ਇਕ ਸਮਾਰੋਹ ਜੋ ਤੁਹਾਡੇ ਲਈ ਖ਼ਾਸ ਮਾਅਨੇ ਰੱਖਦਾ ਹੈ
ਇਕ ਸਮਾਰੋਹ ਜੋ ਤੁਹਾਡੇ ਲਈ ਖ਼ਾਸ ਮਾਅਨੇ ਰੱਖਦਾ ਹੈ
ਯਿਸੂ ਮਸੀਹ ਜਦੋਂ ਧਰਤੀ ਉੱਤੇ ਸੀ, ਤਾਂ ਉਸ ਨੇ ਇਕ ਯਾਦਗਾਰੀ ਸਮਾਰੋਹ ਮਨਾਉਣ ਦੀ ਰੀਤ ਸ਼ੁਰੂ ਕੀਤੀ ਜਿਸ ਨਾਲ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ। ਮਸੀਹ ਨੇ ਆਪਣੇ ਚੇਲਿਆਂ ਨਾਲ ਆਪਣੀ ਜ਼ਿੰਦਗੀ ਦੀ ਆਖ਼ਰੀ ਰਾਤ ਨੂੰ ਇਹ ਸਮਾਰੋਹ ਮਨਾਇਆ ਸੀ। ਇਸ ਨੂੰ ਪ੍ਰਭੂ ਦਾ ਆਖ਼ਰੀ ਭੋਜਨ ਵੀ ਕਿਹਾ ਜਾਂਦਾ ਹੈ। ਇਹੋ ਇੱਕੋ-ਇਕ ਧਾਰਮਿਕ ਸਮਾਰੋਹ ਹੈ ਜਿਸ ਨੂੰ ਮਨਾਉਣ ਦੀ ਆਗਿਆ ਯਿਸੂ ਨੇ ਆਪਣੇ ਚੇਲਿਆਂ ਨੂੰ ਦਿੱਤੀ ਸੀ।
ਜ਼ਰਾ ਕਲਪਨਾ ਕਰੋ ਕਿ ਤੁਸੀਂ ਵੀ ਉਸ ਰਾਤ ਨੂੰ ਉੱਥੇ ਮੌਜੂਦ ਹੋ ਅਤੇ ਸਭ ਕੁਝ ਦੇਖ ਰਹੇ ਹੋ। ਯਿਸੂ ਤੇ ਉਸ ਦੇ ਬਾਰਾਂ ਰਸੂਲ ਯਹੂਦੀਆਂ ਦਾ ਪਸਾਹ ਦਾ ਪਰਬ ਮਨਾਉਣ ਲਈ ਯਰੂਸ਼ਲਮ ਵਿਚ ਇਕ ਘਰ ਵਿਚ ਇਕੱਠੇ ਹੋਏ ਹਨ। ਉਨ੍ਹਾਂ ਨੇ ਹੁਣੇ-ਹੁਣੇ ਪਸਾਹ ਦਾ ਭੋਜਨ ਖ਼ਤਮ ਕੀਤਾ ਹੈ। ਯਹੂਦੀ ਰੀਤ ਅਨੁਸਾਰ ਲੋਕ ਇਸ ਦਿਨ ਅਖ਼ਮੀਰੀ ਰੋਟੀ ਨਾਲ ਲੇਲੇ ਦਾ ਭੁੰਨਿਆ ਮਾਸ ਅਤੇ ਕੌੜੀ ਭਾਜੀ ਖਾਂਦੇ ਸਨ ਅਤੇ ਮੈ (ਅੰਗੂਰੀ ਸ਼ਰਾਬ) ਪੀਂਦੇ ਸਨ। ਭੋਜਨ ਖ਼ਤਮ ਹੁੰਦਿਆਂ ਸਾਰ ਹੀ ਯਿਸੂ ਨੇ ਦਗੇਬਾਜ਼ ਚੇਲੇ ਯਹੂਦਾ ਇਸਕਰਿਯੋਤੀ ਨੂੰ ਬਾਹਰ ਘੱਲ ਦਿੱਤਾ ਜੋ ਕੁਝ ਹੀ ਸਮੇਂ ਮਗਰੋਂ ਆਪਣੇ ਸੁਆਮੀ ਨੂੰ ਵੈਰੀਆਂ ਦੇ ਹੱਥ ਫੜਾ ਦੇਵੇਗਾ। (ਮੱਤੀ 26:17-25; ਯੂਹੰਨਾ 13:21, 26-30) ਯਿਸੂ ਨਾਲ ਹੁਣ ਸਿਰਫ਼ ਉਸ ਦੇ 11 ਵਫ਼ਾਦਾਰ ਚੇਲੇ ਹਨ। ਉਨ੍ਹਾਂ ਵਿੱਚੋਂ ਇਕ ਦਾ ਨਾਂ ਮੱਤੀ ਹੈ।
ਮੱਤੀ ਦੇ ਅੱਖੀਂ ਡਿੱਠੇ ਬਿਰਤਾਂਤ ਅਨੁਸਾਰ ਯਿਸੂ ਨੇ ਇਹ ਯਾਦਗਾਰੀ ਸਮਾਰੋਹ ਇੱਦਾਂ ਸ਼ੁਰੂ ਕੀਤਾ ਸੀ: “ਯਿਸੂ ਨੇ [ਅਖ਼ਮੀਰੀ] ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਰ ਚੇਲਿਆਂ ਨੂੰ ਦੇ ਕੇ ਆਖਿਆ, ਲਓ ਖਾਓ, ਇਹ ਮੇਰਾ ਸਰੀਰ ਹੈ। ਫੇਰ ਉਹ ਨੇ [ਮੈ ਦਾ] ਪਿਆਲਾ ਲੈ ਕੇ ਸ਼ੁਕਰ ਕੀਤਾ ਅਤੇ ਉਨ੍ਹਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ। ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖ਼ਾਤਰ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ।”—ਮੱਤੀ 26:26-28.
ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਯਾਦਗਾਰ ਮਨਾਉਣ ਦਾ ਹੁਕਮ ਕਿਉਂ ਦਿੱਤਾ ਸੀ? ਇਸ ਸਮਾਰੋਹ ਵਿਚ ਉਸ ਨੇ ਅਖ਼ਮੀਰੀ ਰੋਟੀ ਅਤੇ ਮੈ ਕਿਉਂ ਵਰਤੀ ਸੀ? ਕੀ ਮਸੀਹ ਦੇ ਸਾਰੇ ਚੇਲਿਆਂ ਨੇ ਇਹ ਰੋਟੀ ਖਾਣੀ ਤੇ ਮੈ ਪੀਣੀ ਸੀ? ਇਹ ਯਾਦਗਾਰ ਸਾਲ ਵਿਚ ਕਿੰਨੀ ਵਾਰੀ ਮਨਾਉਣੀ ਸੀ? ਇਹ ਸਮਾਰੋਹ ਤੁਹਾਡੇ ਲਈ ਕੀ ਮਾਅਨੇ ਰੱਖਦਾ ਹੈ?