ਦੁਨੀਆਂ ਭਰ ਦੇ ਲੋਕਾਂ ਤੇ ਯਿਸੂ ਦਾ ਪ੍ਰਭਾਵ
ਦੁਨੀਆਂ ਭਰ ਦੇ ਲੋਕਾਂ ਤੇ ਯਿਸੂ ਦਾ ਪ੍ਰਭਾਵ
ਬਾਈਬਲ ਦੇ ਅਨੁਵਾਦਕ ਏਡਗਰ ਗੁਡਸਪੀਡ ਨੇ ਕਿਹਾ: “ਯਿਸੂ ਦੀਆਂ ਕਹੀਆਂ ਗੱਲਾਂ ਜੋ ਬਾਈਬਲ ਵਿਚ ਦਰਜ ਹਨ ਦੋ ਘੰਟਿਆਂ ਵਿਚ ਦੁਹਰਾਈਆਂ ਜਾ ਸਕਦੀਆਂ ਹਨ। ਪਰ ਉਨ੍ਹਾਂ ਚੰਦ ਸ਼ਬਦਾਂ ਵਿਚ ਲੋਕਾਂ ਦੇ ਦਿਲਾਂ ਨੂੰ ਛੂਹਣ ਅਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਬਦਲਣ ਦੀ ਇੰਨੀ ਜ਼ਿਆਦਾ ਸ਼ਕਤੀ ਸੀ ਕਿ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਹੋਰ ਕਿਸੇ ਵੀ ਇਨਸਾਨ ਨੇ ਦੁਨੀਆਂ ਤੇ ਇੰਨਾ ਪ੍ਰਭਾਵ ਨਹੀਂ ਪਾਇਆ।”
ਸਾਲ 33 ਵਿਚ ਜਦੋਂ ਯਿਸੂ ਨੇ ਧਰਤੀ ਉੱਤੇ ਆਪਣੀ ਸੇਵਕਾਈ ਪੂਰੀ ਕੀਤੀ ਉਸ ਦੇ ਕੁਝ 120 ਚੇਲੇ ਸਨ। (ਰਸੂਲਾਂ ਦੇ ਕਰਤੱਬ 1:15) ਅੱਜ ਦੋ ਅਰਬ ਤੋਂ ਜ਼ਿਆਦਾ ਲੋਕ ਉਸ ਦੇ ਚੇਲੇ ਹੋਣ ਦਾ ਦਾਅਵਾ ਕਰਦੇ ਹਨ। ਲੱਖਾਂ-ਕਰੋੜਾਂ ਹੋਰ ਲੋਕ ਉਸ ਨੂੰ ਪੈਗੰਬਰ ਮੰਨਦੇ ਹਨ। ਉਸ ਦੀਆਂ ਸਿੱਖਿਆਵਾਂ ਨੇ ਸੱਚ-ਮੁੱਚ ਲੋਕਾਂ ਦੇ ਦਿਲਾਂ ਤੇ ਗਹਿਰਾ ਅਸਰ ਪਾਇਆ ਹੈ।
ਦੂਸਰੇ ਧਰਮਾਂ ਦੇ ਲੋਕ ਵੀ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਸੰਸਾਰ ਭਰ ਵਿਚ ਯਿਸੂ ਨੇ ਲੋਕਾਂ ਦੀਆਂ ਜ਼ਿੰਦਗੀਆਂ ਤੇ ਬਹੁਤ ਅਸਰ ਪਾਇਆ ਹੈ। ਮਿਸਾਲ ਲਈ ਇਕ ਯਹੂਦੀ ਰਾਬੀ ਨੇ ਲਿਖਿਆ: “ਯਿਸੂ ਨੇ ਸੱਚ-ਮੁੱਚ ਲੋਕਾਂ ਦੇ ਦਿਲ ਜਿੱਤ ਲਏ। ਜਿੰਨਾ ਪ੍ਰਭਾਵ ਉਸ ਨੇ ਦੁਨੀਆਂ ਤੇ ਪਾਇਆ ਹੈ ਉੱਨਾ ਹੋਰ ਕਿਸੇ ਵੀ ਧਾਰਮਿਕ ਨੇਤਾ ਜਾਂ ਗੁਰੂ ਨੇ ਨਹੀਂ ਪਾਇਆ। ਯਿਸੂ ਨੇ ਲੋਕਾਂ ਲਈ ਕੀ ਕੁਝ ਨਹੀਂ ਕੀਤਾ? ਉਸ ਦੇ ਪਿਆਰ ਤੋਂ ਲੋਕਾਂ ਨੇ ਪਿਆਰ ਕਰਨਾ ਸਿੱਖਿਆ। ਉਸ ਦੇ ਨੇਕ ਕੰਮਾਂ ਤੋਂ ਲੋਕਾਂ ਨੇ ਦੂਸਰਿਆਂ ਦਾ ਭਲਾ ਕਰਨਾ ਸਿੱਖਿਆ। ਉਸ ਨੇ ਦੁਖੀ ਦਿਲਾਂ ਨੂੰ ਦਿਲਾਸਾ ਦਿੱਤਾ ਅਤੇ ਨਿਰਾਸ਼ ਲੋਕਾਂ ਨੂੰ ਹੌਸਲਾ ਤੇ ਉਮੀਦ ਦਿੱਤੀ। ਜਿੰਨਾ ਯਿਸੂ ਨੇ ਦੁਨੀਆਂ ਲਈ ਕੀਤਾ ਹੈ ਉਸ ਦੀ ਕੋਈ ਵੀ ਬਰਾਬਰੀ ਨਹੀਂ ਕਰ ਸਕਦਾ। ਅੱਜ ਤਕ ਕੋਈ ਵੀ ਇਨਸਾਨ ਪੈਦਾ ਨਹੀਂ ਹੋਇਆ ਜਿਸ ਨੇ ਮਨੁੱਖਜਾਤੀ ਦਾ
ਇੰਨਾ ਭਲਾ ਕੀਤਾ ਹੋਵੇ। ਪੂਰੇ ਇਤਿਹਾਸ ਵਿਚ ਯਿਸੂ ਵਰਗੀ ਮਹਾਨ ਹਸਤੀ ਹੋਰ ਕੋਈ ਨਹੀਂ ਹੈ।” ਹਿੰਦੂ ਨੇਤਾ ਮੋਹਨਦਾਸ ਕੇ. ਗਾਂਧੀ ਨੇ ਕਿਹਾ: “ਯਿਸੂ ਨੇ ਮਨੁੱਖਜਾਤੀ ਲਈ ਜਿੰਨਾ ਕੀਤਾ ਹੋਰ ਕਿਸੇ ਇਨਸਾਨ ਨੇ ਉੱਨਾ ਨਹੀਂ ਕੀਤਾ। ਯਿਸੂ ਦੀਆਂ ਸਿੱਖਿਆਵਾਂ ਸੱਚ-ਮੁੱਚ ਬਹੁਤ ਹੀ ਚੰਗੀਆਂ ਹਨ। ਪਰ ਦੁੱਖ ਦੀ ਗੱਲ ਇਹ ਹੈ ਕਿ ਜੋ ਉਸ ਦੇ ਚੇਲੇ ਹੋਣ ਦਾ ਦਾਅਵਾ ਕਰਦੇ ਹਨ ਉਹ ਇਨ੍ਹਾਂ ਸਿੱਖਿਆਵਾਂ ਉੱਤੇ ਚੱਲਦੇ ਨਹੀਂ ਹਨ।”ਇਤਿਹਾਸ ਗਵਾਹ ਹੈ ਕਿ ਈਸਾਈ-ਜਗਤ ਕਦੇ ਵੀ ਯਿਸੂ ਦੀਆਂ ਸਿੱਖਿਆਵਾਂ ਉੱਤੇ ਨਹੀਂ ਚੱਲਿਆ। ਈਸਾਈ ਧਰਮ ਦਾ ਇਤਿਹਾਸਕਾਰ ਸੀ. ਜੇ. ਕਾਡੂ ਨੇ ਕਿਹਾ: “140 ਸੰਨ-ਈਸਵੀ ਤੋਂ ਹੀ ਚਰਚ ਦੇ ਮੈਂਬਰਾਂ ਦੇ ਡਿੱਗਦੇ ਨੈਤਿਕ ਮਿਆਰ ਪਾਦਰੀਆਂ ਲਈ ਚਿੰਤਾ ਦਾ ਕਾਰਨ ਬਣੇ ਹੋਏ ਹਨ।” ਉਸ ਨੇ ਅੱਗੇ ਕਿਹਾ: “ਜੇ ਇਸੇ ਤਰ੍ਹਾਂ ਮਿਆਰ ਡਿੱਗਦੇ ਗਏ, ਤਾਂ ਈਸਾਈ ਲੋਕ ਸੌਖਿਆਂ ਹੀ ਦੁਨੀਆਂ ਦੇ ਤੌਰ-ਤਰੀਕੇ ਅਪਣਾਉਣ ਲੱਗ ਪੈਣਗੇ।”
ਚੌਥੀ ਸਦੀ ਦੌਰਾਨ ਜਦ ਕਾਂਸਟੰਟੀਨ ਨਾਂ ਦੇ ਰੋਮੀ ਸਮਰਾਟ ਨੇ ਈਸਾਈ ਧਰਮ ਅਪਣਾਇਆ, ਤਾਂ ਨੈਤਿਕ ਮਿਆਰ ਹੋਰ ਵੀ ਤੇਜ਼ੀ ਨਾਲ ਗਿਰਦੇ ਗਏ। ਇਸ ਬਾਰੇ ਪ੍ਰੋਫ਼ੈਸਰ ਕਾਡੂ ਨੇ ਲਿਖਿਆ: “ਇਤਿਹਾਸਕਾਰ ਇਸ ਗੱਲ ਦੇ ਗਵਾਹ ਹਨ ਕਿ ਚਰਚ ਨੇ ਸਮਰਾਟ ਕਾਂਸਟੰਟੀਨ ਨਾਲ ਮਿੱਤਰਤਾ ਕਰ ਕੇ ਬਹੁਤ ਵੱਡੀ ਗ਼ਲਤੀ ਕੀਤੀ ਕਿਉਂਕਿ ਇਸ ਦੇ ਨਤੀਜੇ ਵਜੋਂ ਚਰਚ ਨੂੰ ਕਈਆਂ ਗੱਲਾਂ ਵਿਚ ਸਮਝੌਤਾ ਕਰਨਾ ਪਿਆ।” ਉਸ ਸਮੇਂ ਤੋਂ ਲੈ ਕੇ ਅੱਜ ਤਕ ਈਸਾਈਆਂ ਨੇ ਬਹੁਤ ਸਾਰੇ ਘਿਣਾਉਣੇ ਕੰਮ ਕਰ ਕੇ ਯਿਸੂ ਦਾ ਨਾਂ ਬਦਨਾਮ ਕੀਤਾ ਹੈ।
ਤਾਂ ਫਿਰ ਸਵਾਲ ਇਹ ਉੱਠਦੇ ਹਨ ਕਿ ਯਿਸੂ ਨੇ ਅਸਲ ਵਿਚ ਕੀ ਸਿਖਾਇਆ ਸੀ? ਅਤੇ ਉਸ ਦੀਆਂ ਸਿੱਖਿਆਵਾਂ ਦਾ ਸਾਡੇ ਉੱਤੇ ਕਿਹੋ ਜਿਹਾ ਅਸਰ ਪੈਣਾ ਚਾਹੀਦਾ ਹੈ?
[ਸਫ਼ੇ 3 ਉੱਤੇ ਤਸਵੀਰ]
“ਯਿਸੂ ਨੇ ਮਨੁੱਖਜਾਤੀ ਲਈ ਜਿੰਨਾ ਕੀਤਾ ਹੋਰ ਕਿਸੇ ਇਨਸਾਨ ਨੇ ਉੱਨਾ ਨਹੀਂ ਕੀਤਾ।”—ਮੋਹਨਦਾਸ ਕੇ. ਗਾਂਧੀ
[ਸਫ਼ੇ 3 ਉੱਤੇ ਤਸਵੀਰ]
“ਹੋਰ ਕਿਸੇ ਵੀ ਇਨਸਾਨ ਨੇ ਦੁਨੀਆਂ ਤੇ ਇੰਨਾ ਪ੍ਰਭਾਵ ਨਹੀਂ ਪਾਇਆ।”—ਏਡਗਰ ਗੁਡਸਪੀਡ
[ਕ੍ਰੈਡਿਟ ਲਾਈਨ]
Culver Pictures