Skip to content

Skip to table of contents

ਯਹੋਵਾਹ ਹਮੇਸ਼ਾ ਉਹ ਕਰਦਾ ਜੋ ਸਹੀ ਹੈ

ਯਹੋਵਾਹ ਹਮੇਸ਼ਾ ਉਹ ਕਰਦਾ ਜੋ ਸਹੀ ਹੈ

ਯਹੋਵਾਹ ਹਮੇਸ਼ਾ ਉਹ ਕਰਦਾ ਜੋ ਸਹੀ ਹੈ

“ਯਹੋਵਾਹ ਆਪਣੇ ਸਾਰੇ ਰਾਹਾਂ ਵਿੱਚ ਧਰਮੀ ਹੈ।”—ਜ਼ਬੂਰਾਂ ਦੀ ਪੋਥੀ 145:17.

1. ਜਦ ਤੁਹਾਡੇ ਇਰਾਦਿਆਂ ਤੇ ਕੋਈ ਸ਼ੱਕ ਕਰਦਾ ਹੈ, ਤਾਂ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਅਤੇ ਅਜਿਹੇ ਤਜਰਬੇ ਤੋਂ ਅਸੀਂ ਕਿਹੜਾ ਜ਼ਰੂਰੀ ਸਬਕ ਸਿੱਖ ਸਕਦੇ ਹਾਂ?

ਕੀ ਕਿਸੇ ਨੇ ਕਦੇ ਤੁਹਾਡੇ ਇਰਾਦਿਆਂ ਉੱਤੇ ਸ਼ੱਕ ਕੀਤਾ ਹੈ ਕਿ ਤੁਸੀਂ ਕੋਈ ਕੰਮ ਕਿਉਂ ਕਰ ਰਹੇ ਹੋ? ਪੂਰੀ ਗੱਲ ਜਾਣਨ ਤੋਂ ਬਿਨਾਂ ਜੇ ਉਹ ਤੁਹਾਡੇ ਬਾਰੇ ਆਪਣਾ ਮਨ ਬਣਾ ਲਵੇ, ਤਾਂ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰੋਗੇ? ਯਕੀਨਨ ਤੁਹਾਡੇ ਦਿਲ ਨੂੰ ਠੇਸ ਪਹੁੰਚੇਗੀ। ਅਜਿਹੇ ਤਜਰਬੇ ਤੋਂ ਅਸੀਂ ਇਕ ਜ਼ਰੂਰੀ ਸਬਕ ਸਿੱਖ ਸਕਦੇ ਹਾਂ: ਜਦ ਸਾਡੇ ਕੋਲ ਕਿਸੇ ਗੱਲ ਬਾਰੇ ਪੂਰੀ ਜਾਣਕਾਰੀ ਨਹੀਂ ਹੁੰਦੀ, ਤਾਂ ਅਸੀਂ ਸੌਖਿਆਂ ਹੀ ਗ਼ਲਤ ਸਿੱਟਾ ਕੱਢ ਸਕਦੇ ਹਾਂ।

2, 3. ਬਾਈਬਲ ਦੇ ਕੁਝ ਬਿਰਤਾਂਤ ਚੰਗੀ ਤਰ੍ਹਾਂ ਨਾ ਸਮਝਣ ਕਾਰਨ ਕੁਝ ਲੋਕ ਕੀ ਕਰਦੇ ਹਨ, ਪਰ ਬਾਈਬਲ ਵਿਚ ਯਹੋਵਾਹ ਬਾਰੇ ਕੀ ਕਿਹਾ ਗਿਆ ਹੈ?

2 ਇਸ ਸਬਕ ਨੂੰ ਆਪਣੇ ਮਨ ਵਿਚ ਰੱਖਦੇ ਹੋਏ ਚੰਗਾ ਹੋਵੇਗਾ ਜੇ ਅਸੀਂ ਯਹੋਵਾਹ ਪਰਮੇਸ਼ੁਰ ਬਾਰੇ ਗ਼ਲਤ ਸਿੱਟੇ ਨਾ ਕੱਢੀਏ। ਇਸ ਦੀ ਕਿਉਂ ਜ਼ਰੂਰਤ ਹੈ? ਕਿਉਂਕਿ ਬਾਈਬਲ ਵਿਚ ਯਹੋਵਾਹ ਦੇ ਫ਼ੈਸਲਿਆਂ ਬਾਰੇ ਜਾਂ ਉਸ ਦੇ ਸੇਵਕਾਂ ਦੀਆਂ ਕਰਨੀਆਂ ਬਾਰੇ ਕੁਝ ਅਜਿਹੇ ਬਿਰਤਾਂਤ ਹਨ ਜਿਨ੍ਹਾਂ ਨੂੰ ਪਹਿਲੀ ਵਾਰ ਪੜ੍ਹ ਕੇ ਸ਼ਾਇਦ ਸਮਝਣਾ ਔਖਾ ਹੋਵੇ। ਇਨ੍ਹਾਂ ਨੂੰ ਪੜ੍ਹ ਕੇ ਸਾਡੇ ਮਨ ਵਿਚ ਸਵਾਲ ਜਾਗ ਉੱਠ ਸਕਦੇ ਹਨ। ਅਫ਼ਸੋਸ ਦੀ ਗੱਲ ਹੈ ਕਿ ਕੁਝ ਲੋਕ ਇਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਨਾਰਾਜ਼ ਹੋ ਗਏ ਹਨ ਤੇ ਉਨ੍ਹਾਂ ਨੇ ਪਰਮੇਸ਼ੁਰ ਦੇ ਇਨਸਾਫ਼ ਉੱਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਹੈ। ਪਰ ਬਾਈਬਲ ਵਿਚ ਸਾਨੂੰ ਦੱਸਿਆ ਗਿਆ ਹੈ ਕਿ “ਯਹੋਵਾਹ ਆਪਣੇ ਸਾਰੇ ਰਾਹਾਂ ਵਿੱਚ ਧਰਮੀ ਹੈ।” (ਜ਼ਬੂਰਾਂ ਦੀ ਪੋਥੀ 145:17) ਉਸ ਦਾ ਬਚਨ ਇਹ ਵੀ ਕਹਿੰਦਾ ਹੈ ਕਿ ਉਹ ‘ਦੁਸ਼ਟਪੁਣਾ’ ਨਹੀਂ ਕਰਦਾ। (ਅੱਯੂਬ 34:12; ਜ਼ਬੂਰਾਂ ਦੀ ਪੋਥੀ 37:28) ਜ਼ਰਾ ਸੋਚੋ ਉਹ ਕਿਵੇਂ ਮਹਿਸੂਸ ਕਰਦਾ ਹੋਣਾ ਜਦ ਲੋਕ ਉਸ ਦੇ ਇਰਾਦਿਆਂ ਉੱਤੇ ਸ਼ੱਕ ਕਰਦੇ ਹਨ!

3 ਆਓ ਆਪਾਂ ਪੰਜ ਕਾਰਨਾਂ ਵੱਲ ਧਿਆਨ ਦੇਈਏ ਕਿ ਸਾਨੂੰ ਯਹੋਵਾਹ ਦੇ ਫ਼ੈਸਲਿਆਂ ਨੂੰ ਸਹੀ ਕਿਉਂ ਸਮਝਣਾ ਚਾਹੀਦਾ ਹੈ। ਫਿਰ ਇਨ੍ਹਾਂ ਪੰਜ ਕਾਰਨਾਂ ਨੂੰ ਮਨ ਵਿਚ ਰੱਖ ਕੇ ਅਸੀਂ ਬਾਈਬਲ ਦੇ ਦੋ ਬਿਰਤਾਂਤਾਂ ਉੱਤੇ ਚਰਚਾ ਕਰਾਂਗੇ ਜੋ ਸ਼ਾਇਦ ਕੁਝ ਲੋਕਾਂ ਲਈ ਸਮਝਣੇ ਮੁਸ਼ਕਲ ਹੋਣ।

ਕੀ ਯਹੋਵਾਹ ਦੇ ਫ਼ੈਸਲੇ ਹਮੇਸ਼ਾ ਸਹੀ ਹੁੰਦੇ ਹਨ?

4. ਮਿਸਾਲ ਦੇ ਕੇ ਸਮਝਾਓ ਕਿ ਯਹੋਵਾਹ ਦੀਆਂ ਕਰਨੀਆਂ ਬਾਰੇ ਸੋਚਦੇ ਸਮੇਂ ਸਾਨੂੰ ਹਲੀਮੀ ਦੀ ਲੋੜ ਕਿਉਂ ਹੈ।

4 ਪਹਿਲਾ ਕਾਰਨ ਹੈ ਸਾਡੇ ਤੋਂ ਉਲਟ ਯਹੋਵਾਹ ਹਰ ਮਾਮਲੇ ਦੀ ਹਰ ਗੱਲ ਜਾਣਦਾ ਹੈ। ਉਸ ਦੀਆਂ ਕਰਨੀਆਂ ਬਾਰੇ ਸੋਚਦੇ ਸਮੇਂ ਸਾਨੂੰ ਹਲੀਮੀ ਨਾਲ ਇਹ ਗੱਲ ਸਵੀਕਾਰ ਕਰਨੀ ਚਾਹੀਦੀ ਹੈ। ਮਿਸਾਲ ਲਈ, ਮਨ ਲਓ ਅਦਾਲਤ ਵਿਚ ਇਨਸਾਫ਼ ਲਈ ਜਾਣੇ ਗਏ ਇਕ ਜੱਜ ਦੀ ਸਜ਼ਾ ਸੁਣ ਕੇ ਕੋਈ ਨਾਰਾਜ਼ ਹੋ ਜਾਂਦਾ ਹੈ। ਉਹ ਇਨਸਾਨ ਮਾਮਲੇ ਦੀਆਂ ਸਾਰੀਆਂ ਅਸਲੀਅਤਾਂ ਨਹੀਂ ਜਾਣਦਾ, ਪਰ ਉਹ ਉਸ ਜੱਜ ਦੇ ਫ਼ੈਸਲੇ ਵਿਚ ਨੁਕਸ ਕੱਢਣ ਲੱਗ ਪੈਂਦਾ ਹੈ। ਅਜਿਹੇ ਇਨਸਾਨ ਬਾਰੇ ਤੁਹਾਡਾ ਕੀ ਖ਼ਿਆਲ ਹੈ? ਜੇ ਕੋਈ ਪੂਰੀ ਗੱਲ ਜਾਣਨ ਤੋਂ ਬਿਨਾਂ ਦੋਸ਼ ਲਾਉਣੇ ਸ਼ੁਰੂ ਕਰ ਦੇਵੇ, ਤਾਂ ਇਹ ਮੂਰਖਤਾਈ ਹੈ। (ਕਹਾਉਤਾਂ 18:13) ਇਸ ਤੋਂ ਵੱਡੀ ਮੂਰਖਤਾਈ ਇਹ ਹੋਵੇਗੀ ਜੇ ਅਸੀਂ ‘ਸਾਰੀ ਧਰਤੀ ਦੇ ਨਿਆਈ’ ਦੀ ਆਲੋਚਨਾ ਕਰਨ ਲੱਗ ਪਈਏ!—ਉਤਪਤ 18:25, 26.

5. ਜਦ ਅਸੀਂ ਬਾਈਬਲ ਵਿਚ ਯਹੋਵਾਹ ਦੇ ਕਿਸੇ ਫ਼ੈਸਲੇ ਬਾਰੇ ਪੜ੍ਹਦੇ ਹਾਂ, ਤਾਂ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

5 ਯਹੋਵਾਹ ਦੇ ਫ਼ੈਸਲਿਆਂ ਨੂੰ ਸਵੀਕਾਰ ਕਰਨ ਦਾ ਦੂਜਾ ਕਾਰਨ ਹੈ ਕਿ ਇਨਸਾਨਾਂ ਤੋਂ ਉਲਟ ਉਹ ਇਨਸਾਨ ਦੇ ਦਿਲ ਦੀ ਗੱਲ ਜਾਣਦਾ ਹੈ। (1 ਸਮੂਏਲ 16:7) ਉਸ ਦਾ ਬਚਨ ਕਹਿੰਦਾ ਹੈ: “ਮੈਂ ਯਹੋਵਾਹ ਦਿਲ ਨੂੰ ਜੋਹੰਦਾ ਹਾਂ, ਅਤੇ ਗੁਰਦਿਆਂ ਨੂੰ ਪਰਤਾਉਂਦਾ ਹਾਂ, ਭਈ ਹਰ ਮਨੁੱਖ ਨੂੰ ਉਹ ਦੇ ਚਾਲ ਚਲਣ ਅਨੁਸਾਰ, ਅਤੇ ਉਹ ਦੇ ਕੰਮਾਂ ਦੇ ਫਲਾਂ ਅਨੁਸਾਰ ਬਦਲਾ ਦਿਆਂ।” (ਯਿਰਮਿਯਾਹ 17:10) ਤਾਂ ਫਿਰ ਜਦ ਅਸੀਂ ਬਾਈਬਲ ਵਿਚ ਯਹੋਵਾਹ ਦੇ ਕਿਸੇ ਫ਼ੈਸਲੇ ਬਾਰੇ ਪੜ੍ਹਦੇ ਹਾਂ, ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਸਭ ਜਾਣੀ-ਜਾਣ ਹੈ। ਭਾਵੇਂ ਉਸ ਦੇ ਬਚਨ ਵਿਚ ਸਾਰੇ ਵੇਰਵੇ ਨਹੀਂ ਦਿੱਤੇ ਗਏ, ਪਰ ਉਸ ਨੇ ਫ਼ੈਸਲਾ ਕਰਨ ਤੋਂ ਪਹਿਲਾਂ ਉਨ੍ਹਾਂ ਲੋਕਾਂ ਦੇ ਮਨ ਦੀ ਗੱਲ ਜਾਣ ਲਈ ਹੋਣੀ।—1 ਇਤਹਾਸ 28:9.

6, 7. (ੳ) ਯਹੋਵਾਹ ਨੇ ਕਿਵੇਂ ਦਿਖਾਇਆ ਹੈ ਕਿ ਭਾਵੇਂ ਉਸ ਨੂੰ ਇਹ ਮਹਿੰਗਾ ਪਵੇ, ਉਹ ਹਮੇਸ਼ਾ ਆਪਣੇ ਇਨਸਾਫ਼ ਉੱਤੇ ਪੱਕਾ ਰਹਿੰਦਾ ਹੈ? (ਅ) ਜੇ ਅਸੀਂ ਬਾਈਬਲ ਵਿਚ ਕੁਝ ਅਜਿਹਾ ਪੜ੍ਹਦੇ ਹਾਂ ਜਿਸ ਤੋਂ ਸਾਨੂੰ ਯਹੋਵਾਹ ਦਾ ਕੋਈ ਫ਼ੈਸਲਾ ਸਮਝ ਨਹੀਂ ਆਉਂਦਾ, ਤਾਂ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?

6 ਯਹੋਵਾਹ ਦੇ ਫ਼ੈਸਲਿਆਂ ਨੂੰ ਸਵੀਕਾਰ ਕਰਨ ਦੇ ਤੀਜੇ ਕਾਰਨ ਬਾਰੇ ਸੋਚੋ: ਭਾਵੇਂ ਉਸ ਨੂੰ ਇਹ ਮਹਿੰਗਾ ਪਵੇ, ਫਿਰ ਵੀ ਉਹ ਆਪਣੇ ਇਨਸਾਫ਼ ਉੱਤੇ ਹਮੇਸ਼ਾ ਪੱਕਾ ਰਹਿੰਦਾ ਹੈ। ਇਸ ਦੀ ਇਕ ਉਦਾਹਰਣ ਉੱਤੇ ਗੌਰ ਕਰੋ। ਜਦ ਯਹੋਵਾਹ ਨੇ ਆਗਿਆਕਾਰ ਇਨਸਾਨਜਾਤ ਨੂੰ ਪਾਪ ਅਤੇ ਮੌਤ ਤੋਂ ਬਚਾਉਣ ਲਈ ਆਪਣੇ ਬੇਟੇ ਦੀ ਕੁਰਬਾਨੀ ਦਿੱਤੀ ਸੀ, ਤਾਂ ਉਹ ਆਪਣੇ ਇਨਸਾਫ਼ ਤੇ ਪੱਕਾ ਰਿਹਾ ਸੀ। (ਰੋਮੀਆਂ 5:18, 19) ਪਰ ਆਪਣੇ ਬੇਟੇ ਨੂੰ ਮੌਤ ਤਕ ਸੂਲੀ ਤੇ ਤਸੀਹੇ ਸਹਿੰਦੇ ਦੇਖ ਕੇ ਉਸ ਦੇ ਦਿਲ ਨੂੰ ਕਿੰਨਾ ਦੁੱਖ ਹੋਇਆ ਹੋਣਾ। ਇਸ ਉਦਾਹਰਣ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ? ਜਵਾਬ ਵਿਚ ਬਾਈਬਲ ਕਹਿੰਦੀ ਹੈ ਕਿ ਯਿਸੂ ਮਸੀਹ ਦੀ ਕੁਰਬਾਨੀ ਇਸ ਲਈ ਦਿੱਤੀ ਗਈ ਸੀ ਕਿ “ਪਰਮੇਸ਼ੁਰ ਆਪਣੇ ਧਰਮ ਨੂੰ ਪਰਗਟ ਕਰੇ।” (ਰੋਮੀਆਂ 3:24-26) ਇਕ ਹੋਰ ਤਰਜਮੇ ਵਿਚ ਰੋਮੀਆਂ 3:25 ਵਿਚ ਲਿਖਿਆ ਹੈ: “ਉਸ ਨੇ ਅਜਿਹਾ ਇਹ ਵਿਖਾਉਣ ਲਈ ਕੀਤਾ ਕਿ ਉਹ ਹਮੇਸ਼ਾ ਉਹੀ ਕਾਰਜ ਕਰਦਾ ਹੈ ਜੋ ਨਿਆਈ ਹੈ।” ਜੀ ਹਾਂ, ਸਾਨੂੰ ਬਚਾਉਣ ਲਈ ਯਹੋਵਾਹ ਜਿਸ ਹੱਦ ਤਕ ਜਾਣ ਲਈ ਤਿਆਰ ਸੀ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਹਮੇਸ਼ਾ ਉਹੀ ਕਰਦਾ ਹੈ ਜੋ ਸਹੀ ਹੈ।

7 ਤਾਂ ਫਿਰ ਜੇ ਅਸੀਂ ਬਾਈਬਲ ਵਿਚ ਕੁਝ ਅਜਿਹਾ ਪੜ੍ਹਦੇ ਹਾਂ ਜਿਸ ਤੋਂ ਸਾਨੂੰ ਯਹੋਵਾਹ ਦਾ ਕੋਈ ਫ਼ੈਸਲਾ ਸਮਝ ਨਹੀਂ ਆਉਂਦਾ, ਤਾਂ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ: ਯਹੋਵਾਹ ਨੇ ਇਨਸਾਫ਼ ਦੇ ਮਿਆਰਾਂ ਨੂੰ ਕਾਇਮ ਰੱਖਣ ਲਈ ਆਪਣੇ ਬੇਟੇ ਦਾ ਵੀ ਸਰਫ਼ਾ ਨਹੀਂ ਕੀਤਾ ਅਤੇ ਉਸ ਨੂੰ ਤਸੀਹੇ ਭਰੀ ਮੌਤ ਮਰਨ ਦਿੱਤਾ। ਤਾਂ ਫਿਰ, ਉਹ ਹੋਰਨਾਂ ਮਾਮਲਿਆਂ ਵਿਚ ਆਪਣੇ ਇਨਸਾਫ਼ ਦਾ ਸਮਝੌਤਾ ਕਿਵੇਂ ਕਰ ਸਕਦਾ ਹੈ? ਸੱਚ ਤਾਂ ਇਹ ਹੈ ਕਿ ਯਹੋਵਾਹ ਹਮੇਸ਼ਾ ਆਪਣੇ ਇਨਸਾਫ਼ ਦੇ ਮਿਆਰਾਂ ਤੇ ਪੱਕਾ ਰਹਿੰਦਾ ਹੈ। ਇਸ ਲਈ ਸਾਡੇ ਕੋਲ ਵਿਸ਼ਵਾਸ ਕਰਨ ਦਾ ਹਰ ਕਾਰਨ ਹੈ ਕਿ ਯਹੋਵਾਹ ਹਮੇਸ਼ਾ ਉਹ ਕਰਦਾ ਜੋ ਸਹੀ ਹੈ।—ਅੱਯੂਬ 37:23.

8. ਇਸ ਤਰ੍ਹਾਂ ਸੋਚਣਾ ਗ਼ਲਤ ਕਿਉਂ ਹੋਵੇਗਾ ਕਿ ਜੋ ਗੁਣ ਪਰਮੇਸ਼ੁਰ ਨੇ ਇਨਸਾਨਾਂ ਵਿਚ ਪਾਏ ਹਨ, ਉਨ੍ਹਾਂ ਗੁਣਾਂ ਦੀ ਪਰਮੇਸ਼ੁਰ ਵਿਚ ਘਾਟ ਹੈ?

8 ਯਹੋਵਾਹ ਦੇ ਫ਼ੈਸਲਿਆਂ ਨੂੰ ਸਵੀਕਾਰ ਕਰਨ ਦੇ ਚੌਥੇ ਕਾਰਨ ਉੱਤੇ ਗੌਰ ਕਰੋ: ਯਹੋਵਾਹ ਨੇ ਇਨਸਾਨ ਨੂੰ ਆਪਣੇ ਸਰੂਪ ਉੱਤੇ ਬਣਾਇਆ ਸੀ। (ਉਤਪਤ 1:27) ਇਸ ਦਾ ਮਤਲਬ ਹੈ ਕਿ ਸਾਡੇ ਵਿਚ ਵੀ ਉਹ ਗੁਣ ਹਨ ਜੋ ਪਰਮੇਸ਼ੁਰ ਵਿਚ ਹਨ। ਅਸੀਂ ਵੀ ਇਨਸਾਫ਼ ਕਰਨਾ ਜਾਣਦੇ ਹਾਂ। ਤਾਂ ਫਿਰ ਇਹ ਸੋਚਣਾ ਕਿੰਨਾ ਗ਼ਲਤ ਹੋਵੇਗਾ ਕਿ ਜੋ ਗੁਣ ਪਰਮੇਸ਼ੁਰ ਨੇ ਸਾਡੇ ਵਿਚ ਪਾਏ ਹਨ, ਉਨ੍ਹਾਂ ਗੁਣਾਂ ਦੀ ਪਰਮੇਸ਼ੁਰ ਵਿਚ ਘਾਟ ਹੈ! ਜੇ ਬਾਈਬਲ ਦਾ ਕੋਈ ਬਿਰਤਾਂਤ ਪੜ੍ਹ ਕੇ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ, ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਵਿਰਸੇ ਵਿਚ ਮਿਲੇ ਪਾਪ ਦੇ ਕਾਰਨ ਅਸੀਂ ਸ਼ਾਇਦ ਇਨਸਾਫ਼ ਦੇ ਮਿਆਰਾਂ ਨੂੰ ਨਾ ਸਮਝੀਏ। ਯਹੋਵਾਹ ਦਾ ਇਨਸਾਫ਼ ਮੁਕੰਮਲ ਹੈ। (ਬਿਵਸਥਾ ਸਾਰ 32:4) ਇਸ ਤਰ੍ਹਾਂ ਸੋਚਣਾ ਕਿੰਨਾ ਗ਼ਲਤ ਹੋਵੇਗਾ ਕਿ ਅਸੀਂ ਇਨਸਾਫ਼ ਉੱਤੇ ਪਰਮੇਸ਼ੁਰ ਨਾਲੋਂ ਜ਼ਿਆਦਾ ਪੱਕੇ ਰਹਿ ਸਕਦੇ ਹਾਂ!—ਰੋਮੀਆਂ 3:4, 5; 9:14.

9, 10. ਯਹੋਵਾਹ ਨੂੰ ਆਪਣੇ ਫ਼ੈਸਲੇ ਜਾਂ ਆਪਣੀਆਂ ਕਰਨੀਆਂ ਸਮਝਾਉਣ ਦੀ ਕੋਈ ਲੋੜ ਕਿਉਂ ਨਹੀਂ ਹੈ?

9 ਯਹੋਵਾਹ ਦੇ ਫ਼ੈਸਲਿਆਂ ਨੂੰ ਸਵੀਕਾਰ ਕਰਨ ਦਾ ਪੰਜਵਾਂ ਕਾਰਨ ਹੈ ਕਿ ਉਹ “ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ।” (ਜ਼ਬੂਰਾਂ ਦੀ ਪੋਥੀ 83:18) ਇਸ ਲਈ ਉਸ ਨੂੰ ਆਪਣੇ ਫ਼ੈਸਲੇ ਜਾਂ ਆਪਣੀਆਂ ਕਰਨੀਆਂ ਸਮਝਾਉਣ ਦੀ ਕੋਈ ਲੋੜ ਨਹੀਂ। ਉਹ ਸਾਡਾ ਘੁਮਿਆਰ ਹੈ ਅਤੇ ਅਸੀਂ ਉਸ ਦੇ ਹੱਥਾਂ ਵਿਚ ਮਿੱਟੀ ਹਾਂ। ਉਹ ਸਾਡੇ ਨਾਲ ਜੋ ਜੀ ਚਾਹੇ ਕਰ ਸਕਦਾ ਹੈ। (ਰੋਮੀਆਂ 9:19-21) ਮਿੱਟੀ ਦੇ ਭਾਂਡਿਆਂ ਵਜੋਂ ਅਸੀਂ ਕੌਣ ਹੁੰਦੇ ਹਾਂ ਉਸ ਦੀਆਂ ਕਰਨੀਆਂ ਅਤੇ ਫ਼ੈਸਲਿਆਂ ਤੇ ਸ਼ੱਕ ਕਰਨ ਵਾਲੇ? ਜਦ ਅੱਯੂਬ ਨੂੰ ਯਹੋਵਾਹ ਦੀਆਂ ਕਰਨੀਆਂ ਅਤੇ ਇਨਸਾਫ਼ ਤੇ ਸ਼ੱਕ ਹੋਇਆ ਸੀ, ਤਾਂ ਯਹੋਵਾਹ ਨੇ ਉਸ ਨੂੰ ਇਹ ਪੁੱਛ ਕੇ ਤਾੜਿਆ ਸੀ: “ਕੀ ਤੂੰ ਮੇਰੇ ਨਿਆਉਂ ਨੂੰ ਰੱਦ ਕਰੇਂਗਾ? ਕੀ ਤੂੰ ਮੈਨੂੰ ਦੋਸ਼ੀ ਠਹਿਰਾਵੇਂਗਾ ਭਈ ਤੂੰ ਧਰਮੀ ਬਣੇਂ?” ਅੱਯੂਬ ਨੇ ਆਪਣੀ ਗ਼ਲਤੀ ਸਮਝ ਕੇ ਤੋਬਾ ਕੀਤੀ। (ਅੱਯੂਬ 40:8; 42:6) ਆਓ ਆਪਾਂ ਪਰਮੇਸ਼ੁਰ ਉੱਤੇ ਕਦੇ ਵੀ ਦੋਸ਼ ਨਾ ਲਾਈਏ!

10 ਸਾਡੇ ਕੋਲ ਇਹ ਮੰਨਣ ਲਈ ਕਈ ਕਾਰਨ ਹਨ ਕਿ ਯਹੋਵਾਹ ਹਮੇਸ਼ਾ ਉਹ ਕਰਦਾ ਹੈ ਜੋ ਸਹੀ ਹੈ। ਇਨ੍ਹਾਂ ਕਾਰਨਾਂ ਨੂੰ ਮਨ ਵਿਚ ਰੱਖ ਕੇ ਆਓ ਆਪਾਂ ਬਾਈਬਲ ਵਿਚ ਦੋ ਬਿਰਤਾਂਤਾਂ ਦੀ ਜਾਂਚ ਕਰੀਏ ਜੋ ਸ਼ਾਇਦ ਕਿਸੇ ਲਈ ਸਮਝਣੇ ਔਖੇ ਹੋਣ। ਪਹਿਲਾ ਬਿਰਤਾਂਤ ਯਹੋਵਾਹ ਦੇ ਇਕ ਸੇਵਕ ਦੀ ਕਰਨੀ ਬਾਰੇ ਹੈ ਅਤੇ ਦੂਜਾ ਯਹੋਵਾਹ ਦੀ ਇਕ ਸਜ਼ਾ ਬਾਰੇ।

ਲੂਤ ਆਪਣੀਆਂ ਧੀਆਂ ਨੂੰ ਹਵਸੀ ਆਦਮੀਆਂ ਦੇ ਹਵਾਲੇ ਕਰਨ ਨੂੰ ਕਿਉਂ ਤਿਆਰ ਸੀ?

11, 12. (ੳ) ਉਸ ਸਮੇਂ ਕੀ ਹੋਇਆ ਸੀ ਜਦ ਪਰਮੇਸ਼ੁਰ ਨੇ ਦੋ ਦੂਤਾਂ ਨੂੰ ਸਦੂਮ ਨਗਰ ਨੂੰ ਭੇਜਿਆ ਸੀ? (ਅ) ਇਸ ਬਿਰਤਾਂਤ ਨੇ ਕਈਆਂ ਦੇ ਮਨ ਵਿਚ ਕਿਹੜੇ ਸਵਾਲ ਖੜ੍ਹੇ ਕੀਤੇ ਹਨ?

11 ਉਤਪਤ ਦੇ 19ਵੇਂ ਅਧਿਆਇ ਵਿਚ ਅਸੀਂ ਉਹ ਬਿਰਤਾਂਤ ਪੜ੍ਹ ਸਕਦੇ ਹਾਂ ਜਦ ਪਰਮੇਸ਼ੁਰ ਨੇ ਦੋ ਦੂਤਾਂ ਨੂੰ ਸਦੂਮ ਨਗਰ ਨੂੰ ਭੇਜਿਆ ਸੀ। ਉਹ ਦੂਤ ਆਦਮੀਆਂ ਦਾ ਰੂਪ ਧਾਰ ਕੇ ਆਏ ਸਨ। ਲੂਤ ਨੇ ਉਨ੍ਹਾਂ ਨੂੰ ਆਪਣੇ ਘਰ ਰਹਿਣ ਲਈ ਮਨਾ ਲਿਆ ਸੀ। ਪਰ ਉਸ ਰਾਤ ਨਗਰ ਦੇ ਆਦਮੀਆਂ ਨੇ ਘਰ ਨੂੰ ਘੇਰ ਲਿਆ ਤੇ ਕਿਹਾ ਕਿ ਲੂਤ ਉਨ੍ਹਾਂ ਯਾਤਰੀਆਂ ਨੂੰ ਉਨ੍ਹਾਂ ਦੇ ਹਵਾਲੇ ਕਰ ਦੇਵੇ ਤਾਂਕਿ ਉਹ ਉਨ੍ਹਾਂ ਨਾਲ ਆਪਣੀ ਮਰਜ਼ੀ ਕਰ ਲੈਣ। ਲੂਤ ਨੇ ਆਦਮੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਤੇ ਕੋਈ ਫ਼ਰਕ ਨਹੀਂ ਪਿਆ। ਆਪਣੇ ਪਰਾਹੁਣਿਆਂ ਦੀ ਰਾਖੀ ਵਾਸਤੇ ਲੂਤ ਨੇ ਕਿਹਾ: “ਮੇਰੇ ਭਰਾਵੋ ਇਹ ਬੁਰਿਆਈ ਨਾ ਕਰੋ। ਵੇਖੋ ਮੇਰੀਆਂ ਦੋ ਧੀਆਂ ਹਨ ਜਿਨ੍ਹਾਂ ਨੇ ਮਨੁੱਖ ਨੂੰ ਨਹੀਂ ਜਾਣਿਆ ਹੈ। ਮੈਂ ਉਨ੍ਹਾਂ ਨੂੰ ਤੁਹਾਡੇ ਕੋਲ ਲੈ ਆਉਂਦਾ ਹਾਂ ਤਾਂ ਉਨ੍ਹਾਂ ਨਾਲ ਜਿਵੇਂ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਤਿਵੇਂ ਹੀ ਕਰੋ ਪਰ ਇਨ੍ਹਾਂ ਮਨੁੱਖਾਂ ਨਾਲ ਕੁਝ ਨਾ ਕਰੋ ਕਿਉਂਜੋ ਓਹ ਮੇਰੀ ਛੱਤ ਛਾਏ ਆਏ ਹਨ।” ਹਵਸ ਦੀ ਅੱਗ ਨਾਲ ਜਲ਼ ਰਹੇ ਆਦਮੀਆਂ ਨੇ ਉਸ ਦੀ ਇਕ ਨਾ ਸੁਣੀ ਤੇ ਉਹ ਬੂਹਾ ਭੰਨਣ ਲੱਗ ਪਏ। ਅਖ਼ੀਰ ਵਿਚ ਦੂਤਾਂ ਨੇ ਉਨ੍ਹਾਂ ਵਹਿਸ਼ੀ ਆਦਮੀਆਂ ਨੂੰ ਅੰਨ੍ਹਾ ਕਰ ਦਿੱਤਾ।—ਉਤਪਤ 19:1-11.

12 ਇਸ ਬਿਰਤਾਂਤ ਨੇ ਕਈਆਂ ਦੇ ਮਨਾਂ ਵਿਚ ਸਵਾਲ ਖੜ੍ਹੇ ਕੀਤੇ ਹਨ। ਉਹ ਸੋਚਦੇ ਹਨ: ‘ਲੂਤ ਆਪਣੇ ਪਰਾਹੁਣਿਆਂ ਦੀ ਰਾਖੀ ਕਰਨ ਲਈ ਆਦਮੀਆਂ ਦੀ ਹਵਸ ਅੱਗੇ ਆਪਣੀਆਂ ਧੀਆਂ ਕਿਵੇਂ ਬਲੀ ਕਰ ਸਕਦਾ ਸੀ? ਕੀ ਉਸ ਨੇ ਗ਼ਲਤੀ ਨਹੀਂ ਕੀਤੀ ਸੀ? ਕੀ ਉਹ ਡਰਪੋਕ ਸੀ?’ ਪਰਮੇਸ਼ੁਰ ਨੇ ਪਤਰਸ ਦੇ ਜ਼ਰੀਏ ਲੂਤ ਨੂੰ “ਧਰਮੀ ਪੁਰਖ” ਕਿਉਂ ਸੱਦਿਆ ਸੀ? ਕੀ ਇਸ ਦਾ ਮਤਲਬ ਇਹ ਹੈ ਕਿ ਪਰਮੇਸ਼ੁਰ ਨੂੰ ਲੂਤ ਦੀ ਗੱਲ ਪਸੰਦ ਸੀ? (2 ਪਤਰਸ 2:7, 8) ਆਓ ਆਪਾਂ ਗੱਲ ਨੂੰ ਸਹੀ ਤਰ੍ਹਾਂ ਸਮਝਣ ਲਈ ਉਸ ਉੱਤੇ ਗੌਰ ਕਰੀਏ।

13, 14. (ੳ) ਲੂਤ ਬਾਰੇ ਬਾਈਬਲ ਵਿਚ ਕੀ ਦੱਸਿਆ ਗਿਆ ਹੈ ਤੇ ਕੀ ਨਹੀਂ? (ਅ) ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਲੂਤ ਡਰਪੋਕ ਨਹੀਂ ਸੀ?

13 ਪਹਿਲੀ ਗੱਲ ਤਾਂ ਇਹ ਹੈ ਕਿ ਬਾਈਬਲ ਵਿਚ ਇਹ ਨਹੀਂ ਲਿਖਿਆ ਗਿਆ ਕਿ ਲੂਤ ਦੀ ਕਰਨੀ ਸਹੀ ਸੀ ਜਾਂ ਗ਼ਲਤ। ਇਸ ਵਿਚ ਸਾਨੂੰ ਉਹੀ ਦੱਸਿਆ ਗਿਆ ਜੋ ਵਾਪਰਿਆ ਸੀ। ਬਾਈਬਲ ਇਹ ਵੀ ਨਹੀਂ ਦੱਸਦੀ ਕਿ ਉਸ ਸਮੇਂ ਲੂਤ ਕੀ ਸੋਚ ਰਿਹਾ ਸੀ ਜਦ ਉਹ ਆਪਣੀਆਂ ਧੀਆਂ ਉਨ੍ਹਾਂ ਆਦਮੀਆਂ ਦੇ ਹਵਾਲੇ ਕਰਨ ਲਈ ਤਿਆਰ ਸੀ। ਜਦ ਉਹ ਦੁਬਾਰਾ ਜ਼ਿੰਦਾ ਕੀਤਾ ਜਾਵੇਗਾ, ਤਾਂ ਸ਼ਾਇਦ ਉਹ ਸਾਨੂੰ ਇਹ ਗੱਲਾਂ ਆਪ ਦੱਸ ਸਕੇਗਾ।—ਰਸੂਲਾਂ ਦੇ ਕਰਤੱਬ 24:15.

14 ਪਰ ਲੂਤ ਡਰਪੋਕ ਵੀ ਨਹੀਂ ਸੀ। ਉਸ ਨੂੰ ਇਕ ਮੁਸ਼ਕਲ ਦਾ ਸਾਮ੍ਹਣਾ ਕਰਨਾ ਪੈ ਰਿਹਾ ਸੀ। ਜਦ ਉਸ ਨੇ ਕਿਹਾ ਕਿ ਪਰਾਹੁਣੇ “ਮੇਰੀ ਛੱਤ ਛਾਏ ਆਏ ਹਨ,” ਤਾਂ ਉਹ ਕਹਿ ਰਿਹਾ ਸੀ ਕਿ ਉਨ੍ਹਾਂ ਦੀ ਰਾਖੀ ਕਰਨੀ ਉਸ ਦਾ ਫ਼ਰਜ਼ ਸੀ। ਪਰ ਉਨ੍ਹਾਂ ਦੀ ਰਾਖੀ ਕਰਨੀ ਸੌਖੀ ਵੀ ਨਹੀਂ ਸੀ। ਯਹੂਦੀ ਇਤਿਹਾਸਕਾਰ ਜੋਸੀਫ਼ਸ ਨੇ ਕਿਹਾ ਕਿ ਸਦੂਮ ਦੇ ਆਦਮੀਆਂ ਨੂੰ ‘ਰੱਬ ਦਾ ਜ਼ਰਾ ਵੀ ਖ਼ੌਫ਼ ਨਹੀਂ ਸੀ, ਉਹ ਅਜਨਬੀਆਂ ਨਾਲ ਨਫ਼ਰਤ ਕਰਦੇ ਸਨ ਅਤੇ ਮੁੰਡੇਬਾਜ਼ ਸਨ।’ ਫਿਰ ਵੀ ਲੂਤ ਉਨ੍ਹਾਂ ਵਹਿਸ਼ੀ ਆਦਮੀਆਂ ਮੋਹਰਿਓਂ ਡਰ ਕੇ ਪਿੱਛੇ ਨਹੀਂ ਹਟਿਆ ਸੀ। ਇਸ ਤੋਂ ਉਲਟ ਉਸ ਨੇ ਤਾਂ “ਬੂਹਾ ਆਪਣੇ ਪਿੱਛੇ ਭੇੜ ਲਿਆ” ਅਤੇ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ।—ਉਤਪਤ 19:6.

15. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਲੂਤ ਨੇ ਸ਼ਾਇਦ ਸੋਚਿਆ ਹੋਵੇ ਕਿ ਪਰਮੇਸ਼ੁਰ ਉਸ ਦੀਆਂ ਧੀਆਂ ਨੂੰ ਬਚਾ ਲਵੇਗਾ?

15 ਪਰ ਫਿਰ ਵੀ ਕੁਝ ਲੋਕ ਸ਼ਾਇਦ ਪੁੱਛਣ ਕਿ ਲੂਤ ਆਪਣੀਆਂ ਧੀਆਂ ਨੂੰ ਉਨ੍ਹਾਂ ਆਦਮੀਆਂ ਦੇ ਹਵਾਲੇ ਕਰਨ ਲਈ ਕਿਉਂ ਤਿਆਰ ਸੀ? ਲੂਤ ਦੇ ਇਰਾਦਿਆਂ ਤੇ ਸ਼ੱਕ ਕਰਨ ਦੀ ਬਜਾਇ ਆਓ ਆਪਾਂ ਸੋਚੀਏ ਕਿ ਇਸ ਤਰ੍ਹਾਂ ਕਰਨ ਦੇ ਹੋਰ ਕੀ ਕਾਰਨ ਹੋ ਸਕਦੇ ਸਨ। ਪਹਿਲੀ ਗੱਲ ਹੈ ਕਿ ਲੂਤ ਨੇ ਸ਼ਾਇਦ ਸੋਚਿਆ ਹੋਵੇ ਕਿ ਪਰਮੇਸ਼ੁਰ ਉਸ ਦੀਆਂ ਧੀਆਂ ਨੂੰ ਬਚਾ ਲਵੇਗਾ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਲੂਤ ਜਾਣਦਾ ਸੀ ਕਿ ਯਹੋਵਾਹ ਨੇ ਉਸ ਦੀ ਚਾਚੀ ਸਾਰਾਹ ਨੂੰ ਬਚਾਇਆ ਸੀ। ਤੁਹਾਨੂੰ ਸ਼ਾਇਦ ਉਹ ਬਿਰਤਾਂਤ ਯਾਦ ਹੋਵੇ ਜਿਸ ਵਿਚ ਦੱਸਿਆ ਗਿਆ ਹੈ ਕਿ ਅਬਰਾਹਾਮ ਨੂੰ ਡਰ ਸੀ ਕਿ ਹੋਰ ਆਦਮੀ ਉਸ ਦਾ ਕਤਲ ਕਰ ਕੇ ਉਸ ਦੀ ਰੂਪਵੰਤੀ ਘਰਵਾਲੀ ਸਾਰਾਹ ਨੂੰ ਚੁੱਕ ਲੈ ਜਾਣਗੇ। * ਇਸ ਲਈ ਅਬਰਾਹਾਮ ਨੇ ਸਾਰਾਹ ਨੂੰ ਕਿਹਾ ਕਿ ਉਹ ਕਹਿ ਦੇਵੇ ਕਿ ਉਹ ਭੈਣ-ਭਰਾ ਸਨ। ਇਸ ਦਾ ਨਤੀਜਾ ਇਹ ਹੋਇਆ ਕਿ ਫ਼ਿਰਊਨ ਨੇ ਕਿਹਾ ਕਿ ਸਾਰਾਹ ਉਸ ਦੇ ਘਰ ਪਹੁੰਚਾਈ ਜਾਵੇ। ਪਰ ਸਾਰਾਹ ਦੀ ਇੱਜ਼ਤ ਲੁੱਟੀ ਜਾਣ ਤੋਂ ਪਹਿਲਾਂ ਹੀ ਯਹੋਵਾਹ ਨੇ ਫ਼ਿਰਊਨ ਨੂੰ ਰੋਕ ਦਿੱਤਾ ਸੀ। (ਉਤਪਤ 12:11-20) ਹੋ ਸਕਦਾ ਹੈ ਕਿ ਲੂਤ ਨੂੰ ਪੂਰਾ ਵਿਸ਼ਵਾਸ ਸੀ ਕਿ ਉਸ ਦੀਆਂ ਧੀਆਂ ਵੀ ਇਸੇ ਤਰ੍ਹਾਂ ਬਚਾਈਆਂ ਜਾਣਗੀਆਂ। ਇਹ ਵੀ ਯਾਦ ਰੱਖੋ ਕਿ ਯਹੋਵਾਹ ਨੇ ਆਪਣੇ ਦੂਤਾਂ ਰਾਹੀਂ ਸਭ ਕੁਝ ਠੀਕ ਕਰ ਦਿੱਤਾ ਸੀ ਤੇ ਉਹ ਕੁੜੀਆਂ ਰਾਜ਼ੀ-ਖ਼ੁਸ਼ੀ ਰਹੀਆਂ ਸਨ।

16, 17. (ੳ) ਲੂਤ ਨੇ ਸ਼ਾਇਦ ਉਨ੍ਹਾਂ ਆਦਮੀਆਂ ਨੂੰ ਝਟਕਾ ਲਾਉਣ ਜਾਂ ਗੜਬੜ ਵਿਚ ਪਾਉਣ ਦੀ ਕੋਸ਼ਿਸ਼ ਕਿਵੇਂ ਕੀਤੀ ਹੋਵੇ? (ਅ) ਲੂਤ ਨੇ ਭਾਵੇਂ ਜੋ ਮਰਜ਼ੀ ਸੋਚਿਆ-ਸਮਝਿਆ ਹੋਵੇ, ਪਰ ਅਸੀਂ ਕਿਸ ਗੱਲ ਦਾ ਯਕੀਨ ਕਰ ਸਕਦੇ ਹਾਂ?

16 ਇਹ ਵੀ ਹੋ ਸਕਦਾ ਹੈ ਕਿ ਲੂਤ ਨੇ ਸ਼ਾਇਦ ਉਨ੍ਹਾਂ ਆਦਮੀਆਂ ਨੂੰ ਝਟਕਾ ਲਾਉਣ ਜਾਂ ਗੜਬੜ ਵਿਚ ਪਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਉਸ ਨੇ ਸ਼ਾਇਦ ਸੋਚਿਆ ਹੋਵੇ ਕਿ ਉਨ੍ਹਾਂ ਸਮਲਿੰਗਕਾਮੀਆਂ ਦੀ ਕਾਮ-ਵਾਸ਼ਨਾ ਕਾਰਨ ਉਹ ਉਸ ਦੀਆਂ ਧੀਆਂ ਨੂੰ ਨਹੀਂ ਛੋਹਣਗੇ। (ਯਹੂਦਾਹ 7) ਇਸ ਤੋਂ ਇਲਾਵਾ ਉਹ ਕੁੜੀਆਂ ਉਸੇ ਨਗਰ ਦੇ ਆਦਮੀਆਂ ਨੂੰ ਵਿਆਹੀਆਂ ਜਾਣ ਵਾਲੀਆਂ ਸਨ। ਇਸ ਲਈ ਉਸ ਦੇ ਜਵਾਈਆਂ ਦੇ ਰਿਸ਼ਤੇਦਾਰ, ਦੋਸਤ ਜਾਂ ਸਹਿਕਰਮੀ ਉਸ ਭੀੜ ਵਿਚ ਹੋ ਸਕਦੇ ਸਨ। (ਉਤਪਤ 19:14) ਲੂਤ ਨੇ ਸ਼ਾਇਦ ਸੋਚਿਆ ਹੋਵੇ ਕਿ ਇਨ੍ਹਾਂ ਰਿਸ਼ਤੇਦਾਰੀਆਂ ਦੇ ਕਾਰਨ ਭੀੜ ਵਿਚਲੇ ਕੁਝ ਆਦਮੀ ਉਸ ਦੀਆਂ ਧੀਆਂ ਦੇ ਪੱਖ ਵਿਚ ਬੋਲ ਉੱਠਣਗੇ। ਜੇ ਇਹ ਹੋ ਸਕਿਆ, ਤਾਂ ਭੀੜ ਵਿਚ ਫੁੱਟ ਪੈ ਜਾਣੀ ਸੀ ਜਿਸ ਕਰਕੇ ਕੁੜੀਆਂ ਨੂੰ ਘੱਟ ਖ਼ਤਰਾ ਹੋਣਾ ਸੀ।

17 ਲੂਤ ਨੇ ਭਾਵੇਂ ਜੋ ਮਰਜ਼ੀ ਸੋਚਿਆ-ਸਮਝਿਆ ਹੋਵੇ, ਪਰ ਇਕ ਗੱਲ ਦਾ ਅਸੀਂ ਯਕੀਨ ਕਰ ਸਕਦੇ ਹਾਂ: ਯਹੋਵਾਹ ਹਮੇਸ਼ਾ ਉਹ ਕਰਦਾ ਜੋ ਸਹੀ ਹੈ। ਇਸ ਲਈ ਜੇ ਉਸ ਨੇ ਲੂਤ ਨੂੰ “ਧਰਮੀ ਪੁਰਖ” ਸਮਝਿਆ ਸੀ, ਤਾਂ ਇਸ ਦਾ ਜ਼ਰੂਰ ਕੋਈ ਚੰਗਾ ਕਾਰਨ ਸੀ ਅਤੇ ਜਦ ਅਸੀਂ ਸਦੂਮ ਦੇ ਉਨ੍ਹਾਂ ਦਿਵਾਨੇ ਆਦਮੀਆਂ ਦੀਆਂ ਕਰਨੀਆਂ ਬਾਰੇ ਸੋਚਦੇ ਹਾਂ, ਤਾਂ ਸਾਡੇ ਮਨ ਵਿਚ ਕੋਈ ਸ਼ੱਕ ਨਹੀਂ ਰਹਿੰਦਾ ਕਿ ਉਨ੍ਹਾਂ ਨੂੰ ਸਜ਼ਾ ਦੇਣ ਦਾ ਯਹੋਵਾਹ ਕੋਲ ਜਾਇਜ਼ ਕਾਰਨ ਸੀ।—ਉਤਪਤ 19:23-25.

ਯਹੋਵਾਹ ਨੇ ਊਜ਼ਾਹ ਨੂੰ ਕਿਉਂ ਮਾਰਿਆ ਸੀ?

18. (ੳ) ਉਸ ਸਮੇਂ ਕੀ ਹੋਇਆ ਸੀ ਜਦ ਦਾਊਦ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਨੂੰ ਯਰੂਸ਼ਲਮ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ? (ਅ) ਇਹ ਬਿਰਤਾਂਤ ਪੜ੍ਹ ਕੇ ਕਿਹੜਾ ਸਵਾਲ ਉੱਠਦਾ ਹੈ?

18 ਇਕ ਹੋਰ ਬਿਰਤਾਂਤ ਜੋ ਸ਼ਾਇਦ ਕੁਝ ਲੋਕਾਂ ਲਈ ਸਮਝਣਾ ਔਖਾ ਹੋਵੇ ਊਜ਼ਾਹ ਨੂੰ ਮਿਲੀ ਮੌਤ ਦੀ ਸਜ਼ਾ ਬਾਰੇ ਹੈ। ਦਾਊਦ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਨੂੰ ਇਕ ਗੱਡੀ ਉੱਤੇ ਰੱਖ ਕੇ ਯਰੂਸ਼ਲਮ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਗੱਡੀ ਨੂੰ ਊਜ਼ਾਹ ਅਤੇ ਉਸ ਦਾ ਭਰਾ ਹੱਕ ਰਹੇ ਸਨ। ਬਾਈਬਲ ਦੱਸਦੀ ਹੈ ਕਿ ਕੀ ਹੋਇਆ ਸੀ: “ਜਾਂ ਓਹ ਨਾਕੋਨ ਦੇ ਪਿੜ ਕੋਲ ਅੱਪੜੇ ਤਾਂ ਊਜ਼ਾਹ ਨੇ ਹੱਥ ਲੰਮਾ ਕਰ ਕੇ ਪਰਮੇਸ਼ੁਰ ਦੇ ਸੰਦੂਕ ਨੂੰ ਫੜ ਕੇ ਸੰਭਾਲਿਆ ਕਿਉਂ ਜੋ ਬਲਦ ਪੌਖੜ ਪਏ ਸਨ, ਤਦ ਯਹੋਵਾਹ ਦਾ ਕ੍ਰੋਧ ਊਜ਼ਾਹ ਦੇ ਉੱਤੇ ਭੜਕਿਆ ਅਤੇ ਪਰਮੇਸ਼ੁਰ ਨੇ ਉਹ ਦੇ ਦੋਸ਼ ਦੇ ਕਾਰਨ ਉਹ ਨੂੰ ਮਾਰਿਆ ਅਤੇ ਉਹ ਯਹੋਵਾਹ ਦੇ ਸੰਦੂਕ ਦੇ ਕੋਲ ਹੀ ਮਰ ਗਿਆ।” ਫਿਰ ਕੁਝ ਮਹੀਨੇ ਬਾਅਦ ਨੇਮ ਦਾ ਸੰਦੂਕ ਯਰੂਸ਼ਲਮ ਤਕ ਸਹੀ-ਸਲਾਮਤ ਪਹੁੰਚਾਇਆ ਗਿਆ ਕਿਉਂਕਿ ਇਸ ਵਾਰ ਉਹ ਯਹੋਵਾਹ ਦੇ ਦੱਸੇ ਗਏ ਤਰੀਕੇ ਨਾਲ ਕਹਾਥੀ ਲੇਵੀਆਂ ਦੇ ਮੋਢਿਆਂ ਉੱਤੇ ਚੁੱਕਿਆ ਗਿਆ ਸੀ। (2 ਸਮੂਏਲ 6:6, 7; ਗਿਣਤੀ 4:15; 7:9; 1 ਇਤਹਾਸ 15:1-14) ਕੁਝ ਲੋਕ ਸ਼ਾਇਦ ਸੋਚਣ ਕਿ ‘ਯਹੋਵਾਹ ਇੰਨਾ ਗੁੱਸੇ ਕਿਉਂ ਹੋਇਆ ਸੀ? ਊਜ਼ਾਹ ਤਾਂ ਸਿਰਫ਼ ਨੇਮ ਦੇ ਸੰਦੂਕ ਨੂੰ ਡਿੱਗਣ ਤੋਂ ਬਚਾਉਣ ਦੀ ਕੋਸ਼ਿਸ਼ ਹੀ ਕਰ ਰਿਹਾ ਸੀ।’ ਗ਼ਲਤ ਸਿੱਟੇ ਤੇ ਪਹੁੰਚਣ ਤੋਂ ਪਹਿਲਾਂ ਆਓ ਆਪਾਂ ਕੁਝ ਜ਼ਰੂਰੀ ਵੇਰਵਿਆਂ ਵੱਲ ਧਿਆਨ ਦੇਈਏ।

19. ਯਹੋਵਾਹ ਬੇਇਨਸਾਫ਼ੀ ਕਿਉਂ ਨਹੀਂ ਕਰ ਸਕਦਾ?

19 ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਯਹੋਵਾਹ ਬੁਰਾਈ ਨਹੀਂ ਕਰ ਸਕਦਾ। (ਅੱਯੂਬ 34:10) ਜੇ ਉਹ ਅਨਿਆਂ ਕਰੇ, ਤਾਂ ਉਸ ਵਿਚ ਪਿਆਰ ਦੀ ਘਾਟ ਹੋਵੇਗੀ, ਪਰ ਅਸੀਂ ਬਾਈਬਲ ਤੋਂ ਜਾਣਦੇ ਹਾਂ ਕਿ “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਇਸ ਤੋਂ ਇਲਾਵਾ ਬਾਈਬਲ ਵਿਚ ਸਾਨੂੰ ਦੱਸਿਆ ਗਿਆ ਹੈ ਕਿ “ਧਰਮ ਤੇ ਨਿਆਉਂ [ਪਰਮੇਸ਼ੁਰ ਦੀ] ਰਾਜ ਗੱਦੀ ਦੀ ਨੀਂਹ ਹਨ।” (ਜ਼ਬੂਰਾਂ ਦੀ ਪੋਥੀ 89:14) ਤਾਂ ਫਿਰ ਯਹੋਵਾਹ ਕੋਈ ਬੇਇਨਸਾਫ਼ੀ ਕਿਵੇਂ ਕਰ ਸਕਦਾ ਹੈ? ਜੇ ਉਹ ਕਰੇ, ਤਾਂ ਉਹ ਆਪਣੀ ਹਕੂਮਤ ਦੀ ਨੀਂਹ ਨੂੰ ਹਿਲਾ ਦੇਵੇਗਾ। ਇਸ ਤਰ੍ਹਾਂ ਕਦੇ ਨਹੀਂ ਹੋ ਸਕਦਾ!

20. ਊਜ਼ਾਹ ਨੂੰ ਸੰਦੂਕ ਨੂੰ ਹੱਥ ਨਾ ਲਾਉਣ ਦੇ ਕਾਨੂੰਨਾਂ ਤੋਂ ਵਾਕਫ਼ ਕਿਉਂ ਹੋਣਾ ਚਾਹੀਦਾ ਸੀ?

20 ਇਹ ਗੱਲ ਯਾਦ ਰੱਖੋ ਕਿ ਊਜ਼ਾਹ ਨੂੰ ਯਹੋਵਾਹ ਦੀ ਬਿਵਸਥਾ ਬਾਰੇ ਪਤਾ ਹੋਣਾ ਚਾਹੀਦਾ ਸੀ। ਨੇਮ ਦਾ ਸੰਦੂਕ ਯਹੋਵਾਹ ਦੀ ਮੌਜੂਦਗੀ ਦੀ ਨਿਸ਼ਾਨੀ ਸੀ। ਬਿਵਸਥਾ ਵਿਚ ਸਾਫ਼-ਸਾਫ਼ ਲਿਖਿਆ ਸੀ ਕਿ ਕੌਣ ਉਸ ਨੂੰ ਹੱਥ ਲਾ ਸਕਦਾ ਸੀ ਤੇ ਕੌਣ ਨਹੀਂ। ਇਹ ਵੀ ਚੇਤਾਵਨੀ ਦਿੱਤੀ ਗਈ ਸੀ ਕਿ ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਮਿਲੇਗੀ। (ਗਿਣਤੀ 4:18-20; 7:89) ਇਸ ਲਈ ਉਸ ਸੰਦੂਕ ਨੂੰ ਇਕ ਥਾਂ ਤੋਂ ਦੂਜੇ ਥਾਂ ਪਹੁੰਚਾਉਣਾ ਕੋਈ ਛੋਟਾ-ਮੋਟਾ ਕੰਮ ਨਹੀਂ ਸੀ। ਭਾਵੇਂ ਊਜ਼ਾਹ ਜਾਜਕ ਨਹੀਂ ਸੀ, ਪਰ ਲੱਗਦਾ ਹੈ ਕਿ ਉਹ ਲੇਵੀਆਂ ਵਿੱਚੋਂ ਸੀ, ਇਸ ਲਈ ਉਸ ਨੂੰ ਇਹ ਕਾਨੂੰਨ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਸੀ। ਇਸ ਤੋਂ ਇਲਾਵਾ ਕੁਝ 70 ਸਾਲਾਂ ਤੋਂ ਇਹ ਸੰਦੂਕ ਉਸ ਦੇ ਪਿਤਾ ਦੇ ਘਰ ਵਿਚ ਸੰਭਾਲ ਕੇ ਰੱਖਿਆ ਹੋਇਆ ਸੀ। (1 ਸਮੂਏਲ 6:20-7:1) ਹੁਣ ਦਾਊਦ ਇਸ ਸੰਦੂਕ ਨੂੰ ਦੂਜੀ ਜਗ੍ਹਾ ਪਹੁੰਚਾ ਰਿਹਾ ਸੀ। ਤਾਂ ਫਿਰ ਊਜ਼ਾਹ ਨੂੰ ਬਚਪਨ ਤੋਂ ਹੀ ਸੰਦੂਕ ਨੂੰ ਹੱਥ ਨਾ ਲਾਉਣ ਦੇ ਕਾਨੂੰਨ ਤੋਂ ਵਾਕਫ਼ ਹੋਣਾ ਚਾਹੀਦਾ ਸੀ।

21. ਊਜ਼ਾਹ ਬਾਰੇ ਸੋਚਦੇ ਹੋਏ ਸਾਨੂੰ ਇਹ ਕਿਉਂ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਹਰ ਦਿਲ ਦੀ ਗੱਲ ਜਾਣਦਾ ਹੈ?

21 ਅਸੀਂ ਅੱਗੇ ਕਹਿ ਚੁੱਕੇ ਹਾਂ ਕਿ ਯਹੋਵਾਹ ਦਿਲ ਦੀ ਗੱਲ ਜਾਣਦਾ ਹੈ। ਉਸ ਦੇ ਬਚਨ ਵਿਚ ਊਜ਼ਾਹ ਨੂੰ ਦੋਸ਼ੀ ਸੱਦਿਆ ਗਿਆ ਹੈ, ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਯਹੋਵਾਹ ਨੇ ਊਜ਼ਾਹ ਦੇ ਦਿਲ ਵਿਚ ਕੁਝ ਦੇਖਿਆ ਹੋਣਾ ਜੋ ਬਾਈਬਲ ਵਿਚ ਨਹੀਂ ਲਿਖਿਆ ਗਿਆ। ਕੀ ਊਜ਼ਾਹ ਹੰਕਾਰੀ ਸੀ ਅਤੇ ਕੀ ਉਸ ਨੂੰ ਖੁੱਲ੍ਹ ਲੈਣ ਦੀ ਆਦਤ ਸੀ? (ਕਹਾਉਤਾਂ 11:2) ਕੀ ਉਸ ਨੂੰ ਘਮੰਡ ਸੀ ਕਿ ਉਸ ਦੇ ਘਰ ਵਾਲਿਆਂ ਨੇ ਸੰਦੂਕ ਦੀ ਰਾਖੀ ਕੀਤੀ ਸੀ ਤੇ ਹੁਣ ਉਸ ਨੂੰ ਸਾਰਿਆਂ ਸਾਮ੍ਹਣੇ ਗੱਡੀ ਹੱਕਣ ਦਾ ਸਨਮਾਨ ਮਿਲਿਆ ਸੀ? (ਕਹਾਉਤਾਂ 8:13) ਕੀ ਊਜ਼ਾਹ ਕੋਲ ਇੰਨੀ ਵੀ ਨਿਹਚਾ ਨਹੀਂ ਸੀ ਕਿ ਯਹੋਵਾਹ ਆਪਣੇ ਸੰਦੂਕ ਨੂੰ ਡਿੱਗਣ ਤੋਂ ਬਚਾ ਸਕਦਾ ਸੀ? ਗੱਲ ਜੋ ਮਰਜ਼ੀ ਸੀ, ਪਰ ਅਸੀਂ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਨੇ ਉਹੀ ਕੀਤਾ ਜੋ ਸਹੀ ਸੀ। ਉਸ ਨੇ ਊਜ਼ਾਹ ਦੇ ਦਿਲ ਵਿਚ ਜ਼ਰੂਰ ਕੁਝ ਅਜਿਹਾ ਦੇਖਿਆ ਹੋਣਾ ਜਿਸ ਕਾਰਨ ਉਹ ਸਜ਼ਾ ਦੇ ਲਾਇਕ ਨਿਕਲਿਆ।—ਯਿਰਮਿਯਾਹ 17:10.

ਯਹੋਵਾਹ ਦੇ ਫ਼ੈਸਲਿਆਂ ਉੱਤੇ ਸ਼ੱਕ ਨਾ ਕਰੋ

22. ਇਸ ਗੱਲ ਤੋਂ ਯਹੋਵਾਹ ਦੀ ਬੁੱਧ ਕਿਵੇਂ ਨਜ਼ਰ ਆਉਂਦੀ ਹੈ ਕਿ ਉਸ ਦੇ ਬਚਨ ਵਿਚ ਹਰੇਕ ਗੱਲ ਨਹੀਂ ਸਮਝਾਈ ਗਈ?

22 ਯਹੋਵਾਹ ਦੀ ਬੁੱਧ ਬੇਮਿਸਾਲ ਹੈ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਕਿਉਂਕਿ ਉਸ ਨੇ ਆਪਣੇ ਬਚਨ ਵਿਚ ਹਰ ਗੱਲ ਦੇ ਸਾਰੇ ਵੇਰਵੇ ਨਹੀਂ ਦਿੱਤੇ ਹਨ ਅਤੇ ਇਸ ਤਰ੍ਹਾਂ ਉਹ ਸਾਨੂੰ ਉਸ ਉੱਤੇ ਭਰੋਸਾ ਰੱਖਣ ਦਾ ਮੌਕਾ ਦਿੰਦਾ ਹੈ। ਹੁਣ ਤਕ ਅਸੀਂ ਜੋ ਚਰਚਾ ਕੀਤੀ ਹੈ, ਕੀ ਉਸ ਤੋਂ ਇਹ ਨਹੀਂ ਸਪੱਸ਼ਟ ਹੁੰਦਾ ਕਿ ਸਾਨੂੰ ਉਸ ਦੇ ਫ਼ੈਸਲਿਆਂ ਉੱਤੇ ਸ਼ੱਕ ਨਹੀਂ ਕਰਨਾ ਚਾਹੀਦਾ? ਜੀ ਹਾਂ, ਜਦ ਅਸੀਂ ਸੱਚੇ ਮਨ ਨਾਲ ਉਸ ਦੇ ਬਚਨ ਦਾ ਅਧਿਐਨ ਕਰਦੇ ਹਾਂ, ਤਾਂ ਸਾਨੂੰ ਇਹ ਸਿੱਖਣ ਲਈ ਕਾਫ਼ੀ ਜਾਣਕਾਰੀ ਮਿਲ ਜਾਂਦੀ ਹੈ ਕਿ ਜੋ ਵੀ ਉਹ ਕਰਦਾ ਹੈ ਉਹ ਹਮੇਸ਼ਾ ਸਹੀ ਹੁੰਦਾ ਹੈ। ਇਸ ਲਈ ਜੇ ਅਸੀਂ ਬਾਈਬਲ ਵਿਚ ਅਜਿਹਾ ਕੁਝ ਪੜ੍ਹਦੇ ਹਾਂ ਜਿਸ ਤੋਂ ਸਾਡੇ ਮਨ ਵਿਚ ਸਵਾਲ ਜਾਗਦੇ ਹਨ, ਤਾਂ ਸਾਨੂੰ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਨੇ ਜੋ ਕੀਤਾ ਉਹ ਸਹੀ ਸੀ ਭਾਵੇਂ ਅਸੀਂ ਉਸ ਨੂੰ ਅਜੇ ਸਮਝ ਨਹੀਂ ਸਕਦੇ।

23. ਯਹੋਵਾਹ ਨੇ ਅਗਾਹਾਂ ਨੂੰ ਜੋ ਕਰਨਾ ਹੈ ਅਸੀਂ ਉਸ ਬਾਰੇ ਕੀ ਉਮੀਦ ਰੱਖ ਸਕਦੇ ਹਾਂ?

23 ਯਹੋਵਾਹ ਨੇ ਅਗਾਹਾਂ ਨੂੰ ਜੋ ਕਰਨਾ ਹੈ ਅਸੀਂ ਉਸ ਬਾਰੇ ਵੀ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਉਹ ਵੀ ਸਹੀ ਹੋਵੇਗਾ। ਸਾਨੂੰ ਹੌਸਲਾ ਮਿਲਦਾ ਹੈ ਕਿ ਉਹ ਵੱਡੀ ਬਿਪਤਾ ਦੌਰਾਨ ਧਰਮੀ ਨੂੰ ਕੁਧਰਮੀ ਨਾਲ ਨਾਸ਼ ਨਹੀਂ ਕਰੇਗਾ। (ਉਤਪਤ 18:23) ਉਹ ਧਰਮੀ ਹੈ ਤੇ ਇਨਸਾਫ਼ ਨਾਲ ਪਿਆਰ ਕਰਦਾ ਹੈ। ਇਸ ਲਈ ਉਹ ਕਦੇ ਵੀ ਬੁਰਾਈ ਕਰ ਹੀ ਨਹੀਂ ਸਕਦਾ। ਅਸੀਂ ਇਸ ਗੱਲ ਦਾ ਵੀ ਯਕੀਨ ਕਰ ਸਕਦੇ ਹਾਂ ਕਿ ਉਹ ਨਵੇਂ ਸੰਸਾਰ ਵਿਚ ਸਭ ਤੋਂ ਵਧੀਆ ਤਰੀਕੇ ਨਾਲ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰੇਗਾ।—ਜ਼ਬੂਰਾਂ ਦੀ ਪੋਥੀ 145:16.

[ਫੁਟਨੋਟ]

^ ਪੈਰਾ 15 ਅਬਰਾਹਾਮ ਕੋਲ ਡਰਨ ਦਾ ਅਸਲੀ ਕਾਰਨ ਸੀ ਕਿਉਂਕਿ ਇਕ ਪੁਰਾਣੀ ਲਿਖਤ ਤੋਂ ਪਤਾ ਲੱਗਦਾ ਹੈ ਕਿ ਇਕ ਫ਼ਿਰਊਨ ਦੇ ਹਥਿਆਰਬੰਦ ਆਦਮੀਆਂ ਨੇ ਇਕ ਆਦਮੀ ਦਾ ਕਤਲ ਕਰ ਕੇ ਉਸ ਦੀ ਰੂਪਵੰਤ ਤੀਵੀਂ ਨੂੰ ਚੁੱਕ ਲਿਆ ਸੀ।

ਕੀ ਤੁਸੀਂ ਦੱਸ ਸਕਦੇ ਹੋ?

• ਸਾਡੇ ਕੋਲ ਯਹੋਵਾਹ ਦੇ ਫ਼ੈਸਲਿਆਂ ਨੂੰ ਸਹੀ ਸਮਝਣ ਦੇ ਕਿਹੜੇ ਕਾਰਨ ਹਨ?

• ਅਸੀਂ ਲੂਤ ਦੇ ਇਰਾਦਿਆਂ ਤੇ ਸ਼ੱਕ ਕਰਨ ਤੋਂ ਕਿਵੇਂ ਬਚ ਸਕਦੇ ਹਾਂ ਕਿ ਉਹ ਆਪਣੀਆਂ ਧੀਆਂ ਨੂੰ ਆਦਮੀਆਂ ਦੇ ਹਵਾਲੇ ਕਰਨ ਲਈ ਤਿਆਰ ਕਿਉਂ ਸੀ?

• ਕਿਨ੍ਹਾਂ ਗੱਲਾਂ ਬਾਰੇ ਸੋਚ ਕੇ ਅਸੀਂ ਸਮਝ ਸਕਦੇ ਹਾਂ ਕਿ ਯਹੋਵਾਹ ਨੇ ਊਜ਼ਾਹ ਨੂੰ ਸ਼ਾਇਦ ਕਿਉਂ ਮਾਰਿਆ ਸੀ?

• ਯਹੋਵਾਹ ਨੇ ਅਗਾਹਾਂ ਨੂੰ ਜੋ ਕਰਨਾ ਹੈ ਅਸੀਂ ਉਸ ਬਾਰੇ ਕੀ ਉਮੀਦ ਰੱਖ ਸਕਦੇ ਹਾਂ?

[ਸਵਾਲ]