ਯਹੋਵਾਹ ਦੇ ਬਚਨ ਉੱਤੇ ਭਰੋਸਾ ਰੱਖੋ
ਯਹੋਵਾਹ ਦੇ ਬਚਨ ਉੱਤੇ ਭਰੋਸਾ ਰੱਖੋ
“ਮੈਂ ਤੇਰੇ ਬਚਨ ਉੱਤੇ ਭਰੋਸਾ ਰੱਖਦਾ ਹਾਂ।”—ਜ਼ਬੂਰਾਂ ਦੀ ਪੋਥੀ 119:42.
1. ਤੁਸੀਂ 119ਵੇਂ ਜ਼ਬੂਰ ਦੇ ਲੇਖਕ ਅਤੇ ਉਸ ਦੇ ਮਨੋਭਾਵ ਬਾਰੇ ਕੀ ਜਾਣਦੇ ਹੋ?
ਯਹੋਵਾਹ ਦਾ ਬਚਨ 119ਵੇਂ ਜ਼ਬੂਰ ਦੇ ਲਿਖਾਰੀ ਨੂੰ ਬਹੁਤ ਹੀ ਪਸੰਦ ਸੀ। ਇਹ ਕਵੀ ਲੇਖਕ ਕੌਣ ਸੀ? ਹੋ ਸਕਦਾ ਹੈ ਕਿ ਯਹੂਦਾਹ ਦਾ ਰਾਜਾ ਬਣਨ ਤੋਂ ਪਹਿਲਾਂ ਹਿਜ਼ਕੀਯਾਹ ਨੇ ਇਸ ਨੂੰ ਲਿਖਿਆ ਸੀ। ਇਸ ਭਜਨ ਦਾ ਜਜ਼ਬਾ ਹਿਜ਼ਕੀਯਾਹ ਦੇ ਮਨੋਭਾਵ ਨਾਲ ਮਿਲਦਾ ਹੈ। ਜਦ ਉਹ ਯਹੂਦਾਹ ਦਾ ਰਾਜਾ ਸੀ, ਤਾਂ ਉਸ ਬਾਰੇ ਲਿਖਿਆ ਗਿਆ ਸੀ ਕਿ “ਉਹ ਯਹੋਵਾਹ ਦੇ ਨਾਲ ਚਿੰਬੜਿਆ ਰਿਹਾ।” (2 ਰਾਜਿਆਂ 18:3-7) ਭਾਵੇਂ ਅਸੀਂ ਪੱਕੇ ਤੌਰ ਤੇ ਇਹ ਗੱਲ ਨਹੀਂ ਕਹਿ ਸਕਦੇ ਕਿ ਇਸ ਜ਼ਬੂਰ ਦਾ ਲਿਖਾਰੀ ਕੌਣ ਸੀ ਪਰ ਇਹ ਗੱਲ ਅਸੀਂ ਭਰੋਸੇ ਨਾਲ ਕਹਿ ਸਕਦੇ ਹਾਂ ਕਿ ਉਹ ਆਪਣੀ ‘ਆਤਮਕ ਲੋੜ’ ਜਾਣਦਾ ਸੀ।—ਮੱਤੀ 5:3, ਪਵਿੱਤਰ ਬਾਈਬਲ ਨਵਾਂ ਅਨੁਵਾਦ।
2. ਜ਼ਬੂਰ 119 ਵਿਚ ਖ਼ਾਸਕਰ ਕਿਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਅਤੇ ਇਹ ਜ਼ਬੂਰ ਕਿਸ ਤਰਤੀਬ ਵਿਚ ਲਿਖਿਆ ਗਿਆ ਹੈ?
2 ਇਸ ਜ਼ਬੂਰ ਵਿਚ ਖ਼ਾਸਕਰ ਪਰਮੇਸ਼ੁਰ ਦੇ ਬਚਨ ਦੀ ਅਹਿਮੀਅਤ ਤੇ ਜ਼ੋਰ ਦਿੱਤਾ ਗਿਆ ਹੈ। * ਇਸ ਦੇ ਲੇਖਕ ਨੇ ਇਸ ਨੂੰ ਬਾਵਨ ਅੱਖਰੀ ਸ਼ਕਲ ਦਿੱਤੀ, ਪਰ ਕਿਉਂ? ਕਿਉਂਕਿ ਅਜਿਹੀ ਸੀਹਰਫ਼ੀ ਸ਼ਕਲ ਭਜਨ ਨੂੰ ਮੂੰਹ-ਜ਼ਬਾਨੀ ਯਾਦ ਰੱਖਣ ਵਿਚ ਆਸਾਨ ਬਣਾਉਂਦੀ ਸੀ। ਇਸ ਦੀਆਂ 176 ਆਇਤਾਂ 22 ਪਉੜੀਆਂ ਵਿਚ ਵੰਡੀਆਂ ਹੋਈਆਂ ਹਨ ਅਤੇ ਹਰੇਕ ਪਉੜੀ ਇਬਰਾਨੀ ਦੀ ਵਰਣਮਾਲਾ ਨਾਲ ਸਿਲਸਲੇਵਾਰ ਸ਼ੁਰੂ ਹੁੰਦੀ ਸੀ। ਹਰੇਕ ਪਉੜੀ ਵਿਚ 8 ਆਇਤਾਂ ਹਨ ਅਤੇ ਪੁਰਾਣੀ ਇਬਰਾਨੀ ਵਿਚ ਇਹ ਵਰਣਮਾਲਾ ਦੇ ਇੱਕੋ ਅੱਖਰ ਨਾਲ ਸ਼ੁਰੂ ਹੁੰਦੀਆਂ ਹਨ। ਇਸ ਜ਼ਬੂਰ ਵਿਚ ਪਰਮੇਸ਼ੁਰ ਦੇ ਬਚਨ, ਬਿਵਸਥਾ, ਸਾਖੀਆਂ, ਰਾਹ, ਫ਼ਰਮਾਨ, ਹੁਕਮ, ਬਿਧੀਆਂ ਅਤੇ ਨਿਆਵਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਅਤੇ ਅਗਲੇ ਲੇਖ ਵਿਚ 119ਵੇਂ ਜ਼ਬੂਰ ਉੱਤੇ ਚਰਚਾ ਕੀਤੀ ਜਾਵੇਗੀ। ਅਸੀਂ ਯਹੋਵਾਹ ਦੇ ਪ੍ਰਾਚੀਨ ਅਤੇ ਮੌਜੂਦਾ ਸੇਵਕਾਂ ਦੇ ਤਜਰਬਿਆਂ ਉੱਤੇ ਵੀ ਮਨਨ ਕਰਾਂਗੇ ਤਾਂਕਿ ਅਸੀਂ ਇਸ ਜ਼ਬੂਰ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕੀਏ ਅਤੇ ਆਪਣੇ ਦਿਲ ਵਿਚ ਬਾਈਬਲ ਲਈ ਕਦਰ ਵਧਾ ਸਕੀਏ।
ਯਹੋਵਾਹ ਦੇ ਕਹੇ ਤੇ ਚੱਲ ਕੇ ਸੁਖ ਪਾਓ
3. ਮਿਸਾਲ ਦੇ ਕੇ ਸਮਝਾਓ ਕਿ “ਪਰਮ ਚਾਲ” ਚੱਲਣ ਦਾ ਕੀ ਮਤਲਬ ਹੈ।
3 ਅਸਲੀ ਸੁਖ ਪਰਮੇਸ਼ੁਰ ਦੇ ਕਹੇ ਤੇ ਚੱਲ ਕੇ ਮਿਲਦਾ ਹੈ। (ਜ਼ਬੂਰਾਂ ਦੀ ਪੋਥੀ 119:1-8) ਜੇ ਅਸੀਂ ਇਸ ਰਾਹ ਚੱਲਾਂਗੇ, ਤਾਂ ਯਹੋਵਾਹ ਸਮਝੇਗਾ ਕਿ ਅਸੀਂ “ਪਰਮ ਚਾਲ” ਚੱਲ ਰਹੇ ਹਾਂ। (ਜ਼ਬੂਰਾਂ ਦੀ ਪੋਥੀ 119:1) ਪਰਮ ਚਾਲ ਚੱਲਣ ਦਾ ਇਹ ਮਤਲਬ ਨਹੀਂ ਕਿ ਅਸੀਂ ਕੋਈ ਗ਼ਲਤੀ ਨਹੀਂ ਕਰਾਂਗੇ, ਪਰ ਇਸ ਤੋਂ ਪਤਾ ਲੱਗੇਗਾ ਕਿ ਅਸੀਂ ਯਹੋਵਾਹ ਪਰਮੇਸ਼ੁਰ ਦੀ ਮਰਜ਼ੀ ਤੇ ਚੱਲਣ ਦੀ ਦਿਲੋਂ-ਜਾਨ ਨਾਲ ਕੋਸ਼ਿਸ਼ ਕਰਦੇ ਹਾਂ। ਮਿਸਾਲ ਲਈ, ‘ਨੂਹ ਆਪਣੀ ਪੀੜ੍ਹੀ ਵਿੱਚ ਸੰਪੂਰਨ ਸੀ ਅਤੇ ਉਹ ਪਰਮੇਸ਼ੁਰ ਦੇ ਨਾਲ ਨਾਲ ਚਲਦਾ ਸੀ।’ ਪਰਮੇਸ਼ੁਰ ਦਾ ਉਹ ਵਫ਼ਾਦਾਰ ਬੰਦਾ ਆਪਣੇ ਪਰਿਵਾਰ ਸਣੇ ਜਲ-ਪਰਲੋ ਵਿੱਚੋਂ ਬਚ ਨਿਕਲਿਆ ਸੀ ਕਿਉਂਕਿ ਉਸ ਨੇ “ਪਰਮ ਚਾਲ” ਚੱਲ ਕੇ ਆਪਣੀ ਜ਼ਿੰਦਗੀ ਵਿਚ ਉਹ ਕੀਤਾ ਜੋ ਯਹੋਵਾਹ ਨੇ ਕਿਹਾ ਸੀ। (ਉਤਪਤ 6:9; 1 ਪਤਰਸ 3:20) ਇਸੇ ਤਰ੍ਹਾਂ ਇਸ ਦੁਨੀਆਂ ਦੇ ਅੰਤ ਵਿੱਚੋਂ ਬਚ ਨਿਕਲਣ ਲਈ ਜ਼ਰੂਰੀ ਹੈ ਕਿ ਅਸੀਂ ਵੀ ‘ਮਨ ਲਾ ਕੇ ਪਰਮੇਸ਼ੁਰ ਦੇ ਫ਼ਰਮਾਨਾਂ ਦੀ ਪਾਲਨਾ ਕਰੀਏ।’—ਜ਼ਬੂਰਾਂ ਦੀ ਪੋਥੀ 119:4.
4. ਅਸੀਂ ਸੁਖ ਅਤੇ ਸਫ਼ਲਤਾ ਕਿਵੇਂ ਪਾ ਸਕਦੇ ਹਾਂ?
4 ਜੇ ਅਸੀਂ ‘ਸਿੱਧੇ ਮਨ ਨਾਲ ਯਹੋਵਾਹ ਦਾ ਧੰਨਵਾਦ ਕਰਾਂਗਾ ਅਤੇ ਉਸ ਦੀਆਂ ਬਿਧੀਆਂ ਦੀ ਪਾਲਨਾ ਕਰਾਂਗੇ,’ ਤਾਂ ਉਹ ਸਾਨੂੰ ਕਦੇ ਨਹੀਂ ਤਿਆਗੇਗਾ। (ਜ਼ਬੂਰਾਂ ਦੀ ਪੋਥੀ 119:7, 8) ਪਰਮੇਸ਼ੁਰ ਨੇ ਇਸਰਾਏਲੀਆਂ ਦੇ ਆਗੂ ਯਹੋਸ਼ੁਆ ਨੂੰ ਨਹੀਂ ਤਿਆਗਿਆ ਸੀ ਕਿਉਂਕਿ ਉਸ ਨੇ ‘ਬਿਵਸਥਾ ਦੀ ਪੋਥੀ ਉੱਤੇ ਦਿਨ ਰਾਤ ਧਿਆਨ ਰੱਖਿਆ ਤਾਂਕਿ ਉਹ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇ ਤੇ ਉਸ ਨੂੰ ਪੂਰਾ ਕਰ ਸਕੇ।’ ਇਸ ਤਰੀਕੇ ਨਾਲ ਚੱਲ ਕੇ ਉਹ ਆਪਣੇ ਕੰਮਾਂ ਵਿਚ ਸਫ਼ਲ ਹੋ ਸਕਿਆ ਅਤੇ ਬੁੱਧ ਤੋਂ ਕੰਮ ਲੈ ਸਕਿਆ। (ਯਹੋਸ਼ੁਆ 1:8) ਆਪਣੀ ਜ਼ਿੰਦਗੀ ਦੇ ਅਖ਼ੀਰ ਤਕ ਆ ਕੇ ਵੀ ਯਹੋਸ਼ੁਆ ਪਰਮੇਸ਼ੁਰ ਦੇ ਗੁਣ ਗਾਉਂਦਾ ਰਿਹਾ ਅਤੇ ਇਸਰਾਏਲੀਆਂ ਨੂੰ ਇਹ ਗੱਲ ਯਾਦ ਦਿਲਾ ਸਕਿਆ: “ਤੁਸੀਂ ਆਪਣੇ ਸਾਰੇ ਮਨਾਂ ਵਿੱਚ ਅਤੇ ਆਪਣੀਆਂ ਸਾਰੀਆਂ ਜਾਨਾਂ ਵਿੱਚ ਜਾਣਦੇ ਹੋ ਭਈ ਏਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ। ਓਹ ਸਾਰੇ ਤੁਹਾਡੇ ਲਈ ਪੂਰੇ ਹੋਏ। ਓਹਨਾਂ ਵਿੱਚੋਂ ਇੱਕ ਬਚਨ ਵੀ ਨਾ ਰਿਹਾ।” (ਯਹੋਸ਼ੁਆ 23:14) ਯਹੋਸ਼ੁਆ ਅਤੇ 119ਵੇਂ ਜ਼ਬੂਰ ਦੇ ਲਿਖਾਰੀ ਵਾਂਗ ਯਹੋਵਾਹ ਦੀ ਵਡਿਆਈ ਕਰ ਕੇ ਅਤੇ ਉਸ ਦੇ ਬਚਨ ਤੇ ਭਰੋਸਾ ਰੱਖ ਕੇ ਅਸੀਂ ਵੀ ਸੁਖ ਅਤੇ ਸਫ਼ਲਤਾ ਪਾ ਸਕਦੇ ਹਾਂ।
ਯਹੋਵਾਹ ਦਾ ਬਚਨ ਸਾਨੂੰ ਸ਼ੁੱਧ ਰੱਖਦਾ ਹੈ
5. (ੳ) ਅਸੀਂ ਪਰਮੇਸ਼ੁਰ ਦੀ ਨਜ਼ਰ ਵਿਚ ਸ਼ੁੱਧ ਕਿਸ ਤਰ੍ਹਾਂ ਰਹਿ ਸਕਦੇ ਹਾਂ? (ਅ) ਜੇ ਇਕ ਨੌਜਵਾਨ ਕੋਈ ਪਾਪ ਕਰ ਬੈਠੇ, ਤਾਂ ਉਸ ਦੀ ਮਦਦ ਕਿਸ ਤਰ੍ਹਾਂ ਹੋ ਸਕਦੀ ਹੈ?
5 ਜੇ ਅਸੀਂ ਪਰਮੇਸ਼ੁਰ ਦੇ ਕਹੇ ਮੁਤਾਬਕ ਚੱਲਾਂਗੇ, ਤਾਂ ਅਸੀਂ ਉਸ ਦੀ ਨਜ਼ਰ ਵਿਚ ਸ਼ੁੱਧ ਗਿਣੇ ਜਾ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 119:9-16) ਭਾਵੇਂ ਸਾਡੇ ਮਾਂ-ਬਾਪ ਦੀ ਮਿਸਾਲ ਚੰਗੀ ਨਾ ਵੀ ਹੋਵੇ, ਫਿਰ ਵੀ ਅਸੀਂ ਸਹੀ ਚਾਲ ਚੱਲ ਸਕਦੇ ਹਾਂ। ਮਿਸਾਲ ਲਈ, ਹਿਜ਼ਕੀਯਾਹ ਦਾ ਪਿਤਾ ਮੂਰਤੀਆਂ ਨੂੰ ਪੂਜਦਾ ਸੀ ਅਤੇ ਹੋ ਸਕਦਾ ਹੈ ਕਿ ਹਿਜ਼ਕੀਯਾਹ ਉੱਤੇ ਵੀ ਮੂਰਤੀਆਂ ਦੀ ਪੂਜਾ ਕਰਨ ਦਾ ਜ਼ੋਰ ਪਾਇਆ ਗਿਆ ਹੋਵੇ, ਪਰ ਉਸ ਨੇ ‘ਆਪਣੀ ਚਾਲ ਨੂੰ ਸ਼ੁੱਧ ਰੱਖਿਆ।’ ਫ਼ਰਜ਼ ਕਰੋ ਇਕ ਨੌਜਵਾਨ ਜੋ ਪਰਮੇਸ਼ੁਰ ਦੀ ਸੇਵਾ ਕਰਦਾ ਹੈ ਕੋਈ ਪਾਪ ਕਰ ਬੈਠੇ। ਤਾਂ ਫਿਰ ਉਸ ਨੂੰ ਕੀ ਕਰਨਾ ਚਾਹੀਦਾ ਹੈ? ਉਸ ਨੂੰ ਪਸ਼ਚਾਤਾਪ ਅਤੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ, ਉਸ ਦੇ ਮਾਂ-ਬਾਪ ਅਤੇ ਕਲੀਸਿਯਾ ਦੇ ਬਜ਼ੁਰਗ ਉਸ ਦੀ ਹਿਜ਼ਕੀਯਾਹ ਵਰਗਾ ਬਣਨ ਵਿਚ ਮਦਦ ਕਰ ਸਕਦੇ ਹਨ ਤਾਂਕਿ ਉਹ ‘ਆਪਣੀ ਚਾਲ ਨੂੰ ਸ਼ੁੱਧ ਰੱਖ ਸਕੇ ਅਤੇ ਉਸ ਦੀ ਚੌਕਸੀ’ ਕਰ ਸਕੇ।—ਯਾਕੂਬ 5:13-15.
6. ਕਿਹੜੀਆਂ ਔਰਤਾਂ ਨੇ ‘ਆਪਣੀ ਚਾਲ ਨੂੰ ਸੁੱਧ ਰੱਖ ਕੇ ਪਰਮੇਸ਼ੁਰ ਦੇ ਬਚਨ ਦੇ ਅਨੁਸਾਰ ਉਹ ਦੀ ਚੌਕਸੀ ਕੀਤੀ’?
6 ਭਾਵੇਂ ਰਾਹਾਬ ਅਤੇ ਰੂਥ 119ਵੇਂ ਜ਼ਬੂਰ ਦੇ ਲਿਖੇ ਜਾਣ ਤੋਂ ਲੰਮਾ ਸਮਾਂ ਪਹਿਲਾਂ ਰਹਿੰਦੀਆਂ ਸਨ, ਪਰ ਉਨ੍ਹਾਂ ਨੇ ਵੀ “ਆਪਣੀ ਚਾਲ ਨੂੰ ਸੁੱਧ” ਰੱਖਿਆ ਸੀ। ਇਕ ਕਨਾਨੀ ਵੇਸਵਾ ਹੋਣ ਦੇ ਬਾਵਜੂਦ ਰਾਹਾਬ ਯਹੋਵਾਹ ਦੀ ਭਗਤੀ ਕਰਨ ਵਾਲੀ ਵਜੋਂ ਜਾਣੀ ਗਈ ਸੀ। (ਇਬਰਾਨੀਆਂ 11:30, 31) ਮੋਆਬਣ ਰੂਥ ਨੇ ਆਪਣੇ ਦੇਵੀ-ਦੇਵਤੇ ਛੱਡ ਕੇ ਯਹੋਵਾਹ ਦੀ ਸੇਵਾ ਕੀਤੀ ਅਤੇ ਉਹ ਇਸਰਾਏਲ ਨੂੰ ਦਿੱਤੀ ਗਈ ਬਿਵਸਥਾ ਮੁਤਾਬਕ ਚੱਲੀ। (ਰੂਥ 1:14-17; 4:9-13) ਭਾਵੇਂ ਇਹ ਦੋਵੇਂ ਔਰਤਾਂ ਇਸਰਾਏਲੀ ਨਹੀਂ ਸਨ, ਪਰ ਉਹ ‘ਪਰਮੇਸ਼ੁਰ ਦੇ ਬਚਨ ਦੇ ਅਨੁਸਾਰ ਆਪਣੀ ਚਾਲ ਦੀ ਚੌਕਸੀ’ ਕਰ ਕੇ ਯਿਸੂ ਮਸੀਹ ਦੀਆਂ ਵੱਡੀ-ਵਡੇਰੀਆਂ ਵਜੋਂ ਸਨਮਾਨੀਆਂ ਗਈਆਂ ਸਨ।—ਮੱਤੀ 1:1, 4-6.
7. ਦਾਨੀਏਲ ਅਤੇ ਉਸ ਦੇ ਤਿੰਨ ਇਬਰਾਨੀ ਸਾਥੀਆਂ ਨੇ ਆਪਣੇ ਆਪ ਨੂੰ ਸ਼ੁੱਧ ਰੱਖ ਕੇ ਸਾਡੇ ਲਈ ਇਕ ਵਧੀਆ ਮਿਸਾਲ ਕਿਵੇਂ ਕਾਇਮ ਕੀਤੀ ਸੀ?
7 ਭਾਵੇਂ “ਆਦਮੀ ਦੇ ਮਨ ਦੀ ਭਾਵਨਾ ਉਸ ਦੀ ਜਵਾਨੀ ਤੋਂ ਬੁਰੀ ਹੀ ਹੈ,” ਪਰ ਸ਼ਤਾਨ ਦੀ ਇਸ ਪਲੀਤ ਦੁਨੀਆਂ ਵਿਚ ਵੀ ਨੌਜਵਾਨ ਸ਼ੁੱਧ ਰਹਿ ਸਕਦੇ ਹਨ। (ਉਤਪਤ 8:21; 1 ਯੂਹੰਨਾ 5:19) ਦਾਨੀਏਲ ਅਤੇ ਉਸ ਦੇ ਤਿੰਨ ਇਬਰਾਨੀ ਸਾਥੀਆਂ ਨੇ ਬਾਬਲ ਵਿਚ ਬਣਬਾਸ ਸਹਿੰਦੇ ਹੋਏ ਵੀ ‘ਪਰਮੇਸ਼ੁਰ ਦੇ ਬਚਨ ਦੇ ਅਨੁਸਾਰ ਆਪਣੀ ਚਾਲ ਦੀ ਚੌਕਸੀ ਕੀਤੀ ਸੀ।’ ਮਿਸਾਲ ਲਈ ਉਨ੍ਹਾਂ ਨੇ “ਰਾਜੇ ਦੇ ਸੁਆਦਲੇ ਭੋਜਨ” ਨਾਲ ਆਪਣੇ ਆਪ ਨੂੰ ਮਲੀਨ ਕਰਨ ਤੋਂ ਇਨਕਾਰ ਕੀਤਾ ਸੀ। (ਦਾਨੀਏਲ 1:6-10) ਬਾਬਲੀ ਲੋਕ ਅਸ਼ੁੱਧ ਪਸ਼ੂਆਂ ਦਾ ਮਾਸ ਖਾਂਦੇ ਸਨ ਜੋ ਮੂਸਾ ਦੀ ਬਿਵਸਥਾ ਵਿਚ ਮਨ੍ਹਾ ਕੀਤਾ ਗਿਆ ਸੀ। (ਲੇਵੀਆਂ 11:1-31; 20:24-26) ਇਸ ਤੋਂ ਇਲਾਵਾ ਉਹ ਆਮ ਤੌਰ ਤੇ ਜਾਨਵਰ ਨੂੰ ਝਟਕਾਉਂਦੇ ਸਮੇਂ ਉਸ ਦਾ ਖ਼ੂਨ ਨਹੀਂ ਕੱਢਦੇ ਸਨ ਅਤੇ ਲਹੂ ਸਣੇ ਮਾਸ ਖਾਣਾ ਪਰਮੇਸ਼ੁਰ ਦੇ ਕਾਨੂੰਨ ਦੇ ਖ਼ਿਲਾਫ਼ ਸੀ। (ਉਤਪਤ 9:3, 4) ਤਾਂ ਫਿਰ, ਅਸੀਂ ਸਮਝ ਸਕਦੇ ਹਾਂ ਕਿ ਉਨ੍ਹਾਂ ਚਾਰ ਇਬਰਾਨੀਆਂ ਨੇ ਰਾਜੇ ਦੇ ਸੁਆਦਲੇ ਭੋਜਨ ਨੂੰ ਖਾਣ ਤੋਂ ਇਨਕਾਰ ਕਿਉਂ ਕੀਤਾ ਸੀ। ਉਨ੍ਹਾਂ ਨੌਜਵਾਨਾਂ ਨੇ ਆਪਣੇ ਆਪ ਨੂੰ ਸ਼ੁੱਧ ਰੱਖਿਆ ਸੀ ਤੇ ਉਹ ਸਾਡੇ ਲਈ ਇਕ ਵਧੀਆ ਮਿਸਾਲ ਹਨ।
ਵਫ਼ਾਦਾਰ ਰਹਿਣ ਲਈ ਪਰਮੇਸ਼ੁਰ ਦੇ ਬਚਨ ਤੋਂ ਮਦਦ
8. ਪਰਮੇਸ਼ੁਰ ਦੇ ਬਚਨ ਨੂੰ ਚੰਗੀ ਤਰ੍ਹਾਂ ਸਮਝਣ ਅਤੇ ਉਸ ਉੱਤੇ ਅਮਲ ਕਰਨ ਲਈ ਸਾਨੂੰ ਕਿਹੜਾ ਗਿਆਨ ਚਾਹੀਦਾ ਅਤੇ ਸਾਨੂੰ ਉਸ ਬਾਰੇ ਕਿਵੇਂ ਮਹਿਸੂਸ ਕਰਨਾ ਚਾਹੀਦਾ?
8 ਯਹੋਵਾਹ ਨੂੰ ਵਫ਼ਾਦਾਰ ਰਹਿਣ ਲਈ ਜ਼ਰੂਰੀ ਹੈ ਕਿ ਅਸੀਂ ਉਸ ਦੇ ਬਚਨ ਨੂੰ ਆਪਣੀ ਖ਼ੁਸ਼ੀ ਬਣਾਈਏ। (ਜ਼ਬੂਰਾਂ ਦੀ ਪੋਥੀ 119:17-24) ਜੇ ਅਸੀਂ ਇਸ ਭਜਨ ਦੇ ਲਿਖਾਰੀ ਵਰਗੇ ਹਾਂ, ਤਾਂ ਅਸੀਂ ਪਰਮੇਸ਼ੁਰ ਦੇ ਬਚਨ ਦੀਆਂ “ਅਚਰਜ ਗੱਲਾਂ” ਸਮਝਣ ਲਈ ਉਤਾਵਲੇ ਹੋਵਾਂਗੇ। ਅਸੀਂ ਹਮੇਸ਼ਾ ਯਹੋਵਾਹ ਦੇ “ਨਿਆਵਾਂ ਦੀ ਤਾਂਘ” ਵਿਚ ਰਹਾਂਗੇ ਅਤੇ ਸਾਡੀ ‘ਖੁਸ਼ੀ ਉਸ ਦੀਆਂ ਸਾਖੀਆਂ’ ਵਿਚ ਹੋਵੇਗੀ। (ਜ਼ਬੂਰਾਂ ਦੀ ਪੋਥੀ 119:18, 20, 24) ਜੇ ਸਾਨੂੰ ਯਹੋਵਾਹ ਦੇ ਗਵਾਹ ਬਣਿਆ ਬਹੁਤਾ ਸਮਾਂ ਨਹੀਂ ਹੋਇਆ, ਤਾਂ ਕੀ ਅਸੀਂ “ਨਵਿਆਂ ਜੰਮਿਆਂ ਹੋਇਆਂ ਬੱਚਿਆਂ ਵਾਂਗਰ ਆਤਮਕ ਅਤੇ ਖਾਲਸ ਦੁੱਧ ਦੀ ਲੋਚ” ਕਰਨੀ ਸ਼ੁਰੂ ਕੀਤੀ ਹੈ? (1 ਪਤਰਸ 2:1, 2) ਬਾਈਬਲ ਦੀਆਂ ਮੂਲ ਸਿੱਖਿਆਵਾਂ ਦੀ ਸਮਝ ਨਾਲ ਹੀ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਅਤੇ ਉਸ ਉੱਤੇ ਅਮਲ ਕਰਨ ਦੇ ਕਾਬਲ ਬਣਾਂਗੇ।
9. ਜਦ ਲੋਕ ਸਾਡੇ ਤੋਂ ਇਕ ਚੀਜ਼ ਚਾਹੁੰਦੇ ਹਨ ਤੇ ਪਰਮੇਸ਼ੁਰ ਕੁਝ ਹੋਰ ਚਾਹੁੰਦਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
9 ਅੱਜ-ਕੱਲ੍ਹ ਅਕਸਰ ‘ਸਰਦਾਰ’ ਯਾਨੀ ਅਧਿਕਾਰ ਰੱਖਣ ਵਾਲੇ ਲੋਕ ਸਾਡੇ ਵਿਰੁੱਧ ਗੱਲਾਂ ਕਰਦੇ ਹਨ ਅਤੇ ਸਾਨੂੰ ਪਰਮੇਸ਼ੁਰ ਦੇ ਹੁਕਮ ਖ਼ਿਲਾਫ਼ ਜਾਣ ਲਈ ਮਜਬੂਰ ਕਰਦੇ ਹਨ। (ਜ਼ਬੂਰਾਂ ਦੀ ਪੋਥੀ 119:23, 24) ਜਦ ਲੋਕ ਸਾਡੇ ਤੋਂ ਇਕ ਚੀਜ਼ ਚਾਹੁੰਦੇ ਹਨ ਤੇ ਪਰਮੇਸ਼ੁਰ ਕੁਝ ਹੋਰ ਚਾਹੁੰਦਾ ਹੈ, ਤਾਂ ਅਸੀਂ ਕੀ ਕਰਾਂਗੇ? ਯਹੋਵਾਹ ਨੂੰ ਵਫ਼ਾਦਾਰ ਰਹਿਣ ਲਈ ਜ਼ਰੂਰੀ ਹੈ ਕਿ ਅਸੀਂ ਉਸ ਦੇ ਬਚਨ ਨੂੰ ਆਪਣੀ ਖ਼ੁਸ਼ੀ ਬਣਾਈਏ। ਇਸ ਤੋਂ ਇਲਾਵਾ ਅਸੀਂ ਯਿਸੂ ਮਸੀਹ ਦੇ ਰਸੂਲਾਂ ਵਾਂਗ ਕਹਾਂਗੇ: “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।”—ਰਸੂਲਾਂ ਦੇ ਕਰਤੱਬ 5:29.
10, 11. ਉਦਾਹਰਣ ਦਿਓ ਕਿ ਅਸੀਂ ਸਖ਼ਤ ਤੋਂ ਸਖ਼ਤ ਕਠਿਨਾਈਆਂ ਅਧੀਨ ਵੀ ਯਹੋਵਾਹ ਨੂੰ ਵਫ਼ਾਦਾਰ ਕਿਵੇਂ ਰਹਿ ਸਕਦੇ ਹਾਂ।
10 ਅਸੀਂ ਸਖ਼ਤ ਤੋਂ ਸਖ਼ਤ ਕਠਿਨਾਈਆਂ ਅਧੀਨ ਵੀ ਯਹੋਵਾਹ ਨੂੰ ਵਫ਼ਾਦਾਰ ਰਹਿ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 119:25-32) ਪਰ ਵਫ਼ਾਦਾਰ ਰਹਿਣ ਲਈ ਜ਼ਰੂਰੀ ਹੈ ਕਿ ਅਸੀਂ ਸਿੱਖਿਆ ਗ੍ਰਹਿਣ ਕਰਨ ਲਈ ਤਿਆਰ ਹੋਈਏ ਅਤੇ ਯਹੋਵਾਹ ਅੱਗੇ ਇਸ ਲਈ ਤਰਲੇ ਕਰੀਏ। ਸਾਡੇ ਲਈ “ਵਫ਼ਾਦਾਰੀ ਦਾ ਰਾਹ” ਚੁਣਨਾ ਵੀ ਜ਼ਰੂਰੀ ਹੈ।—ਜ਼ਬੂਰਾਂ ਦੀ ਪੋਥੀ 119:26, 30.
11 ਕਿਹਾ ਗਿਆ ਹੈ ਕਿ ਹਿਜ਼ਕੀਯਾਹ ਨੇ 119ਵਾਂ ਜ਼ਬੂਰ ਲਿਖਿਆ ਸੀ। ਉਸ ਨੇ “ਵਫ਼ਾਦਾਰੀ ਦਾ ਰਾਹ” ਚੁਣਿਆ ਸੀ। ਭਾਵੇਂ ਉਸ ਦੇ ਇਰਦ-ਗਿਰਦ ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਾਲੇ ਸਨ ਅਤੇ ਸ਼ਾਹੀ ਦਰਬਾਰ ਵਿਚ ਉਸ ਦਾ ਮਖੌਲ ਉਡਾਇਆ ਜਾਂਦਾ ਸੀ, ਪਰ ਉਹ ਸਹੀ ਰਾਹ ਤੁਰਨੋਂ ਨਹੀਂ ਹਟਿਆ। ਹੋ ਸਕਦਾ ਹੈ ਕਿ ਉਸ ਦੇ ਹਾਲਾਤਾਂ ਕਰਕੇ ਉਸ ਦੀ “ਜਾਨ ਉਦਾਸੀ ਦੇ ਕਾਰਨ ਢਲ ਗਈ” ਸੀ। (ਜ਼ਬੂਰਾਂ ਦੀ ਪੋਥੀ 119:28) ਇਸ ਦੇ ਬਾਵਜੂਦ ਹਿਜ਼ਕੀਯਾਹ ਨੇ ਪਰਮੇਸ਼ੁਰ ਤੇ ਭਰੋਸਾ ਰੱਖਿਆ। ਉਹ ਇਕ ਚੰਗਾ ਰਾਜਾ ਬਣਿਆ ਸੀ ਅਤੇ ਉਸ ਨੇ “ਓਹੋ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ।” (2 ਰਾਜਿਆਂ 18:1-5) ਇਸੇ ਤਰ੍ਹਾਂ ਅਸੀਂ ਵੀ ਯਹੋਵਾਹ ਉੱਤੇ ਭਰੋਸਾ ਰੱਖਦੇ ਹੋਏ ਅਜ਼ਮਾਇਸ਼ਾਂ ਸਹਿ ਸਕਦੇ ਹਾਂ ਅਤੇ ਉਸ ਨੂੰ ਵਫ਼ਾਦਾਰ ਰਹਿ ਸਕਦੇ ਹਾਂ।—ਯਾਕੂਬ 1:5-8.
ਯਹੋਵਾਹ ਦਾ ਬਚਨ ਸਾਨੂੰ ਹਿੰਮਤ ਦਿੰਦਾ ਹੈ
12. ਅਸੀਂ ਨਿੱਜੀ ਤੌਰ ਤੇ ਜ਼ਬੂਰ 119:36, 37 ਨੂੰ ਕਿਵੇਂ ਲਾਗੂ ਕਰ ਸਕਦੇ ਹਾਂ?
12 ਪਰਮੇਸ਼ੁਰ ਦੇ ਬਚਨ ਮੁਤਾਬਕ ਚੱਲ ਕੇ ਸਾਨੂੰ ਜ਼ਿੰਦਗੀ ਦੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਹਿੰਮਤ ਮਿਲਦੀ ਹੈ। (ਜ਼ਬੂਰਾਂ ਦੀ ਪੋਥੀ 119:33-40) ਅਸੀਂ ਸਿਰ ਨਿਵਾ ਕੇ ਯਹੋਵਾਹ ਤੋਂ ਤਾਲੀਮ ਮੰਗਦੇ ਹਾਂ, ਤਾਂਕਿ ਅਸੀਂ “ਆਪਣੇ ਸਾਰੇ ਮਨ ਨਾਲ” ਉਸ ਦੀ ਮਰਜ਼ੀ ਪੂਰੀ ਕਰ ਸਕੀਏ। (ਜ਼ਬੂਰਾਂ ਦੀ ਪੋਥੀ 119:33, 34) ਇਸ ਜ਼ਬੂਰ ਦੇ ਲਿਖਾਰੀ ਵਾਂਗ ਅਸੀਂ ਪਰਮੇਸ਼ੁਰ ਅੱਗੇ ਤਰਲੇ ਕਰਦੇ ਹਾਂ ਕਿ ਉਹ ‘ਆਪਣੀਆਂ ਸਾਖੀਆਂ ਵੱਲ ਸਾਡਾ ਦਿਲ ਮੋੜੇ, ਨਾ ਕਿ ਲੋਭ ਵੱਲ।’ (ਜ਼ਬੂਰਾਂ ਦੀ ਪੋਥੀ 119:36) ਪੌਲੁਸ ਰਸੂਲ ਵਾਂਗ ਅਸੀਂ ਈਮਾਨਦਾਰ ਰਹਿ ਕੇ “ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨੀ ਚਾਹੁੰਦੇ ਹਾਂ।” (ਇਬਰਾਨੀਆਂ 13:18) ਜੇ ਸਾਡੀ ਨੌਕਰੀ ਦੀ ਥਾਂ ਤੇ ਸਾਨੂੰ ਕੋਈ ਬੇਈਮਾਨੀ ਦਾ ਕੰਮ ਕਰਨ ਲਈ ਕਹੇ, ਤਾਂ ਸਾਨੂੰ ਲੋਭੀ ਬਣਨ ਦੀ ਬਜਾਇ ਹਿੰਮਤ ਨਾਲ ਪਰਮੇਸ਼ੁਰ ਦੇ ਬਚਨ ਮੁਤਾਬਕ ਚੱਲਣਾ ਚਾਹੀਦਾ ਹੈ। ਯਹੋਵਾਹ ਹਮੇਸ਼ਾ ਅਜਿਹੇ ਫ਼ੈਸਲਿਆਂ ਤੇ ਅਸੀਸ ਦਿੰਦਾ ਹੈ। ਦਰਅਸਲ ਉਹ ਤਾਂ ਸਾਨੂੰ ਆਪਣੀ ਹਰ ਗ਼ਲਤ ਖ਼ਾਹਸ਼ ਨੂੰ ਕਾਬੂ ਰੱਖਣ ਵਿਚ ਸਾਡੀ ਮਦਦ ਕਰਦਾ ਹੈ। ਇਸ ਲਈ ਆਓ ਆਪਾਂ ਦੁਆ ਕਰੀਏ: “ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ ਦੇਹ।” (ਜ਼ਬੂਰਾਂ ਦੀ ਪੋਥੀ 119:37) ਅਸੀਂ ਕਦੇ ਵੀ ਅਜਿਹਾ ਕੁਝ ਦੇਖਣਾ ਪਸੰਦ ਨਹੀਂ ਕਰਾਂਗੇ ਜਿਸ ਤੋਂ ਯਹੋਵਾਹ ਨੂੰ ਘਿਣ ਹੈ। (ਜ਼ਬੂਰਾਂ ਦੀ ਪੋਥੀ 97:10) ਹੋਰਨਾਂ ਗ਼ਲਤ ਗੱਲਾਂ ਦੇ ਨਾਲ-ਨਾਲ ਅਸੀਂ ਅਜਿਹੀਆਂ ਤਸਵੀਰਾਂ ਜਾਂ ਫਿਲਮਾਂ ਵਗੈਰਾ ਨਹੀਂ ਦੇਖਾਂਗੇ ਜਿਨ੍ਹਾਂ ਵਿਚ ਅਸ਼ਲੀਲਤਾ ਅਤੇ ਜਾਦੂ-ਟੂਣਾ ਹੈ।—1 ਕੁਰਿੰਥੀਆਂ 6:9, 10; ਪਰਕਾਸ਼ ਦੀ ਪੋਥੀ 21:8.
13. ਯਿਸੂ ਦੇ ਚੇਲਿਆਂ ਨੂੰ ਦਲੇਰੀ ਨਾਲ ਗੱਲ ਕਰਨ ਦੀ ਹਿੰਮਤ ਕਿੱਥੋਂ ਮਿਲੀ ਸੀ?
13 ਯਹੋਵਾਹ ਦੇ ਬਚਨ ਦਾ ਸਹੀ ਗਿਆਨ ਜਾਣ ਕੇ ਸਾਨੂੰ ਉਸ ਬਾਰੇ ਗਵਾਹੀ ਦੇਣ ਲਈ ਹਿੰਮਤ ਮਿਲਦੀ ਹੈ। (ਜ਼ਬੂਰਾਂ ਦੀ ਪੋਥੀ 119:41-48) ਸਾਨੂੰ ਉਸ ਸਮੇਂ ਵੀ ਹਿੰਮਤ ਦੀ ਲੋੜ ਹੁੰਦੀ ਹੈ ਜਦ ਸਾਨੂੰ ‘ਆਪਣੀ ਨਿੰਦਿਆ ਕਰਨ ਵਾਲੇ ਨੂੰ ਉੱਤਰ ਦੇਣਾ’ ਪੈਂਦਾ ਹੈ। (ਜ਼ਬੂਰਾਂ ਦੀ ਪੋਥੀ 119:42) ਕਦੀ-ਕਦੀ ਸਾਡੀ ਹਾਲਤ ਯਿਸੂ ਦੇ ਚੇਲਿਆਂ ਵਰਗੀ ਹੁੰਦੀ ਹੈ। ਸਿਤਮ ਸਹਿੰਦੇ ਸਮੇਂ ਉਨ੍ਹਾਂ ਨੇ ਪ੍ਰਾਰਥਨਾ ਕੀਤੀ: ‘ਹੇ ਯਹੋਵਾਹ ਆਪਣੇ ਦਾਸਾਂ ਨੂੰ ਇਹ ਬਖ਼ਸ਼ ਕਿ ਅਸੀਂ ਅੱਤ ਦਲੇਰੀ ਨਾਲ ਤੇਰਾ ਬਚਨ ਸੁਣਾਈਏ।’ ਇਸ ਦਾ ਅੰਜਾਮ ਕੀ ਹੋਇਆ? “ਸੱਭੋ ਪਵਿੱਤ੍ਰ ਆਤਮਾ ਨਾਲ ਭਰਪੂਰ ਹੋ ਗਏ ਅਰ ਪਰਮੇਸ਼ੁਰ ਦਾ ਬਚਨ ਦਲੇਰੀ ਨਾਲ ਸੁਣਾਉਣ ਲੱਗੇ।” ਉਹੀ ਸੱਚਾ ਪਰਮੇਸ਼ੁਰ ਸਾਨੂੰ ਵੀ ਦਲੇਰੀ ਨਾਲ ਗੱਲ ਕਰਨ ਦੀ ਹਿੰਮਤ ਦਿੰਦਾ ਹੈ।—ਰਸੂਲਾਂ ਦੇ ਕਰਤੱਬ 4:24-31.
14. ਅਸੀਂ ਪੌਲੁਸ ਵਾਂਗ ਦਲੇਰੀ ਨਾਲ ਗਵਾਹੀ ਕਿਵੇਂ ਦੇ ਸਕਦੇ ਹਾਂ?
14 ਜੇ ਅਸੀਂ ‘ਸਚਿਆਈ ਦੇ ਬਚਨ’ ਦੀ ਮਹੱਤਤਾ ਸਮਝਦੇ ਹਾਂ ਅਤੇ ‘ਬਿਵਸਥਾ ਦੀ ਹਰ ਵੇਲੇ ਪਾਲਨਾ ਕਰਦੇ ਹਾਂ,’ ਤਾਂ ਅਸੀਂ ਸ਼ਰਮਿੰਦਗੀ ਦੇ ਡਰ ਤੋਂ ਬਗੈਰ ਹਿੰਮਤ ਨਾਲ ਸੱਚ ਦਾ ਪ੍ਰਚਾਰ ਕਰ ਸਕਾਂਗੇ। (ਜ਼ਬੂਰਾਂ ਦੀ ਪੋਥੀ 119:43, 44) ਧਿਆਨ ਨਾਲ ਬਾਈਬਲ ਦੀ ਸਟੱਡੀ ਕਰ ਕੇ ਅਸੀਂ ‘ਪਾਤਸ਼ਾਹਾਂ ਦੇ ਸਨਮੁਖ ਪਰਮੇਸ਼ੁਰ ਦੀਆਂ ਸਾਖੀਆਂ ਦੀ ਚਰਚਾ’ ਕਰਨ ਲਈ ਤਿਆਰ ਰਹਾਂਗੇ। (ਜ਼ਬੂਰਾਂ ਦੀ ਪੋਥੀ 119:46) ਪ੍ਰਾਰਥਨਾ ਅਤੇ ਯਹੋਵਾਹ ਦੀ ਪਵਿੱਤਰ ਆਤਮਾ ਰਾਹੀਂ ਸਾਨੂੰ ਸਹੀ ਗੱਲ ਸਹੀ ਤਰੀਕੇ ਨਾਲ ਕਰਨ ਦੀ ਮਦਦ ਮਿਲੇਗੀ। (ਮੱਤੀ 10:16-20; ਕੁਲੁੱਸੀਆਂ 4:6) ਮਿਸਾਲ ਲਈ ਪੌਲੁਸ ਰਸੂਲ ਨੇ ਪਹਿਲੀ ਸਦੀ ਦੇ ਹਾਕਮਾਂ ਨੂੰ ਹਿੰਮਤ ਨਾਲ ਪਰਮੇਸ਼ੁਰ ਦੀਆਂ ਗੱਲਾਂ ਸੁਣਾਈਆਂ ਸਨ। ਉਸ ਨੇ ਰੋਮੀ ਹਾਕਮ ਫ਼ੇਲਿਕਸ ਨੂੰ ਗਵਾਹੀ ਦਿੱਤੀ ਅਤੇ ਫ਼ੇਲਿਕਸ ਨੇ “ਮਸੀਹ ਯਿਸੂ ਦੇ ਉੱਤੇ ਨਿਹਚਾ ਕਰਨ ਦੇ ਵਿਖੇ [ਪੌਲੁਸ] ਤੋਂ ਸੁਣਿਆ।” (ਰਸੂਲਾਂ ਦੇ ਕਰਤੱਬ 24:24, 25) ਇਸ ਤੋਂ ਇਲਾਵਾ ਪੌਲੁਸ ਨੇ ਫ਼ੇਸਤੁਸ ਨਾਂ ਦੇ ਹਾਕਮ ਤੇ ਰਾਜਾ ਅਗ੍ਰਿੱਪਾ ਨੂੰ ਵੀ ਗਵਾਹੀ ਦਿੱਤੀ ਸੀ। (ਰਸੂਲਾਂ ਦੇ ਕਰਤੱਬ 25:22–26:32) ਯਹੋਵਾਹ ਦੇ ਸਹਾਰੇ ਨਾਲ ਅਸੀਂ ਵੀ ਦਲੇਰੀ ਨਾਲ ‘ਇੰਜੀਲ ਤੋਂ ਸ਼ਰਮਾਉਣ’ ਤੋਂ ਬਗੈਰ ਗਵਾਹੀ ਦੇ ਸਕਦੇ ਹਾਂ।—ਰੋਮੀਆਂ 1:16.
ਪਰਮੇਸ਼ੁਰ ਦੇ ਬਚਨ ਤੋਂ ਦਿਲਾਸਾ
15. ਜਦੋਂ ਲੋਕ ਸਾਡਾ ਮਜ਼ਾਕ ਉਡਾਉਂਦੇ ਹਨ, ਤਾਂ ਸਾਨੂੰ ਪਰਮੇਸ਼ੁਰ ਦੇ ਬਚਨ ਤੋਂ ਦਿਲਾਸਾ ਕਿਵੇਂ ਮਿਲ ਸਕਦਾ ਹੈ?
15 ਯਹੋਵਾਹ ਦੇ ਬਚਨ ਵਿੱਚੋਂ ਸਾਨੂੰ ਦਿਲਾਸਾ ਮਿਲਦਾ ਹੈ। (ਜ਼ਬੂਰਾਂ ਦੀ ਪੋਥੀ 119:49-56) ਕਦੀ-ਕਦੀ ਅਜਿਹੇ ਸਮੇਂ ਹੁੰਦੇ ਹਨ ਜਦ ਸਾਨੂੰ ਦਿਲਾਸੇ ਦੀ ਸਖ਼ਤ ਲੋੜ ਹੁੰਦੀ ਹੈ। ਜਦ ਅਸੀਂ ਹਿੰਮਤ ਨਾਲ ਯਹੋਵਾਹ ਦੇ ਗਵਾਹਾਂ ਦੇ ਨਾਤੇ ਪ੍ਰਚਾਰ ਕਰਦੇ ਹਾਂ, ਤਾਂ ਕੁਝ ‘ਹੰਕਾਰੀ’ ਲੋਕ ਜੋ ਆਪਣੇ ਆਪ ਨੂੰ ਸਾਡੇ ਨਾਲੋਂ ਬਿਹਤਰ ਸਮਝਦੇ ਹਨ ਸਾਨੂੰ ‘ਠੱਠੇ ਵਿੱਚ ਬਹੁਤ ਉਡਾਉਂਦੇ ਹਨ।’ ਉਹ ਪਰਮੇਸ਼ੁਰ ਦੇ ਅਸੂਲਾਂ ਨੂੰ ਮਰੋੜ ਕੇ ਸਾਡਾ ਮਜ਼ਾਕ ਕਰਦੇ ਹਨ। (ਜ਼ਬੂਰਾਂ ਦੀ ਪੋਥੀ 119:51) ਪਰ ਹਿੰਮਤ ਹਾਰਨ ਦੀ ਬਜਾਇ ਸਾਨੂੰ ਦੁਆ ਕਰਦੇ ਸਮੇਂ ਸ਼ਾਇਦ ਪਰਮੇਸ਼ੁਰ ਦੇ ਬਚਨ ਤੋਂ ਅਜਿਹੀਆਂ ਗੱਲਾਂ ਯਾਦ ਆਉਣ ਜਿਨ੍ਹਾਂ ਤੋਂ ਸਾਨੂੰ “ਦਿਲਾਸਾ” ਮਿਲ ਸਕਦਾ ਹੈ। (ਜ਼ਬੂਰਾਂ ਦੀ ਪੋਥੀ 119:52) ਪ੍ਰਾਰਥਨਾ ਦੌਰਾਨ ਸਾਨੂੰ ਬਾਈਬਲ ਤੋਂ ਸ਼ਾਇਦ ਕੋਈ ਅਸੂਲ ਚੇਤੇ ਆਵੇ ਜਿਸ ਤੋਂ ਸਾਨੂੰ ਤਸੱਲੀ ਮਿਲਦੀ ਹੈ ਅਤੇ ਉਸ ਅਜ਼ਮਾਇਸ਼ ਦਾ ਸਾਮ੍ਹਣਾ ਕਰਨ ਦੀ ਹਿੰਮਤ ਮਿਲਦੀ ਹੈ।
16. ਸਿਤਮ ਸਹਿਣ ਦੇ ਬਾਵਜੂਦ ਪਰਮੇਸ਼ੁਰ ਦੇ ਲੋਕਾਂ ਨੇ ਕੀ ਨਹੀਂ ਕੀਤਾ?
16 ਕਿਹੜੇ ਹੰਕਾਰੀ ਲੋਕ ਇਸ ਜ਼ਬੂਰ ਦੇ ਲਿਖਾਰੀ ਦਾ ਮਜ਼ਾਕ ਉਡਾ ਰਹੇ ਸਨ? ਕਿੰਨੀ ਸ਼ਰਮਨਾਕ ਗੱਲ ਹੈ ਕਿ ਇਹ ਉਸ ਦੀ ਆਪਣੀ ਕੌਮ ਦੇ ਲੋਕ ਸਨ, ਅਜਿਹੇ ਇਸਰਾਏਲੀ ਜੋ ਪਰਮੇਸ਼ੁਰ ਦੇ ਲੋਕ ਮੰਨੇ ਜਾਂਦੇ ਸਨ! ਪਰ ਆਓ ਆਪਾਂ ਕਦੇ ਵੀ ਉਨ੍ਹਾਂ ਵਾਂਗ ਪਰਮੇਸ਼ੁਰ ਦੇ ਹੁਕਮਾਂ ਤੋਂ ਬੇਮੁਖ ਨਾ ਹੋਈਏ। (ਜ਼ਬੂਰਾਂ ਦੀ ਪੋਥੀ 119:51) ਭਾਵੇਂ ਸਾਲਾਂ ਦੌਰਾਨ ਯਹੋਵਾਹ ਦੇ ਕਈ ਹਜ਼ਾਰ ਗਵਾਹਾਂ ਨੇ ਨਾਜ਼ੀਆਂ ਅਤੇ ਹੋਰਨਾਂ ਦੇ ਹੱਥੋਂ ਸਿਤਮ ਸਹੇ ਹਨ, ਪਰ ਉਨ੍ਹਾਂ ਨੇ ਬਾਈਬਲ ਵਿਚਲੇ ਹੁਕਮਾਂ ਅਤੇ ਅਸੂਲਾਂ ਦੇ ਖ਼ਿਲਾਫ਼ ਜਾਣ ਤੋਂ ਇਨਕਾਰ ਕੀਤਾ ਹੈ। (ਯੂਹੰਨਾ 15:18-21) ਯਹੋਵਾਹ ਦੀ ਆਗਿਆ ਦੀ ਪਾਲਣਾ ਕਰਨੀ ਸਾਡੇ ਲਈ ਔਖੀ ਨਹੀਂ ਹੈ। ਇਸ ਦੀ ਬਜਾਇ ਉਸ ਦੇ ਹੁਕਮ ਸਾਡੇ ਲਈ ਸੁਰੀਲੇ ਭਜਨਾਂ ਵਰਗੇ ਹਨ।—ਜ਼ਬੂਰਾਂ ਦੀ ਪੋਥੀ 119:54; 1 ਯੂਹੰਨਾ 5:3.
ਪਰਮੇਸ਼ੁਰ ਦੇ ਬਚਨ ਲਈ ਸ਼ੁਕਰਗੁਜ਼ਾਰ ਹੋਵੋ
17. ਜੇ ਅਸੀਂ ਪਰਮੇਸ਼ੁਰ ਦੇ ਬਚਨ ਦੀ ਕਦਰ ਕਰਦੇ ਹਾਂ, ਤਾਂ ਅਸੀਂ ਕੀ ਕਰਾਂਗੇ?
17 ਅਸੀਂ ਪਰਮੇਸ਼ੁਰ ਦੇ ਬਚਨ ਉੱਤੇ ਚੱਲ ਕੇ ਉਸ ਲਈ ਆਪਣੀ ਕਦਰ ਜ਼ਾਹਰ ਕਰਦੇ ਹਾਂ। (ਜ਼ਬੂਰਾਂ ਦੀ ਪੋਥੀ 119:57-64) ਇਸ ਜ਼ਬੂਰ ਦੇ ਲਿਖਾਰੀ ਨੇ ‘ਯਹੋਵਾਹ ਦੇ ਬਚਨ ਦੀ ਪਾਲਨਾ ਕਰਨ’ ਦਾ ਵਾਅਦਾ ਕੀਤਾ ਅਤੇ ਉਸ ਦੇ ‘ਧਰਮ ਦਿਆਂ ਨਿਆਵਾਂ ਦੇ ਕਾਰਨ, ਅੱਧੀ ਰਾਤ ਉੱਠ ਕੇ ਉਸ ਦਾ ਧੰਨਵਾਦ ਕੀਤਾ।’ ਜੇ ਰਾਤ ਨੂੰ ਸੁੱਤੇ ਪਏ ਸਾਡੀ ਅੱਖ ਕਦੇ ਖੁੱਲ੍ਹ ਜਾਵੇ, ਤਾਂ ਇਹ ਪਰਮੇਸ਼ੁਰ ਦਾ ਧੰਨਵਾਦ ਕਰਨ ਦਾ ਕਿੰਨਾ ਵਧੀਆ ਮੌਕਾ ਹੈ! (ਜ਼ਬੂਰਾਂ ਦੀ ਪੋਥੀ 119:57, 62) ਜੇ ਅਸੀਂ ਪਰਮੇਸ਼ੁਰ ਦੇ ਬਚਨ ਦੀ ਕਦਰ ਕਰਦੇ ਹਾਂ, ਤਾਂ ਅਸੀਂ ਉਸ ਦੀ ਤਾਲੀਮ ਭਾਲਾਂਗੇ ਅਤੇ ਅਸੀਂ ‘ਯਹੋਵਾਹ ਦਾ ਭੈ ਰੱਖਣ ਵਾਲਿਆਂ ਦੇ ਸਾਥੀ’ ਬਣਾਂਗੇ। (ਜ਼ਬੂਰਾਂ ਦੀ ਪੋਥੀ 119:63, 64) ਧਰਤੀ ਤੇ ਇਨ੍ਹਾਂ ਸਾਥੀਆਂ ਤੋਂ ਇਲਾਵਾ ਹੋਰ ਕੋਈ ਚੰਗਾ ਸਾਥੀ ਨਹੀਂ ਕਿਉਂਕਿ ਇਨ੍ਹਾਂ ਦੇ ਦਿਲ ਵਿਚ ਪਰਮੇਸ਼ੁਰ ਲਈ ਡੂੰਘੀ ਸ਼ਰਧਾ ਹੈ।
18. ਜਦ ‘ਦੁਸ਼ਟਾਂ ਦੇ ਬੰਨ੍ਹ’ ਸਾਨੂੰ ਘੇਰੇ ਵਿਚ ਲੈ ਲੈਂਦੇ ਹਨ, ਤਾਂ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੰਦਾ ਹੈ?
18 ਜਦ ਅਸੀਂ ਆਪਣੇ ਪੂਰੇ ਦਿਲ ਨਾਲ ਯਹੋਵਾਹ ਦੀ ਬੇਨਤੀ ਕਰਦੇ ਹਾਂ ਕਿ ਉਹ ਸਾਨੂੰ ਆਪਣੀ ਤਾਲੀਮ ਦੇਵੇ, ਤਾਂ ਉਹ ਸਾਡੇ ਤੇ ਮਿਹਰਬਾਨ ਹੁੰਦਾ ਹੈ। ਸਾਨੂੰ ਖ਼ਾਸਕਰ ਉਸ ਸਮੇਂ ਤਰਲੇ ਕਰਨ ਦੀ ਲੋੜ ਹੈ ਜਦ ‘ਦੁਸ਼ਟਾਂ ਦੇ ਬੰਨ੍ਹ’ ਸਾਨੂੰ ਘੇਰੇ ਵਿਚ ਲੈ ਲੈਂਦੇ ਹਨ। (ਜ਼ਬੂਰਾਂ ਦੀ ਪੋਥੀ 119:58, 61) ਯਹੋਵਾਹ ਸਾਡੇ ਵੈਰੀਆਂ ਦੇ ਬੰਨ੍ਹ ਤੋੜ ਸਕਦਾ ਹੈ ਅਤੇ ਅਸੀਂ ਉਸ ਦੇ ਰਾਜ ਦਾ ਪ੍ਰਚਾਰ ਕਰਨ ਅਤੇ ਲੋਕਾਂ ਨੂੰ ਉਸ ਬਾਰੇ ਸਿਖਾਉਣ ਲਈ ਆਜ਼ਾਦ ਹੋ ਸਕਦੇ ਹਾਂ। (ਮੱਤੀ 24:14; 28:19, 20) ਇਹ ਗੱਲ ਅਸੀਂ ਕਈ ਵਾਰ ਉਨ੍ਹਾਂ ਦੇਸ਼ਾਂ ਵਿਚ ਦੇਖੀ ਹੈ ਜਿੱਥੇ ਸਾਡੇ ਪ੍ਰਚਾਰ ਦੇ ਕੰਮ ਦੇ ਪਾਬੰਦੀਆਂ ਲਾ ਦਿੱਤੀਆਂ ਗਈਆਂ ਸਨ।
ਪਰਮੇਸ਼ੁਰ ਦੇ ਬਚਨ ਉੱਤੇ ਭਰੋਸਾ ਰੱਖੋ
19, 20. ਸਾਡੇ ਲਈ ਦੁਖੀ ਹੋਣਾ ਭਲਾ ਕਿਵੇਂ ਹੋ ਸਕਦਾ ਹੈ?
19 ਪਰਮੇਸ਼ੁਰ ਅਤੇ ਉਸ ਦੇ ਬਚਨ ਉੱਤੇ ਭਰੋਸਾ ਰੱਖ ਕੇ ਸਾਨੂੰ ਉਸ ਦੀ ਮਰਜ਼ੀ ਪੂਰੀ ਕਰਨ ਅਤੇ ਦੁੱਖਾਂ ਨੂੰ ਸਹਿਣ ਲਈ ਮਦਦ ਮਿਲਦੀ ਹੈ। (ਜ਼ਬੂਰਾਂ ਦੀ ਪੋਥੀ 119:65-72) ਭਾਵੇਂ ‘ਹੰਕਾਰੀਆਂ ਨੇ ਉਸ ਉੱਤੇ ਝੂਠ ਥੱਪ ਛੱਡਿਆ ਸੀ,’ ਫਿਰ ਵੀ ਇਸ ਜ਼ਬੂਰ ਦੇ ਲਿਖਾਰੀ ਨੇ ਗਾਇਆ: “ਮੇਰੇ ਲਈ ਭਲਾ ਹੈ ਕਿ ਮੈਂ ਦੁਖੀ ਹੋਇਆ।” (ਜ਼ਬੂਰਾਂ ਦੀ ਪੋਥੀ 119:66, 69, 71) ਯਹੋਵਾਹ ਦੇ ਕਿਸੇ ਵੀ ਸੇਵਕ ਲਈ ਦੁਖੀ ਹੋਣਾ ਭਲਾ ਕਿਵੇਂ ਹੋ ਸਕਦਾ ਹੈ?
20 ਜਦ ਸਾਨੂੰ ਕੋਈ ਦੁੱਖ ਸਹਿਣਾ ਪੈਂਦਾ ਹੈ, ਤਾਂ ਅਸੀਂ ਯਹੋਵਾਹ ਨੂੰ ਦੁਆ ਜ਼ਰੂਰ ਕਰਦੇ ਹਾਂ। ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੇ ਪਰਮੇਸ਼ੁਰ ਦੇ ਨਜ਼ਦੀਕ ਮਹਿਸੂਸ ਕਰਦੇ ਹਾਂ। ਅਸੀਂ ਸ਼ਾਇਦ ਬਾਈਬਲ ਦੀ ਸਟੱਡੀ ਵਿਚ ਹੋਰ ਸਮਾਂ ਲਾਈਏ ਅਤੇ ਉਸ ਤੇ ਅਮਲ ਕਰਨ ਦੀ ਅੱਗੇ ਨਾਲੋਂ ਜ਼ਿਆਦਾ ਕੋਸ਼ਿਸ਼ ਕਰੀਏ। ਇਸ ਸਾਰੇ ਜਤਨ ਦਾ ਨਤੀਜਾ ਚੰਗਾ ਹੁੰਦਾ ਹੈ ਅਤੇ ਅਸੀਂ ਆਪਣੀ ਜ਼ਿੰਦਗੀ ਵਿਚ ਸੁਖ ਪਾਉਂਦੇ ਹਾਂ। ਪਰ ਜੇ ਅਸੀਂ ਆਪਣੇ ਦੁੱਖਾਂ ਦੌਰਾਨ ਆਪਣੇ ਵਿਚ ਬੇਸਬਰੀ ਜਾਂ ਬੇਇਤਬਾਰੀ ਵਰਗਾ ਕੋਈ ਔਗੁਣ ਦੇਖੀਏ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਅਸੀਂ ਪਰਮੇਸ਼ੁਰ ਅੱਗੇ ਤਰਲੇ ਕਰ ਸਕਦੇ ਹਾਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਦੀ ਮਦਦ ਨਾਲ ਅਜਿਹੇ ਔਗੁਣਾਂ ਨੂੰ ਜੜ੍ਹੋਂ ਪੱਟ ਕੇ ‘ਨਵੀਂ ਇਨਸਾਨੀਅਤ ਪਹਿਨਣੀ’ ਸਿੱਖ ਸਕਦੇ ਹਾਂ। (ਕੁਲੁੱਸੀਆਂ 3:9-14) ਇਸ ਤੋਂ ਇਲਾਵਾ ਮੁਸ਼ਕਲਾਂ ਦੌਰਾਨ ਸਾਡੀ ਪਰਖੀ ਹੋਈ ਨਿਹਚਾ ਮਜ਼ਬੂਤ ਬਣਦੀ ਹੈ। (1 ਪਤਰਸ 1:6, 7) ਪੌਲੁਸ ਰਸੂਲ ਨੇ ਬਹੁਤ ਮੁਸ਼ਕਲਾਂ ਸਹੀਆਂ ਸਨ ਅਤੇ ਉਸ ਨੂੰ ਇਨ੍ਹਾਂ ਤੋਂ ਫ਼ਾਇਦਾ ਹੋਇਆ ਸੀ। ਉਸ ਨੇ ਯਹੋਵਾਹ ਦੇ ਆਸਰੇ ਜੀਣਾ ਸਿੱਖਿਆ ਸੀ। (2 ਕੁਰਿੰਥੀਆਂ 1:8-10) ਕੀ ਅਸੀਂ ਆਪਣੀਆਂ ਮੁਸ਼ਕਲਾਂ ਨੂੰ ਫ਼ਾਇਦੇਮੰਦ ਬਣਨ ਦਿੰਦੇ ਹਾਂ?
ਯਹੋਵਾਹ ਤੇ ਹਮੇਸ਼ਾ ਭਰੋਸਾ ਰੱਖੋ
21. ਜਦ ਯਹੋਵਾਹ ਹੰਕਾਰੀ ਲੋਕਾਂ ਨੂੰ ਸ਼ਰਮਿੰਦੇ ਕਰਦਾ ਹੈ, ਤਾਂ ਕੀ ਹੁੰਦਾ ਹੈ?
21 ਪਰਮੇਸ਼ੁਰ ਦੇ ਬਚਨ ਵਿਚ ਸਾਨੂੰ ਯਹੋਵਾਹ ਤੇ ਭਰੋਸਾ ਰੱਖਣ ਦਾ ਠੋਸ ਕਾਰਨ ਦਿੱਤਾ ਗਿਆ ਹੈ। (ਜ਼ਬੂਰਾਂ ਦੀ ਪੋਥੀ 119:73-80) ਜੇ ਅਸੀਂ ਆਪਣੇ ਕਰਤਾਰ ਉੱਤੇ ਸੱਚ-ਮੁੱਚ ਭਰੋਸਾ ਰੱਖਦੇ ਹਾਂ, ਤਾਂ ਸਾਨੂੰ ਜ਼ਲੀਲ ਮਹਿਸੂਸ ਕਰਨ ਦੀ ਕੋਈ ਲੋੜ ਨਹੀਂ। ਪਰ ਬਾਕੀਆਂ ਦੀਆਂ ਕਰਨੀਆਂ ਸਾਨੂੰ ਦੁਖੀ ਕਰ ਸਕਦੀਆਂ ਹਨ ਅਤੇ ਅਸੀਂ ਸ਼ਾਇਦ ਇਸ ਤਰ੍ਹਾਂ ਪ੍ਰਾਰਥਨਾ ਕਰੀਏ: ‘ਹੇ ਯਹੋਵਾਹ, ਹੰਕਾਰੀ ਸ਼ਰਮਿੰਦੇ ਹੋਣ।’ (ਜ਼ਬੂਰਾਂ ਦੀ ਪੋਥੀ 119:76-78) ਜਦ ਯਹੋਵਾਹ ਇਨ੍ਹਾਂ ਲੋਕਾਂ ਨੂੰ ਸ਼ਰਮਿੰਦੇ ਕਰਦਾ ਹੈ, ਤਾਂ ਉਨ੍ਹਾਂ ਦੀਆਂ ਕਰਨੀਆਂ ਦਾ ਭੇਤ ਖੁੱਲ੍ਹ ਜਾਂਦਾ ਹੈ ਅਤੇ ਯਹੋਵਾਹ ਦਾ ਨਾਂ ਰੌਸ਼ਨ ਹੁੰਦਾ ਹੈ। ਅਸੀਂ ਯਕੀਨ ਕਰ ਸਕਦੇ ਹਾਂ ਕਿ ਪਰਮੇਸ਼ੁਰ ਦੇ ਲੋਕਾਂ ਉੱਤੇ ਜ਼ੁਲਮ ਢਾਹੁਣ ਵਾਲੇ ਲੋਕ ਕਦੇ ਕਾਮਯਾਬ ਨਹੀਂ ਹੋਣਗੇ। ਮਿਸਾਲ ਲਈ ਉਹ ਨਾ ਤਾਂ ਕਦੇ ਯਹੋਵਾਹ ਦੇ ਗਵਾਹਾਂ ਦਾ ਨਾਮੋ-ਨਿਸ਼ਾਨ ਮਿਟਾ ਸਕੇ ਹਨ ਤੇ ਨਾ ਕਦੇ ਮਿਟਾ ਸਕਣਗੇ ਕਿਉਂਕਿ ਅਸੀਂ ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ।—ਕਹਾਉਤਾਂ 3:5, 6.
22. ਇਸ ਜ਼ਬੂਰ ਦਾ ਲਿਖਾਰੀ “ਧੂੰਏਂ ਵਿੱਚ ਦੀ ਮਸ਼ਕ ਵਾਂਙੁ” ਕਿਉਂ ਮਹਿਸੂਸ ਕਰਦਾ ਸੀ?
22 ਜਦ ਸਾਡੇ ਤੇ ਜ਼ੁਲਮ ਢਾਏ ਜਾਂਦੇ ਹਨ, ਤਾਂ ਪਰਮੇਸ਼ੁਰ ਦੇ ਬਚਨ ਤੋਂ ਸਾਨੂੰ ਤਾਕਤ ਮਿਲਦੀ ਹੈ। (ਜ਼ਬੂਰਾਂ ਦੀ ਪੋਥੀ 119:81-88) ਇਸ ਜ਼ਬੂਰ ਦੇ ਲਿਖਾਰੀ ਨੇ ਹੰਕਾਰੀਆਂ ਦੇ ਹੱਥੋਂ ਇੰਨੇ ਸਿਤਮ ਸਹੇ ਕਿ ਉਸ ਨੇ ਕਿਹਾ: “ਮੈਂ ਤਾਂ ਧੂੰਏਂ ਵਿੱਚ ਦੀ ਮਸ਼ਕ ਵਾਂਙੁ ਹੋਇਆ।” (ਜ਼ਬੂਰਾਂ ਦੀ ਪੋਥੀ 119:83, 86) ਪੁਰਾਣੇ ਜ਼ਮਾਨੇ ਵਿਚ ਪਾਣੀ, ਮੈ ਤੇ ਹੋਰ ਚੀਜ਼ਾਂ ਮਸ਼ਕਾਂ ਵਿਚ ਪਾਈਆਂ ਜਾਂਦੀਆਂ ਸਨ। ਜੇ ਖਾਲੀ ਮਸ਼ਕ ਕਿਸੇ ਅਜਿਹੀ ਜਗ੍ਹਾ ਟੰਗੀ ਜਾਵੇ ਜਿੱਥੇ ਚੁੱਲ੍ਹਾ ਬਲਦਾ ਸੀ ਤੇ ਕਮਰਾ ਧੂੰਏ ਨਾਲ ਭਰ ਜਾਂਦਾ ਸੀ, ਤਾਂ ਇਹ ਚੁਰੜ-ਮੁਰੜ ਕੇ ਸੁੰਗੜ ਜਾਂਦੀ ਸੀ। ਕੀ ਤੁਸੀਂ ਕਦੇ ਤੰਗੀ ਅਤੇ ਸਿਤਮ ਸਹਿੰਦੇ ਸਮੇਂ ਮਹਿਸੂਸ ਕੀਤਾ ਹੈ ਕਿ ਤੁਸੀਂ “ਧੂੰਏਂ ਵਿੱਚ ਦੀ ਮਸ਼ਕ ਵਾਂਙੁ” ਹੋ? ਜੇ ਤੁਸੀਂ ਇਸ ਨਾਲ ਹਾਮੀ ਭਰਦੇ ਹੋ, ਤਾਂ ਯਹੋਵਾਹ ਅੱਗੇ ਤਰਲੇ ਕਰੋ: “ਆਪਣੀ ਦਯਾ ਦੇ ਅਨੁਸਾਰ ਮੈਨੂੰ ਜੀਉਂਦਾ ਰੱਖ, ਤਾਂ ਮੈਂ ਤੇਰੇ ਮੂੰਹ ਦੀ ਸਾਖੀ ਦੀ ਪਾਲਨਾ ਕਰਾਂਗਾ।”—ਜ਼ਬੂਰਾਂ ਦੀ ਪੋਥੀ 119:88.
23. ਅਸੀਂ ਜ਼ਬੂਰ 119:1-88 ਤੋਂ ਕੀ ਸਿੱਖਿਆ ਹੈ ਅਤੇ ਅੱਗੇ ਜ਼ਬੂਰ 119:89-176 ਦੀ ਸਟੱਡੀ ਕਰਨ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਕੀ ਪੁੱਛ ਸਕਦੇ ਹਾਂ?
23 ਅਸੀਂ 119ਵੇਂ ਜ਼ਬੂਰ ਦੇ ਪਹਿਲੇ ਹਿੱਸੇ ਤੋਂ ਸਿੱਖਿਆ ਹੈ ਕਿ ਯਹੋਵਾਹ ਆਪਣੇ ਸੇਵਕਾਂ ਤੇ ਦਇਆ ਕਰਦਾ ਹੈ ਕਿਉਂਕਿ ਉਹ ਉਸ ਦੇ ਬਚਨ ਉੱਤੇ ਭਰੋਸਾ ਰੱਖਦੇ ਹਨ ਅਤੇ ਉਸ ਦੀਆਂ ਬਿਧੀਆਂ, ਸਾਖੀਆਂ, ਬਿਵਸਥਾ ਅਤੇ ਹੁਕਮਾਂ ਤੇ ਚੱਲਣਾ ਪਸੰਦ ਕਰਦੇ ਹਨ। (ਜ਼ਬੂਰਾਂ ਦੀ ਪੋਥੀ 119:16, 47, 64, 70, 77, 88) ਉਹ ਖ਼ੁਸ਼ ਹੈ ਕਿ ਉਸ ਦੀ ਭਗਤੀ ਕਰਨ ਵਾਲੇ ਉਸ ਦੇ ਬਚਨ ਮੁਤਾਬਕ ਆਪਣੀ ਚਾਲ ਦੀ ਚੌਕਸੀ ਕਰਦੇ ਹਨ। (ਜ਼ਬੂਰਾਂ ਦੀ ਪੋਥੀ 119:9, 17, 41, 42) ਆਓ ਆਪਾਂ ਇਸ ਲਾਜਵਾਬ ਜ਼ਬੂਰ ਦੀ ਅੱਗੇ ਸਟੱਡੀ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਪੁੱਛੀਏ, ‘ਕੀ ਮੈਂ ਯਹੋਵਾਹ ਦੇ ਬਚਨ ਨੂੰ ਆਪਣੇ ਰਾਹ ਨੂੰ ਰੌਸ਼ਨ ਕਰਨ ਦਿੰਦਾ ਹਾਂ?’
[ਫੁਟਨੋਟ]
^ ਪੈਰਾ 2 ਇਸ ਜ਼ਬੂਰ ਵਿਚ ਯਹੋਵਾਹ ਦੇ ਸੁਨੇਹੇ ਜਾਂ ਕਹੇ ਬਾਰੇ ਗੱਲ ਕੀਤੀ ਗਈ ਹੈ ਨਾ ਕਿ ਉਸ ਦੇ ਬਚਨ ਬਾਈਬਲ ਬਾਰੇ।
ਤੁਹਾਡਾ ਜਵਾਬ ਕੀ ਹੈ?
• ਅਸਲੀ ਸੁਖ ਕਿਨ੍ਹਾਂ ਗੱਲਾਂ ਤੇ ਨਿਰਭਰ ਕਰਦਾ ਹੈ?
• ਯਹੋਵਾਹ ਦਾ ਬਚਨ ਸਾਨੂੰ ਸ਼ੁੱਧ ਕਿਵੇਂ ਰੱਖਦਾ ਹੈ?
• ਪਰਮੇਸ਼ੁਰ ਦੇ ਬਚਨ ਤੋਂ ਸਾਨੂੰ ਹਿੰਮਤ ਅਤੇ ਦਿਲਾਸਾ ਕਿਵੇਂ ਮਿਲਦਾ ਹੈ?
• ਸਾਨੂੰ ਯਹੋਵਾਹ ਅਤੇ ਉਸ ਦੇ ਬਚਨ ਉੱਤੇ ਭਰੋਸਾ ਕਿਉਂ ਰੱਖਣਾ ਚਾਹੀਦਾ ਹੈ?
[ਸਵਾਲ]
[ਸਫ਼ੇ 11 ਉੱਤੇ ਤਸਵੀਰ]
ਰੂਥ, ਰਾਹਾਬ ਅਤੇ ਬਾਬਲ ਵਿਚ ਬਣਬਾਸ ਕੱਟ ਰਹੇ ਇਬਰਾਨੀਆਂ ਨੇ ‘ਪਰਮੇਸ਼ੁਰ ਦੇ ਬਚਨ ਦੇ ਅਨੁਸਾਰ ਆਪਣੀ ਚਾਲ ਦੀ ਚੌਕਸੀ ਕੀਤੀ’ ਸੀ
[ਸਫ਼ੇ 12 ਉੱਤੇ ਤਸਵੀਰ]
ਪੌਲੁਸ ਰਸੂਲ ਨੇ ਦਲੇਰੀ ਨਾਲ ‘ਪਾਤਸ਼ਾਹਾਂ ਦੇ ਸਨਮੁਖ ਪਰਮੇਸ਼ੁਰ ਦੀਆਂ ਸਾਖੀਆਂ ਦੀ ਚਰਚਾ’ ਕੀਤੀ ਸੀ