ਨੌਜਵਾਨੋ ਆਪਣੇ ਮਾਪਿਆਂ ਦੀ ਗੱਲ ਸੁਣੋ!
ਨੌਜਵਾਨੋ—ਆਪਣੇ ਮਾਪਿਆਂ ਦੀ ਗੱਲ ਸੁਣੋ!
ਤੁਹਾਡੇ ਖ਼ਿਆਲ ਵਿਚ ਸਮੁੰਦਰੀ ਜਹਾਜ਼ ਦੇ ਕਪਤਾਨ ਲਈ ਸਭ ਤੋਂ ਵੱਡੀ ਮੁਸ਼ਕਲ ਕਿਹੜੀ ਹੈ? ਕੀ ਵਿਸ਼ਾਲ ਸਮੁੰਦਰ ਨੂੰ ਸਹੀ-ਸਲਾਮਤ ਪਾਰ ਕਰਨਾ? ਸ਼ਾਇਦ ਨਹੀਂ, ਕਿਉਂਕਿ ਜ਼ਿਆਦਾਤਰ ਜਹਾਜ਼ ਖੁੱਲ੍ਹੇ ਸਮੁੰਦਰ ਵਿਚ ਨਹੀਂ ਬਲਕਿ ਕੰਢੇ ਦੇ ਨੇੜੇ ਢੁਕਦਿਆਂ ਤਬਾਹ ਹੁੰਦੇ ਹਨ। ਦਰਅਸਲ, ਹਵਾਈ ਜਹਾਜ਼ ਨੂੰ ਉਤਾਰਨਾ ਐਨਾ ਔਖਾ ਨਹੀਂ ਹੁੰਦਾ ਜਿੰਨਾ ਔਖਾ ਸਮੁੰਦਰੀ ਜਹਾਜ਼ ਨੂੰ ਕੰਢੇ ਲਾਉਣਾ। ਕਿਉਂ?
ਜਹਾਜ਼ ਨੂੰ ਸਹੀ-ਸਲਾਮਤ ਘਾਟ ਤੇ ਲਿਆਉਣ ਤੋਂ ਪਹਿਲਾਂ ਕਪਤਾਨ ਕਈ ਖ਼ਤਰਿਆਂ ਨੂੰ ਪਾਰ ਕਰਦਾ ਹੈ। ਉਸ ਨੂੰ ਪਾਣੀ ਦੇ ਵਹਾਅ ਦੇ ਨਾਲ-ਨਾਲ ਦੂਜੇ ਜਹਾਜ਼ਾਂ ਨਾਲ ਟਕਰਾਉਣ ਦੇ ਖ਼ਤਰਿਆਂ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਉਸ ਨੇ ਪਾਣੀ ਦੇ ਅੰਦਰ ਨਜ਼ਰ ਨਾ ਆਉਣ ਵਾਲੇ ਰੇਤ ਦੇ ਟਿੱਬਿਆਂ, ਚਟਾਨਾਂ ਜਾਂ ਤਬਾਹ ਹੋਏ ਜਹਾਜ਼ਾਂ ਦੇ ਮਲਬਿਆਂ ਤੋਂ ਵੀ ਜਹਾਜ਼ ਨੂੰ ਬਚਾ ਕੇ ਲੰਘਾਉਣਾ ਹੁੰਦਾ ਹੈ। ਪਰ ਜੇ ਕਪਤਾਨ ਜਹਾਜ਼ ਨੂੰ ਕਿਸੇ ਨਵੇਂ ਘਾਟ ਤੇ ਲੈ ਜਾ ਰਿਹਾ ਹੈ, ਤਾਂ ਗੰਭੀਰ ਹਾਦਸਾ ਵਾਪਰਨ ਦਾ ਖ਼ਤਰਾ ਹੋਰ ਵਧ ਜਾਂਦਾ ਹੈ।
ਇਨ੍ਹਾਂ ਮੁਸ਼ਕਲਾਂ ਤੋਂ ਬਚਣ ਲਈ ਇਕ ਅਕਲਮੰਦ ਕਪਤਾਨ ਸ਼ਾਇਦ ਕਿਸੇ ਤਜਰਬੇਕਾਰ ਪਾਇਲਟ ਦੀ ਮਦਦ ਲਵੇ ਜਿਸ ਨੂੰ ਇਲਾਕੇ ਦੇ ਸਮੁੰਦਰ ਦੀ ਪੂਰੀ ਜਾਣਕਾਰੀ ਹੈ। ਕੈਬਿਨ ਵਿਚ ਪਾਇਲਟ ਕਪਤਾਨ ਨਾਲ ਖਲੋ ਕੇ ਉਸ ਨੂੰ ਦੱਸਦਾ ਜਾਂਦਾ ਹੈ ਕਿ ਕਿੱਧਰੋਂ ਦੀ ਜਹਾਜ਼ ਲੈ ਜਾਣਾ ਹੈ ਤੇ ਕਿੱਧਰੋਂ ਦੀ ਨਹੀਂ। ਉਹ ਖ਼ਤਰਿਆਂ ਨੂੰ ਧਿਆਨ ਵਿਚ ਰੱਖਦੇ ਹਨ ਅਤੇ ਰਾਹ ਵਿਚ ਆਉਂਦੇ ਕਿਸੇ ਵੀ ਤੰਗ ਰਸਤੇ ਨੂੰ ਪਾਰ ਕਰਦੇ ਹੋਏ ਜਹਾਜ਼ ਨੂੰ ਘਾਟ ਤੇ ਲੈ ਆਉਂਦੇ ਹਨ।
ਇੱਥੇ ਤਜਰਬੇਕਾਰ ਪਾਇਲਟ ਦੀ ਉਦਾਹਰਣ ਦੇ ਕੇ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ? ਇਹੀ ਕਿ ਅੱਜ ਮਸੀਹੀ ਨੌਜਵਾਨਾਂ ਨੂੰ ਵੀ ਚੰਗੀ ਸੇਧ ਮਿਲ ਸਕਦੀ ਹੈ ਜਦੋਂ ਉਹ ਜ਼ਿੰਦਗੀ ਦੇ ਕਈ ਮੁਸ਼ਕਲ ਪੜਾਵਾਂ ਵਿੱਚੋਂ ਲੰਘਦੇ ਹਨ। ਇਹ ਚੰਗੀ ਸੇਧ ਉਨ੍ਹਾਂ ਨੂੰ ਕੌਣ ਦੇ ਸਕਦਾ ਹੈ? ਅੱਲ੍ਹੜ ਉਮਰ ਦੇ ਮੁੰਡੇ-ਕੁੜੀਆਂ ਨੂੰ ਇਸ ਸੇਧ ਵਿਚ ਚੱਲਣ ਦੀ ਲੋੜ ਕਿਉਂ ਹੈ?
ਆਓ ਆਪਾਂ ਜਹਾਜ਼ ਦੀ ਉਦਾਹਰਣ ਤੇ ਹੋਰ ਵਿਚਾਰ ਕਰੀਏ। ਜੇ ਤੁਸੀਂ ਅਜੇ ਜਵਾਨੀ ਵਿਚ ਪੈਰ ਰੱਖਿਆ ਹੀ ਹੈ, ਤਾਂ ਤੁਸੀਂ ਕੁਝ ਹੱਦ ਤਕ ਆਪਣੇ ਜੀਵਨ ਦੇ ਸਫ਼ਰ ਵਿਚ ਜਹਾਜ਼ ਦੇ ਉਸ ਕਪਤਾਨ ਵਾਂਗ ਹੋ ਜੋ ਜਹਾਜ਼ ਨੂੰ ਕਿਸੇ ਨਵੇਂ ਘਾਟ ਤੇ ਲੈ ਜਾ ਰਿਹਾ ਹੈ। ਉਸੇ ਤਰ੍ਹਾਂ ਤੁਸੀਂ ਵੀ ਅੱਗੇ ਚੱਲ ਕੇ ਆਪਣੀ ਜ਼ਿੰਦਗੀ ਨੂੰ ਕਿਸੇ ਪਾਸੇ ਲਾਉਣਾ ਹੈ। ਤੁਹਾਡੇ ਮਾਤਾ-ਪਿਤਾ ਜਹਾਜ਼ ਦੇ ਪਾਇਲਟ ਦੀ ਤਰ੍ਹਾਂ ਹਨ ਜਿਨ੍ਹਾਂ ਨੇ ਤੁਹਾਨੂੰ ਜ਼ਿੰਦਗੀ ਦੇ ਕੁਝ ਮੁਸ਼ਕਲ ਤੋਂ ਮੁਸ਼ਕਲ ਹਾਲਾਤਾਂ ਵਿਚ ਸੇਧ ਦੇਣੀ ਹੁੰਦੀ ਹੈ। ਪਰ ਅੱਲ੍ਹੜ ਉਮਰ ਵਿਚ ਤੁਹਾਨੂੰ ਸ਼ਾਇਦ ਆਪਣੇ ਮਾਪਿਆਂ ਦੀ ਸਲਾਹ ਤੇ ਚੱਲਣਾ ਮੁਸ਼ਕਲ ਲੱਗੇ। ਕਿਉਂ?
ਸਲਾਹ ਨਾ ਮੰਨਣ ਵਿਚ ਅਕਸਰ ਦਿਲ ਦਾ ਕਸੂਰ ਹੁੰਦਾ ਹੈ। ਤੁਹਾਡਾ ਦਿਲ ਸ਼ਾਇਦ ਉਹੀ ਕਰਨਾ ਚਾਹੇ ਜੋ ਤੁਹਾਨੂੰ ਕਰਨ ਤੋਂ ਵਰਜਿਆ ਜਾਂਦਾ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਮਾਪੇ ਬਿਨਾਂ ਵਜ੍ਹਾ ਤੁਹਾਡੇ ਉੱਤੇ ਪਾਬੰਦੀਆਂ ਲਾ ਰਹੇ ਹਨ। ਬਾਈਬਲ ਕਹਿੰਦੀ ਹੈ ਕਿ “ਆਦਮੀ ਦੇ ਮਨ ਦੀ ਭਾਵਨਾ ਉਸ ਦੀ ਜਵਾਨੀ ਤੋਂ ਬੁਰੀ ਹੀ ਹੈ।” (ਉਤਪਤ 8:21) ਯਹੋਵਾਹ ਸਾਫ਼-ਸਾਫ਼ ਦੱਸਦਾ ਹੈ ਕਿ ਆਪਣੇ ਦਿਲ ਦੀਆਂ ਗ਼ਲਤ ਇੱਛਾਵਾਂ ਨੂੰ ਦਬਾਉਣ ਲਈ ਤੁਹਾਨੂੰ ਬਹੁਤ ਸੰਘਰਸ਼ ਕਰਨਾ ਪਵੇਗਾ। ਉਹ ਖ਼ਬਰਦਾਰ ਕਰਦਾ ਹੈ: “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ।” (ਯਿਰਮਿਯਾਹ 17:9) ਗ਼ਲਤ ਇੱਛਾਵਾਂ ਪੈਦਾ ਕਰਨ ਤੋਂ ਇਲਾਵਾ, ਧੋਖੇਬਾਜ਼ ਦਿਲ ਨੌਜਵਾਨਾਂ ਨੂੰ ਇਹ ਸੋਚਣ ਲਈ ਉਕਸਾ ਸਕਦਾ ਹੈ ਕਿ ਉਹ ਆਪਣੇ ਮਾਪਿਆਂ ਨਾਲੋਂ ਜ਼ਿਆਦਾ ਜਾਣਦੇ ਹਨ, ਭਾਵੇਂ ਕਿ ਉਨ੍ਹਾਂ ਦੇ ਮਾਪਿਆਂ ਕੋਲ ਜ਼ਿੰਦਗੀ ਦਾ ਜ਼ਿਆਦਾ ਤਜਰਬਾ ਹੁੰਦਾ ਹੈ। ਪਰ ਆਪਣੀ ਜ਼ਿੰਦਗੀ ਦੇ ਇਨ੍ਹਾਂ ਚੁਣੌਤੀ ਭਰੇ ਸਾਲਾਂ ਵਿੱਚੋਂ ਲੰਘਦਿਆਂ ਆਪਣੇ ਮਾਪਿਆਂ ਤੋਂ ਸਲਾਹ ਲੈਣ ਦੇ ਚੰਗੇ ਕਾਰਨ ਹਨ।
ਮਾਪਿਆਂ ਦੇ ਕਹਿਣੇ ਵਿਚ ਕਿਉਂ ਰਹੀਏ?
ਇਸ ਦਾ ਮੁੱਖ ਕਾਰਨ ਇਹ ਹੈ ਕਿ ਮਨੁੱਖੀ ਪਰਿਵਾਰ ਦਾ ਜਨਮਦਾਤਾ ਯਹੋਵਾਹ ਤੁਹਾਨੂੰ ਕਹਿੰਦਾ ਹੈ ਕਿ ਤੁਸੀਂ ਆਪਣੇ ਮਾਪਿਆਂ ਦੀ ਗੱਲ ਸੁਣੋ। (ਅਫ਼ਸੀਆਂ 3:15) ਉਸ ਨੇ ਤੁਹਾਡੇ ਮਾਪਿਆਂ ਨੂੰ ਤੁਹਾਡੀ ਦੇਖ-ਭਾਲ ਕਰਨ ਦਾ ਜਿੰਮਾ ਦਿੱਤਾ ਹੈ, ਇਸ ਲਈ ਉਹ ਤੁਹਾਨੂੰ ਸਲਾਹ ਦਿੰਦਾ ਹੈ: “ਬੱਚਿਓ, ਆਪਣੇ ਮਾਪਿਆਂ ਦੇ ਆਗਿਆਕਾਰ ਬਣ ਕੇ ਰਹੋ, ਕਿਉਂਕਿ ਇਹ ਕਰਨਾ ਭਲਾ ਹੈ।” (ਅਫਸੀਆਂ 6:1-3, ਪਵਿੱਤਰ ਬਾਈਬਲ ਨਵਾਂ ਅਨੁਵਾਦ; ਜ਼ਬੂਰਾਂ ਦੀ ਪੋਥੀ 78:5) ਭਾਵੇਂ ਤੁਸੀਂ ਵੱਡੇ ਹੋ ਗਏ ਹੋ, ਪਰ ਹਾਲੇ ਵੀ ਤੁਹਾਨੂੰ ਸੇਧ ਦੇਣ ਦਾ ਜਿੰਮਾ ਤੁਹਾਡੇ ਮਾਪਿਆਂ ਦਾ ਹੈ ਤੇ ਤੁਹਾਨੂੰ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ। ਜਦੋਂ ਪੌਲੁਸ ਰਸੂਲ ਨੇ ਲਿਖਿਆ ਕਿ ਬੱਚਿਆਂ ਨੂੰ ਆਪਣੇ ਮਾਪਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ, ਤਾਂ ਉਸ ਨੇ ਬੱਚਿਆਂ ਲਈ ਜੋ ਯੂਨਾਨੀ ਸ਼ਬਦ ਵਰਤਿਆ ਸੀ, ਉਹ ਕਿਸੇ ਵੀ ਉਮਰ ਦੇ ਬੱਚਿਆਂ ਤੇ ਲਾਗੂ ਕੀਤਾ ਜਾ ਸਕਦਾ ਹੈ। ਮਿਸਾਲ ਲਈ, ਮੱਤੀ 23:37 ਵਿਚ ਯਿਸੂ ਨੇ ਯਰੂਸ਼ਲਮ ਦੇ ਵਾਸੀਆਂ ਨੂੰ ‘ਬਾਲਕ’ ਕਿਹਾ ਸੀ ਭਾਵੇਂ ਕਿ ਉਨ੍ਹਾਂ ਵਿਚ ਜ਼ਿਆਦਾਤਰ ਲੋਕ ਬਾਲਗ ਸਨ।
ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਬਹੁਤ ਸਾਰੇ ਵਫ਼ਾਦਾਰ ਲੋਕ ਵੱਡੇ ਹੋਣ ਤੋਂ ਬਾਅਦ ਵੀ ਆਪਣੇ ਮਾਪਿਆਂ ਦਾ ਕਹਿਣਾ ਮੰਨਦੇ ਸਨ। ਯਾਕੂਬ ਨੇ ਜਵਾਨ ਹੋਣ ਤੇ ਵੀ ਆਪਣੇ ਪਿਤਾ ਦਾ ਕਹਿਣਾ ਮੰਨਿਆ ਕਿ ਉਹ ਕਿਸੇ ਅਜਿਹੀ ਤੀਵੀਂ ਨਾਲ ਵਿਆਹ ਨਾ ਕਰਾਵੇ ਜੋ ਯਹੋਵਾਹ ਦੀ ਭਗਤੀ ਨਹੀਂ ਕਰਦੀ ਸੀ। (ਉਤਪਤ 28:1, 2) ਯਾਕੂਬ ਇਹ ਵੀ ਜਾਣਦਾ ਸੀ ਕਿ ਉਸ ਦੇ ਭਰਾ ਨੇ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਾਲੀਆਂ ਕਨਾਨੀ ਤੀਵੀਆਂ ਨਾਲ ਵਿਆਹ ਕਰਾ ਕੇ ਆਪਣੇ ਮਾਪਿਆਂ ਨੂੰ ਦੁਖੀ ਕੀਤਾ ਸੀ।—ਉਤਪਤ 27:46.
ਆਪਣੇ ਮਾਪਿਆਂ ਦੀ ਗੱਲ ਮੰਨਣ ਦਾ ਦੂਸਰਾ ਚੰਗਾ ਕਾਰਨ ਇਹ ਹੈ ਕਿ ਮਸੀਹੀ ਮਾਪੇ ਹੀ ਤੁਹਾਡੇ ਸਭ ਤੋਂ ਚੰਗੇ ਸਲਾਹਕਾਰ ਹਨ। ਇਹ ਅਸੀਂ ਕਿਉਂ ਕਹਿ ਸਕਦੇ ਹਾਂ? ਕਿਉਂਕਿ ਉਹ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਉਹ ਤੁਹਾਨੂੰ ਬਚਪਨ ਤੋਂ ਨਿਰਸੁਆਰਥ ਪਿਆਰ ਕਰਦੇ ਆਏ ਹਨ। ਜਹਾਜ਼ ਦੇ ਪਾਇਲਟ ਵਾਂਗ ਉਹ ਤੁਹਾਨੂੰ ਆਪਣੇ ਤਜਰਬੇ ਤੋਂ ਸਲਾਹ ਦਿੰਦੇ ਹਨ। ਉਹ ਵੀ “ਜੁਆਨੀ ਦੀਆਂ ਕਾਮਨਾਂ” ਦੇ ਤੂਫ਼ਾਨਾਂ ਵਿੱਚੋਂ ਗੁਜ਼ਰੇ ਹਨ। ਸੱਚੇ ਮਸੀਹੀ ਹੋਣ ਕਰਕੇ ਉਨ੍ਹਾਂ ਨੇ ਦੇਖਿਆ ਹੈ ਕਿ ਬਾਈਬਲ ਦੇ ਅਸੂਲਾਂ ਤੇ ਚੱਲਣ ਦਾ ਕਿੰਨਾ ਫ਼ਾਇਦਾ ਹੁੰਦਾ ਹੈ!—2 ਤਿਮੋਥਿਉਸ 2:22.
ਤਜਰਬੇਕਾਰ ਮਾਪਿਆਂ ਦੀ ਸੇਧ ਨਾਲ ਤੁਸੀਂ ਮੁਸ਼ਕਲ ਤੋਂ ਮੁਸ਼ਕਲ ਹਾਲਾਤਾਂ ਦਾ ਕਾਮਯਾਬੀ ਨਾਲ ਸਾਮ੍ਹਣਾ ਕਰ ਸਕਦੇ ਹੋ। ਮਿਸਾਲ ਲਈ, ਕਿਸੇ ਮੁੰਡੇ ਜਾਂ ਕੁੜੀ ਨਾਲ ਆਪਣੇ ਸੰਬੰਧਾਂ ਤੇ ਗੌਰ ਕਰੋ। ਇਸ ਗੰਭੀਰ ਮਸਲੇ ਸੰਬੰਧੀ ਮਸੀਹੀ ਮਾਂ-ਬਾਪ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਨ?
ਮੁੰਡੇ ਜਾਂ ਕੁੜੀ ਵੱਲ ਆਕਰਸ਼ਣ
ਪਾਇਲਟ ਜਹਾਜ਼ ਦੇ ਕਪਤਾਨਾਂ ਨੂੰ ਸਲਾਹ ਦਿੰਦੇ ਹਨ ਕਿ ਉਹ ਜਹਾਜ਼ ਨੂੰ ਪਾਣੀ ਦੇ ਹੇਠਾਂ ਦੂਰ-ਦੂਰ ਤਕ ਬਿਖਰੇ ਰੇਤ ਦੇ ਟਿੱਲਿਆਂ ਤੋਂ ਦੂਰ ਰੱਖਣ। ਰੇਤ ਦੇ ਟਿੱਲੇ ਨਰਮ ਹੁੰਦੇ ਹਨ, ਪਰ ਨਾਲ ਹੀ ਧੋਖੇਬਾਜ਼ ਵੀ। ਇਹ ਇਕ ਥਾਂ ਤੋਂ ਵਹਿ ਕੇ ਕਿਸੇ ਹੋਰ ਥਾਂ ਤੇ ਬਣ ਜਾਂਦੇ ਹਨ। ਇਸੇ ਤਰ੍ਹਾਂ ਤੁਹਾਡੇ ਮਾਪੇ ਵੀ ਚਾਹੁਣਗੇ ਕਿ ਤੁਸੀਂ ਅਜਿਹੇ ਹਾਲਾਤਾਂ ਤੋਂ ਦੂਰ ਰਹੋ ਜਿਨ੍ਹਾਂ ਕਰਕੇ ਤੁਸੀਂ ਜਜ਼ਬਾਤੀ ਤੌਰ ਤੇ ਬਹਿਕ ਸਕਦੇ ਹੋ। ਮਿਸਾਲ ਲਈ, ਮਾਤਾ-ਪਿਤਾ ਜਾਣਦੇ ਹਨ ਕਿ ਮੁੰਡੇ-ਕੁੜੀ ਦੇ ਇਕ-ਦੂਜੇ ਵੱਲ ਆਕਰਸ਼ਿਤ ਹੋਣ ਨਾਲ ਉਨ੍ਹਾਂ ਵਿਚ ਅਜਿਹੀਆਂ ਗਹਿਰੀਆਂ ਭਾਵਨਾਵਾਂ ਪੈਦਾ ਹੋ ਸਕਦੀਆਂ ਹਨ ਜਿਨ੍ਹਾਂ ਨੂੰ ਸਮਝਣਾ ਬਹੁਤ ਮੁਸ਼ਕਲ ਹੁੰਦਾ ਹੈ। ਦਿਲ ਵਿਚ ਉੱਠੀਆਂ ਇਹ ਭਾਵਨਾਵਾਂ ਤੁਹਾਨੂੰ ਤਬਾਹੀ ਦੇ ਰਾਹ ਤੇ ਲੈ ਜਾ ਸਕਦੀਆਂ ਹਨ।
ਖ਼ਤਰਿਆਂ ਤੋਂ ਦੂਰ ਨਾ ਰਹਿਣ ਦੀ ਇਕ ਉਦਾਹਰਣ ਹੈ ਦੀਨਾਹ। ਦੀਨਾਹ ਸ਼ਾਇਦ ਦੇਖਣਾ ਚਾਹੁੰਦੀ ਸੀ ਕਿ ਕਨਾਨ ਦੇਸ਼ ਦੀਆਂ ਕੁੜੀਆਂ ਕਿੱਦਾਂ ਦੀ ਜ਼ਿੰਦਗੀ ਜੀਉਂਦੀਆਂ ਸਨ ਅਤੇ ਉਨ੍ਹਾਂ ਵਾਂਗ ਉਹ ਵੀ ਮੌਜ-ਮਸਤੀ ਕਰਨੀ ਚਾਹੁੰਦੀ ਸੀ। ਉਸ ਦੀ ਇਸੇ ਚਾਹਤ ਨੇ ਉਸ ਨੂੰ ਕਨਾਨੀ ਕੁੜੀਆਂ ਨੂੰ ਆਪਣੀਆਂ ਸਹੇਲੀਆਂ ਬਣਾਉਣ ਲਈ ਪ੍ਰੇਰਿਆ ਜਿਨ੍ਹਾਂ ਨੂੰ ਨੈਤਿਕ ਅਸੂਲਾਂ ਦੀ ਕੋਈ ਪਰਵਾਹ ਨਹੀਂ ਸੀ। ਸ਼ੁਰੂ-ਸ਼ੁਰੂ ਵਿਚ ਆਪਣੀਆਂ ਸਹੇਲੀਆਂ ਨੂੰ ਮਿਲਣ-ਜੁਲਣ ਵਿਚ ਉਸ ਨੂੰ ਕੋਈ ਖ਼ਰਾਬੀ ਨਜ਼ਰ ਨਹੀਂ ਆਈ, ਪਰ ਜਲਦੀ ਹੀ ਉਸ ਨਾਲ ਇਕ ਭਿਆਨਕ ਹਾਦਸਾ ਵਾਪਰ ਗਿਆ। ਉਸ ਸ਼ਹਿਰ ਦੇ ਇਕ ਨੌਜਵਾਨ ਨੇ ਉਸ ਦੀ ਇੱਜ਼ਤ ਲੁੱਟ ਲਈ ਜੋ “ਵੱਡਾ ਪਤਵੰਤ” ਮੰਨਿਆ ਜਾਂਦਾ ਸੀ।—ਉਤਪਤ 34:1, 2, 19.
ਅੱਜ ਸੈਕਸ ਦੇ ਦੀਵਾਨੇ ਜ਼ਮਾਨੇ ਵਿਚ ਇਸ ਤਰ੍ਹਾਂ ਦੇ ਖ਼ਤਰੇ ਵਧਦੇ ਜਾ ਰਹੇ ਹਨ। (ਹੋਸ਼ੇਆ 5:4) ਜ਼ਿਆਦਾਤਰ ਮੁੰਡੇ-ਕੁੜੀਆਂ ਨੂੰ ਰਲ-ਮਿਲ ਕੇ ਮਜ਼ਾ ਕਰਨਾ ਬਹੁਤ ਚੰਗਾ ਲੱਗਦਾ ਹੈ। ਤੁਹਾਡਾ ਦਿਲ ਸ਼ਾਇਦ ਕਿਸੇ ਸੋਹਣੀ ਕੁੜੀ ਜਾਂ ਮੁੰਡੇ ਨਾਲ ਇਕੱਲਿਆਂ ਸਮਾਂ ਬਿਤਾਉਣ ਨੂੰ ਕਰੇ। ਪਰ ਤੁਹਾਡੇ ਮਾਪੇ ਤੁਹਾਨੂੰ ਉਨ੍ਹਾਂ ਨੌਜਵਾਨਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਨਗੇ ਜੋ ਪਰਮੇਸ਼ੁਰ ਦੇ ਅਸੂਲਾਂ ਦੀ ਪਰਵਾਹ ਨਹੀਂ ਕਰਦੇ।
ਲੌਰਾ ਮੰਨਦੀ ਹੈ ਕਿ ਮੌਜ-ਮਸਤੀ ਕਰਨ ਦੀ ਚਾਹ ਨੌਜਵਾਨਾਂ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੰਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਖ਼ਤਰਾ ਨਜ਼ਰ ਨਹੀਂ ਆਉਂਦਾ। “ਮੇਰੀ ਕਲਾਸ ਦੀਆਂ ਕੁੜੀਆਂ ਜਦੋਂ ਮੈਨੂੰ ਦੱਸਦੀਆਂ ਹਨ ਕਿ ਉਹ ਅੱਧੀ-ਅੱਧੀ ਰਾਤ ਤਕ ਕੁਝ ਸੋਹਣੇ-ਸੁਨੱਖੇ ਮੁੰਡਿਆਂ ਨਾਲ ਨੱਚਦੀਆਂ ਰਹੀਆਂ, ਤਾਂ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਇੱਦਾਂ ਲੱਗਦਾ ਜਿੱਦਾਂ ਕਿ ਇਹ ਮੌਕਾ ਉਨ੍ਹਾਂ ਨੂੰ ਜ਼ਿੰਦਗੀ ਵਿਚ ਫੇਰ ਕਦੀ ਨਹੀਂ ਮਿਲੇਗਾ। ਮੈਨੂੰ ਪਤਾ ਹੈ ਕਿ ਉਹ ਅਕਸਰ ਮਿਰਚ-ਮਸਾਲਾ ਲਾ ਕੇ ਗੱਲਾਂ ਦੱਸਦੀਆਂ ਹਨ, ਫਿਰ ਵੀ ਮੇਰੇ ਵਿਚ ਜਿਗਿਆਸਾ ਪੈਦਾ ਹੁੰਦੀ ਹੈ ਤੇ ਮੈਂ ਸੋਚਣ ਲੱਗ ਪੈਂਦੀ ਹਾਂ ਕਿ ਮੈਂ ਸ਼ਾਇਦ ਆਪਣੇ ਆਪ ਨੂੰ ਮੌਜ-ਮਸਤੀ ਕਰਨ ਤੋਂ ਵਾਂਝਿਆ ਰੱਖ ਰਹੀ ਹਾਂ। ਹਾਲਾਂਕਿ ਮੈਨੂੰ ਪਤਾ ਹੈ ਕਿ ਮੇਰੇ ਮਾਂ-ਬਾਪ ਮੈਨੂੰ ਇਨ੍ਹਾਂ ਥਾਵਾਂ ਤੇ ਜਾਣ ਤੋਂ ਰੋਕ ਕੇ ਸਹੀ ਕਰ ਰਹੇ ਹਨ, ਫਿਰ ਵੀ ਮੇਰਾ ਦਿਲ ਇਨ੍ਹਾਂ ਕੁੜੀਆਂ ਵਾਂਗ ਮੌਜ-ਮਸਤੀ ਕਰਨ ਨੂੰ ਕਰਦਾ ਹੈ।”
ਜਹਾਜ਼ ਦੀਆਂ ਬ੍ਰੇਕਾਂ ਨਹੀਂ ਹੁੰਦੀਆਂ, ਇਸ ਲਈ ਇਸ ਦੇ ਰੁਕਣ ਵਿਚ ਕਾਫ਼ੀ ਸਮਾਂ ਲੱਗਦਾ ਹੈ। ਮਾਪੇ ਜਾਣਦੇ ਹਨ ਕਿ ਕਾਮ-ਵਾਸਨਾ ਤੇ ਕਾਬੂ ਪਾਉਣਾ ਵੀ ਇਸੇ ਤਰ੍ਹਾਂ ਹੈ। ਜੋ ਵਿਅਕਤੀ ਆਪਣੀ ਵਾਸਨਾ ਤੇ ਕਾਬੂ ਨਾ ਰੱਖ ਕੇ ਗ਼ਲਤ ਕੰਮ ਕਰ ਬੈਠਦਾ ਹੈ, ਉਸ ਦੀ ਤੁਲਨਾ ਕਹਾਉਤਾਂ ਦੀ ਕਿਤਾਬ ਕੱਟਣ ਵਾਸਤੇ ਲੈ ਜਾਏ ਜਾ ਰਹੇ ਬਲਦ ਨਾਲ ਕਰਦੀ ਹੈ। (ਕਹਾਉਤਾਂ 7:21-23) ਤੁਸੀਂ ਆਪਣੇ ਨਾਲ ਇਸ ਤਰ੍ਹਾਂ ਨਹੀਂ ਹੋਣ ਦੇਣਾ ਚਾਹੋਗੇ। ਤੁਸੀਂ ਨਹੀਂ ਚਾਹੋਗੇ ਕਿ ਤੁਸੀਂ ਜਜ਼ਬਾਤੀ ਤੇ ਅਧਿਆਤਮਿਕ ਤੌਰ ਤੇ ਤਬਾਹ ਹੋ ਜਾਵੋ। ਜਦੋਂ ਤੁਹਾਡਾ ਦਿਲ ਤੁਹਾਨੂੰ ਇਸ ਤਬਾਹੀ ਵੱਲ ਧਕੇਲਣਾ ਸ਼ੁਰੂ ਕਰਦਾ ਹੈ, ਤਾਂ ਤੁਹਾਡੇ ਮਾਤਾ-ਪਿਤਾ ਇਹ ਦੇਖ ਕੇ ਤੁਹਾਨੂੰ ਇਸ ਤਬਾਹੀ ਤੋਂ ਬਚਣ ਲਈ ਸਲਾਹ ਦੇਣਗੇ। ਕੀ ਤੁਸੀਂ ਉਨ੍ਹਾਂ ਦੀ ਸਲਾਹ ਨੂੰ ਸੁਣ ਕੇ ਤਬਾਹੀ ਤੋਂ ਬਚਣ ਦੀ ਅਕਲਮੰਦੀ ਕਰੋਗੇ?—ਕਹਾਉਤਾਂ 1:8; 27:12.
ਤੁਹਾਨੂੰ ਉਦੋਂ ਵੀ ਆਪਣੇ ਮਾਂ-ਬਾਪ ਦੀ ਮਦਦ ਦੀ ਲੋੜ ਹੈ ਜਦੋਂ ਤੁਹਾਡੇ ਹਾਣ ਦੇ ਮੁੰਡੇ-ਕੁੜੀਆਂ ਤੁਹਾਡੇ ਤੇ ਕੁਝ ਕਰਨ ਦਾ ਦਬਾਅ ਪਾਉਂਦੇ ਹਨ। ਉਹ ਤੁਹਾਡੀ ਕਿਵੇਂ ਮਦਦ ਕਰ ਸਕਦੇ ਹਨ?
ਹਾਣ ਦੇ ਮੁੰਡੇ-ਕੁੜੀਆਂ ਦਾ ਜ਼ਬਰਦਸਤ ਦਬਾਅ
ਪਾਣੀ ਦਾ ਤੇਜ਼ ਵਹਾਅ ਜਹਾਜ਼ ਨੂੰ ਗ਼ਲਤ ਪਾਸੇ ਵੱਲ ਧਕੇਲ ਸਕਦਾ ਹੈ। ਇਸ ਤੇਜ਼ ਵਹਾਅ ਦਾ ਸਾਮ੍ਹਣਾ ਕਰਨ ਲਈ ਜ਼ਰੂਰੀ ਹੈ ਕਿ ਜਹਾਜ਼ ਨੂੰ ਸਹੀ ਦਿਸ਼ਾ ਵੱਲ ਮੋੜਿਆ ਜਾਵੇ। ਇਸੇ ਤਰ੍ਹਾਂ, ਦੂਸਰੇ ਨੌਜਵਾਨਾਂ ਦਾ ਦਬਾਅ ਤੁਹਾਨੂੰ ਪਰਮੇਸ਼ੁਰੀ ਰਾਹ ਤੋਂ ਦੂਰ ਕਰ ਕੇ ਕੁਰਾਹੇ ਪਾ ਸਕਦਾ ਹੈ ਜੇ ਤੁਸੀਂ ਇਸ ਦਬਾਅ ਦਾ ਸਾਮ੍ਹਣਾ ਕਰਨ ਲਈ ਕੁਝ ਨਾ ਕੀਤਾ।
ਦੀਨਾਹ ਦੀ ਉਦਾਹਰਣ ਦਿਖਾਉਂਦੀ ਹੈ ਕਿ ‘ਮੂਰਖਾਂ ਦੇ ਸਾਥੀ ਨੂੰ ਦੁਖ ਹੁੰਦਾ ਹੈ।’ (ਕਹਾਉਤਾਂ 13:20) ਯਾਦ ਰੱਖੋ ਕਿ ਬਾਈਬਲ ਵਿਚ ਉਸ ਵਿਅਕਤੀ ਨੂੰ “ਮੂਰਖ” ਕਿਹਾ ਗਿਆ ਹੈ ਜੋ ਯਹੋਵਾਹ ਨੂੰ ਨਹੀਂ ਜਾਣਦਾ ਜਾਂ ਜੋ ਉਸ ਦੇ ਰਾਹਾਂ ਤੇ ਨਹੀਂ ਚੱਲਣਾ ਚਾਹੁੰਦਾ।
ਪਰ ਸ਼ਾਇਦ ਆਪਣੀ ਕਲਾਸ ਦੇ ਮੁੰਡੇ-ਕੁੜੀਆਂ ਦੇ ਵਿਚਾਰਾਂ ਜਾਂ ਕਹਾਉਤਾਂ 1:10-16.
ਕੰਮਾਂ ਨੂੰ ਠੁਕਰਾਉਣਾ ਇੰਨਾ ਸੌਖਾ ਨਾ ਹੋਵੇ। ਮਾਰੀਆ ਹੋਸੇ ਦੱਸਦੀ ਹੈ: “ਮੈਂ ਚਾਹੁੰਦੀ ਸੀ ਕਿ ਦੂਜੇ ਮੁੰਡੇ-ਕੁੜੀਆਂ ਮੈਨੂੰ ਪਸੰਦ ਕਰਨ। ਮੈਂ ਉਨ੍ਹਾਂ ਤੋਂ ਵੱਖਰੀ ਨਜ਼ਰ ਨਹੀਂ ਆਉਣਾ ਚਾਹੁੰਦੀ ਸੀ। ਇਸ ਲਈ ਮੈਂ ਜ਼ਿਆਦਾ ਤੋਂ ਜ਼ਿਆਦਾ ਉਨ੍ਹਾਂ ਦੀ ਰੀਸ ਕਰਨ ਲੱਗ ਪਈ।” ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਕਦੋਂ ਤੁਹਾਡੇ ਉੱਤੇ ਤੁਹਾਡੇ ਹਾਣ ਦੇ ਮੁੰਡੇ-ਕੁੜੀਆਂ ਦਾ ਅਸਰ ਪੈਣ ਲੱਗ ਪਿਆ। ਤੁਸੀਂ ਉਨ੍ਹਾਂ ਦੀ ਪਸੰਦ ਦੇ ਗਾਣੇ ਸੁਣਨ ਅਤੇ ਕੱਪੜੇ ਪਾਉਣ ਲੱਗ ਪਵੋਗੇ ਜਾਂ ਉਨ੍ਹਾਂ ਵਾਂਗ ਗੱਲਬਾਤ ਕਰੋਗੇ। ਸ਼ਾਇਦ ਤੁਹਾਨੂੰ ਆਪਣੇ ਹਮਉਮਰ ਨੌਜਵਾਨਾਂ ਨਾਲ ਰਹਿਣਾ ਬਹੁਤ ਚੰਗਾ ਲੱਗਦਾ ਹੈ। ਇਹ ਸੁਭਾਵਕ ਹੈ, ਪਰ ਉਨ੍ਹਾਂ ਨਾਲ ਸੰਗਤ ਕਰਨ ਨਾਲ ਉਨ੍ਹਾਂ ਦੇ ਰਵੱਈਏ ਦਾ ਤੁਹਾਡੇ ਉੱਤੇ ਗਹਿਰਾ ਅਸਰ ਪੈ ਸਕਦਾ ਹੈ ਜੋ ਤਬਾਹਕੁਨ ਵੀ ਹੋ ਸਕਦਾ ਹੈ।—ਕੈਰੋਲੀਨ ਆਪਣੀ ਸਮੱਸਿਆ ਬਾਰੇ ਦੱਸਦੀ ਹੈ ਜਿਸ ਦਾ ਉਸ ਨੂੰ ਕੁਝ ਸਾਲ ਪਹਿਲਾਂ ਸਾਮ੍ਹਣਾ ਕਰਨਾ ਪਿਆ ਸੀ: “ਤੇਰਾਂ ਸਾਲ ਦੀ ਉਮਰ ਤੋਂ ਹੀ ਮੇਰੀਆਂ ਜ਼ਿਆਦਾਤਰ ਸਹੇਲੀਆਂ ਦਾ ਕਿਸੇ ਨਾ ਕਿਸੇ ਮੁੰਡੇ ਨਾਲ ਇਸ਼ਕ ਚੱਲ ਰਿਹਾ ਸੀ ਤੇ ਕਈ ਸਾਲਾਂ ਤਕ ਮੇਰੇ ਤੇ ਵੀ ਇਹੀ ਦਬਾਅ ਪਾਇਆ ਜਾਂਦਾ ਰਿਹਾ ਕਿ ਮੈਂ ਵੀ ਉਨ੍ਹਾਂ ਦੀ ਪੈੜ ਤੇ ਤੁਰਾਂ। ਪਰ ਮੇਰੇ ਮੰਮੀ ਇਸ ਬੁਰੇ ਵਕਤ ਦੌਰਾਨ ਮੈਨੂੰ ਸੇਧ ਦਿੰਦੇ ਰਹੇ। ਉਹ ਘੰਟਿਆਂ-ਬੱਧੀ ਮੇਰੀ ਗੱਲ ਸੁਣਦੇ ਤੇ ਮੈਨੂੰ ਸਮਝਾਉਂਦੇ ਸਨ। ਉਨ੍ਹਾਂ ਨੇ ਮੇਰੀ ਇਹ ਦੇਖਣ ਵਿਚ ਮਦਦ ਕੀਤੀ ਕਿ ਮੈਂ ਜਦ ਤਕ ਹੋਰ ਵੱਡੀ ਨਹੀਂ ਹੋ ਜਾਂਦੀ, ਮੈਂ ਇਨ੍ਹਾਂ ਗੱਲਾਂ ਤੋਂ ਦੂਰ ਰਹਾਂ।”
ਕੈਰੋਲੀਨ ਦੀ ਮੰਮੀ ਦੀ ਤਰ੍ਹਾਂ ਸ਼ਾਇਦ ਤੁਹਾਡੇ ਮਾਪੇ ਵੀ ਤੁਹਾਨੂੰ ਆਪਣੇ ਯਾਰਾਂ-ਦੋਸਤਾਂ ਦੇ ਅਸਰ ਹੇਠ ਆਉਣ ਤੋਂ ਖ਼ਬਰਦਾਰ ਕਰਨ। ਉਹ ਸ਼ਾਇਦ ਤੁਹਾਨੂੰ ਕੋਈ ਕੰਮ ਕਰਨ ਤੋਂ ਵਰਜਣ ਜਾਂ ਕੁਝ ਦੋਸਤਾਂ-ਮਿੱਤਰਾਂ ਨਾਲ ਨਾ ਮਿਲਣ ਦੇਣ। ਨੇਥਨ ਦੱਸਦਾ ਹੈ ਕਿ ਇਨ੍ਹਾਂ ਗੱਲਾਂ ਕਰਕੇ ਕਈ ਵਾਰੀ ਉਸ ਦੀ ਆਪਣੇ ਮਾਪਿਆਂ ਨਾਲ ਬਹਿਸ ਹੋ ਜਾਂਦੀ ਸੀ। ਉਹ ਕਹਿੰਦਾ ਹੈ: “ਮੇਰੇ ਦੋਸਤ ਅਕਸਰ ਮੈਨੂੰ ਉਨ੍ਹਾਂ ਨਾਲ ਘੁੰਮਣ-ਫਿਰਨ ਲਈ ਕਹਿੰਦੇ ਹੁੰਦੇ ਸਨ, ਪਰ ਮੇਰੇ ਮਾਂ-ਬਾਪ ਨਹੀਂ ਚਾਹੁੰਦੇ ਸਨ ਕਿ ਮੈਂ ਮੁੰਡੇ-ਕੁੜੀਆਂ ਦੀਆਂ ਟੋਲੀਆਂ ਨਾਲ ਘੁੰਮਾ-ਫਿਰਾ ਜਾਂ ਅਜਿਹੀਆਂ ਪਾਰਟੀਆਂ ਵਿਚ ਜਾਵਾਂ ਜਿਨ੍ਹਾਂ ਦੀ ਕੋਈ ਨਿਗਰਾਨੀ ਕਰਨ ਵਾਲਾ ਨਹੀਂ ਸੀ ਹੁੰਦਾ। ਉਸ ਵੇਲੇ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੇਰੇ ਮਾਂ-ਬਾਪ ਮੈਨੂੰ ਖੁੱਲ੍ਹ ਕਿਉਂ ਨਹੀਂ ਦਿੰਦੇ ਜਦ ਕਿ ਹੋਰਨਾਂ ਦੇ ਮਾਂ-ਬਾਪ ਕਿਸੇ ਤਰ੍ਹਾਂ ਦੀ ਰੋਕ-ਟੋਕ ਨਹੀਂ ਕਰਦੇ।”
ਪਰ ਬਾਅਦ ਵਿਚ ਨੇਥਨ ਸਮਝ ਗਿਆ। ਉਹ ਕਬੂਲ ਕਰਦਾ ਹੈ: “ਉਸ ਵੇਲੇ ‘ਮੇਰੇ ਮਨ ਵਿਚ ਮੂਰਖਤਾਈ ਬੱਧੀ ਹੋਈ ਸੀ।’ ਇਹ ਮੂਰਖਤਾ ਸੌਖਿਆਂ ਹੀ ਜ਼ਾਹਰ ਹੋਣ ਲੱਗਦੀ ਹੈ ਜਦੋਂ ਬਹੁਤ ਸਾਰੇ ਨੌਜਵਾਨ ਇਕੱਠੇ ਮਿਲ ਬੈਠਦੇ ਹਨ। ਜਦੋਂ ਇਕ ਜਣਾ ਕੋਈ ਸ਼ਰਾਰਤ ਕਰਦਾ ਹੈ, ਤਾਂ ਦੂਸਰਾ ਜਣਾ ਉਸ ਤੋਂ ਵੀ ਦੋ ਰੱਤੀਆਂ ਅੱਗੇ ਨਿਕਲ ਜਾਂਦਾ ਹੈ ਤੇ ਤੀਸਰਾ ਤਾਂ ਹੱਦ ਹੀ ਕਰ ਦਿੰਦਾ ਹੈ। ਫਿਰ ਕੁਝ ਹੀ ਪਲਾਂ ਵਿਚ ਸਾਰਿਆਂ ਨੂੰ ਇਸ ਕੰਮ ਵਿਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾਂਦਾ ਹੈ। ਯਹੋਵਾਹ ਦੀ ਸੇਵਾ ਕਰਨ ਵਾਲੇ ਨੌਜਵਾਨ ਵੀ ਇਸ ਫੰਦੇ ਵਿਚ ਫਸ ਸਕਦੇ ਹਨ।”—ਕਹਾਉਤਾਂ 22:15.
ਜਦੋਂ ਨੇਥਨ ਤੇ ਮਾਰੀਆ ਹੋਸੇ ਦੇ ਮਾਂ-ਬਾਪ ਨੇ ਉਨ੍ਹਾਂ ਨੂੰ ਉਹ ਕੁਝ ਕਰਨ ਤੋਂ ਰੋਕਿਆ ਜੋ ਉਨ੍ਹਾਂ ਦੇ ਸਾਥੀ ਉਨ੍ਹਾਂ ਨੂੰ ਕਰਨ ਲਈ ਕਹਿੰਦੇ ਸਨ, ਤਾਂ ਉਨ੍ਹਾਂ ਨੂੰ ਆਪਣੇ ਮਾਪਿਆਂ ਦੇ ਆਖੇ ਲੱਗਣਾ ਬਹੁਤ ਔਖਾ ਲੱਗਾ ਸੀ। ਪਰ ਫਿਰ ਵੀ ਉਨ੍ਹਾਂ ਨੇ ਆਪਣੇ ਮਾਪਿਆਂ ਦਾ ਕਹਿਣਾ ਮੰਨਿਆ ਅਤੇ ਅੱਜ ਉਹ ਖ਼ੁਸ਼ ਹਨ ਕਿ ਉਨ੍ਹਾਂ ਨੇ ਆਪਣੇ ਮਾਪਿਆਂ ਦੀ ਸੁਣੀ। ਕਹਾਉਤਾਂ ਦੀ ਕਿਤਾਬ ਕਹਿੰਦੀ ਹੈ: “ਕੰਨ ਧਰ ਕੇ ਬੁੱਧਵਾਨਾਂ ਦੇ ਬਚਨ ਸੁਣ, ਅਤੇ ਮੇਰੇ ਗਿਆਨ ਵੱਲ ਆਪਣਾ ਚਿੱਤ ਲਾ।”—ਕਹਾਉਤਾਂ 22:17.
ਆਦਰ ਦੇ ਲਾਇਕ
ਇਕ ਪਾਸੇ ਨੂੰ ਝੁਕੇ ਜਹਾਜ਼ ਨੂੰ ਮੰਜ਼ਲ ਤਕ ਲੈ ਜਾਣਾ ਬਹੁਤ ਮੁਸ਼ਕਲ ਹੈ, ਪਰ ਜੇ ਇਹ ਬਹੁਤ ਹੀ ਝੁਕ ਜਾਂਦਾ ਹੈ, ਤਾਂ ਇਹ ਸੌਖਿਆਂ ਹੀ ਉਲਟ ਸਕਦਾ ਹੈ। ਨਾਮੁਕੰਮਲ ਹੋਣ ਕਰਕੇ ਅਸੀਂ ਸੁਆਰਥੀ ਅਤੇ ਮਨ੍ਹਾ ਕੀਤੇ ਹੋਏ ਕੰਮ ਕਰਨ ਦਾ ਝੁਕਾਅ ਰੱਖਦੇ ਹਾਂ।
ਇਨ੍ਹਾਂ ਝੁਕਾਵਾਂ ਦੇ ਬਾਵਜੂਦ ਨੌਜਵਾਨ ਆਪਣੀ ਮੰਜ਼ਲ ਤੇ ਪਹੁੰਚ ਸਕਦੇ ਹਨ ਜੇ ਉਹ ਧਿਆਨ ਨਾਲ ਆਪਣੇ ਮਾਪਿਆਂ ਦੀ ਸਲਾਹ ਤੇ ਚੱਲਣ।ਮਿਸਾਲ ਲਈ, ਤੁਹਾਡੇ ਮਾਂ-ਬਾਪ ਇਹ ਵਿਚਾਰ ਨਕਾਰਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ ਕਿ ਜੀਉਣ ਨੂੰ ਜਾਂਦੇ ਭੀੜੇ ਰਾਹ ਅਤੇ ਨਾਸ਼ ਨੂੰ ਜਾਂਦੇ ਖੁੱਲ੍ਹੇ ਰਾਹ ਦੇ ਵਿਚਕਾਰੋਂ ਵੀ ਕੋਈ ਤੀਜਾ ਰਾਹ ਨਿਕਲਦਾ ਹੈ। (ਮੱਤੀ 7:13, 14) ਇਸ ਲਈ ਇਹ ਖ਼ਿਆਲ ਆਪਣੇ ਮਨੋਂ ਕੱਢ ਦਿਓ ਕਿ ਤੁਸੀਂ ਪਰਮੇਸ਼ੁਰ ਦੇ ਅਸੂਲਾਂ ਨੂੰ ਤੋੜੇ ਬਗੈਰ ਕੁਝ ਹੱਦ ਤਕ ਕਿਸੇ ਗ਼ਲਤ ਕੰਮ ਦਾ ਮਜ਼ਾ ਲੈ ਸਕਦੇ ਹੋ। ਇਹ ਇਸ ਤਰ੍ਹਾਂ ਹੈ ਮਾਨੋ ਤੁਸੀਂ ਪਾਪ ਨੂੰ ਨਿਗਲਣ ਤੋਂ ਬਗੈਰ ਉਸ ਦੇ ਸੁਆਦ ਨੂੰ “ਚੱਖ” ਰਹੇ ਹੋ। ਇਸ ਤਰ੍ਹਾਂ ਸੋਚਣ ਵਾਲੇ ਲੋਕ “ਦੋ ਖਿਆਲਾਂ ਉੱਤੇ ਲੰਗੜਾ” ਰਹੇ ਹਨ। ਉਹ ਕੁਝ ਹੱਦ ਤਕ ਯਹੋਵਾਹ ਦੀ ਸੇਵਾ ਕਰਨ ਦੇ ਨਾਲ-ਨਾਲ ਦੁਨੀਆਂ ਅਤੇ ਦੁਨੀਆਂ ਦੀਆਂ ਚੀਜ਼ਾਂ ਨਾਲ ਵੀ ਪਿਆਰ ਕਰ ਰਹੇ ਹਨ। ਅਜਿਹੇ ਲੋਕਾਂ ਦਾ ਅਧਿਆਤਮਿਕ ਜਹਾਜ਼ ਬੜੀ ਆਸਾਨੀ ਨਾਲ ਉਲਟ ਸਕਦਾ ਹੈ। (1 ਰਾਜਿਆਂ 18:21; 1 ਯੂਹੰਨਾ 2:15) ਕਿਉਂ ਭਲਾ? ਉਨ੍ਹਾਂ ਦੇ ਪਾਪੀ ਝੁਕਾਵਾਂ ਕਰਕੇ।
ਜੇ ਅਸੀਂ ਆਪਣੀਆਂ ਪਾਪੀ ਇੱਛਾਵਾਂ ਅੱਗੇ ਹਾਰ ਮੰਨ ਲਈਏ, ਤਾਂ ਇਹ ਹੋਰ ਤੇਜ਼ ਹੋ ਜਾਂਦੀਆਂ ਹਨ। ਸਾਡਾ ‘ਧੋਖੇਬਾਜ਼ ਦਿਲ’ ਸਿਰਫ਼ ਪਾਪ ਨੂੰ ਚੱਖਣ ਨਾਲ ਤ੍ਰਿਪਤ ਨਹੀਂ ਹੋਵੇਗਾ। ਇਹ ਕੁਝ ਜ਼ਿਆਦਾ ਕਰਨ ਦੀ ਮੰਗ ਕਰੇਗਾ। (ਯਿਰਮਿਯਾਹ 17:9) ਜੇ ਅਸੀਂ ਅਧਿਆਤਮਿਕ ਤੌਰ ਤੇ ਭਟਕ ਗਏ, ਤਾਂ ਦੁਨੀਆਂ ਦਾ ਅਸਰ ਸਾਡੇ ਉੱਤੇ ਵਧਦਾ ਜਾਵੇਗਾ। (ਇਬਰਾਨੀਆਂ 2:1) ਤੁਹਾਨੂੰ ਸ਼ਾਇਦ ਪਤਾ ਨਾ ਚੱਲੇ ਕਿ ਤੁਹਾਡਾ ਅਧਿਆਤਮਿਕ ਜਹਾਜ਼ ਪਾਸੇ ਨੂੰ ਝੁਕਦਾ ਜਾ ਰਿਹਾ ਹੈ, ਪਰ ਤੁਹਾਡੇ ਮਾਂ-ਬਾਪ ਨੂੰ ਇਹ ਨਜ਼ਰ ਆ ਜਾਵੇਗਾ। ਇਹ ਸੱਚ ਹੈ ਕਿ ਤੁਹਾਡੇ ਮਾਤਾ-ਪਿਤਾ ਸ਼ਾਇਦ ਤੁਹਾਡੇ ਵਾਂਗ ਕਿਸੇ ਕੰਪਿਊਟਰ ਪ੍ਰੋਗ੍ਰਾਮ ਨੂੰ ਸਿੱਖਣ ਵਿਚ ਤੇਜ਼ ਨਾ ਹੋਣ, ਪਰ ਉਹ ਧੋਖੇਬਾਜ਼ ਦਿਲ ਨੂੰ ਤੁਹਾਡੇ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਜਾਣਦੇ ਹਨ। ਉਹ ਤੁਹਾਡੇ “ਮਨ ਨੂੰ ਸਿੱਧੇ ਰਾਹ” ਪਾਉਣ ਵਿਚ ਤੁਹਾਡੀ ਮਦਦ ਕਰਨੀ ਚਾਹੁੰਦੇ ਹਨ ਜਿਸ ਰਾਹ ਤੇ ਚੱਲਣ ਨਾਲ ਤੁਹਾਨੂੰ ਜ਼ਿੰਦਗੀ ਮਿਲ ਸਕਦੀ ਹੈ।—ਕਹਾਉਤਾਂ 23:19.
ਇਹ ਨਾ ਸੋਚੋ ਕਿ ਤੁਹਾਡੇ ਮਾਪੇ ਤੁਹਾਨੂੰ ਸੰਗੀਤ, ਮਨ-ਪਰਚਾਵੇ ਅਤੇ ਸਜਣ-ਫੱਬਣ ਬਾਰੇ ਹਿਦਾਇਤਾਂ ਦੇਣ ਸਮੇਂ ਹਮੇਸ਼ਾ ਸਹੀ ਫ਼ੈਸਲੇ ਕਰਨਗੇ ਜਾਂ ਸਹੀ ਸਲਾਹ ਦੇਣਗੇ। ਤੁਹਾਡੇ ਮਾਪਿਆਂ ਕੋਲ ਸ਼ਾਇਦ ਸੁਲੇਮਾਨ ਵਾਂਗ ਵਿਸ਼ਾਲ ਬੁੱਧੀ ਜਾਂ ਅੱਯੂਬ ਵਰਗਾ ਧੀਰਜ ਨਾ ਹੋਵੇ। ਹੋ ਸਕਦਾ ਕਦੇ-ਕਦੇ ਉਹ ਜਹਾਜ਼ ਦੇ ਪਾਇਲਟ ਵਾਂਗ ਹੱਦੋਂ ਵੱਧ ਸਲਾਹ ਦੇਣ। ਫਿਰ ਵੀ ਉਨ੍ਹਾਂ ਦੀ ਸਲਾਹ ਤੁਹਾਡੇ ਲਈ ਫ਼ਾਇਦੇਮੰਦ ਸਾਬਤ ਹੋਵੇਗੀ ਜੇ ਤੁਸੀਂ ‘ਆਪਣੇ ਪਿਉ ਦਾ ਉਪਦੇਸ਼ ਸੁਣੋ, ਅਤੇ ਆਪਣੀ ਮਾਂ ਦੀ ਤਾਲੀਮ ਨੂੰ ਨਾ ਛੱਡੋ।’—ਕਹਾਉਤਾਂ 1:8, 9.
ਦੂਸਰੇ ਨੌਜਵਾਨ ਸ਼ਾਇਦ ਆਪਣੇ ਮਾਪਿਆਂ ਬਾਰੇ ਬੁਰਾ-ਭਲਾ ਕਹਿਣ। ਪਰ ਜੇ ਤੁਹਾਡੇ ਮਾਪੇ ਬਾਈਬਲ ਦੇ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਹ ਹਰ ਹਾਲ ਵਿਚ, ਹਰ ਸਮੇਂ ਅਤੇ ਕੋਈ ਵੀ ਬਿਪਤਾ ਆਉਣ ਤੇ ਤੁਹਾਡੀ ਮਦਦ ਕਰਨੀ ਚਾਹੁੰਦੇ ਹਨ। ਜਿਸ ਤਰ੍ਹਾਂ ਜਹਾਜ਼ ਦਾ ਕਪਤਾਨ ਤਜਰਬੇਕਾਰ ਪਾਇਲਟ ਦੀਆਂ ਹਿਦਾਇਤਾਂ ਸੁਣਦਾ ਹੈ, ਉਸੇ ਤਰ੍ਹਾਂ ਤੁਸੀਂ ਆਪਣੇ ਮਾਪਿਆਂ ਦੀ ਸੇਧ ਵਿਚ ਚੱਲੋ ਅਤੇ ਬੁੱਧੀਮਾਨ ਬਣੋ। ਇਸ ਦਾ ਤੁਹਾਨੂੰ ਬਹੁਤ ਫ਼ਾਇਦਾ ਹੋਵੇਗਾ।
“ਬੁੱਧ ਤੇਰੇ ਮਨ ਵਿੱਚ ਆਵੇਗੀ ਅਤੇ ਗਿਆਨ ਤੇਰੇ ਮਨ ਨੂੰ ਪਿਆਰਾ ਲੱਗੇਗਾ। ਮੱਤ ਤੇਰੀ ਪਾਲਨਾ ਕਰੇਗੀ, ਅਤੇ ਸਮਝ ਤੇਰੀ ਰਾਖੀ ਕਰੇਗੀ, ਭਈ ਤੈਨੂੰ ਬੁਰਿਆਂ ਰਾਹਾਂ ਤੋਂ, ਅਤੇ ਖੋਟੀਆਂ ਗੱਲਾਂ ਕਰਨ ਵਾਲਿਆਂ ਮਨੁੱਖਾਂ ਤੋਂ ਛੁਡਾਉਣ, ਜਿਹੜੇ ਸਚਿਆਈ ਦਿਆਂ ਰਾਹਾਂ ਨੂੰ ਛੱਡ ਕੇ ਅਨ੍ਹੇਰੇ ਰਾਹਾਂ ਵਿੱਚ ਤੁਰਦੇ ਹਨ . . . ਸਚਿਆਰ ਹੀ ਧਰਤੀ ਉੱਤੇ ਵਸੱਣਗੇ, ਅਤੇ ਖਰੇ ਹੀ ਓਹ ਦੇ ਵਿੱਚ ਰਹਿ ਜਾਣਗੇ।”—ਕਹਾਉਤਾਂ 2:10-13, 21.
[ਸਫ਼ੇ 22 ਉੱਤੇ ਤਸਵੀਰ]
ਦੂਸਰੇ ਨੌਜਵਾਨਾਂ ਦਾ ਦਬਾਅ ਤੁਹਾਨੂੰ ਪਰਮੇਸ਼ੁਰੀ ਰਾਹ ਤੋਂ ਦੂਰ ਕਰ ਕੇ ਕੁਰਾਹੇ ਪਾ ਸਕਦਾ ਹੈ
[ਸਫ਼ੇ 23 ਉੱਤੇ ਤਸਵੀਰ]
ਦੀਨਾਹ ਦੀ ਉਦਾਹਰਣ ਯਾਦ ਰੱਖੋ
[ਸਫ਼ੇ 24 ਉੱਤੇ ਤਸਵੀਰ]
ਜਿਸ ਤਰ੍ਹਾਂ ਜਹਾਜ਼ ਦਾ ਕਪਤਾਨ ਤਜਰਬੇਕਾਰ ਪਾਇਲਟ ਦੀਆਂ ਹਿਦਾਇਤਾਂ ਸੁਣਦਾ ਹੈ, ਉਸੇ ਤਰ੍ਹਾਂ ਨੌਜਵਾਨਾਂ ਨੂੰ ਆਪਣੇ ਮਾਪਿਆਂ ਦੀ ਸੇਧ ਵਿਚ ਚੱਲਣਾ ਚਾਹੀਦਾ ਹੈ
[ਸਫ਼ੇ 24 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
ਫੋਟੋ: www.comstock.com