ਕਿਹੜੀ ਸਰਕਾਰ ਦੁਨੀਆਂ ਦੀ ਹਾਲਤ ਸੁਧਾਰੇਗੀ?
ਕਿਹੜੀ ਸਰਕਾਰ ਦੁਨੀਆਂ ਦੀ ਹਾਲਤ ਸੁਧਾਰੇਗੀ?
“ਅੱਜ-ਕੱਲ੍ਹ ਸਾਰੇ ਦੇਸ਼ ਇਕ-ਦੂਜੇ ਤੇ ਇੰਨਾ ਨਿਰਭਰ ਕਰਦੇ ਹਨ ਕਿ ਸੰਸਾਰ ਵਿਚ ਨਵੇਂ ਤੋਂ ਨਵੇਂ ਮਸਲੇ ਖੜ੍ਹੇ ਹੁੰਦੇ ਜਾ ਰਹੇ ਹਨ ਜਿਨ੍ਹਾਂ ਨੂੰ ਉਹ ਦੂਸਰਿਆਂ ਦੇਸ਼ਾਂ ਦੀ ਮਦਦ ਤੋਂ ਬਿਨਾਂ ਹੱਲ ਨਹੀਂ ਕਰ ਸਕਦੇ। ਇਨ੍ਹਾਂ ਖ਼ਤਰਿਆਂ ਤੇ ਸਮੱਸਿਆਵਾਂ ਦਾ ਕਾਮਯਾਬੀ ਨਾਲ ਸਾਮ੍ਹਣਾ ਕਰਨ ਵਾਸਤੇ ਪੂਰੀ ਦੁਨੀਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ।”—ਗ਼ੁਲਾਮ ਉਮਰ, ਪਾਕਿਸਤਾਨੀ ਸਿਆਸੀ ਵਿਸ਼ਲੇਸ਼ਕ।
ਇਹ ਦੁਨੀਆਂ ਵੀ ਕਿੰਨੀ ਅਜੀਬ ਹੈ! ਇਕ ਪਾਸੇ ਇੰਨੀ ਅਮੀਰੀ ਹੈ ਤੇ ਦੂਜੇ ਪਾਸੇ ਲੋਕੀ ਆਪਣਾ ਗੁਜ਼ਾਰਾ ਮਸਾਂ ਤੋਰ ਰਹੇ ਹਨ। ਅੱਜ-ਕੱਲ੍ਹ ਲੋਕ ਪੜ੍ਹ-ਲਿਖ ਕੇ ਬਹੁਤ ਤਰੱਕੀ ਕਰ ਗਏ ਹਨ, ਪਰ ਫਿਰ ਵੀ ਕਈਆਂ ਲਈ ਪੱਕੀ ਨੌਕਰੀ ਲੱਭਣੀ ਮੁਸ਼ਕਲ ਹੈ। ਪਹਿਲਾਂ ਨਾਲੋਂ ਅੱਜ ਕਿਤੇ ਜ਼ਿਆਦਾ ਆਜ਼ਾਦੀ ਮਿਲਣ ਦੇ ਬਾਵਜੂਦ ਲੋਕ ਡਰ-ਡਰ ਕੇ ਰਹਿੰਦੇ ਹਨ ਤੇ ਉਨ੍ਹਾਂ ਨੂੰ ਕੱਲ੍ਹ ਦਾ ਕੋਈ ਭਰੋਸਾ ਨਹੀਂ ਹੈ। ਸਾਨੂੰ ਹਰ ਪਾਸੇ ਭਾਵੇਂ ਅੱਗੇ ਵਧਣ ਦੇ ਮੌਕੇ ਨਜ਼ਰ ਆਉਂਦੇ ਹਨ, ਪਰ ਇਸ ਦੇ ਨਾਲ-ਨਾਲ ਹਰ ਪਾਸੇ ਭ੍ਰਿਸ਼ਟਾਚਾਰੀ ਵੀ ਵਧਦੀ ਜਾ ਰਹੀ ਹੈ।
ਦੁਨੀਆਂ ਵਿਚ ਅੱਜ ਇੰਨੇ ਵੱਡੇ-ਵੱਡੇ ਮਸਲੇ ਖੜ੍ਹੇ ਹਨ ਕਿ ਕੋਈ ਇਕ ਕੌਮ ਜਾਂ ਕੁਝ ਕੌਮਾਂ ਮਿਲ ਕੇ ਇਨ੍ਹਾਂ ਮਸਲਿਆਂ ਨੂੰ ਹੱਲ ਨਹੀਂ ਕਰ ਸਕਦੀਆਂ। ਇਸ ਕਰਕੇ ਕਈਆਂ ਨੇ ਕਿਹਾ ਹੈ ਕਿ ਸੰਸਾਰ ਭਰ ਵਿਚ ਸ਼ਾਂਤੀ ਤੇ ਸੁਰੱਖਿਆ ਸਿਰਫ਼ ਤਦ ਹੀ ਆ ਸਕਦੀ ਹੈ ਜੇ ਸਾਰੀਆਂ ਕੌਮਾਂ ਇਕ ਸਰਕਾਰ ਅਧੀਨ ਇਕਮੁੱਠ ਹੋਣ। ਮਿਸਾਲ ਲਈ ਮਸ਼ਹੂਰ ਵਿਗਿਆਨੀ ਐਲਬਰਟ ਆਇਨਸਟਾਈਨ ਦਾ ਵੀ ਇਹੋ ਖ਼ਿਆਲ ਸੀ। ਉਸ ਨੇ 1946 ਵਿਚ ਕਿਹਾ: “ਮੈਨੂੰ ਪੂਰਾ ਯਕੀਨ ਹੈ ਕਿ ਦੁਨੀਆਂ ਦੇ ਜ਼ਿਆਦਾਤਰ ਲੋਕ ਸ਼ਾਂਤੀ ਤੇ ਸੁਰੱਖਿਆ ਵਿਚ ਰਹਿਣਾ ਪਸੰਦ ਕਰਨਗੇ। . . . ਲੋਕਾਂ ਦੀ ਇਹ ਖ਼ਾਹਸ਼ ਸਿਰਫ਼ ਤਦ ਪੂਰੀ ਹੋਵੇਗੀ ਜਦ ਸੰਸਾਰ ਭਰ ਵਿਚ ਇੱਕੋ ਸਰਕਾਰ ਸਥਾਪਿਤ ਕੀਤੀ ਜਾਵੇਗੀ।”
ਪੰਜਾਹ ਸਾਲ ਬੀਤ ਜਾਣ ਦੇ ਬਾਵਜੂਦ ਵੀ ਲੋਕਾਂ ਦੀ ਇਹ ਖ਼ਾਹਸ਼ ਪੂਰੀ ਨਹੀਂ ਹੋਈ। ਫਰਾਂਸ ਦੇ ਅਖ਼ਬਾਰ ਲ ਮੌਂਡ ਵਿਚ 21ਵੀਂ ਸਦੀ ਦੇ ਮਸਲਿਆਂ ਬਾਰੇ ਇਹ ਟਿੱਪਣੀ ਕੀਤੀ ਗਈ ਸੀ: “ਇਕ ਅੰਤਰਰਾਸ਼ਟਰੀ ਸਰਕਾਰ ਸਥਾਪਿਤ ਕਰਨ ਵਾਸਤੇ ਜ਼ਰੂਰੀ ਹੈ ਕਿ ਉਸ ਦੇ ਅਦਾਲਤੀ, ਪ੍ਰਬੰਧਕੀ ਅਤੇ ਸੰਵਿਧਾਨਕ ਕਾਨੂੰਨ ਅਜਿਹੇ ਹੋਣ ਕਿ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਨਸਲੀ ਕਤਲਾਮ ਹੋਣ ਤੇ ਉਹ ਦਖ਼ਲ ਦੇ ਸਕੇ। ਇਹ ਵੀ ਜ਼ਰੂਰੀ ਹੈ ਕਿ ਸਾਰੀ ਦੁਨੀਆਂ ਨੂੰ ਇਕ ਮੁਲਕ ਸਮਝਿਆ ਜਾਵੇ।” ਇਸ ਤਰ੍ਹਾਂ ਕਰਨ ਦੀ ਤਾਕਤ ਕਿਸ ਕੋਲ ਹੈ? ਦੁਨੀਆਂ ਦੇ ਭਵਿੱਖ ਨੂੰ ਕੌਣ ਸਵਾਰ ਸਕਦਾ ਹੈ?
ਕੀ ਸੰਯੁਕਤ ਰਾਸ਼ਟਰ-ਸੰਘ ਏਕਤਾ ਲਿਆ ਸਕਦਾ ਹੈ?
ਦੁਨੀਆਂ ਵਿਚ ਸ਼ਾਂਤੀ ਲਿਆਉਣ ਲਈ ਕਈਆਂ ਨੇ ਸੰਯੁਕਤ ਰਾਸ਼ਟਰ-ਸੰਘ (ਯੂ.ਐੱਨ.) ਉੱਤੇ ਆਸ ਲਾਈ ਹੋਈ ਹੈ। ਕੀ ਯੂ.ਐੱਨ. ਅਜਿਹੀ ਸਰਕਾਰ ਹੈ ਜੋ ਸੰਸਾਰ ਭਰ ਵਿਚ ਅਮਨ-ਚੈਨ ਕਾਇਮ ਕਰ ਸਕੇਗੀ? ਇਸ ਤਰ੍ਹਾਂ ਸੋਚਣ ਵਾਲੇ ਕਈ ਹਨ। ਯੂ.ਐੱਨ. ਵੀ ਵੱਡੇ-ਵੱਡੇ ਵਾਅਦੇ ਕਰਦਾ ਹੈ। ਮਿਸਾਲ ਲਈ, ਸਾਲ 2000 ਵਿਚ ਯੂ.ਐੱਨ. ਜਨਰਲ ਅਸੈਂਬਲੀ ਨੇ ਇਹ ਵਾਅਦਾ ਕੀਤਾ: “ਅਸੀਂ ਘਰੇਲੂ ਅਤੇ ਕੌਮੀ ਜੰਗਾਂ ਦੀਆਂ ਤਕਲੀਫ਼ਾਂ ਤੋਂ ਆਪਣੇ ਲੋਕਾਂ ਨੂੰ ਬਚਾਉਣ ਲਈ ਹਰ ਸੰਭਵ ਕਦਮ ਚੁੱਕਾਂਗੇ ਕਿਉਂਕਿ ਪਿੱਛਲੇ ਦਸਾਂ ਸਾਲਾਂ ਵਿਚ
50 ਲੱਖ ਤੋਂ ਜ਼ਿਆਦਾ ਲੋਕ ਇਨ੍ਹਾਂ ਜੰਗਾਂ ਵਿਚ ਆਪਣੀਆਂ ਜਾਨਾਂ ਗੁਆ ਚੁੱਕੇ ਹਨ।” ਅਜਿਹਿਆਂ ਐਲਾਨਾਂ ਕਰਕੇ ਸਾਰੀ ਦੁਨੀਆਂ ਵਿਚ ਯੂ.ਐੱਨ. ਦੀ ਬੱਲੇ-ਬੱਲੇ ਹੋਈ ਤੇ ਨਾਲ ਹੀ ਸ਼ਾਂਤੀ ਕਾਇਮ ਕਰਨ ਦੇ ਜਤਨਾਂ ਕਰਕੇ ਇਸ ਨੂੰ ਸਾਲ 2001 ਵਿਚ ਨੋਬਲ ਪੁਰਸਕਾਰ ਵੀ ਦਿੱਤਾ ਗਿਆ। ਨਾਰਵੇ ਦੀ ਨੋਬਲ ਪੁਰਸਕਾਰ ਕਮੇਟੀ ਨੇ ਯੂ.ਐੱਨ. ਦੀ ਵਡਿਆਈ ਕਰਦੇ ਹੋਏ ਕਿਹਾ ਕਿ “ਦੁਨੀਆਂ ਭਰ ਵਿਚ ਅਮਨ-ਚੈਨ ਅਤੇ ਏਕਤਾ ਸਿਰਫ਼ ਯੂ.ਐੱਨ. ਹੀ ਕਾਇਮ ਕਰ ਸਕਦਾ ਹੈ।”ਪਰ ਕੀ 1945 ਵਿਚ ਸਥਾਪਿਤ ਕੀਤਾ ਗਿਆ ਯੂ.ਐੱਨ. ਦੁਨੀਆਂ ਦੇ ਹਾਲਾਤ ਸੁਧਾਰ ਸਕਿਆ ਹੈ? ਨਹੀਂ, ਕਿਉਂਕਿ ਯੂ.ਐੱਨ. ਦੇ ਮੈਂਬਰ ਦੇਸ਼ ਆਪਣੇ ਦੇਸ਼ ਦੀ ਤਰੱਕੀ ਬਾਰੇ ਹੀ ਸੋਚਦੇ ਹਨ ਜਿਸ ਕਰਕੇ ਅਮਨ-ਚੈਨ ਦੇ ਕਈ ਜਤਨ ਅਸਫ਼ਲ ਹੋਏ ਹਨ। ਇਕ ਅਖ਼ਬਾਰ ਦੇ ਸੰਪਾਦਕ ਨੇ ਕਿਹਾ ਕਿ ਲੋਕਾਂ ਦੇ ਮਨਾਂ ਵਿਚ ਯੂ.ਐੱਨ. ਇਕ ਸਰਕਾਰ ਹੋਣ ਦੀ ਬਜਾਇ ਆਪਣੇ ਮੈਂਬਰ ਦੇਸ਼ਾਂ ਦੇ ਵੱਖੋ-ਵੱਖਰੇ ਖ਼ਿਆਲਾਂ ਨੂੰ ਪੇਸ਼ ਕਰਨ ਵਾਲੀ ਇਕ ਸੰਸਥਾ ਹੈ ਅਤੇ ‘ਇਸ ਦਾ ਏਜੰਡਾ ਅਜਿਹੇ ਮਸਲਿਆਂ ਨਾਲ ਭਰਿਆ ਹੋਇਆ ਹੈ ਜਿਨ੍ਹਾਂ ਤੇ ਕਈਆਂ ਸਾਲਾਂ ਤੋਂ ਬਹਿਸ ਹੋਣ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲਿਆ ਹੈ।’ ਇਸ ਸਵਾਲ ਦਾ ਅਜੇ ਵੀ ਕੋਈ ਜਵਾਬ ਨਹੀਂ ਮਿਲਿਆ: ਕੀ ਦੁਨੀਆਂ ਦੀਆਂ ਕੌਮਾਂ ਕਦੇ ਇਕਮੁੱਠ ਹੋਣਗੀਆਂ?
ਬਾਈਬਲ ਵਿਚ ਦੱਸਿਆ ਗਿਆ ਹੈ ਕਿ ਅਜਿਹੀ ਏਕਤਾ ਜਲਦੀ ਹੀ ਹੋਵੇਗੀ। ਇਹ ਕਿਸ ਤਰ੍ਹਾਂ ਹੋਵੇਗੀ? ਕਿਹੜੀ ਸਰਕਾਰ ਏਕਤਾ ਕਾਇਮ ਕਰੇਗੀ? ਅਗਲਾ ਲੇਖ ਪੜ੍ਹ ਕੇ ਇਨ੍ਹਾਂ ਸਵਾਲਾਂ ਦੇ ਜਵਾਬ ਜਾਣੋ।
[ਸਫ਼ੇ 3 ਉੱਤੇ ਤਸਵੀਰ]
ਆਇਨਸਟਾਈਨ ਮੰਨਦਾ ਸੀ ਕਿ ਸੰਸਾਰ ਭਰ ਵਿਚ ਇੱਕੋ ਸਰਕਾਰ ਹੋਣੀ ਚਾਹੀਦੀ ਹੈ
[ਕ੍ਰੈਡਿਟ ਲਾਈਨ]
Einstein: U.S. National Archives photo