Skip to content

Skip to table of contents

ਜਾਣਕਾਰੀ ਦਾ ਭੰਡਾਰ!

ਜਾਣਕਾਰੀ ਦਾ ਭੰਡਾਰ!

ਜਾਣਕਾਰੀ ਦਾ ਭੰਡਾਰ!

ਪੱਛਮੀ ਅਫ਼ਰੀਕਾ ਵਿਚ ਸਮੁੰਦਰ ਕੰਢੇ ਬੈਠੇ ਇਕ ਪਤੀ-ਪਤਨੀ ਚਾਨਣ ਬਖ਼ੇਰ ਰਹੇ ਚੰਦ ਨੂੰ ਨਿਹਾਰ ਰਹੇ ਸਨ। ਪਤੀ ਨੇ ਸੋਚਦੇ ਹੋਏ ਕਿਹਾ: “ਇਨਸਾਨ ਚੰਦ ਬਾਰੇ ਕਿੰਨਾ ਕੁਝ ਜਾਣ ਗਿਆ ਹੈ ਅਤੇ ਅਜੇ ਹੋਰ ਕਿੰਨਾ ਕੁਝ ਸਿੱਖਣਾ ਬਾਕੀ ਹੈ।”

ਉਸ ਦੀ ਪਤਨੀ ਨੇ ਅੱਗੋਂ ਕਿਹਾ: “ਕਲਪਨਾ ਕਰੋ ਜੇ ਅਸੀਂ ਚੰਦ ਵਾਂਗ ਧਰਤੀ ਨੂੰ ਨਿਹਾਰ ਰਹੇ ਹੋਈਏ। ਇਨਸਾਨ ਧਰਤੀ ਬਾਰੇ ਕਿੰਨਾ ਕੁਝ ਸਿੱਖ ਗਿਆ ਹੈ, ਪਰ ਅਜੇ ਹੋਰ ਕਿੰਨਾ ਕੁਝ ਸਿੱਖਣਾ ਬਾਕੀ ਹੈ। ਜ਼ਰਾ ਸੋਚੋ, ਸਿਰਫ਼ ਧਰਤੀ ਹੀ ਸੂਰਜ ਦੇ ਦੁਆਲੇ ਨਹੀਂ ਘੁੰਮ ਰਹੀ, ਸਗੋਂ ਸਾਡਾ ਪੂਰਾ ਸੂਰਜੀ-ਪਰਿਵਾਰ ਹਰਕਤ ਵਿਚ ਹੈ। ਇਸ ਦਾ ਮਤਲਬ ਹੈ ਕਿ ਇਸ ਵੇਲੇ ਅਸੀਂ ਬ੍ਰਹਿਮੰਡ ਵਿਚ ਜਿਸ ਥਾਂ ਤੇ ਹਾਂ, ਉਸ ਥਾਂ ਤੇ ਅਸੀਂ ਸ਼ਾਇਦ ਦੁਬਾਰਾ ਕਦੀ ਨਾ ਆਈਏ। ਅਸਲ ਵਿਚ, ਸੂਰਜ, ਚੰਦ ਤੇ ਤਾਰਿਆਂ ਨੂੰ ਦੇਖ ਕੇ ਹੀ ਸਾਨੂੰ ਪਤਾ ਲੱਗਦਾ ਹੈ ਕਿ ਇਸ ਵੇਲੇ ਅਸੀਂ ਬ੍ਰਹਿਮੰਡ ਵਿਚ ਕਿੱਥੇ ਹਾਂ। ਅਸੀਂ ਕੁਝ ਚੀਜ਼ਾਂ ਬਾਰੇ ਇੰਨਾ ਕੁਝ ਜਾਣਦੇ ਹਾਂ, ਪਰ ਅਸਲ ਵਿਚ ਅਸੀਂ ਇਹ ਵੀ ਨਹੀਂ ਜਾਣਦੇ ਕਿ ਅਸੀਂ ਇਸ ਵੇਲੇ ਕਿੱਥੇ ਹਾਂ!”

ਇਨ੍ਹਾਂ ਦੋਵਾਂ ਦੀਆਂ ਗੱਲਾਂ ਵਿਚ ਕੁਝ ਸੱਚਾਈ ਹੈ। ਅਸੀਂ ਅਜੇ ਬਹੁਤ ਕੁਝ ਸਿੱਖਣਾ ਹੈ। ਅਸੀਂ ਹਰ ਰੋਜ਼ ਕਿੰਨੀਆਂ ਹੀ ਨਵੀਆਂ-ਨਵੀਆਂ ਗੱਲਾਂ ਸਿੱਖਦੇ ਹਾਂ। ਪਰ ਅਸੀਂ ਭਾਵੇਂ ਜਿੰਨਾ ਮਰਜ਼ੀ ਸਿੱਖਦੇ ਜਾਈਏ, ਫਿਰ ਵੀ ਅਸੀਂ ਸਾਰੀਆਂ ਚੀਜ਼ਾਂ ਬਾਰੇ ਸਿੱਖ ਨਹੀਂ ਪਾਉਂਦੇ।

ਨਵੀਆਂ-ਨਵੀਆਂ ਗੱਲਾਂ ਸਿੱਖਣ ਦੇ ਨਾਲ-ਨਾਲ ਇਨਸਾਨਾਂ ਨੇ ਜਾਣਕਾਰੀ ਨੂੰ ਸਾਂਭ ਕੇ ਰੱਖਣ ਦੇ ਕਈ ਨਵੇਂ ਤਰੀਕੇ ਲੱਭ ਲਏ ਹਨ। ਤਕਨਾਲੋਜੀ ਦੀ ਮਦਦ ਨਾਲ ਅੱਜ ਜਾਣਕਾਰੀ ਦਾ ਭੰਡਾਰ ਲੱਗ ਗਿਆ ਹੈ। ਕੰਪਿਊਟਰ ਦੀਆਂ ਹਾਰਡ ਡਿਸਕਾਂ ਵਿਚ ਜਾਣਕਾਰੀ ਸਾਂਭਣ ਦੀ ਯੋਗਤਾ ਇੰਨੀ ਜ਼ਿਆਦਾ ਹੈ ਕਿ ਇਸ ਯੋਗਤਾ ਨੂੰ ਸਮਝਾਉਣ ਲਈ ਨਵੇਂ-ਨਵੇਂ ਸ਼ਬਦ ਘੜੇ ਜਾ ਰਹੇ ਹਨ। ਇਕ ਸਾਧਾਰਣ ਸੀ ਡੀ-ਰੋਮ ਆਪਣੇ ਅੰਦਰ ਬੇਸ਼ੁਮਾਰ ਜਾਣਕਾਰੀ ਸਾਂਭ ਸਕਦੀ ਹੈ; ਇਸ ਵਿਚ 680 ਮੈਗਾਬਾਈਟਜ਼ ਜਾਂ ਇਸ ਤੋਂ ਜ਼ਿਆਦਾ ਜਾਣਕਾਰੀ ਸਾਂਭਣ ਦੀ ਯੋਗਤਾ ਹੈ। ਇਕ ਆਮ ਡੀ. ਵੀ. ਡੀ. ਵਿਚ ਸਾਧਾਰਣ ਸੀ. ਡੀ. ਤੋਂ ਸੱਤ ਗੁਣਾ ਜ਼ਿਆਦਾ ਜਾਣਕਾਰੀ ਪਾਈ ਜਾ ਸਕਦੀ ਹੈ। ਹੁਣ ਇਸ ਤੋਂ ਵੀ ਜ਼ਿਆਦਾ ਯੋਗਤਾ ਵਾਲੀ ਡੀ. ਵੀ. ਡੀ ਵੀ ਉਪਲਬਧ ਹਨ।

ਜਾਣਕਾਰੀ ਫੈਲਾਉਣ ਦੇ ਆਧੁਨਿਕ ਸਾਧਨਾਂ ਦੇ ਵੀ ਕੀ ਕਹਿਣੇ। ਤੇਜ਼ ਰਫ਼ਤਾਰ ਨਾਲ ਚੱਲਦੀਆਂ ਰੋਟਰੀ ਪ੍ਰੈੱਸਾਂ ਅਖ਼ਬਾਰਾਂ, ਰਸਾਲੇ ਤੇ ਕਿਤਾਬਾਂ ਦੇ ਢੇਰ ਲਾ ਰਹੀਆਂ ਹਨ। ਇੰਟਰਨੈੱਟ ਉੱਤੇ ਤੁਹਾਨੂੰ ਅੱਖ ਦੇ ਫੋਰ ਵਿਚ ਜਾਣਕਾਰੀ ਦਾ ਭੰਡਾਰ ਮਿਲ ਜਾਵੇਗਾ। ਅਜਿਹੇ ਕਈ ਵੱਖੋ-ਵੱਖਰੇ ਤਰੀਕਿਆਂ ਨਾਲ ਜਾਣਕਾਰੀ ਇੰਨੀ ਤੇਜ਼ੀ ਨਾਲ ਫੈਲ ਰਹੀ ਹੈ ਕਿ ਇਹ ਸਾਰੀ ਜਾਣਕਾਰੀ ਲੈਣੀ ਅਸੰਭਵ ਹੈ। ਜਾਣਕਾਰੀ ਦੇ ਭੰਡਾਰ ਦੀ ਤੁਲਨਾ ਕਈ ਵਾਰ ਸਮੁੰਦਰ ਨਾਲ ਕੀਤੀ ਜਾਂਦੀ ਹੈ। ਜਾਣਕਾਰੀ ਦੇ ਸਮੁੰਦਰ ਨੂੰ ਪੀਣ ਦੀ ਕੋਸ਼ਿਸ਼ ਕਰਨ ਦੀ ਜਗ੍ਹਾ ਸਾਨੂੰ ਇਸ ਵਿਚ ਤੈਰਨਾ ਸਿੱਖਣਾ ਪਵੇਗਾ। ਕਹਿਣ ਦਾ ਮਤਲਬ ਹੈ ਕਿ ਇੰਨੀ ਸਾਰੀ ਜਾਣਕਾਰੀ ਉਪਲਬਧ ਹੋਣ ਕਰਕੇ ਸਾਨੂੰ ਧਿਆਨ ਰੱਖਣਾ ਪਵੇਗਾ ਕਿ ਅਸੀਂ ਕਿਹੜੀ ਜਾਣਕਾਰੀ ਲੈ ਰਹੇ ਹਾਂ।

ਜਾਣਕਾਰੀ ਦੀ ਚੋਣ ਕਰਨ ਦਾ ਇਕ ਹੋਰ ਕਾਰਨ ਹੈ ਕਿ ਜ਼ਿਆਦਾਤਰ ਉਪਲਬਧ ਜਾਣਕਾਰੀ ਆਮ ਤੌਰ ਤੇ ਸਾਡੇ ਫ਼ਾਇਦੇ ਦੀ ਨਹੀਂ ਹੁੰਦੀ। ਅਸਲ ਵਿਚ ਕੁਝ ਜਾਣਕਾਰੀ ਸਾਡੇ ਲਈ ਨੁਕਸਾਨਦੇਹ ਵੀ ਹੋ ਸਕਦੀ ਹੈ। ਯਾਦ ਰੱਖੋ ਕਿ ਜਾਣਕਾਰੀ ਚੰਗੀ ਵੀ ਹੁੰਦੀ ਹੈ ਤੇ ਮਾੜੀ ਵੀ, ਸਹੀ ਵੀ ਤੇ ਗ਼ਲਤ ਵੀ। ਜਾਣਕਾਰੀ ਦੀ ਚੋਣ ਕਰਨ ਵਿਚ ਇਕ ਅੜਚਣ ਇਹ ਆਉਂਦੀ ਹੈ ਕਿ ਕਈ ਗੱਲਾਂ ਜਿਨ੍ਹਾਂ ਨੂੰ ਹਕੀਕਤ ਮੰਨਿਆ ਜਾਂਦਾ ਹੈ, ਉਹ ਹਕੀਕਤ ਨਹੀਂ ਹੁੰਦੀਆਂ। ਵੱਡੇ-ਵੱਡੇ ਲੋਕਾਂ ਦੁਆਰਾ ਕੀਤੀਆਂ ਟਿੱਪਣੀਆਂ ਬਹੁਤ ਵਾਰ ਗ਼ਲਤ ਜਾਂ ਝੂਠੀਆਂ ਸਾਬਤ ਹੋਈਆਂ ਹਨ! ਉਦਾਹਰਣ ਲਈ ਪ੍ਰਾਚੀਨ ਅਫਸੁਸ ਸ਼ਹਿਰ ਦੇ ਮੁਹੱਰਰ (ਮੁਨਸ਼ੀ) ਨੂੰ ਗਿਆਨਵਾਨ ਅਫ਼ਸਰ ਸਮਝਿਆ ਜਾਂਦਾ ਸੀ। ਇਕ ਵਾਰ ਉਸ ਨੇ ਦਾਅਵੇ ਨਾਲ ਕਿਹਾ ਸੀ: “ਉਹ ਕਿਹੜਾ ਮਨੁੱਖ ਹੈ ਜੋ ਨਹੀਂ ਜਾਣਦਾ ਭਈ ਅਫ਼ਸੀਆਂ ਦਾ ਸ਼ਹਿਰ ਮਹਾਂ ਅਰਤਿਮਿਸ ਦਾ ਅਤੇ ਅਕਾਸ਼ ਦੀ ਵੱਲੋਂ ਗਿਰੀ ਹੋਈ ਮੂਰਤ ਦਾ ਸੇਵਕ ਹੈ!” (ਰਸੂਲਾਂ ਦੇ ਕਰਤੱਬ 19:35, 36) ਭਾਵੇਂ ਕਿ ਸਾਰੇ ਲੋਕ ਇਸ ਗੱਲ ਨੂੰ ਜਾਣਦੇ ਸਨ ਤੇ ਇਸ ਤੇ ਵਿਸ਼ਵਾਸ ਵੀ ਕਰਦੇ ਸਨ, ਪਰ ਇਹ ਸੱਚ ਨਹੀਂ ਸੀ ਕਿ ਅਰਤਿਮਿਸ ਦੀ ਮੂਰਤੀ ਸਵਰਗ ਤੋਂ ਡਿੱਗੀ ਸੀ। ਇਸੇ ਲਈ ਪਵਿੱਤਰ ਬਾਈਬਲ ਮਸੀਹੀਆਂ ਨੂੰ ‘ਝੂਠ ਮੂਠ ਦੇ ਗਿਆਨ’ ਤੋਂ ਖ਼ਬਰਦਾਰ ਰਹਿਣ ਦੀ ਤਾਕੀਦ ਕਰਦੀ ਹੈ।—1 ਤਿਮੋਥਿਉਸ 6:20.

ਜਾਣਕਾਰੀ ਦੀ ਸੋਚ-ਸਮਝ ਕੇ ਚੋਣ ਕਰਨ ਦਾ ਇਕ ਠੋਸ ਕਾਰਨ ਇਹ ਵੀ ਹੈ ਕਿ ਸਾਡੀ ਜ਼ਿੰਦਗੀ ਬਹੁਤ ਛੋਟੀ ਹੈ। ਭਾਵੇਂ ਤੁਹਾਡੀ ਉਮਰ ਜਿੰਨੀ ਮਰਜ਼ੀ ਹੋਵੇ, ਪਰ ਤੁਹਾਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਹੋਵੇ ਕਿ ਹਰ ਵਿਸ਼ੇ ਤੇ ਜਾਣਕਾਰੀ ਲੈਣ ਲਈ ਤੁਹਾਡੀ ਜ਼ਿੰਦਗੀ ਛੋਟੀ ਪੈ ਜਾਵੇਗੀ।

ਕੀ ਇਹ ਸਮੱਸਿਆ ਕਦੇ ਹੱਲ ਹੋਵੇਗੀ? ਕੀ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਜਾਂ ਗਿਆਨ ਹੈ ਜੋ ਸਾਡੀ ਉਮਰ ਨੂੰ ਕਾਫ਼ੀ ਹੱਦ ਤਕ ਵਧਾ ਸਕੇ ਜਾਂ ਹਮੇਸ਼ਾ ਦੀ ਜ਼ਿੰਦਗੀ ਦੇ ਸਕੇ? ਕੀ ਇਸ ਤਰ੍ਹਾਂ ਦਾ ਗਿਆਨ ਅੱਜ ਉਪਲਬਧ ਹੈ? ਜੇ ਹਾਂ, ਤਾਂ ਕੀ ਇਹ ਗਿਆਨ ਸਾਰਿਆਂ ਨੂੰ ਮਿਲੇਗਾ? ਕੀ ਉਹ ਦਿਨ ਕਦੀ ਆਵੇਗਾ ਜਦੋਂ ਸਾਰਾ ਉਪਲਬਧ ਗਿਆਨ ਸਹੀ ਹੋਵੇਗਾ? ਸ਼ੁਰੂ ਵਿਚ ਜ਼ਿਕਰ ਕੀਤੇ ਗਏ ਪਤੀ-ਪਤਨੀ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਮਿਲੇ ਹਨ। ਤੁਸੀਂ ਵੀ ਇਨ੍ਹਾਂ ਦੇ ਜਵਾਬ ਜਾਣ ਸਕਦੇ ਹੋ। ਕਿਰਪਾ ਕਰ ਕੇ ਅਗਲਾ ਲੇਖ ਪੜ੍ਹੋ ਜਿਸ ਵਿਚ ਦੱਸਿਆ ਗਿਆ ਹੈ ਕਿ ਤੁਸੀਂ ਹਮੇਸ਼ਾ-ਹਮੇਸ਼ਾ ਲਈ ਗਿਆਨ ਲੈ ਸਕਦੇ ਹੋ।