਰ ਕਰਦੇ ਹਨ।”
ਉਹ ਦੁਨੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪਰਮੇਸ਼ੁਰ ਦੇ ਰਾਜ ਉੱਤੇ ਆਸ ਲਾਉਂਦੇ ਹਨ। (ਲੂਕਾ 8:1) ਕੋਲੰਬੀਆ ਦੇ ਬਾਰਾਨਕੀਆ ਸ਼ਹਿਰ ਵਿਚ ਇਕ ਗਵਾਹ ਨੇ ਐਨਟੋਨਿਓ ਨਾਲ ਗੱਲ ਕੀਤੀ, ਜੋ ਇਕ ਸਿਆਸੀ ਪਾਰਟੀ ਦਾ ਜੋਸ਼ੀਲਾ ਮੈਂਬਰ ਸੀ। ਇਸ ਗਵਾਹ ਨੇ ਉਸ ਦੀ ਪਾਰਟੀ ਦਾ ਪੱਖ ਨਹੀਂ ਪੂਰਿਆ ਅਤੇ ਨਾ ਹੀ ਉਸ ਨੇ ਕਿਸੇ ਹੋਰ ਪਾਰਟੀ ਦੇ ਵਿਚਾਰਾਂ ਨਾਲ ਸਹਿਮਤੀ ਜ਼ਾਹਰ ਕੀਤੀ। ਇਸ ਦੀ ਬਜਾਇ, ਉਸ ਨੇ ਕਿਹਾ ਕਿ ਉਹ ਐਨਟੋਨਿਓ ਤੇ ਉਸ ਦੀਆਂ ਭੈਣਾਂ ਨਾਲ ਬਿਨਾਂ ਪੈਸੇ ਦੇ ਬਾਈਬਲ ਦਾ ਅਧਿਐਨ ਕਰਨ ਲਈ ਤਿਆਰ ਸੀ। ਥੋੜ੍ਹੇ ਹੀ ਸਮੇਂ ਵਿਚ ਐਨਟੋਨਿਓ ਨੂੰ ਅਹਿਸਾਸ ਹੋ ਗਿਆ ਕਿ ਸਿਆਸੀ ਪਾਰਟੀਆਂ ਨਹੀਂ, ਸਗੋਂ ਪਰਮੇਸ਼ੁਰ ਦਾ ਰਾਜ ਹੀ ਕੋਲੰਬੀਆ ਅਤੇ ਬਾਕੀ ਦੇਸ਼ਾਂ ਦੇ ਗ਼ਰੀਬਾਂ ਦੀ ਮੁਸ਼ਕਲ ਹੱਲ ਕਰੇਗਾ।
ਉਹ ਪਰਮੇਸ਼ੁਰ ਦੇ ਨਾਂ ਦਾ ਆਦਰ ਕਰਦੇ ਹਨ। (ਮੱਤੀ 6:9) ਮਰਿਯਾ ਆਸਟ੍ਰੇਲੀਆ ਦੀ ਰਹਿਣ ਵਾਲੀ ਇਕ ਕੈਥੋਲਿਕ ਸੀ ਜਦ ਯਹੋਵਾਹ ਦੇ ਗਵਾਹ ਉਸ ਨੂੰ ਪਹਿਲੀ ਵਾਰ ਮਿਲੇ। ਗਵਾਹਾਂ ਨੇ ਉਸ ਨੂੰ ਬਾਈਬਲ ਵਿੱਚੋਂ ਪਰਮੇਸ਼ੁਰ ਦਾ ਨਾਂ ਦਿਖਾਇਆ। ਉਸ ਉੱਤੇ ਇਸ ਦਾ ਕੀ ਅਸਰ ਪਿਆ? “ਜਦ ਮੈਂ ਬਾਈਬਲ ਵਿਚ ਪਰਮੇਸ਼ੁਰ ਦਾ ਨਾਂ ਦੇਖਿਆ, ਤਾਂ ਮੇਰੀਆਂ ਅੱਖਾਂ ਵਿਚ ਹੰਝੂ ਭਰ ਆਏ। ਮੈਂ ਇਹ ਸੁਣ ਕੇ ਬਹੁਤ ਖ਼ੁਸ਼ ਹੋਈ ਕਿ ਮੈਂ ਪਰਮੇਸ਼ੁਰ ਦਾ ਨਾਂ ਜਾਣਨ ਤੋਂ ਇਲਾਵਾ ਇਸ ਨੂੰ ਲੈ ਵੀ ਸਕਦੀ ਹਾਂ।” ਬਾਈਬਲ ਸਟੱਡੀ ਕਰ ਕੇ ਜ਼ਿੰਦਗੀ ਵਿਚ ਪਹਿਲੀ ਵਾਰ ਮਰਿਯਾ ਨੂੰ ਪਤਾ ਲੱਗਾ ਕਿ ਯਹੋਵਾਹ ਕਿਹੋ ਜਿਹਾ ਪਰਮੇਸ਼ੁਰ ਹੈ ਜਿਸ ਕਰਕੇ ਉਹ ਉਸ ਨਾਲ ਨਜ਼ਦੀਕੀ ਰਿਸ਼ਤਾ ਜੋੜ ਸਕੀ।
ਉਹ ਪਿਆਰ ਦੇ ਬੰਧਨ ਵਿਚ ਬੰਨ੍ਹੇ ਹੋਏ ਹਨ। (ਯੂਹੰਨਾ 13:34, 35) ਕੈਨੇਡਾ ਦੇ ਇਕ ਅਖ਼ਬਾਰ ਨੇ ਕਿਹਾ: “ਭਾਵੇਂ ਤੁਸੀਂ ਕਿਸੇ ਧਰਮ ਨੂੰ ਮੰਨਦੇ ਹੋ ਜਾਂ ਨਹੀਂ, ਪਰ ਤੁਹਾਨੂੰ ਯਹੋਵਾਹ ਦੇ ਉਨ੍ਹਾਂ 4,500 ਗਵਾਹਾਂ ਦੀ ਕਦਰ ਜ਼ਰੂਰ ਕਰਨੀ ਪਵੇਗੀ ਜਿਨ੍ਹਾਂ ਨੇ ਕੈਸਿਡੀ ਨਗਰ ਵਿਚ ਪਿੱਛਲੇ ਡੇਢ ਹਫ਼ਤੇ ਵਿਚ ਦਿਨ-ਰਾਤ ਇਕ ਕਰ ਕੇ 2,300 ਵਰਗ ਮੀਟਰ ਦਾ ਨਵਾਂ ਸੰਮੇਲਨ ਹਾਲ ਬਣਾਇਆ। . . . ਉਨ੍ਹਾਂ ਨੇ ਇਹ ਕੰਮ ਖ਼ੁਸ਼ੀ ਨਾਲ ਅਤੇ ਬਿਨਾਂ ਲੜਾਈ-ਝਗੜੇ ਦੇ ਕੀਤਾ। ਕੋਈ ਵੀ ਆਪਣੀ ਸ਼ੋਭਾ ਵਧਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ। ਇਹੋ ਹੀ ਸੱਚੀ ਮਸੀਹੀਅਤ ਦੀ ਨਿਸ਼ਾਨੀ ਹੈ।”
ਤਾਂ ਫਿਰ, ਸਬੂਤ ਤੁਹਾਡੇ ਸਾਮ੍ਹਣੇ ਹੈ। ਇਕ ਪਾਸੇ, ਈਸਾਈ-ਜਗਤ ਦੇ ਪਾਦਰੀ, ਮਿਸ਼ਨਰੀ ਅਤੇ ਚਰਚ ਦੇ ਮੈਂਬਰ ਹਨ ਜੋ ਚਰਚਾਂ ਵਿਚ ਪੈ ਰਹੀ ਫੁੱਟ ਨਾਲ ਜੂਝ ਰਹੇ ਹਨ, ਪਰ ਦੂਜੇ ਪਾਸੇ ਸੱਚੇ ਮਸੀਹੀ ਵਧ-ਫੁੱਲ ਰਹੇ ਹਨ। ਵਾਕਈ, ਸੱਚੇ ਮਸੀਹੀ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰ ਰਹੇ ਹਨ ਤੇ ਲੋਕਾਂ ਨੂੰ ਬਾਈਬਲ ਦੀ ਸਿੱਖਿਆ ਦੇ ਰਹੇ ਹਨ। (ਮੱਤੀ 24:14; 28:19, 20) ਕੀ ਤੁਸੀਂ ਉਨ੍ਹਾਂ ਵਿੱਚੋਂ ਇਕ ਹੋ ਜੋ ਦੁਨੀਆਂ ਦੀ ਵਿਗੜਦੀ ਹਾਲਤ ਅਤੇ ਈਸਾਈ-ਜਗਤ ਦੇ ਧਰਮਾਂ ਵਿਚ ਪਈ ਫੁੱਟ ਨੂੰ ਦੇਖ ਕੇ “ਆਹਾਂ ਭਰਦੇ” ਹੋ? ਜੇ ਇਹ ਤੁਹਾਡੇ ਬਾਰੇ ਸੱਚ ਹੈ, ਤਾਂ ਕਿਉਂ ਨਾ ਤੁਸੀਂ ਵੀ ਯਹੋਵਾਹ ਦੇ ਗਵਾਹਾਂ ਨਾਲ ਮਿਲ ਕੇ ਸੱਚੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰੋ।—ਹਿਜ਼ਕੀਏਲ 9:4; ਯਸਾਯਾਹ 2:2-4.