ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਪਹਿਲਾ ਸਮੂਏਲ 19:12, 13 ਤੋਂ ਪਤਾ ਲੱਗਦਾ ਹੈ ਦਾਊਦ ਦੀ ਪਤਨੀ ਮੀਕਲ ਨੇ ਘਰ ਵਿਚ ਤਰਾਫ਼ੀਮ ਰੱਖਿਆ ਸੀ। ਯਹੋਵਾਹ ਦੇ ਵਫ਼ਾਦਾਰ ਸੇਵਕ ਦਾਊਦ ਨੇ ਇਸ ਦੀ ਇਜਾਜ਼ਤ ਕਿਉਂ ਦਿੱਤੀ ਸੀ?
ਆਓ ਪਹਿਲਾਂ ਆਪਾਂ ਇਸ ਹਵਾਲੇ ਦੇ ਆਲੇ-ਦੁਆਲੇ ਦੀ ਕਹਾਣੀ ਪਤਾ ਕਰੀਏ। ਗੱਲ ਇਸ ਤਰ੍ਹਾਂ ਹੋਈ ਕਿ ਜਦੋਂ ਦਾਊਦ ਦੀ ਪਤਨੀ ਨੂੰ ਪਤਾ ਲੱਗਿਆ ਕਿ ਰਾਜਾ ਸ਼ਾਊਲ ਦਾਊਦ ਨੂੰ ਜਾਨੋਂ ਮਾਰਨ ਦੀ ਸਾਜ਼ਸ਼ ਘੜ ਰਿਹਾ ਸੀ, ਤਾਂ ਉਸ ਨੇ ਜਲਦੀ ਹੀ ਕਦਮ ਚੁੱਕੇ। ਇਸ ਬਾਰੇ ਬਾਈਬਲ ਦੱਸਦੀ ਹੈ: “ਮੀਕਲ ਨੇ ਦਾਊਦ ਨੂੰ ਬਾਰੀ ਵਿੱਚੋਂ ਹੇਠਾਂ ਲਾਹ ਦਿੱਤਾ ਸੋ ਉਹ ਗਿਆ ਅਤੇ ਭੱਜ ਕੇ ਬਚ ਗਿਆ। ਤਦ ਮੀਕਲ ਨੇ ਇੱਕ ਘਰੇਲੂ ਬੁੱਤ ਲੈ ਕੇ [ਜੋ ਸ਼ਾਇਦ ਇਕ ਆਦਮੀ ਜਿੱਡਾ ਸੀ] ਮੰਜੇ ਉੱਤੇ ਲੰਮਾਂ ਪਾ ਛੱਡਿਆ ਅਤੇ ਬੱਕਰਿਆਂ ਦੇ ਚੰਮ ਦਾ ਸਿਰਹਾਣਾ ਬਣਾ ਕੇ ਉਹ ਦੀ ਸਿਰਹਾਂਦੀ ਧਰਿਆ ਅਤੇ ਕੱਪੜਾ ਉੱਤੇ ਤਾਣ ਦਿੱਤਾ।” ਜਦ ਸ਼ਾਊਲ ਦੇ ਬੰਦੇ ਦਾਊਦ ਨੂੰ ਫੜਨ ਲਈ ਆਏ, ਤਾਂ ਮੀਕਲ ਨੇ ਉਨ੍ਹਾਂ ਨੂੰ ਦੱਸਿਆ: “ਉਹ ਤਾਂ ਮਾਂਦਾ ਹੈ।” ਇਸ ਤਰ੍ਹਾਂ ਕਰਨ ਨਾਲ ਦਾਊਦ ਨੂੰ ਭੱਜਣ ਲਈ ਥੋੜ੍ਹਾ ਹੋਰ ਸਮਾਂ ਮਿਲਿਆ।—1 ਸਮੂਏਲ 19:11-16.
ਖੋਜਕਾਰਾਂ ਨੂੰ ਪਤਾ ਲੱਗਿਆ ਹੈ ਕਿ ਪੁਰਾਣੇ ਜ਼ਮਾਨੇ ਵਿਚ ਤਰਾਫ਼ੀਮ ਬੁੱਤ ਸਿਰਫ਼ ਪੂਜਾ ਲਈ ਹੀ ਨਹੀਂ, ਪਰ ਕਾਨੂੰਨੀ ਮਾਮਲਿਆਂ ਲਈ ਵੀ ਵਰਤੇ ਜਾਂਦੇ ਸਨ। ਅੱਜ, ਜਿਸ ਤਰ੍ਹਾਂ ਜਾਇਦਾਦ ਦੇ ਕਾਨੂੰਨੀ ਕਾਗਜ਼ਾਤ ਅਤੇ ਵਸੀਅਤਨਾਮੇ ਵਿਰਾਸਤ ਬਾਰੇ ਦੱਸਦੇ ਹਨ, ਉਨ੍ਹੀਂ ਦਿਨੀਂ ਇਹ ਬੁੱਤ ਵਿਰਾਸਤ ਦੇ ਮਾਮਲਿਆਂ ਵਿਚ ਵਰਤੇ ਜਾਂਦੇ ਸਨ। ਇਸ ਤਰ੍ਹਾਂ ਜੇ ਇਕ ਜਵਾਈ ਕੋਲ ਆਪਣੇ ਮਰੇ ਹੋਏ ਸੌਹਰੇ ਦੇ ਘਰੇਲੂ ਬੁੱਤ ਹੋਵੇ, ਤਾਂ ਉਹ ਉਸ ਦੀ ਜਾਇਦਾਦ ਉੱਤੇ ਆਪਣਾ ਹੱਕ ਜਮਾ ਸਕਦਾ ਸੀ। ਸ਼ਾਇਦ ਇਸ ਕਰਕੇ ਹੀ ਰਾਖੇਲ ਨੇ ਵੀ ਆਪਣੇ ਪਿਤਾ ਦੇ ਘਰੇਲੂ ਬੁੱਤ ਚੁੱਕੇ ਸਨ ਅਤੇ ਅਸੀਂ ਸਮਝ ਸਕਦੇ ਹਾਂ ਕਿ ਉਨ੍ਹਾਂ ਨੂੰ ਵਾਪਸ ਲੈਣ ਲਈ ਉਸ ਦੇ ਪਿਤਾ ਨੂੰ ਇੰਨੀ ਚਿੰਤਾ ਕਿਉਂ ਸੀ। ਉਸ ਵਾਰ ਰਾਖੇਲ ਦਾ ਪਤੀ ਯਾਕੂਬ ਆਪਣੀ ਪਤਨੀ ਦੇ ਇਸ ਕੰਮ ਤੋਂ ਅਣਜਾਣ ਸੀ।—ਉਤਪਤ 31:14-34.
ਜਦੋਂ ਇਸਰਾਏਲੀ ਇਕ ਕੌਮ ਬਣੇ ਸਨ, ਤਾਂ ਉਨ੍ਹਾਂ ਨੂੰ ਦਸ ਹੁਕਮ ਮਿਲੇ ਸਨ। ਦੂਜੇ ਹੁਕਮ ਨੇ ਉਨ੍ਹਾਂ ਨੂੰ ਬੁੱਤ ਬਣਾਉਣ ਤੋਂ ਮਨ੍ਹਾ ਕੀਤਾ ਸੀ। (ਕੂਚ 20:4, 5) ਬਾਅਦ ਵਿਚ ਸਮੂਏਲ ਨਬੀ ਨੇ ਰਾਜਾ ਸ਼ਾਊਲ ਨਾਲ ਗੱਲ ਕਰਦੇ ਹੋਏ ਇਸ ਹੁਕਮ ਵੱਲ ਇਸ਼ਾਰਾ ਕੀਤਾ ਸੀ। ਉਸ ਨੇ ਕਿਹਾ: “ਬਗਾਵਤ ਅਤੇ ਜਾਦੂਗਰੀ ਦਾ ਪਾਪ ਇੱਕੋ ਜਿਹਾ ਹੈ, ਅਤੇ ਖਚਰਊ ਅਤੇ ਬਦੀ ਅਤੇ ਮੂਰਤੀ ਪੂਜਾ [ਜਾਂ ਤਰਾਫ਼ੀਮ] ਇੱਕੋ ਜਿਹੀ ਹੈ।” (1 ਸਮੂਏਲ 15:23) ਇਸ ਲਈ ਲੱਗਦਾ ਹੈ ਕਿ ਇਸਰਾਏਲ ਵਿਚ ਘਰੇਲੂ ਬੁੱਤ ਵਿਰਸਾ ਜਾਂ ਜਾਇਦਾਦ ਦਰਸਾਉਣ ਲਈ ਨਹੀਂ ਵਰਤੇ ਜਾਂਦੇ ਸਨ। ਫਿਰ ਵੀ, ਇਸਰਾਏਲ ਦੇ ਕੁਝ ਘਰਾਣਿਆਂ ਨੇ ਵਹਿਮ ਕਰਦੇ ਹੋਏ ਇਸ ਪੁਰਾਣੀ ਰੀਤ ਨੂੰ ਜਾਰੀ ਰੱਖਿਆ। (ਨਿਆਈਆਂ 17:5, 6; 2 ਰਾਜਿਆਂ 23:24) ਇਸ ਗੱਲ ਤੋਂ ਕੀ ਪਤਾ ਲੱਗਦਾ ਹੈ ਕਿ ਮੀਕਲ ਨੇ ਆਪਣੇ ਸਾਮਾਨ ਦੇ ਨਾਲ ਘਰੇਲੂ ਬੁੱਤ ਰੱਖਿਆ ਸੀ? ਸ਼ਾਇਦ ਉਸ ਦਾ ਦਿਲ ਪੂਰੀ ਤਰ੍ਹਾਂ ਯਹੋਵਾਹ ਵੱਲ ਨਹੀਂ ਸੀ। ਦਾਊਦ ਨੂੰ ਜਾਂ ਤਾਂ ਇਸ ਬੁੱਤ ਬਾਰੇ ਪਤਾ ਨਹੀਂ ਸੀ ਜਾਂ ਉਹ ਇਸ ਗੱਲ ਨੂੰ ਬਰਦਾਸ਼ਤ ਕਰ ਰਿਹਾ ਸੀ ਕਿਉਂਕਿ ਮੀਕਲ ਰਾਜਾ ਸ਼ਾਊਲ ਦੀ ਧੀ ਸੀ।
ਦਾਊਦ ਦਾ ਯਹੋਵਾਹ ਦੀ ਭਗਤੀ ਕਰਨ ਬਾਰੇ ਕੀ ਖ਼ਿਆਲ ਸੀ? ਉਸ ਦੇ ਇਹ ਸ਼ਬਦ ਉਸ ਦੀ ਲਗਨ ਜ਼ਾਹਰ ਕਰਦੇ ਹਨ: “ਯਹੋਵਾਹ ਮਹਾਨ ਤੇ ਅੱਤ ਉਸਤਤ ਜੋਗ ਹੈ, ਉਹ ਸਾਰੇ ਦੇਵਤਿਆਂ ਨਾਲੋਂ ਭੈ ਦਾਇਕ ਹੈ। ਲੋਕਾਂ ਦੇ ਸਾਰੇ ਦੇਵਤੇ ਬੁੱਤ ਹੀ ਹਨ, ਪਰ ਯਹੋਵਾਹ ਨੇ ਅਕਾਸ਼ ਬਣਾਏ।”—1 ਇਤਹਾਸ 16:25, 26.
[ਸਫ਼ੇ 29 ਉੱਤੇ ਤਸਵੀਰ]
ਦਸਾਂ ਵਿੱਚੋਂ ਦੂਜੇ ਹੁਕਮ ਨੇ ਇੱਥੇ ਦਿਖਾਏ ਗਏ ਤਰਾਫ਼ੀਮ ਬੁੱਤ ਵਰਗੇ ਘਰੇਲੂ ਬੁੱਤਾਂ ਨੂੰ ਬਣਾਉਣਾ ਮਨ੍ਹਾ ਕੀਤਾ ਸੀ
[ਕ੍ਰੈਡਿਟ ਲਾਈਨ]
From the book The Holy Land, Vol. II, 1859