ਇਕ “ਬੇਮਿਸਾਲ” ਅਨੁਵਾਦ
ਇਕ “ਬੇਮਿਸਾਲ” ਅਨੁਵਾਦ
ਇਕ ਅੰਦਾਜ਼ੇ ਮੁਤਾਬਕ 1952 ਤੇ 1990 ਦੇ ਦਰਮਿਆਨ ਮਸੀਹੀ ਯੂਨਾਨੀ ਸ਼ਾਸਤਰ ਦੇ ਅੰਗ੍ਰੇਜ਼ੀ ਵਿਚ ਲਗਭਗ 55 ਅਨੁਵਾਦ ਛਾਪੇ ਗਏ ਸਨ। ਸ਼ਬਦਾਂ ਦੀ ਚੋਣ ਦੇ ਮਾਮਲੇ ਵਿਚ ਅਨੁਵਾਦਕਾਂ ਦੀ ਆਪੋ-ਆਪਣੀ ਪਸੰਦ ਹੋਣ ਕਰਕੇ ਕੋਈ ਦੋ ਅਨੁਵਾਦ ਇੱਕੋ ਜਿਹੇ ਨਹੀਂ ਹਨ। ਇਹ ਦੇਖਣ ਲਈ ਕਿ ਇਹ ਅਨੁਵਾਦ ਕਿੰਨੇ ਕੁ ਸਹੀ ਹਨ, ਅਮਰੀਕਾ ਵਿਚ ਉੱਤਰੀ ਐਰੀਜ਼ੋਨਾ ਯੂਨੀਵਰਸਿਟੀ ਵਿਚ ਧਰਮ ਦੇ ਪ੍ਰੋਫ਼ੈਸਰ ਜੇਸਨ ਬੇਡੂਨ ਨੇ ਅੱਠ ਮੁੱਖ ਅਨੁਵਾਦਾਂ ਦਾ ਤੁਲਨਾਤਮਕ ਅਧਿਐਨ ਕੀਤਾ। ਉਨ੍ਹਾਂ ਅਨੁਵਾਦਾਂ ਵਿਚ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਬਾਈਬਲ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਵੀ ਸੀ। ਅਧਿਐਨ ਤੋਂ ਬਾਅਦ ਉਸ ਨੇ ਕੀ ਸਿੱਟਾ ਕੱਢਿਆ?
ਭਾਵੇਂ ਬੇਡੂਨ ਨਿਊ ਵਰਲਡ ਟ੍ਰਾਂਸਲੇਸ਼ਨ ਵਿਚ ਵਰਤੇ ਗਏ ਕੁਝ ਸ਼ਬਦਾਂ ਨਾਲ ਸਹਿਮਤ ਨਹੀਂ ਸੀ, ਪਰ ਉਸ ਨੇ ਇਸ ਨੂੰ “ਬੇਮਿਸਾਲ” ਅਨੁਵਾਦ ਕਿਹਾ। ਉਸ ਨੇ ਇਸ ਨੂੰ ਦੂਸਰਿਆਂ ਤੋਂ “ਕਿਤੇ ਵਧੀਆ” ਕਿਹਾ। ਬੇਡੂਨ ਨੇ ਸਿੱਟਾ ਕੱਢਿਆ ਕਿ ਨਿਊ ਵਰਲਡ ਟ੍ਰਾਂਸਲੇਸ਼ਨ “ਮੌਜੂਦਾ ਸਮੇਂ ਵਿਚ ਉਪਲਬਧ ਨਵੇਂ ਨੇਮ ਦੇ ਅਨੁਵਾਦਾਂ ਵਿੱਚੋਂ ਸਭ ਤੋਂ ਸ਼ੁੱਧ ਅਨੁਵਾਦ” ਹੈ ਅਤੇ “ਤੁਲਨਾਤਮਕ ਅਧਿਐਨ ਕੀਤੇ ਗਏ ਅਨੁਵਾਦਾਂ ਵਿੱਚੋਂ ਇਹੀ ਸਭ ਤੋਂ ਜ਼ਿਆਦਾ ਸਹੀ ਹੈ।”—ਅਨੁਵਾਦ ਵਿਚ ਸੱਚਾਈ: ਨਵੇਂ ਨੇਮ ਦੇ ਅੰਗ੍ਰੇਜ਼ੀ ਅਨੁਵਾਦਾਂ ਵਿਚ ਸ਼ੁੱਧਤਾ ਤੇ ਅਸ਼ੁੱਧਤਾ (ਅੰਗ੍ਰੇਜ਼ੀ)।
ਬੇਡੂਨ ਨੇ ਇਹ ਵੀ ਦੇਖਿਆ ਕਿ ਬਹੁਤ ਸਾਰੇ ਅਨੁਵਾਦਕਾਂ ਨੇ ‘ਮੌਜੂਦਾ ਸਮੇਂ ਵਿਚ ਬਾਈਬਲ ਪੜ੍ਹਨ ਵਾਲੇ ਲੋਕਾਂ ਦੀਆਂ ਰਾਵਾਂ ਜਾਂ ਪਸੰਦ-ਨਾਪਸੰਦ’ ਦੇ ਦਬਾਅ ਹੇਠ ਆ ਕੇ ਬਾਈਬਲ ਦੀਆਂ ਆਇਤਾਂ ਦਾ ਸਹੀ-ਸਹੀ ਅਨੁਵਾਦ ਕਰਨ ਦੀ ਬਜਾਇ “ਉਨ੍ਹਾਂ ਦਾ ਸਾਰ ਦਿੱਤਾ ਜਾਂ ਉਨ੍ਹਾਂ ਵਿਚ ਵਾਧੂ ਗੱਲਾਂ ਪਾਈਆਂ।” ਦੂਸਰੇ ਪਾਸੇ, ਬੇਡੂਨ ਨੇ ਦੇਖਿਆ ਕਿ ਨਿਊ ਵਰਲਡ ਟ੍ਰਾਂਸਲੇਸ਼ਨ ਇਨ੍ਹਾਂ ਨਾਲੋਂ ਵੱਖਰੀ ਹੈ ਕਿਉਂਕਿ “ਇਸ ਵਿਚ ਨਵੇਂ ਨੇਮ ਦੇ ਲਿਖਾਰੀਆਂ ਦੁਆਰਾ ਵਰਤੇ ਗਏ ਯੂਨਾਨੀ ਸ਼ਬਦਾਂ ਦਾ ਸਹੀ-ਸਹੀ ਤੇ ਸ਼ਾਬਦਿਕ ਅਨੁਵਾਦ ਕੀਤਾ ਗਿਆ ਹੈ।”
ਜਿਵੇਂ ਕਿ ਨਿਊ ਵਰਲਡ ਬਾਈਬਲ ਟ੍ਰਾਂਸਲੇਸ਼ਨ ਕਮੇਟੀ ਨੇ ਬਾਈਬਲ ਦੇ ਮੁਖਬੰਧ ਵਿਚ ਲਿਖਿਆ ਹੈ, ਮੁਢਲੀਆਂ ਭਾਸ਼ਾਵਾਂ ਤੋਂ ਮੌਜੂਦਾ ਸਮੇਂ ਦੀਆਂ ਭਾਸ਼ਾਵਾਂ ਵਿਚ ਪਵਿੱਤਰ ਲਿਖਤਾਂ ਨੂੰ ਅਨੁਵਾਦ ਕਰਨਾ “ਬਹੁਤ ਭਾਰੀ ਜ਼ਿੰਮੇਵਾਰੀ ਦਾ ਕੰਮ ਹੈ।” ਇਹ ਕਮੇਟੀ ਅੱਗੇ ਕਹਿੰਦੀ ਹੈ: “ਇਸ ਬਾਈਬਲ ਦੇ ਅਨੁਵਾਦਕ ਪਵਿੱਤਰ ਸ਼ਾਸਤਰ ਦੇ ਲੇਖਕ ਪਰਮੇਸ਼ੁਰ ਤੋਂ ਡਰਦੇ ਹਨ ਅਤੇ ਉਸ ਨੂੰ ਪਿਆਰ ਕਰਦੇ ਹਨ। ਇਸ ਕਰਕੇ ਉਹ ਉਸ ਦੇ ਵਿਚਾਰਾਂ ਤੇ ਸੰਦੇਸ਼ਾਂ ਨੂੰ ਸਹੀ-ਸਹੀ ਦੂਸਰਿਆਂ ਤਕ ਪਹੁੰਚਾਉਣ ਸੰਬੰਧੀ ਆਪਣੇ ਆਪ ਨੂੰ ਉਸ ਪ੍ਰਤੀ ਜਵਾਬਦੇਹ ਮਹਿਸੂਸ ਕਰਦੇ ਹਨ।”
ਸਾਲ 1961 ਵਿਚ ਪਹਿਲੀ ਵਾਰ ਅੰਗ੍ਰੇਜ਼ੀ ਵਿਚ ਛਪਣ ਤੋਂ ਬਾਅਦ, ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਹੁਣ 32 ਭਾਸ਼ਾਵਾਂ ਵਿਚ ਉਪਲਬਧ ਹੈ ਜਿਨ੍ਹਾਂ ਵਿਚ ਦੋ ਬ੍ਰੇਲ ਭਾਸ਼ਾਵਾਂ ਵੀ ਸ਼ਾਮਲ ਹਨ। ਨਿਊ ਵਰਲਡ ਟ੍ਰਾਂਸਲੇਸ਼ਨ ਦਾ ਮਸੀਹੀ ਯੂਨਾਨੀ ਸ਼ਾਸਤਰ ਜਾਂ “ਨਵਾਂ ਨੇਮ” 18 ਹੋਰ ਭਾਸ਼ਾਵਾਂ ਵਿਚ ਅਤੇ ਇਕ ਬ੍ਰੇਲ ਭਾਸ਼ਾ ਵਿਚ ਵੀ ਉਪਲਬਧ ਹੈ। ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਜੇ ਇਹ “ਬੇਮਿਸਾਲ” ਅਨੁਵਾਦ ਤੁਹਾਡੀ ਭਾਸ਼ਾ ਵਿਚ ਉਪਲਬਧ ਹੈ, ਤਾਂ ਤੁਸੀਂ ਇਸ ਵਿੱਚੋਂ ਪਰਮੇਸ਼ੁਰ ਦਾ ਬਚਨ ਪੜ੍ਹੋ।