Skip to content

Skip to table of contents

ਯਹੋਵਾਹ ਸਾਡਾ ਸਹਾਇਕ ਹੈ

ਯਹੋਵਾਹ ਸਾਡਾ ਸਹਾਇਕ ਹੈ

ਯਹੋਵਾਹ ਸਾਡਾ ਸਹਾਇਕ ਹੈ

“ਮੇਰੀ ਸਹਾਇਤਾ ਯਹੋਵਾਹ ਤੋਂ ਹੈ, ਜੋ ਅਕਾਸ਼ ਤੇ ਧਰਤੀ ਦਾ ਕਰਤਾ ਹੈ।”—ਜ਼ਬੂਰਾਂ ਦੀ ਪੋਥੀ 121:2.

1, 2. (ੳ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਸਾਨੂੰ ਸਾਰਿਆਂ ਨੂੰ ਮਦਦ ਦੀ ਲੋੜ ਹੁੰਦੀ ਹੈ? (ਅ) ਯਹੋਵਾਹ ਕਿਹੋ ਜਿਹਾ ਸਹਾਇਕ ਹੈ?

ਸਾਡੇ ਵਿੱਚੋਂ ਕੌਣ ਹੈ ਜਿਸ ਨੂੰ ਕਦੇ ਵੀ ਮਦਦ ਦੀ ਲੋੜ ਨਹੀਂ ਹੋਈ? ਸਾਨੂੰ ਸਾਰਿਆਂ ਨੂੰ ਕੋਈ ਵੱਡੀ ਮੁਸੀਬਤ ਸਹਿਣ ਲਈ, ਕੋਈ ਦੁੱਖ ਸਹਾਰਨ ਲਈ ਜਾਂ ਇਕ ਔਖੀ ਘੜੀ ਵਿੱਚੋਂ ਲੰਘਣ ਲਈ ਮਦਦ ਦੀ ਲੋੜ ਹੁੰਦੀ ਹੈ। ਇਸੇ ਕਰਕੇ ਜ਼ਰੂਰਤ ਪੈਣ ਤੇ ਲੋਕ ਅਕਸਰ ਆਪਣੇ ਕਿਸੇ ਪਿਆਰੇ ਦੋਸਤ ਕੋਲ ਜਾਂਦੇ ਹਨ। ਇਸ ਤਰ੍ਹਾਂ ਦੁੱਖ ਵੰਡਣ ਨਾਲ ਦਿਲ ਦਾ ਬੋਝ ਹਲਕਾ ਹੋ ਜਾਂਦਾ ਹੈ। ਫਿਰ ਵੀ ਇਕ ਇਨਸਾਨ ਸਾਡੇ ਲਈ ਸਭ ਕੁਝ ਤਾਂ ਨਹੀਂ ਕਰ ਸਕਦਾ। ਹੋ ਸਕਦਾ ਹੈ ਕਿ ਕਿਸੇ ਵੇਲੇ ਉਹ ਸਾਡੀ ਮਦਦ ਕਰ ਹੀ ਨਾ ਸਕੇ।

2 ਪਰ ਅਜਿਹਾ ਕੋਈ ਹੈ ਜੋ ਸਾਡੀ ਮਦਦ ਹਮੇਸ਼ਾ ਕਰ ਸਕਦਾ ਹੈ। ਉਹ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਉਹ ਸਾਨੂੰ ਕਦੇ ਵੀ ਛੱਡੇਗਾ ਨਹੀਂ। ਉਹ ਕੌਣ ਹੈ? ਜ਼ਬੂਰਾਂ ਦੇ ਲਿਖਾਰੀ ਨੇ ਉਸ ਦਾ ਨਾਂ ਦੱਸਿਆ ਜਦ ਉਸ ਨੇ ਯਕੀਨ ਨਾਲ ਕਿਹਾ: “ਮੇਰੀ ਸਹਾਇਤਾ ਯਹੋਵਾਹ ਤੋਂ ਹੈ।” (ਜ਼ਬੂਰਾਂ ਦੀ ਪੋਥੀ 121:2) ਇਸ ਲਿਖਾਰੀ ਨੂੰ ਯਕੀਨ ਕਿਉਂ ਸੀ ਕਿ ਯਹੋਵਾਹ ਪਰਮੇਸ਼ੁਰ ਉਸ ਦੀ ਮਦਦ ਜ਼ਰੂਰ ਕਰੇਗਾ? ਇਸ ਸਵਾਲ ਦਾ ਜਵਾਬ ਦੇਣ ਲਈ ਆਓ ਆਪਾਂ 121ਵੇਂ ਜ਼ਬੂਰ ਉੱਤੇ ਗੌਰ ਕਰੀਏ। ਇਸ ਤੋਂ ਅਸੀਂ ਸਿੱਖਾਂਗੇ ਕਿ ਯਹੋਵਾਹ ਸਾਡੀ ਵੀ ਮਦਦ ਕਰ ਸਕਦਾ ਹੈ।

ਮਦਦ ਕਰਨ ਲਈ ਹਮੇਸ਼ਾ ਤਿਆਰ

3. ਜ਼ਬੂਰਾਂ ਦੇ ਲਿਖਾਰੀ ਨੇ ਸ਼ਾਇਦ ਕਿਨ੍ਹਾਂ ਪਹਾੜਾਂ ਵੱਲ ਆਪਣੀਆਂ ਅੱਖਾਂ ਚੁੱਕੀਆਂ ਸਨ ਅਤੇ ਕਿਉਂ?

3 ਅਸੀਂ ਯਹੋਵਾਹ ਉੱਤੇ ਭਰੋਸਾ ਕਿਉਂ ਰੱਖ ਸਕਦੇ ਹਾਂ? ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਕਿ ਯਹੋਵਾਹ ਸਾਡਾ ਕਰਤਾਰ ਹੈ: “ਮੈਂ ਆਪਣੀਆਂ ਅੱਖਾਂ ਪਹਾੜਾਂ ਵੱਲ ਚੁੱਕਾਂਗਾ, ਮੇਰੀ ਸਹਾਇਤਾ ਕਿੱਥੋਂ ਆਵੇਗੀ? ਮੇਰੀ ਸਹਾਇਤਾ ਯਹੋਵਾਹ ਤੋਂ ਹੈ, ਜੋ ਅਕਾਸ਼ ਤੇ ਧਰਤੀ ਦਾ ਕਰਤਾ ਹੈ।” (ਜ਼ਬੂਰਾਂ ਦੀ ਪੋਥੀ 121:1, 2) ਜਦ ਇਹ ਸ਼ਬਦ ਲਿਖੇ ਗਏ ਸਨ, ਤਾਂ ਯਹੋਵਾਹ ਦੀ ਹੈਕਲ ਯਰੂਸ਼ਲਮ ਵਿਚ ਸੀ। ਇਹ ਸ਼ਹਿਰ ਯਹੂਦਾਹ ਦੇ ਉੱਚੇ ਪਹਾੜਾਂ ਉੱਤੇ ਸਥਿਤ ਸੀ ਅਤੇ ਕਿਹਾ ਜਾ ਸਕਦਾ ਸੀ ਕਿ ਯਹੋਵਾਹ ਉੱਥੇ ਵੱਸਦਾ ਸੀ। (ਜ਼ਬੂਰਾਂ ਦੀ ਪੋਥੀ 135:21) ਜ਼ਬੂਰਾਂ ਦਾ ਲਿਖਾਰੀ ਸ਼ਾਇਦ ਯਰੂਸ਼ਲਮ ਦੇ ਪਹਾੜਾਂ ਵੱਲ ਆਪਣੀਆਂ ਅੱਖਾਂ ਚੁੱਕ ਰਿਹਾ ਸੀ ਜਿੱਥੇ ਯਹੋਵਾਹ ਦੀ ਹੈਕਲ ਸੀ। ਇਸ ਤਰ੍ਹਾਂ ਉਹ ਯਹੋਵਾਹ ਦੀ ਮਦਦ ਭਾਲ ਰਿਹਾ ਸੀ। ਉਸ ਨੂੰ ਪੂਰਾ ਯਕੀਨ ਕਿਉਂ ਸੀ ਕਿ ਯਹੋਵਾਹ ਉਸ ਦੀ ਮਦਦ ਕਰ ਸਕਦਾ ਹੈ? ਕਿਉਂਕਿ ਯਹੋਵਾਹ “ਅਕਾਸ਼ ਤੇ ਧਰਤੀ ਦਾ ਕਰਤਾ ਹੈ।” ਜ਼ਬੂਰਾਂ ਦੇ ਲਿਖਾਰੀ ਦੇ ਕਹਿਣ ਦਾ ਭਾਵ ਸੀ ਕਿ ‘ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਮੇਰੀ ਮਦਦ ਕਰਨ ਤੋਂ ਕੌਣ ਰੋਕ ਸਕਦਾ ਹੈ? ਉਹ ਤਾਂ ਸਭ ਕੁਝ ਬਣਾਉਣ ਵਾਲਾ ਹੈ!’—ਯਸਾਯਾਹ 40:26.

4. ਜ਼ਬੂਰਾਂ ਦੇ ਲਿਖਾਰੀ ਨੇ ਕਿਵੇਂ ਦਿਖਾਇਆ ਕਿ ਯਹੋਵਾਹ ਆਪਣੇ ਸੇਵਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਅਤੇ ਇਸ ਤੋਂ ਸਾਨੂੰ ਦਿਲਾਸਾ ਕਿਉਂ ਮਿਲਦਾ ਹੈ?

4 ਜ਼ਬੂਰਾਂ ਦੇ ਲਿਖਾਰੀ ਨੇ ਅੱਗੇ ਦੱਸਿਆ ਕਿ ਯਹੋਵਾਹ ਆਪਣੇ ਸੇਵਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ: “ਉਹ ਤੇਰੇ ਪੈਰ ਨੂੰ ਡੋਲਣ ਨਾ ਦੇਵੇਗਾ, ਤੇਰਾ ਰਾਖਾ ਨਾ ਉਂਘਲਾਵੇਗਾ, ਵੇਖ, ਇਸਰਾਏਲ ਦਾ ਰਾਖਾ ਨਾ ਉਂਘਲਾਵੇਗਾ ਨਾ ਸੌਵੇਂਗਾ!” (ਜ਼ਬੂਰਾਂ ਦੀ ਪੋਥੀ 121:3, 4) ਇਸ ਦਾ ਕੀ ਮਤਲਬ ਹੈ ਕਿ ਪਰਮੇਸ਼ੁਰ ਸਾਡੇ ਪੈਰ ਕਦੇ ਵੀ ਡੋਲਣ ਨਾ ਦੇਵੇਗਾ? ਯਹੋਵਾਹ ਉੱਤੇ ਭਰੋਸਾ ਰੱਖਣ ਵਾਲੇ ਕਦੇ ਵੀ ਅਜਿਹੀ ਠੋਕਰ ਨਾ ਖਾਣਗੇ ਜਿਸ ਤੋਂ ਉਹ ਦੁਬਾਰਾ ਉੱਠ ਨਾ ਸਕਣਗੇ। (ਕਹਾਉਤਾਂ 24:16) ਕਿਉਂ? ਕਿਉਂਕਿ ਯਹੋਵਾਹ ਇਕ ਜਾਗਦੇ ਅਤੇ ਸੁਚੇਤ ਚਰਵਾਹੇ ਵਾਂਗ ਆਪਣੀਆਂ ਭੇਡਾਂ ਦੀ ਰਾਖੀ ਕਰਦਾ ਹੈ। ਸਾਨੂੰ ਇਸ ਗੱਲ ਤੋਂ ਕਿੰਨਾ ਦਿਲਾਸਾ ਮਿਲਦਾ ਹੈ। ਉਹ ਇਕ ਪਲ ਲਈ ਵੀ ਆਪਣੇ ਲੋਕਾਂ ਦੀਆਂ ਲੋੜਾਂ ਤੋਂ ਮੂੰਹ ਨਹੀਂ ਫੇਰਦਾ। ਉਹ ਦਿਨ-ਰਾਤ ਉਨ੍ਹਾਂ ਦਾ ਧਿਆਨ ਰੱਖਦਾ ਹੈ।

5. ਇਹ ਕਿਉਂ ਕਿਹਾ ਗਿਆ ਹੈ ਕਿ ਯਹੋਵਾਹ ਸਾਡੇ “ਸੱਜੇ ਹੱਥ” ਤੇ ਹੈ?

5 ਜ਼ਬੂਰਾਂ ਦੇ ਲਿਖਾਰੀ ਨੂੰ ਇਹ ਵੀ ਯਕੀਨ ਸੀ ਕਿ ਯਹੋਵਾਹ ਆਪਣੇ ਲੋਕਾਂ ਦਾ ਰਖਵਾਲਾ ਹੈ: “ਯਹੋਵਾਹ ਤੇਰਾ ਰਾਖਾ ਹੈ, ਯਹੋਵਾਹ ਤੇਰੇ ਸੱਜੇ ਹੱਥ ਤੇ ਤੇਰਾ ਸਾਯਾ ਹੈ। ਨਾ ਦਿਨੇ ਸੂਰਜ ਤੈਨੂੰ ਮਾਰੇਗਾ, ਨਾ ਰਾਤੀਂ ਚੰਦਰਮਾ।” (ਜ਼ਬੂਰਾਂ ਦੀ ਪੋਥੀ 121:5, 6) ਪੂਰਬੀ ਇਲਾਕਿਆਂ ਵਿਚ ਤੁਰੇ ਜਾਂਦੇ ਰਾਹੀ ਨੂੰ ਜਦ ਧੁੱਪ ਤੋਂ ਬਚਣ ਲਈ ਛਾਂ ਲੱਭਦੀ ਸੀ, ਤਾਂ ਇਹ ਕਿੰਨਾ ਚੰਗਾ ਸੀ। ਯਹੋਵਾਹ ਆਪਣੇ ਲੋਕਾਂ ਲਈ ਸਾਇਆ ਬਣ ਕੇ ਉਨ੍ਹਾਂ ਨੂੰ ਬਿਪਤਾ ਦੀ ਗਰਮੀ ਤੋਂ ਬਚਾਉਂਦਾ ਹੈ। ਧਿਆਨ ਦਿਓ ਕਿ ਯਹੋਵਾਹ ਸਾਡੇ “ਸੱਜੇ ਹੱਥ” ਹੈ। ਪੁਰਾਣੇ ਜ਼ਮਾਨੇ ਵਿਚ ਲੜਾਈਆਂ ਦੌਰਾਨ ਇਕ ਫ਼ੌਜੀ ਦਾ ਸੱਜਾ ਹੱਥ ਜ਼ਖ਼ਮੀ ਹੋ ਸਕਦਾ ਸੀ ਕਿਉਂਕਿ ਢਾਲ ਖੱਬੇ ਹੱਥ ਵਿਚ ਫੜੀ ਜਾਂਦੀ ਸੀ। ਇਕ ਵਫ਼ਾਦਾਰ ਫ਼ੌਜੀ ਸ਼ਾਇਦ ਆਪਣੇ ਦੋਸਤ ਦੀ ਰਾਖੀ ਕਰਨ ਲਈ ਉਸ ਦੇ ਸੱਜੇ ਪਾਸੇ ਖੜ੍ਹਾ ਹੋ ਕੇ ਲੜਦਾ ਸੀ। ਅਜਿਹੇ ਵਫ਼ਾਦਾਰ ਦੋਸਤ ਦੀ ਤਰ੍ਹਾਂ ਯਹੋਵਾਹ ਵੀ ਆਪਣੇ ਲੋਕਾਂ ਦੇ ਨਾਲ ਹੈ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਖੜ੍ਹਾ ਹੈ।

6, 7. (ੳ) ਜ਼ਬੂਰਾਂ ਦੇ ਲਿਖਾਰੀ ਨੇ ਸਾਨੂੰ ਕਿਵੇਂ ਵਿਸ਼ਵਾਸ ਦਿਵਾਇਆ ਕਿ ਯਹੋਵਾਹ ਆਪਣੇ ਲੋਕਾਂ ਦੀ ਮਦਦ ਕਰਦਾ ਰਹੇਗਾ? (ਅ) ਜ਼ਬੂਰਾਂ ਦੇ ਲਿਖਾਰੀ ਵਾਂਗ ਅਸੀਂ ਯਹੋਵਾਹ ਉੱਤੇ ਪੂਰਾ ਭਰੋਸਾ ਕਿਉਂ ਰੱਖ ਸਕਦੇ ਹਾਂ?

6 ਕੀ ਯਹੋਵਾਹ ਆਪਣੇ ਲੋਕਾਂ ਦੀ ਮਦਦ ਕਰਨ ਤੋਂ ਕਦੇ ਰੁਕੇਗਾ? ਇਹ ਕਦੀ ਹੋ ਹੀ ਨਹੀਂ ਸਕਦਾ! ਜ਼ਬੂਰਾਂ ਦੇ ਲਿਖਾਰੀ ਨੇ 121ਵੇਂ ਜ਼ਬੂਰ ਦੇ ਅਖ਼ੀਰ ਵਿਚ ਕਿਹਾ: “ਯਹੋਵਾਹ ਸਾਰੀ ਬਦੀ ਤੋਂ ਤੇਰੀ ਰੱਛਿਆ ਕਰੇਗਾ, ਉਹ ਤੇਰੀ ਜਾਨ ਦੀ ਰੱਛਿਆ ਕਰੇਗਾ। ਯਹੋਵਾਹ ਤੇਰੇ ਅੰਦਰ ਬਾਹਰ ਆਉਣ ਜਾਣ ਦੀ ਹੁਣ ਤੋਂ ਲੈ ਕੇ ਸਦੀਪ ਕਾਲ ਤੀਕ ਰੱਛਿਆ ਕਰੇਗਾ!” (ਜ਼ਬੂਰਾਂ ਦੀ ਪੋਥੀ 121:7, 8) ਧਿਆਨ ਦਿਓ ਕਿ ਲਿਖਾਰੀ ਨੇ ਪਹਿਲਾਂ 5ਵੀਂ ਆਇਤ ਵਿਚ ਕਿਹਾ ਸੀ: ‘ਯਹੋਵਾਹ ਤੇਰਾ ਰਾਖਾ ਹੈ।’ ਪਰ 7ਵੀਂ ਅਤੇ 8ਵੀਂ ਆਇਤ ਵਿਚ ਉਸ ਨੇ ਇਹ ਨਹੀਂ ਕਿਹਾ ਕਿ ਯਹੋਵਾਹ ਸਾਰੀ ਬਦੀ ਤੋਂ ਤੇਰੀ ਰੱਛਿਆ ਕਰਦਾ ਹੈ, ਪਰ ਕਿਹਾ ਕਿ ਉਹ ‘ਤੇਰੀ ਰੱਛਿਆ ਕਰੇਗਾ।’ ਇਸ ਤੋਂ ਯਹੋਵਾਹ ਦੇ ਸੇਵਕਾਂ ਨੂੰ ਵਿਸ਼ਵਾਸ ਮਿਲਦਾ ਹੈ ਕਿ ਯਹੋਵਾਹ ਭਵਿੱਖ ਵਿਚ ਵੀ ਉਨ੍ਹਾਂ ਦੀ ਮਦਦ ਕਰਦਾ ਰਹੇਗਾ। ਉਹ ਜਿੱਥੇ ਮਰਜ਼ੀ ਜਾਣ ਅਤੇ ਉਨ੍ਹਾਂ ਉੱਤੇ ਜੋ ਮਰਜ਼ੀ ਬਿਪਤਾ ਆਵੇ, ਯਹੋਵਾਹ ਉਨ੍ਹਾਂ ਦੀ ਮਦਦ ਕਰਨ ਲਈ ਸਦਾ ਉਨ੍ਹਾਂ ਦੇ ਨਾਲ ਰਹੇਗਾ।—ਕਹਾਉਤਾਂ 12:21.

7 ਹਾਂ, 121ਵੇਂ ਜ਼ਬੂਰ ਦੇ ਲਿਖਾਰੀ ਨੂੰ ਪੂਰਾ ਭਰੋਸਾ ਸੀ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਆਪਣੇ ਸੇਵਕਾਂ ਦਾ ਧਿਆਨ ਰੱਖਦਾ ਹੈ। ਉਹ ਇਕ ਪਿਆਰੇ ਚਰਵਾਹੇ ਦੀ ਤਰ੍ਹਾਂ ਕੋਮਲ ਹੈ ਅਤੇ ਇਕ ਰਾਖੇ ਦੀ ਤਰ੍ਹਾਂ ਸਾਵਧਾਨ ਰਹਿੰਦਾ ਹੈ। ਅਸੀਂ ਵੀ ਯਹੋਵਾਹ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਾਂ ਕਿਉਂਕਿ ਯਹੋਵਾਹ ਪਰਮੇਸ਼ੁਰ ਬਦਲਿਆ ਨਹੀਂ ਹੈ। (ਮਲਾਕੀ 3:6) ਕੀ ਇਸ ਦਾ ਮਤਲਬ ਹੈ ਕਿ ਸਰੀਰਕ ਤੌਰ ਤੇ ਸਾਡਾ ਕਦੇ ਵੀ ਕੋਈ ਨੁਕਸਾਨ ਨਹੀਂ ਹੋਵੇਗਾ? ਨਹੀਂ, ਪਰ ਜੇ ਅਸੀਂ ਪਰਮੇਸ਼ੁਰ ਦੀ ਮਦਦ ਭਾਲਦੇ ਰਹਾਂਗੇ, ਤਾਂ ਉਹ ਸਾਡੀ ਨਿਹਚਾ ਨੂੰ ਕਾਇਮ ਰੱਖੇਗਾ। ਪਰ ਅਸੀਂ ਪੁੱਛ ਸਕਦੇ ਹਾਂ, ‘ਯਹੋਵਾਹ ਸਾਡੀ ਮਦਦ ਕਿਵੇਂ ਕਰਦਾ ਹੈ?’ ਆਓ ਆਪਾਂ ਚਾਰ ਜ਼ਰੀਏ ਦੇਖੀਏ ਜਿਨ੍ਹਾਂ ਰਾਹੀਂ ਯਹੋਵਾਹ ਸਾਡੀ ਮਦਦ ਕਰਦਾ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਪੁਰਾਣੇ ਜ਼ਮਾਨਿਆਂ ਵਿਚ ਉਸ ਨੇ ਆਪਣੇ ਸੇਵਕਾਂ ਦੀ ਮਦਦ ਕਿੱਦਾਂ ਕੀਤੀ ਸੀ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਉਹ ਅੱਜ ਆਪਣੇ ਲੋਕਾਂ ਦੀ ਮਦਦ ਕਿੱਦਾਂ ਕਰਦਾ ਹੈ।

ਦੂਤਾਂ ਰਾਹੀਂ ਮਦਦ

8. ਇਸ ਵਿਚ ਕੋਈ ਸ਼ੱਕ ਕਿਉਂ ਨਹੀਂ ਕਿ ਦੂਤ ਧਰਤੀ ਉੱਤੇ ਪਰਮੇਸ਼ੁਰ ਦੇ ਸੇਵਕਾਂ ਵਿਚ ਦਿਲਚਸਪੀ ਲੈਂਦੇ ਹਨ?

8 ਯਹੋਵਾਹ ਦੇ ਹਜ਼ੂਰ ਲੱਖਾਂ-ਕਰੋੜਾਂ ਦੂਤ ਹਨ ਜੋ ਉਸ ਦਾ ਹਰ ਹੁਕਮ ਮੰਨਦੇ ਹਨ। (ਦਾਨੀਏਲ 7:9, 10) ਪਰਮੇਸ਼ੁਰ ਦੇ ਇਹ ਦੂਤ ਉਸ ਦੀ ਮਰਜ਼ੀ ਪੂਰੀ ਕਰਦੇ ਹਨ। (ਜ਼ਬੂਰਾਂ ਦੀ ਪੋਥੀ 103:20) ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਯਹੋਵਾਹ ਆਪਣੇ ਇਨਸਾਨੀ ਸੇਵਕਾਂ ਨੂੰ ਕਿੰਨਾ ਪਿਆਰ ਕਰਦਾ ਹੈ ਅਤੇ ਉਨ੍ਹਾਂ ਦੀ ਕਿੰਨੀ ਮਦਦ ਕਰਨੀ ਚਾਹੁੰਦਾ ਹੈ। ਤਾਂ ਫਿਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਦੂਤ ਧਰਤੀ ਉੱਤੇ ਪਰਮੇਸ਼ੁਰ ਦੇ ਸੇਵਕਾਂ ਵਿਚ ਦਿਲਚਸਪੀ ਲੈਂਦੇ ਹਨ। (ਲੂਕਾ 15:10) ਉਹ ਕਿੰਨੇ ਖ਼ੁਸ਼ ਹੁੰਦੇ ਹੋਣਗੇ ਜਦ ਯਹੋਵਾਹ ਉਨ੍ਹਾਂ ਨੂੰ ਇਨਸਾਨਾਂ ਦੀ ਮਦਦ ਕਰਨ ਲਈ ਇਸਤੇਮਾਲ ਕਰਦਾ ਹੈ। ਆਓ ਆਪਾਂ ਦੇਖੀਏ ਕਿ ਪਿੱਛਲੇ ਜ਼ਮਾਨਿਆਂ ਵਿਚ ਯਹੋਵਾਹ ਨੇ ਦੂਤਾਂ ਰਾਹੀਂ ਆਪਣੇ ਲੋਕਾਂ ਦੀ ਮਦਦ ਕਿਵੇਂ ਕੀਤੀ ਸੀ।

9. ਇਕ ਉਦਾਹਰਣ ਦਿਓ ਕਿ ਯਹੋਵਾਹ ਨੇ ਦੂਤਾਂ ਰਾਹੀਂ ਆਪਣੇ ਲੋਕਾਂ ਨੂੰ ਕਿਵੇਂ ਬਚਾਇਆ ਸੀ।

9 ਯਹੋਵਾਹ ਨੇ ਦੂਤਾਂ ਨੂੰ ਵਫ਼ਾਦਾਰ ਲੋਕਾਂ ਦੀ ਰਾਖੀ ਕਰਨ ਅਤੇ ਉਨ੍ਹਾਂ ਨੂੰ ਬਚਾਉਣ ਲਈ ਵਰਤਿਆ ਸੀ। ਦੋ ਦੂਤਾਂ ਨੇ ਸਦੂਮ ਅਤੇ ਅਮੂਰਾਹ ਦੇ ਨਾਸ਼ ਹੋਣ ਤੋਂ ਪਹਿਲਾਂ ਉਨ੍ਹਾਂ ਵਿੱਚੋਂ ਲੂਤ ਅਤੇ ਉਸ ਦੀਆਂ ਧੀਆਂ ਨੂੰ ਬਚਾਇਆ ਸੀ। (ਉਤਪਤ 19:1, 15-17) ਇਕ ਦੂਤ ਨੇ ਅੱਸ਼ੂਰੀਆਂ ਦੇ ਉਨ੍ਹਾਂ 1,85,000 ਫ਼ੌਜੀਆਂ ਨੂੰ ਮਾਰ-ਮੁਕਾ ਦਿੱਤਾ ਸੀ ਜੋ ਯਰੂਸ਼ਲਮ ਉੱਤੇ ਹਮਲਾ ਕਰਨ ਵਾਲੇ ਸਨ। (2 ਰਾਜਿਆਂ 19:35) ਜਦ ਦਾਨੀਏਲ ਨੂੰ ਸ਼ੇਰਾਂ ਦੇ ਘੁਰੇ ਵਿਚ ਸੁੱਟਿਆ ਗਿਆ ਸੀ, ਤਾਂ ਯਹੋਵਾਹ ਨੇ ‘ਆਪਣੇ ਦੂਤ ਨੂੰ ਭੇਜਿਆ ਸੀ ਅਤੇ ਸ਼ੇਰਾਂ ਦੇ ਮੂੰਹਾਂ ਨੂੰ ਬੰਦ ਰੱਖਿਆ’ ਸੀ। (ਦਾਨੀਏਲ 6:21, 22) ਇਕ ਦੂਤ ਨੇ ਪਤਰਸ ਰਸੂਲ ਨੂੰ ਕੈਦ ਵਿੱਚੋਂ ਕੱਢਿਆ ਸੀ। (ਰਸੂਲਾਂ ਦੇ ਕਰਤੱਬ 12:6-11) ਬਾਈਬਲ ਵਿਚ ਹੋਰ ਕਈ ਉਦਾਹਰਣਾਂ ਤੋਂ ਵੀ ਪਤਾ ਲੱਗਦਾ ਹੈ ਕਿ ਦੂਤਾਂ ਨੇ ਯਹੋਵਾਹ ਦੇ ਲੋਕਾਂ ਨੂੰ ਬਚਾਇਆ ਸੀ। ਇਸੇ ਲਈ ਜ਼ਬੂਰਾਂ ਦੀ ਪੋਥੀ 34:7 ਵਿਚ ਲਿਖਿਆ ਹੈ: “ਯਹੋਵਾਹ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆਂ ਦੇ ਦੁਆਲੇ ਡੇਰਾ ਲਾਉਂਦਾ ਹੈ, ਅਤੇ ਉਨ੍ਹਾਂ ਨੂੰ ਛੁਟਕਾਰਾ ਦਿੰਦਾ ਹੈ।”

10. ਯਹੋਵਾਹ ਨੇ ਇਕ ਦੂਤ ਰਾਹੀਂ ਦਾਨੀਏਲ ਨਬੀ ਨੂੰ ਹੌਸਲਾ ਕਿਵੇਂ ਦਿੱਤਾ ਸੀ?

10 ਕਈ ਵਾਰ ਯਹੋਵਾਹ ਨੇ ਦੂਤਾਂ ਰਾਹੀਂ ਵਫ਼ਾਦਾਰ ਇਨਸਾਨਾਂ ਨੂੰ ਹੌਸਲਾ ਅਤੇ ਬਲ ਦਿੱਤਾ ਸੀ। ਇਸ ਦੀ ਇਕ ਸੋਹਣੀ ਉਦਾਹਰਣ ਦਾਨੀਏਲ ਦੇ 10ਵੇਂ ਅਧਿਆਇ ਵਿਚ ਮਿਲਦੀ ਹੈ। ਉਸ ਸਮੇਂ ਦਾਨੀਏਲ ਸ਼ਾਇਦ ਤਕਰੀਬਨ 100 ਸਾਲਾਂ ਦਾ ਸੀ। ਉਹ ਯਰੂਸ਼ਲਮ ਦੀ ਵੀਰਾਨਗੀ ਅਤੇ ਹੈਕਲ ਨੂੰ ਦੁਬਾਰਾ ਬਣਾਉਣ ਵਿਚ ਦੇਰ ਹੋਣ ਕਰਕੇ ਹੌਸਲਾ ਹਾਰ ਚੁੱਕਾ ਸੀ। ਉਹ ਇਕ ਡਰਾਉਣਾ ਦਰਸ਼ਣ ਦੇਖਣ ਤੋਂ ਬਾਅਦ ਵੀ ਕਾਫ਼ੀ ਪਰੇਸ਼ਾਨ ਹੋ ਗਿਆ ਸੀ। (ਦਾਨੀਏਲ 10:2, 3, 8) ਪਰਮੇਸ਼ੁਰ ਨੇ ਉਸ ਦਾ ਹੌਸਲਾ ਵਧਾਉਣ ਲਈ ਇਕ ਦੂਤ ਨੂੰ ਘੱਲਿਆ। ਇਸ ਦੂਤ ਨੇ ਦਾਨੀਏਲ ਨੂੰ ਯਾਦ ਕਰਾਇਆ ਕਿ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ‘ਅੱਤ ਪਿਆਰਾ ਮਨੁੱਖ’ ਸੀ। ਇਸ ਦਾ ਨਤੀਜਾ ਕੀ ਨਿਕਲਿਆ? ਇਸ ਬੁੱਢੇ ਨਬੀ ਨੂੰ ਨਵੇਂ ਸਿਰਿਓਂ ਬਲ ਮਿਲਿਆ ਅਤੇ ਉਸ ਨੇ ਦੂਤ ਨੂੰ ਕਿਹਾ: “ਤੈਂ ਹੀ ਮੈਨੂੰ ਜ਼ੋਰ ਦਿੱਤਾ ਹੈ!”—ਦਾਨੀਏਲ 10:11, 19.

11. ਇਕ ਮਿਸਾਲ ਦਿਓ ਕਿ ਦੂਤਾਂ ਰਾਹੀਂ ਖ਼ੁਸ਼ ਖ਼ਬਰੀ ਦੇ ਪ੍ਰਚਾਰ ਵਿਚ ਸੇਧ ਕਿਵੇਂ ਦਿੱਤੀ ਗਈ ਸੀ।

11 ਯਹੋਵਾਹ ਨੇ ਦੂਤਾਂ ਰਾਹੀਂ ਖ਼ੁਸ਼ ਖ਼ਬਰੀ ਦੇ ਪ੍ਰਚਾਰ ਵਿਚ ਸੇਧ ਵੀ ਦਿੱਤੀ ਸੀ। ਇਕ ਦੂਤ ਨੇ ਫ਼ਿਲਿੱਪੁਸ ਨੂੰ ਮਸੀਹ ਬਾਰੇ ਪ੍ਰਚਾਰ ਕਰਨ ਲਈ ਇਕ ਇਥੋਪੀਆਈ ਯਹੂਦੀ ਖੋਜੇ ਕੋਲ ਭੇਜਿਆ, ਜਿਸ ਨੇ ਉਸ ਦੀਆਂ ਗੱਲਾਂ ਸੁਣ ਕੇ ਬਪਤਿਸਮਾ ਲੈ ਲਿਆ ਸੀ। (ਰਸੂਲਾਂ ਦੇ ਕਰਤੱਬ 8:26, 27, 36, 38) ਇਸ ਤੋਂ ਥੋੜ੍ਹੀ ਦੇਰ ਬਾਅਦ, ਪਰਮੇਸ਼ੁਰ ਦੀ ਮਰਜ਼ੀ ਸੀ ਕਿ ਗ਼ੈਰ-ਯਹੂਦੀ ਲੋਕਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇ। ਕੁਰਨੇਲਿਯੁਸ ਨਾਂ ਦੇ ਗ਼ੈਰ-ਯਹੂਦੀ ਮਨੁੱਖ ਨੇ ਦਰਸ਼ਣ ਵਿਚ ਇਕ ਦੂਤ ਦੇਖਿਆ ਜਿਸ ਨੇ ਉਸ ਨੂੰ ਕਿਹਾ ਕਿ ਉਹ ਮਨੁੱਖ ਭੇਜ ਕੇ ਪਤਰਸ ਰਸੂਲ ਨੂੰ ਸੱਦ ਘੱਲੇ। ਜਦ ਇਹ ਮਨੁੱਖ ਪਤਰਸ ਨੂੰ ਮਿਲੇ, ਤਾਂ ਉਨ੍ਹਾਂ ਨੇ ਉਸ ਨੂੰ ਕਿਹਾ ਕਿ ਕੁਰਨੇਲਿਯੁਸ “ਨੂੰ ਇੱਕ ਪਵਿੱਤ੍ਰ ਦੂਤ ਨੇ ਹੁਕਮ ਦਿੱਤਾ ਭਈ ਤੁਹਾਨੂੰ ਆਪਣੇ ਘਰ ਬੁਲਾਵੇ ਅਤੇ ਤੁਹਾਡੇ ਕੋਲੋਂ ਗੱਲਾਂ ਸੁਣੇ।” ਪਤਰਸ ਕੁਰਨੇਲਿਯੁਸ ਦੇ ਘਰ ਗਿਆ ਅਤੇ ਇਸ ਤਰ੍ਹਾਂ ਪਹਿਲੇ ਗ਼ੈਰ-ਯਹੂਦੀ ਲੋਕ ਕਲੀਸਿਯਾ ਦੇ ਮੈਂਬਰ ਬਣ ਗਏ। (ਰਸੂਲਾਂ ਦੇ ਕਰਤੱਬ 10:22, 44-48) ਇਹ ਜਾਣ ਕੇ ਤੁਹਾਨੂੰ ਕਿੱਦਾਂ ਲੱਗੇਗਾ ਕਿ ਇਕ ਦੂਤ ਨੇ ਇਕ ਅਜਿਹੇ ਨੇਕਦਿਲ ਇਨਸਾਨ ਨੂੰ ਲੱਭਣ ਵਿਚ ਤੁਹਾਡੀ ਮਦਦ ਕੀਤੀ ਜੋ ਸੱਚਾਈ ਸਿੱਖਣੀ ਚਾਹੁੰਦਾ ਹੈ?

ਪਵਿੱਤਰ ਆਤਮਾ ਰਾਹੀਂ ਮਦਦ

12, 13. (ੳ) ਯਿਸੂ ਦੇ ਰਸੂਲ ਕਿਉਂ ਮੰਨ ਸਕਦੇ ਸਨ ਕਿ ਪਰਮੇਸ਼ੁਰ ਪਵਿੱਤਰ ਆਤਮਾ ਦੇ ਰਾਹੀਂ ਉਨ੍ਹਾਂ ਦੀ ਮਦਦ ਕਰ ਸਕਦਾ ਸੀ? (ਅ) ਪਵਿੱਤਰ ਆਤਮਾ ਰਾਹੀਂ ਪਹਿਲੀ ਸਦੀ ਦੇ ਮਸੀਹੀਆਂ ਨੂੰ ਤਾਕਤ ਕਿਵੇਂ ਦਿੱਤੀ ਗਈ ਸੀ?

12 ਯਿਸੂ ਦੀ ਮੌਤ ਤੋਂ ਕੁਝ ਹੀ ਦੇਰ ਪਹਿਲਾਂ ਉਸ ਨੇ ਆਪਣੇ ਰਸੂਲਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਮਦਦ ਤੋਂ ਬਗੈਰ ਨਹੀਂ ਛੱਡੇ ਜਾਣਗੇ। ਪਰਮੇਸ਼ੁਰ ਨੇ ਉਨ੍ਹਾਂ ਨੂੰ “ਸਹਾਇਕ ਅਰਥਾਤ ਪਵਿੱਤ੍ਰ ਆਤਮਾ” ਦੇਣ ਦਾ ਵਾਅਦਾ ਕੀਤਾ ਸੀ। (ਯੂਹੰਨਾ 14:26) ਰਸੂਲਾਂ ਨੂੰ ਪੂਰਾ ਯਕੀਨ ਸੀ ਕਿ ਪਰਮੇਸ਼ੁਰ ਪਵਿੱਤਰ ਆਤਮਾ ਦੇ ਰਾਹੀਂ ਉਨ੍ਹਾਂ ਦੀ ਮਦਦ ਕਰ ਸਕਦਾ ਸੀ। ਕਿਉਂ? ਕਿਉਂਕਿ ਪਰਮੇਸ਼ੁਰ ਦੇ ਬਚਨ ਵਿਚ ਕਈ ਉਦਾਹਰਣਾਂ ਸਨ ਜਿਨ੍ਹਾਂ ਤੋਂ ਉਨ੍ਹਾਂ ਨੂੰ ਪਤਾ ਲੱਗਦਾ ਸੀ ਕਿ ਯਹੋਵਾਹ ਨੇ ਆਪਣੀ ਪਵਿੱਤਰ ਆਤਮਾ ਰਾਹੀਂ ਆਪਣੇ ਲੋਕਾਂ ਦੀ ਮਦਦ ਕਿਵੇਂ ਕੀਤੀ ਸੀ ਅਤੇ ਇਸ ਸ਼ਕਤੀ ਨਾਲੋਂ ਹੋਰ ਕੋਈ ਵੱਡੀ ਸ਼ਕਤੀ ਨਹੀਂ ਹੈ।

13 ਇਨਸਾਨ ਕਈ ਵਾਰ ਪਵਿੱਤਰ ਆਤਮਾ ਦੀ ਮਦਦ ਨਾਲ ਯਹੋਵਾਹ ਦੀ ਮਰਜ਼ੀ ਪੂਰੀ ਕਰ ਸਕੇ। ਪਵਿੱਤਰ ਆਤਮਾ ਰਾਹੀਂ ਨਿਆਈਆਂ ਨੂੰ ਇਸਰਾਏਲ ਨੂੰ ਬਚਾਉਣ ਦੀ ਤਾਕਤ ਦਿੱਤੀ ਗਈ ਸੀ। (ਨਿਆਈਆਂ 3:9, 10; 6:34) ਉਸੇ ਆਤਮਾ ਰਾਹੀਂ ਪਹਿਲੀ ਸਦੀ ਦੇ ਮਸੀਹੀਆਂ ਨੂੰ ਹਰ ਤਰ੍ਹਾਂ ਦੇ ਵਿਰੋਧ ਦੇ ਬਾਵਜੂਦ ਦਲੇਰੀ ਨਾਲ ਪ੍ਰਚਾਰ ਕਰਦੇ ਰਹਿਣ ਦੀ ਤਾਕਤ ਦਿੱਤੀ ਗਈ ਸੀ। (ਰਸੂਲਾਂ ਦੇ ਕਰਤੱਬ 1:8; 4:31) ਉਨ੍ਹਾਂ ਦੀ ਸੇਵਕਾਈ ਦੀ ਸਫ਼ਲਤਾ ਇਸ ਗੱਲ ਦਾ ਵੱਡਾ ਸਬੂਤ ਹੈ ਕਿ ਪਵਿੱਤਰ ਆਤਮਾ ਦੇ ਜ਼ਰੀਏ ਉਨ੍ਹਾਂ ਦੀ ਮਦਦ ਕੀਤੀ ਜਾ ਰਹੀ ਸੀ। ਹੋਰ ਕਿਸ ਤਰ੍ਹਾਂ ਅਜਿਹੇ ‘ਆਮ ਲੋਕ ਜੋ ਵਿਦਵਾਨ ਨਹੀਂ ਸਨ’ ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਸਾਰੀ ਦੁਨੀਆਂ ਵਿਚ ਦੱਸ ਸਕੇ ਸਨ?—ਰਸੂਲਾਂ ਦੇ ਕਰਤੱਬ 4:13; ਕੁਲੁੱਸੀਆਂ 1:23.

14. ਯਹੋਵਾਹ ਨੇ ਆਪਣੀ ਪਵਿੱਤਰ ਆਤਮਾ ਰਾਹੀਂ ਆਪਣੇ ਲੋਕਾਂ ਨੂੰ ਸਮਝ ਕਿਵੇਂ ਬਖ਼ਸ਼ੀ ਸੀ?

14 ਯਹੋਵਾਹ ਨੇ ਆਪਣੀ ਪਵਿੱਤਰ ਆਤਮਾ ਰਾਹੀਂ ਆਪਣੇ ਲੋਕਾਂ ਨੂੰ ਸਮਝ ਬਖ਼ਸ਼ੀ ਸੀ। ਪਵਿੱਤਰ ਆਤਮਾ ਦੀ ਮਦਦ ਨਾਲ ਯੂਸੁਫ਼ ਫ਼ਿਰਊਨ ਦੇ ਸੁਪਨਿਆਂ ਦਾ ਅਰਥ ਦੱਸ ਸਕਿਆ ਸੀ। (ਉਤਪਤ 41:16, 38, 39) ਆਪਣੀ ਆਤਮਾ ਰਾਹੀਂ ਯਹੋਵਾਹ ਨੇ ਨਿਮਰ ਲੋਕਾਂ ਨੂੰ ਆਪਣੇ ਮਕਸਦ ਪ੍ਰਗਟ ਕੀਤੇ, ਪਰ ਘਮੰਡੀ ਲੋਕਾਂ ਤੋਂ ਲੁਕਾਏ ਰੱਖੇ। (ਮੱਤੀ 11:25) ਇਸ ਕਰਕੇ ਪੌਲੁਸ ਰਸੂਲ ਨੇ ਯਹੋਵਾਹ ਦੇ “ਪ੍ਰੇਮੀਆਂ ਲਈ ਤਿਆਰ ਕੀਤੀਆਂ” ਗੱਲਾਂ ਬਾਰੇ ਕਿਹਾ: “ਓਹਨਾਂ ਨੂੰ ਪਰਮੇਸ਼ੁਰ ਨੇ ਆਤਮਾ ਦੇ ਦੁਆਰਾ ਸਾਡੇ ਉੱਤੇ ਪਰਗਟ ਕੀਤਾ।” (1 ਕੁਰਿੰਥੀਆਂ 2:7-10) ਜੀ ਹਾਂ, ਸਿਰਫ਼ ਪਵਿੱਤਰ ਆਤਮਾ ਦੀ ਮਦਦ ਨਾਲ ਇਕ ਇਨਸਾਨ ਪਰਮੇਸ਼ੁਰ ਦੀ ਮਰਜ਼ੀ ਸੱਚ-ਮੁੱਚ ਸਮਝ ਸਕਦਾ ਹੈ।

ਪਰਮੇਸ਼ੁਰ ਦੇ ਬਚਨ ਤੋਂ ਮਦਦ

15, 16. ਯਹੋਸ਼ੁਆ ਨੂੰ ਕੀ ਕਰਨ ਲਈ ਕਿਹਾ ਗਿਆ ਸੀ ਤਾਂਕਿ ਉਹ ਬੁੱਧ ਨਾਲ ਚੱਲ ਸਕੇ?

15 ਯਹੋਵਾਹ ਦਾ ਬਚਨ ‘ਸਿੱਖਿਆ ਲਈ ਗੁਣਕਾਰ ਹੈ’ ਅਤੇ ਇਹ ਪਰਮੇਸ਼ੁਰ ਦੇ ਸੇਵਕਾਂ ਨੂੰ “ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ” ਕਰਦਾ ਹੈ। (2 ਤਿਮੋਥਿਉਸ 3:16, 17) ਬਾਈਬਲ ਵਿਚ ਇਸ ਦੀਆਂ ਬਹੁਤ ਉਦਾਹਰਣਾਂ ਹਨ ਕਿ ਪੁਰਾਣੇ ਜ਼ਮਾਨਿਆਂ ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਉਸ ਦੇ ਬਚਨ ਤੋਂ ਮਦਦ ਮਿਲੀ ਸੀ।

16 ਪਰਮੇਸ਼ੁਰ ਦੇ ਬਚਨ ਤੋਂ ਉਸ ਦੇ ਸੇਵਕਾਂ ਨੂੰ ਚੰਗੀ ਸਲਾਹ ਮਿਲਦੀ ਸੀ। ਜਦ ਯਹੋਸ਼ੁਆ ਨੂੰ ਇਸਰਾਏਲ ਦੀ ਕੌਮ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਤਾਂ ਉਸ ਨੂੰ ਦੱਸਿਆ ਗਿਆ: “ਏਹ ਬਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ ਸਗੋਂ ਤੂੰ ਦਿਨ ਰਾਤ ਉਸ ਉੱਤੇ ਧਿਆਨ ਰੱਖ ਤਾਂ ਜੋ ਤੂੰ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇਂ ਤੇ ਉਸ ਨੂੰ ਪੂਰਾ ਕਰੇਂ ਤਾਂ ਤੂੰ ਆਪਣੇ ਮਾਰਗ ਨੂੰ ਸੁਫਲ ਬਣਾਵੇਂਗਾ ਅਤੇ ਤੇਰਾ ਬੋਲ ਬਾਲਾ ਹੋਵੇਗਾ।” ਧਿਆਨ ਦਿਓ ਕਿ ਪਰਮੇਸ਼ੁਰ ਨੇ ਯਹੋਸ਼ੁਆ ਨਾਲ ਇਹ ਵਾਅਦਾ ਨਹੀਂ ਕੀਤਾ ਸੀ ਕਿ ਚਮਤਕਾਰੀ ਢੰਗ ਨਾਲ ਉਸ ਨੂੰ ਬੁੱਧ ਦਿੱਤੀ ਜਾਵੇਗੀ। ਪਰ ਜੇ ਯਹੋਸ਼ੁਆ “ਬਿਵਸਥਾ ਦੀ ਪੋਥੀ” ਪੜ੍ਹ ਕੇ ਉਸ ਉੱਤੇ ਮਨਨ ਕਰਦਾ, ਤਾਂ ਉਹ ਬੁੱਧ ਨਾਲ ਚੱਲ ਸਕਦਾ ਸੀ।—ਯਹੋਸ਼ੁਆ 1:8; ਜ਼ਬੂਰਾਂ ਦੀ ਪੋਥੀ 1:1-3.

17. ਦਾਨੀਏਲ ਅਤੇ ਯੋਸੀਯਾਹ ਪਾਤਸ਼ਾਹ ਨੂੰ ਪਰਮੇਸ਼ੁਰ ਦੇ ਬਚਨ ਤੋਂ ਮਦਦ ਕਿਵੇਂ ਮਿਲੀ ਸੀ?

17 ਪਰਮੇਸ਼ੁਰ ਦੇ ਬਚਨ ਵਿਚ ਉਸ ਦੀ ਮਰਜ਼ੀ ਅਤੇ ਮਕਸਦ ਪ੍ਰਗਟ ਕੀਤੇ ਗਏ ਹਨ। ਮਿਸਾਲ ਲਈ, ਦਾਨੀਏਲ ਨੇ ਯਿਰਮਿਯਾਹ ਦੀਆਂ ਲਿਖਤਾਂ ਤੋਂ ਜਾਣ ਲਿਆ ਸੀ ਕਿ ਯਰੂਸ਼ਲਮ ਕਿੰਨੇ ਸਮੇਂ ਲਈ ਵਿਰਾਨ ਰਹੇਗਾ। (ਯਿਰਮਿਯਾਹ 25:11; ਦਾਨੀਏਲ 9:2) ਉਸ ਉੱਤੇ ਵੀ ਗੌਰ ਕਰੋ ਜੋ ਯਹੂਦਾਹ ਦੇ ਪਾਤਸ਼ਾਹ ਯੋਸੀਯਾਹ ਦੇ ਰਾਜ ਦੌਰਾਨ ਹੋਇਆ ਸੀ। ਉਸ ਸਮੇਂ ਤਕ ਕੌਮ ਕੁਰਾਹੇ ਪੈ ਚੁੱਕੀ ਸੀ ਅਤੇ ਲੱਗਦਾ ਹੈ ਕਿ ਇਸਰਾਏਲ ਦੇ ਰਾਜੇ ਨਾ ਹੀ ਬਿਵਸਥਾ ਨੂੰ ਆਪਣੇ ਲਈ ਲਿਖ ਰਹੇ ਸਨ ਅਤੇ ਨਾ ਹੀ ਉਸ ਉੱਤੇ ਚੱਲ ਰਹੇ ਸਨ। (ਬਿਵਸਥਾ ਸਾਰ 17:18-20) ਪਰ ਜਦ ਯਹੋਵਾਹ ਦੇ ਭਵਨ ਦੀ ਮੁਰੰਮਤ ਕੀਤੀ ਜਾ ਰਹੀ ਸੀ, ਤਾਂ ਉਸ ਵਿੱਚੋਂ “ਬਿਵਸਥਾ ਦੀ ਪੋਥੀ ਲੱਭੀ” ਸੀ। ਹੋ ਸਕਦਾ ਹੈ ਕਿ ਇਹ ਉਹੀ ਪੋਥੀ ਸੀ ਜੋ ਮੂਸਾ ਨੇ ਤਕਰੀਬਨ 800 ਸਾਲ ਪਹਿਲਾਂ ਲਿਖੀ ਸੀ। ਇਸ ਦੇ ਪੜ੍ਹੇ ਜਾਣ ਤੋਂ ਬਾਅਦ ਯੋਸੀਯਾਹ ਨੂੰ ਅਹਿਸਾਸ ਹੋਇਆ ਕਿ ਲੋਕ ਯਹੋਵਾਹ ਦੀ ਮਰਜ਼ੀ ਤੋਂ ਕਿੰਨੀ ਦੂਰ ਜਾ ਚੁੱਕੇ ਸਨ ਅਤੇ ਉਸ ਨੇ ਪੋਥੀ ਵਿਚ ਲਿਖੀਆਂ ਗੱਲਾਂ ਪੂਰੀਆਂ ਕਰਨ ਲਈ ਕਦਮ ਚੁੱਕੇ। (2 ਰਾਜਿਆਂ 22:8; 23:1-7) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਲੋਕਾਂ ਕੋਲ ਉਸ ਦੇ ਬਚਨ ਦਾ ਜਿੰਨਾ ਵੀ ਹਿੱਸਾ ਸੀ, ਉਸ ਤੋਂ ਉਨ੍ਹਾਂ ਨੂੰ ਬਹੁਤ ਮਦਦ ਮਿਲੀ ਸੀ।

ਭੈਣਾਂ-ਭਰਾਵਾਂ ਤੋਂ ਮਦਦ

18. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਜਦ ਯਹੋਵਾਹ ਦਾ ਇਕ ਸੇਵਕ ਕਿਸੇ ਦੂਸਰੇ ਦੀ ਮਦਦ ਕਰਦਾ ਹੈ, ਤਾਂ ਇਸ ਪਿੱਛੇ ਪਰਮੇਸ਼ੁਰ ਦਾ ਹੀ ਹੱਥ ਹੁੰਦਾ ਹੈ?

18 ਯਹੋਵਾਹ ਕਈ ਵਾਰ ਭੈਣਾਂ-ਭਰਾਵਾਂ ਰਾਹੀਂ ਸਾਡੀ ਮਦਦ ਕਰਦਾ ਹੈ। ਜਦ ਯਹੋਵਾਹ ਦਾ ਇਕ ਸੇਵਕ ਕਿਸੇ ਦੂਸਰੇ ਦੀ ਮਦਦ ਕਰਦਾ ਹੈ, ਤਾਂ ਇਸ ਪਿੱਛੇ ਪਰਮੇਸ਼ੁਰ ਦਾ ਹੀ ਹੱਥ ਹੁੰਦਾ ਹੈ। ਇਹ ਕਿਉਂ ਕਿਹਾ ਜਾ ਸਕਦਾ ਹੈ? ਇਸ ਦੇ ਦੋ ਕਾਰਨ ਹਨ। ਪਹਿਲੀ ਗੱਲ ਹੈ ਕਿ ਪਰਮੇਸ਼ੁਰ ਦੀ ਪਵਿੱਤਰ ਆਤਮਾ ਸਾਨੂੰ ਮਦਦ ਕਰਨ ਲਈ ਪ੍ਰੇਰਦੀ ਹੈ। ਉਹ ਆਤਮਾ ਸਾਡੇ ਅੰਦਰ ਪਿਆਰ ਅਤੇ ਭਲਾਈ ਵਰਗੇ ਵਧੀਆ ਗੁਣ ਪੈਦਾ ਕਰਦੀ ਹੈ। (ਗਲਾਤੀਆਂ 5:22, 23) ਇਸ ਲਈ ਜਦ ਪਰਮੇਸ਼ੁਰ ਦਾ ਇਕ ਸੇਵਕ ਦੂਸਰੇ ਦੀ ਮਦਦ ਕਰਦਾ ਹੈ, ਤਾਂ ਇਹ ਸਬੂਤ ਹੈ ਕਿ ਯਹੋਵਾਹ ਦੀ ਆਤਮਾ ਉਸ ਅੰਦਰ ਕੰਮ ਕਰ ਰਹੀ ਹੈ। ਦੂਜੀ ਗੱਲ ਹੈ ਕਿ ਅਸੀਂ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਹਾਂ। (ਉਤਪਤ 1:26) ਇਸ ਦਾ ਮਤਲਬ ਹੈ ਕਿ ਸਾਡੇ ਵਿਚ ਉਨ੍ਹਾਂ ਗੁਣਾਂ ਦੀ ਯੋਗਤਾ ਹੈ ਜੋ ਪਰਮੇਸ਼ੁਰ ਵਿਚ ਹਨ, ਜਿਵੇਂ ਕਿ ਦਇਆ ਦਾ ਗੁਣ। ਸੋ ਜਦ ਯਹੋਵਾਹ ਦਾ ਇਕ ਸੇਵਕ ਕਿਸੇ ਦੂਸਰੇ ਦੀ ਮਦਦ ਕਰਦਾ ਹੈ, ਤਾਂ ਅਸਲ ਵਿਚ ਯਹੋਵਾਹ ਹੀ ਮਦਦ ਕਰ ਰਿਹਾ ਹੁੰਦਾ ਹੈ ਜਿਸ ਦੀ ਉਹ ਸੇਵਕ ਨਕਲ ਕਰਦਾ ਹੈ।

19. ਬਾਈਬਲ ਦੇ ਅਨੁਸਾਰ ਯਹੋਵਾਹ ਨੇ ਆਪਣੇ ਸੇਵਕਾਂ ਨੂੰ ਇਕ-ਦੂਜੇ ਦੀ ਮਦਦ ਕਰਨ ਲਈ ਕਿਵੇਂ ਵਰਤਿਆ ਸੀ?

19 ਪੁਰਾਣੇ ਜ਼ਮਾਨੇ ਵਿਚ ਯਹੋਵਾਹ ਨੇ ਆਪਣੇ ਸੇਵਕਾਂ ਨੂੰ ਇਕ-ਦੂਜੇ ਦੀ ਮਦਦ ਕਰਨ ਲਈ ਕਿਵੇਂ ਵਰਤਿਆ ਸੀ? ਕਈ ਵਾਰ ਉਸ ਨੇ ਇਕ ਸੇਵਕ ਰਾਹੀਂ ਦੂਜੇ ਨੂੰ ਸਲਾਹ ਦਿੱਤੀ ਸੀ। ਮਿਸਾਲ ਲਈ, ਯਿਰਮਿਯਾਹ ਨੇ ਬਾਰੂਕ ਨੂੰ ਅਜਿਹੀ ਸਲਾਹ ਦਿੱਤੀ ਜਿਸ ਨੂੰ ਲਾਗੂ ਕਰ ਕੇ ਬਾਰੂਕ ਦੀ ਜਾਨ ਬਚ ਗਈ ਸੀ। (ਯਿਰਮਿਯਾਹ 45:1-5) ਕਦੀ-ਕਦੀ ਯਹੋਵਾਹ ਦੇ ਲੋਕਾਂ ਨੇ ਇਕ-ਦੂਜੇ ਲਈ ਖਾਣ-ਪੀਣ ਤੇ ਹੋਰ ਲੋੜਾਂ ਪੂਰੀਆਂ ਕਰਨ ਦੇ ਪ੍ਰਬੰਧ ਕੀਤੇ ਸਨ। ਯਾਦ ਕਰੋ ਕਿ ਮਕਦੂਨਿਯਾ ਅਤੇ ਅਖਾਯਾ ਦੇ ਮਸੀਹੀਆਂ ਨੇ ਖ਼ੁਸ਼ੀ ਨਾਲ ਯਰੂਸ਼ਲਮ ਵਿਚ ਆਪਣੇ ਲੋੜਵੰਦ ਭਰਾਵਾਂ ਦੀ ਮਦਦ ਕੀਤੀ ਸੀ। ਪੌਲੁਸ ਰਸੂਲ ਨੇ ਉਨ੍ਹਾਂ ਦੀ ਖੁੱਲ੍ਹ-ਦਿਲੀ ਦੇਖ ਕੇ ਕਿਹਾ ਕਿ ਉਨ੍ਹਾਂ ਰਾਹੀਂ ‘ਪਰਮੇਸ਼ੁਰ ਦਾ ਧੰਨਵਾਦ’ ਹੋ ਰਿਹਾ ਸੀ।—2 ਕੁਰਿੰਥੀਆਂ 9:11.

20, 21. ਕਿਨ੍ਹਾਂ ਹਾਲਤਾਂ ਵਿਚ ਪੌਲੁਸ ਰਸੂਲ ਨੂੰ ਰੋਮ ਤੋਂ ਆਏ ਭਰਾਵਾਂ ਤੋਂ ਹੌਸਲਾ ਮਿਲਿਆ ਸੀ?

20 ਉਹ ਬਿਰਤਾਂਤ ਖ਼ਾਸ ਕਰਕੇ ਸਾਨੂੰ ਚੰਗੇ ਲੱਗਦੇ ਹਨ ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਦੇ ਸੇਵਕਾਂ ਨੇ ਇਕ-ਦੂਜੇ ਦਾ ਦਿਲ ਤਕੜਾ ਕਰਨ ਤੇ ਹੌਸਲਾ ਦੇਣ ਲਈ ਕੀ ਕੀਤਾ ਸੀ। ਪੌਲੁਸ ਰਸੂਲ ਬਾਰੇ ਅਜਿਹਾ ਇਕ ਬਿਰਤਾਂਤ ਹੈ। ਸਿਪਾਹੀ ਉਸ ਨੂੰ ਅੱਪੀਅਨ ਨਾਂ ਦੀ ਵੱਡੀ ਸੜਕ ਉੱਤੇ ਰੋਮ ਨੂੰ ਲੈ ਜਾ ਰਹੇ ਸਨ। ਇਸ ਸਫ਼ਰ ਦਾ ਆਖ਼ਰੀ ਪੜਾਅ ਕਾਫ਼ੀ ਮੁਸ਼ਕਲ ਸੀ ਕਿਉਂਕਿ ਮੁਸਾਫ਼ਰਾਂ ਨੂੰ ਇਕ ਦਲਦਲੀ ਇਲਾਕੇ ਵਿਚ ਦੀ ਲੰਘਣਾ ਪੈਂਦਾ ਸੀ। * ਰੋਮ ਦੀ ਕਲੀਸਿਯਾ ਤੋਂ ਭਰਾਵਾਂ ਨੇ ਇਹ ਜਾਣ ਕੇ ਕੀ ਕੀਤਾ ਸੀ ਕਿ ਪੌਲੁਸ ਆ ਰਿਹਾ ਸੀ? ਕੀ ਉਨ੍ਹਾਂ ਨੇ ਸ਼ਹਿਰ ਵਿਚ ਆਪੋ-ਆਪਣੇ ਘਰਾਂ ਵਿਚ ਬੈਠ ਕੇ ਉਸ ਦੇ ਆਉਣ ਦਾ ਇੰਤਜ਼ਾਰ ਕੀਤਾ ਸੀ?

21 ਪੌਲੁਸ ਦੇ ਨਾਲ ਬਾਈਬਲ ਦਾ ਲਿਖਾਰੀ ਲੂਕਾ ਸਫ਼ਰ ਕਰ ਰਿਹਾ ਸੀ ਅਤੇ ਉਸ ਨੇ ਦੱਸਿਆ ਕਿ ਕੀ ਵਾਪਰਿਆ ਸੀ। “ਉੱਥੋਂ ਭਾਈ ਲੋਕ ਸਾਡੀ ਖਬਰ ਸੁਣ ਕੇ ਅੱਪੀਫੋਰੁਮ ਅਤੇ ਤ੍ਰੈ ਸਰਾਵਾਂ ਤੀਕੁਰ ਸਾਡੇ ਮਿਲਣ ਨੂੰ ਆਏ।” ਕੀ ਤੁਸੀਂ ਇਸ ਦੀ ਕਲਪਨਾ ਕਰ ਸਕਦੇ ਹੋ? ਰੋਮ ਤੋਂ ਕੁਝ ਭਰਾ ਪੌਲੁਸ ਨੂੰ ਮਿਲਣ ਲਈ ਤੁਰ ਪਏ। ਇਨ੍ਹਾਂ ਵਿੱਚੋਂ ਕੁਝ ਭਰਾ ਰੋਮ ਤੋਂ 58 ਕਿਲੋਮੀਟਰ ਦੂਰ ਤਿੰਨ ਸਰਾਵਾਂ ਤੇ ਉਸ ਦਾ ਇੰਤਜ਼ਾਰ ਕਰਨ ਲੱਗੇ। ਬਾਕੀ ਦੇ ਭਰਾ ਰੋਮ ਤੋਂ 74 ਕਿਲੋਮੀਟਰ ਦੂਰ ਅੱਪੀਫੋਰੁਮ ਵਿਚ ਠਹਿਰੇ ਹੋਏ ਸਨ। ਇਨ੍ਹਾਂ ਭਰਾਵਾਂ ਨੂੰ ਮਿਲ ਕੇ ਪੌਲੁਸ ਨੂੰ ਕਿਵੇਂ ਲੱਗਾ ਸੀ? ਲੂਕਾ ਨੇ ਕਿਹਾ: “ਪੌਲੁਸ ਨੇ ਉਨ੍ਹਾਂ ਨੂੰ ਵੇਖ ਕੇ ਪਰਮੇਸ਼ੁਰ ਦਾ ਸ਼ੁਕਰ ਕੀਤਾ ਅਤੇ ਤਸੱਲੀ ਪਾਈ।” (ਰਸੂਲਾਂ ਦੇ ਕਰਤੱਬ 28:15) ਜ਼ਰਾ ਸੋਚੋ: ਉਨ੍ਹਾਂ ਭਰਾਵਾਂ ਨੇ ਵੱਡਾ ਜਤਨ ਕਰ ਕੇ ਇੰਨੀ ਦੂਰ ਸਫ਼ਰ ਕੀਤਾ ਸੀ ਤੇ ਉਨ੍ਹਾਂ ਨੂੰ ਦੇਖ ਕੇ ਹੀ ਪੌਲੁਸ ਨੂੰ ਕਾਫ਼ੀ ਹੌਸਲਾ ਮਿਲਿਆ। ਕੀ ਤੁਸੀਂ ਧਿਆਨ ਦਿੱਤਾ ਕਿ ਇਨ੍ਹਾਂ ਭਰਾਵਾਂ ਦੇ ਸਹਾਰੇ ਲਈ ਪੌਲੁਸ ਨੇ ਕਿਸ ਦਾ ਸ਼ੁਕਰ ਕੀਤਾ ਸੀ? ਹਾਂ, ਯਹੋਵਾਹ ਪਰਮੇਸ਼ੁਰ ਦਾ ਜਿਸ ਦੇ ਕਾਰਨ ਇਹ ਸਭ ਕੁਝ ਹੋਇਆ ਸੀ।

22. ਸਾਲ 2005 ਲਈ ਬਾਈਬਲ ਦਾ ਕਿਹੜਾ ਹਵਾਲਾ ਚੁਣਿਆ ਗਿਆ ਹੈ ਅਤੇ ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?

22 ਬਾਈਬਲ ਵਿਚ ਪਰਮੇਸ਼ੁਰ ਦੀਆਂ ਕਰਨੀਆਂ ਤੋਂ ਸਾਨੂੰ ਸਾਫ਼ ਪਤਾ ਲੱਗਦਾ ਹੈ ਕਿ ਉਹ ਸੱਚ-ਮੁੱਚ ਸਾਡਾ ਸਹਾਇਕ ਹੈ। ਮਦਦ ਦੇਣ ਵਿਚ ਉਹ ਬੇਮਿਸਾਲ ਹੈ। ਇਸੇ ਕਰਕੇ ਯਹੋਵਾਹ ਦੇ ਗਵਾਹਾਂ ਵਾਸਤੇ ਸਾਲ 2005 ਲਈ ਬਾਈਬਲ ਦਾ ਹਵਾਲਾ ਜ਼ਬੂਰਾਂ ਦੀ ਪੋਥੀ 121:2 ਤੋਂ ਲਿਆ ਗਿਆ ਹੈ ਜਿੱਥੇ ਲਿਖਿਆ ਹੈ: “ਮੇਰੀ ਸਹਾਇਤਾ ਯਹੋਵਾਹ ਤੋਂ ਹੈ।” ਪਰ ਅਸੀਂ ਪੁੱਛ ਸਕਦੇ ਹਾਂ ਕਿ ਯਹੋਵਾਹ ਅੱਜ ਸਾਡੀ ਮਦਦ ਕਿਵੇਂ ਕਰਦਾ ਹੈ? ਇਸ ਦਾ ਜਵਾਬ ਅਗਲੇ ਲੇਖ ਵਿਚ ਦਿੱਤਾ ਜਾਵੇਗਾ।

[ਫੁਟਨੋਟ]

^ ਪੈਰਾ 20 ਹੋਰੇਸ ਨਾਂ ਦਾ ਰੋਮੀ ਕਵੀ 65 ਤੋਂ 8 ਸਾ.ਯੁ.ਪੂ. ਵਿਚ ਰਹਿੰਦਾ ਸੀ। ਉਸ ਨੇ ਵੀ ਇਸੇ ਰਸਤੇ ਤੇ ਸਫ਼ਰ ਕੀਤਾ ਸੀ। ਉਸ ਨੇ ਦੱਸਿਆ ਕਿ ਇਸ ਸਫ਼ਰ ਦਾ ਆਖ਼ਰੀ ਪੜਾਅ ਪੂਰਾ ਕਰਨਾ ਕਿੰਨਾ ਔਖਾ ਸੀ। ਹੋਰੇਸ ਦੇ ਅਨੁਸਾਰ ਅੱਪੀਫੋਰੁਮ ਯਾਨੀ ਅੱਪੀਅਸ ਦਾ ਬਾਜ਼ਾਰ “ਮਲਾਹਾਂ ਅਤੇ ਮੁਸਾਫਰਖ਼ਾਨਿਆਂ ਦੇ ਕੰਜੂਸ ਮਾਲਕਾਂ ਨਾਲ ਭਰਿਆ ਹੋਇਆ” ਸੀ। ਉਸ ਨੇ ਕਿਹਾ ਕਿ ਉੱਥੇ ਬਹੁਤ “ਮੱਛਰ ਅਤੇ ਡੱਡੂ” ਸਨ ਅਤੇ ਪਾਣੀ “ਬਹੁਤ ਗੰਦਾ” ਸੀ।

ਕੀ ਤੁਹਾਨੂੰ ਯਾਦ ਹੈ?

• ਯਹੋਵਾਹ ਨੇ ਦੂਤਾਂ ਰਾਹੀਂ ਆਪਣੇ ਲੋਕਾਂ ਦੀ ਮਦਦ ਕਿਵੇਂ ਕੀਤੀ ਸੀ?

• ਯਹੋਵਾਹ ਨੇ ਆਪਣੀ ਪਵਿੱਤਰ ਆਤਮਾ ਰਾਹੀਂ ਆਪਣੇ ਲੋਕਾਂ ਦੀ ਮਦਦ ਕਿਵੇਂ ਕੀਤੀ ਸੀ?

• ਯਹੋਵਾਹ ਦੇ ਲੋਕਾਂ ਨੂੰ ਉਸ ਦੇ ਬਚਨ ਤੋਂ ਮਦਦ ਕਿਵੇਂ ਮਿਲੀ ਸੀ?

• ਯਹੋਵਾਹ ਨੇ ਆਪਣੇ ਸੇਵਕਾਂ ਨੂੰ ਇਕ-ਦੂਜੇ ਦੀ ਮਦਦ ਕਰਨ ਲਈ ਕਿਵੇਂ ਵਰਤਿਆ ਸੀ?

[ਸਵਾਲ]

[ਸਫ਼ੇ 15 ਉੱਤੇ ਸੁਰਖੀ]

ਸਾਲ 2005 ਲਈ ਬਾਈਬਲ ਦਾ ਹਵਾਲਾ ਹੈ: “ਮੇਰੀ ਸਹਾਇਤਾ ਯਹੋਵਾਹ ਤੋਂ ਹੈ।”—ਜ਼ਬੂਰਾਂ ਦੀ ਪੋਥੀ 121:2.

[ਸਫ਼ੇ 16 ਉੱਤੇ ਤਸਵੀਰ]

ਪੌਲੁਸ ਨੇ ਰੋਮ ਤੋਂ ਆਏ ਭਰਾਵਾਂ ਨੂੰ ਮਿਲ ਕੇ ਪਰਮੇਸ਼ੁਰ ਦਾ ਸ਼ੁਕਰ ਕੀਤਾ ਸੀ