Skip to content

Skip to table of contents

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਪਹਿਰਾਬੁਰਜ ਦੇ ਹਾਲ ਹੀ ਦੇ ਅੰਕਾਂ ਨੂੰ ਪੜ੍ਹਨ ਦਾ ਆਨੰਦ ਮਾਣਿਆ ਹੈ? ਜ਼ਰਾ ਪਰਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:

ਭਾਵਾਤਮਕ ਤੇ ਅਧਿਆਤਮਿਕ ਥਕਾਵਟ ਮਹਿਸੂਸ ਹੋਣ ਤੇ ਮਸੀਹੀ ਕੀ ਕਰ ਸਕਦਾ ਹੈ?

ਸਾਨੂੰ ਆਪਣੀ ਥਕਾਵਟ ਦਾ ਕਾਰਨ ਪਤਾ ਲਗਾਉਣ ਦੀ ਲੋੜ ਹੈ। ਸਮੇਂ-ਸਮੇਂ ਤੇ ਅਸੀਂ ਆਪਣੀਆਂ ਆਦਤਾਂ ਅਤੇ ਚੀਜ਼ਾਂ ਦੀ ਜਾਂਚ ਕਰ ਕੇ ਬੇਲੋੜਾ ਭਾਰ ਪਰੇ ਸੁੱਟ ਕੇ ਥਕਾਵਟ ਦੂਰ ਕਰ ਸਕਦੇ ਹਾਂ। ਅਸੀਂ ਆਪਣੇ ਹਾਲਾਤਾਂ ਅਨੁਸਾਰ ਅਜਿਹੇ ਟੀਚੇ ਰੱਖ ਸਕਦੇ ਹਾਂ ਜੋ ਅਸੀਂ ਹਾਸਲ ਕਰ ਸਕੀਏ। ਆਪਣੀ ਅਧਿਆਤਮਿਕ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੈ ਅਤੇ ਇਸ ਲਈ ਸਾਨੂੰ ਬਾਕਾਇਦਾ ਪ੍ਰਾਰਥਨਾ ਕਰਨੀ ਅਤੇ ਪਰਮੇਸ਼ੁਰ ਦੇ ਬਚਨ ਉੱਤੇ ਮਨਨ ਕਰਨਾ ਚਾਹੀਦਾ ਹੈ।—8/15, ਸਫ਼ੇ 23-6.

ਯਹੋਵਾਹ ਦੇ ਗਵਾਹ ਕਿਉਂ ਮੰਨਦੇ ਹਨ ਕਿ 1,44,000 ਦੀ ਸੰਖਿਆ ਪੱਕੀ ਗਿਣਤੀ ਹੈ, ਨਾ ਕਿ ਲਾਖਣਿਕ?

ਯੂਹੰਨਾ ਰਸੂਲ ਨੇ ਦਰਸ਼ਣ ਵਿਚ 1,44,000 ਲੋਕਾਂ ਦਾ ਸਮੂਹ ਦੇਖਣ ਤੋਂ ਬਾਅਦ ‘ਇੱਕ ਵੱਡੀ ਭੀੜ ਵੇਖੀ ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ’ ਸੀ। (ਪਰਕਾਸ਼ ਦੀ ਪੋਥੀ 7:4, 9) ਜੇ 1,44,000 ਦੀ ਗਿਣਤੀ ਲਾਖਣਿਕ ਸੀ, ਤਾਂ ਵੱਡੀ ਭੀੜ ਬਾਰੇ ਇਹ ਗੱਲ ਕਹਿਣ ਦੀ ਕੋਈ ਤੁੱਕ ਨਹੀਂ ਬਣਨੀ ਸੀ। ਯਿਸੂ ਨੇ ਆਪਣੇ ਨਾਲ ਰਾਜ ਕਰਨ ਵਾਲਿਆਂ ਨੂੰ ‘ਛੋਟਾ ਝੁੰਡ’ ਕਿਹਾ ਸੀ। (ਲੂਕਾ 12:32)—9/1, ਸਫ਼ਾ 30.

ਇਸਰਾਏਲੀ ਲੋਕ ਪਰਦੇਸੀਆਂ ਨੂੰ ਮਰਿਆ ਜਾਨਵਰ ਕਿਉਂ ਵੇਚ ਸਕਦੇ ਸਨ ਜਿਸ ਦਾ ਲਹੂ ਨਹੀਂ ਕੱਢਿਆ ਹੁੰਦਾ ਸੀ?

ਜਿਨ੍ਹਾਂ ਪਰਦੇਸੀਆਂ ਅਤੇ ਓਪਰੇ ਆਦਮੀਆਂ ਨੇ ਯਹੂਦੀ ਧਰਮ ਨਹੀਂ ਅਪਣਾਇਆ ਸੀ, ਉਹ ਬਿਵਸਥਾ ਦੇ ਅਧੀਨ ਨਹੀਂ ਸਨ। ਇਸ ਲਈ ਇਸਰਾਏਲੀਆਂ ਨੂੰ ਅਜਿਹੇ ਮਰੇ ਹੋਏ ਜਾਨਵਰ ਉਨ੍ਹਾਂ ਨੂੰ ਦੇਣ ਜਾਂ ਵੇਚਣ ਦੀ ਇਜਾਜ਼ਤ ਸੀ। (ਬਿਵਸਥਾ ਸਾਰ 14:21) ਪਰ ਯਹੂਦੀ ਧਰਮ ਅਪਣਾਉਣ ਵਾਲਾ ਪਰਦੇਸੀ ਬਿਵਸਥਾ ਦੇ ਅਧੀਨ ਸੀ ਅਤੇ ਅਜਿਹੇ ਜਾਨਵਰ ਦਾ ਖ਼ੂਨ ਰਲਿਆ ਮਾਸ ਨਹੀਂ ਖਾ ਸਕਦਾ ਸੀ। (ਲੇਵੀਆਂ 17:10)—9/15, ਸਫ਼ਾ 26.

ਵਿਗਿਆਨੀਆਂ ਵੱਲੋਂ ਕੁਦਰਤੀ ਚੀਜ਼ਾਂ ਦੀ ਨਕਲ ਕਰਨੀ ਮਸੀਹੀਆਂ ਲਈ ਦਿਲਚਸਪੀ ਦੀ ਗੱਲ ਕਿਉਂ ਹੈ?

ਵਿਗਿਆਨੀਆਂ ਨੇ ਅਕਸਰ ਕੁਦਰਤੀ ਚੀਜ਼ਾਂ ਦੀ ਨਕਲ ਕੀਤੀ ਹੈ। ਮਿਸਾਲ ਲਈ, ਔਰਵਿਲ ਅਤੇ ਵਿਲਬਰ ਰਾਈਟ ਨਾਂ ਦੇ ਭਰਾਵਾਂ ਨੇ ਉੱਡ ਰਹੇ ਵੱਡੇ-ਵੱਡੇ ਪੰਛੀਆਂ ਦਾ ਅਧਿਐਨ ਕਰਨ ਤੋਂ ਬਾਅਦ ਹਵਾਈ-ਜਹਾਜ਼ ਬਣਾਇਆ ਸੀ। ਇਹੋ ਜਿਹੀਆਂ ਉਦਾਹਰਣਾਂ ਦੇਖ ਕੇ ਮਸੀਹੀ ਆਪਣੇ ਸਿਰਜਣਹਾਰ ਦੀ ਵਡਿਆਈ ਕਰਨ ਲਈ ਪ੍ਰੇਰਿਤ ਹੋ ਸਕਦੇ ਹਨ।—10/1, ਸਫ਼ਾ 9.

2 ਕੁਰਿੰਥੀਆਂ 12:2-4 ਵਿਚ ਦੱਸਿਆ ਗਿਆ ਉਹ ਮਨੁੱਖ ਕੌਣ ਸੀ ਜਿਸ ਨੂੰ ਫਿਰਦੌਸ ਵਿਚ ਲਿਜਾਇਆ ਗਿਆ ਸੀ?

ਇਹ ਗੱਲ ਉਨ੍ਹਾਂ ਆਇਤਾਂ ਤੋਂ ਇਕਦਮ ਬਾਅਦ ਲਿਖੀ ਗਈ ਹੈ ਜਿਨ੍ਹਾਂ ਵਿਚ ਪੌਲੁਸ ਨੇ ਆਪਣੇ ਰਸੂਲ ਹੋਣ ਦਾ ਸਬੂਤ ਪੇਸ਼ ਕੀਤਾ ਸੀ। ਕਿਉਂ ਜੋ ਬਾਈਬਲ ਵਿਚ ਹੋਰ ਕਿਸੇ ਵਿਅਕਤੀ ਨੂੰ ਇਹੋ ਜਿਹਾ ਤਜਰਬਾ ਹੋਣ ਬਾਰੇ ਨਹੀਂ ਦੱਸਿਆ ਗਿਆ ਹੈ, ਨਾਲੇ ਪੌਲੁਸ ਨੇ ਹੀ ਇਸ ਦਰਸ਼ਣ ਬਾਰੇ ਦੱਸਿਆ, ਇਸ ਲਈ ਲੱਗਦਾ ਹੈ ਕਿ ਪੌਲੁਸ ਨੂੰ ਹੀ ਇਹ ਦਰਸ਼ਣ ਮਿਲਿਆ ਸੀ।—10/15, ਸਫ਼ਾ 8.

ਯਿਸੂ ਦੇ ਕਿਹੜੇ ਕੁਝ ਗੁਣਾਂ ਕਰਕੇ ਪਰਮੇਸ਼ੁਰ ਨੇ ਉਸ ਨੂੰ ਆਗੂ ਚੁਣਿਆ?

ਯਿਸੂ ਨੇ ਆਪਣੀ ਈਮਾਨਦਾਰੀ ਅਤੇ ਸ਼ੁੱਧ ਆਚਰਣ ਦੁਆਰਾ ਪਰਮੇਸ਼ੁਰ ਪ੍ਰਤੀ ਆਪਣੀ ਪੱਕੀ ਵਫ਼ਾਦਾਰੀ ਦਾ ਸਬੂਤ ਦਿੱਤਾ। ਉਹ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਪੂਰੀ ਤਰ੍ਹਾਂ ਸਮਰਪਿਤ ਸੀ। ਯਿਸੂ ਨੂੰ ਲੋਕਾਂ ਦੀ ਬਹੁਤ ਚਿੰਤਾ ਸੀ ਅਤੇ ਉਹ ਮਿਹਨਤ ਕਰਨ ਤੋਂ ਨਹੀਂ ਘਬਰਾਉਂਦਾ ਸੀ।—11/1, ਸਫ਼ੇ 6-7.

ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਬਾਗ਼ੀ ਦੂਤ ਕਿੱਥੇ ਹੋਣਗੇ?

ਇਹ ਅੰਦਾਜ਼ਾ ਲਾਉਣਾ ਸਹੀ ਹੋਵੇਗਾ ਕਿ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਸ਼ਤਾਨ ਦੇ ਨਾਲ-ਨਾਲ ਬਾਗ਼ੀ ਦੂਤਾਂ ਨੂੰ ਵੀ ਅਥਾਹ ਕੁੰਡ ਵਿਚ ਸੁੱਟ ਦਿੱਤਾ ਜਾਵੇਗਾ। (ਪਰਕਾਸ਼ ਦੀ ਪੋਥੀ 20:1-3) ਉਤਪਤ 3:15 ਵਿਚ ਸ਼ਤਾਨ ਦੇ ਸਿਰ ਨੂੰ ਫੇਹਣ ਦੀ ਭਵਿੱਖਬਾਣੀ ਕੀਤੀ ਗਈ ਸੀ ਜਿਸ ਵਿਚ ਇਹ ਵੀ ਸ਼ਾਮਲ ਹੈ ਕਿ ਯਿਸੂ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਸ਼ਤਾਨ ਨੂੰ ਅਥਾਹ ਕੁੰਡ ਵਿਚ ਬੰਦ ਕੀਤਾ ਜਾਵੇਗਾ। ਉਸ ਦੀ ਸੰਤਾਨ ਵਿਚ ਦੁਸ਼ਟ ਦੂਤ ਵੀ ਸ਼ਾਮਲ ਹਨ। ਬੁਰੇ ਦੂਤ ਅਥਾਹ ਕੁੰਡ ਤੋਂ ਬਹੁਤ ਡਰਦੇ ਹਨ, ਇਸ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੀ ਇਸ ਸਜ਼ਾ ਬਾਰੇ ਜਾਣਦੇ ਹਨ। (ਲੂਕਾ 8:31)—11/15, ਸਫ਼ੇ 30-1.

ਭਾਵੇਂ ਕੋਈ ਵਿਅਕਤੀ ਬਹੁਤੀ ਸ਼ਰਾਬ ਪੀਣ ਮਗਰੋਂ ਵੀ ਹੋਸ਼ ਵਿਚ ਨਜ਼ਰ ਆਉਂਦਾ ਹੈ, ਫਿਰ ਵੀ ਉਸ ਨੂੰ ਸ਼ਰਾਬ ਪੀਣ ਦੇ ਮਾਮਲੇ ਵਿਚ ਸਾਵਧਾਨੀ ਕਿਉਂ ਵਰਤਣੀ ਚਾਹੀਦੀ ਹੈ?

ਕੁਝ ਲੋਕ ਬਹੁਤ ਜ਼ਿਆਦਾ ਸ਼ਰਾਬ ਪੀਣ ਤੋਂ ਬਾਅਦ ਵੀ ਪੂਰੀ ਹੋਸ਼ ਵਿਚ ਰਹਿੰਦੇ ਹਨ। ਪਰ ਉਹ ਹੌਲੀ-ਹੌਲੀ ਇਸ ਹੱਦ ਤਕ ‘ਮੈ ਦੇ ਗੁਲਾਮ’ ਬਣ ਸਕਦੇ ਹਨ ਕਿ ਸ਼ਰਾਬ ਤੋਂ ਬਿਨਾਂ ਉਨ੍ਹਾਂ ਲਈ ਜੀਣਾ ਮੁਸ਼ਕਲ ਹੋ ਜਾਂਦਾ ਹੈ। (ਤੀਤੁਸ 2:3) ਯਿਸੂ ਨੇ “ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ” ਤੋਂ ਖ਼ਬਰਦਾਰ ਕੀਤਾ ਸੀ। (ਲੂਕਾ 21:34, 35) ਸ਼ਰਾਬ ਪੀਣ ਨਾਲ ਸ਼ਾਇਦ ਹਰ ਵਿਅਕਤੀ ਨੂੰ ਨਸ਼ਾ ਨਾ ਚੜ੍ਹੇ, ਪਰ ਇਹ ਉਸ ਨੂੰ ਸਰੀਰਕ ਤੇ ਅਧਿਆਤਮਿਕ ਤੌਰ ਤੇ ਸੁਸਤ ਅਤੇ ਆਲਸੀ ਜ਼ਰੂਰ ਬਣਾ ਦਿੰਦੀ ਹੈ।—12/1, ਸਫ਼ੇ 19-21.