ਆਲੇਖਾਂਡਰਾ ਦੀ ਚਿੱਠੀ
ਰਾਜ ਘੋਸ਼ਕ ਰਿਪੋਰਟ ਕਰਦੇ ਹਨ
ਆਲੇਖਾਂਡਰਾ ਦੀ ਚਿੱਠੀ
ਚਿੱਠੀ ਲਿਖ ਕੇ ਗਵਾਹੀ ਦੇਣ ਦਾ ਤਰੀਕਾ ਬਹੁਤ ਅਸਰਕਾਰੀ ਸਾਬਤ ਹੋਇਆ ਹੈ। ਹਾਲਾਂਕਿ ਕਦੇ-ਕਦੇ ਲੱਗਦਾ ਹੈ ਕਿ ਪਤਾ ਨਹੀਂ ਅੱਗੋਂ ਚਿੱਠੀ ਪੜ੍ਹਨ ਵਾਲਾ ਜਵਾਬ ਦੇਵੇਗਾ ਜਾਂ ਨਹੀਂ, ਪਰ ਜੋ ਇਸ ਤਰੀਕੇ ਨਾਲ ਗਵਾਹੀ ਦੇਣ ਵਿਚ ਲੱਗੇ ਹੋਏ ਹਨ, ਉਨ੍ਹਾਂ ਨੂੰ ਚੰਗੇ ਨਤੀਜੇ ਹਾਸਲ ਹੋਏ ਹਨ। ਉਹ ਬਾਈਬਲ ਦੀ ਇਸ ਚੰਗੀ ਸਲਾਹ ਨੂੰ ਯਾਦ ਰੱਖਦੇ ਹਨ: “ਸਵੇਰ ਨੂੰ ਆਪਣਾ ਬੀ ਬੀਜ, ਅਤੇ ਤਕਾਲਾਂ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ ਦੇਹ, ਕਿਉਂ ਜੋ ਤੂੰ ਨਹੀਂ ਜਾਣਦਾ ਜੋ ਏਹਨਾਂ ਵਿੱਚੋਂ ਕਿਹੜਾ ਸਵਰੇਗਾ, ਏਹ ਯਾ ਉਹ, ਯਾ ਦੋਵੇਂ ਦੇ ਦੋਵੇਂ ਇੱਕੋ ਜਿਹੇ ਚੰਗੇ ਹੋਣਗੇ।”—ਉਪਦੇਸ਼ਕ ਦੀ ਪੋਥੀ 11:6.
ਮੈਕਸੀਕੋ ਵਿਚ ਇਕ ਨੌਜਵਾਨ ਗਵਾਹ ਆਲੇਖਾਂਡਰਾ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ 10 ਸਾਲਾਂ ਤੋਂ ਸੇਵਾ ਕਰ ਰਹੀ ਸੀ। ਉਸ ਨੂੰ ਕੈਂਸਰ ਸੀ ਤੇ ਉਸ ਦਾ ਕੀਮੋਥੈਰਪੀ ਨਾਲ ਇਲਾਜ ਚੱਲ ਰਿਹਾ ਸੀ। ਉਸ ਦੀ ਹਾਲਤ ਕਾਫ਼ੀ ਵਿਗੜ ਚੁੱਕੀ ਸੀ ਤੇ ਉਹ ਇੰਨੀ ਕਮਜ਼ੋਰ ਹੋ ਗਈ ਕਿ ਉਹ ਰੋਜ਼-ਮੱਰਾ ਦੇ ਕੰਮ ਨਹੀਂ ਕਰ ਸਕਦੀ ਸੀ। ਪਰ ਉਹ ਪ੍ਰਚਾਰ ਕਰਨਾ ਨਹੀਂ ਛੱਡਣਾ ਚਾਹੁੰਦੀ ਸੀ ਜਿਸ ਕਰਕੇ ਉਸ ਨੇ ਚਿੱਠੀਆਂ ਲਿਖਣ ਦਾ ਫ਼ੈਸਲਾ ਕੀਤਾ। ਚਿੱਠੀਆਂ ਵਿਚ ਉਸ ਨੇ ਮੁਫ਼ਤ ਬਾਈਬਲ ਅਧਿਐਨ ਦੇ ਪ੍ਰਬੰਧ ਬਾਰੇ ਲਿਖਿਆ ਤੇ ਨਾਲ ਹੀ ਆਪਣੀ ਮੰਮੀ ਦਾ ਟੈਲੀਫ਼ੋਨ ਨੰਬਰ ਵੀ ਲਿਖਿਆ। ਫਿਰ ਉਸ ਨੇ ਇਹ ਚਿੱਠੀਆਂ ਆਪਣੀ ਮੰਮੀ ਨੂੰ ਉਨ੍ਹਾਂ ਘਰਾਂ ਵਿਚ ਛੱਡਣ ਲਈ ਦੇ ਦਿੱਤੀਆਂ ਜਿਨ੍ਹਾਂ ਘਰਾਂ ਵਿਚ ਉਸ ਦੀ ਮੰਮੀ ਨੂੰ ਪ੍ਰਚਾਰ ਕਰਦੇ ਸਮੇਂ ਲੋਕ ਨਹੀਂ ਮਿਲੇ।
ਇਸੇ ਦੌਰਾਨ ਗੁਆਤੇਮਾਲਾ ਦੀ ਇਕ ਮੁਟਿਆਰ ਡਿਓਹਾਨੀ ਮੈਕਸੀਕੋ ਦੇ ਕੈਨਕੂਨ ਸ਼ਹਿਰ ਆ ਕੇ ਇਕ ਘਰ ਵਿਚ ਨੌਕਰਾਣੀ ਦਾ ਕੰਮ ਕਰਨ ਲੱਗ ਪਈ। ਉੱਥੇ ਉਸ ਨੂੰ ਯਹੋਵਾਹ ਦੇ ਗਵਾਹ ਮਿਲੇ ਅਤੇ ਉਨ੍ਹਾਂ ਨੇ ਉਸ ਨਾਲ ਕਈ ਵਾਰੀ ਬਾਈਬਲ ਬਾਰੇ ਗੱਲਬਾਤ ਕੀਤੀ। ਬਾਅਦ ਵਿਚ ਉਸ ਦੇ ਮਾਲਕਾਂ ਨੇ ਮੈਕਸੀਕੋ ਸ਼ਹਿਰ ਜਾ ਕੇ ਰਹਿਣ ਦਾ ਫ਼ੈਸਲਾ ਕੀਤਾ ਤੇ ਉਹ ਡਿਓਹਾਨੀ ਨੂੰ ਵੀ ਨਾਲ ਲੈ ਜਾਣਾ ਚਾਹੁੰਦੇ ਸਨ। ਡਿਓਹਾਨੀ ਜਾਣਾ ਨਹੀਂ ਚਾਹੁੰਦੀ ਸੀ ਕਿਉਂਕਿ ਇਸ ਨਾਲ ਉਸ ਦਾ ਗਵਾਹਾਂ ਨਾਲੋਂ ਸੰਪਰਕ ਟੁੱਟ ਜਾਣਾ ਸੀ।
ਮਾਲਕਾਂ ਨੇ ਉਸ ਨੂੰ ਯਕੀਨ ਦਿਵਾਇਆ: “ਚਿੰਤਾ ਨਾ ਕਰ, ਉੱਥੇ ਤੈਨੂੰ ਹਰ ਥਾਂ ਗਵਾਹ ਮਿਲਣਗੇ। ਅਸੀਂ ਉੱਥੇ ਜਾਂਦਿਆਂ ਹੀ ਉਨ੍ਹਾਂ ਦੀ ਭਾਲ ਕਰਾਂਗੇ।” ਇਹ ਸੁਣ ਕੇ ਡਿਓਹਾਨੀ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਨਾਲ ਜਾਣ ਲਈ ਰਾਜ਼ੀ ਹੋ ਗਈ। ਉਸ ਦੇ ਮਾਲਕਾਂ ਨੇ ਮੈਕਸੀਕੋ ਸ਼ਹਿਰ ਪਹੁੰਚ ਕੇ ਗਵਾਹਾਂ ਦੀ ਭਾਲ ਕੀਤੀ। ਪਰ ਕਿਸੇ ਕਾਰਨ ਕਰਕੇ ਉਹ ਉਨ੍ਹਾਂ ਨੂੰ ਲੱਭ ਨਹੀਂ ਸਕੇ, ਹਾਲਾਂਕਿ ਉਸ ਸ਼ਹਿਰ ਵਿਚ 41,000 ਤੋਂ ਜ਼ਿਆਦਾ ਗਵਾਹ ਸਨ ਤੇ 730 ਕਲੀਸਿਯਾਵਾਂ ਸਨ।
ਬਾਈਬਲ ਬਾਰੇ ਗੱਲਬਾਤ ਕਰਨ ਲਈ ਗਵਾਹ ਨਾ ਮਿਲਣ ਕਰਕੇ ਡਿਓਹਾਨੀ ਨਿਰਾਸ਼ ਰਹਿਣ ਲੱਗੀ। ਇਕ ਦਿਨ ਉਸ ਦੀ ਮਾਲਕਣ ਨੇ ਆ ਕੇ ਉਸ ਨੂੰ ਕਿਹਾ: “ਖ਼ੁਸ਼ ਖ਼ਬਰੀ! ਤੇਰੇ ਰੱਬ ਨੇ ਤੇਰੀਆਂ ਪ੍ਰਾਰਥਨਾਵਾਂ ਸੁਣ ਲਈਆਂ।” ਡਿਓਹਾਨੀ ਨੂੰ ਚਿੱਠੀ ਫੜਾਉਂਦਿਆਂ ਉਸ ਨੇ ਕਿਹਾ: “ਗਵਾਹ ਤੇਰੇ ਲਈ ਇਹ ਚਿੱਠੀ ਛੱਡ ਗਏ ਹਨ।” ਇਹ ਚਿੱਠੀ ਆਲੇਖਾਂਡਰਾ ਨੇ ਲਿਖੀ ਸੀ।
ਡਿਓਹਾਨੀ ਆਲੇਖਾਂਡਰਾ ਦੀ ਮੰਮੀ ਤੇ ਉਸ ਦੀ ਭੈਣ ਬਲਾਂਕਾ ਨੂੰ ਮਿਲੀ ਤੇ ਬਾਈਬਲ ਸਟੱਡੀ ਸ਼ੁਰੂ ਕਰ ਦਿੱਤੀ। ਕੁਝ ਹਫ਼ਤਿਆਂ ਬਾਅਦ ਉਹ ਆਲੇਖਾਂਡਰਾ ਨੂੰ ਮਿਲੀ ਤੇ ਦੋਵੇਂ ਇਕ-ਦੂਜੇ ਨੂੰ ਮਿਲ ਕੇ ਬਹੁਤ ਖ਼ੁਸ਼ ਹੋਈਆਂ। ਆਲੇਖਾਂਡਰਾ ਨੇ ਉਸ ਨੂੰ ਬਾਕਾਇਦਾ ਬਾਈਬਲ ਸਟੱਡੀ ਕਰਦੇ ਰਹਿਣ ਦੀ ਹੱਲਾਸ਼ੇਰੀ ਦਿੱਤੀ ਤਾਂਕਿ ਉਹ ਅਧਿਆਤਮਿਕ ਤੌਰ ਤੇ ਤਰੱਕੀ ਕਰ ਸਕੇ।
ਕੁਝ ਮਹੀਨਿਆਂ ਬਾਅਦ ਜੁਲਾਈ 2003 ਵਿਚ ਆਲੇਖਾਂਡਰਾ ਗੁਜ਼ਰ ਗਈ। ਉਸ ਨੇ ਕਲੀਸਿਯਾ ਦੇ ਭੈਣ-ਭਰਾਵਾਂ ਲਈ ਨਿਹਚਾ ਅਤੇ ਹੌਸਲੇ ਦੀ ਵਧੀਆ ਮਿਸਾਲ ਕਾਇਮ ਕੀਤੀ। ਉਸ ਦੇ ਅੰਤਿਮ-ਸੰਸਕਾਰ ਤੇ ਆਏ ਬਹੁਤ ਸਾਰੇ ਲੋਕ ਡਿਓਹਾਨੀ ਨੂੰ ਮਿਲੇ ਤੇ ਉਸ ਨੂੰ ਇਹ ਕਹਿੰਦਿਆਂ ਸੁਣ ਕੇ ਬਹੁਤ ਪ੍ਰਭਾਵਿਤ ਹੋਏ: “ਆਲੇਖਾਂਡਰਾ ਤੇ ਉਸ ਦਾ ਪਰਿਵਾਰ ਮੇਰੇ ਲਈ ਬਹੁਤ ਵਧੀਆ ਮਿਸਾਲ ਹਨ। ਮੈਂ ਯਹੋਵਾਹ ਦੀ ਸੇਵਾ ਕਰਨ ਦਾ ਪੱਕਾ ਇਰਾਦਾ ਕੀਤਾ ਹੈ ਤੇ ਜਲਦੀ ਹੀ ਬਪਤਿਸਮਾ ਲਵਾਂਗੀ। ਮੈਂ ਨਵੀਂ ਦੁਨੀਆਂ ਵਿਚ ਆਲੇਖਾਂਡਰਾ ਨੂੰ ਦੁਬਾਰਾ ਦੇਖਣ ਲਈ ਤਰਸ ਰਹੀ ਹਾਂ!”
ਜੀ ਹਾਂ, ਚਿੱਠੀ ਭਾਵੇਂ ਬਹੁਤ ਛੋਟੀ ਜਿਹੀ ਚੀਜ਼ ਹੈ, ਪਰ ਇਸ ਦਾ ਬਹੁਤ ਚੰਗਾ ਤੇ ਡੂੰਘਾ ਅਸਰ ਪੈ ਸਕਦਾ ਹੈ!