Skip to content

Skip to table of contents

‘ਆਪਣੀ ਸੇਵਕਾਈ ਨੂੰ ਪੂਰਿਆਂ ਕਰੋ’

‘ਆਪਣੀ ਸੇਵਕਾਈ ਨੂੰ ਪੂਰਿਆਂ ਕਰੋ’

‘ਆਪਣੀ ਸੇਵਕਾਈ ਨੂੰ ਪੂਰਿਆਂ ਕਰੋ’

“ਤੂੰ ਆਪਣੇ ਕਰਤੱਵ ਨੂੰ ਪੂਰੀ ਈਮਾਨਦਾਰੀ ਨਾਲ ਕਰ।”—2 ਤਿਮੋਥਿਉਸ 4:5, “ਪਵਿੱਤਰ ਬਾਈਬਲ ਨਵਾਂ ਅਨੁਵਾਦ।”

1, 2. ਹਾਲਾਂਕਿ ਸਾਰੇ ਮਸੀਹੀ ਪ੍ਰਚਾਰ ਦਾ ਕੰਮ ਕਰਦੇ ਹਨ, ਪਰ ਬਾਈਬਲ ਵਿਚ ਬਜ਼ੁਰਗਾਂ ਤੋਂ ਕੀ ਮੰਗ ਕੀਤੀ ਗਈ ਹੈ?

ਕੀ ਤੁਸੀਂ ਰਾਜ ਦਾ ਪ੍ਰਚਾਰ ਕਰਦੇ ਹੋ? ਜੇ ਕਰਦੇ ਹੋ, ਤਾਂ ਇਸ ਸ਼ਾਨਦਾਰ ਸਨਮਾਨ ਲਈ ਯਹੋਵਾਹ ਦਾ ਧੰਨਵਾਦ ਕਰੋ। ਕੀ ਤੁਸੀਂ ਕਲੀਸਿਯਾ ਵਿਚ ਬਜ਼ੁਰਗ ਦੇ ਤੌਰ ਤੇ ਸੇਵਾ ਕਰਦੇ ਹੋ? ਇਹ ਯਹੋਵਾਹ ਵੱਲੋਂ ਇਕ ਹੋਰ ਸਨਮਾਨ ਹੈ। ਪਰ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਨਾ ਤਾਂ ਦੁਨਿਆਵੀ ਸਿੱਖਿਆ ਅਤੇ ਨਾ ਹੀ ਅਸਰਕਾਰੀ ਢੰਗ ਨਾਲ ਬੋਲਣ ਦੀ ਕਾਬਲੀਅਤ ਸਾਨੂੰ ਪ੍ਰਚਾਰ ਕਰਨ ਜਾਂ ਕਲੀਸਿਯਾ ਵਿਚ ਨਿਗਰਾਨੀ ਦਾ ਕੰਮ ਕਰਨ ਦੇ ਯੋਗ ਠਹਿਰਾਉਂਦੀ ਹੈ। ਪ੍ਰਚਾਰ ਕਰਨ ਦਾ ਕੰਮ ਸਾਨੂੰ ਯਹੋਵਾਹ ਨੇ ਦਿੱਤਾ ਹੈ ਅਤੇ ਸਾਡੇ ਵਿੱਚੋਂ ਕੁਝ ਭਰਾਵਾਂ ਨੂੰ ਨਿਗਾਹਬਾਨਾਂ ਦੇ ਤੌਰ ਤੇ ਸੇਵਾ ਕਰਨ ਦਾ ਸਨਮਾਨ ਇਸ ਲਈ ਦਿੱਤਾ ਜਾਂਦਾ ਹੈ ਕਿਉਂਕਿ ਉਹ ਬਾਈਬਲ ਵਿਚ ਦੱਸੀਆਂ ਖ਼ਾਸ ਮੰਗਾਂ ਪੂਰੀਆਂ ਕਰਦੇ ਹਨ।—2 ਕੁਰਿੰਥੀਆਂ 3:5, 6; 1 ਤਿਮੋਥਿਉਸ 3:1-7.

2 ਸਾਰੇ ਸਮਰਪਿਤ ਮਸੀਹੀ ਪ੍ਰਚਾਰ ਦਾ ਕੰਮ ਕਰਦੇ ਹਨ, ਪਰ ਖ਼ਾਸਕਰ ਨਿਗਾਹਬਾਨਾਂ ਜਾਂ ਬਜ਼ੁਰਗਾਂ ਨੂੰ ਪ੍ਰਚਾਰ ਦੇ ਕੰਮ ਵਿਚ ਚੰਗੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਜਦੋਂ ਬਜ਼ੁਰਗ “ਬਚਨ ਸੁਣਾਉਣ ਅਤੇ ਸਿੱਖਿਆ ਦੇਣ ਵਿੱਚ ਮਿਹਨਤ ਕਰਦੇ” ਹਨ, ਤਾਂ ਉਨ੍ਹਾਂ ਦੀ ਮਿਹਨਤ ਪਰਮੇਸ਼ੁਰ ਤੇ ਮਸੀਹ ਅਤੇ ਯਹੋਵਾਹ ਦੇ ਦੂਜੇ ਸੇਵਕਾਂ ਦੀਆਂ ਨਜ਼ਰਾਂ ਤੋਂ ਲੁਕੀ ਨਹੀਂ ਰਹਿੰਦੀ। (1 ਤਿਮੋਥਿਉਸ 5:17; ਅਫ਼ਸੀਆਂ 5:23; ਇਬਰਾਨੀਆਂ 6:10-12) ਬਜ਼ੁਰਗਾਂ ਦੀ ਸਿੱਖਿਆ ਹਰ ਹਾਲ ਵਿਚ ਦੂਜਿਆਂ ਲਈ ਗੁਣਕਾਰੀ ਹੋਣੀ ਚਾਹੀਦੀ ਹੈ ਕਿਉਂਕਿ ਪੌਲੁਸ ਰਸੂਲ ਨੇ ਨਿਗਾਹਬਾਨ ਤਿਮੋਥਿਉਸ ਨੂੰ ਕਿਹਾ ਸੀ: “ਉਹ ਸਮਾ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ ਪਰ ਕੰਨਾਂ ਦੀ ਜਲੂਨ ਦੇ ਕਾਰਨ ਆਪਣਿਆਂ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਢੇਰ ਸਾਰੇ ਗੁਰੂ ਧਾਰਨਗੇ ਅਤੇ ਸਚਿਆਈ ਤੋਂ ਕੰਨਾਂ ਨੂੰ ਫੇਰ ਕੇ ਖਿਆਲੀ ਕਹਾਣੀਆਂ ਦੀ ਵੱਲ ਫਿਰਨਗੇ ਪਰ ਤੂੰ ਸਭਨੀਂ ਗੱਲੀਂ ਸੁਚੇਤ ਰਹੀਂ, ਦੁਖ ਝੱਲੀਂ, ਪਰਚਾਰਕ ਦਾ ਕੰਮ ਕਰੀਂ, ਆਪਣੀ ਸੇਵਕਾਈ ਨੂੰ ਪੂਰਿਆਂ ਕਰੀਂ।”—2 ਤਿਮੋਥਿਉਸ 4:3-5.

3. ਕਲੀਸਿਯਾ ਨੂੰ ਝੂਠੀਆਂ ਸਿੱਖਿਆਵਾਂ ਦੇ ਖ਼ਤਰੇ ਤੋਂ ਬਚਾਉਣ ਲਈ ਬਜ਼ੁਰਗਾਂ ਨੂੰ ਕੀ ਕਰਨ ਦੀ ਲੋੜ ਹੈ?

3 ਕਲੀਸਿਯਾ ਨੂੰ ਝੂਠੀਆਂ ਸਿੱਖਿਆਵਾਂ ਦੇ ਖ਼ਤਰੇ ਤੋਂ ਬਚਾਉਣ ਲਈ ਇਕ ਨਿਗਾਹਬਾਨ ਨੂੰ ਪੌਲੁਸ ਦੀ ਇਸ ਸਲਾਹ ਤੇ ਚੱਲਣਾ ਚਾਹੀਦਾ ਹੈ: “ਆਪਣੇ ਤੇ ਕਾਬੂ ਰੱਖ, . . . ਤੂੰ ਆਪਣੇ ਕਰਤੱਵ ਨੂੰ ਪੂਰੀ ਈਮਾਨਦਾਰੀ ਨਾਲ ਕਰ।” (2 ਤਿਮੋਥਿਉਸ 4:5, ਨਵਾਂ ਅਨੁਵਾਦ) ਜੀ ਹਾਂ, ਇਕ ਬਜ਼ੁਰਗ ਨੂੰ ਚੰਗੀ ਤਰ੍ਹਾਂ ‘ਆਪਣੀ ਸੇਵਕਾਈ ਨੂੰ ਪੂਰਿਆਂ ਕਰਨ’ ਦੀ ਲੋੜ ਹੈ। ਇਸ ਤਰ੍ਹਾਂ ਕਰਨ ਵਾਲਾ ਬਜ਼ੁਰਗ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਵੱਲ ਪੂਰਾ ਧਿਆਨ ਦਿੰਦਾ ਹੈ ਤੇ ਕਿਸੇ ਗੱਲ ਨੂੰ ਅਣਗੌਲਿਆਂ ਨਹੀਂ ਕਰਦਾ ਜਾਂ ਕਿਸੇ ਕੰਮ ਨੂੰ ਅਧੂਰਾ ਨਹੀਂ ਛੱਡਦਾ। ਅਜਿਹਾ ਆਦਮੀ ਛੋਟੀ-ਛੋਟੀ ਗੱਲ ਵਿਚ ਵੀ ਵਫ਼ਾਦਾਰ ਰਹਿੰਦਾ ਹੈ।—ਲੂਕਾ 12:48; 16:10.

4. ਆਪਣੀ ਸੇਵਕਾਈ ਚੰਗੀ ਤਰ੍ਹਾਂ ਪੂਰੀ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

4 ਆਪਣੀ ਸੇਵਕਾਈ ਪੂਰੀ ਕਰਨ ਦਾ ਇੱਥੇ ਇਹ ਮਤਲਬ ਨਹੀਂ ਕਿ ਸਾਨੂੰ ਇਸ ਦੇ ਲਈ ਹੋਰ ਜ਼ਿਆਦਾ ਸਮੇਂ ਦੀ ਲੋੜ ਹੈ, ਪਰ ਜੋ ਸਮਾਂ ਪਹਿਲਾਂ ਹੀ ਸਾਡੇ ਕੋਲ ਹੈ ਉਸ ਦੀ ਚੰਗੀ ਵਰਤੋਂ ਕਰਨ ਦੀ ਲੋੜ ਹੈ। ਬਾਕਾਇਦਾ ਤੇ ਸਮੇਂ ਸਿਰ ਸਭ ਕੁਝ ਕਰਨ ਨਾਲ ਸਾਰੇ ਮਸੀਹੀ ਆਪਣੀ ਸੇਵਕਾਈ ਵਿਚ ਕਾਫ਼ੀ ਕੁਝ ਕਰ ਸਕਦੇ ਹਨ। ਪ੍ਰਚਾਰ ਵਿਚ ਜ਼ਿਆਦਾ ਸਮਾਂ ਬਿਤਾਉਣ ਲਈ ਇਕ ਬਜ਼ੁਰਗ ਨੂੰ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਸੰਤੁਲਿਤ ਨਜ਼ਰੀਆ ਰੱਖਣ ਦੀ ਲੋੜ ਹੈ। ਕੀ ਉਸ ਕੋਲ ਹੱਦੋਂ ਵੱਧ ਜ਼ਿੰਮੇਵਾਰੀਆਂ ਹਨ? ਕੀ ਕੁਝ ਕੰਮ ਉਹ ਦੂਸਰਿਆਂ ਨੂੰ ਦੇ ਸਕਦਾ ਹੈ? (ਇਬਰਾਨੀਆਂ 13:17) ਇਸ ਦਾ ਇਹ ਮਤਲਬ ਨਹੀਂ ਕਿ ਇਕ ਬਜ਼ੁਰਗ ਸਾਰੇ ਕੰਮ ਦੂਸਰਿਆਂ ਨੂੰ ਦੇ ਦੇਵੇਗਾ। ਉਹ ਆਪਣੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਵੇਗਾ ਜਿਵੇਂ ਨਹਮਯਾਹ ਨੇ ਵੀ ਯਰੂਸ਼ਲਮ ਦੀਆਂ ਕੰਧਾਂ ਬਣਾਉਣ ਵਿਚ ਖ਼ੁਦ ਹਿੱਸਾ ਲਿਆ ਸੀ। (ਨਹਮਯਾਹ 5:16) ਪਰ ਯਹੋਵਾਹ ਦੇ ਸਾਰੇ ਸੇਵਕਾਂ ਨੂੰ ਰਾਜ ਦੇ ਪ੍ਰਚਾਰ ਦੇ ਕੰਮ ਵਿਚ ਬਾਕਾਇਦਾ ਹਿੱਸਾ ਲੈਣਾ ਚਾਹੀਦਾ ਹੈ।—1 ਕੁਰਿੰਥੀਆਂ 9:16-18.

5. ਸਾਨੂੰ ਆਪਣੀ ਸੇਵਕਾਈ ਬਾਰੇ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ?

5 ਪਰਮੇਸ਼ੁਰ ਦੇ ਸਥਾਪਿਤ ਹੋ ਚੁੱਕੇ ਸਵਰਗੀ ਰਾਜ ਦੀ ਘੋਸ਼ਣਾ ਕਰਨੀ ਕਿੰਨੀ ਖ਼ੁਸ਼ੀ ਦੀ ਗੱਲ ਹੈ! ਅੰਤ ਆਉਣ ਤੋਂ ਪਹਿਲਾਂ ਸਾਰੀ ਧਰਤੀ ਉੱਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਆਪਣੇ ਸਨਮਾਨ ਦੀ ਅਸੀਂ ਬਹੁਤ ਕਦਰ ਕਰਦੇ ਹਾਂ। (ਮੱਤੀ 24:14) ਹਾਲਾਂਕਿ ਅਸੀਂ ਨਾਮੁਕੰਮਲ ਇਨਸਾਨ ਹਾਂ, ਪਰ ਅਸੀਂ ਪੌਲੁਸ ਦੇ ਇਨ੍ਹਾਂ ਸ਼ਬਦਾਂ ਤੋਂ ਹੌਸਲਾ ਪਾ ਸਕਦੇ ਹਾਂ: “[ਸੇਵਕਾਈ ਦਾ] ਇਹ ਖ਼ਜ਼ਾਨਾ ਸਾਡੇ ਕੋਲ ਮਿੱਟੀ ਦਿਆਂ ਭਾਂਡਿਆਂ ਵਿੱਚ ਹੈ ਤਾਂ ਜੋ ਇਸ ਸਮਰੱਥਾ ਦਾ ਅੱਤ ਵੱਡਾ ਮਹਾਤਮ ਪਰਮੇਸ਼ੁਰ ਦੀ ਵੱਲੋਂ, ਨਾ ਸਾਡੀ ਵੱਲੋਂ, ਮਲੂਮ ਹੋਵੇ।” (2 ਕੁਰਿੰਥੀਆਂ 4:7) ਜੀ ਹਾਂ, ਪਰਮੇਸ਼ੁਰ ਦੁਆਰਾ ਦਿੱਤੀ ਤਾਕਤ ਅਤੇ ਬੁੱਧ ਨਾਲ ਹੀ ਅਸੀਂ ਉਸ ਦੀ ਸਹੀ ਤਰੀਕੇ ਨਾਲ ਸੇਵਾ ਕਰ ਸਕਦੇ ਹਾਂ।—1 ਕੁਰਿੰਥੀਆਂ 1:26-31.

ਪਰਮੇਸ਼ੁਰ ਦੇ ਤੇਜ ਨੂੰ ਪ੍ਰਤਿਬਿੰਬਤ ਕਰੋ

6. ਪੈਦਾਇਸ਼ੀ ਇਸਰਾਏਲ ਅਤੇ ਅਧਿਆਤਮਿਕ ਇਸਰਾਏਲ ਵਿਚ ਕੀ ਫ਼ਰਕ ਹੈ?

6 ਮਸਹ ਕੀਤੇ ਹੋਏ ਮਸੀਹੀਆਂ ਬਾਰੇ ਗੱਲ ਕਰਦੇ ਹੋਏ ਪੌਲੁਸ ਕਹਿੰਦਾ ਹੈ ਕਿ ‘ਪਰਮੇਸ਼ੁਰ ਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਜੋਗ ਬਣਾਇਆ’ ਹੈ। ਇੱਥੇ ਪੌਲੁਸ ਯਿਸੂ ਮਸੀਹ ਰਾਹੀਂ ਅਧਿਆਤਮਿਕ ਇਸਰਾਏਲ ਨਾਲ ਬੰਨ੍ਹੇ ਨੇਮ ਦੀ ਤੁਲਨਾ ਪੁਰਾਣੇ ਨੇਮ ਨਾਲ ਕਰਦਾ ਹੈ ਜੋ ਮੂਸਾ ਰਾਹੀਂ ਪੈਦਾਇਸ਼ੀ ਇਸਰਾਏਲ ਨਾਲ ਬੰਨ੍ਹਿਆ ਗਿਆ ਸੀ। ਪੌਲੁਸ ਅੱਗੇ ਕਹਿੰਦਾ ਹੈ ਕਿ ਜਦੋਂ ਮੂਸਾ ਸੀਨਈ ਪਹਾੜ ਤੋਂ ਦਸ ਨਿਯਮਾਂ ਵਾਲੀਆਂ ਫੱਟੀਆਂ ਲੈ ਕੇ ਉਤਰਿਆ ਸੀ, ਤਾਂ ਉਸ ਦਾ ਚਿਹਰਾ ਇੰਨਾ ਚਮਕ ਰਿਹਾ ਸੀ ਕਿ ਇਸਰਾਏਲੀਆਂ ਵਿਚ ਉਸ ਦੇ ਚਿਹਰੇ ਨੂੰ ਦੇਖਣ ਦੀ ਹਿੰਮਤ ਨਹੀਂ ਸੀ। ਬਾਅਦ ਵਿਚ ਉਨ੍ਹਾਂ ਦੀ ਅਧਿਆਤਮਿਕ ਹਾਲਤ ਹੋਰ ਵਿਗੜ ਗਈ ਕਿਉਂਕਿ “ਓਹਨਾਂ ਦੀ ਬੁੱਧ ਮੋਟੀ ਹੋ ਗਈ” ਅਤੇ ਉਨ੍ਹਾਂ ਦੇ ਦਿਲਾਂ ਤੇ ਪੜਦਾ ਪੈ ਗਿਆ। ਜਦੋਂ ਕੋਈ ਪੂਰੇ ਦਿਲ ਨਾਲ ਯਹੋਵਾਹ ਵੱਲ ਮੁੜਦਾ ਹੈ, ਤਾਂ ਇਹ ਪੜਦਾ ਚੁੱਕ ਲਿਆ ਜਾਂਦਾ ਹੈ। ਨਵੇਂ ਨੇਮ ਵਿਚ ਸ਼ਾਮਲ ਮਸੀਹੀਆਂ ਦੀ ਸੇਵਕਾਈ ਬਾਰੇ ਪੌਲੁਸ ਅੱਗੇ ਕਹਿੰਦਾ ਹੈ: ‘ਅਸੀਂ ਸਭ ਅਣਕੱਜੇ ਮੁਖ ਨਾਲ ਪ੍ਰਭੁ ਦੇ ਤੇਜ ਦਾ ਮਾਨੋ ਸ਼ੀਸ਼ੇ ਵਿੱਚੋਂ ਪ੍ਰਤਿਬਿੰਬ ਵੇਖਦੇ ਹਾਂ।’ (2 ਕੁਰਿੰਥੀਆਂ 3:6-8, 14-18; ਕੂਚ 34:29-35) ਅੱਜ ਯਿਸੂ ਦੀਆਂ ‘ਹੋਰ ਭੇਡਾਂ’ ਵੀ ਯਹੋਵਾਹ ਦੇ ਤੇਜ ਨੂੰ ਪ੍ਰਤਿਬਿੰਬਤ ਕਰਦੀਆਂ ਹਨ।—ਯੂਹੰਨਾ 10:16.

7. ਇਨਸਾਨ ਪਰਮੇਸ਼ੁਰ ਦੇ ਤੇਜ ਨੂੰ ਕਿਵੇਂ ਪ੍ਰਤਿਬਿੰਬਤ ਕਰ ਸਕਦੇ ਹਨ?

7 ਪਾਪੀ ਇਨਸਾਨ ਪਰਮੇਸ਼ੁਰ ਦੇ ਤੇਜ ਨੂੰ ਕਿੱਦਾਂ ਪ੍ਰਤਿਬਿੰਬਤ ਕਰ ਸਕਦੇ ਹਨ ਜਦ ਕਿ ਕੋਈ ਵੀ ਇਨਸਾਨ ਪਰਮੇਸ਼ੁਰ ਦੇ ਚਿਹਰੇ ਨੂੰ ਦੇਖ ਕੇ ਜੀਉਂਦਾ ਨਹੀਂ ਰਹਿ ਸਕਦਾ? (ਕੂਚ 33:20) ਇਹ ਸੱਚ ਹੈ ਕਿ ਯਹੋਵਾਹ ਤੇਜਵਾਨ ਹੈ, ਪਰ ਉਸ ਦਾ ਮਕਸਦ ਵੀ ਮਹਾਨ ਹੈ। ਯਹੋਵਾਹ ਵਿਸ਼ਵ ਦਾ ਪਾਤਸ਼ਾਹ ਹੋਣ ਦੇ ਆਪਣੇ ਹੱਕ ਨੂੰ ਆਪਣੇ ਰਾਜ ਦੇ ਜ਼ਰੀਏ ਸਾਬਤ ਕਰਨ ਦਾ ਇਰਾਦਾ ਰੱਖਦਾ ਹੈ। ਰਾਜ ਦੀਆਂ ਸੱਚਾਈਆਂ “ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ” ਦਾ ਹਿੱਸਾ ਹਨ। ਇਨ੍ਹਾਂ ਦੀ ਘੋਸ਼ਣਾ ਉਨ੍ਹਾਂ ਮਸੀਹੀਆਂ ਨੇ ਕਰਨੀ ਸ਼ੁਰੂ ਕੀਤੀ ਸੀ ਜਿਨ੍ਹਾਂ ਉੱਤੇ ਪੰਤੇਕੁਸਤ 33 ਸਾ.ਯੁ. ਨੂੰ ਪਵਿੱਤਰ ਆਤਮਾ ਪਾਈ ਗਈ ਸੀ। (ਰਸੂਲਾਂ ਦੇ ਕਰਤੱਬ 2:11) ਪਵਿੱਤਰ ਆਤਮਾ ਦੀ ਅਗਵਾਈ ਨਾਲ ਉਹ ਆਪਣੀ ਸੇਵਕਾਈ ਨੂੰ ਚੰਗੀ ਤਰ੍ਹਾਂ ਪੂਰੀ ਕਰ ਸਕੇ ਸਨ।—ਰਸੂਲਾਂ ਦੇ ਕਰਤੱਬ 1:8.

8. ਸੇਵਕਾਈ ਦੇ ਸੰਬੰਧ ਵਿਚ ਪੌਲੁਸ ਨੇ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ?

8 ਪੌਲੁਸ ਨੇ ਪੱਕਾ ਇਰਾਦਾ ਕੀਤਾ ਹੋਇਆ ਸੀ ਕਿ ਉਹ ਆਪਣੀ ਸੇਵਕਾਈ ਨੂੰ ਚੰਗੀ ਤਰ੍ਹਾਂ ਪੂਰੀ ਕਰਨ ਵਿਚ ਕਿਸੇ ਵੀ ਚੀਜ਼ ਨੂੰ ਰੁਕਾਵਟ ਨਹੀਂ ਬਣਨ ਦੇਵੇਗਾ। ਉਸ ਨੇ ਲਿਖਿਆ: “ਜਦੋਂ ਅਸਾਂ ਇਹ ਸੇਵਕਾਈ ਪਾਈ ਹੈ ਤਾਂ ਜਿਵੇਂ ਸਾਡੇ ਉੱਤੇ ਦਯਾ ਹੋਈ ਅਸੀਂ ਹੌਸਲਾ ਨਹੀਂ ਹਾਰਦੇ। ਸਗੋਂ ਅਸਾਂ ਸ਼ਰਮ ਦੀਆਂ ਗੁਪਤ ਗੱਲਾਂ ਨੂੰ ਛੱਡਿਆ ਹੋਇਆ ਹੈ ਅਤੇ ਨਾ ਚਤਰਾਈ ਦੀ ਚਾਲ ਚੱਲਦੇ ਨਾ ਪਰਮੇਸ਼ੁਰ ਦੇ ਬਚਨ ਵਿੱਚ ਰਲਾ ਪਾਉਂਦੇ ਹਾਂ ਸਗੋਂ ਸਤ ਨੂੰ ਪਰਗਟ ਕਰ ਕੇ ਹਰੇਕ ਮਨੁੱਖ ਦੇ ਅੰਤਹਕਰਨ ਵਿੱਚ ਪਰਮੇਸ਼ੁਰ ਦੇ ਅੱਗੇ ਆਪਣਾ ਪਰਮਾਣ ਦਿੰਦੇ ਹਾਂ।” (2 ਕੁਰਿੰਥੀਆਂ 4:1, 2) ਪੌਲੁਸ ਕਹਿੰਦਾ ਹੈ ਕਿ ‘ਇਸ ਸੇਵਕਾਈ’ ਦੇ ਜ਼ਰੀਏ ਅਸੀਂ ਸੱਚਾਈ ਪ੍ਰਗਟ ਕਰਦੇ ਹਾਂ। ਇਸ ਦੇ ਨਤੀਜੇ ਵਜੋਂ ਅਧਿਆਤਮਿਕ ਚਾਨਣ ਦੂਰ-ਦੂਰ ਤਕ ਫੈਲਦਾ ਹੈ।

9, 10. ਯਹੋਵਾਹ ਦੇ ਤੇਜ ਨੂੰ ਕਿਵੇਂ ਪ੍ਰਤਿਬਿੰਬਤ ਕੀਤਾ ਜਾ ਸਕਦਾ ਹੈ?

9 ਭੌਤਿਕ ਅਤੇ ਅਧਿਆਤਮਿਕ ਚਾਨਣ ਦੇ ਸੋਮੇ ਬਾਰੇ ਪੌਲੁਸ ਨੇ ਲਿਖਿਆ: “ਪਰਮੇਸ਼ੁਰ ਜਿਹ ਨੇ ਆਖਿਆ ਸੀ ਜੋ ਅਨ੍ਹੇਰਿਓਂ ਚਾਨਣ ਚਮਕੇ ਉਹ ਸਾਡਿਆਂ ਮਨਾਂ ਵਿੱਚ ਚਮਕਿਆ ਭਈ ਪਰਮੇਸ਼ੁਰ ਦੇ ਤੇਜ ਦਾ ਗਿਆਨ ਮਸੀਹ ਦੇ ਮੁਖ ਵਿੱਚ ਪਰਕਾਸ਼ ਕਰੇ।” (2 ਕੁਰਿੰਥੀਆਂ 4:6; ਉਤਪਤ 1:2-5) ਸਾਨੂੰ ਪਰਮੇਸ਼ੁਰ ਦੇ ਸੇਵਕ ਹੋਣ ਦਾ ਅਨਮੋਲ ਸਨਮਾਨ ਮਿਲਿਆ ਹੋਇਆ ਹੈ, ਇਸ ਲਈ ਆਓ ਆਪਾਂ ਆਪਣੇ ਆਪ ਨੂੰ ਸਾਫ਼ ਰੱਖੀਏ ਤਾਂਕਿ ਅਸੀਂ ਸ਼ੀਸ਼ਿਆਂ ਵਾਂਗ ਯਹੋਵਾਹ ਦੇ ਤੇਜ ਨੂੰ ਪ੍ਰਤਿਬਿੰਬਤ ਕਰ ਸਕੀਏ।

10 ਜੋ ਲੋਕ ਅਧਿਆਤਮਿਕ ਤੌਰ ਤੇ ਹਨੇਰੇ ਵਿਚ ਹਨ, ਉਹ ਯਹੋਵਾਹ ਦੇ ਤੇਜ ਨੂੰ ਜਾਂ ਮਹਾਨ ਮੂਸਾ ਯਾਨੀ ਯਿਸੂ ਮਸੀਹ ਰਾਹੀਂ ਇਸ ਤੇਜ ਦੇ ਪ੍ਰਤਿਬਿੰਬ ਨੂੰ ਨਹੀਂ ਦੇਖ ਸਕਦੇ। ਪਰ ਅਸੀਂ ਯਹੋਵਾਹ ਦੇ ਸੇਵਕ ਹੋਣ ਦੇ ਨਾਤੇ, ਬਾਈਬਲ ਤੋਂ ਚਾਨਣ ਹਾਸਲ ਕਰ ਕੇ ਦੂਜਿਆਂ ਤਕ ਚਮਕਾਉਂਦੇ ਹਾਂ। ਜੇ ਇਨ੍ਹਾਂ ਲੋਕਾਂ ਨੇ, ਜੋ ਅਧਿਆਤਮਿਕ ਹਨੇਰੇ ਵਿਚ ਹਨ, ਨਾਸ਼ ਵਿੱਚੋਂ ਬਚਣਾ ਹੈ, ਤਾਂ ਉਨ੍ਹਾਂ ਨੂੰ ਪਰਮੇਸ਼ੁਰ ਤੋਂ ਚਾਨਣ ਦੀ ਲੋੜ ਹੈ। ਇਸ ਲਈ, ਅਸੀਂ ਖ਼ੁਸ਼ੀ ਅਤੇ ਜੋਸ਼ ਨਾਲ ਪਰਮੇਸ਼ੁਰ ਦੇ ਹੁਕਮ ਨੂੰ ਮੰਨਣ ਦੁਆਰਾ ਹਨੇਰੇ ਵਿੱਚੋਂ ਚਾਨਣ ਨੂੰ ਚਮਕਾ ਕੇ ਯਹੋਵਾਹ ਦੇ ਤੇਜ ਨੂੰ ਪ੍ਰਤਿਬਿੰਬਤ ਕਰਦੇ ਹਾਂ।

ਬਾਈਬਲ ਸਟੱਡੀ ਕਰਾਉਣ ਵੇਲੇ ਆਪਣਾ ਚਾਨਣ ਚਮਕਾਓ

11. ਚਾਨਣ ਚਮਕਾਉਣ ਬਾਰੇ ਯਿਸੂ ਨੇ ਕੀ ਕਿਹਾ ਸੀ ਅਤੇ ਸੇਵਕਾਈ ਵਿਚ ਇਸ ਤਰ੍ਹਾਂ ਕਰਨ ਦਾ ਇਕ ਤਰੀਕਾ ਕਿਹੜਾ ਹੈ?

11 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਤੁਸੀਂ ਜਗਤ ਦੇ ਚਾਨਣ ਹੋ। ਜਿਹੜਾ ਨਗਰ ਪਹਾੜ ਉੱਤੇ ਵੱਸਦਾ ਹੈ ਉਹ ਗੁੱਝਾ ਨਹੀਂ ਰਹਿ ਸੱਕਦਾ। ਅਤੇ ਦੀਵਾ ਬਾਲ ਕੇ ਟੋਪੇ ਦੇ ਹੇਠ ਨਹੀਂ ਸਗੋਂ ਦੀਵਟ ਉੱਤੇ ਰੱਖਦੇ ਹਨ ਤਾਂ ਉਹ ਸੱਭਨਾਂ ਨੂੰ ਜਿਹੜੇ ਘਰ ਵਿੱਚ ਹਨ ਚਾਨਣ ਦਿੰਦਾ ਹੈ। ਇਸੇ ਤਰਾਂ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਤਾਂ ਜੋ ਓਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਵਡਿਆਈ ਕਰਨ।” (ਮੱਤੀ 5:14-16) ਸਾਡੇ ਚੰਗੇ ਚਾਲ-ਚਲਣ ਨੂੰ ਦੇਖ ਕੇ ਦੂਸਰੇ ਲੋਕ ਪਰਮੇਸ਼ੁਰ ਦੀ ਵਡਿਆਈ ਕਰ ਸਕਦੇ ਹਨ। (1 ਪਤਰਸ 2:12) ਖ਼ੁਸ਼ ਖ਼ਬਰੀ ਸੁਣਾਉਣ ਦੇ ਵੱਖੋ-ਵੱਖਰੇ ਤਰੀਕਿਆਂ ਦੇ ਜ਼ਰੀਏ ਸਾਨੂੰ ਆਪਣਾ ਚਾਨਣ ਚਮਕਾਉਣ ਦੇ ਕਈ ਮੌਕੇ ਮਿਲਦੇ ਹਨ। ਸਾਡਾ ਇਕ ਮੁੱਖ ਮਕਸਦ ਇਹ ਹੈ ਕਿ ਅਸੀਂ ਅਸਰਕਾਰੀ ਤਰੀਕੇ ਨਾਲ ਬਾਈਬਲ ਅਧਿਐਨ ਕਰਾ ਕੇ ਪਰਮੇਸ਼ੁਰ ਦੇ ਬਚਨ ਵਿੱਚੋਂ ਚਾਨਣ ਨੂੰ ਚਮਕਾਈਏ। ਇਹ ਆਪਣੀ ਸੇਵਕਾਈ ਪੂਰੀ ਕਰਨ ਦਾ ਇਕ ਬਹੁਤ ਹੀ ਮਹੱਤਵਪੂਰਣ ਤਰੀਕਾ ਹੈ। ਤਾਂ ਫਿਰ ਕਿਹੜੇ ਸੁਝਾਅ ਚੰਗੀ ਤਰ੍ਹਾਂ ਬਾਈਬਲ ਅਧਿਐਨ ਕਰਾਉਣ ਵਿਚ ਸਾਡੀ ਮਦਦ ਕਰ ਸਕਦੇ ਹਨ ਤਾਂਕਿ ਅਸੀਂ ਸੱਚਾਈ ਦੀ ਭਾਲ ਕਰਨ ਵਾਲਿਆਂ ਦੇ ਦਿਲਾਂ ਤਕ ਪਹੁੰਚ ਸਕੀਏ?

12. ਬਾਈਬਲ ਅਧਿਐਨ ਕਰਾਉਣ ਨਾਲ ਪ੍ਰਾਰਥਨਾ ਦਾ ਕੀ ਸੰਬੰਧ ਹੈ?

12 ਬਾਈਬਲ ਸਟੱਡੀ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਨ ਦੁਆਰਾ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਬਾਈਬਲ ਅਧਿਐਨ ਕਰਾਉਣ ਦੀ ਗਹਿਰੀ ਇੱਛਾ ਰੱਖਦੇ ਹਾਂ। ਇਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਅਸੀਂ ਦੂਜਿਆਂ ਨੂੰ ਪਰਮੇਸ਼ੁਰ ਬਾਰੇ ਸਿਖਾਉਣ ਦੀ ਅਹਿਮੀਅਤ ਨੂੰ ਸਮਝਦੇ ਹਾਂ। (ਹਿਜ਼ਕੀਏਲ 33:7-9) ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਨੂੰ ਜ਼ਰੂਰ ਸੁਣੇਗਾ ਅਤੇ ਸੇਵਕਾਈ ਵਿਚ ਕੀਤੇ ਸਾਡੇ ਸਖ਼ਤ ਜਤਨਾਂ ਤੇ ਬਰਕਤ ਪਾਵੇਗਾ। (1 ਯੂਹੰਨਾ 5:14, 15) ਪਰ ਅਸੀਂ ਸਿਰਫ਼ ਇਹੋ ਪ੍ਰਾਰਥਨਾ ਨਹੀਂ ਕਰਦੇ ਕਿ ਅਸੀਂ ਕਿਸੇ ਨੂੰ ਬਾਈਬਲ ਅਧਿਐਨ ਕਰਾ ਸਕੀਏ। ਬਾਈਬਲ ਅਧਿਐਨ ਸ਼ੁਰੂ ਕਰਨ ਤੋਂ ਬਾਅਦ, ਅਸੀਂ ਬਾਈਬਲ ਵਿਦਿਆਰਥੀ ਦੀਆਂ ਖ਼ਾਸ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਨ੍ਹਾਂ ਬਾਰੇ ਪ੍ਰਾਰਥਨਾ ਵੀ ਕਰ ਸਕਦੇ ਹਾਂ। ਇਸ ਨਾਲ ਸਾਨੂੰ ਹਰ ਵਾਰ ਅਸਰਕਾਰੀ ਤਰੀਕੇ ਨਾਲ ਬਾਈਬਲ ਅਧਿਐਨ ਕਰਾਉਣ ਵਿਚ ਮਦਦ ਮਿਲੇਗੀ।—ਰੋਮੀਆਂ 12:12.

13. ਅਸੀਂ ਅਸਰਕਾਰੀ ਤਰੀਕੇ ਨਾਲ ਬਾਈਬਲ ਅਧਿਐਨ ਕਰਾਉਣਾ ਕਿਵੇਂ ਸਿੱਖ ਸਕਦੇ ਹਾਂ?

13 ਅਸਰਕਾਰੀ ਤਰੀਕੇ ਨਾਲ ਬਾਈਬਲ ਅਧਿਐਨ ਕਰਾਉਣ ਲਈ ਸਾਨੂੰ ਹਰ ਵਾਰ ਪਹਿਲਾਂ ਤੋਂ ਹੀ ਤਿਆਰੀ ਕਰਨੀ ਚਾਹੀਦੀ ਹੈ। ਜੇ ਸਾਨੂੰ ਲੱਗਦਾ ਹੈ ਕਿ ਸਾਨੂੰ ਅਸਰਕਾਰੀ ਤਰੀਕੇ ਨਾਲ ਸਿਖਾਉਣਾ ਨਹੀਂ ਆਉਂਦਾ, ਤਾਂ ਅਸੀਂ ਸ਼ਾਇਦ ਕਲੀਸਿਯਾ ਪੁਸਤਕ ਅਧਿਐਨ ਨਿਗਾਹਬਾਨ ਦੇ ਅਧਿਐਨ ਕਰਾਉਣ ਦੇ ਤਰੀਕੇ ਤੇ ਗੌਰ ਕਰ ਸਕਦੇ ਹਾਂ ਕਿ ਉਹ ਹਰ ਹਫ਼ਤੇ ਕਿਵੇਂ ਅਧਿਐਨ ਕਰਾਉਂਦਾ ਹੈ। ਕਦੇ-ਕਦੇ ਅਸੀਂ ਉਨ੍ਹਾਂ ਭੈਣ-ਭਰਾਵਾਂ ਨਾਲ ਸਟੱਡੀਆਂ ਤੇ ਜਾ ਸਕਦੇ ਹਾਂ ਜਿਨ੍ਹਾਂ ਨੂੰ ਬਾਈਬਲ ਅਧਿਐਨ ਕਰਾਉਣ ਵਿਚ ਕਾਫ਼ੀ ਸਫ਼ਲਤਾ ਮਿਲੀ ਹੈ। ਪਰ ਮੁੱਖ ਤੌਰ ਤੇ ਅਸੀਂ ਯਿਸੂ ਮਸੀਹ ਦੇ ਰਵੱਈਏ ਅਤੇ ਸਿਖਾਉਣ ਦੇ ਤਰੀਕੇ ਵੱਲ ਧਿਆਨ ਦੇਣਾ ਚਾਹਾਂਗੇ।

14. ਅਸੀਂ ਬਾਈਬਲ ਵਿਦਿਆਰਥੀ ਦੇ ਦਿਲ ਤਕ ਕਿਵੇਂ ਪਹੁੰਚ ਸਕਦੇ ਹਾਂ?

14 ਯਿਸੂ ਨੂੰ ਆਪਣੇ ਸਵਰਗੀ ਪਿਤਾ ਦੀ ਇੱਛਾ ਪੂਰੀ ਕਰਨ ਅਤੇ ਪਰਮੇਸ਼ੁਰ ਬਾਰੇ ਦੂਜਿਆਂ ਨੂੰ ਦੱਸਣ ਵਿਚ ਬਹੁਤ ਖ਼ੁਸ਼ੀ ਮਿਲਦੀ ਸੀ। (ਜ਼ਬੂਰਾਂ ਦੀ ਪੋਥੀ 40:8) ਯਿਸੂ ਬੜੇ ਕੋਮਲ ਸੁਭਾਅ ਦਾ ਸੀ ਅਤੇ ਉਹ ਆਪਣੇ ਸੁਣਨ ਵਾਲਿਆਂ ਦੇ ਦਿਲਾਂ ਤਕ ਪਹੁੰਚਦਾ ਸੀ। (ਮੱਤੀ 11:28-30) ਆਓ ਆਪਾਂ ਵੀ ਆਪਣੇ ਬਾਈਬਲ ਵਿਦਿਆਰਥੀਆਂ ਦੇ ਦਿਲਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰੀਏ। ਜੇ ਅਸੀਂ ਇਸ ਤਰ੍ਹਾਂ ਕਰਨਾ ਹੈ, ਤਾਂ ਸਾਨੂੰ ਵਿਦਿਆਰਥੀਆਂ ਦੇ ਖ਼ਾਸ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਹਰ ਵਾਰ ਤਿਆਰੀ ਕਰ ਕੇ ਜਾਣ ਦੀ ਲੋੜ ਹੈ। ਮਿਸਾਲ ਲਈ, ਜੇ ਉਹ ਅਜਿਹੇ ਪਿਛੋਕੜ ਨਾਲ ਸੰਬੰਧ ਰੱਖਦਾ ਹੈ ਜਿਸ ਵਿਚ ਲੋਕਾਂ ਨੂੰ ਬਾਈਬਲ ਬਾਰੇ ਕੋਈ ਜਾਣਕਾਰੀ ਨਹੀਂ ਹੈ, ਤਾਂ ਸਾਨੂੰ ਸ਼ਾਇਦ ਉਸ ਨੂੰ ਇਹ ਯਕੀਨ ਦਿਵਾਉਣ ਦੀ ਲੋੜ ਪਵੇ ਕਿ ਬਾਈਬਲ ਸੱਚੀ ਹੈ। ਇਸ ਦੇ ਲਈ ਸਾਨੂੰ ਬਾਈਬਲ ਵਿੱਚੋਂ ਕਈ ਹਵਾਲੇ ਪੜ੍ਹਨ ਅਤੇ ਸਮਝਾਉਣ ਦੀ ਲੋੜ ਹੈ।

ਉਦਾਹਰਣਾਂ ਸਮਝਣ ਵਿਚ ਵਿਦਿਆਰਥੀਆਂ ਦੀ ਮਦਦ ਕਰੋ

15, 16. (ੳ) ਅਸੀਂ ਉਸ ਵਿਦਿਆਰਥੀ ਦੀ ਮਦਦ ਕਿਵੇਂ ਕਰ ਸਕਦੇ ਹਾਂ ਜਿਸ ਨੂੰ ਬਾਈਬਲ ਵਿਚ ਦਿੱਤੀ ਕੋਈ ਉਦਾਹਰਣ ਸਮਝ ਨਹੀਂ ਆਉਂਦੀ? (ਅ) ਅਸੀਂ ਕੀ ਕਰ ਸਕਦੇ ਹਾਂ ਜੇ ਸਾਡੇ ਕਿਸੇ ਪ੍ਰਕਾਸ਼ਨ ਵਿਚ ਵਰਤੀ ਗਈ ਉਦਾਹਰਣ ਕਿਸੇ ਵਿਦਿਆਰਥੀ ਨੂੰ ਸਮਝ ਨਹੀਂ ਆਉਂਦੀ?

15 ਬਾਈਬਲ ਵਿਦਿਆਰਥੀ ਸ਼ਾਇਦ ਬਾਈਬਲ ਵਿਚ ਵਰਤੀ ਕਿਸੇ ਖ਼ਾਸ ਉਦਾਹਰਣ ਤੋਂ ਵਾਕਫ਼ ਨਾ ਹੋਵੇ। ਮਿਸਾਲ ਲਈ, ਉਸ ਨੂੰ ਸ਼ਾਇਦ ਇਹ ਸਮਝ ਨਾ ਆਵੇ ਕਿ ਉਦੋਂ ਯਿਸੂ ਦੇ ਕਹਿਣ ਦਾ ਕੀ ਮਤਲਬ ਸੀ ਜਦੋਂ ਉਸ ਨੇ ਦੀਵੇ ਨੂੰ ਦੀਵਟ ਉੱਤੇ ਰੱਖਣ ਦੀ ਗੱਲ ਕੀਤੀ ਸੀ। (ਮਰਕੁਸ 4:21, 22) ਯਿਸੂ ਪੁਰਾਣੇ ਜ਼ਮਾਨੇ ਵਿਚ ਤੇਲ ਨਾਲ ਬਲਣ ਵਾਲੇ ਦੀਵੇ ਦੀ ਗੱਲ ਕਰ ਰਿਹਾ ਸੀ ਜਿਸ ਵਿਚ ਇਕ ਬੱਤੀ ਹੁੰਦੀ ਸੀ। ਇਸ ਦੀਵੇ ਨੂੰ ਇਕ ਖ਼ਾਸ ਸਟੈਂਡ ਤੇ ਰੱਖਿਆ ਜਾਂਦਾ ਸੀ ਤਾਂਕਿ ਘਰ ਵਿਚ ਚਾਨਣ ਹੋ ਜਾਵੇ। ਯਿਸੂ ਦੀ ਇਸ ਉਦਾਹਰਣ ਨੂੰ ਸਮਝਾਉਣ ਲਈ ਸਾਨੂੰ ਸ਼ਾਇਦ ਸਾਡੇ ਮਸੀਹੀ ਪ੍ਰਕਾਸ਼ਨਾਂ ਵਿਚ ਰਿਸਰਚ ਕਰਨੀ ਪਵੇ। ਪਰ ਇਸ ਤਰੀਕੇ ਨਾਲ ਤਿਆਰੀ ਕਰ ਕੇ ਬਾਈਬਲ ਅਧਿਐਨ ਕਰਾਉਣ ਨਾਲ ਬਹੁਤ ਫ਼ਾਇਦਾ ਹੋਵੇਗਾ। ਇਸ ਤਰ੍ਹਾਂ ਵਿਦਿਆਰਥੀ ਗੱਲ ਨੂੰ ਸਮਝ ਜਾਵੇਗਾ ਤੇ ਇਸ ਦੀ ਕਦਰ ਕਰੇਗਾ।

16 ਸਾਡੇ ਕਿਸੇ ਪ੍ਰਕਾਸ਼ਨ ਵਿਚ ਕੋਈ ਅਜਿਹੀ ਉਦਾਹਰਣ ਹੋ ਸਕਦੀ ਹੈ ਜਿਸ ਨੂੰ ਕਿਸੇ-ਕਿਸੇ ਵਿਦਿਆਰਥੀ ਲਈ ਸਮਝਣਾ ਸ਼ਾਇਦ ਮੁਸ਼ਕਲ ਹੋਵੇ। ਸਮਾਂ ਕੱਢ ਕੇ ਇਸ ਉਦਾਹਰਣ ਨੂੰ ਚੰਗੀ ਤਰ੍ਹਾਂ ਸਮਝਾਓ ਜਾਂ ਇਸੇ ਤਰ੍ਹਾਂ ਦੀ ਕੋਈ ਹੋਰ ਉਦਾਹਰਣ ਵਰਤੋ। ਉਦਾਹਰਣ ਲਈ, ਪ੍ਰਕਾਸ਼ਨ ਵਿਚ ਸ਼ਾਇਦ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਸਫ਼ਲ ਵਿਆਹ ਲਈ ਚੰਗੇ ਜੀਵਨ ਸਾਥੀ ਦੀ ਅਤੇ ਮਿਲ ਕੇ ਕੰਮ ਕਰਨ ਦੀ ਲੋੜ ਹੈ। ਇਸ ਗੱਲ ਨੂੰ ਸਮਝਾਉਣ ਲਈ ਅਸੀਂ ਸ਼ਾਇਦ ਸਰਕਸ ਦੇ ਉਸ ਕਰਤੱਬ ਦੀ ਉਦਾਹਰਣ ਦੇ ਸਕਦੇ ਹਾਂ ਜਿਸ ਵਿਚ ਇਕ ਆਦਮੀ ਰੱਸੀਆਂ ਨਾਲ ਬੰਨ੍ਹੇ ਡੰਡੇ ਉੱਤੇ ਲਟਕਦਾ ਹੋਇਆ ਆਉਂਦਾ ਹੈ ਅਤੇ ਹਵਾ ਵਿਚ ਕਲਾਬਾਜ਼ੀ ਲਾਉਂਦਾ ਹੈ। ਉਹ ਦੂਜੇ ਪਾਸੇ ਲਟਕ ਰਹੇ ਕਲਾਬਾਜ਼ ਤੇ ਨਿਰਭਰ ਕਰਦਾ ਹੈ ਕਿ ਉਹ ਉਸ ਨੂੰ ਫੜੇ। ਜਾਂ ਤੁਸੀਂ ਕਾਮਿਆਂ ਦੇ ਆਪਸੀ ਸਹਿਯੋਗ ਦੀ ਉਦਾਹਰਣ ਦੇ ਸਕਦੇ ਹੋ ਜੋ ਜਹਾਜ਼ ਜਾਂ ਟਰੱਕ ਵਿੱਚੋਂ ਮਾਲ ਉਤਾਰ ਕੇ ਇਕ-ਦੂਜੇ ਨੂੰ ਫੜਾਉਂਦੇ ਜਾਂਦੇ ਹਨ।

17. ਉਦਾਹਰਣਾਂ ਸੰਬੰਧੀ ਅਸੀਂ ਯਿਸੂ ਤੋਂ ਕੀ ਸਿੱਖ ਸਕਦੇ ਹਾਂ?

17 ਕੋਈ ਹੋਰ ਉਦਾਹਰਣ ਵਰਤਣ ਲਈ ਸਾਨੂੰ ਸ਼ਾਇਦ ਪਹਿਲਾਂ ਤੋਂ ਹੀ ਤਿਆਰੀ ਕਰਨੀ ਪਵੇ। ਪਰ ਇਸ ਤਰ੍ਹਾਂ ਕਰ ਕੇ ਅਸੀਂ ਬਾਈਬਲ ਵਿਦਿਆਰਥੀ ਵਿਚ ਨਿੱਜੀ ਦਿਲਚਸਪੀ ਲੈਂਦੇ ਹਾਂ। ਯਿਸੂ ਨੇ ਮੁਸ਼ਕਲ ਵਿਸ਼ਿਆਂ ਨੂੰ ਸਮਝਾਉਣ ਲਈ ਆਸਾਨ ਦ੍ਰਿਸ਼ਟਾਂਤ ਵਰਤੇ ਸਨ। ਉਸ ਦੇ ਪਹਾੜੀ ਉਪਦੇਸ਼ ਵਿਚ ਇਸ ਦੀਆਂ ਕਈ ਮਿਸਾਲਾਂ ਹਨ ਅਤੇ ਬਾਈਬਲ ਵਿਚ ਦੱਸਿਆ ਹੈ ਕਿ ਉਸ ਦੇ ਸੁਣਨ ਵਾਲਿਆਂ ਉੱਤੇ ਉਸ ਦੀ ਸਿੱਖਿਆ ਦਾ ਚੰਗਾ ਅਸਰ ਪਿਆ ਸੀ। (ਮੱਤੀ 5:1–7:29) ਯਿਸੂ ਨੇ ਧੀਰਜ ਨਾਲ ਲੋਕਾਂ ਨੂੰ ਗੱਲਾਂ ਸਮਝਾਈਆਂ ਕਿਉਂਕਿ ਉਹ ਉਨ੍ਹਾਂ ਵਿਚ ਡੂੰਘੀ ਦਿਲਚਸਪੀ ਰੱਖਦਾ ਸੀ।—ਮੱਤੀ 16:5-12.

18. ਪ੍ਰਕਾਸ਼ਨਾਂ ਵਿਚ ਦਿੱਤੇ ਬਾਈਬਲ ਹਵਾਲਿਆਂ ਸੰਬੰਧੀ ਕੀ ਸੁਝਾਅ ਦਿੱਤਾ ਗਿਆ ਹੈ?

18 ਜੇ ਅਸੀਂ ਸੱਚ-ਮੁੱਚ ਦੂਜਿਆਂ ਦੀ ਮਦਦ ਕਰਨੀ ਚਾਹੁੰਦੇ ਹਾਂ, ਤਾਂ ਅਸੀਂ ‘ਲਿਖਤਾਂ ਵਿੱਚੋਂ ਅਰਥ ਖੋਲ੍ਹ ਕੇ’ ਉਨ੍ਹਾਂ ਨਾਲ ਤਰਕ ਕਰਾਂਗੇ। (ਰਸੂਲਾਂ ਦੇ ਕਰਤੱਬ 17:2, 3) ਇਸ ਦੇ ਲਈ ਸਾਨੂੰ ਪ੍ਰਾਰਥਨਾ ਕਰਨ, ਨਿੱਜੀ ਅਧਿਐਨ ਕਰਨ ਅਤੇ ‘ਮਾਤਬਰ ਮੁਖ਼ਤਿਆਰ’ ਦੁਆਰਾ ਤਿਆਰ ਕੀਤੇ ਗਏ ਪ੍ਰਕਾਸ਼ਨਾਂ ਦੀ ਚੰਗੀ ਵਰਤੋਂ ਕਰਨ ਦੀ ਲੋੜ ਹੈ। (ਲੂਕਾ 12:42-44) ਮਿਸਾਲ ਲਈ, ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ * ਕਿਤਾਬ ਵਿਚ ਬਾਈਬਲ ਦੇ ਬਹੁਤ ਸਾਰੇ ਹਵਾਲੇ ਦਿੱਤੇ ਗਏ ਹਨ। ਇਸ ਕਿਤਾਬ ਵਿਚ ਥਾਂ ਦੀ ਕਮੀ ਹੋਣ ਕਾਰਨ ਕਈ ਹਵਾਲੇ ਖੋਲ੍ਹ ਕੇ ਨਹੀਂ ਲਿਖੇ ਗਏ। ਬਾਈਬਲ ਅਧਿਐਨ ਦੌਰਾਨ ਇਨ੍ਹਾਂ ਵਿੱਚੋਂ ਕੁਝ ਹਵਾਲਿਆਂ ਨੂੰ ਪੜ੍ਹਨਾ ਅਤੇ ਸਮਝਾਉਣਾ ਮਹੱਤਵਪੂਰਣ ਹੈ ਕਿਉਂਕਿ ਸਾਡੀ ਸਿੱਖਿਆ ਪਰਮੇਸ਼ੁਰ ਦੇ ਬਚਨ ਤੇ ਆਧਾਰਿਤ ਹੈ ਅਤੇ ਇਸ ਬਚਨ ਵਿਚ ਬਹੁਤ ਹੀ ਤਾਕਤ ਹੈ। (ਇਬਰਾਨੀਆਂ 4:12) ਹਰ ਵਾਰ ਬਾਈਬਲ ਅਧਿਐਨ ਕਰਾਉਂਦੇ ਸਮੇਂ ਬਾਈਬਲ ਵੱਲ ਵਾਰ-ਵਾਰ ਧਿਆਨ ਖਿੱਚੋ ਅਤੇ ਪੈਰਿਆਂ ਵਿਚ ਦਿੱਤੇ ਹਵਾਲਿਆਂ ਉੱਤੇ ਚਰਚਾ ਕਰੋ। ਵਿਦਿਆਰਥੀ ਦੀ ਇਹ ਦੇਖਣ ਵਿਚ ਮਦਦ ਕਰੋ ਕਿ ਬਾਈਬਲ ਕਿਸੇ ਵਿਸ਼ੇ ਬਾਰੇ ਜਾਂ ਜ਼ਿੰਦਗੀ ਦੇ ਤੌਰ-ਤਰੀਕਿਆਂ ਬਾਰੇ ਕੀ ਕਹਿੰਦੀ ਹੈ। ਉਸ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰੋ ਕਿ ਪਰਮੇਸ਼ੁਰ ਦੀ ਆਗਿਆ ਤੇ ਚੱਲਣ ਨਾਲ ਉਸ ਨੂੰ ਕਿਵੇਂ ਫ਼ਾਇਦਾ ਹੋਵੇਗਾ।—ਯਸਾਯਾਹ 48:17, 18.

ਦਿਲ ਦੀ ਗੱਲ ਜਾਣਨ ਲਈ ਸਵਾਲ ਪੁੱਛੋ

19, 20. (ੳ) ਬਾਈਬਲ ਅਧਿਐਨ ਕਰਾਉਂਦਿਆਂ ਵਿਦਿਆਰਥੀ ਦੇ ਵਿਚਾਰ ਜਾਣਨ ਲਈ ਸਾਨੂੰ ਕਿਉਂ ਸਵਾਲ ਪੁੱਛਣੇ ਚਾਹੀਦੇ ਹਨ? (ਅ) ਜੇ ਕਿਸੇ ਖ਼ਾਸ ਵਿਸ਼ੇ ਉੱਤੇ ਹੋਰ ਚਰਚਾ ਕਰਨ ਦੀ ਲੋੜ ਹੈ, ਤਾਂ ਕੀ ਕੀਤਾ ਜਾ ਸਕਦਾ ਹੈ?

19 ਯਿਸੂ ਢੁਕਵੇਂ ਸਵਾਲ ਪੁੱਛ-ਪੁੱਛ ਕੇ ਲੋਕਾਂ ਦੀ ਤਰਕ ਕਰਨ ਵਿਚ ਮਦਦ ਕਰਿਆ ਕਰਦਾ ਸੀ। (ਮੱਤੀ 17:24-27) ਜੇ ਅਸੀਂ ਵਿਦਿਆਰਥੀ ਨੂੰ ਸ਼ਰਮਿੰਦਾ ਕੀਤੇ ਬਗੈਰ ਢੁਕਵੇਂ ਸਵਾਲ ਪੁੱਛਦੇ ਹਾਂ, ਤਾਂ ਉਸ ਦੇ ਜਵਾਬਾਂ ਤੋਂ ਜ਼ਾਹਰ ਹੋ ਸਕਦਾ ਹੈ ਕਿ ਉਹ ਕਿਸੇ ਵਿਸ਼ੇ ਬਾਰੇ ਕੀ ਸੋਚਦਾ ਹੈ। ਸਾਨੂੰ ਸ਼ਾਇਦ ਪਤਾ ਲੱਗੇ ਕਿ ਉਹ ਅਜੇ ਵੀ ਕੁਝ ਗੱਲਾਂ ਬਾਰੇ ਗ਼ਲਤ ਵਿਚਾਰ ਰੱਖਦਾ ਹੈ। ਮਿਸਾਲ ਲਈ, ਉਹ ਸ਼ਾਇਦ ਤ੍ਰਿਏਕ ਵਿਚ ਵਿਸ਼ਵਾਸ ਕਰਦਾ ਹੈ। ਗਿਆਨ ਕਿਤਾਬ ਦਾ ਤੀਸਰਾ ਅਧਿਆਇ ਦੱਸਦਾ ਹੈ ਕਿ ਬਾਈਬਲ ਵਿਚ ਕਿਤੇ ਵੀ “ਤ੍ਰਿਏਕ” ਸ਼ਬਦ ਨਹੀਂ ਪਾਇਆ ਜਾਂਦਾ। ਇਸ ਕਿਤਾਬ ਵਿਚ ਦਿੱਤੇ ਬਾਈਬਲ ਹਵਾਲੇ ਦਿਖਾਉਂਦੇ ਹਨ ਕਿ ਯਹੋਵਾਹ ਅਤੇ ਯਿਸੂ ਮਸੀਹ ਦੋ ਵੱਖਰੇ ਵਿਅਕਤੀ ਹਨ ਅਤੇ ਪਵਿੱਤਰ ਆਤਮਾ ਪਰਮੇਸ਼ੁਰ ਦੀ ਸ਼ਕਤੀ ਹੈ, ਨਾ ਕਿ ਕੋਈ ਵਿਅਕਤੀ। ਵਿਦਿਆਰਥੀ ਨੂੰ ਕਾਇਲ ਕਰਨ ਲਈ ਬਾਈਬਲ ਦੇ ਇਨ੍ਹਾਂ ਹਵਾਲਿਆਂ ਨੂੰ ਪੜ੍ਹਨਾ ਅਤੇ ਇਨ੍ਹਾਂ ਤੇ ਚਰਚਾ ਕਰਨੀ ਸ਼ਾਇਦ ਕਾਫ਼ੀ ਹੋਵੇ। ਪਰ ਜੇ ਉਹ ਕਾਇਲ ਨਹੀਂ ਹੁੰਦਾ, ਤਾਂ ਕੀ ਕੀਤਾ ਜਾ ਸਕਦਾ ਹੈ? ਸ਼ਾਇਦ ਅਗਲੀ ਵਾਰ ਬਾਈਬਲ ਅਧਿਐਨ ਕਰਾਉਣ ਤੋਂ ਬਾਅਦ ਤੁਸੀਂ ਕੁਝ ਸਮਾਂ ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ? * (ਅੰਗ੍ਰੇਜ਼ੀ) ਬਰੋਸ਼ਰ ਵਿੱਚੋਂ ਚਰਚਾ ਕਰ ਸਕਦੇ ਹੋ। ਫਿਰ ਅਗਲੀ ਵਾਰ ਤੁਸੀਂ ਗਿਆਨ ਕਿਤਾਬ ਤੋਂ ਅਧਿਐਨ ਜਾਰੀ ਰੱਖ ਸਕਦੇ ਹੋ।

20 ਮੰਨ ਲਓ ਕਿ ਵਿਦਿਆਰਥੀ ਅਜਿਹਾ ਜਵਾਬ ਦਿੰਦਾ ਹੈ ਜਿਸ ਦੀ ਸਾਨੂੰ ਆਸ ਨਹੀਂ ਹੁੰਦੀ ਜਾਂ ਫਿਰ ਉਹ ਗ਼ਲਤ ਜਵਾਬ ਦਿੰਦਾ ਹੈ। ਜੇ ਸਿਗਰਟਨੋਸ਼ੀ ਜਾਂ ਕੋਈ ਹੋਰ ਨਾਜ਼ੁਕ ਵਿਸ਼ਾ ਹੈ, ਤਾਂ ਅਸੀਂ ਸ਼ਾਇਦ ਕਹੀਏ ਕਿ ਇਸ ਵੇਲੇ ਆਪਾਂ ਅਧਿਐਨ ਜਾਰੀ ਰੱਖਾਂਗੇ ਅਤੇ ਇਸ ਵਿਸ਼ੇ ਬਾਰੇ ਕਿਸੇ ਹੋਰ ਵੇਲੇ ਚਰਚਾ ਕਰਾਂਗੇ। ਇਹ ਪਤਾ ਲੱਗਣ ਨਾਲ ਕਿ ਵਿਦਿਆਰਥੀ ਅਜੇ ਵੀ ਸਿਗਰਟ ਪੀਂਦਾ ਹੈ, ਸਾਨੂੰ ਅਜਿਹੀ ਜਾਣਕਾਰੀ ਲੱਭਣ ਵਿਚ ਮਦਦ ਮਿਲ ਸਕਦੀ ਹੈ ਜੋ ਅਧਿਆਤਮਿਕ ਤਰੱਕੀ ਕਰਨ ਵਿਚ ਵਿਦਿਆਰਥੀ ਦੀ ਮਦਦ ਕਰੇਗੀ। ਵਿਦਿਆਰਥੀ ਦੇ ਦਿਲ ਤਕ ਪਹੁੰਚਣ ਦੀ ਕੋਸ਼ਿਸ਼ ਕਰਨ ਦੇ ਨਾਲ-ਨਾਲ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਵੀ ਕਰ ਸਕਦੇ ਹਾਂ ਕਿ ਉਹ ਅਧਿਆਤਮਿਕ ਤੌਰ ਤੇ ਤਰੱਕੀ ਕਰਨ ਵਿਚ ਵਿਦਿਆਰਥੀ ਦੀ ਮਦਦ ਕਰੇ।

21. ਆਪਣੇ ਸਿਖਾਉਣ ਦੇ ਤਰੀਕਿਆਂ ਨੂੰ ਬਾਈਬਲ ਵਿਦਿਆਰਥੀਆਂ ਦੀਆਂ ਖ਼ਾਸ ਲੋੜਾਂ ਮੁਤਾਬਕ ਢਾਲ਼ਣ ਨਾਲ ਕੀ ਅਸਰ ਪੈ ਸਕਦਾ ਹੈ?

21 ਚੰਗੀ ਤਿਆਰੀ ਕਰਨ ਅਤੇ ਯਹੋਵਾਹ ਦੀ ਮਦਦ ਨਾਲ ਅਸੀਂ ਆਪਣੇ ਸਿਖਾਉਣ ਦੇ ਤਰੀਕਿਆਂ ਨੂੰ ਬਾਈਬਲ ਵਿਦਿਆਰਥੀ ਦੀਆਂ ਖ਼ਾਸ ਲੋੜਾਂ ਮੁਤਾਬਕ ਢਾਲ਼ਾਂਗੇ। ਹੋ ਸਕਦਾ ਹੈ ਕਿ ਹੌਲੀ-ਹੌਲੀ ਉਸ ਦੇ ਦਿਲ ਵਿਚ ਯਹੋਵਾਹ ਲਈ ਡੂੰਘਾ ਪਿਆਰ ਜਾਗ ਪਵੇ। ਅਸੀਂ ਯਹੋਵਾਹ ਦੇ ਸੰਗਠਨ ਲਈ ਆਦਰ ਅਤੇ ਕਦਰ ਪੈਦਾ ਕਰਨ ਵਿਚ ਵੀ ਸ਼ਾਇਦ ਉਸ ਦੀ ਮਦਦ ਕਰ ਸਕਾਂਗੇ। ਸਾਨੂੰ ਕਿੰਨੀ ਖ਼ੁਸ਼ੀ ਹੋਵੇਗੀ ਜਦੋਂ ਬਾਈਬਲ ਵਿਦਿਆਰਥੀ ਇਹ ਕਹਿਣਗੇ: ‘ਸੱਚੀ ਮੁੱਚੀ ਪਰਮੇਸ਼ੁਰ ਤੁਹਾਡੇ ਵਿੱਚ ਹੈ!’ (1 ਕੁਰਿੰਥੀਆਂ 14:24, 25) ਇਸ ਲਈ ਆਓ ਆਪਾਂ ਅਸਰਕਾਰੀ ਤਰੀਕੇ ਨਾਲ ਬਾਈਬਲ ਅਧਿਐਨ ਕਰਾਈਏ ਅਤੇ ਯਿਸੂ ਦੇ ਚੇਲੇ ਬਣਨ ਵਿਚ ਦੂਜਿਆਂ ਦੀ ਮਦਦ ਕਰਨ ਲਈ ਆਪਣੀ ਪੂਰੀ ਵਾਹ ਲਾਈਏ।

ਇਸ ਖ਼ਜ਼ਾਨੇ ਦੀ ਡੂੰਘੀ ਕਦਰ ਕਰੋ

22, 23. ਜੇ ਅਸੀਂ ਆਪਣੀ ਸੇਵਕਾਈ ਨੂੰ ਚੰਗੀ ਤਰ੍ਹਾਂ ਪੂਰਾ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ?

22 ਆਪਣੀ ਸੇਵਕਾਈ ਨੂੰ ਚੰਗੀ ਤਰ੍ਹਾਂ ਪੂਰਾ ਕਰਨ ਲਈ ਸਾਨੂੰ ਪਰਮੇਸ਼ੁਰ ਦੁਆਰਾ ਦਿੱਤੀ ਤਾਕਤ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ। ਸੇਵਕਾਈ ਬਾਰੇ ਗੱਲ ਕਰਦੇ ਹੋਏ ਪੌਲੁਸ ਨੇ ਮਸਹ ਕੀਤੇ ਹੋਏ ਸੰਗੀ ਮਸੀਹੀਆਂ ਨੂੰ ਲਿਖਿਆ: “ਇਹ ਖ਼ਜ਼ਾਨਾ ਸਾਡੇ ਕੋਲ ਮਿੱਟੀ ਦਿਆਂ ਭਾਂਡਿਆਂ ਵਿੱਚ ਹੈ ਤਾਂ ਜੋ ਇਸ ਸਮਰੱਥਾ ਦਾ ਅੱਤ ਵੱਡਾ ਮਹਾਤਮ ਪਰਮੇਸ਼ੁਰ ਦੀ ਵੱਲੋਂ, ਨਾ ਸਾਡੀ ਵੱਲੋਂ, ਮਲੂਮ ਹੋਵੇ।”—2 ਕੁਰਿੰਥੀਆਂ 4:7.

23 ਭਾਵੇਂ ਅਸੀਂ ਮਸਹ ਕੀਤੇ ਹੋਇਆਂ ਵਿੱਚੋਂ ਹਾਂ ਜਾਂ ‘ਹੋਰ ਭੇਡਾਂ’ ਵਿੱਚੋਂ, ਅਸੀਂ ਮਿੱਟੀ ਦੇ ਕਮਜ਼ੋਰ ਭਾਂਡਿਆਂ ਵਰਗੇ ਹਾਂ। (ਯੂਹੰਨਾ 10:16) ਪਰ ਯਹੋਵਾਹ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਦੀ ਤਾਕਤ ਦੇ ਸਕਦਾ ਹੈ, ਭਾਵੇਂ ਸਾਡੇ ਉੱਤੇ ਕਿੰਨੇ ਦਬਾਅ ਕਿਉਂ ਨਾ ਆਉਣ। (ਯੂਹੰਨਾ 16:13; ਫ਼ਿਲਿੱਪੀਆਂ 4:13) ਤਾਂ ਫਿਰ ਆਓ ਆਪਾਂ ਯਹੋਵਾਹ ਉੱਤੇ ਪੂਰਾ ਭਰੋਸਾ ਰੱਖੀਏ, ਸੇਵਕਾਈ ਦੇ ਆਪਣੇ ਖ਼ਜ਼ਾਨੇ ਦੀ ਡੂੰਘੀ ਕਦਰ ਕਰੀਏ ਅਤੇ ਆਪਣੀ ਸੇਵਕਾਈ ਚੰਗੀ ਤਰ੍ਹਾਂ ਪੂਰੀ ਕਰੀਏ।

[ਫੁਟਨੋਟ]

^ ਪੈਰਾ 18 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

^ ਪੈਰਾ 19 ਇਹ ਬਰੋਸ਼ਰ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਹੈ।

ਤੁਸੀਂ ਕਿਵੇਂ ਜਵਾਬ ਦਿਓਗੇ?

• ਆਪਣੀ ਸੇਵਕਾਈ ਚੰਗੀ ਤਰ੍ਹਾਂ ਪੂਰੀ ਕਰਨ ਲਈ ਬਜ਼ੁਰਗ ਕੀ ਕਰ ਸਕਦੇ ਹਨ?

• ਅਸੀਂ ਹੋਰ ਅਸਰਕਾਰੀ ਤਰੀਕੇ ਨਾਲ ਬਾਈਬਲ ਅਧਿਐਨ ਕਰਾਉਣ ਲਈ ਕੀ ਕਰ ਸਕਦੇ ਹਾਂ?

• ਜੇ ਬਾਈਬਲ ਵਿਦਿਆਰਥੀ ਕਿਸੇ ਉਦਾਹਰਣ ਨੂੰ ਨਹੀਂ ਸਮਝ ਪਾਉਂਦਾ ਜਾਂ ਉਸ ਨੂੰ ਕਿਸੇ ਵਿਸ਼ੇ ਬਾਰੇ ਹੋਰ ਜਾਣਕਾਰੀ ਦੀ ਲੋੜ ਹੈ, ਤਾਂ ਤੁਸੀਂ ਕੀ ਕਰੋਗੇ?

[ਸਵਾਲ]

[ਸਫ਼ੇ 16 ਉੱਤੇ ਤਸਵੀਰ]

ਮਸੀਹੀ ਬਜ਼ੁਰਗ ਕਲੀਸਿਯਾ ਵਿਚ ਸਿਖਾਉਂਦੇ ਹਨ ਅਤੇ ਚੰਗੀ ਤਰ੍ਹਾਂ ਸੇਵਕਾਈ ਕਰਨ ਵਿਚ ਭੈਣ-ਭਰਾਵਾਂ ਦੀ ਮਦਦ ਕਰਦੇ ਹਨ

[ਸਫ਼ੇ 18 ਉੱਤੇ ਤਸਵੀਰ]

ਆਪਣਾ ਚਾਨਣ ਚਮਕਾਉਣ ਦਾ ਇਕ ਤਰੀਕਾ ਹੈ ਅਸਰਕਾਰੀ ਤਰੀਕੇ ਨਾਲ ਬਾਈਬਲ ਅਧਿਐਨ ਕਰਾਉਣੇ