ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਜਦੋਂ ਯਿਸੂ ਨੇ ਕਿਹਾ ਸੀ ਕਿ ਵਿਆਜ ਲਾਏ ਬਿਨਾਂ “ਉਧਾਰ ਦੇਵੋ, ਪਰ ਵਾਪਸ ਲੈਣ ਦੀ ਉਮੀਦ ਨਾਲ ਨਹੀਂ,” ਤਾਂ ਕੀ ਉਸ ਦੇ ਕਹਿਣ ਦਾ ਇਹ ਮਤਲਬ ਸੀ ਕਿ ਅਸੀਂ ਉਧਾਰ ਦਿੱਤਾ ਪੈਸਾ ਵਾਪਸ ਨਾ ਲਈਏ?
ਲੂਕਾ 6:35 (ਪਵਿੱਤਰ ਬਾਈਬਲ ਨਵਾਂ ਅਨੁਵਾਦ) ਵਿਚ ਦਰਜ ਯਿਸੂ ਦੇ ਇਹ ਸ਼ਬਦ ਅਸੀਂ ਮੂਸਾ ਦੀ ਬਿਵਸਥਾ ਦੀ ਮਦਦ ਨਾਲ ਸਮਝ ਸਕਦੇ ਹਾਂ। ਮੂਸਾ ਦੀ ਬਿਵਸਥਾ ਵਿਚ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਕਿਸੇ ਕੰਗਾਲ ਜਾਂ ਲੋੜਵੰਦ ਇਸਰਾਏਲੀ ਨੂੰ ਵਿਆਜ ਤੇ ਕਰਜ਼ਾ ਨਾ ਦੇਣ। (ਕੂਚ 22:25; ਲੇਵੀਆਂ 25:35-37; ਮੱਤੀ 5:42) ਇਹ ਕਰਜ਼ੇ ਕਿਸੇ ਵਿਅਕਤੀ ਨੂੰ ਕਾਰੋਬਾਰ ਚਲਾਉਣ ਜਾਂ ਸ਼ੁਰੂ ਕਰਨ ਲਈ ਨਹੀਂ ਦਿੱਤੇ ਜਾਂਦੇ ਸਨ। ਇਹ ਬਿਨ-ਵਿਆਜ ਕਰਜ਼ੇ ਕਿਸੇ ਵਿਅਕਤੀ ਨੂੰ ਇਸ ਲਈ ਦਿੱਤੇ ਜਾਂਦੇ ਸਨ ਤਾਂਕਿ ਉਹ ਗ਼ਰੀਬੀ ਜਾਂ ਬਿਪਤਾ ਤੋਂ ਛੁਟਕਾਰਾ ਪਾ ਸਕੇ। ਇਨ੍ਹਾਂ ਹਾਲਾਤਾਂ ਵਿਚ ਉਨ੍ਹਾਂ ਤੋਂ ਵਿਆਜ ਲੈਣਾ ਗ਼ਲਤ ਹੁੰਦਾ ਕਿਉਂਕਿ ਇਹ ਉਸ ਦੀ ਗ਼ਰੀਬੀ ਤੋਂ ਮੁਨਾਫ਼ਾ ਖੱਟਣ ਦੇ ਬਰਾਬਰ ਸੀ। ਪਰ ਕਰਜ਼ਾ ਦੇਣ ਵਾਲਾ ਆਪਣੀ ਦਿੱਤੀ ਹੋਈ ਰਕਮ ਵਾਪਸ ਲੈਣ ਦਾ ਹੱਕਦਾਰ ਸੀ। ਇਸ ਦੀ ਗਾਰੰਟੀ ਵਜੋਂ ਕਦੇ-ਕਦੇ ਉਹ ਕਰਜ਼ਾ ਲੈਣ ਵਾਲੇ ਦੀ ਕੋਈ ਚੀਜ਼ ਗਹਿਣੇ ਰੱਖ ਸਕਦਾ ਸੀ।—ਬਿਵਸਥਾ ਸਾਰ 15:7, 8.
ਯਿਸੂ ਨੇ ਮੂਸਾ ਦੀ ਬਿਵਸਥਾ ਦਾ ਪੂਰਾ ਸਮਰਥਨ ਕੀਤਾ, ਪਰ ਨਾਲ ਹੀ ਉਸ ਨੇ ਇਕ ਨਵੀਂ ਗੱਲ ਵੀ ਕਹੀ। ਉਸ ਨੇ ਕਿਹਾ ਕਿ ਕਰਜ਼ਾ ਦੇਣ ਵਾਲੇ ਨੂੰ ਰਕਮ “ਵਾਪਸ ਲੈਣ ਦੀ ਉਮੀਦ” ਨਹੀਂ ਰੱਖਣੀ ਚਾਹੀਦੀ। ਇਸਰਾਏਲੀਆਂ ਦੀ ਤਰ੍ਹਾਂ ਅੱਜ ਮਸੀਹੀ ਵੀ ਕਦੀ-ਕਦੀ ਬਿਨਾਂ ਕੋਈ ਗ਼ਲਤੀ ਕੀਤਿਆਂ ਆਰਥਿਕ ਤੰਗੀਆਂ ਜਾਂ ਹੋਰ ਹਾਲਾਤਾਂ ਦੀ ਵਜ੍ਹਾ ਨਾਲ ਗ਼ਰੀਬੀ ਦੀ ਮਾਰ ਹੇਠ ਆ ਸਕਦੇ ਹਨ। ਜੇ ਕਿਸੇ ਮਸੀਹੀ ਭਰਾ ਨੂੰ ਇਸ ਔਖੀ ਘੜੀ ਵਿਚ ਪੈਸਿਆਂ ਦੀ ਲੋੜ ਹੈ, ਤਾਂ ਕੀ ਉਸ ਦੀ ਮਦਦ ਕਰਨੀ ਚੰਗੀ ਗੱਲ ਨਹੀਂ ਹੋਵੇਗੀ? ਜੀ ਹਾਂ, ਸੱਚਾ ਪਿਆਰ ਸਾਨੂੰ ਆਪਣੇ ਭਰਾ ਦੀ ਮਦਦ ਕਰਨ ਲਈ ਪ੍ਰੇਰੇਗਾ। (ਕਹਾਉਤਾਂ 3:27) ਅਸੀਂ ਸ਼ਾਇਦ ਲੋੜਵੰਦ ਭਰਾ ਨੂੰ ਤੋਹਫ਼ੇ ਵਜੋਂ ਕੁਝ ਦੇ ਸਕਦੇ ਹਾਂ, ਭਾਵੇਂ ਕਿ ਇਹ ਉਸ ਰਕਮ ਤੋਂ ਘੱਟ ਹੀ ਕਿਉਂ ਨਾ ਹੋਵੇ ਜੋ ਅਸੀਂ ਸ਼ਾਇਦ ਉਸ ਨੂੰ ਕਰਜ਼ੇ ਵਜੋਂ ਦਿੰਦੇ।—ਜ਼ਬੂਰਾਂ ਦੀ ਪੋਥੀ 37:21.
ਪਹਿਲੀ ਸਦੀ ਵਿਚ ਪੌਲੁਸ ਰਸੂਲ ਅਤੇ ਬਰਨਬਾਸ ਨੇ ਏਸ਼ੀਆ ਮਾਈਨਰ ਦੇ ਮਸੀਹੀਆਂ ਤੋਂ ਚੰਦਾ ਇਕੱਠਾ ਕਰ ਕੇ ਯਹੂਦਿਯਾ ਵਿਚ ਕਾਲ ਤੋਂ ਪ੍ਰਭਾਵਿਤ ਭਰਾਵਾਂ ਤਕ ਪਹੁੰਚਾਇਆ ਸੀ। (ਰਸੂਲਾਂ ਦੇ ਕਰਤੱਬ 11:28-30) ਅੱਜ ਵੀ ਜਦੋਂ ਭਰਾਵਾਂ ਤੇ ਕੋਈ ਬਿਪਤਾ ਆਉਂਦੀ ਹੈ, ਤਾਂ ਮਸੀਹੀ ਅਕਸਰ ਆਪਣੇ ਲੋੜਵੰਦ ਭਰਾਵਾਂ ਨੂੰ ਤੋਹਫ਼ੇ ਭੇਜਦੇ ਹਨ। ਇਸ ਤਰ੍ਹਾਂ ਕਰ ਕੇ ਉਹ ਦੂਜਿਆਂ ਨੂੰ ਚੰਗੀ ਗਵਾਹੀ ਵੀ ਦਿੰਦੇ ਹਨ। (ਮੱਤੀ 5:16) ਇਹ ਸੱਚ ਹੈ ਕਿ ਜਿਸ ਭਰਾ ਨੂੰ ਸਾਡੀ ਮਦਦ ਦੀ ਲੋੜ ਹੈ, ਸਾਨੂੰ ਉਸ ਦੇ ਰਵੱਈਏ ਅਤੇ ਹਾਲਾਤਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਉਸ ਨੂੰ ਮਦਦ ਦੀ ਲੋੜ ਕਿਉਂ ਪਈ? ਸਾਨੂੰ ਪੌਲੁਸ ਦੇ ਸ਼ਬਦਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ: “ਜੇ ਕੋਈ ਕੰਮ ਧੰਦਾ ਕਰਨੋਂ ਨੱਕ ਵੱਟਦਾ ਹੈ ਤਾਂ ਰੋਟੀ ਵੀ ਨਾ ਖਾਵੇ।”—2 ਥੱਸਲੁਨੀਕੀਆਂ 3:10.
ਹੋ ਸਕਦਾ ਹੈ ਕਿ ਕਿਸੇ ਭਰਾ ਦੀ ਮਾਲੀ ਹਾਲਤ ਬਹੁਤ ਮਾੜੀ ਨਹੀਂ ਹੈ, ਪਰ ਬਿਜ਼ਨਿਸ ਵਿਚ ਕੁਝ ਨੁਕਸਾਨ ਹੋਣ ਕਾਰਨ ਉਹ ਆਰਥਿਕ ਤੰਗੀ ਦਾ ਸਾਮ੍ਹਣਾ ਕਰ ਰਿਹਾ ਹੈ। ਜੇ ਉਹ ਆਪਣੀ ਹਾਲਤ ਨੂੰ ਸੁਧਾਰਨ ਲਈ ਥੋੜ੍ਹੇ ਸਮੇਂ ਲਈ ਕਰਜ਼ਾ ਮੰਗਦਾ ਹੈ, ਤਾਂ ਉਸ ਨੂੰ ਵਿਆਜ ਤੋਂ ਬਿਨਾਂ ਕਰਜ਼ਾ ਦਿੱਤਾ ਜਾ ਸਕਦਾ ਹੈ। ਇਨ੍ਹਾਂ ਹਾਲਾਤਾਂ ਵਿਚ ਆਪਣੀ ਰਕਮ ਵਾਪਸ ਲੈਣ ਦੀ ਉਮੀਦ ਨਾਲ ਕਰਜ਼ਾ ਦੇਣਾ ਲੂਕਾ 6:35 ਵਿਚ ਕਹੇ ਯਿਸੂ ਦੇ ਸ਼ਬਦਾਂ ਦੇ ਖ਼ਿਲਾਫ਼ ਨਹੀਂ ਹੋਵੇਗਾ। ਦੋਹਾਂ ਧਿਰਾਂ ਨੂੰ ਲਿਖਤੀ ਰੂਪ ਵਿਚ ਇਕਰਾਰਨਾਮਾ ਕਰ ਲੈਣਾ ਚਾਹੀਦਾ ਹੈ ਅਤੇ ਕਰਜ਼ਾ ਲੈਣ ਵਾਲੇ ਭਰਾ ਨੂੰ ਇਕਰਾਰਨਾਮੇ ਦੇ ਅਨੁਸਾਰ ਕਰਜ਼ਾ ਮੋੜਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੀ ਹਾਂ, ਜਿਸ ਪਿਆਰ ਨੇ ਮਸੀਹੀ ਭਰਾ ਨੂੰ ਕਰਜ਼ਾ ਦੇਣ ਲਈ ਪ੍ਰੇਰਿਆ, ਉਸੇ ਪਿਆਰ ਤੋਂ ਕਰਜ਼ਾਈ ਨੂੰ ਕਰਜ਼ਾ ਮੋੜਨ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ।
ਕਰਜ਼ਾ (ਜਾਂ ਤੋਹਫ਼ਾ) ਦੇਣ ਵਾਲੇ ਮਸੀਹੀ ਨੂੰ ਆਪਣੇ ਪਰਿਵਾਰ ਦੀ ਹਾਲਤ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿਉਂਕਿ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨੀ ਉਸ ਦੀ ਪਹਿਲੀ ਜ਼ਿੰਮੇਵਾਰੀ ਹੈ। ਮਿਸਾਲ ਲਈ, ਜੇ ਉਹ ਕਰਜ਼ਾ ਜਾਂ ਤੋਹਫ਼ਾ ਦਿੰਦਾ ਹੈ, ਤਾਂ ਕੀ ਉਸ ਦੇ ਆਪਣੇ ਪਰਿਵਾਰ ਨੂੰ ਤੰਗੀਆਂ ਦਾ ਸਾਮ੍ਹਣਾ ਤਾਂ ਨਹੀਂ ਕਰਨਾ ਪਵੇਗਾ? (2 ਕੁਰਿੰਥੀਆਂ 8:12; 1 ਤਿਮੋਥਿਉਸ 5:8) ਫਿਰ ਵੀ ਮਸੀਹੀਆਂ ਨੂੰ ਇਕ-ਦੂਜੇ ਪ੍ਰਤੀ ਆਪਣਾ ਪਿਆਰ ਜ਼ਾਹਰ ਕਰਨ ਦੇ ਮੌਕੇ ਭਾਲਣੇ ਚਾਹੀਦੇ ਹਨ। ਬਾਈਬਲ ਦੇ ਸਿਧਾਂਤਾਂ ਅਨੁਸਾਰ ਅਸੀਂ ਇਕ-ਦੂਜੇ ਦੀ ਮਦਦ ਕਰ ਕੇ ਇਹ ਪਿਆਰ ਜ਼ਾਹਰ ਕਰ ਸਕਦੇ ਹਾਂ।—ਯਾਕੂਬ 1:27; 1 ਯੂਹੰਨਾ 3:18; 4:7-11.