Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਕੀ ਪੌਲੁਸ ਰਸੂਲ ਨੇ ਇਕ ਮਸੀਹੀ ਵਜੋਂ ਆਪਣੀ ਨਿਹਚਾ ਦਾ ਸਮਝੌਤਾ ਕੀਤਾ ਸੀ ਜਦ ਉਸ ਨੇ ਮਹਾਸਭਾ ਵਿਚ ਕਿਹਾ ਕਿ ‘ਮੈਂ ਫ਼ਰੀਸੀ ਹਾਂ’?

ਰਸੂਲਾਂ ਦੇ ਕਰਤੱਬ 23:6 ਵਿਚ ਕਹੀ ਪੌਲੁਸ ਦੀ ਗੱਲ ਦਾ ਅਰਥ ਸਮਝਣ ਲਈ ਸਾਨੂੰ ਇਸ ਦੇ ਪ੍ਰਸੰਗ ਵੱਲ ਧਿਆਨ ਦੇਣ ਦੀ ਲੋੜ ਹੈ।

ਯਰੂਸ਼ਲਮ ਵਿਚ ਜਦ ਯਹੂਦੀਆਂ ਦੀ ਭੀੜ ਪੌਲੁਸ ਉੱਤੇ ਟੁੱਟ ਪਈ ਸੀ, ਤਾਂ ਉਸ ਨੇ ਉਨ੍ਹਾਂ ਨਾਲ ਗੱਲ ਕੀਤੀ। ਉਸ ਨੇ ਕਿਹਾ ਕਿ ਉਹ ਯਰੂਸ਼ਲਮ ਵਿਚ “ਗਮਲੀਏਲ ਦੇ ਚਰਨਾਂ ਵਿੱਚ ਪਲਿਆ” ਅਤੇ ਉਸ ਨੇ “ਪਿਉ ਦਾਦਿਆਂ ਦੀ ਸ਼ਰਾ ਪੂਰੇ ਚੱਜ ਨਾਲ ਸਿੱਖੀ” ਸੀ। ਲੋਕਾਂ ਨੇ ਥੋੜ੍ਹੇ ਸਮੇਂ ਲਈ ਉਸ ਦੀ ਗੱਲ ਸੁਣੀ, ਪਰ ਫਿਰ ਉਹ ਇੰਨੇ ਗੁੱਸੇ ਵਿਚ ਆ ਗਏ ਕਿ ਫ਼ੌਜ ਦੇ ਸਰਦਾਰ ਨੂੰ ਪੌਲੁਸ ਨੂੰ ਕਿਲੇ ਵਿਚ ਲਿਆਉਣਾ ਪਿਆ। ਜਦ ਫ਼ੌਜੀ ਉਸ ਨੂੰ ਕੋਰੜੇ ਮਾਰਨ ਹੀ ਵਾਲੇ ਸਨ, ਤਾਂ ਪੌਲੁਸ ਨੇ ਕਿਹਾ: “ਕੀ ਤੁਹਾਨੂੰ ਜੋਗ ਹੈ ਜੋ ਇੱਕ ਰੋਮੀ ਆਦਮੀ ਨੂੰ ਦੋਸ਼ ਸਾਬਤ ਕੀਤਿਆਂ ਬਿਨਾ ਕੋਰੜੇ ਮਾਰੋ?”—ਰਸੂਲਾਂ ਦੇ ਕਰਤੱਬ 21:27–22:29.

ਅਗਲੇ ਦਿਨ ਫ਼ੌਜ ਦਾ ਸਰਦਾਰ ਪੌਲੁਸ ਨੂੰ ਯਹੂਦੀਆਂ ਦੀ ਮਹਾਸਭਾ ਵਿਚ ਲੈ ਗਿਆ। ਪੌਲੁਸ ਨੇ ਉਸ ਉੱਚ ਅਦਾਲਤ ਵਿਚ ਬੈਠੇ ਬੰਦਿਆਂ ਵੱਲ ਧਿਆਨ ਨਾਲ ਦੇਖਿਆ ਜਿਸ ਤੋਂ ਉਸ ਨੂੰ ਪਤਾ ਲੱਗਾ ਕਿ ਇਨ੍ਹਾਂ ਵਿਚ ਕਈ ਸਦੂਕੀ ਅਤੇ ਕਈ ਫ਼ਰੀਸੀ ਸਨ। ਉਸ ਨੇ ਕਿਹਾ: “ਹੇ ਭਰਾਵੋ, ਮੈਂ ਫ਼ਰੀਸੀ ਅਤੇ ਫ਼ਰੀਸੀਆਂ ਦੀ ਅੰਸ ਹਾਂ। ਮੁਰਦਿਆਂ ਦੀ ਆਸ ਅਤੇ ਜੀ ਉੱਠਣ ਦੇ ਬਦਲੇ ਮੇਰੇ ਜੁੰਮੇ ਦੋਸ਼ ਲਾਈਦਾ ਹੈ!” ਨਤੀਜੇ ਵਜੋਂ ਫ਼ਰੀਸੀਆਂ ਅਤੇ ਸਦੂਕੀਆਂ ਵਿਚ ਝਗੜਾ ਹੋ ਗਿਆ “ਕਿਉਂ ਜੋ ਸਦੂਕੀ ਆਖਦੇ ਹਨ ਭਈ ਨਾ ਕੋਈ ਜੀ ਉੱਠਣਾ, ਨਾ ਦੂਤ ਅਤੇ ਨਾ ਕੋਈ ਆਤਮਾ ਹੈ ਪਰ ਫ਼ਰੀਸੀ ਦੋਹਾਂ ਨੂੰ ਮੰਨਦੇ ਹਨ।” ਫ਼ਰੀਸੀਆਂ ਵਿੱਚੋਂ ਕਈ ਜਣੇ ਜੋਸ਼ ਵਿਚ ਆ ਕੇ ਕਹਿਣ ਲੱਗੇ: “ਐਸ ਮਨੁੱਖ ਵਿੱਚ ਸਾਨੂੰ ਕੋਈ ਬੁਰਿਆਈ ਨਹੀਂ ਮਲੂਮ ਹੁੰਦੀ।”—ਰਸੂਲਾਂ ਦੇ ਕਰਤੱਬ 23:6-10.

ਮਹਾਸਭਾ ਦੇ ਸਾਰੇ ਮੈਂਬਰ ਜਾਣਦੇ ਸਨ ਕਿ ਪੌਲੁਸ ਇਕ ਜੋਸ਼ੀਲਾ ਮਸੀਹੀ ਸੀ। ਇਸ ਲਈ ਉਹ ਇਹ ਨਹੀਂ ਕਹਿ ਰਿਹਾ ਸੀ ਕਿ ਉਹ ਫ਼ਰੀਸੀ ਪੰਥ ਦਾ ਇਕ ਮੈਂਬਰ ਸੀ। ਉੱਥੇ ਹਾਜ਼ਰ ਫ਼ਰੀਸੀ ਅਜਿਹੇ ਬੰਦੇ ਨੂੰ ਕਦੀ ਵੀ ਕਬੂਲ ਨਹੀਂ ਕਰ ਸਕਦੇ ਸਨ ਜੋ ਉਨ੍ਹਾਂ ਦੀਆਂ ਸਾਰੀਆਂ ਸਿੱਖਿਆਵਾਂ ਨੂੰ ਨਹੀਂ ਮੰਨਦਾ ਸੀ। ਇਸ ਤਰ੍ਹਾਂ, ਜਦ ਪੌਲੁਸ ਨੇ ਕਿਹਾ ਕਿ ਉਹ ਫ਼ਰੀਸੀ ਸੀ, ਤਾਂ ਉਨ੍ਹਾਂ ਲੋਕਾਂ ਨੇ ਉਸ ਦੀ ਗੱਲ ਦਾ ਮਤਲਬ ਸਮਝ ਲਿਆ ਹੋਣਾ।

ਧਿਆਨ ਦਿਓ ਕਿ ਪੌਲੁਸ ਨੇ ਕਿਹਾ ਕਿ ਉਹ ਮੁਰਦਿਆਂ ਦੇ ਜੀ ਉੱਠਣ ਦੇ ਵਿਸ਼ਵਾਸ ਕਰਕੇ ਦੋਸ਼ੀ ਗਿਣਿਆ ਜਾ ਰਿਹਾ ਸੀ। ਇਸ ਵਿਸ਼ਵਾਸ ਕਰਕੇ ਉਹ ਫ਼ਰੀਸੀਆਂ ਵਰਗਾ ਸੀ ਕਿਉਂਕਿ ਉਹ ਵੀ ਇਸ ਸਿੱਖਿਆ ਨੂੰ ਮੰਨਦੇ ਸਨ। ਪਰ ਸਦੂਕੀ ਇਹ ਨਹੀਂ ਮੰਨਦੇ ਸਨ ਕਿ ਮੁਰਦੇ ਜੀ ਉਠਾਏ ਜਾਣਗੇ।

ਭਾਵੇਂ ਕਿ ਪੌਲੁਸ ਇਕ ਮਸੀਹੀ ਸੀ, ਪਰ ਉਹ ਫ਼ਰੀਸੀਆਂ ਵਾਂਗ ਮੁਰਦਿਆਂ ਦੇ ਜੀ ਉੱਠਣ, ਦੂਤਾਂ ਅਤੇ ਸ਼ਰਾ ਦੀਆਂ ਕੁਝ ਗੱਲਾਂ ਉੱਤੇ ਵਿਸ਼ਵਾਸ ਕਰਦਾ ਸੀ। (ਫ਼ਿਲਿੱਪੀਆਂ 3:5) ਸੋ ਜਦ ਪੌਲੁਸ ਨੇ ਕਿਹਾ ਕਿ ਉਹ ਫ਼ਰੀਸੀ ਸੀ, ਤਾਂ ਉਸ ਦੇ ਕਹਿਣ ਦਾ ਭਾਵ ਇਹੀ ਸੀ ਕਿ ਇਨ੍ਹਾਂ ਗੱਲਾਂ ਵਿਚ ਉਹ ਫ਼ਰੀਸੀਆਂ ਨਾਲ ਸਹਿਮਤ ਸੀ। ਮਹਾਸਭਾ ਦੇ ਸਾਰੇ ਲੋਕਾਂ ਨੇ ਇਸ ਗੱਲ ਨੂੰ ਸਮਝ ਲਿਆ ਅਤੇ ਕਬੂਲ ਕੀਤਾ। ਇਸ ਤਰ੍ਹਾਂ ਪੌਲੁਸ ਨੇ ਆਪਣੇ ਪਿਛੋਕੜ ਬਾਰੇ ਗੱਲ ਕਰ ਕੇ ਉਸ ਪੱਖਪਾਤੀ ਯਹੂਦੀ ਅਦਾਲਤ ਨੂੰ ਆਪਣੇ ਪੱਖ ਵਿਚ ਫ਼ੈਸਲਾ ਸੁਣਾਉਣ ਲਈ ਕਾਇਲ ਕਰਨ ਦੀ ਕੋਸ਼ਿਸ਼ ਕੀਤੀ।

ਪਰ, ਸਭ ਤੋਂ ਵੱਡਾ ਸਬੂਤ ਕਿ ਪੌਲੁਸ ਨੇ ਆਪਣੀ ਨਿਹਚਾ ਦਾ ਸਮਝੌਤਾ ਨਹੀਂ ਕੀਤਾ, ਇਸ ਗੱਲ ਤੋਂ ਮਿਲਦਾ ਹੈ ਕਿ ਯਹੋਵਾਹ ਦੀ ਕਿਰਪਾ ਉਸ ਦੇ ਉੱਤੇ ਰਹੀ। ਮਹਾਸਭਾ ਵਿਚ ਪੌਲੁਸ ਦੁਆਰਾ ਆਪਣੀ ਸਫ਼ਾਈ ਪੇਸ਼ ਕਰਨ ਤੋਂ ਬਾਅਦ ਉਸੇ ਰਾਤ ਯਿਸੂ ਨੇ ਪੌਲੁਸ ਨੂੰ ਕਿਹਾ: “ਹੌਸਲਾ ਰੱਖ ਕਿਉਂਕਿ ਜਿਸ ਤਰਾਂ ਤੈਂ ਮੇਰੀਆਂ ਗੱਲਾਂ ਉੱਤੇ ਯਰੂਸ਼ਲਮ ਵਿੱਚ ਸਾਖੀ ਦਿੱਤੀ ਓਸੇ ਤਰਾਂ ਤੈਨੂੰ ਰੋਮ ਵਿੱਚ ਭੀ ਸਾਖੀ ਦੇਣੀ ਪਵੇਗੀ।” ਪਰਮੇਸ਼ੁਰ ਦੀ ਕਿਰਪਾ ਪੌਲੁਸ ਉੱਤੇ ਸੀ, ਇਸ ਲਈ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਪੌਲੁਸ ਨੇ ਇਕ ਮਸੀਹੀ ਵਜੋਂ ਆਪਣੀ ਨਿਹਚਾ ਦਾ ਸਮਝੌਤਾ ਨਹੀਂ ਕੀਤਾ ਸੀ।—ਰਸੂਲਾਂ ਦੇ ਕਰਤੱਬ 23:11.