Skip to content

Skip to table of contents

“ਸਮੁੰਦਰਾਂ ਦੀ ਵਾਫ਼ਰੀ”

“ਸਮੁੰਦਰਾਂ ਦੀ ਵਾਫ਼ਰੀ”

ਪਰਮੇਸ਼ੁਰ ਦੀ ਸ੍ਰਿਸ਼ਟੀ ਦੀ ਸ਼ਾਨ

“ਸਮੁੰਦਰਾਂ ਦੀ ਵਾਫ਼ਰੀ”

ਢਲ਼ਦੀ ਸ਼ਾਮ ਨੂੰ ਹਲਕੀ-ਹਲਕੀ ਹਵਾ ਸਮੁੰਦਰ ਦੇ ਪਾਣੀ ਨੂੰ ਛੂਹ ਕੇ ਲਹਿਰਾਂ ਪੈਦਾ ਕਰਦੀ ਹੈ ਜੋ ਹੌਲੀ-ਹੌਲੀ ਕੰਢੇ ਨਾਲ ਜਾ ਟਕਰਾਉਂਦੀਆਂ ਹਨ। ਲਹਿਰਾਂ ਦੀ ਮਨਮੋਹਕ ਆਵਾਜ਼ ਸੁਣ ਕੇ ਕਈਆਂ ਲੋਕਾਂ ਦਾ ਦਿਲ ਕੀਲਿਆ ਜਾਂਦਾ ਹੈ ਜੋ ਆਰਾਮ ਤੇ ਸਕੂਨ ਪਾਉਣ ਲਈ ਸਮੁੰਦਰੀ ਕਿਨਾਰੇ ਤੇ ਆਉਂਦੇ ਹਨ। *

ਦੁਨੀਆਂ ਭਰ ਵਿਚ ਹਜ਼ਾਰਾਂ ਮੀਲਾਂ ਤਕ ਫੈਲੇ ਸਮੁੰਦਰੀ ਕਿਨਾਰੇ ਸਮੁੰਦਰ ਨੂੰ ਆਪਣੇ ਕੰਢਿਆਂ ਤੋਂ ਬਾਹਰ ਆਉਣ ਤੋਂ ਰੋਕੀ ਰੱਖਦੇ ਹਨ। ਸਿਰਜਣਹਾਰ ਨੇ ਹੀ ਸਮੁੰਦਰ ਦੀ ਇਹ ਹੱਦ ਠਹਿਰਾਈ ਸੀ। ਪਰਮੇਸ਼ੁਰ ਆਪਣੇ ਬਾਰੇ ਦੱਸਦਾ ਹੋਇਆ ਕਹਿੰਦਾ ਹੈ ਕਿ ਉਸ ਨੇ “ਰੇਤ ਨੂੰ ਸਮੁੰਦਰ ਦੇ ਬੰਨੇ ਉੱਤੇ . . . ਰੱਖਿਆ ਹੈ।” ਉਹ ਅੱਗੇ ਕਹਿੰਦਾ ਹੈ: “ਭਾਵੇਂ ਉਹ ਦੀਆਂ ਲਹਿਰਾਂ ਉੱਛਲਣ ਪਰ ਉਹ ਨੂੰ ਦਬਾ ਨਹੀਂ ਸੱਕਦੀਆਂ, ਭਾਵੇਂ ਓਹ ਗੱਜਣ ਪਰ ਉਸ ਤੋਂ ਲੰਘ ਨਹੀਂ ਸੱਕਦੀਆਂ।”—ਯਿਰਮਿਯਾਹ 5:22; ਅੱਯੂਬ 38:8; ਜ਼ਬੂਰਾਂ ਦੀ ਪੋਥੀ 33:7.

ਸੂਰਜ ਪਰਿਵਾਰ ਵਿਚ ਧਰਤੀ ਹੀ ਇਕ ਅਜਿਹਾ ਗ੍ਰਹਿ ਹੈ ਜਿਸ ਦਾ ਜ਼ਿਆਦਾਤਰ ਹਿੱਸਾ ਪਾਣੀ ਨਾਲ ਢਕਿਆ ਹੋਇਆ ਹੈ। ਧਰਤੀ ਦੇ ਲਗਭਗ 70 ਪ੍ਰਤਿਸ਼ਤ ਤੋਂ ਜ਼ਿਆਦਾ ਭਾਗ ਉੱਤੇ ਪਾਣੀ ਹੈ। ਜਦੋਂ ਯਹੋਵਾਹ ਇਨਸਾਨਾਂ ਦੇ ਰਹਿਣ ਲਈ ਧਰਤੀ ਨੂੰ ਬਣਾ ਰਿਹਾ ਸੀ, ਤਾਂ ਉਸ ਨੇ ਹੁਕਮ ਦਿੱਤਾ: “ਅਕਾਸ਼ ਦੇ ਹੇਠਲੇ ਪਾਣੀ ਇੱਕ ਥਾਂ ਇਕੱਠੇ ਹੋ ਜਾਣ ਤਾਂਜੋ ਖੁਸ਼ਕੀ ਦਿੱਸ ਪਵੇ ਅਤੇ ਓਵੇਂ ਹੀ ਹੋ ਗਿਆ।” ਬਿਰਤਾਂਤ ਵਿਚ ਅੱਗੇ ਲਿਖਿਆ ਹੈ: “ਪਰਮੇਸ਼ੁਰ ਨੇ ਖੁਸ਼ਕੀ ਨੂੰ ਧਰਤੀ ਆਖਿਆ ਅਤੇ ਪਾਣੀਆਂ ਦੇ ਇਕੱਠ ਨੂੰ ਸਮੁੰਦਰ ਆਖਿਆ ਅਤੇ ਪਰਮੇਸ਼ੁਰ ਨੇ ਡਿੱਠਾ ਭਈ ਚੰਗਾ ਹੈ।” (ਉਤਪਤ 1:9, 10) ਸਮੁੰਦਰਾਂ ਨੂੰ ਕਿਸ ਮਕਸਦ ਨਾਲ ਬਣਾਇਆ ਗਿਆ ਸੀ?

ਸਮੁੰਦਰਾਂ ਦਾ ਪਾਣੀ ਕਈ ਤਰੀਕਿਆਂ ਨਾਲ ਜੀਵਨ ਨੂੰ ਬਰਕਰਾਰ ਰੱਖਣ ਲਈ ਬਣਾਇਆ ਗਿਆ ਸੀ। ਮਿਸਾਲ ਲਈ, ਪਾਣੀ ਆਪਣੇ ਵਿਚ ਗਰਮੀ ਸਾਂਭੀ ਰੱਖਣ ਦੀ ਸਮਰਥਾ ਰੱਖਦਾ ਹੈ। ਇਸ ਤਰ੍ਹਾਂ ਇਹ ਗਰਮੀ ਦੇ ਇਕ ਵੱਡੇ ਭੰਡਾਰ ਵਜੋਂ ਕੰਮ ਕਰਦਾ ਹੈ ਜੋ ਸਰਦੀਆਂ ਵਿਚ ਤਾਪਮਾਨ ਨੂੰ ਬਹੁਤ ਜ਼ਿਆਦਾ ਘੱਟਣ ਤੋਂ ਰੋਕਦਾ ਹੈ।

ਜ਼ਿੰਦਗੀ ਬਰਕਰਾਰ ਰੱਖਣ ਲਈ ਪਾਣੀ ਵਿਚ ਇਕ ਹੋਰ ਖੂਬੀ ਵੀ ਹੈ। ਸਾਰੇ ਤਰਲ ਪਦਾਰਥਾਂ ਵਿੱਚੋਂ ਪਾਣੀ ਹੀ ਇਕ ਅਜਿਹਾ ਤਰਲ ਹੈ ਜਿਸ ਵਿਚ ਦੂਸਰੀਆਂ ਚੀਜ਼ਾਂ ਆਸਾਨੀ ਨਾਲ ਘੁਲ ਜਾਂਦੀਆਂ ਹਨ। ਜੀਵਨ ਦੀਆਂ ਪ੍ਰਕ੍ਰਿਆਵਾਂ ਰਸਾਇਣਕ ਕ੍ਰਿਆਵਾਂ ਉੱਤੇ ਨਿਰਭਰ ਕਰਦੀਆਂ ਹਨ, ਇਸ ਲਈ ਰਸਾਇਣਕ ਤੱਤਾਂ ਨੂੰ ਘੋਲਣ ਲਈ ਪਾਣੀ ਹੋਣਾ ਬਹੁਤ ਜ਼ਰੂਰੀ ਹੈ ਤਾਂਕਿ ਤੱਤਾਂ ਦੇ ਅਣੂ ਆਪਸ ਵਿਚ ਕਿਰਿਆ ਕਰ ਕੇ ਯੌਗਿਕ ਬਣਾ ਸਕਣ। ਜੀਉਂਦੇ ਟਿਸ਼ੂਆਂ ਵਿਚ ਪਾਏ ਜਾਂਦੇ ਬਹੁਤ ਸਾਰੇ ਰਸਾਇਣਕ ਯੌਗਿਕਾਂ ਵਿਚ ਪਾਣੀ ਹੁੰਦਾ ਹੈ। ਸਮੁੰਦਰ ਕਿਤਾਬ (ਅੰਗ੍ਰੇਜ਼ੀ) ਵਿਚ ਲਿਖਿਆ ਹੈ: “ਹਰ ਜੀਉਂਦੇ ਪ੍ਰਾਣੀ ਲਈ ਪਾਣੀ ਲੋੜੀਂਦਾ ਹੈ, ਧਰਤੀ ਉਤਲੇ ਪੌਦਿਆਂ ਅਤੇ ਜਾਨਵਰਾਂ ਲਈ ਵੀ। ਅਤੇ ਇਹ ਪਾਣੀ ਸਮੁੰਦਰਾਂ ਵਿੱਚੋਂ ਹੀ ਆਉਂਦਾ ਹੈ।”

ਸਮੁੰਦਰ ਵਾਤਾਵਰਣ ਨੂੰ ਸ਼ੁੱਧ ਰੱਖਣ ਵਿਚ ਵੀ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਛੋਟੇ-ਛੋਟੇ ਸਮੁੰਦਰੀ ਜੀਵ (ਪਲੈਂਕਟਨ) ਕਾਰਬਨ ਡਾਇਆਕਸਾਈਡ ਨੂੰ ਸੋਖ ਲੈਂਦੇ ਹਨ ਤੇ ਆਕਸੀਜਨ ਛੱਡਦੇ ਹਨ। ਇਕ ਖੋਜਕਾਰ ਦਾ ਕਹਿਣਾ ਹੈ ਕਿ “ਹਰ ਸਾਲ ਵਾਤਾਵਰਣ ਵਿਚ ਛੱਡੀ ਜਾਂਦੀ 70 ਪ੍ਰਤਿਸ਼ਤ ਆਕਸੀਜਨ ਸਮੁੰਦਰੀ ਪਲੈਂਕਟਨ ਤੋਂ ਆਉਂਦੀ ਹੈ।”

ਰੋਗਾਂ ਦੇ ਇਲਾਜ ਲਈ ਸਮੁੰਦਰਾਂ ਤੋਂ ਕੁਦਰਤੀ ਦਵਾਈਆਂ ਵੀ ਮਿਲਦੀਆਂ ਹਨ। ਸਦੀਆਂ ਤੋਂ ਮੱਛੀਆਂ ਤੋਂ ਕਈ ਕਿਸਮ ਦੀਆਂ ਦਵਾਈਆਂ ਬਣਾਈਆਂ ਜਾਂਦੀਆਂ ਹਨ। ਲੋਕ ਕਾਡ ਮੱਛੀ ਦੇ ਜਿਗਰ ਦੇ ਤੇਲ ਨੂੰ ਚਿਰਾਂ ਤੋਂ ਵਰਤ ਰਹੇ ਹਨ। ਹਾਲ ਹੀ ਵਿਚ ਮੱਛੀਆਂ ਅਤੇ ਦੂਸਰੇ ਸਮੁੰਦਰੀ ਜੀਵਾਂ ਤੋਂ ਪ੍ਰਾਪਤ ਰਸਾਇਣਾਂ ਨੂੰ ਦਮੇ, ਵਾਇਰਲ ਇਨਫੈਕਸ਼ਨਾਂ ਤੇ ਕੈਂਸਰ ਦੇ ਇਲਾਜ ਲਈ ਵਰਤਿਆ ਜਾਣ ਲੱਗਾ ਹੈ।

ਖੋਜਕਾਰਾਂ ਨੇ ਸਮੁੰਦਰਾਂ ਤੋਂ ਪ੍ਰਾਪਤ ਹੁੰਦੀਆਂ ਚੀਜ਼ਾਂ ਤੇ ਲਾਭਾਂ ਦੀ ਕੀਮਤ ਦਾ ਅੰਦਾਜ਼ਾ ਲਾਉਣ ਦੇ ਜਤਨ ਕੀਤੇ ਹਨ। ਹਾਲਾਂਕਿ ਸਹੀ-ਸਹੀ ਅੰਦਾਜ਼ਾ ਲਾਉਣਾ ਮੁਸ਼ਕਲ ਹੈ, ਫਿਰ ਵੀ ਖੋਜਕਾਰ ਕਹਿੰਦੇ ਹਨ ਕਿ ਧਰਤੀ ਦੇ ਵਾਤਾਵਰਣ ਤੋਂ ਮਿਲਣ ਵਾਲੀਆਂ ਸਹੂਲਤਾਂ ਦਾ ਲਗਭਗ ਦੋ-ਤਿਹਾਈ ਹਿੱਸਾ ਸਮੁੰਦਰਾਂ ਤੋਂ ਹਾਸਲ ਹੁੰਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸਮੁੰਦਰਾਂ ਨੂੰ ਕਿਸੇ ਮਕਸਦ ਲਈ ਬਣਾਇਆ ਗਿਆ ਸੀ। ਜੀ ਹਾਂ, ਸਮੁੰਦਰਾਂ ਨੂੰ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਦੇ ਮਕਸਦ ਨਾਲ ਬਣਾਇਆ ਗਿਆ ਸੀ। ਇਸੇ ਲਈ ਬਾਈਬਲ “ਸਮੁੰਦਰਾਂ ਦੀ ਵਾਫ਼ਰੀ” ਯਾਨੀ ਸਮੁੰਦਰੀ ਚੀਜ਼ਾਂ ਦੇ ਭੰਡਾਰ ਬਾਰੇ ਗੱਲ ਕਰਦੀ ਹੈ!—ਬਿਵਸਥਾ ਸਾਰ 33:19.

ਯਹੋਵਾਹ ਹੀ ਇਸ ਭੰਡਾਰ ਦਾ ਮਹਾਨ ਸਿਰਜਣਹਾਰ ਹੈ। ਨਹਮਯਾਹ ਇਨ੍ਹਾਂ ਸ਼ਬਦਾਂ ਨਾਲ ਪਰਮੇਸ਼ੁਰ ਦੀ ਮਹਿਮਾ ਕਰਨ ਲਈ ਪ੍ਰੇਰਿਤ ਹੋਇਆ ਸੀ: “ਤੂੰ, ਹਾਂ, ਤੂੰ ਹੀ ਕੇਵਲ ਇੱਕ ਯਹੋਵਾਹ ਹੈਂ। ਤੂੰ ਅਕਾਸ਼, . . . ਸਮੁੰਦਰ ਅਤੇ ਜੋ ਕੁੱਝ ਉਨ੍ਹਾਂ ਦੇ ਵਿੱਚ ਹੈ ਬਣਾਏ ਅਤੇ ਤੂੰ ਹੀ ਸਾਰਿਆਂ ਦਾ ਜੀਵਨ ਦਾਤਾ ਹੈਂ।”—ਨਹਮਯਾਹ 9:6.

[ਫੁਟਨੋਟ]

^ ਪੈਰਾ 3 ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਕਲੰਡਰ 2004, ਸਤੰਬਰ/ਅਕਤੂਬਰ ਦੇਖੋ।

[ਸਫ਼ਾ 9 ਉੱਤੇ ਡੱਬੀ/ਤਸਵੀਰਾਂ]

ਪਾਣੀ, ਹਵਾ ਅਤੇ ਲਹਿਰਾਂ

ਪਾਣੀ ਅਤੇ ਹਵਾ ਮਿਲ ਕੇ ਵੱਡੀਆਂ-ਵੱਡੀਆਂ ਲਹਿਰਾਂ ਪੈਦਾ ਕਰਦੇ ਹਨ ਜੋ ਚਟਾਨਾਂ ਨਾਲ ਟਕਰਾ ਕੇ ਅੰਤਾਂ ਦਾ ਸ਼ੋਰ ਮਚਾਉਂਦੀਆਂ ਹਨ, ਜਿਵੇਂ ਕਿ ਅਮਰੀਕਾ ਦੇ ਕੈਲੇਫ਼ੋਰਨੀਆ ਵਿਚ ਇਹ ਤਟੀ ਚਟਾਨਾਂ। ਲਹਿਰਾਂ ਹਮੇਸ਼ਾ ਹੀ ਸਮੁੰਦਰ ਦੀ ਸ਼ਾਨ ਰਹੀਆਂ ਹਨ ਜੋ ਆਪਣੀ ਬੇਹਿਸਾਬ ਤਾਕਤ ਦਾ ਪ੍ਰਦਰਸ਼ਨ ਕਰਦੀਆਂ ਹਨ। ਇਹ ਲਹਿਰਾਂ ਸਿਰਜਣਹਾਰ ਦੀ ਅਥਾਹ ਤਾਕਤ ਦਾ ਲਾਜਵਾਬ ਸਬੂਤ ਵੀ ਹਨ। ਯਹੋਵਾਹ ਹੀ ਹੈ ਜੋ “ਸਮੁੰਦਰ ਦੀਆਂ ਠਾਠਾਂ ਉੱਤੇ ਚੱਲਦਾ ਹੈ।” “ਓਸ ਆਪਣੇ ਬਲ ਤੋਂ ਸਮੁੰਦਰ ਨੂੰ ਉਛਾਲ ਦਿੱਤਾ ਹੈ, ਅਤੇ ਆਪਣੀ ਬੁੱਧੀ ਨਾਲ ਰਾਹਬ ਨੂੰ ਮਾਰ ਸੁੱਟਿਆ ਹੈ।” (ਅੱਯੂਬ 9:8; 26:12) ਸੱਚ-ਮੁੱਚ, “ਬਾਹਲਿਆਂ ਪਾਣੀਆਂ ਦੇ ਸ਼ੋਰ ਨਾਲੋਂ ਸ਼ਾਨਦਾਰ, ਸਮੁੰਦਰ ਦੀਆਂ ਠਾਠਾਂ ਨਾਲੋਂ ਵੀ, ਯਹੋਵਾਹ ਉਚਾਈ ਵਿੱਚ ਸ਼ਾਨਦਾਰ ਹੈ।”—ਜ਼ਬੂਰਾਂ ਦੀ ਪੋਥੀ 93:4.

ਰੇਤ ਦੇ ਟਿੱਲੇ

ਕਦੇ-ਕਦੇ ਸਮੁੰਦਰ ਦੇ ਕੰਢੇ ਉੱਤੇ ਰੇਤ ਦੇ ਸ਼ਾਨਦਾਰ ਟਿੱਲੇ ਬਣ ਜਾਂਦੇ ਹਨ, ਜਿਵੇਂ ਇੱਥੇ ਤਸਵੀਰ ਵਿਚ ਦਿਖਾਏ ਗਏ ਦੱਖਣੀ ਅਫ਼ਰੀਕਾ ਵਿਚ ਨਮੀਬੀਆ ਦੇ ਤਟ ਉੱਤੇ ਬਣੇ ਟਿੱਲੇ। ਰੇਤ ਨੂੰ ਅਨੋਖਾ ਰੂਪ ਦੇਣ ਵਿਚ ਹਵਾ ਅਹਿਮ ਭੂਮਿਕਾ ਨਿਭਾਉਂਦੀ ਹੈ। ਕੁਝ ਟਿੱਲੇ ਸ਼ਾਇਦ ਰੇਤ ਦੇ ਛੋਟੇ-ਛੋਟੇ ਢੇਰ ਨਜ਼ਰ ਆਉਣ, ਪਰ ਕੁਝ ਟਿੱਲੇ 1,300 ਫੁੱਟ ਦੀ ਉਚਾਈ ਤਕ ਪਹੁੰਚ ਜਾਂਦੇ ਹਨ। ਰੇਤ ਦੀ ਇਸ ਭਰਪੂਰ ਮਾਤਰਾ ਤੋਂ ਸਾਨੂੰ ਬਾਈਬਲ ਦੇ ਉਨ੍ਹਾਂ ਸ਼ਬਦਾਂ ਨੂੰ ਸਮਝਣ ਵਿਚ ਮਦਦ ਮਿਲਦੀ ਹੈ ਜੋ “ਸਮੁੰਦਰ ਦੇ ਕੰਢੇ ਦੀ ਰੇਤ” ਦੇ ਕਣਾਂ ਬਾਰੇ ਗੱਲ ਕਰਦੇ ਹਨ। ਇਹ ਸ਼ਬਦ ਉਨ੍ਹਾਂ ਚੀਜ਼ਾਂ ਲਈ ਵਰਤੇ ਜਾਂਦੇ ਹਨ ਜੋ ਗਿਣੀਆਂ ਜਾਂ ਮਿਣੀਆਂ ਨਾ ਜਾ ਸਕਣ। (ਉਤਪਤ 22:17) ਇਹ ਸਭ ਦੇਖ ਕੇ ਸਿਰਜਣਹਾਰ ਅੱਗੇ ਸਾਡਾ ਸਿਰ ਸ਼ਰਧਾ ਨਾਲ ਝੁਕ ਜਾਂਦਾ ਹੈ ਜਿਸ ਨੇ ਠਾਠਾਂ ਮਾਰਦੇ ਸਮੁੰਦਰ ਦੇ ਹਮਲਿਆਂ ਨੂੰ ਰੋਕਣ ਲਈ ਰੇਤ ਦਾ ਬੰਨ੍ਹ ਲਾਇਆ ਹੈ।

[ਸਫ਼ੇ 9 ਉੱਤੇ ਤਸਵੀਰ]

ਕੈਮਰੂਨ ਵਿਚ ਬੀਆਫ਼ਰਾ ਦੀ ਖਾੜੀ ਵਿਚ ਸੂਰਜ ਛਿਪਣ ਵੇਲੇ ਸਮੁੰਦਰੀ ਤਟ ਦਾ ਨਜ਼ਾਰਾ