Skip to content

Skip to table of contents

‘ਪਰਚਾਰਕ ਦਾ ਕੰਮ ਕਰੋ’

‘ਪਰਚਾਰਕ ਦਾ ਕੰਮ ਕਰੋ’

‘ਪਰਚਾਰਕ ਦਾ ਕੰਮ ਕਰੋ’

“ਤੂੰ ਸਭਨੀਂ ਗੱਲੀਂ ਸੁਚੇਤ ਰਹੀਂ, . . . ਪਰਚਾਰਕ ਦਾ ਕੰਮ ਕਰੀਂ।”—2 ਤਿਮੋਥਿਉਸ 4:5.

1. ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜਾ ਕੰਮ ਕਰਨ ਨੂੰ ਦਿੱਤਾ ਸੀ?

ਪੂਰੀ ਧਰਤੀ ਉੱਤੇ ਯਹੋਵਾਹ ਦੇ ਨਾਂ ਅਤੇ ਉਸ ਦੇ ਮਕਸਦਾਂ ਦੀ ਘੋਸ਼ਣਾ ਕੀਤੀ ਜਾ ਰਹੀ ਹੈ। ਇਹ ਘੋਸ਼ਣਾ ਕਿਉਂ ਹੋ ਰਹੀ ਹੈ? ਕਿਉਂਕਿ ਪਰਮੇਸ਼ੁਰ ਦੇ ਸਮਰਪਿਤ ਲੋਕ ਯਿਸੂ ਮਸੀਹ ਦੇ ਇਸ ਹੁਕਮ ਨੂੰ ਗੰਭੀਰਤਾ ਨਾਲ ਲੈਂਦੇ ਹਨ ਜੋ ਉਸ ਨੇ ਆਪਣੇ ਚੇਲਿਆਂ ਨੂੰ ਦਿੱਤਾ ਸੀ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।”—ਮੱਤੀ 28:19, 20.

2. ਨਿਗਾਹਬਾਨ ਤਿਮੋਥਿਉਸ ਨੂੰ ਕਿਹੜੀ ਹਿਦਾਇਤ ਮਿਲੀ ਸੀ ਅਤੇ ਮਸੀਹੀ ਨਿਗਾਹਬਾਨਾਂ ਲਈ ਆਪਣੀ ਸੇਵਕਾਈ ਪੂਰੀ ਕਰਨ ਦਾ ਇਕ ਤਰੀਕਾ ਕਿਹੜਾ ਹੈ?

2 ਪਹਿਲੀ ਸਦੀ ਵਿਚ ਯਿਸੂ ਦੇ ਚੇਲਿਆਂ ਨੇ ਇਸ ਕੰਮ ਨੂੰ ਪੂਰੀ ਗੰਭੀਰਤਾ ਨਾਲ ਕੀਤਾ ਸੀ। ਮਿਸਾਲ ਲਈ, ਪੌਲੁਸ ਰਸੂਲ ਨੇ ਆਪਣੇ ਨਾਲ ਦੇ ਮਸੀਹੀ ਨਿਗਾਹਬਾਨ ਤਿਮੋਥਿਉਸ ਨੂੰ ਇਹ ਹਿਦਾਇਤ ਦਿੱਤੀ ਸੀ: “ਪਰਚਾਰਕ ਦਾ ਕੰਮ ਕਰੀਂ, ਆਪਣੀ ਸੇਵਕਾਈ ਨੂੰ ਪੂਰਿਆਂ ਕਰੀਂ।” (2 ਤਿਮੋਥਿਉਸ 4:5) ਅੱਜ ਇਕ ਨਿਗਾਹਬਾਨ ਦੁਆਰਾ ਆਪਣੀ ਸੇਵਕਾਈ ਪੂਰੀ ਕਰਨ ਦਾ ਇਕ ਤਰੀਕਾ ਹੈ ਰਾਜ ਦਾ ਜੋਸ਼ੀਲਾ ਪ੍ਰਚਾਰਕ ਬਣ ਕੇ ਖੇਤਰ ਸੇਵਕਾਈ ਵਿਚ ਬਾਕਾਇਦਾ ਹਿੱਸਾ ਲੈਣਾ। ਮਿਸਾਲ ਲਈ, ਕਲੀਸਿਯਾ ਪੁਸਤਕ ਅਧਿਐਨ ਨਿਗਾਹਬਾਨ ਨੂੰ ਪ੍ਰਚਾਰ ਦੇ ਕੰਮ ਵਿਚ ਦੂਜਿਆਂ ਦੀ ਅਗਵਾਈ ਕਰਨ ਤੇ ਉਨ੍ਹਾਂ ਨੂੰ ਸਿਖਾਉਣ ਦਾ ਖ਼ਾਸ ਸਨਮਾਨ ਹਾਸਲ ਹੈ। ਪੌਲੁਸ ਨੇ ਖ਼ੁਸ਼ ਖ਼ਬਰੀ ਦਾ ਐਲਾਨ ਕਰਨ ਦੀ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ ਅਤੇ ਉਸ ਨੇ ਦੂਜਿਆਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਵੀ ਸਿਖਾਇਆ।—ਰਸੂਲਾਂ ਦੇ ਕਰਤੱਬ 20:20; 1 ਕੁਰਿੰਥੀਆਂ 9:16, 17.

ਪੁਰਾਣੇ ਜ਼ਮਾਨੇ ਦੇ ਜੋਸ਼ੀਲੇ ਪ੍ਰਚਾਰਕ

3, 4. ਪ੍ਰਚਾਰਕ ਦੇ ਤੌਰ ਤੇ ਫਿਲਿੱਪੁਸ ਨੂੰ ਕਿਹੜੇ ਤਜਰਬੇ ਹੋਏ?

3 ਮੁਢਲੇ ਮਸੀਹੀ ਜੋਸ਼ੀਲੇ ਪ੍ਰਚਾਰਕਾਂ ਦੇ ਤੌਰ ਤੇ ਜਾਣੇ ਜਾਂਦੇ ਸਨ। ਫਿਲਿੱਪੁਸ ਨੂੰ ਹੀ ਲੈ ਲਓ। ਉਹ ਉਨ੍ਹਾਂ “ਸੱਤ ਨੇਕ ਨਾਮ ਆਦਮੀਆਂ” ਵਿੱਚੋਂ ਸੀ “ਜਿਹੜੇ ਆਤਮਾ ਅਤੇ ਬੁੱਧ ਨਾਲ ਭਰਪੂਰ” ਸਨ। ਯਰੂਸ਼ਲਮ ਵਿਚ ਇਨ੍ਹਾਂ ਸੱਤਾਂ ਨੂੰ ਯੂਨਾਨੀ ਅਤੇ ਇਬਰਾਨੀ ਭਾਸ਼ਾ ਬੋਲਣ ਵਾਲੀਆਂ ਮਸੀਹੀ ਵਿਧਵਾਵਾਂ ਵਿਚ ਬਿਨਾਂ ਪੱਖਪਾਤ ਕੀਤਿਆਂ ਰੋਜ਼ ਭੋਜਨ ਵੰਡਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। (ਰਸੂਲਾਂ ਦੇ ਕਰਤੱਬ 6:1-6) ਫਿਲਿੱਪੁਸ ਨੇ ਆਪਣੀ ਇਹ ਜ਼ਿੰਮੇਵਾਰੀ ਚੰਗੀ ਤਰ੍ਹਾਂ ਪੂਰੀ ਕੀਤੀ। ਬਾਅਦ ਵਿਚ ਜਦੋਂ ਸਖ਼ਤ ਸਤਾਹਟ ਕਰਕੇ ਰਸੂਲਾਂ ਤੋਂ ਇਲਾਵਾ ਸਾਰੇ ਮਸੀਹੀ ਤਿੱਤਰ-ਬਿੱਤਰ ਹੋ ਗਏ, ਤਾਂ ਉਦੋਂ ਫਿਲਿੱਪੁਸ ਸਾਮਰਿਯਾ ਨੂੰ ਚਲਾ ਗਿਆ। ਉੱਥੇ ਉਸ ਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਅਤੇ ਉਸ ਨੂੰ ਪਵਿੱਤਰ ਆਤਮਾ ਦੁਆਰਾ ਭੂਤਾਂ ਨੂੰ ਕੱਢਣ ਅਤੇ ਲੰਗੜਿਆਂ ਤੇ ਅਧਰੰਗੀਆਂ ਨੂੰ ਠੀਕ ਕਰਨ ਦੀ ਤਾਕਤ ਦਿੱਤੀ ਗਈ। ਬਹੁਤ ਸਾਰੇ ਸਾਮਰੀ ਲੋਕਾਂ ਨੇ ਰਾਜ ਦੇ ਸੰਦੇਸ਼ ਨੂੰ ਸਵੀਕਾਰ ਕਰ ਕੇ ਬਪਤਿਸਮਾ ਲੈ ਲਿਆ। ਇਹ ਸੁਣ ਕੇ ਯਰੂਸ਼ਲਮ ਵਿਚ ਰਹਿੰਦੇ ਰਸੂਲਾਂ ਨੇ ਪਤਰਸ ਤੇ ਯੂਹੰਨਾ ਰਸੂਲ ਨੂੰ ਸਾਮਰਿਯਾ ਭੇਜਿਆ ਤਾਂਕਿ ਨਵੇਂ ਬਪਤਿਸਮਾ-ਪ੍ਰਾਪਤ ਲੋਕ ਪਵਿੱਤਰ ਆਤਮਾ ਹਾਸਲ ਕਰ ਸਕਣ।—ਰਸੂਲਾਂ ਦੇ ਕਰਤੱਬ 8:4-17.

4 ਫਿਰ ਪਵਿੱਤਰ ਆਤਮਾ ਦੀ ਮਦਦ ਨਾਲ ਫਿਲਿੱਪੁਸ ਈਥੀਓਪੀਆ ਦੇ ਇਕ ਖੋਜੇ ਨੂੰ ਮਿਲਿਆ ਜੋ ਗਾਜ਼ਾ ਦੇ ਰਾਹ ਤੇ ਜਾ ਰਿਹਾ ਸੀ। ਫਿਲਿੱਪੁਸ ਨੇ ਉਸ ਨੂੰ ਯਸਾਯਾਹ ਦੀ ਭਵਿੱਖਬਾਣੀ ਦਾ ਅਰਥ ਸਾਫ਼-ਸਾਫ਼ ਸਮਝਾਇਆ ਜਿਸ ਤੋਂ ਬਾਅਦ ਇਸ ‘ਮਨੁੱਖ ਨੇ ਜਿਹੜਾ ਹਬਸ਼ ਦੀ ਰਾਣੀ ਕੰਦਾਕੇ ਦਾ ਵੱਡਾ ਇਖ਼ਤਿਆਰ ਵਾਲਾ’ ਸੀ, ਯਿਸੂ ਮਸੀਹ ਵਿਚ ਨਿਹਚਾ ਕੀਤੀ ਤੇ ਬਪਤਿਸਮਾ ਲੈ ਲਿਆ। (ਰਸੂਲਾਂ ਦੇ ਕਰਤੱਬ 8:26-38) ਇਸ ਤੋਂ ਬਾਅਦ ਫਿਲਿੱਪੁਸ ਅਜ਼ੋਤੁਸ ਨੂੰ ਗਿਆ ਤੇ ਫਿਰ ਕੈਸਰਿਯਾ ਨੂੰ ਜਾਂਦੇ ਸਮੇਂ ਉਹ ਰਾਹ ਵਿਚ ਆਉਂਦੇ “ਸਭਨਾਂ ਨਗਰਾਂ ਵਿੱਚ ਖੁਸ਼ ਖਬਰੀ ਸੁਣਾਉਂਦਾ ਗਿਆ।” (ਰਸੂਲਾਂ ਦੇ ਕਰਤੱਬ 8:39, 40) ਉਸ ਨੇ ਪ੍ਰਚਾਰ ਦਾ ਕੰਮ ਕਰਨ ਵਿਚ ਸੱਚ-ਮੁੱਚ ਵਧੀਆ ਮਿਸਾਲ ਕਾਇਮ ਕੀਤੀ!

5. ਫਿਲਿੱਪੁਸ ਦੀਆਂ ਧੀਆਂ ਖ਼ਾਸਕਰ ਕਿਸ ਕੰਮ ਲਈ ਜਾਣੀਆਂ ਜਾਂਦੀਆਂ ਸਨ?

5 ਤਕਰੀਬਨ 20 ਸਾਲ ਬਾਅਦ ਵੀ ਫਿਲਿੱਪੁਸ ਕੈਸਰਿਯਾ ਵਿਚ ਜੋਸ਼ ਨਾਲ ਪ੍ਰਚਾਰ ਕਰ ਰਿਹਾ ਸੀ। ਜਦੋਂ ਪੌਲੁਸ ਅਤੇ ਲੂਕਾ ਉਸ ਦੇ ਘਰ ਠਹਿਰੇ, ਤਾਂ ਉਸ ਵੇਲੇ ਉਸ ਦੀਆਂ “ਚਾਰ ਕੁਆਰੀਆਂ ਧੀਆਂ ਸਨ ਜਿਹੜੀਆਂ ਅਗੰਮ ਵਾਕ ਕਰਦੀਆਂ ਸਨ।” (ਰਸੂਲਾਂ ਦੇ ਕਰਤੱਬ 21:8-10) ਇਨ੍ਹਾਂ ਕੁੜੀਆਂ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਦੀ ਚੰਗੀ ਸਿਖਲਾਈ ਦਿੱਤੀ ਗਈ ਸੀ। ਉਹ ਜੋਸ਼ ਨਾਲ ਪ੍ਰਚਾਰ ਕਰਦੀਆਂ ਸਨ ਅਤੇ ਉਨ੍ਹਾਂ ਨੂੰ ਭਵਿੱਖਬਾਣੀਆਂ ਕਰਨ ਦਾ ਸਨਮਾਨ ਵੀ ਦਿੱਤਾ ਗਿਆ ਸੀ। ਸੇਵਕਾਈ ਵਿਚ ਮਾਪਿਆਂ ਦੁਆਰਾ ਜੋਸ਼ ਦਿਖਾਉਣ ਨਾਲ ਅੱਜ ਵੀ ਧੀਆਂ-ਪੁੱਤਰਾਂ ਉੱਤੇ ਚੰਗਾ ਅਸਰ ਪੈ ਸਕਦਾ ਹੈ ਜਿਸ ਕਰਕੇ ਉਹ ਪ੍ਰਚਾਰ ਦੇ ਕੰਮ ਨੂੰ ਆਪਣਾ ਕੈਰੀਅਰ ਬਣਾ ਸਕਦੇ ਹਨ।

ਅੱਜ ਦੇ ਜੋਸ਼ੀਲੇ ਪ੍ਰਚਾਰਕ

6. ਪਹਿਲੀ ਸਦੀ ਦੇ ਪ੍ਰਚਾਰਕਾਂ ਨੂੰ ਕਿਹੜੀ ਸਫ਼ਲਤਾ ਮਿਲੀ ਸੀ?

6 ਸਾਡੇ ਜ਼ਮਾਨੇ ਅਤੇ ਅੰਤ ਦੇ ਸਮੇਂ ਬਾਰੇ ਭਵਿੱਖਬਾਣੀ ਕਰਦੇ ਵੇਲੇ ਯਿਸੂ ਨੇ ਕਿਹਾ ਸੀ: “ਜ਼ਰੂਰ ਹੈ ਜੋ ਪਹਿਲਾਂ ਸਾਰੀਆਂ ਕੌਮਾਂ ਦੇ ਅੱਗੇ ਖੁਸ਼ ਖਬਰੀ ਦਾ ਪਰਚਾਰ ਕੀਤਾ ਜਾਏ।” (ਮਰਕੁਸ 13:10) “ਸਾਰੀ ਦੁਨੀਆ ਵਿੱਚ” ਖ਼ੁਸ਼ ਖ਼ਬਰੀ ਦਾ ਪ੍ਰਚਾਰ ਹੋਣ ਤੋਂ ਬਾਅਦ ਅੰਤ ਆ ਜਾਵੇਗਾ। (ਮੱਤੀ 24:14) ਪਹਿਲੀ ਸਦੀ ਵਿਚ ਪੌਲੁਸ ਅਤੇ ਹੋਰਨਾਂ ਭੈਣ-ਭਰਾਵਾਂ ਦੁਆਰਾ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਨਾਲ ਬਹੁਤ ਸਾਰੇ ਲੋਕ ਵਿਸ਼ਵਾਸੀ ਬਣ ਗਏ ਅਤੇ ਪੂਰੇ ਰੋਮੀ ਸਾਮਰਾਜ ਵਿਚ ਬਹੁਤ ਸਾਰੀਆਂ ਥਾਵਾਂ ਤੇ ਕਲੀਸਿਯਾਵਾਂ ਸਥਾਪਿਤ ਕੀਤੀਆਂ ਗਈਆਂ। ਇਨ੍ਹਾਂ ਕਲੀਸਿਯਾਵਾਂ ਵਿਚ ਸੇਵਾ ਕਰਨ ਲਈ ਨਿਯੁਕਤ ਕੀਤੇ ਗਏ ਬਜ਼ੁਰਗਾਂ ਨੇ ਆਪਣੇ ਭੈਣ-ਭਰਾਵਾਂ ਨਾਲ ਮਿਲ ਕੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲਿਆ ਅਤੇ ਖ਼ੁਸ਼ ਖ਼ਬਰੀ ਨੂੰ ਦੂਰ-ਦੂਰ ਫੈਲਾਇਆ। ਉਨ੍ਹਾਂ ਦਿਨਾਂ ਵਿਚ ਯਹੋਵਾਹ ਦਾ ਬਚਨ ਵਧਦਾ ਤੇ ਪਰਬਲ ਹੁੰਦਾ ਗਿਆ। ਉਸੇ ਤਰ੍ਹਾਂ ਅੱਜ ਵੀ ਯਹੋਵਾਹ ਦੇ ਲੱਖਾਂ ਗਵਾਹ ਪ੍ਰਚਾਰ ਦਾ ਕੰਮ ਕਰ ਰਹੇ ਹਨ ਜਿਸ ਨਾਲ ਯਹੋਵਾਹ ਦਾ ਬਚਨ ਵਧ ਰਿਹਾ ਹੈ ਅਤੇ ਪਰਬਲ ਹੋ ਰਿਹਾ ਹੈ। (ਰਸੂਲਾਂ ਦੇ ਕਰਤੱਬ 19:20) ਕੀ ਤੁਸੀਂ ਵੀ ਉਨ੍ਹਾਂ ਵਿੱਚੋਂ ਹੋ ਜੋ ਖ਼ੁਸ਼ੀ ਨਾਲ ਯਹੋਵਾਹ ਦੀ ਉਸਤਤ ਕਰ ਰਹੇ ਹਨ?

7. ਅੱਜ ਰਾਜ ਦੇ ਪ੍ਰਚਾਰਕ ਕੀ ਕਰ ਰਹੇ ਹਨ?

7 ਅੱਜ ਰਾਜ ਦੇ ਬਹੁਤ ਸਾਰੇ ਪ੍ਰਚਾਰਕ ਖ਼ੁਸ਼ ਖ਼ਬਰੀ ਫੈਲਾਉਣ ਦੇ ਕੰਮ ਵਿਚ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਹਜ਼ਾਰਾਂ ਹੀ ਭੈਣ-ਭਰਾਵਾਂ ਨੇ ਮਿਸ਼ਨਰੀ ਸੇਵਾ ਨੂੰ ਅਪਣਾਇਆ ਹੈ ਅਤੇ ਲੱਖਾਂ ਹੀ ਨਿਯਮਿਤ ਤੇ ਸਹਿਯੋਗੀ ਪਾਇਨੀਅਰਾਂ ਵਜੋਂ ਸੇਵਾ ਕਰ ਰਹੇ ਹਨ। ਰਾਜ ਦੇ ਜੋਸ਼ੀਲੇ ਪ੍ਰਚਾਰਕਾਂ ਵਜੋਂ ਆਦਮੀ, ਤੀਵੀਆਂ ਅਤੇ ਬੱਚੇ ਵੀ ਬਹੁਤ ਵਧੀਆ ਕੰਮ ਕਰ ਰਹੇ ਹਨ! ਦਰਅਸਲ, ਯਹੋਵਾਹ ਦੇ ਸਾਰੇ ਲੋਕ ਇਕ ਮਨ ਹੋ ਕੇ ਪ੍ਰਚਾਰ ਕਰਦੇ ਹਨ ਅਤੇ ਯਹੋਵਾਹ ਦੀਆਂ ਭਰਪੂਰ ਬਰਕਤਾਂ ਦਾ ਆਨੰਦ ਮਾਣ ਰਹੇ ਹਨ।—ਸਫ਼ਨਯਾਹ 3:9.

8. ਅੱਜ ਨਿਸ਼ਾਨ ਲਾਉਣ ਦਾ ਕਿਹੜਾ ਕੰਮ ਹੋ ਰਿਹਾ ਹੈ ਅਤੇ ਇਹ ਕੰਮ ਕੌਣ ਕਰ ਰਹੇ ਹਨ?

8 ਪਰਮੇਸ਼ੁਰ ਨੇ ਸਾਰੀ ਧਰਤੀ ਉੱਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਯਿਸੂ ਦੇ ਮਸਹ ਕੀਤੇ ਹੋਏ ਚੇਲਿਆਂ ਨੂੰ ਦਿੱਤੀ ਹੈ। ਮਸੀਹ ਦੀਆਂ ‘ਹੋਰ ਭੇਡਾਂ’ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਉਹ ਇਸ ਕੰਮ ਵਿਚ ਮਸਹ ਕੀਤੇ ਹੋਏ ਮਸੀਹੀਆਂ ਦੀ ਮਦਦ ਕਰ ਰਹੀਆਂ ਹਨ। (ਯੂਹੰਨਾ 10:16) ਭਵਿੱਖਬਾਣੀ ਵਿਚ, ਜਾਨ ਬਚਾਉਣ ਦੇ ਇਸ ਕੰਮ ਦੀ ਤੁਲਨਾ ਉਨ੍ਹਾਂ ਲੋਕਾਂ ਦੇ ਮੱਥੇ ਉੱਤੇ ਨਿਸ਼ਾਨ ਲਾਉਣ ਦੇ ਕੰਮ ਨਾਲ ਕੀਤੀ ਗਈ ਹੈ ਜੋ ਇਸ ਵੇਲੇ ਹੋ ਰਹੀਆਂ ਘਿਣਾਉਣੀਆਂ ਗੱਲਾਂ ਦੇ ਕਾਰਨ ਆਹਾਂ ਭਰਦੇ ਤੇ ਰੋਂਦੇ ਹਨ। ਜਲਦੀ ਹੀ ਦੁਸ਼ਟ ਲੋਕ ਨਾਸ਼ ਕਰ ਦਿੱਤੇ ਜਾਣਗੇ। ਤਦ ਤਕ ਸਾਡੇ ਕੋਲ ਲੋਕਾਂ ਨੂੰ ਉਹ ਸੱਚਾਈਆਂ ਦੱਸਣ ਦਾ ਸੁਨਹਿਰਾ ਮੌਕਾ ਹੈ ਜਿਨ੍ਹਾਂ ਨਾਲ ਉਨ੍ਹਾਂ ਦੀ ਜਾਨ ਬਚ ਸਕਦੀ ਹੈ।—ਹਿਜ਼ਕੀਏਲ 9:4-6, 11.

9. ਨਵੇਂ ਪ੍ਰਚਾਰਕਾਂ ਦੀ ਮਦਦ ਕਿਵੇਂ ਕੀਤੀ ਜਾ ਸਕਦੀ ਹੈ?

9 ਜੇ ਅਸੀਂ ਕਾਫ਼ੀ ਚਿਰ ਤੋਂ ਖ਼ੁਸ਼ ਖ਼ਬਰੀ ਫੈਲਾਉਣ ਦੇ ਕੰਮ ਵਿਚ ਲੱਗੇ ਹੋਏ ਹਾਂ, ਤਾਂ ਅਸੀਂ ਕਲੀਸਿਯਾ ਵਿਚ ਨਵੇਂ ਪ੍ਰਕਾਸ਼ਕਾਂ ਦੀ ਮਦਦ ਲਈ ਕੁਝ ਕਰ ਸਕਦੇ ਹਾਂ। ਕਦੇ-ਕਦੇ ਅਸੀਂ ਉਨ੍ਹਾਂ ਨੂੰ ਆਪਣੇ ਨਾਲ ਪ੍ਰਚਾਰ ਕਰਨ ਲਈ ਲੈ ਕੇ ਜਾ ਸਕਦੇ ਹਾਂ। ਬਜ਼ੁਰਗਾਂ ਨੂੰ ਆਪਣੇ ਮਸੀਹੀ ਭੈਣ-ਭਰਾਵਾਂ ਦੀ ਨਿਹਚਾ ਮਜ਼ਬੂਤ ਕਰਨ ਲਈ ਆਪਣੀ ਪੂਰੀ ਵਾਹ ਲਾਉਣ ਦਾ ਉਤਸ਼ਾਹ ਦਿੱਤਾ ਜਾਂਦਾ ਹੈ। ਨਿਮਰ ਨਿਗਾਹਬਾਨਾਂ ਦੇ ਜਤਨਾਂ ਕਾਰਨ ਦੂਜਿਆਂ ਨੂੰ ਜੋਸ਼ੀਲੇ ਅਤੇ ਨਿਪੁੰਨ ਪ੍ਰਚਾਰਕ ਬਣਨ ਵਿਚ ਕਾਫ਼ੀ ਮਦਦ ਮਿਲ ਸਕਦੀ ਹੈ।—2 ਪਤਰਸ 1:5-8.

ਘਰ-ਘਰ ਗਵਾਹੀ ਦੇਣੀ

10. ਮਸੀਹ ਅਤੇ ਉਸ ਦੇ ਮੁਢਲੇ ਚੇਲਿਆਂ ਨੇ ਪ੍ਰਚਾਰ ਕਰਨ ਵਿਚ ਕਿਹੜੀ ਮਿਸਾਲ ਕਾਇਮ ਕੀਤੀ?

10 ਯਿਸੂ ਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਆਪਣੇ ਚੇਲਿਆਂ ਲਈ ਵਧੀਆ ਮਿਸਾਲ ਕਾਇਮ ਕੀਤੀ। ਮਸੀਹ ਅਤੇ ਉਸ ਦੇ ਰਸੂਲਾਂ ਦੀ ਸੇਵਕਾਈ ਬਾਰੇ ਪਰਮੇਸ਼ੁਰ ਦਾ ਬਚਨ ਦੱਸਦਾ ਹੈ: “ਉਹ ਨਗਰੋ ਨਗਰ ਅਤੇ ਪਿੰਡੋ ਪਿੰਡ ਫਿਰਦਾ ਹੋਇਆ ਪਰਚਾਰ ਕਰਦਾ ਅਤੇ ਪਰਮੇਸ਼ੁਰ ਦੇ ਰਾਜ ਦੀ ਖੁਸ਼ ਖਬਰੀ ਸੁਣਾਉਂਦਾ ਸੀ ਅਤੇ ਓਹ ਬਾਰਾਂ ਉਸ ਦੇ ਨਾਲ ਸਨ।” (ਲੂਕਾ 8:1) ਰਸੂਲਾਂ ਬਾਰੇ ਕੀ ਕਿਹਾ ਜਾ ਸਕਦਾ ਹੈ? ਪੰਤੇਕੁਸਤ 33 ਸਾ.ਯੁ. ਨੂੰ ਪਵਿੱਤਰ ਆਤਮਾ ਹਾਸਲ ਕਰਨ ਤੋਂ ਬਾਅਦ, “ਓਹ ਰੋਜ ਹੈਕਲ ਵਿੱਚ ਅਤੇ ਘਰੀਂ ਉਪਦੇਸ਼ ਕਰਨ ਅਰ ਇਹ ਖੁਸ਼ ਖਬਰੀ ਸੁਣਾਉਣ ਤੋਂ ਨਾ ਹਟੇ ਭਈ ਯਿਸੂ ਉਹੀ ਮਸੀਹ ਹੈ!”—ਰਸੂਲਾਂ ਦੇ ਕਰਤੱਬ 5:42.

11. ਰਸੂਲਾਂ ਦੇ ਕਰਤੱਬ 20:20, 21 ਦੇ ਅਨੁਸਾਰ ਪੌਲੁਸ ਰਸੂਲ ਨੇ ਸੇਵਕਾਈ ਵਿਚ ਕੀ ਕੁਝ ਕੀਤਾ ਸੀ?

11 ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਕਰਕੇ ਪੌਲੁਸ ਰਸੂਲ ਅਫ਼ਸੁਸ ਦੇ ਮਸੀਹੀ ਬਜ਼ੁਰਗਾਂ ਨੂੰ ਕਹਿ ਸਕਿਆ: “ਮੈਂ ਤੁਹਾਡੇ ਭਲੇ ਦੀ ਕੋਈ ਗੱਲ ਦੱਸਣ ਵਿੱਚ ਕੁਝ ਫਰਕ ਨਹੀਂ ਕੀਤਾ ਸਗੋਂ ਤੁਹਾਨੂੰ ਖੁਲ੍ਹ ਕੇ ਅਤੇ ਘਰ ਘਰ ਉਪਦੇਸ਼ ਦਿੱਤਾ।” ਪੌਲੁਸ ਜਦੋਂ “ਘਰ ਘਰ ਉਪਦੇਸ਼” ਦੇ ਰਿਹਾ ਸੀ, ਤਾਂ ਕੀ ਉਹ ਯਹੋਵਾਹ ਦੀ ਸੇਵਾ ਕਰਨ ਵਾਲੇ ਆਪਣੇ ਸੰਗੀ ਵਿਸ਼ਵਾਸੀਆਂ ਦੇ ਘਰਾਂ ਵਿਚ ਜਾ ਕੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰ ਰਿਹਾ ਸੀ? ਨਹੀਂ, ਕਿਉਂਕਿ ਅੱਗੇ ਉਹ ਸਮਝਾਉਂਦਾ ਹੈ: “ਮੈਂ ਯਹੂਦੀਆਂ ਅਤੇ ਯੂਨਾਨੀਆਂ ਦੇ ਸਾਹਮਣੇ ਸਾਖੀ ਦਿੱਤੀ ਕਿ ਪਰਮੇਸ਼ੁਰ ਦੇ ਅੱਗੇ ਤੋਬਾ ਕਰੋ ਅਰ ਸਾਡੇ ਪ੍ਰਭੁ ਯਿਸੂ ਮਸੀਹ ਉੱਤੇ ਨਿਹਚਾ ਕਰੋ।” (ਰਸੂਲਾਂ ਦੇ ਕਰਤੱਬ 20:20, 21) ਜੋ ਪਹਿਲਾਂ ਹੀ ਯਹੋਵਾਹ ਦੀ ਸੇਵਾ ਕਰ ਰਹੇ ਸਨ, ਉਨ੍ਹਾਂ ਨੂੰ ‘ਪਰਮੇਸ਼ੁਰ ਦੇ ਅੱਗੇ ਤੋਬਾ ਕਰਨ ਅਰ ਸਾਡੇ ਪ੍ਰਭੁ ਯਿਸੂ ਮਸੀਹ ਉੱਤੇ ਨਿਹਚਾ ਕਰਨ’ ਬਾਰੇ ਦੱਸਣ ਦੀ ਲੋੜ ਨਹੀਂ ਸੀ। ਪੌਲੁਸ ਨੇ ਅਫ਼ਸੁਸ ਦੇ ਮਸੀਹੀ ਬਜ਼ੁਰਗਾਂ ਨੂੰ ਘਰ-ਘਰ ਪ੍ਰਚਾਰ ਕਰਨ ਦੀ ਸਿਖਲਾਈ ਦਿੱਤੀ ਸੀ। ਜਦੋਂ ਉਹ ਘਰ-ਘਰ ਜਾ ਕੇ ਅਵਿਸ਼ਵਾਸੀਆਂ ਨੂੰ ਤੋਬਾ ਕਰਨ ਅਤੇ ਨਿਹਚਾ ਕਰਨ ਦੀ ਸਿੱਖਿਆ ਦਿੰਦਾ ਸੀ, ਤਾਂ ਉਹ ਇਨ੍ਹਾਂ ਬਜ਼ੁਰਗਾਂ ਨੂੰ ਆਪਣੇ ਨਾਲ ਲੈ ਜਾਂਦਾ ਸੀ। ਇਸ ਤਰ੍ਹਾਂ ਕਰਨ ਵਿਚ ਪੌਲੁਸ ਨੇ ਯਿਸੂ ਦੀ ਮਿਸਾਲ ਦੀ ਰੀਸ ਕੀਤੀ।

12, 13. ਫ਼ਿਲਿੱਪੀਆਂ 1:7 ਅਨੁਸਾਰ ਯਹੋਵਾਹ ਦੇ ਗਵਾਹਾਂ ਨੇ ਪ੍ਰਚਾਰ ਕਰਨ ਦੇ ਆਪਣੇ ਹੱਕ ਬਾਰੇ ਕੀ ਕੀਤਾ ਹੈ?

12 ਘਰ-ਘਰ ਗਵਾਹੀ ਦੇਣੀ ਸਾਡੇ ਲਈ ਚੁਣੌਤੀ ਬਣ ਸਕਦੀ ਹੈ। ਮਿਸਾਲ ਲਈ, ਜਦੋਂ ਅਸੀਂ ਲੋਕਾਂ ਨੂੰ ਬਾਈਬਲ ਦਾ ਸੰਦੇਸ਼ ਦੇਣ ਜਾਂਦੇ ਹਾਂ, ਤਾਂ ਕੁਝ ਲੋਕ ਸਾਨੂੰ ਗੁੱਸੇ ਹੁੰਦੇ ਹਨ। ਪਰ ਅਸੀਂ ਉਨ੍ਹਾਂ ਨੂੰ ਗੁੱਸਾ ਚੜ੍ਹਾਉਣ ਦੇ ਮਕਸਦ ਨਾਲ ਉਨ੍ਹਾਂ ਕੋਲ ਨਹੀਂ ਜਾਂਦੇ। ਘਰ-ਘਰ ਗਵਾਹੀ ਦੇਣ ਦਾ ਕੰਮ ਸਾਨੂੰ ਪਰਮੇਸ਼ੁਰ ਨੇ ਦਿੱਤਾ ਹੈ ਅਤੇ ਪਰਮੇਸ਼ੁਰ ਤੇ ਗੁਆਂਢੀ ਲਈ ਪਿਆਰ ਸਾਨੂੰ ਇਸ ਤਰੀਕੇ ਨਾਲ ਗਵਾਹੀ ਦੇਣ ਲਈ ਪ੍ਰੇਰਿਤ ਕਰਦਾ ਹੈ। (ਮਰਕੁਸ 12:28-31) ਘਰ-ਘਰ ਜਾ ਕੇ ਪ੍ਰਚਾਰ ਕਰਨ ਦੇ ਆਪਣੇ ਹੱਕ ਦੀ ‘ਰਖਿਆ ਕਰਨ ਅਤੇ ਸਬੂਤ’ ਦੇਣ ਲਈ ਅਸੀਂ ਅਦਾਲਤਾਂ ਵਿਚ, ਇੱਥੋਂ ਤਕ ਕਿ ਅਮਰੀਕਾ ਦੀ ਸੁਪਰੀਮ ਕੋਰਟ ਵਿਚ ਵੀ ਮੁਕੱਦਮੇ ਦਾਇਰ ਕੀਤੇ ਹਨ। (ਫ਼ਿਲਿੱਪੀਆਂ 1:7, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜ਼ਿਆਦਾਤਰ ਮਾਮਲਿਆਂ ਵਿਚ ਇਸ ਅਦਾਲਤ ਨੇ ਸਾਡੇ ਪੱਖ ਵਿਚ ਫ਼ੈਸਲਾ ਕੀਤਾ ਹੈ। ਇਕ ਅਦਾਲਤੀ ਫ਼ੈਸਲਾ ਇਹ ਹੈ:

13 “ਘਰ-ਘਰ ਜਾ ਕੇ ਲੋਕਾਂ ਨੂੰ ਧਾਰਮਿਕ ਸਾਹਿੱਤ ਵੰਡਣ ਦਾ ਕੰਮ ਉਦੋਂ ਤੋਂ ਹੀ ਚੱਲਦਾ ਆਇਆ ਹੈ ਜਦੋਂ ਤੋਂ ਛਪਾਈ ਮਸ਼ੀਨ ਹੋਂਦ ਵਿਚ ਆਈ ਹੈ। ਸਾਲਾਂ ਤੋਂ ਵੱਖੋ-ਵੱਖਰੇ ਧਰਮਾਂ ਦੇ ਲੋਕ ਇਹੀ ਤਰੀਕਾ ਵਰਤਦੇ ਆ ਰਹੇ ਹਨ। ਅੱਜ ਵੀ ਵੱਖੋ-ਵੱਖਰੇ ਧਾਰਮਿਕ ਪੰਥ ਵੱਡੇ ਪੈਮਾਨੇ ਤੇ ਇਹੀ ਤਰੀਕਾ ਵਰਤਦੇ ਹਨ। ਇਨ੍ਹਾਂ ਪੰਥਾਂ ਦੇ ਪ੍ਰਚਾਰਕ ਹਜ਼ਾਰਾਂ ਹੀ ਘਰਾਂ ਵਿਚ ਜਾ ਕੇ ਇੰਜੀਲ ਦਾ ਪ੍ਰਚਾਰ ਕਰਦੇ ਹਨ ਅਤੇ ਲੋਕਾਂ ਨੂੰ ਚੇਲੇ ਬਣਾਉਣ ਲਈ ਖ਼ੁਦ ਉਨ੍ਹਾਂ ਨੂੰ ਮਿਲਣ ਜਾਂਦੇ ਹਨ। . . . [ਅਮਰੀਕਾ ਦੇ ਸੰਵਿਧਾਨ ਵਿਚ] ਪਹਿਲੀ ਸੋਧ ਅਨੁਸਾਰ ਇਸ ਤਰੀਕੇ ਨਾਲ ਕੀਤੇ ਜਾਂਦੇ ਧਾਰਮਿਕ ਪ੍ਰਚਾਰ ਨੂੰ ਉਹੀ ਦਰਜਾ ਦਿੱਤਾ ਜਾਂਦਾ ਹੈ ਜੋ ਗਿਰਜਿਆਂ ਵਿਚ ਭਗਤੀ ਕਰਨ ਅਤੇ ਉਪਦੇਸ਼-ਮੰਚ ਤੋਂ ਪ੍ਰਚਾਰ ਕਰਨ ਨੂੰ ਦਿੱਤਾ ਗਿਆ ਹੈ।”—ਮਰਡਕ ਬਨਾਮ ਪੈਨਸਿਲਵੇਨੀਆ, 1943.

ਪ੍ਰਚਾਰ ਕਿਉਂ ਕਰਦੇ ਰਹੀਏ?

14. ਅਖ਼ੀਰ ਵਿਚ ਸਾਡੀ ਸੇਵਕਾਈ ਦਾ ਕੀ ਨਤੀਜਾ ਨਿਕਲ ਸਕਦਾ ਹੈ?

14 ਘਰ-ਘਰ ਜਾ ਕੇ ਪ੍ਰਚਾਰ ਕਰਨ ਦੇ ਕਈ ਕਾਰਨ ਹਨ। ਜਦੋਂ ਵੀ ਅਸੀਂ ਕਿਸੇ ਨੂੰ ਮਿਲਦੇ ਹਾਂ, ਤਾਂ ਅਸੀਂ ਉਸ ਅੰਦਰ ਬਾਈਬਲ ਦੀ ਸੱਚਾਈ ਦਾ ਬੀ ਬੀਜਣ ਦੀ ਕੋਸ਼ਿਸ਼ ਕਰਦੇ ਹਾਂ। ਉਨ੍ਹਾਂ ਨੂੰ ਵਾਰ-ਵਾਰ ਮਿਲਣ ਜਾਣ ਨਾਲ ਅਸੀਂ ਉਸ ਬੀ ਨੂੰ ਲਗਾਤਾਰ ਪਾਣੀ ਦਿੰਦੇ ਹਾਂ। ਅਖ਼ੀਰ ਵਿਚ ਸਾਡੀ ਮਿਹਨਤ ਦਾ ਚੰਗਾ ਨਤੀਜਾ ਨਿਕਲ ਸਕਦਾ ਹੈ ਕਿਉਂਕਿ ਪੌਲੁਸ ਨੇ ਲਿਖਿਆ ਸੀ: “ਮੈਂ ਤਾਂ ਬੂਟਾ ਲਾਇਆ ਅਤੇ ਅਪੁੱਲੋਸ ਨੇ ਸਿੰਜਿਆ ਪਰ ਪਰਮੇਸ਼ੁਰ ਨੇ ਵਧਾਇਆ।” (1 ਕੁਰਿੰਥੀਆਂ 3:6) ਇਸ ਲਈ ਆਓ ਆਪਾਂ ਇਸ ਭਰੋਸੇ ਨਾਲ ‘ਬੂਟਾ ਲਾ ਕੇ ਇਸ ਨੂੰ ਸਿੰਜਦੇ’ ਰਹੀਏ ਕਿ ਯਹੋਵਾਹ ‘ਇਸ ਨੂੰ ਵਧਾਵੇਗਾ।’

15, 16. ਅਸੀਂ ਲੋਕਾਂ ਨੂੰ ਵਾਰ-ਵਾਰ ਮਿਲਣ ਕਿਉਂ ਜਾਂਦੇ ਹਾਂ?

15 ਅਸੀਂ ਖ਼ੁਸ਼ ਖ਼ਬਰੀ ਫੈਲਾਉਣ ਦਾ ਕੰਮ ਇਸ ਲਈ ਕਰਦੇ ਹਾਂ ਕਿਉਂਕਿ ਲੋਕਾਂ ਦੀਆਂ ਜਾਨਾਂ ਖ਼ਤਰੇ ਵਿਚ ਹਨ। ਪ੍ਰਚਾਰ ਕਰਨ ਨਾਲ ਅਸੀਂ ਆਪਣੀ ਅਤੇ ਆਪਣੇ ਸੁਣਨ ਵਾਲਿਆਂ ਦੀ ਜਾਨ ਬਚਾ ਸਕਦੇ ਹਾਂ। (1 ਤਿਮੋਥਿਉਸ 4:16) ਜੇ ਅਸੀਂ ਜਾਣਦੇ ਹਾਂ ਕਿ ਕਿਸੇ ਵਿਅਕਤੀ ਦੀ ਜਾਨ ਖ਼ਤਰੇ ਵਿਚ ਹੈ, ਤਾਂ ਕੀ ਅਸੀਂ ਉਸ ਦੀ ਮਦਦ ਕਰਨ ਲਈ ਮਾਮੂਲੀ ਜਿਹੀ ਕੋਸ਼ਿਸ਼ ਕਰਾਂਗੇ? ਬਿਲਕੁਲ ਨਹੀਂ! ਲੋਕਾਂ ਦੀ ਮੁਕਤੀ ਦਾ ਸਵਾਲ ਹੋਣ ਕਰਕੇ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਵਾਰ-ਵਾਰ ਮਿਲਣ ਜਾਂਦੇ ਹਾਂ। ਲੋਕਾਂ ਦੇ ਹਾਲਾਤ ਬਦਲਦੇ ਰਹਿੰਦੇ ਹਨ। ਇਸ ਲਈ, ਜੇ ਪਿਛਲੀ ਵਾਰ ਕਿਸੇ ਕੋਲ ਸਾਡੀ ਗੱਲ ਸੁਣਨ ਦਾ ਵਿਹਲ ਨਹੀਂ ਸੀ, ਤਾਂ ਹੋ ਸਕਦਾ ਕਿ ਉਹ ਕਿਸੇ ਹੋਰ ਮੌਕੇ ਤੇ ਬਾਈਬਲ ਦਾ ਸੰਦੇਸ਼ ਸੁਣਨ ਲਈ ਤਿਆਰ ਹੋ ਜਾਵੇ। ਹੋ ਸਕਦਾ ਕਿ ਅਗਲੀ ਵਾਰ ਪਰਿਵਾਰ ਦਾ ਕੋਈ ਹੋਰ ਮੈਂਬਰ ਸਾਡੀ ਗੱਲ ਸੁਣੇ ਜਿਸ ਨਾਲ ਬਾਈਬਲ ਬਾਰੇ ਗੱਲਬਾਤ ਸ਼ੁਰੂ ਹੋ ਸਕਦੀ ਹੈ।

16 ਲੋਕਾਂ ਦੇ ਹਾਲਾਤਾਂ ਦੇ ਨਾਲ-ਨਾਲ ਉਨ੍ਹਾਂ ਦਾ ਰਵੱਈਆ ਵੀ ਬਦਲ ਸਕਦਾ ਹੈ। ਮਿਸਾਲ ਲਈ, ਕਿਸੇ ਅਜ਼ੀਜ਼ ਦੀ ਮੌਤ ਦਾ ਗਮ ਕਿਸੇ ਵਿਅਕਤੀ ਨੂੰ ਰਾਜ ਦਾ ਸੰਦੇਸ਼ ਸੁਣਨ ਲਈ ਪ੍ਰੇਰਿਤ ਕਰ ਸਕਦਾ ਹੈ। ਅਸੀਂ ਉਸ ਵਿਅਕਤੀ ਨੂੰ ਦਿਲਾਸਾ ਦੇਣ, ਉਸ ਨੂੰ ਉਸ ਦੀ “ਆਤਮਕ ਲੋੜ” ਪ੍ਰਤੀ ਸੁਚੇਤ ਕਰਨ ਅਤੇ ਇਹ ਲੋੜ ਪੂਰੀ ਕਰਨ ਵਿਚ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ।—ਮੱਤੀ 5:3, 4, ਨਵਾਂ ਅਨੁਵਾਦ।

17. ਸਾਡੇ ਪ੍ਰਚਾਰ ਕਰਨ ਦਾ ਮੁੱਖ ਕਾਰਨ ਕੀ ਹੈ?

17 ਘਰ-ਘਰ ਜਾਂ ਹੋਰ ਤਰੀਕਿਆਂ ਨਾਲ ਗਵਾਹੀ ਦੇਣ ਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਯਹੋਵਾਹ ਦੇ ਨਾਂ ਦਾ ਐਲਾਨ ਕਰਨ ਵਿਚ ਹਿੱਸਾ ਲੈਣਾ ਚਾਹੁੰਦੇ ਹਾਂ। (ਕੂਚ 9:16; ਜ਼ਬੂਰਾਂ ਦੀ ਪੋਥੀ 83:18) ਸਾਨੂੰ ਉਦੋਂ ਕਿੰਨੀ ਖ਼ੁਸ਼ੀ ਹੁੰਦੀ ਹੈ ਜਦੋਂ ਖ਼ੁਸ਼ ਖ਼ਬਰੀ ਸੁਣ ਕੇ ਸੱਚਾਈ ਅਤੇ ਧਾਰਮਿਕਤਾ ਦੇ ਪ੍ਰੇਮੀ ਯਹੋਵਾਹ ਦੀ ਉਸਤਤ ਕਰਨ ਲੱਗਦੇ ਹਨ! ਜ਼ਬੂਰਾਂ ਦੇ ਲਿਖਾਰੀ ਨੇ ਗਾਇਆ ਸੀ: “ਗਭਰੂ ਤੇ ਕੁਆਰੀਆਂ, ਬੁੱਢੇ ਤੇ ਜੁਆਨ, ਏਹ ਯਹੋਵਾਹ ਦੇ ਨਾਮ ਦੀ ਉਸਤਤ ਕਰਨ! ਕਿਉਂ ਜੋ ਇਕੱਲਾ ਉਸੇ ਦਾ ਨਾਮ ਮਹਾਨ ਹੈ, ਉਹ ਦਾ ਤੇਜ ਧਰਤੀ ਤੇ ਅਕਾਸ਼ ਦੇ ਉੱਪਰ ਹੈ।”—ਜ਼ਬੂਰਾਂ ਦੀ ਪੋਥੀ 148:12, 13.

ਖ਼ੁਸ਼ੀ ਖ਼ਬਰੀ ਦਾ ਪ੍ਰਚਾਰ ਕਰਨ ਨਾਲ ਸਾਨੂੰ ਫ਼ਾਇਦਾ ਹੁੰਦਾ ਹੈ

18. ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਨਾਲ ਸਾਨੂੰ ਕੀ ਫ਼ਾਇਦੇ ਹੁੰਦੇ ਹਨ?

18 ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਨਾਲ ਸਾਨੂੰ ਵੱਖ-ਵੱਖ ਤਰੀਕਿਆਂ ਨਾਲ ਫ਼ਾਇਦੇ ਹੁੰਦੇ ਹਨ। ਘਰ-ਘਰ ਜਾ ਕੇ ਖ਼ੁਸ਼ ਖ਼ਬਰੀ ਸੁਣਾਉਣ ਨਾਲ ਸਾਡੇ ਵਿਚ ਨਿਮਰਤਾ ਦਾ ਗੁਣ ਪੈਦਾ ਹੁੰਦਾ ਹੈ, ਖ਼ਾਸਕਰ ਉਦੋਂ ਜਦੋਂ ਲੋਕ ਸਾਡੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੇ। ਨਿਪੁੰਨ ਪ੍ਰਚਾਰਕ ਬਣਨ ਲਈ ਸਾਨੂੰ ਪੌਲੁਸ ਦੀ ਰੀਸ ਕਰਨੀ ਚਾਹੀਦੀ ਹੈ ਜੋ ‘ਸਭਨਾਂ ਲਈ ਸਭ ਕੁਝ ਬਣਿਆ ਤਾਂ ਜੋ ਉਹ ਹਰ ਤਰਾਂ ਨਾਲ ਕਈਆਂ ਨੂੰ ਬਚਾ ਸਕੇ।’ (1 ਕੁਰਿੰਥੀਆਂ 9:19-23) ਸੇਵਕਾਈ ਵਿਚ ਤਜਰਬੇਕਾਰ ਹੋਣ ਨਾਲ ਸਾਨੂੰ ਸਮਝਦਾਰੀ ਨਾਲ ਗੱਲ ਕਰਨ ਵਿਚ ਮਦਦ ਮਿਲਦੀ ਹੈ। ਯਹੋਵਾਹ ਉੱਤੇ ਭਰੋਸਾ ਰੱਖਣ ਅਤੇ ਸੋਹਣੇ ਸ਼ਬਦ ਚੁਣਨ ਦੁਆਰਾ ਅਸੀਂ ਪੌਲੁਸ ਦੀ ਇਸ ਸਲਾਹ ਉੱਤੇ ਚੱਲ ਸਕਦੇ ਹਾਂ: “ਤੁਹਾਡੀ ਗੱਲ ਬਾਤ ਸਦਾ ਕਿਰਪਾਮਈ ਅਤੇ ਸਲੂਣੀ ਹੋਵੇ ਤਾਂ ਜੋ ਤੁਸੀਂ ਜਾਣੋ ਭਈ ਹਰੇਕ ਨੂੰ ਕਿਵੇਂ ਉੱਤਰ ਦੇਣਾ ਚਾਹੀਦਾ ਹੈ।”—ਕੁਲੁੱਸੀਆਂ 4:6.

19. ਪਵਿੱਤਰ ਆਤਮਾ ਪ੍ਰਚਾਰ ਦੇ ਕੰਮ ਵਿਚ ਸਾਡੀ ਕਿਵੇਂ ਮਦਦ ਕਰਦੀ ਹੈ?

19 ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵੇਲੇ ਅਸੀਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਉੱਤੇ ਭਰੋਸਾ ਰੱਖਣਾ ਵੀ ਸਿੱਖਦੇ ਹਾਂ। (ਜ਼ਕਰਯਾਹ 4:6) ਨਤੀਜੇ ਵਜੋਂ, ਅਸੀਂ ਸੇਵਕਾਈ ਵਿਚ ਆਤਮਾ ਦੇ ਫਲ—ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਸੰਜਮ—ਜ਼ਾਹਰ ਕਰਦੇ ਹਾਂ। (ਗਲਾਤੀਆਂ 5:22, 23) ਅਸੀਂ ਖ਼ੁਸ਼ ਖ਼ਬਰੀ ਦਾ ਐਲਾਨ ਕਰਦਿਆਂ ਲੋਕਾਂ ਨਾਲ ਚੰਗੀ ਤਰ੍ਹਾਂ ਨਾਲ ਪੇਸ਼ ਆਉਂਦੇ ਹਾਂ ਕਿਉਂਕਿ ਪਵਿੱਤਰ ਆਤਮਾ ਦੀ ਸੇਧ ਵਿਚ ਚੱਲਣ ਨਾਲ ਸਾਨੂੰ ਪਿਆਰ ਕਰਨ, ਖ਼ੁਸ਼ ਰਹਿਣ ਅਤੇ ਸ਼ਾਂਤੀ ਬਣਾਉਣ, ਧੀਰਜ ਰੱਖਣ ਤੇ ਦਿਆਲੂ ਬਣਨ, ਭਲਿਆਈ ਅਤੇ ਨਿਹਚਾ ਕਰਨ ਅਤੇ ਨਿਮਰਤਾ ਤੇ ਸੰਜਮ ਵਰਗੇ ਗੁਣ ਪ੍ਰਗਟ ਕਰਨ ਵਿਚ ਮਦਦ ਮਿਲਦੀ ਹੈ।

20, 21. ਪ੍ਰਚਾਰ ਦੇ ਕੰਮ ਵਿਚ ਰੁੱਝੇ ਰਹਿਣ ਨਾਲ ਸਾਨੂੰ ਕਿਹੜੇ ਕੁਝ ਫ਼ਾਇਦੇ ਹੋਣਗੇ?

20 ਪ੍ਰਚਾਰ ਕਰਨ ਨਾਲ ਸਾਨੂੰ ਇਕ ਹੋਰ ਬਰਕਤ ਇਹ ਮਿਲਦੀ ਹੈ ਕਿ ਅਸੀਂ ਪਹਿਲਾਂ ਨਾਲੋਂ ਜ਼ਿਆਦਾ ਹਮਦਰਦ ਬਣਦੇ ਹਾਂ। ਜਦੋਂ ਲੋਕ ਸਾਡੇ ਨਾਲ ਬੀਮਾਰੀ, ਬੇਰੋਜ਼ਗਾਰੀ ਤੇ ਘਰੇਲੂ ਲੜਾਈ-ਝਗੜੇ ਵਰਗੀਆਂ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰਦੇ ਹਨ, ਤਾਂ ਅਸੀਂ ਉਨ੍ਹਾਂ ਨੂੰ ਆਪਣੀ ਸਲਾਹ ਦੇਣ ਦੀ ਬਜਾਇ ਬਾਈਬਲ ਵਿੱਚੋਂ ਦਿਲਾਸਾ ਤੇ ਹੌਸਲਾ ਦਿੰਦੇ ਹਾਂ। ਅਸੀਂ ਉਨ੍ਹਾਂ ਲੋਕਾਂ ਬਾਰੇ ਫ਼ਿਕਰਮੰਦ ਹਾਂ ਜੋ ਅਧਿਆਤਮਿਕ ਤੌਰ ਤੇ ਅੰਨ੍ਹੇ ਕੀਤੇ ਗਏ ਹਨ, ਪਰ ਜੋ ਧਾਰਮਿਕਤਾ ਨੂੰ ਪਿਆਰ ਕਰਦੇ ਹਨ। (2 ਕੁਰਿੰਥੀਆਂ 4:4) ਇਨ੍ਹਾਂ ਨੇਕਦਿਲ ਲੋਕਾਂ ਨੂੰ ਪਰਮੇਸ਼ੁਰ ਬਾਰੇ ਸਿਖਾਉਣਾ ਸਾਡੇ ਲਈ ਕਿੰਨਾ ਵੱਡਾ ਸਨਮਾਨ ਹੈ!

21 ਖ਼ੁਸ਼ ਖ਼ਬਰੀ ਫੈਲਾਉਣ ਦੇ ਕੰਮ ਵਿਚ ਬਾਕਾਇਦਾ ਹਿੱਸਾ ਲੈਣ ਨਾਲ ਸਾਨੂੰ ਪਰਮੇਸ਼ੁਰ ਦੀਆਂ ਗੱਲਾਂ ਵੱਲ ਧਿਆਨ ਲਾਈ ਰੱਖਣ ਵਿਚ ਮਦਦ ਮਿਲਦੀ ਹੈ। (ਲੂਕਾ 11:34) ਇਸ ਤਰ੍ਹਾਂ ਕਰਨ ਨਾਲ ਅਸੀਂ ਦੁਨੀਆਂ ਵਾਂਗ ਭੌਤਿਕ ਚੀਜ਼ਾਂ ਦੇ ਲਾਲਚ ਵਿਚ ਨਹੀਂ ਆਵਾਂਗੇ। ਯੂਹੰਨਾ ਰਸੂਲ ਨੇ ਮਸੀਹੀਆਂ ਨੂੰ ਕਿਹਾ ਸੀ: “ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਨ੍ਹਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ। ਜੇ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਹ ਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ। ਕਿਉਂਕਿ ਸੱਭੋ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਮਾਨ ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ। ਅਤੇ ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” (1 ਯੂਹੰਨਾ 2:15-17) ਪ੍ਰਭੂ ਦੇ ਕੰਮ ਵਿਚ ਰੁੱਝੇ ਰਹਿਣ ਨਾਲ ਅਸੀਂ ਸੰਸਾਰ ਨਾਲ ਮੋਹ ਰੱਖਣ ਤੋਂ ਬਚੇ ਰਹਾਂਗੇ।—1 ਕੁਰਿੰਥੀਆਂ 15:58.

ਸਵਰਗ ਵਿਚ ਧਨ ਜੋੜੋ

22, 23. (ੳ) ਮਸੀਹੀ ਪ੍ਰਚਾਰਕਾਂ ਨੇ ਕਿਹੜਾ ਧਨ ਜੋੜਿਆ ਹੈ? (ਅ) ਅਗਲਾ ਲੇਖ ਕੀ ਦੇਖਣ ਵਿਚ ਸਾਡੀ ਮਦਦ ਕਰੇਗਾ?

22 ਜੋਸ਼ ਨਾਲ ਰਾਜ ਦਾ ਪ੍ਰਚਾਰ ਕਰਦੇ ਰਹਿਣ ਨਾਲ ਸਾਨੂੰ ਹਮੇਸ਼ਾ ਲਈ ਫ਼ਾਇਦੇ ਹੋਣਗੇ। ਯਿਸੂ ਨੇ ਇਸ ਬਾਰੇ ਕਿਹਾ ਸੀ: “ਆਪਣੇ ਲਈ ਧਰਤੀ ਉੱਤੇ ਧਨ ਨਾ ਜੋੜੋ ਜਿੱਥੇ ਕੀੜਾ ਅਤੇ ਜੰਗਾਲ ਵਿਗਾੜਦਾ ਹੈ ਅਰ ਜਿੱਥੇ ਚੋਰ ਸੰਨ੍ਹ ਮਾਰਦੇ ਅਤੇ ਚੁਰਾਉਂਦੇ ਹਨ। ਪਰ ਸੁਰਗ ਵਿੱਚ ਆਪਣੇ ਲਈ ਧਨ ਜੋੜੋ ਜਿੱਥੇ ਨਾ ਕੀੜਾ ਨਾ ਜੰਗਾਲ ਵਿਗਾੜਦਾ ਹੈ ਅਰ ਜਿੱਥੇ ਚੋਰ ਨਾ ਸੰਨ੍ਹ ਮਾਰਦੇ ਨਾ ਚੁਰਾਉਂਦੇ ਹਨ। ਕਿਉਂਕਿ ਜਿੱਥੇ ਤੇਰਾ ਧਨ ਹੈ ਉੱਥੇ ਤੇਰਾ ਮਨ ਵੀ ਹੋਵੇਗਾ।”—ਮੱਤੀ 6:19-21.

23 ਆਓ ਆਪਾਂ ਸਵਰਗ ਵਿਚ ਧਨ ਜੋੜਦੇ ਰਹੀਏ ਅਤੇ ਇਸ ਗੱਲ ਨੂੰ ਧਿਆਨ ਵਿਚ ਰੱਖੀਏ ਕਿ ਸਰਬਸ਼ਕਤੀਮਾਨ ਯਹੋਵਾਹ ਦੇ ਗਵਾਹਾਂ ਦੇ ਤੌਰ ਤੇ ਆਪਣੀ ਪਛਾਣ ਕਰਾਉਣ ਨਾਲੋਂ ਵੱਡਾ ਸਨਮਾਨ ਸਾਡੇ ਲਈ ਹੋਰ ਕੋਈ ਨਹੀਂ ਹੈ। (ਯਸਾਯਾਹ 43:10-12) ਪਰਮੇਸ਼ੁਰ ਦੇ ਸੇਵਕਾਂ ਦੇ ਤੌਰ ਤੇ ਪ੍ਰਚਾਰ ਦਾ ਕੰਮ ਕਰਦਿਆਂ ਅਸੀਂ ਵੀ ਸ਼ਾਇਦ 90 ਸਾਲਾਂ ਤੋਂ ਵੱਧ ਉਮਰ ਦੀ ਇਸ ਭੈਣ ਵਾਂਗ ਮਹਿਸੂਸ ਕਰੀਏ ਜਿਸ ਨੇ ਪਰਮੇਸ਼ੁਰ ਦੀ ਸੇਵਾ ਵਿਚ ਬਿਤਾਈ ਆਪਣੀ ਲੰਬੀ ਜ਼ਿੰਦਗੀ ਬਾਰੇ ਕਿਹਾ: “ਮੈਂ ਯਹੋਵਾਹ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਸ ਨੇ ਮੇਰੀਆਂ ਕਮਜ਼ੋਰੀਆਂ ਦੇ ਬਾਵਜੂਦ ਇੰਨੇ ਸਾਲਾਂ ਤਕ ਮੈਨੂੰ ਆਪਣੀ ਸੇਵਾ ਕਰਨ ਦਿੱਤੀ। ਮੇਰੀ ਇਹੋ ਦਿਲੀ ਪ੍ਰਾਰਥਨਾ ਹੈ ਕਿ ਉਹ ਹਮੇਸ਼ਾ ਲਈ ਮੇਰਾ ਪਿਤਾ ਰਹੇ।” ਇਸੇ ਤਰ੍ਹਾਂ ਜੇ ਅਸੀਂ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਦੀ ਕਦਰ ਕਰਦੇ ਹਾਂ, ਤਾਂ ਅਸੀਂ ਯਕੀਨਨ ਪ੍ਰਚਾਰ ਦਾ ਕੰਮ ਚੰਗੀ ਤਰ੍ਹਾਂ ਕਰਨਾ ਚਾਹਾਂਗੇ। ਅਗਲਾ ਲੇਖ ਸਾਡੀ ਇਹ ਦੇਖਣ ਵਿਚ ਮਦਦ ਕਰੇਗਾ ਕਿ ਅਸੀਂ ਆਪਣੀ ਸੇਵਕਾਈ ਨੂੰ ਪੂਰਿਆਂ ਕਿਵੇਂ ਕਰ ਸਕਦੇ ਹਾਂ।

ਤੁਸੀਂ ਕਿਵੇਂ ਜਵਾਬ ਦਿਓਗੇ?

• ਸਾਨੂੰ ਪ੍ਰਚਾਰ ਦਾ ਕੰਮ ਕਿਉਂ ਕਰਨਾ ਚਾਹੀਦਾ ਹੈ?

• ਪੁਰਾਣੇ ਸਮੇਂ ਦੇ ਅਤੇ ਅੱਜ ਦੇ ਪ੍ਰਚਾਰਕਾਂ ਦੇ ਕੰਮ ਬਾਰੇ ਤੁਸੀਂ ਕੀ ਕਹਿ ਸਕਦੇ ਹੋ?

• ਅਸੀਂ ਘਰ-ਘਰ ਜਾ ਕੇ ਗਵਾਹੀ ਕਿਉਂ ਦਿੰਦੇ ਹਾਂ?

• ਪ੍ਰਚਾਰ ਦਾ ਕੰਮ ਕਰਨ ਨਾਲ ਤੁਹਾਨੂੰ ਖ਼ੁਦ ਨੂੰ ਕਿਵੇਂ ਫ਼ਾਇਦਾ ਹੁੰਦਾ ਹੈ?

[ਸਵਾਲ]

[ਸਫ਼ੇ 10 ਉੱਤੇ ਤਸਵੀਰ]

ਅੱਜ ਦੇ ਪ੍ਰਚਾਰਕ ਵੀ ਫਿਲਿੱਪੁਸ ਤੇ ਉਸ ਦੀਆਂ ਧੀਆਂ ਵਾਂਗ ਖ਼ੁਸ਼ੀ ਨਾਲ ਪ੍ਰਚਾਰ ਕਰਦੇ ਹਨ

[ਸਫ਼ੇ 14 ਉੱਤੇ ਤਸਵੀਰ]

ਦੂਜਿਆਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਨ ਨਾਲ ਤੁਹਾਨੂੰ ਖ਼ੁਦ ਨੂੰ ਕੀ ਫ਼ਾਇਦਾ ਹੁੰਦਾ ਹੈ?