ਤੁਸੀਂ ਕਿਸ ਢੰਗ ਨਾਲ ਉਡੀਕ ਕਰਦੇ ਹੋ?
ਤੁਸੀਂ ਕਿਸ ਢੰਗ ਨਾਲ ਉਡੀਕ ਕਰਦੇ ਹੋ?
ਦੁਨੀਆਂ ਵਿਚ ਬਹੁਤ ਹੀ ਘੱਟ ਲੋਕ ਹਨ ਜੋ ਸਬਰ ਨਾਲ ਕਿਸੇ ਚੀਜ਼ ਜਾਂ ਵਿਅਕਤੀ ਦੀ ਉਡੀਕ ਕਰਦੇ ਹਨ। ਪਰ ਪਵਿੱਤਰ ਸ਼ਾਸਤਰ ਪਰਮੇਸ਼ੁਰ ਦੇ ਲੋਕਾਂ ਨੂੰ ਉਤਸ਼ਾਹ ਦਿੰਦਾ ਹੈ ਕਿ ਉਹ “ਉਡੀਕ” ਕਰਨੀ ਸਿੱਖਣ। ਆਪਣੇ ਜ਼ਮਾਨੇ ਦੇ ਲੋਕਾਂ ਤੋਂ ਉਲਟ ਨਬੀ ਮੀਕਾਹ ਨੇ ਕਿਹਾ: “ਮੈਂ ਆਪਣੇ ਮੁਕਤੀ ਦਾਤੇ ਪਰਮੇਸ਼ੁਰ ਦੀ ਉਡੀਕ ਕਰਾਂਗਾ।”—ਮੀਕਾਹ 7:7; ਜ਼ਬੂਰਾਂ ਦੀ ਪੋਥੀ 37:7ੳ.
ਪਰ ਯਹੋਵਾਹ ਦੀ ਉਡੀਕ ਕਰਨ ਦਾ ਕੀ ਮਤਲਬ ਹੈ? ਮਸੀਹੀਆਂ ਨੂੰ ਪਰਮੇਸ਼ੁਰ ਦੀ ਉਡੀਕ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ? ਕੀ ਉਡੀਕ ਕਰਨ ਦੇ ਸਹੀ ਤੇ ਗ਼ਲਤ ਢੰਗ ਹਨ? ਨੌਵੀਂ ਸਦੀ ਸਾ.ਯੁ.ਪੂ. ਵਿਚ ਰਹਿੰਦੇ ਯੂਨਾਹ ਨਬੀ ਦੇ ਤਜਰਬੇ ਤੋਂ ਅਸੀਂ ਇਸ ਬਾਰੇ ਜਾਣ ਸਕਦੇ ਹਾਂ।
ਗ਼ਲਤ ਢੰਗ ਨਾਲ ਉਡੀਕ ਕਰਨ ਦੀ ਉਦਾਹਰਣ
ਯਹੋਵਾਹ ਨੇ ਯੂਨਾਹ ਨੂੰ ਅੱਸ਼ੂਰ ਸਾਮਰਾਜ ਦੀ ਰਾਜਧਾਨੀ ਨੀਨਵਾਹ ਜਾ ਕੇ ਉੱਥੇ ਦੇ ਲੋਕਾਂ ਨੂੰ ਪ੍ਰਚਾਰ ਕਰਨ ਦਾ ਹੁਕਮ ਦਿੱਤਾ ਸੀ। ਨੀਨਵਾਹ ਸ਼ਹਿਰ ਨਿਰਦਈਪੁਣੇ ਅਤੇ ਜ਼ੁਲਮ ਕਰਕੇ “ਖੂਨੀ ਸ਼ਹਿਰ” ਵਜੋਂ ਜਾਣਿਆ ਜਾਂਦਾ ਸੀ। ਇਤਿਹਾਸਕਾਰਾਂ ਅਤੇ ਪੁਰਾਤੱਤਵ-ਵਿਗਿਆਨੀਆਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। (ਨਹੂਮ 3:1) ਯੂਨਾਹ ਪਹਿਲਾਂ ਤਾਂ ਪ੍ਰਚਾਰ ਕਰਨ ਨੀਨਵਾਹ ਨਹੀਂ ਗਿਆ, ਪਰ ਅਖ਼ੀਰ ਵਿਚ ਯਹੋਵਾਹ ਉਸ ਨੂੰ ਨੀਨਵਾਹ ਲੈ ਹੀ ਗਿਆ।—ਯੂਨਾਹ 1:3–3:2.
“ਯੂਨਾਹ ਸ਼ਹਿਰ ਵਿੱਚ ਵੜਨ ਲੱਗਾ ਅਤੇ ਇੱਕ ਦਿਨ ਦਾ ਪੈਂਡਾ ਕੀਤਾ, ਤਦ ਉਹ ਨੇ ਪੁਕਾਰਿਆ ਅਤੇ ਆਖਿਆ, ਹੋਰ ਚਾਲੀਆਂ ਦਿਨਾਂ ਨੂੰ ਨੀਨਵਾਹ ਢਾਹਿਆ ਜਾਵੇਗਾ!” (ਯੂਨਾਹ 3:4) ਯੂਨਾਹ ਦੀ ਚੇਤਾਵਨੀ ਸੁਣ ਕੇ ਲੋਕਾਂ ਨੇ ਸਹੀ ਕਦਮ ਚੁੱਕਿਆ: “ਨੀਨਵਾਹ ਦੇ ਲੋਕਾਂ ਨੇ ਪਰਮੇਸ਼ੁਰ ਉੱਤੇ ਪਰਤੀਤ ਕੀਤੀ ਅਤੇ ਵਰਤ ਰੱਖਣ ਦਾ ਹੋਕਾ ਦਿੱਤਾ ਅਤੇ ਵੱਡਿਆਂ ਤੋਂ ਲੈ ਕੇ ਿਨੱਕਿਆਂ ਤੋੜੀ ਓਹਨਾਂ ਨੇ ਤੱਪੜ ਪਾ ਲਏ।” (ਯੂਨਾਹ 3:5) ਇਸ ਕਰਕੇ ਯਹੋਵਾਹ ਨੇ ਨੀਨਵਾਹ ਨੂੰ ਤਬਾਹ ਨਹੀਂ ਕੀਤਾ ਕਿਉਂਕਿ ‘ਉਹ ਨਹੀਂ ਚਾਹੁੰਦਾ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।’—2 ਪਤਰਸ 3:9.
ਇਹ ਦੇਖ ਕੇ ਯੂਨਾਹ ਨੇ ਕੀ ਕੀਤਾ? ਬਿਰਤਾਂਤ ਦੱਸਦਾ ਹੈ: “ਏਹ ਯੂਨਾਹ ਨੂੰ ਬਹੁਤ ਹੀ ਭੈੜਾ ਲੱਗਾ ਅਤੇ ਉਹ ਭਬਕ ਉੱਠਿਆ।” (ਯੂਨਾਹ 4:1) ਕਿਉਂ? ਯੂਨਾਹ ਨੇ ਸੋਚਿਆ ਹੋਣਾ ਕਿ ਦੱਸੀ ਤਾਰੀਖ਼ ਤੇ ਸ਼ਹਿਰ ਦਾ ਨਾਸ਼ ਨਾ ਹੋਣ ਕਰਕੇ ਲੋਕਾਂ ਵਿਚ ਉਹ ਇਕ ਨਬੀ ਦੇ ਤੌਰ ਤੇ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਿਹਾ। ਉਸ ਨੂੰ ਆਪਣੀ ਇੱਜ਼ਤ ਦਾ ਫ਼ਿਕਰ ਪੈ ਗਿਆ ਤੇ ਉਸ ਨੇ ਇਹ ਨਹੀਂ ਸੋਚਿਆ ਕਿ ਪਰਮੇਸ਼ੁਰ ਦੀ ਦਇਆ ਕਰਕੇ ਲੋਕ ਬਚ ਗਏ ਸਨ।
ਯੂਨਾਹ ਨੇ ਨਬੀ ਦੇ ਤੌਰ ਤੇ ਸੇਵਾ ਕਰਨੀ ਤਾਂ ਨਹੀਂ ਛੱਡੀ, ਪਰ ਕੁਝ ਸਮੇਂ ਲਈ ਉਹ ਸੜ-ਭੁੱਜ ਕੇ ਉਡੀਕ ਕਰਨ ਲੱਗਾ “ਭਈ ਵੇਖੀਏ ਸ਼ਹਿਰ ਦਾ ਕੀ ਹਾਲ ਹੁੰਦਾ ਹੈ।” ਜਦੋਂ ਉਸ ਨੇ ਦੇਖਿਆ ਕਿ ਉਸ ਦੀ ਆਸ ਅਨੁਸਾਰ ਕੁਝ ਨਹੀਂ ਹੋਇਆ, ਤਾਂ ਉਹ ਸ਼ਹਿਰੋਂ ਬਾਹਰ ਇਕ ਛੱਪਰੀ ਪਾ ਕੇ ਗੁੱਸੇ ਵਿਚ ਬੈਠ ਗਿਆ। ਜੀ ਹਾਂ, ਉਹ ਹੱਥ ਉੱਤੇ ਹੱਥ ਧਰ ਕੇ ਬੈਠ ਗਿਆ ਸੀ। ਪਰ ਯਹੋਵਾਹ ਨੂੰ ਯੂਨਾਹ ਦਾ ਇਹ ਰਵੱਈਆ ਪਸੰਦ ਨਹੀਂ ਆਇਆ, ਇਸ ਲਈ ਉਸ ਨੇ ਆਪਣੇ ਗੁਮਰਾਹ ਨਬੀ ਨੂੰ ਪਿਆਰ ਨਾਲ ਸੁਧਾਰਿਆ।—ਯੂਨਾਹ 4:5, 9-11.
ਯਹੋਵਾਹ ਧੀਰਜ ਕਿਉਂ ਰੱਖਦਾ ਹੈ?
ਭਾਵੇਂ ਨੀਨਵਾਹ ਦੇ ਲੋਕਾਂ ਨੇ ਤੋਬਾ ਕੀਤੀ ਜਿਸ ਕਰਕੇ ਉਨ੍ਹਾਂ ਨੂੰ ਬਖ਼ਸ਼ ਦਿੱਤਾ ਗਿਆ ਸੀ, ਪਰ ਉਹ ਬਾਅਦ ਵਿਚ ਦੁਬਾਰਾ ਗ਼ਲਤ ਕੰਮ ਕਰਨ ਲੱਗ ਪਏ। ਇਸ ਲਈ ਯਹੋਵਾਹ ਨੇ ਇਕ ਵਾਰ ਫੇਰ ਨਬੀ ਨਹੂਮ ਅਤੇ ਸਫ਼ਨਯਾਹ ਰਾਹੀਂ ਉਨ੍ਹਾਂ ਦੇ ਨਾਸ਼ ਦੀ ਭਵਿੱਖਬਾਣੀ ਕਰਵਾਈ। “ਖੂਨੀ ਸ਼ਹਿਰ” ਦੀ ਗੱਲ ਕਰਦੇ ਹੋਏ ਯਹੋਵਾਹ ਨੇ ਐਲਾਨ ਕੀਤਾ ਕਿ ਉਹ ਅੱਸ਼ੂਰ ਨੂੰ ਤਬਾਹ ਕਰ ਦੇਵੇਗਾ ਅਤੇ ਨੀਨਵਾਹ ਨੂੰ ਵਿਰਾਨ ਜਗ੍ਹਾ ਬਣਾ ਦੇਵੇਗਾ। (ਨਹੂਮ 3:1; ਸਫ਼ਨਯਾਹ 2:13) ਸਾਲ 632 ਸਾ.ਯੁ.ਪੂ. ਵਿਚ ਨੀਨਵਾਹ ਨੂੰ ਤਬਾਹ ਕਰ ਦਿੱਤਾ ਗਿਆ ਤੇ ਇਸ ਨੂੰ ਮੁੜ ਕਦੀ ਨਹੀਂ ਵਸਾਇਆ ਗਿਆ।
ਅੱਜ ਦੁਨੀਆਂ ਵਿਚ ਪੁਰਾਣੇ ਜ਼ਮਾਨੇ ਦੇ ਨੀਨਵਾਹ ਸ਼ਹਿਰ ਨਾਲੋਂ ਕਿਤੇ ਜ਼ਿਆਦਾ ਖ਼ੂਨ ਵਹਾਇਆ ਜਾਂਦਾ ਹੈ। ਇਸ ਕਰਕੇ ਤੇ ਹੋਰ ਦੂਸਰੇ ਕਾਰਨਾਂ ਕਰਕੇ ਯਹੋਵਾਹ ਨੇ ਐਲਾਨ ਕੀਤਾ ਹੈ ਕਿ ਇਹ ਮੌਜੂਦਾ ਦੁਸ਼ਟ ਰੀਤੀ-ਵਿਵਸਥਾ ਇਕ ਬਹੁਤ ਹੀ ‘ਵੱਡੇ ਕਸ਼ਟ’ ਵਿਚ ਤਬਾਹ ਹੋ ਜਾਵੇਗੀ।—ਮੱਤੀ 24:21, 22.
ਯਹੋਵਾਹ ਨੇ ਇਸ ਦੁਸ਼ਟ ਦੁਨੀਆਂ ਦਾ ਅਜੇ ਨਾਸ਼ ਇਸ ਲਈ ਨਹੀਂ ਕੀਤਾ ਹੈ ਤਾਂਕਿ ਨੀਨਵਾਹ ਦੇ ਪਸ਼ਚਾਤਾਪੀ ਲੋਕਾਂ ਵਾਂਗ ਅੱਜ ਵੀ ਨੇਕਦਿਲ ਲੋਕਾਂ ਨੂੰ ਤੋਬਾ ਕਰਨ ਅਤੇ ਬਚਣ ਦਾ ਮੌਕਾ ਮਿਲੇ। ਪਤਰਸ ਰਸੂਲ ਨੇ ਪਰਮੇਸ਼ੁਰ ਦੇ ਧੀਰਜ ਬਾਰੇ ਦੱਸਿਆ: “ਪ੍ਰਭੁ ਆਪਣੇ ਵਾਇਦੇ ਦਾ ਮੱਠਾ ਨਹੀਂ ਜਿਵੇਂ ਕਿੰਨੇ ਹੀ ਮੱਠੇ ਦਾ ਭਰਮ ਕਰਦੇ ਹਨ ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।”—2 ਪਤਰਸ 3:9, 10, 13.
ਸਹੀ ਤਰੀਕੇ ਨਾਲ ਉਡੀਕ ਕਰਨੀ
ਪਤਰਸ ਅੱਗੇ ਕਹਿੰਦਾ ਹੈ: “ਜਦੋਂ ਏਹ ਸੱਭੇ ਵਸਤਾਂ ਇਉਂ ਢਲ ਜਾਣ ਵਾਲੀਆਂ ਹਨ ਤਾਂ ਤੁਹਾਨੂੰ ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ ਵਿੱਚ ਕੇਹੋ ਜੇਹੇ ਹੋਣਾ ਚਾਹੀਦਾ ਹੈ? ਅਤੇ ਪਰਮੇਸ਼ੁਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੋ।” (2 ਪਤਰਸ 3:11, 12) ਧਿਆਨ ਦਿਓ ਕਿ ਯਹੋਵਾਹ ਦੇ ਦਿਨ ਨੂੰ ਉਡੀਕਦੇ ਹੋਏ ਸਾਨੂੰ “ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ” ਦੇ ਕੰਮਾਂ ਵਿਚ ਲੱਗੇ ਰਹਿਣਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਹੱਥ ਤੇ ਹੱਥ ਧਰ ਕੇ ਬੈਠੇ ਰਹਿਣ ਦੀ ਬਜਾਇ ਕੁਝ ਕਰਨਾ ਚਾਹੀਦਾ ਹੈ।
ਜੀ ਹਾਂ, ਸਹੀ ਤਰੀਕੇ ਨਾਲ ਉਡੀਕ ਕਰ ਕੇ ਅਸੀਂ ਇਹ ਭਰੋਸਾ ਜ਼ਾਹਰ ਕਰਦੇ ਹਾਂ ਕਿ ਯਹੋਵਾਹ ਦਾ ਦਿਨ ਆਪਣੇ ਮਿੱਥੇ ਸਮੇਂ ਤੇ ਆਉਣ ਵਿਚ ਇਕ ਪਲ ਵੀ ਦੇਰ ਨਹੀਂ ਕਰੇਗਾ। ਅਜਿਹੀ ਨਿਹਚਾ ਸਾਨੂੰ ਪਵਿੱਤਰ ਚਾਲ-ਚਲਣ ਰੱਖਣ ਤੇ ਭਗਤੀ ਦੇ ਕੰਮ ਕਰਨ ਲਈ ਪ੍ਰੇਰਦੀ ਹੈ। ਇਨ੍ਹਾਂ ਵਿੱਚੋਂ ਸਭ ਤੋਂ ਜ਼ਰੂਰੀ ਕੰਮ ਹੈ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ। ਯਿਸੂ ਨੇ ਪ੍ਰਚਾਰ ਕਰਨ ਵਿਚ ਬਹੁਤ ਹੀ ਵਧੀਆ ਮਿਸਾਲ ਕਾਇਮ ਕੀਤੀ। ਉਸ ਨੇ ਆਪਣੇ ਮਸਹ ਕੀਤੇ ਹੋਏ ਚੇਲਿਆਂ ਨੂੰ ਕਿਹਾ: “ਤੁਹਾਡੇ ਲੱਕ ਬੰਨ੍ਹੇ ਅਰ ਦੀਵੇ ਬਲਦੇ ਰਹਿਣ ਅਤੇ ਤੁਸੀਂ ਉਨ੍ਹਾਂ ਮਨੁੱਖਾਂ ਵਰਗੇ ਹੋਵੋ ਜਿਹੜੇ ਆਪਣੇ ਮਾਲਕ ਨੂੰ ਉਡੀਕਦੇ ਹਨ ਭਈ ਉਹ ਵਿਆਹ ਤੋਂ ਕਦ ਮੁੜ ਆਵੇਗਾ ਤਾਂ ਜਿਸ ਵੇਲੇ ਉਹ ਆਵੇ ਅਤੇ ਬੂਹਾ ਪੜਕਾਵੇ ਓਹ ਝੱਟ ਉਸ ਦੇ ਲਈ ਖੋਲ੍ਹਣ। ਧੰਨ ਓਹ ਨੌਕਰ ਜਿਨ੍ਹਾਂ ਨੂੰ ਮਾਲਕ ਜਦ ਆਵੇ ਜਾਗਦਿਆਂ ਪਾਵੇ।”—ਲੂਕਾ 12:35-37.
ਪਹਿਲੀ ਸਦੀ ਵਿਚ ਗ਼ੁਲਾਮ ਪਟਕੇ ਨਾਲ ‘ਲੱਕ ਬੰਨ੍ਹਦੇ’ ਸਨ ਤੇ ਕੋਈ ਭਾਰਾ ਕੰਮ ਕਰਨ ਵੇਲੇ ਆਪਣਾ ਚੋਗਾ ਉੱਪਰ ਚੁੱਕ ਕੇ ਪਟਕੇ ਵਿਚ ਟੰਗ ਲੈਂਦੇ ਸਨ। ਇਸੇ ਤਰ੍ਹਾਂ ਮਸੀਹੀਆਂ ਨੂੰ ਵੀ ਪੂਰੀ ਲਗਨ ਤੇ ਜੋਸ਼ ਨਾਲ ਸ਼ੁਭ ਕੰਮ ਕਰਨੇ ਚਾਹੀਦੇ ਹਨ। ਉਨ੍ਹਾਂ ਨੂੰ ਅਧਿਆਤਮਿਕ ਕੰਮਾਂ ਵਿਚ “ਢਿੱਲੇ” ਪੈਣ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਐਸ਼ੋ-ਆਰਾਮ ਕਰਨ ਜਾਂ ਅਮੀਰ ਬਣਨ ਵਿਚ ਆਪਣੀ ਤਾਕਤ ਨਹੀਂ ਲਾਉਣੀ ਰੋਮੀਆਂ 12:11; 1 ਕੁਰਿੰਥੀਆਂ 15:58.
ਚਾਹੀਦੀ। ਇਸ ਦੀ ਬਜਾਇ, ਯਹੋਵਾਹ ਦੇ ਮਹਾਨ ਤੇ ਭਿਆਨਕ ਦਿਨ ਦੇ ਆਉਣ ਦੀ ਉਡੀਕ ਕਰਦੇ ਹੋਏ ‘ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਣਾ’ ਚਾਹੀਦਾ ਹੈ।—ਉਡੀਕ ਕਰਦਿਆਂ ਕੰਮ ਵਿਚ ਰੁੱਝੇ ਰਹਿਣਾ
ਯਹੋਵਾਹ ਦੇ ਦਿਨ ਦੀ ਉਡੀਕ ਕਰਦੇ ਹੋਏ ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਕੰਮ ਵਿਚ ਵੀ ਰੁੱਝੇ ਹੋਏ ਹਨ। ਉਦਾਹਰਣ ਲਈ, 2003 ਸੇਵਾ ਸਾਲ ਵਿਚ ਉਨ੍ਹਾਂ ਨੇ ਯਹੋਵਾਹ ਦੇ ਬਚਨ ਦਾ ਪ੍ਰਚਾਰ ਕਰਨ ਵਿਚ ਹਰ ਦਿਨ ਔਸਤਨ 33,83,000 ਘੰਟੇ ਲਗਾਏ। ਜੋ ਉਨ੍ਹਾਂ ਨੇ ਇਕ ਦਿਨ ਵਿਚ ਕੀਤਾ, ਜੇ ਇਕ ਵਿਅਕਤੀ ਇੰਨੇ ਘੰਟੇ ਪ੍ਰਚਾਰ ਕਰਨਾ ਚਾਹੇ, ਤਾਂ ਉਸ ਨੂੰ ਬਿਨਾਂ ਰੁਕੇ ਲਗਾਤਾਰ 386 ਸਾਲ ਪ੍ਰਚਾਰ ਕਰਨਾ ਪਵੇਗਾ!
ਫਿਰ ਵੀ, ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ, ‘ਮੈਂ ਕਿਸ ਢੰਗ ਨਾਲ ਉਡੀਕ ਕਰਦਾ ਹਾਂ?’ ਯਿਸੂ ਨੇ ਇਕ ਦ੍ਰਿਸ਼ਟਾਂਤ ਵਿਚ ਦੱਸਿਆ ਸੀ ਕਿ ਵਫ਼ਾਦਾਰ ਮਸਹ ਕੀਤੇ ਹੋਏ ਮਸੀਹੀਆਂ ਤੋਂ ਮਿਹਨਤ ਕਰਨ ਦੀ ਆਸ ਕੀਤੀ ਜਾਂਦੀ ਹੈ। ਉਸ ਨੇ ਤਿੰਨ ਗ਼ੁਲਾਮਾਂ ਦੀ ਉਦਾਹਰਣ ਦਿੱਤੀ: “[ਮਾਲਕ ਨੇ] ਇੱਕ ਨੂੰ ਪੰਜ ਤੋੜੇ, ਦੂਏ ਨੂੰ ਦੋ ਅਤੇ ਤੀਏ ਨੂੰ ਇੱਕ, ਹਰੇਕ ਨੂੰ ਉਹ ਦੇ ਗੁਣ ਦੇ ਅਨੁਸਾਰ ਦਿੱਤਾ ਤਾਂ [ਮਾਲਕ] ਪਰਦੇਸ ਨੂੰ ਚੱਲਿਆ ਗਿਆ। ਜਿਹ ਨੇ ਪੰਜ ਤੋੜੇ ਲਏ ਸਨ ਉਹ ਨੇ ਝੱਟ ਜਾਕੇ ਉਨ੍ਹਾਂ ਨਾਲ ਬਣਜ ਬੁਪਾਰ ਕੀਤਾ ਅਤੇ ਹੋਰ ਪੰਜ ਤੋੜੇ ਕਮਾਏ। ਇਸੇ ਤਰਾਂ ਜਿਹ ਨੇ ਦੋ ਲਏ ਸਨ ਉਹ ਨੇ ਵੀ ਹੋਰ ਦੋ ਖੱਟ ਲਏ। ਪਰ ਜਿਹ ਨੇ ਇੱਕੋ ਲਿਆ ਸੀ ਉਹ ਨੇ ਜਾਕੇ ਧਰਤੀ ਪੁੱਟੀ ਅਤੇ ਆਪਣੇ ਮਾਲਕ ਦੇ ਰੁਪਿਆਂ ਨੂੰ ਲੁਕਾ ਦਿੱਤਾ। ਬਹੁਤ ਚਿਰ ਪਿੱਛੋਂ ਉਨ੍ਹਾਂ ਚਾਕਰਾਂ ਦਾ ਮਾਲਕ ਆਇਆ ਅਤੇ ਉਨ੍ਹਾਂ ਤੋਂ ਲੇਖਾ ਲੈਣ ਲੱਗਾ।”—ਮੱਤੀ 25:15-19.
ਤਿੰਨੇ ਗ਼ੁਲਾਮਾਂ ਨੇ ਆਪਣੇ ਮਾਲਕ ਦੇ ਆਉਣ ਦੀ ਉਡੀਕ ਕੀਤੀ ਸੀ। ਜਿਹੜੇ ਦੋ ਗ਼ੁਲਾਮ ਆਪਣੇ ਮਾਲਕ ਦੀ ਉਡੀਕ ਕਰਦੇ ਹੋਏ ਮਿਹਨਤ ਕਰਦੇ ਰਹੇ, ਉਨ੍ਹਾਂ ਨੂੰ ਮਾਲਕ ਨੇ ਕਿਹਾ: “ਹੇ ਚੰਗੇ ਅਤੇ ਮਾਤਬਰ ਚਾਕਰ ਸ਼ਾਬਾਸ਼ੇ!” ਪਰ ਜਿਹੜਾ ਵਿਹਲਾ ਬੈਠਾ ਰਿਹਾ, ਉਸ ਦਾ ਕੀ ਹੋਇਆ? ਉਸ ਬਾਰੇ ਮਾਲਕ ਨੇ ਕਿਹਾ: “ਇਸ ਨਿਕੰਮੇ ਚਾਕਰ ਨੂੰ ਬਾਹਰ ਦੇ ਅੰਧਘੋਰ ਵਿੱਚ ਕੱਢ ਦਿਓ।”—ਮੱਤੀ 25:20-30.
ਭਾਵੇਂ ਇਹ ਦ੍ਰਿਸ਼ਟਾਂਤ ਮਸਹ ਕੀਤੇ ਹੋਏ ਮਸੀਹੀਆਂ ਲਈ ਸੀ, ਪਰ ਅਸੀਂ ਵੀ ਇਸ ਤੋਂ ਸਬਕ ਸਿੱਖ ਸਕਦੇ ਹਾਂ। ਮਾਲਕ ਯਿਸੂ ਮਸੀਹ ਸਾਡੇ ਸਾਰਿਆਂ ਤੋਂ ਆਸ ਰੱਖਦਾ ਹੈ ਕਿ ਯਹੋਵਾਹ ਦੇ ਮਹਾਨ ਦਿਨ ਤੇ ਉਸ ਦੇ ਆਉਣ ਦੀ ਉਡੀਕ ਕਰਦੇ ਹੋਏ ਅਸੀਂ ਲਗਨ ਨਾਲ ਉਸ ਦੀ ਸੇਵਾ ਕਰੀਏ। ਉਹ ਹਰ ਮਸੀਹੀ ਦੇ “ਗੁਣ ਦੇ ਅਨੁਸਾਰ” ਅਤੇ ਹਾਲਾਤਾਂ ਅਨੁਸਾਰ ਉਸ ਦੀ ਮਿਹਨਤ ਦੀ ਕਦਰ ਕਰਦਾ ਹੈ। ਜਦੋਂ ਅਖ਼ੀਰ ਵਿਚ ਉਡੀਕ ਖ਼ਤਮ ਹੋ ਜਾਵੇਗੀ, ਉਸ ਵੇਲੇ ਆਪਣੇ ਮਾਲਕ ਦੇ ਮੂੰਹੋਂ “ਸ਼ਾਬਾਸ਼ੇ” ਸੁਣ ਕੇ ਸਾਨੂੰ ਕਿੰਨੀ ਖ਼ੁਸ਼ੀ ਹੋਵੇਗੀ!
ਪਰਮੇਸ਼ੁਰ ਦੇ ਧੀਰਜ ਕਰਕੇ ਮੁਕਤੀ ਦਾ ਰਾਹ ਅਜੇ ਖੁੱਲ੍ਹਾ ਹੈ
ਕੀ ਇਹ ਦੁਸ਼ਟ ਦੁਨੀਆਂ ਸਾਡੀ ਆਸ ਤੋਂ ਉਲਟ ਜ਼ਿਆਦਾ ਲੰਬੇ ਸਮੇਂ ਤਕ ਚੱਲੀ ਹੈ? ਜੇ ਹਾਂ, ਤਾਂ ਸਾਡਾ ਰਵੱਈਆ ਕਿੱਦਾਂ ਦਾ ਹੈ? ਦੁਨੀਆਂ ਦੇ ਅਜੇ ਨਾਸ਼ ਨਾ ਹੋਣ ਦਾ ਇਕ ਕਾਰਨ ਹੈ। ਪਤਰਸ ਰਸੂਲ ਨੇ ਲਿਖਿਆ: “ਸਾਡੇ ਪ੍ਰਭੁ ਦੀ ਧੀਰਜ ਨੂੰ ਮੁਕਤੀ ਸਮਝੋ।” (2 ਪਤਰਸ 3:15) ਜੇ ਅਸੀਂ ਪਰਮੇਸ਼ੁਰ ਦੇ ਮਕਸਦ ਦਾ ਸਹੀ ਗਿਆਨ ਲਵਾਂਗੇ ਤੇ ਆਪਣੇ ਆਪ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿਆਂਗੇ, ਤਾਂ ਅਸੀਂ ਵੀ ਉੱਨਾ ਚਿਰ ਧੀਰਜ ਰੱਖਾਂਗੇ ਜਿੰਨਾ ਚਿਰ ਯਹੋਵਾਹ ਇਸ ਦੁਸ਼ਟ ਦੁਨੀਆਂ ਪ੍ਰਤੀ ਧੀਰਜ ਰੱਖੇਗਾ।
ਮਸੀਹੀਆਂ ਨੂੰ ਧੀਰਜ ਰੱਖਣ ਦੀ ਪ੍ਰੇਰਣਾ ਦੇਣ ਲਈ ਬਾਈਬਲ ਦੇ ਲਿਖਾਰੀ ਯਾਕੂਬ ਨੇ ਇਕ ਦ੍ਰਿਸ਼ਟਾਂਤ ਦਿੱਤਾ। ਉਸ ਨੇ ਲਿਖਿਆ: “ਵੇਖੋ, ਕਰਸਾਣ ਧਰਤੀ ਦੇ ਉੱਤਮ ਫਲ ਦੀ ਉਡੀਕ ਕਰਦਾ ਹੈ ਅਤੇ ਓਹ ਦੇ ਲਈ ਧੀਰਜ ਕਰਦਾ ਹੈ ਜਿੰਨਾ ਚਿਰ ਓਸ ਉੱਤੇ ਪਹਿਲੀ ਅਤੇ ਪਿੱਛਲੀ ਵਰਖਾ ਨਾ ਪਵੇ। ਤੁਸੀਂ ਵੀ ਧੀਰਜ ਕਰੋ। ਆਪਣਿਆਂ ਮਨਾਂ ਨੂੰ ਤਕੜਿਆਂ ਰੱਖੋ ਕਿਉਂ ਜੋ ਪ੍ਰਭੁ ਦਾ ਆਉਣਾ ਨੇੜੇ ਹੀ ਹੈ।”—ਯਾਕੂਬ 5:7, 8.
ਯਹੋਵਾਹ ਪਰਮੇਸ਼ੁਰ ਨਹੀਂ ਚਾਹੁੰਦਾ ਕਿ ਅਸੀਂ ਉਡੀਕ ਕਰਦੇ ਹੋਏ ਥੱਕ ਜਾਈਏ ਜਾਂ ਢੇਰੀ ਢਾਹ ਦੇਈਏ। ਉਸ ਨੇ ਸਾਨੂੰ ਕੰਮ ਦਿੱਤਾ ਹੈ ਅਤੇ ਉਸ ਨੂੰ ਖ਼ੁਸ਼ੀ ਹੁੰਦੀ ਹੈ ਜੇ ਅਸੀਂ ਉਡੀਕ ਕਰਦੇ ਹੋਏ ਉਸ ਕੰਮ ਵਿਚ ਲੱਗੇ ਰਹਿੰਦੇ ਹਾਂ। ਉਹ ਚਾਹੁੰਦਾ ਹੈ ਕਿ ਅਸੀਂ ਉਨ੍ਹਾਂ ਲੋਕਾਂ ਵਿਚ ਗਿਣੇ ਜਾਈਏ ਜਿਨ੍ਹਾਂ ਬਾਰੇ ਪੌਲੁਸ ਰਸੂਲ ਨੇ ਇਬਰਾਨੀ ਮਸੀਹੀਆਂ ਨੂੰ ਚਿੱਠੀ ਵਿਚ ਲਿਖਿਆ ਸੀ: “ਅਸੀਂ ਚਾਹੁੰਦੇ ਹਾਂ ਜੋ ਤੁਹਾਡੇ ਵਿੱਚੋਂ ਹਰੇਕ ਆਸ ਦੀ ਭਰਪੂਰੀ ਲਈ ਅੰਤ ਤੋੜੀ ਉਹੋ ਜਿਹਾ ਜਤਨ ਕਰੇ ਤਾਂ ਜੋ ਤੁਸੀਂ ਆਲਸੀ ਨਾ ਹੋਵੋ ਸਗੋਂ ਉਨ੍ਹਾਂ ਦੀ ਰੀਸ ਕਰੋ ਜਿਹੜੇ ਨਿਹਚਾ ਅਤੇ ਧੀਰਜ ਦੇ ਰਾਹੀਂ ਵਾਇਦਿਆਂ ਦੇ ਅਧਕਾਰੀ ਹੁੰਦੇ ਹਨ।”—ਇਬਰਾਨੀਆਂ 6:11, 12.
ਇਸ ਲਈ ਆਓ ਆਪਾਂ ਕਦੀ ਨਾ ਥੱਕੀਏ। ਇਸ ਦੀ ਬਜਾਇ ਆਓ ਆਪਾਂ ਯਹੋਵਾਹ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ, ਯਿਸੂ ਮਸੀਹ ਦੇ ਬਲੀਦਾਨ ਵਿਚ ਨਿਹਚਾ ਨੂੰ ਅਤੇ ਨਵੀਂ ਦੁਨੀਆਂ ਵਿਚ ਜ਼ਿੰਦਗੀ ਪ੍ਰਾਪਤ ਕਰਨ ਦੀ ਆਸ ਨੂੰ ਹਮੇਸ਼ਾ ਸਾਮ੍ਹਣੇ ਰੱਖਦੇ ਹੋਏ ਕੰਮ ਕਰੀਏ। ਯਿਸੂ ਦੇ ਦ੍ਰਿਸ਼ਟਾਂਤ ਦੇ “ਚੰਗੇ ਅਤੇ ਮਾਤਬਰ ਚਾਕਰ” ਵਾਂਗ, ਆਓ ਆਪਾਂ ਵੀ ਪਰਮੇਸ਼ੁਰ ਦੀ ਮਹਿਮਾ ਕਰਨ ਲਈ ਲਗਾਤਾਰ ਕੰਮ ਕਰ ਕੇ ਆਪਣੇ ਆਪ ਨੂੰ ਤਾਰੀਫ਼ ਅਤੇ ਇਨਾਮ ਦੇ ਯੋਗ ਸਾਬਤ ਕਰੀਏ। ਆਓ ਜ਼ਬੂਰਾਂ ਦੇ ਲਿਖਾਰੀ ਦੇ ਸੁਰ ਨਾਲ ਸੁਰ ਮਿਲਾ ਕੇ ਕਹੀਏ: “ਮੈਂ ਨਿੱਤ ਆਸਰਾ [“ਉਡੀਕ,” NW] ਰੱਖੀ ਜਾਵਾਂਗਾ, ਅਤੇ ਤੇਰੀ ਉਸਤਤ ਤੇ ਉਸਤਤ ਕਰਦਾ ਹੀ ਜਾਵਾਂਗਾ।”—ਜ਼ਬੂਰਾਂ ਦੀ ਪੋਥੀ 71:14.
[ਸਫ਼ੇ 21 ਉੱਤੇ ਤਸਵੀਰ]
ਨਿਰਾਸ਼ ਹੋ ਕੇ ਯੂਨਾਹ ਉਡੀਕਣ ਲੱਗ ਪਿਆ ਕਿ ਨੀਨਵਾਹ ਦਾ ਕੀ ਬਣੇਗਾ
[ਸਫ਼ੇ 22, 23 ਉੱਤੇ ਤਸਵੀਰ]
ਆਓ ਆਪਾਂ ਯਹੋਵਾਹ ਦੇ ਦਿਨ ਦੀ ਉਡੀਕ ਕਰਦੇ ਹੋਏ ਭਗਤੀ ਦੇ ਕੰਮ ਕਰਦੇ ਰਹੀਏ