ਪੁਰਾਣੇ ਖੇਡ-ਮੁਕਾਬਲਿਆਂ ਵਿਚ ਜਿੱਤਣਾ ਹੀ ਸਭ ਕੁਝ ਸੀ
ਪੁਰਾਣੇ ਖੇਡ-ਮੁਕਾਬਲਿਆਂ ਵਿਚ ਜਿੱਤਣਾ ਹੀ ਸਭ ਕੁਝ ਸੀ
“ਹਰੇਕ ਪਹਿਲਵਾਨ ਸਭਨੀਂ ਗੱਲੀਂ ਸੰਜਮੀ ਹੁੰਦਾ ਹੈ।” “ਜੇ ਕੋਈ ਅਖਾੜੇ ਵਿੱਚ ਖੇਡੇ ਤਾਂ ਜਦੋਂ ਤੀਕ ਉਹ ਕਾਇਦੇ ਮੂਜਬ ਨਾ ਖੇਡੇ ਉਹ ਨੂੰ ਮੁਕਟ ਨਹੀਂ ਮਿਲਦਾ।”—1 ਕੁਰਿੰਥੀਆਂ 9:25; 2 ਤਿਮੋਥਿਉਸ 2:5.
ਇਨ੍ਹਾਂ ਹਵਾਲਿਆਂ ਵਿਚ ਪੌਲੁਸ ਯੂਨਾਨ ਦੀਆਂ ਮਸ਼ਹੂਰ ਖੇਡਾਂ ਦਾ ਜ਼ਿਕਰ ਕਰ ਰਿਹਾ ਸੀ। ਸਾਨੂੰ ਇਤਿਹਾਸ ਤੋਂ ਉਨ੍ਹਾਂ ਖੇਡ-ਮੁਕਾਬਲਿਆਂ ਬਾਰੇ ਕੀ ਪਤਾ ਲੱਗਦਾ ਹੈ? ਉਹ ਖੇਡਾਂ ਕਿਹੋ-ਜਿਹੇ ਮਾਹੌਲ ਵਿਚ ਖੇਡੀਆਂ ਜਾਂਦੀਆਂ ਸਨ?
ਹਾਲ ਹੀ ਦੇ ਸਮੇਂ ਵਿਚ ਰੋਮ ਸ਼ਹਿਰ ਦੇ ਕਲੋਸੀਅਮ ਵਿਚ ਯੂਨਾਨੀ ਖੇਡਾਂ ਬਾਰੇ “ਨਾਈਕੀ—ਖੇਡ ਤੇ ਜਿੱਤ” ਨਾਮਕ ਪ੍ਰਦਰਸ਼ਨੀ ਕੀਤੀ ਗਈ ਸੀ। * ਇਸ ਵਿਚ ਕਈ ਵਸਤੂਆਂ ਪੇਸ਼ ਕੀਤੀਆਂ ਗਈਆਂ ਸਨ ਜਿਨ੍ਹਾਂ ਤੋਂ ਖੇਡਾਂ ਬਾਰੇ ਬਹੁਤ ਕੁਝ ਪਤਾ ਲੱਗਾ ਅਤੇ ਕਈ ਸਵਾਲ ਵੀ ਖੜ੍ਹੇ ਹੋਏ ਜਿਨ੍ਹਾਂ ਬਾਰੇ ਮਸੀਹੀਆਂ ਨੂੰ ਸੋਚਣ ਦੀ ਲੋੜ ਹੈ।
ਖੇਡਾਂ ਦਾ ਇਤਿਹਾਸ ਬਹੁਤ ਲੰਬਾ ਹੈ
ਖੇਡ-ਮੁਕਾਬਲੇ ਯੂਨਾਨੀ ਲੋਕਾਂ ਤੋਂ ਪਹਿਲਾਂ ਵੀ ਕੀਤੇ ਜਾਂਦੇ ਸਨ। ਫਿਰ ਵੀ ਹੋਮਰ ਨਾਮਕ ਯੂਨਾਨੀ ਕਵੀ ਦੀਆਂ ਲਿਖਤਾਂ ਅਨੁਸਾਰ (ਤਕਰੀਬਨ 2,800 ਸਾਲ ਪਹਿਲਾਂ)
ਯੂਨਾਨੀ ਲੋਕ ਖਿਡਾਰੀਆਂ ਅਤੇ ਯੋਧਿਆਂ ਦੀ ਮੁਕਾਬਲੇਬਾਜ਼ੀ ਨੂੰ ਬਹੁਤ ਸਮਝਦੇ ਸਨ। ਇਹ ਲੋਕ ਹਮੇਸ਼ਾ ਜਿੱਤਣ ਤੇ ਜ਼ੋਰ ਪਾਉਂਦੇ ਸਨ। ਪਹਿਲਾ ਜ਼ਿਕਰ ਕੀਤੀ ਗਈ ਪ੍ਰਦਰਸ਼ਨੀ ਤੋਂ ਪਤਾ ਲੱਗਿਆ ਕਿ ਯੂਨਾਨ ਦੇ ਸਭ ਤੋਂ ਪੁਰਾਣੇ ਮੇਲੇ ਕਿਸੇ ਸੂਰਬੀਰ ਦੀ ਮੌਤ ਮਨਾਉਣ ਵੇਲੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਲਈ ਮਨਾਏ ਜਾਂਦੇ ਸਨ। ਮਿਸਾਲ ਵਜੋਂ, ਹੋਮਰ ਦੀ ਪੁਰਾਣੀ ਤੇ ਮਸ਼ਹੂਰ ਯੂਨਾਨੀ ਲਿਖਤ ਇਲੀਅਡ ਵਿਚ ਅਕਿੱਲੀਜ਼ ਤੇ ਹੋਰ ਮਹਾਨ ਯੋਧਿਆਂ ਨੇ ਪਾਟ੍ਰੋਕਲੌਸ ਦੀ ਮੌਤ ਮਨਾਉਣ ਦੇ ਸਮੇਂ ਆਪਣੀ ਬਹਾਦਰੀ ਦਿਖਾਉਣ ਲਈ ਮੁੱਕੇਬਾਜ਼ੀ, ਘੋਲ-ਕੁਸ਼ਤੀ, ਡਿਸਕਸ (ਚੱਕਾ) ਤੇ ਬਰਛੀ ਸੁੱਟਣ ਅਤੇ ਰਥ-ਦੌੜਾਂ ਦੇ ਮੁਕਾਬਲੇ ਕੀਤੇ।ਇਸ ਤਰ੍ਹਾਂ ਦੇ ਹੋਰ ਵੀ ਕਈ ਮੇਲੇ ਪੂਰੇ ਯੂਨਾਨ ਵਿਚ ਮਨਾਏ ਜਾਣ ਲੱਗੇ। ਪ੍ਰਦਰਸ਼ਨੀ ਦੀ ਹੈਂਡਬੁੱਕ ਵਿਚ ਲਿਖਿਆ ਗਿਆ ਸੀ: “ਯੂਨਾਨੀ ਲੋਕ ਝਗੜਾਲੂ ਸਨ ਅਤੇ ਉਹ ਹਿੰਸਾ ਤੇ ਮੁਕਾਬਲੇ ਪਸੰਦ ਕਰਦੇ ਸਨ। ਪਰ ਆਪਣੇ ਦੇਵੀ-ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਉਹ ਮੇਲਿਆਂ ਵਿਚ ਆਪਣੇ ਝਗੜਿਆਂ ਨੂੰ ਇਕ ਪਾਸੇ ਛੱਡ ਕੇ ਆਪਣਾ ਧਿਆਨ ਖੇਡ-ਮੁਕਾਬਲਿਆਂ ਵਿਚ ਲਾਉਂਦੇ ਸਨ।”
ਇਸ ਤਰ੍ਹਾਂ ਕਰਨ ਲਈ ਕਈ ਸ਼ਹਿਰਾਂ ਦੇ ਲੋਕ ਬਾਕਾਇਦਾ ਇਕੱਠੇ ਹੋ ਕੇ ਖੇਡ-ਮੁਕਾਬਲਿਆਂ ਰਾਹੀਂ ਆਪਣੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਲੱਗ ਪਏ। ਸਮੇਂ ਦੇ ਬੀਤਣ ਨਾਲ ਚਾਰ ਖ਼ਾਸ ਮੇਲੇ ਇੰਨੇ ਮਸ਼ਹੂਰ ਹੋ ਗਏ ਕਿ ਇਨ੍ਹਾਂ ਨੂੰ ਯੂਨਾਨ ਦੀਆਂ ਕੌਮੀ ਖੇਡਾਂ ਵਜੋਂ ਮੰਨਿਆ ਜਾਣ ਲੱਗਾ। ਪਹਿਲੇ ਦੋ ਮੇਲੇ ਯਾਨੀ ਓਲੰਪਕ ਅਤੇ ਨੀਮੀਆ ਜ਼ੂਸ ਦੇਵਤੇ ਦੇ ਨਾਂ ਵਿਚ ਮਨਾਏ ਜਾਂਦੇ ਸਨ। ਤੀਜਾ ਅਪਾਲੋ ਦੇਵਤੇ ਦੇ ਨਾਂ ਵਿਚ ਮਨਾਇਆ ਗਿਆ ਪਾਈਥਿਅਨ ਮੇਲਾ ਸੀ। ਚੌਥਾ ਇਸਥਮੀਅਨ ਖੇਡ ਦਾ ਮੇਲਾ ਪੋਸਾਇਡਨ ਦੇਵਤੇ ਲਈ ਮਨਾਇਆ ਜਾਂਦਾ ਸੀ। ਇਨ੍ਹਾਂ ਖੇਡ-ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਖਿਡਾਰੀ ਯੂਨਾਨੀ ਸਾਮਰਾਜ ਦੀ ਹਰ ਜਗ੍ਹਾ ਤੋਂ ਆਉਣ ਲੱਗੇ। ਇਨ੍ਹਾਂ ਮੇਲਿਆਂ ਵਿਚ ਦੇਵੀ-ਦੇਵਤਿਆਂ ਦੀ ਪੂਜਾ ਕਰਨ ਲਈ ਚੜ੍ਹਾਵਿਆਂ ਦੇ ਨਾਲ-ਨਾਲ ਖਿਡਾਰੀਆਂ ਅਤੇ ਕਲਾਕਾਰਾਂ ਦੇ ਮੁਕਾਬਲੇ ਵੀ ਹੁੰਦੇ ਸਨ।
ਕਿਹਾ ਜਾਂਦਾ ਹੈ ਕਿ ਸਭ ਤੋਂ ਪੁਰਾਣਾ ਤੇ ਮਸ਼ਹੂਰ ਮੇਲਾ 776 ਸਾ.ਯੁ.ਪੂ. ਵਿਚ ਸ਼ੁਰੂ ਹੋਇਆ ਸੀ। ਇਹ ਜ਼ੂਸ ਦੇਵਤੇ ਦੇ ਨਾਂ ਵਿਚ ਹਰ ਚੌਥੇ ਸਾਲ ਓਲਿੰਪੀਆ ਦੇ ਮੈਦਾਨ ਵਿਚ ਮਨਾਇਆ ਜਾਂਦਾ ਸੀ। ਇਸ ਤੋਂ ਬਾਅਦ ਦੂਜਾ ਸਭ ਤੋਂ ਮਸ਼ਹੂਰ ਮੇਲਾ ਪਾਈਥਿਅਨ ਮੇਲਾ ਸੀ। ਇਹ ਡੈਲਫੀ ਵਿਚ ਮਨਾਇਆ ਜਾਂਦਾ ਸੀ ਅਤੇ ਇਸ ਵਿਚ ਵੀ ਖੇਡ-ਮੁਕਾਬਲੇ ਸ਼ਾਮਲ ਸਨ। ਇਹ ਮੇਲਾ ਕਵੀਆਂ ਤੇ ਸੰਗੀਤਕਾਰਾਂ ਦੇ ਦੇਵਤੇ ਅਪਾਲੋ ਦੇ ਨਾਂ ਵਿਚ ਮਨਾਇਆ ਜਾਂਦਾ ਸੀ ਜਿਸ ਕਰਕੇ ਇਸ ਵਿਚ ਸੰਗੀਤ ਅਤੇ ਕਵੀਤਾ ਤੇ ਜ਼ਿਆਦਾ ਜ਼ੋਰ ਸੀ।
ਵੱਖਰੀਆਂ-ਵੱਖਰੀਆਂ ਖੇਡਾਂ
ਅੱਜ–ਕੱਲ੍ਹ ਦੀਆਂ ਖੇਡਾਂ ਦੀ ਗਿਣਤੀ ਦੀ ਤੁਲਨਾ ਵਿਚ ਉਨ੍ਹੀਂ ਦਿਨੀਂ ਬਹੁਤ ਹੀ ਘੱਟ ਖੇਡਾਂ ਹੁੰਦੀਆਂ ਸਨ ਅਤੇ ਸਿਰਫ਼ ਮਰਦ ਇਨ੍ਹਾਂ ਵਿਚ ਹਿੱਸਾ ਲੈਂਦੇ ਸਨ। ਮਿਸਾਲ ਲਈ, ਪੁਰਾਣੀਆਂ ਓਲੰਪਕ ਖੇਡਾਂ ਵਿਚ ਤਕਰੀਬਨ 10 ਵੱਖਰੇ-ਵੱਖਰੇ ਮੁਕਾਬਲੇ ਹੁੰਦੇ ਸਨ। ਰੋਮ ਦੇ ਕਲੋਸੀਅਮ ਵਿਚ ਪੇਸ਼ ਕੀਤੀਆਂ ਗਈਆਂ ਮੂਰਤੀਆਂ, ਤਸਵੀਰਾਂ ਵਗੈਰਾ ਤੋਂ ਸਾਨੂੰ ਕੁਝ ਹੱਦ ਤਕ ਇਨ੍ਹਾਂ ਬਾਰੇ ਪਤਾ ਲੱਗਦਾ ਹੈ।
ਉਸ ਸਮੇਂ ਸਿਰਫ਼ ਤਿੰਨ ਵੱਖਰੀਆਂ ਦੌੜਾਂ ਸਨ। ਇਕ ਅਖਾੜੇ ਦੀ ਲੰਬਾਈ ਜਿੰਨੀ 200 ਮੀਟਰ ਲੰਬੀ ਸੀ। ਦੂਜੀ ਦੁਗੁਣੀ ਲੰਬਾਈ ਦੀ ਦੌੜ ਅੱਜ ਦੀ 400 ਮੀਟਰ ਦੀ ਦੌੜ ਦੇ ਬਰਾਬਰ ਸੀ। ਤੀਸਰੀ ਲੰਬੀ ਦੌੜ ਤਕਰੀਬਨ 4,500 ਮੀਟਰ ਦੀ ਸੀ। ਖਿਡਾਰੀ ਕਸਰਤ ਕਰਦੇ ਅਤੇ ਦੌੜਦੇ ਸਮੇਂ ਪੂਰੀ ਤਰ੍ਹਾਂ ਨੰਗੇ ਹੁੰਦੇ ਸਨ। ਪੇਂਟਾਥਲੋਨ ਵਿਚ ਹਿੱਸਾ ਲੈਣ ਵਾਲੇ ਖਿਡਾਰੀ ਪੰਜ ਵੱਖਰੇ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਸਨ: ਦੌੜਨ, ਲੰਮੀ ਛਾਲ ਮਾਰਨ, ਡਿਸਕਸ ਸੁੱਟਣ, ਬਰਛੀ ਸੁੱਟਣ ਅਤੇ ਘੋਲ-ਕੁਸ਼ਤੀ। ਹੋਰ ਮੁਕਾਬਲੇ ਸਨ: ਮੁੱਕੇਬਾਜ਼ੀ ਅਤੇ ਪੈਨਕ੍ਰੇਸ਼ਿਅਮ। ਪੈਨਕ੍ਰੇਸ਼ਿਅਮ ਬਾਰੇ ਕਿਹਾ ਗਿਆ ਹੈ ਕਿ ਇਸ “ਬਹੁਤ ਹੀ ਖ਼ਤਰਨਾਕ ਮੁਕਾਬਲੇ ਵਿਚ ਦਸਤਾਨਿਆਂ ਤੋਂ ਬਿਨਾਂ ਮੁੱਕੇਬਾਜ਼ੀ ਤੇ ਘੋਲ-ਕੁਸ਼ਤੀ ਕੀਤੀ ਜਾਂਦੀ ਸੀ।” ਰਥ-ਦੌੜਾਂ ਵੀ ਲਾਈਆਂ ਜਾਂਦੀਆਂ ਸਨ ਜੋ ਅੱਠ ਅਖਾੜੇ ਲੰਬੀਆਂ ਸਨ। ਇਨ੍ਹਾਂ ਵਿਚ ਦੋ ਜਾਂ ਚਾਰ ਘੋੜੇ ਰਥਾਂ ਨੂੰ ਖਿੱਚਦੇ ਹੁੰਦੇ ਸਨ।
ਮੁੱਕਿਆਂ ਦੀ ਖ਼ਤਰਨਾਕ ਬਾਜ਼ੀ ਵਿਚ ਕਈ ਵਾਰੀ ਮੁੱਕੇਬਾਜ਼ ਮਰ ਵੀ ਜਾਂਦੇ ਸਨ। ਉਨ੍ਹਾਂ ਦੇ ਹੱਥਾਂ ਤੇ ਚਮੜੇ ਦੀਆਂ ਪੱਟੀਆਂ ਬੰਨ੍ਹੀਆਂ ਜਾਂਦੀਆਂ ਸਨ ਜਿਨ੍ਹਾਂ ਤੇ ਲੋਹੇ ਦੇ ਟੁਕੜੇ ਲਾਏ ਹੁੰਦੇ
ਸਨ। ਤੁਸੀਂ ਸ਼ਾਇਦ ਕਲਪਨਾ ਕਰ ਸਕਦੇ ਹੋ ਕਿ ਸਟ੍ਰੋਟੋਫੌਂਟੇ ਨਾਮਕ ਇਕ ਮੁੱਕੇਬਾਜ਼ ਚਾਰ ਘੰਟਿਆਂ ਦੀ ਬਾਜ਼ੀ ਮਗਰੋਂ ਸ਼ੀਸ਼ੇ ਵਿਚ ਆਪਣੀ ਸ਼ਕਲ ਕਿਉਂ ਨਾ ਪਛਾਣ ਸਕਿਆ। ਮੁੱਕੇਬਾਜ਼ਾਂ ਦੀਆਂ ਪੁਰਾਣੀਆਂ ਮੂਰਤੀਆਂ ਤੋਂ ਸਾਫ਼ ਦਿੱਸਦਾ ਹੈ ਕਿ ਉਨ੍ਹਾਂ ਦੀ ਸ਼ਕਲ ਪੂਰੀ ਤਰ੍ਹਾਂ ਵਿਗਾੜੀ ਜਾਂਦੀ ਸੀ।ਘੋਲ-ਕੁਸ਼ਤੀ ਵਿਚ ਵਿਰੋਧੀ ਨੂੰ ਸਿਰਫ਼ ਸਰੀਰ ਦੇ ਉਪਰਲੇ ਹਿੱਸੇ ਤੋਂ ਹੀ ਫੜਿਆ ਜਾ ਸਕਦਾ ਸੀ ਅਤੇ ਦੂਸਰੇ ਨੂੰ ਤਿੰਨ ਵਾਰੀ ਥੱਲੇ ਸੁੱਟ ਕੇ ਅਟਕਾਉਣ ਵਾਲਾ ਹੀ ਜੇਤੂ ਸੀ। ਇਸ ਤੋਂ ਉਲਟ ਪੈਨਕ੍ਰੇਸ਼ੀਅਮ ਦੀ ਬਾਜ਼ੀ ਵਿਚ ਖਿਡਾਰੀ ਜਿੱਤਣ ਲਈ ਕੁਝ ਵੀ ਕਰ ਸਕਦੇ ਸਨ। ਉਹ ਮੁੱਕੇ ਅਤੇ ਠੁੱਡਾਂ ਮਾਰ ਸਕਦੇ ਸਨ, ਲੱਤਾਂ ਅਤੇ ਬਾਹਾਂ ਵੀ ਮਰੋੜ ਸਕਦੇ ਸਨ। ਉਨ੍ਹਾਂ ਨੂੰ ਸਿਰਫ਼ ਅੱਖਾਂ ਵਿਚ ਉਂਗਲ ਦੇਣ, ਦੰਦੀ ਵੱਢਣ ਅਤੇ ਘਰੂਟ ਮਾਰਨ ਤੋਂ ਮਨ੍ਹਾ ਕੀਤਾ ਜਾਂਦਾ ਸੀ। ਇਸ ਮੁਕਾਬਲੇ ਵਿਚ ਵੈਰੀ ਨੂੰ ਭੁੰਜੇ ਸੁੱਟ ਕੇ ਉਸ ਸਮੇਂ ਤਕ ਫੜੀ ਰੱਖਿਆ ਜਾਂਦਾ ਸੀ ਜਦ ਤਕ ਉਹ ਹਾਰ ਨਾ ਮੰਨ ਲਵੇਂ। ਕਈਆਂ ਦਾ ਕਹਿਣਾ ਹੈ ਕਿ ਇਹ “ਓਲਿੰਪੀਆ ਦੀ ਸਭ ਤੋਂ ਵਧੀਆ ਖੇਡ ਸੀ।”
ਸਾਲ 564 ਸਾ.ਯੁ.ਪੂ. ਵਿਚ ਓਲੰਪਕ ਦੀ ਅਖ਼ੀਰਲੀ ਬਾਜ਼ੀ ਪੈਨਕ੍ਰੇਸ਼ੀਅਮ ਦੀ ਸਭ ਤੋਂ ਮਸ਼ਹੂਰ ਬਾਜ਼ੀ ਗਿਣੀ ਗਈ ਹੈ। ਭਾਵੇਂ ਆਰਾਹੀਔਨ ਨਾਮਕ ਖਿਡਾਰੀ ਦਾ ਗਲਾ ਘੁੱਟਿਆ ਜਾ ਰਿਹਾ ਸੀ, ਪਰ ਉਸ ਨੂੰ ਇੰਨੀ ਕੁ ਹੋਸ਼ ਸੀ ਕਿ ਉਸ ਨੇ ਆਪਣੇ ਵੈਰੀ ਦੇ ਪੈਰ ਦੀ ਇਕ ਉਂਗਲ ਨੂੰ ਜੋੜੋ ਕੱਢ ਦਿੱਤਾ। ਉਸ ਦੇ ਵੈਰੀ ਨੇ ਤਕਲੀਫ਼ ਵਿਚ ਚੀਕਾਂ ਮਾਰ ਕੇ ਹਾਰ ਮੰਨ ਲਈ ਅਤੇ ਉਸੇ ਵੇਲੇ ਆਰਾਹੀਔਨ ਆਪ ਵੀ ਮਰ ਗਿਆ। ਅਚੰਭੇ ਦੀ ਗੱਲ ਹੈ ਕਿ ਜੱਜਾਂ ਨੇ ਆਰਾਹੀਔਨ ਦੀ ਲਾਸ਼ ਨੂੰ ਜੇਤੂ ਬਣਾ ਦਿੱਤਾ!
ਰਥ-ਦੌੜਾਂ ਨੂੰ ਸਭ ਤੋਂ ਵਧੀਆ ਮੁਕਾਬਲਾ ਸਮਝਿਆ ਜਾਂਦਾ ਸੀ ਅਤੇ ਸ਼ਾਹੀ ਖ਼ਾਨਦਾਨ ਇਸ ਨੂੰ ਬਹੁਤ ਪਸੰਦ ਕਰਦੇ ਸਨ। ਇਹ ਖ਼ਾਸ ਕਰਕੇ ਇਸ ਲਈ ਸੀ ਕਿਉਂਕਿ ਜੇਤੂ ਖਿਡਾਰੀ ਨਹੀਂ, ਪਰ ਰਥ ਅਤੇ ਘੋੜਿਆਂ ਦਾ ਮਾਲਕ ਹੁੰਦਾ ਸੀ। ਦੌੜ ਦੇ ਸ਼ੁਰੂ ਵਿਚ ਰਥਾਂ ਨੂੰ ਲਕੀਰਾਂ ਨਾਲ ਵੰਡੇ ਹੋਏ ਆਪਣੇ-ਆਪਣੇ ਹਿੱਸੇ ਵਿਚ ਰਹਿਣਾ ਪੈਂਦਾ ਸੀ ਅਤੇ ਗੇੜੇ ਦੇ ਸਿਰਿਆਂ ਤੇ ਮੁੜਦੇ ਹੋਏ ਉਨ੍ਹਾਂ ਨੂੰ ਖ਼ਾਸ ਧਿਆਨ ਰੱਖਣ ਦੀ ਲੋੜ ਸੀ। ਇਨ੍ਹਾਂ ਥਾਵਾਂ ਤੇ ਜੇ ਕਿਸੇ ਕੋਲੋਂ ਅਚਾਨਕ ਗ਼ਲਤੀ ਹੋ ਜਾਏ ਜਾਂ ਉਹ ਜਾਣ-ਬੁੱਝ ਕੇ ਕੋਈ-ਨ-ਕੋਈ ਹਰਕਤ ਕਰੇ, ਤਾਂ ਖ਼ਤਰਨਾਕ ਹਾਦਸੇ ਹੋ ਸਕਦੇ ਸਨ ਜਿਸ ਕਰਕੇ ਲੋਕ ਇਸ ਮੁਕਾਬਲੇ ਨੂੰ ਹੋਰ ਵੀ ਜ਼ਿਆਦਾ ਪਸੰਦ ਕਰਦੇ ਸਨ।
ਇਨਾਮ
ਪੌਲੁਸ ਰਸੂਲ ਨੇ ਕਿਹਾ: ‘ਦੌੜ ਵਿੱਚ ਤਾਂ ਸੱਭੇ ਦੌੜਦੇ ਹਨ ਪਰ ਇਨਾਮ ਇੱਕੋ ਲੈ ਜਾਂਦਾ ਹੈ।’ (1 ਕੁਰਿੰਥੀਆਂ 9:24) ਜਿੱਤਣਾ ਸਭ ਤੋਂ ਜ਼ਰੂਰੀ ਗੱਲ ਸੀ। ਦੂਜੇ ਜਾਂ ਤੀਜੇ ਨੰਬਰ ਤੇ ਆਉਣ ਲਈ ਨਾ ਮਸ਼ਹੂਰੀ, ਨਾ ਕੋਈ ਇਨਾਮ, ਕੱਖ ਨਹੀਂ ਸੀ ਮਿਲਦਾ। ਪ੍ਰਦਰਸ਼ਨੀ ਵਿਚ ਸਮਝਾਇਆ ਗਿਆ ਕਿ “ਖਿਡਾਰੀ ਦਾ ਉਦੇਸ਼ ਸਿਰਫ਼ ਨਾਈਕੀ ਯਾਨੀ ਜਿੱਤਣਾ ਸੀ। ਇਸ ਉਦੇਸ਼ ਤਕ ਪਹੁੰਚਣਾ ਅਤਿ ਜ਼ਰੂਰੀ ਸੀ ਕਿਉਂਕਿ ਸਿਰਫ਼ ਜਿੱਤਣ ਨਾਲ ਹੀ ਖਿਡਾਰੀ ਦੀ ਅਤੇ ਉਸ ਦੇ ਸ਼ਹਿਰ ਦੀ ਮਸ਼ਹੂਰੀ ਹੁੰਦੀ ਸੀ।” ਹੋਮਰ ਦੇ ਸ਼ਬਦ ਖਿਡਾਰੀਆਂ ਦੇ ਰਵੱਈਏ ਨੂੰ ਚੰਗੀ ਤਰ੍ਹਾਂ ਦਰਸਾਉਂਦੇ ਹਨ। ਉਸ ਨੇ ਕਿਹਾ: “ਮੈਂ ਹਮੇਸ਼ਾ ਅੱਗੇ ਨਿਕਲਣਾ ਸਿੱਖਿਆ ਹੈ।”
ਯੂਨਾਨੀ ਖੇਡਾਂ ਵਿਚ ਇਨਾਮ ਵਜੋਂ ਜਿੱਤਣ ਲਈ ਹੋਰ ਕੁਝ ਨਹੀਂ, ਪਰ ਪੱਤਿਆਂ ਦਾ ਬਣਿਆ ਇਕ ਮੁਕਟ ਦਿੱਤਾ ਜਾਂਦਾ ਸੀ। ਪੌਲੁਸ ਰਸੂਲ ਨੇ ਇਸ ਨੂੰ ਇਕ ‘ਨਾਸਵਾਨ ਸਿਹਰਾ’ ਸੱਦਿਆ ਸੀ। (1 ਕੁਰਿੰਥੀਆਂ 9:25) ਫਿਰ ਵੀ ਇਸ ਇਨਾਮ ਨੂੰ ਖ਼ਾਸ ਮੰਨਿਆ ਜਾਂਦਾ ਸੀ। ਇਹ ਮੁਕਟ ਕੁਦਰਤ ਨੂੰ ਦਰਸਾਉਂਦਾ ਸੀ ਜਿਸ ਨੇ ਜੇਤੂ ਨੂੰ ਜਿੱਤਣ ਲਈ ਤਾਕਤ ਦਿੱਤੀ। ਲੋਕ ਮੰਨਦੇ ਸਨ ਕਿ ਜਿੱਤਣ ਵਾਲੇ ਉੱਤੇ ਦੇਵਤਿਆਂ ਦੀ ਮਿਹਰਬਾਨੀ ਸੀ। ਪ੍ਰਦਰਸ਼ਨੀ ਵਿਚ ਮੂਰਤੀਆਂ ਅਤੇ ਤਸਵੀਰਾਂ ਤੋਂ ਦੇਖਿਆ ਜਾ ਸਕਦਾ ਸੀ ਕਿ ਕਈ ਚਿੱਤਰਕਾਰ ਜਿੱਤ ਦੀ ਨਾਈਕੀ ਦੇਵੀ ਨੂੰ ਖੰਭਾਂ ਵਾਲੀ ਦੇਵੀ ਸਮਝਦੇ ਸਨ। ਕਈ ਕਲਾਕਾਰਾਂ ਨੇ ਇਸ ਯੂਨਾਨੀ ਦੇਵੀ ਨੂੰ ਜੇਤੂ ਦੇ ਸਿਰ ਤੇ ਮੁਕਟ ਰੱਖਦਿਆਂ ਦਰਸਾਇਆ ਹੈ। ਕਿਸੇ ਖਿਡਾਰੀ ਲਈ ਓਲਿੰਪੀਆ ਵਿਚ ਜਿੱਤਣਾ ਉਸ ਦੇ ਸੁਪਨੇ ਪੂਰੇ ਹੋਣ ਦੇ ਬਰਾਬਰ ਸੀ।
ਓਲੰਪਕ ਖੇਡਾਂ ਵਿਚ ਜ਼ੈਤੂਨ ਦੇ ਪੱਤਿਆਂ ਦੇ ਬਣੇ ਹੋਏ ਮੁਕਟ ਦਿੱਤੇ ਜਾਂਦੇ ਸਨ। ਇਸਥਮੀਅਨ ਖੇਡਾਂ ਵਿਚ ਚੀਲ ਦੇ ਪੱਤਿਆਂ ਦੇ ਮੁਕਟ ਸਨ, ਪਾਈਥਿਅਨ ਖੇਡਾਂ ਵਿਚ ਲਾਰਲ ਦੇ ਚਮਕੀਲੇ ਪੱਤਿਆਂ ਦੇ ਮੁਕਟ ਸਨ ਅਤੇ ਨੀਮੀਅਨ ਖੇਡਾਂ ਵਿਚ ਅਜਮੂਦ ਦੇ ਪੱਤਿਆਂ ਦੇ ਮੁਕਟ ਸਨ। ਹੋਰਨਾਂ ਖੇਡਾਂ ਦੇ ਪ੍ਰਬੰਧਕ ਵਧੀਆ ਖਿਡਾਰੀਆਂ ਨੂੰ ਆਪਣੀਆਂ ਖੇਡਾਂ ਵਿਚ ਖਿੱਚਣ ਦੇ ਮਾਰੇ, ਜੇਤੂਆਂ ਨੂੰ ਇਨਾਮ ਵਜੋਂ ਪੈਸੇ ਤੇ ਹੋਰ ਕੀਮਤੀ ਚੀਜ਼ਾਂ ਦਿੰਦੇ ਸਨ। ਪ੍ਰਦਰਸ਼ਨੀ ਵਿਚ ਕੁਝ ਸਜਾਵਟੀ ਬਰਤਨ ਵੀ ਦੇਖੇ ਜਾ ਸਕਦੇ ਸਨ। ਪੈਨਾਤੀਨਏਕ ਖੇਡਾਂ ਵਿਚ ਇਹ ਬਰਤਨ ਕੀਮਤੀ ਤੇਲ ਨਾਲ ਭਰ ਕੇ ਜੇਤੂਆਂ ਨੂੰ ਦਿੱਤੇ ਜਾਂਦੇ ਸਨ। ਇਹ ਖੇਡਾਂ ਐਥਿਨਜ਼ ਸ਼ਹਿਰ ਵਿਚ ਅਥੀਨਾ ਦੇਵੀ ਦੇ ਨਾਂ ਵਿਚ ਖੇਡੀਆਂ ਜਾਂਦੀਆਂ ਸਨ। ਇਕ ਬਰਤਨ ਦੇ ਇਕ ਪਾਸੇ ਅਥੀਨਾ ਦੇਵੀ ਦੀ ਤਸਵੀਰ ਹੈ ਜਿਸ ਹੇਠ “ਅਥੀਨਾ ਦੇ ਖੇਡ-ਮੁਕਾਬਲਿਆਂ ਲਈ ਇਨਾਮ” ਲਿਖਿਆ ਗਿਆ ਹੈ। ਬਰਤਨ ਦੇ ਦੂਜੇ ਪਾਸੇ ਕੋਈ ਮੁਕਾਬਲਾ ਦਿਖਾਇਆ ਗਿਆ ਹੈ ਜਿਸ ਲਈ ਸ਼ਾਇਦ ਜੇਤੂ ਨੂੰ ਇਹ ਇਨਾਮ ਮਿਲਿਆ ਸੀ।
ਖਿਡਾਰੀਆਂ ਦੀ ਜਿੱਤ ਉਨ੍ਹਾਂ ਨੂੰ ਰਾਤੋ-ਰਾਤ ਮਸ਼ਹੂਰ ਬਣਾ ਕੇ ਉਨ੍ਹਾਂ ਦੇ ਸ਼ਹਿਰ ਦੀ ਸ਼ਾਨ ਵਧਾਉਂਦੀ ਸੀ। ਘਰ ਵਾਪਸ ਆਉਣ ਤੇ ਜੇਤੂਆਂ ਦਾ ਸੁਆਗਤ ਕਰਨ ਲਈ ਵੱਡੇ-ਵੱਡੇ ਜਲੂਸ ਕੱਢੇ ਜਾਂਦੇ ਸਨ। ਆਪਣੇ ਦੇਵੀ-ਦੇਵਤਿਆਂ ਦਾ ਧੰਨਵਾਦ ਕਰਨ ਲਈ ਜੇਤੂਆਂ ਦੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਸਨ ਜੋ ਆਮ ਇਨਸਾਨਾਂ ਲਈ ਨਹੀਂ ਕੀਤਾ ਜਾਂਦਾ ਸੀ। ਕਵੀ ਵੀ ਜੇਤੂਆਂ ਬਾਰੇ ਸ਼ਾਇਰੀ ਗਾਉਂਦੇ ਸਨ। ਜੇਤੂਆਂ ਨੂੰ ਦਾਅਵਤਾਂ ਵਿਚ ਸਭ ਤੋਂ ਅੱਗੇ ਬੈਠਣ ਦਾ ਸਨਮਾਨ ਦਿੱਤਾ ਜਾਂਦਾ ਸੀ। ਉਨ੍ਹਾਂ ਨੂੰ ਸਰਕਾਰੀ ਪੈਨਸ਼ਨ ਵੀ ਮਿਲਦੀ ਸੀ।
ਜਿਮਖ਼ਾਨੇ ਅਤੇ ਖਿਡਾਰੀ
ਸੋਚਿਆ ਜਾਂਦਾ ਸੀ ਕਿ ਇਕ ਫ਼ੌਜੀ ਦੀ ਤਰੱਕੀ ਵਾਸਤੇ ਖੇਡ-ਮੁਕਾਬਲਿਆਂ ਵਿਚ ਹਿੱਸਾ ਲੈਣਾ ਜ਼ਰੂਰੀ ਸੀ। ਸਾਰੇ ਯੂਨਾਨੀ ਸ਼ਹਿਰਾਂ ਵਿਚ ਆਪਣੇ-ਆਪਣੇ ਜਿਮਖ਼ਾਨੇ ਹੁੰਦੇ ਸਨ। ਕਸਰਤ ਦੇ ਨਾਲ-ਨਾਲ ਇਨ੍ਹਾਂ ਥਾਵਾਂ ਵਿਚ ਦਿਮਾਗ਼ੀ ਤੇ ਧਾਰਮਿਕ ਸਿੱਖਿਆ ਵੀ ਦਿੱਤੀ ਜਾਂਦੀ ਸੀ। ਕਸਰਤ ਦੇ ਮੈਦਾਨਾਂ ਦੇ ਆਲੇ-ਦੁਆਲੇ ਵੱਖਰੇ-ਵੱਖਰੇ ਕਮਰੇ ਤੇ ਵਰਾਂਡੇ ਹੁੰਦੇ ਸਨ। ਕੁਝ ਕਮਰੇ ਲਾਇਬ੍ਰੇਰੀਆਂ ਅਤੇ ਕਲਾਸ-ਰੂਮਾਂ ਵਜੋਂ ਵੀ ਵਰਤੇ ਜਾਂਦੇ ਸਨ। ਆਮ ਤੌਰ ਤੇ ਜਿਮਖ਼ਾਨਿਆਂ ਵਿਚ ਅਮੀਰ ਘਰਾਣਿਆਂ ਦੇ ਨੌਜਵਾਨ ਹੀ ਜਾਂਦੇ ਸਨ ਕਿਉਂਕਿ ਕੰਮ ਕਰਨ ਦੀ ਬਜਾਇ ਉਹ ਅਜਿਹੀ ਸਿੱਖਿਆ ਲੈਣ ਵਿਚ ਸਮਾਂ ਲਾ ਸਕਦੇ ਸਨ। ਜਿਮਖ਼ਾਨਿਆਂ ਵਿਚ ਖਿਡਾਰੀ ਸਖ਼ਤ ਕਸਰਤ ਕਰਦੇ ਸਨ। ਉਨ੍ਹਾਂ ਦੀ ਮਦਦ ਕਰਨ ਲਈ ਟ੍ਰੇਨਰ ਹੁੰਦੇ ਸਨ ਜੋ ਉਨ੍ਹਾਂ ਨੂੰ ਖਾਣ-ਪੀਣ ਬਾਰੇ ਵੀ ਦੱਸਦੇ ਸਨ ਅਤੇ ਉਨ੍ਹਾਂ ਨੂੰ ਤੀਵੀਆਂ ਤੋਂ ਵੀ ਦੂਰ ਰੱਖਦੇ ਸਨ।
ਰੋਮ ਦੇ ਕਲੋਸੀਅਮ ਦੀ ਪ੍ਰਦਰਸ਼ਨੀ ਵਿਚ ਲੋਕ ਪ੍ਰਾਚੀਨ ਖਿਡਾਰੀਆਂ ਦੀਆਂ ਵਧੀਆ ਮੂਰਤੀਆਂ ਦੇਖ ਸਕਦੇ ਸਨ। ਆਮ ਤੌਰ ਤੇ ਰੋਮੀਆਂ ਨੇ ਯੂਨਾਨੀ ਮੂਰਤੀਆਂ ਦੀ ਨਕਲ ਕਰਕੇ ਇਹ ਮੂਰਤੀਆਂ ਬਣਾਈਆਂ ਸਨ। ਪ੍ਰਾਚੀਨ ਯੂਨਾਨੀ ਵਿਚਾਰਾਂ ਦੇ ਅਨੁਸਾਰ ਸਰੀਰਕ ਸੰਪੂਰਣਤਾ ਨੈਤਿਕ ਸੰਪੂਰਣਤਾ ਨਾਲ ਸੰਬੰਧ ਰੱਖਦੀ ਸੀ ਅਤੇ ਕਿਹਾ ਜਾਂਦਾ ਸੀ ਕਿ ਸਿਰਫ਼ ਸ਼ਾਹੀ ਖ਼ਾਨਦਾਨਾਂ ਦੇ ਲੋਕ ਹੀ ਇਸ ਤਰ੍ਹਾਂ ਸੰਪੂਰਣ ਹੋ ਸਕਦੇ ਸਨ। ਤਾਂ ਫਿਰ ਉਨ੍ਹਾਂ ਦੇ ਖ਼ਿਆਲਾਂ ਵਿਚ ਇਨ੍ਹਾਂ ਖਿਡਾਰੀਆਂ ਦੇ ਸਰੀਰ ਸੰਪੂਰਣ ਸਨ। ਰੋਮੀ ਇਨ੍ਹਾਂ ਮੂਰਤੀਆਂ ਨੂੰ ਕਲਾ ਦਾ ਸਿਖਰ ਵੀ ਸਮਝਦੇ ਸਨ ਅਤੇ ਇਨ੍ਹਾਂ ਨਾਲ ਹਵੇਲੀਆਂ, ਰਾਜਮਹਿਲਾਂ, ਇਸ਼ਨਾਨ-ਘਰਾਂ ਤੇ ਅਖਾੜਿਆਂ ਨੂੰ ਸਜਾਉਂਦੇ ਹੁੰਦੇ ਸਨ।
ਰੋਮੀ ਲੋਕ ਹਿੰਸਾ ਭਰੇ ਖੇਡ-ਮੁਕਾਬਲੇ ਬਹੁਤ ਪਸੰਦ ਕਰਦੇ ਸਨ। ਇਸ ਲਈ ਯੂਨਾਨੀ ਖੇਡਾਂ ਵਿੱਚੋਂ ਉਨ੍ਹਾਂ ਨੂੰ ਘੋਲ-ਕੁਸ਼ਤੀ, ਮੁੱਕੇਬਾਜ਼ੀ ਅਤੇ ਪੈਨਕ੍ਰੇਸ਼ੀਅਮ ਸਭ ਤੋਂ ਵਧੀਆ ਲੱਗਦੀਆਂ ਸਨ। ਯੂਨਾਨੀਆਂ ਤੋਂ ਉਲਟ ਰੋਮੀ ਇਨ੍ਹਾਂ ਖੇਡ-ਮੁਕਾਬਲਿਆਂ ਨੂੰ ਸਿਰਫ਼ ਮਨ-ਪਰਚਾਵਾ ਹੀ ਸਮਝਦੇ ਸਨ। ਪਰ ਯੂਨਾਨੀ ਇਨ੍ਹਾਂ ਨੂੰ ਅਜਿਹੇ ਮੌਕੇ ਸਮਝਦੇ ਸਨ ਜਿੱਥੇ ਮੁਕਾਬਲਿਆਂ ਰਾਹੀਂ ਵਧੀਆ ਯੋਧਿਆਂ ਅਤੇ ਖਿਡਾਰੀਆਂ ਦੀ ਤਰੱਕੀ ਹੁੰਦੀ ਸੀ। ਸਮੇਂ ਦੇ ਬੀਤਣ ਨਾਲ ਰੋਮੀ ਇਨ੍ਹਾਂ ਖੇਡ-ਮੁਕਾਬਲਿਆਂ ਨੂੰ ਘੱਟ ਅਹਿਮੀਅਤ ਦੇਣ ਲੱਗੇ। ਇਸ ਲਈ ਉਹ ਆਪਣੀ ਸਿਹਤ ਲਈ ਥੋੜ੍ਹੀ-ਬਹੁਤੀ ਕਸਰਤ ਕਰ ਕੇ ਖ਼ੁਸ਼ ਸਨ, ਜਾਂ ਰੰਗਸ਼ਾਲੇ ਵਿਚ ਆਮ ਆਦਮੀਆਂ ਨੂੰ ਤਲਵਾਰੀ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਦੇਖ ਕੇ ਖ਼ੁਸ਼ ਸਨ।
ਮਸੀਹੀ ਤੇ ਖੇਡਾਂ
ਖੇਡਾਂ ਵਿਚ ਪਾਠ-ਪੂਜਾ ਵੀ ਕੀਤੀ ਜਾਂਦੀ ਸੀ। ਇਹ ਇਕ ਕਾਰਨ ਸੀ ਜਿਸ ਲਈ ਪਹਿਲੀ ਸਦੀ ਦੇ ਮਸੀਹੀਆਂ ਨੇ ਇਨ੍ਹਾਂ ਨੂੰ ਰੱਦ ਕੀਤਾ। ਦੂਜਾ ਕੁਰਿੰਥੀਆਂ 6:14, 16 ਵਿਚ ਲਿਖਿਆ ਹੈ: “ਪਰਮੇਸ਼ੁਰ ਦੀ ਹੈਕਲ ਨੂੰ ਮੂਰਤੀਆਂ ਨਾਲ ਕੀ ਵਾਸਤਾ ਹੈ?” ਪਰ ਅੱਜ ਦੇ ਖੇਡ-ਮੁਕਾਬਲਿਆਂ ਬਾਰੇ ਕੀ?
ਇਹ ਗੱਲ ਸਾਫ਼ ਹੈ ਕਿ ਅੱਜ-ਕੱਲ੍ਹ ਦੀਆਂ ਖੇਡਾਂ ਕਿਸੇ ਦੇਵੀ-ਦੇਵਤੇ ਦੀ ਪੂਜਾ ਕਰਨ ਲਈ ਨਹੀਂ ਖੇਡੀਆਂ ਜਾਂਦੀਆਂ। ਪਰ ਇਹ ਵੀ ਸੱਚ ਹੈ ਕਿ ਪ੍ਰਾਚੀਨ ਸਮਿਆਂ ਵਾਂਗ ਅੱਜ ਖੇਡਾਂ ਅਤੇ ਖਿਡਾਰੀਆਂ ਦੀ ਮਾਨੋ ਪੂਜਾ ਹੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕੁਝ ਖਿਡਾਰੀ ਜਿੱਤਣ ਦੇ ਮਾਰੇ ਡ੍ਰੱਗਜ਼ ਲੈਂਦੇ ਹਨ ਜਿਨ੍ਹਾਂ ਤੋਂ ਉਨ੍ਹਾਂ ਦੀ ਸਿਹਤ ਨੂੰ ਖ਼ਤਰਾ ਹੁੰਦਾ ਹੈ ਤੇ ਉਹ ਮਰ ਵੀ ਸਕਦੇ ਹਨ।
ਇਕ ਮਸੀਹੀ ਲਈ ਸਰੀਰਕ ਤਰੱਕੀ ਦੀ ਇੰਨੀ ਅਹਿਮੀਅਤ ਨਹੀਂ ਹੈ। ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਰੂਹਾਨੀ ਗੁਣ ਯਾਨੀ “ਮਨ ਦੀ ਗੁਪਤ ਇਨਸਾਨੀਅਤ” ਇਕ ਵਿਅਕਤੀ ਨੂੰ ਸੁੰਦਰ ਬਣਾਉਂਦੀ ਹੈ। (1 ਪਤਰਸ 3:3, 4) ਭਾਵੇਂ ਇਹ ਸੱਚ ਹੈ ਕਿ ਸਾਰੇ ਖਿਡਾਰੀਆਂ ਵਿਚ ਮੁਕਾਬਲੇਬਾਜ਼ੀ ਦੀ ਜ਼ੋਰਦਾਰ ਭਾਵਨਾ ਨਹੀਂ ਹੈ, ਪਰ ਫਿਰ ਵੀ ਇਹ ਗੱਲ ਜ਼ਿਆਦਾਤਰ ਖਿਡਾਰੀਆਂ ਬਾਰੇ ਜ਼ਰੂਰ ਸੱਚ ਹੈ। ਕੀ ਉਨ੍ਹਾਂ ਨਾਲ ਸੰਬੰਧ ਜੋੜ ਕੇ ਅਸੀਂ ‘ਧੜੇਬਾਜ਼ੀਆਂ ਅਥਵਾ ਫੋਕੇ ਘੁਮੰਡ ਨਾਲ ਕੁਝ ਨਾ ਕਰਨ ਸਗੋਂ ਅਧੀਨਗੀ ਨਾਲ’ ਰਹਿਣ ਦੀ ਸਲਾਹ ਉੱਤੇ ਚੱਲ ਸਕਾਂਗੇ? ਜਾਂ ਕੀ ਇਨ੍ਹਾਂ ਨਾਲ ਸੰਬੰਧ ਰੱਖ ਕੇ ਸਾਡੇ ਵਿਚ ‘ਵੈਰ, ਝਗੜੇ, ਹਸਦ, ਕ੍ਰੋਧ, ਧੜੇਬਾਜ਼ੀਆਂ ਅਤੇ ਫੁੱਟਾਂ’ ਪੈਦਾ ਹੋਣਗੀਆਂ?—ਫ਼ਿਲਿੱਪੀਆਂ 2:3; ਗਲਾਤੀਆਂ 5:19-21.
ਕਈ ਖੇਡਾਂ ਵਿਚ ਖਿਡਾਰੀਆਂ ਨੂੰ ਇਕ-ਦੂਜੇ ਨਾਲ ਭਿੜਨਾ ਪੈਂਦਾ ਹੈ ਅਤੇ ਇਨ੍ਹਾਂ ਖੇਡਾਂ ਵਿਚ ਲੜਾਈ-ਝਗੜੇ ਸ਼ੁਰੂ ਹੋ ਸਕਦੇ ਹਨ। ਜਿਹੜੇ ਲੋਕ ਇਨ੍ਹਾਂ ਖੇਡਾਂ ਨੂੰ ਪਸੰਦ ਕਰਦੇ ਹਨ ਉਨ੍ਹਾਂ ਲਈ ਬਾਈਬਲ ਦੇ ਅਗਲੇ ਸ਼ਬਦ ਯਾਦ ਰੱਖਣੇ ਚੰਗੀ ਗੱਲ ਹੋਵੇਗੀ: “[ਯਹੋਵਾਹ] ਭਲਿਆਂ ਅਤੇ ਦੁਸ਼ਟਾਂ ਦੋਹਾਂ ਨੂੰ ਪਰਖਦਾ ਹੈ, ਉਹ ਹਿੰਸਾ ਪਰਸਤਾਂ ਨੂੰ ਦਿਲੋਂ ਘਿਰਣਾ ਕਰਦਾ ਹੈ।”—ਭਜਨ 11:5, ਪਵਿੱਤਰ ਬਾਈਬਲ ਨਵਾਂ ਅਨੁਵਾਦ।
ਕਸਰਤ ਕਰਨੀ ਕੋਈ ਮਾੜੀ ਗੱਲ ਨਹੀਂ ਹੈ। ਇਸ ਤੋਂ ਮਜ਼ਾ ਵੀ ਆ ਸਕਦਾ ਹੈ। ਪੌਲੁਸ ਰਸੂਲ ਨੇ ਕਿਹਾ ਸੀ: “ਸਰੀਰਕ ਅਭਿਆਸ ਦਾ ਕਿਸੇ ਹੱਦ ਤਕ ਲਾਭ ਹੈ।” (1 ਤਿਮੋਥਿਉਸ 4:7-10, ਨਵਾਂ ਅਨੁਵਾਦ) ਪੌਲੁਸ ਰਸੂਲ ਨੇ ਯੂਨਾਨੀ ਖੇਡਾਂ ਬਾਰੇ ਆਤਮ-ਸੰਜਮ ਅਤੇ ਧੀਰਜ ਵਰਗੇ ਗੁਣਾਂ ਦੀ ਅਹਿਮੀਅਤ ਦਰਸਾਉਣ ਲਈ ਗੱਲ ਕੀਤੀ ਸੀ। ਪੌਲੁਸ ਉਸ ਇਨਾਮ ਵੱਲ ਤਕ ਰਿਹਾ ਸੀ ਜੋ ਪਰਮੇਸ਼ੁਰ ਵੱਲੋਂ ਮਿਲਣਾ ਹੈ ਯਾਨੀ ਸਦਾ ਦੀ ਜ਼ਿੰਦਗੀ ਦਾ ਮੁਕਟ। (1 ਕੁਰਿੰਥੀਆਂ 9:24-27; 1 ਤਿਮੋਥਿਉਸ 6:12) ਇਸ ਦੇ ਸੰਬੰਧ ਵਿਚ ਉਸ ਨੇ ਸਾਡੇ ਲਈ ਇਕ ਵਧੀਆ ਮਿਸਾਲ ਕਾਇਮ ਕੀਤੀ।
[ਫੁਟਨੋਟ]
^ ਪੈਰਾ 4 ਯੂਨਾਨੀ ਸ਼ਬਦ ਨਾਈਕੀ ਦਾ ਮਤਲਬ “ਜਿੱਤ” ਹੈ।
[ਡੱਬੀ/ਸਫ਼ੇ 31 ਉੱਤੇ ਤਸਵੀਰ]
ਮੁੱਕੇਬਾਜ਼ ਆਰਾਮ ਕਰਦਾ ਹੈ
ਚੌਥੀ ਸਦੀ ਸਾ.ਯੁ.ਪੂ. ਦੀ ਇਸ ਕਾਂਸੀ ਦੀ ਮੂਰਤ ਤੋਂ ਪਤਾ ਲੱਗਦਾ ਹੈ ਕਿ ਉਨ੍ਹੀਂ ਦਿਨੀਂ ਮੁੱਕੇਬਾਜ਼ੀ ਕਿੰਨੀ ਖ਼ਤਰਨਾਕ ਸੀ। ਰੋਮੀ ਪ੍ਰਦਰਸ਼ਨੀ ਦੀ ਇਕ ਕਿਤਾਬ ਵਿਚ ਲਿਖਿਆ ਸੀ ਕਿ “ਜਦ ਮੁੱਕੇਬਾਜ਼ ਡਟ ਕੇ ਦੇਰ ਤਕ ਲੜਾਈ ਕਰਦਾ ਸੀ ਅਤੇ ‘ਘਸੁੰਨ ਦੇ ਵੱਟੇ ਘਸੁੰਨ’ ਮਾਰਦਾ ਸੀ,” ਤਾਂ ਇਹ ਵਧੀਆ ਸਮਝਿਆ ਜਾਂਦਾ ਸੀ ਅਤੇ ਹਰ ਬਾਜ਼ੀ ਲੜਨ ਤੋਂ ਬਾਅਦ ਨਵੇਂ ਜ਼ਖ਼ਮ ਪੁਰਾਣੇ ਜ਼ਖ਼ਮਾਂ ਨਾਲ ਮਿਲ-ਮੁੱਲ ਜਾਂਦੇ ਸਨ।
[ਸਫ਼ੇ 29 ਉੱਤੇ ਤਸਵੀਰ]
ਰਥ-ਦੌੜਾਂ ਨੂੰ ਸਭ ਤੋਂ ਵਧੀਆ ਮੁਕਾਬਲਾ ਸਮਝਿਆ ਜਾਂਦਾ ਸੀ
[ਸਫ਼ੇ 30 ਉੱਤੇ ਤਸਵੀਰ]
ਕਲਾਕਾਰਾਂ ਨੇ ਖੰਭਾਂ ਵਾਲੀ ਨਾਈਕੀ ਦੇਵੀ ਨੂੰ ਜੇਤੂ ਦੇ ਸਿਰ ਤੇ ਮੁਕਟ ਰੱਖਦਿਆਂ ਦਰਸਾਇਆ