Skip to content

Skip to table of contents

ਮਾਪਿਓ, ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰੋ

ਮਾਪਿਓ, ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰੋ

ਮਾਪਿਓ, ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰੋ

“ਜੇ ਕੋਈ ਆਪਣਿਆਂ ਲਈ . . . ਅੱਗੋਂ ਹੀ ਤਰੱਦਦ ਨਹੀਂ ਕਰਦਾ ਤਾਂ ਉਹ ਨਿਹਚਾ ਤੋਂ ਬੇਮੁਖ ਹੋਇਆ।”—1 ਤਿਮੋਥਿਉਸ 5:8.

1, 2. (ੳ) ਮੀਟਿੰਗਾਂ ਵਿਚ ਪਰਿਵਾਰਾਂ ਨੂੰ ਦੇਖ ਕੇ ਸਾਨੂੰ ਹੌਸਲਾ ਕਿਉਂ ਮਿਲਦਾ ਹੈ? (ਅ) ਸਮੇਂ ਸਿਰ ਮੀਟਿੰਗਾਂ ਵਿਚ ਪਹੁੰਚਣ ਲਈ ਪਰਿਵਾਰਾਂ ਨੂੰ ਕਿੰਨੀ ਕੁ ਮਿਹਨਤ ਕਰਨੀ ਪੈਂਦੀ ਹੈ?

ਮੀਟਿੰਗ ਤੋਂ ਪਹਿਲਾਂ ਤੁਸੀਂ ਕਿੰਗਡਮ ਹਾਲ ਵਿਚ ਸ਼ਾਇਦ ਸਾਫ਼-ਸੁਥਰੇ ਕੱਪੜੇ ਪਾਏ ਬੱਚੇ ਆਪਣੇ ਮਾਪਿਆਂ ਨਾਲ ਬੈਠੇ ਦੇਖੋ। ਅਜਿਹੇ ਪਰਿਵਾਰਾਂ ਵਿਚ ਯਹੋਵਾਹ ਲਈ ਅਤੇ ਇਕ-ਦੂਜੇ ਲਈ ਵੀ ਪਿਆਰ ਦੇਖ ਕੇ ਕਿੰਨਾ ਚੰਗਾ ਲੱਗਦਾ ਹੈ! ਪਰ ਅਸੀਂ ਭੁੱਲ ਜਾਂਦੇ ਹਾਂ ਕਿ ਬੱਚਿਆਂ ਨੂੰ ਮੀਟਿੰਗ ਵਿਚ ਲਿਆਉਣ ਲਈ ਮਾਪਿਆਂ ਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਹੈ।

2 ਮਾਪਿਆਂ ਨੂੰ ਉੱਦਾਂ ਹੀ ਪੂਰਾ ਦਿਨ ਕੰਮਾਂ-ਕਾਰਾਂ ਤੋਂ ਵਿਹਲ ਨਹੀਂ ਮਿਲਦਾ, ਪਰ ਜਿਸ ਸ਼ਾਮ ਮੀਟਿੰਗ ਹੁੰਦੀ ਹੈ ਉਸ ਸ਼ਾਮ ਉਨ੍ਹਾਂ ਦਾ ਕੰਮ ਹੋਰ ਵੀ ਵਧ ਜਾਂਦਾ ਹੈ। ਮੀਟਿੰਗ ਜਾਣ ਤੋਂ ਪਹਿਲਾਂ ਰੋਟੀ ਤਿਆਰ ਕਰਨੀ, ਘਰ ਦੇ ਕੰਮ-ਕਾਜ ਕਰਨੇ ਅਤੇ ਬੱਚਿਆਂ ਨੂੰ ਸਕੂਲ ਦਾ ਕੰਮ ਕਰਾਉਣਾ। ਮਾਪਿਆਂ ਉੱਤੇ ਹੀ ਕੰਮ ਦਾ ਸਾਰਾ ਬੋਝ ਹੁੰਦਾ ਹੈ ਕਿਉਂਕਿ ਉਨ੍ਹਾਂ ਨੇ ਦੇਖਣਾ ਹੁੰਦਾ ਹੈ ਕਿ ਸਾਰੇ ਖਾ-ਪੀ ਲੈਣ ਅਤੇ ਨਾ-ਧੋਅ ਕੇ ਵਕਤ ਸਿਰ ਮੀਟਿੰਗ ਲਈ ਤਿਆਰ ਹੋ ਜਾਣ। ਪਰ ਬੱਚੇ ਤਾਂ ਬੱਚੇ ਹੀ ਹਨ ਅਤੇ ਕੋਈ-ਨ-ਕੋਈ ਗੜਬੜ ਕਰੀ ਰੱਖਦੇ ਹਨ। ਮਿਸਾਲ ਲਈ, ਵੱਡਾ ਖੇਡਦਾ-ਖੇਡਦਾ ਆਪਣੀ ਪੈਂਟ ਪਾੜ ਲੈਂਦਾ ਹੈ। ਛੋਟਾ ਆਪਣਾ ਖਾਣਾ ਥੱਲੇ ਸੁੱਟ ਦਿੰਦਾ ਹੈ ਜਾਂ ਬੱਚੇ ਆਪਸ ਵਿਚ ਝਗੜਨ ਲੱਗ ਪੈਂਦੇ ਹਨ। (ਕਹਾਉਤਾਂ 22:15) ਹਾਂ, ਮਾਪਿਆਂ ਨੇ ਜਿੰਨੀ ਮਰਜ਼ੀ ਤਿਆਰੀ ਕੀਤੀ ਹੋਵੇ, ਬੱਚੇ ਉਨ੍ਹਾਂ ਦੀ ਮਿਹਨਤ ਤੇ ਪਾਣੀ ਫੇਰ ਦਿੰਦੇ ਹਨ। ਫਿਰ ਵੀ ਅਜਿਹੇ ਪਰਿਵਾਰ ਤਕਰੀਬਨ ਹਮੇਸ਼ਾ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕਿੰਗਡਮ ਹਾਲ ਪਹੁੰਚ ਜਾਂਦੇ ਹਨ। ਸਾਨੂੰ ਇਹ ਦੇਖ ਕੇ ਕਿੰਨਾ ਹੌਸਲਾ ਮਿਲਦਾ ਹੈ ਕਿ ਇਹ ਪਰਿਵਾਰ ਹਰ ਹਫ਼ਤੇ ਮੀਟਿੰਗ ਵਿਚ ਆਉਂਦੇ ਹਨ ਅਤੇ ਮਾਪਿਆਂ ਦੀ ਮਿਹਨਤ ਸਦਕਾ ਬੱਚੇ ਵੱਡੇ ਹੋ ਕੇ ਯਹੋਵਾਹ ਦੇ ਚੰਗੇ ਸੇਵਕ ਬਣਦੇ ਹਨ!

3. ਸਾਨੂੰ ਕਿਵੇਂ ਪਤਾ ਹੈ ਕਿ ਯਹੋਵਾਹ ਮਾਪਿਆਂ ਦੀ ਮਿਹਨਤ ਦੀ ਕਦਰ ਕਰਦਾ ਹੈ?

3 ਭਾਵੇਂ ਮਾਂ-ਬਾਪ ਹੋਣ ਦੇ ਨਾਤੇ ਤੁਹਾਡਾ ਕੰਮ ਮੁਸ਼ਕਲ ਹੈ, ਫਿਰ ਵੀ ਤੁਸੀਂ ਪੂਰਾ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਡੀ ਮਿਹਨਤ ਦੀ ਬਹੁਤ ਕਦਰ ਕਰਦਾ ਹੈ। ਬਾਈਬਲ ਕਹਿੰਦੀ ਹੈ ਕਿ ਯਹੋਵਾਹ ਪਰਮੇਸ਼ੁਰ ਤੋਂ “ਹਰੇਕ ਘਰਾਣੇ ਦਾ ਨਾਉਂ ਆਖੀਦਾ ਹੈ” ਯਾਨੀ ਉਸ ਨੇ ਹੀ ਪਰਿਵਾਰ ਦੀ ਸ਼ੁਰੂਆਤ ਕੀਤੀ ਸੀ। (ਅਫ਼ਸੀਆਂ 3:14, 15) ਸੋ ਮਾਂ-ਬਾਪ ਹੋਣ ਦੇ ਨਾਤੇ ਜਦ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਉਂਦੇ ਹੋ, ਤਦ ਤੁਸੀਂ ਸਾਰੇ ਜਹਾਨ ਦੇ ਮਾਲਕ ਦੀ ਵਡਿਆਈ ਕਰਦੇ ਹੋ। (1 ਕੁਰਿੰਥੀਆਂ 10:31) ਕੀ ਇਹ ਵੱਡੇ ਮਾਣ ਦੀ ਗੱਲ ਨਹੀਂ ਹੈ? ਇਸ ਲਈ ਇਹ ਢੁਕਵਾਂ ਹੋਵੇਗਾ ਕਿ ਅਸੀਂ ਉਨ੍ਹਾਂ ਜ਼ਿੰਮੇਵਾਰੀਆਂ ਉੱਤੇ ਵਿਚਾਰ ਕਰੀਏ ਜੋ ਯਹੋਵਾਹ ਨੇ ਮਾਪਿਆਂ ਨੂੰ ਸੌਂਪੀਆਂ ਹਨ। ਇਸ ਲੇਖ ਵਿਚ ਅਸੀਂ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ ਬਾਰੇ ਚਰਚਾ ਕਰਾਂਗੇ। ਆਓ ਆਪਾਂ ਤਿੰਨ ਲੋੜਾਂ ਉੱਤੇ ਵਿਚਾਰ ਕਰੀਏ ਜੋ ਪਰਮੇਸ਼ੁਰ ਉਮੀਦ ਰੱਖਦਾ ਹੈ ਕਿ ਮਾਪੇ ਪੂਰੀਆਂ ਕਰਨਗੇ।

ਪਰਿਵਾਰ ਦਾ ਗੁਜ਼ਾਰਾ ਤੋਰਨਾ

4. ਪਰਿਵਾਰ ਵਿਚ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਯਹੋਵਾਹ ਨੇ ਕਿਹੜੇ ਇੰਤਜ਼ਾਮ ਕੀਤੇ ਹਨ?

4 ਪੌਲੁਸ ਰਸੂਲ ਨੇ ਲਿਖਿਆ: “ਜੇ ਕੋਈ ਆਪਣਿਆਂ ਲਈ ਅਤੇ ਖਾਸ ਕਰਕੇ ਆਪਣੇ ਘਰਾਣੇ ਲਈ ਅੱਗੋਂ ਹੀ ਤਰੱਦਦ ਨਹੀਂ ਕਰਦਾ ਤਾਂ ਉਹ ਨਿਹਚਾ ਤੋਂ ਬੇਮੁਖ ਹੋਇਆ ਅਤੇ ਬੇਪਰਤੀਤੇ ਨਾਲੋਂ ਭੀ ਬੁਰਾ ਹੈ।” (1 ਤਿਮੋਥਿਉਸ 5:8) ਇੱਥੇ ਪੌਲੁਸ ਖ਼ਾਸ ਕਰਕੇ ਕਿਸ ਬਾਰੇ ਗੱਲ ਕਰ ਰਿਹਾ ਸੀ? ਪਰਿਵਾਰ ਦੇ ਸਿਰ ਮਤਲਬ ਪਿਤਾ ਬਾਰੇ। ਪਤੀ ਦੀ ਮਦਦ ਕਰਨ ਲਈ ਪਰਮੇਸ਼ੁਰ ਨੇ ਤੀਵੀਂ ਨੂੰ ਵੀ ਬਣਾਇਆ ਹੈ। (ਉਤਪਤ 2:18) ਬਾਈਬਲ ਦੇ ਜ਼ਮਾਨੇ ਵਿਚ ਪਤਨੀਆਂ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਅਕਸਰ ਆਪਣੇ ਪਤੀਆਂ ਦੀ ਮਦਦ ਕਰਦੀਆਂ ਸਨ। (ਕਹਾਉਤਾਂ 31:13, 14, 16) ਪਰ ਅੱਜ-ਕੱਲ੍ਹ ਕਈ ਪਰਿਵਾਰਾਂ ਵਿਚ ਸਿਰਫ਼ ਮਾਂ ਜਾਂ ਸਿਰਫ਼ ਬਾਪ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੇ ਹਨ। * ਅਜਿਹੇ ਕਈ ਮਾਂ-ਬਾਪ ਆਪਣੇ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਣ ਵਿਚ ਆਪਣੀ ਪੂਰੀ ਵਾਹ ਲਾ ਰਹੇ ਹਨ ਜੋ ਕਿ ਕਾਬਲ-ਏ-ਤਾਰੀਫ਼ ਹੈ। ਲੇਕਿਨ ਵਧੀਆ ਤਾਂ ਇਹੀ ਹੁੰਦਾ ਹੈ ਕਿ ਦੋਨੋਂ ਮਾਂ-ਬਾਪ ਇਕੱਠੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਪਿਤਾ ਇਸ ਵਿਚ ਪਹਿਲ ਕਰੇ।

5, 6. (ੳ) ਪਰਿਵਾਰ ਦਾ ਗੁਜ਼ਾਰਾ ਤੋਰਨ ਵਾਲਿਆਂ ਨੂੰ ਕਿਹੋ ਜਿਹੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ? (ਅ) ਮਸੀਹੀ ਪਤੀਆਂ ਨੂੰ ਆਪਣੀ ਨੌਕਰੀ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?

5 ਪਹਿਲੇ ਤਿਮੋਥਿਉਸ 5:8 ਵਿਚ ਪੌਲੁਸ ਕਿਸ ਤਰ੍ਹਾਂ ਦੀ ਤਰੱਦਦ ਜਾਂ ਮਿਹਨਤ ਕਰਨ ਬਾਰੇ ਗੱਲ ਕਰ ਰਿਹਾ ਸੀ? ਇਸ ਆਇਤ ਦੇ ਪ੍ਰਸੰਗ ਤੋਂ ਪਤਾ ਲੱਗਦਾ ਹੈ ਕਿ ਇੱਥੇ ਉਹ ਰੋਟੀ, ਕੱਪੜਾ ਅਤੇ ਮਕਾਨ ਵਰਗੀਆਂ ਲੋੜਾਂ ਪੂਰੀਆਂ ਕਰਨ ਬਾਰੇ ਗੱਲ ਕਰ ਰਿਹਾ ਸੀ। ਅੱਜ ਦੀ ਦੁਨੀਆਂ ਵਿਚ ਪਿਤਾ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਕੇ ਰੋਜ਼ੀ-ਰੋਟੀ ਕਮਾਉਂਦਾ ਹੈ। ਪੈਸਿਆਂ ਦੀ ਤੰਗੀ, ਨੌਕਰੀ ਵਿੱਚੋਂ ਕੱਢ ਦਿੱਤੇ ਜਾਣ ਦਾ ਡਰ, ਬੇਰੋਜ਼ਗਾਰੀ ਅਤੇ ਮਹਿੰਗਾਈ ਵਰਗੀਆਂ ਮੁਸ਼ਕਲਾਂ ਉਸ ਨੂੰ ਸਾਹ ਨਹੀਂ ਲੈਣ ਦਿੰਦੀਆਂ। ਅਜਿਹੀਆਂ ਮੁਸ਼ਕਲਾਂ ਦੇ ਬਾਵਜੂਦ ਉਹ ਆਪਣੇ ਪਰਿਵਾਰ ਦੀਆਂ ਲੋੜਾਂ ਕਿਵੇਂ ਪੂਰੀਆਂ ਕਰ ਸਕਦਾ ਹੈ?

6 ਪਰਿਵਾਰ ਦਾ ਗੁਜ਼ਾਰਾ ਤੋਰਨ ਵਾਲੇ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਸ ਨੂੰ ਇਹ ਜ਼ਿੰਮੇਵਾਰੀ ਯਹੋਵਾਹ ਨੇ ਦਿੱਤੀ ਹੈ। ਪੌਲੁਸ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਜਿਹੜਾ ਮਨੁੱਖ ਇਹ ਹੁਕਮ ਪੂਰਾ ਕਰਨ ਤੋਂ ਇਨਕਾਰ ਕਰਦਾ ਹੈ ਉਹ “ਨਿਹਚਾ ਤੋਂ ਬੇਮੁਖ” ਹੋ ਚੁੱਕੇ ਵਿਅਕਤੀ ਦੇ ਸਮਾਨ ਹੈ। ਇਕ ਮਸੀਹੀ ਕਦੇ ਨਹੀਂ ਚਾਹੇਗਾ ਕਿ ਪਰਮੇਸ਼ੁਰ ਉਸ ਨੂੰ ਇਸ ਨਜ਼ਰ ਤੋਂ ਦੇਖੇ। ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ-ਕੱਲ੍ਹ ਦੁਨੀਆਂ ਵਿਚ ਕਈ ਲੋਕ “ਨਿਰਮੋਹ” ਹਨ। (2 ਤਿਮੋਥਿਉਸ 3:1, 3) ਬਹੁਤ ਸਾਰੇ ਪਿਤਾ ਆਪਣੀ ਜ਼ਿੰਮੇਵਾਰੀ ਨਹੀਂ ਚੁੱਕਦੇ ਤੇ ਆਪਣੇ ਪਰਿਵਾਰ ਨੂੰ ਮੁਸੀਬਤ ਵਿਚ ਛੱਡ ਜਾਂਦੇ ਹਨ। ਇਸ ਤੋਂ ਉਲਟ, ਮਸੀਹੀ ਪਤੀ ਪੱਥਰ-ਦਿਲ ਜਾਂ ਲਾਪਰਵਾਹ ਨਹੀਂ ਹਨ। ਭਾਵੇਂ ਉਹ ਮਾਮੂਲੀ ਜਿਹੀ ਨੌਕਰੀ ਹੀ ਕਿਉਂ ਨਾ ਕਰ ਰਹੇ ਹੋਣ, ਫਿਰ ਵੀ ਉਹ ਉਸ ਨੂੰ ਦਿਲੋਂ-ਜਾਨ ਨਾਲ ਕਰਦੇ ਹਨ। ਕਿਉਂ? ਕਿਉਂਕਿ ਨੌਕਰੀ ਕਰ ਕੇ ਉਹ ਆਪਣੇ ਘਰ ਦੀਆਂ ਲੋੜਾਂ ਪੂਰੀਆਂ ਕਰਦੇ ਹਨ ਜਿਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ।

7. ਮਾਪਿਆਂ ਨੂੰ ਯਿਸੂ ਦੀ ਮਿਸਾਲ ਉੱਤੇ ਗੌਰ ਕਿਉਂ ਕਰਨਾ ਚਾਹੀਦਾ ਹੈ?

7 ਪਿਤਾ ਨੂੰ ਯਿਸੂ ਦੀ ਮਿਸਾਲ ਉੱਤੇ ਗੌਰ ਕਰਨ ਤੋਂ ਵੀ ਮਦਦ ਮਿਲ ਸਕਦੀ ਹੈ। ਯਾਦ ਰੱਖੋ ਕਿ ਬਾਈਬਲ ਦੀ ਇਕ ਭਵਿੱਖਬਾਣੀ ਵਿਚ ਯਿਸੂ ਨੂੰ “ਅਨਾਦੀ ਪਿਤਾ” ਸੱਦਿਆ ਗਿਆ ਹੈ। (ਯਸਾਯਾਹ 9:6, 7) ਆਦਮ ਮਨੁੱਖਜਾਤੀ ਦਾ ਪਹਿਲਾ ਪਿਤਾ ਸੀ। “ਛੇਕੜਲਾ ਆਦਮ” ਹੋਣ ਦੇ ਨਾਤੇ ਯਿਸੂ ਨਿਹਚਾਵਾਨ ਇਨਸਾਨਾਂ ਦਾ ਪਿਤਾ ਬਣਦਾ ਹੈ। (1 ਕੁਰਿੰਥੀਆਂ 15:45) ਆਦਮ ਇਕ ਖ਼ੁਦਗਰਜ਼ ਪਿਤਾ ਨਿਕਲਿਆ, ਪਰ ਉਸ ਦੇ ਉਲਟ ਯਿਸੂ ਇਕ ਬਹੁਤ ਹੀ ਵਧੀਆ ਪਿਤਾ ਹੈ। ਬਾਈਬਲ ਯਿਸੂ ਬਾਰੇ ਕਹਿੰਦੀ ਹੈ: “ਇਸ ਤੋਂ ਅਸਾਂ ਪ੍ਰੇਮ ਨੂੰ ਜਾਤਾ ਭਈ ਉਹ ਨੇ ਸਾਡੇ ਲਈ ਆਪਣੀ ਜਾਨ ਦੇ ਦਿੱਤੀ।” (1 ਯੂਹੰਨਾ 3:16) ਜੀ ਹਾਂ, ਯਿਸੂ ਨੇ ਖ਼ੁਸ਼ੀ ਨਾਲ ਦੂਸਰਿਆਂ ਦੀ ਖ਼ਾਤਰ ਆਪਣੀ ਜਾਨ ਦੇ ਦਿੱਤੀ। ਇਸ ਤੋਂ ਇਲਾਵਾ, ਉਸ ਨੇ ਹਰ ਰੋਜ਼ ਛੋਟੀਆਂ-ਛੋਟੀਆਂ ਗੱਲਾਂ ਵਿਚ ਵੀ ਦੂਸਰਿਆਂ ਦੀਆਂ ਲੋੜਾਂ ਦਾ ਖ਼ਿਆਲ ਰੱਖਿਆ। ਮਾਪਿਓ, ਤੁਹਾਨੂੰ ਯਿਸੂ ਦੀ ਰੀਸ ਕਰਨੀ ਚਾਹੀਦੀ ਹੈ।

8, 9. (ੳ) ਮਾਪੇ ਪੰਛੀਆਂ ਤੋਂ ਕੀ ਸਿੱਖ ਸਕਦੇ ਹਨ? (ਅ) ਕਈ ਮਸੀਹੀ ਮਾਪੇ ਆਪਣੇ ਬੱਚਿਆਂ ਦੀ ਖ਼ਾਤਰ ਕੀ ਕਰਨ ਲਈ ਤਿਆਰ ਰਹਿੰਦੇ ਹਨ?

8 ਯਿਸੂ ਦੇ ਨਿਰਸੁਆਰਥ ਪਿਆਰ ਤੋਂ ਮਾਪੇ ਬਹੁਤ ਕੁਝ ਸਿੱਖ ਸਕਦੇ ਹਨ। ਧਿਆਨ ਦਿਓ ਕਿ ਯਿਸੂ ਨੇ ਪਰਮੇਸ਼ੁਰ ਦੇ ਹੱਠੀ ਲੋਕਾਂ ਨੂੰ ਕੀ ਕਿਹਾ ਸੀ: “ਮੈਂ ਕਿੰਨੀ ਵਾਰੀ ਚਾਹਿਆ ਜੋ ਤੇਰੇ ਬਾਲਕਾਂ ਨੂੰ ਉਸੇ ਤਰਾਂ ਇਕੱਠੇ ਕਰਾਂ ਜਿਸ ਤਰਾਂ ਕੁੱਕੜੀ ਆਪਣੇ ਬੱਚਿਆਂ ਨੂੰ ਖੰਭਾਂ ਦੇ ਹੇਠ ਇਕੱਠੇ ਕਰਦੀ ਹੈ।” (ਮੱਤੀ 23:37) ਇੱਥੇ ਯਿਸੂ ਨੇ ਇਕ ਕੁੱਕੜੀ ਦੀ ਉਦਾਹਰਣ ਦਿੱਤੀ ਜੋ ਆਪਣੇ ਬੱਚਿਆਂ ਨੂੰ ਖੰਭਾਂ ਦੇ ਹੇਠ ਇਕੱਠੇ ਕਰਦੀ ਹੈ। ਮਾਪੇ ਕੁੱਕੜੀ ਦੀ ਮਿਸਾਲ ਤੋਂ ਕਾਫ਼ੀ ਕੁਝ ਸਿੱਖ ਸਕਦੇ ਹਨ ਜੋ ਸੁਭਾਵਕ ਤੌਰ ਤੇ ਆਪਣੇ ਬੱਚਿਆਂ ਦੀ ਰਾਖੀ ਕਰਦੀ ਹੈ ਅਤੇ ਉਨ੍ਹਾਂ ਨੂੰ ਖ਼ਤਰੇ ਤੋਂ ਬਚਾਉਣ ਲਈ ਆਪਣੀ ਜਾਨ ਖ਼ਤਰੇ ਵਿਚ ਪਾਉਂਦੀ ਹੈ। ਪਰ ਇਸ ਵੱਲ ਵੀ ਧਿਆਨ ਦਿਓ ਕਿ ਪੰਛੀ ਹਰ ਰੋਜ਼ ਆਪਣੇ ਬੱਚਿਆਂ ਲਈ ਕੀ ਕਰਦੇ ਹਨ। ਉਹ ਲਗਾਤਾਰ ਖਾਣਾ ਲੱਭ-ਲੱਭ ਕੇ ਲਿਆਉਂਦੇ ਹਨ। ਭਾਵੇਂ ਉਹ ਬਹੁਤ ਥੱਕ ਜਾਂਦੇ ਹਨ, ਫਿਰ ਵੀ ਉਹ ਆਪਣੇ ਚੂਚਿਆਂ ਦੇ ਮੂੰਹ ਵਿਚ ਖਾਣਾ ਪਾਉਂਦੇ ਹਨ ਜੋ ਆਪਣੀਆਂ ਚੁੰਝਾਂ ਖੁੱਲ੍ਹੀਆਂ ਹੀ ਰੱਖਦੇ ਹਨ। ਯਹੋਵਾਹ ਦੇ ਬਣਾਏ ਜੀਵ-ਜੰਤੂ ਆਪਣੇ ਬੱਚਿਆਂ ਦੀ ਦੇਖ-ਭਾਲ ਕਰਨ ਵਿਚ ‘ਬੜੇ ਸਿਆਣੇ ਹਨ।’—ਕਹਾਉਤਾਂ 30:24.

9 ਇਸੇ ਤਰ੍ਹਾਂ ਸੰਸਾਰ ਭਰ ਵਿਚ ਮਸੀਹੀ ਮਾਪੇ ਆਪਣੇ ਬੱਚਿਆਂ ਦੀ ਖ਼ਾਤਰ ਬਹੁਤ ਕੁਝ ਕਰਦੇ ਹਨ। ਤੁਸੀਂ ਆਪਣੇ ਬੱਚਿਆਂ ਨੂੰ ਸਹੀ-ਸਲਾਮਤ ਰੱਖਣ ਲਈ ਆਪ ਨੁਕਸਾਨ ਸਹਿਣ ਲਈ ਤਿਆਰ ਹੁੰਦੇ ਹੋ। ਤੁਸੀਂ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਰੋਜ਼ ਕੁਰਬਾਨੀਆਂ ਦੇਣ ਲਈ ਤਿਆਰ ਰਹਿੰਦੇ ਹੋ। ਤੁਸੀਂ ਤੜਕੇ ਉੱਠ ਕੇ ਕੰਮ ਤੇ ਜਾਂਦੇ ਹੋ ਅਤੇ ਥੱਕੇ-ਟੁੱਟੇ ਘਰ ਵਾਪਸ ਆਉਂਦੇ ਹੋ। ਤੁਹਾਡੀ ਮਿਹਨਤ ਕਰਕੇ ਪਰਿਵਾਰ ਦਾ ਢਿੱਡ ਭਰਦਾ ਹੈ। ਤੁਸੀਂ ਆਪਣੇ ਬੱਚਿਆਂ ਦਾ ਤਨ ਢਕਣ ਅਤੇ ਉਨ੍ਹਾਂ ਨੂੰ ਪੜ੍ਹਾਉਣ-ਲਿਖਾਉਣ ਲਈ ਖ਼ੂਨ-ਪਸੀਨਾ ਇਕ ਕਰ ਦਿੰਦੇ ਹੋ। ਤੁਸੀਂ ਪੂਰੀ ਜ਼ਿੰਦਗੀ ਇਸ ਤਰ੍ਹਾਂ ਕਰਦੇ ਹੋ। ਜਦੋਂ ਤੁਸੀਂ ਧੀਰਜ ਨਾਲ ਇਹ ਸਭ ਕੁਝ ਕਰਦੇ ਹੋ, ਤਾਂ ਯਹੋਵਾਹ ਤੁਹਾਡੀ ਮਿਹਨਤ ਦੇਖ ਕੇ ਕਿੰਨਾ ਖ਼ੁਸ਼ ਹੁੰਦਾ ਹੈ! (ਇਬਰਾਨੀਆਂ 13:16) ਪਰ ਤੁਸੀਂ ਇਹ ਵੀ ਯਾਦ ਰੱਖਦੇ ਹੋ ਕਿ ਤੁਹਾਡੇ ਪਰਿਵਾਰ ਦੀਆਂ ਹੋਰ ਵੀ ਲੋੜਾਂ ਹਨ ਜਿਨ੍ਹਾਂ ਨੂੰ ਪੂਰਾ ਕਰਨਾ ਤੁਹਾਡਾ ਫ਼ਰਜ਼ ਹੈ।

ਪਰਿਵਾਰ ਦੀਆਂ ਅਧਿਆਤਮਿਕ ਲੋੜਾਂ ਪੂਰੀਆਂ ਕਰੋ

10, 11. ਇਨਸਾਨਾਂ ਦੀ ਸਭ ਤੋਂ ਵੱਡੀ ਲੋੜ ਕੀ ਹੈ ਅਤੇ ਆਪਣੇ ਬੱਚਿਆਂ ਦੀ ਇਹ ਲੋੜ ਪੂਰੀ ਕਰਨ ਵਾਸਤੇ ਮਾਪਿਆਂ ਨੂੰ ਪਹਿਲਾਂ ਕੀ ਕਰਨਾ ਚਾਹੀਦਾ ਹੈ?

10 ਪਰਿਵਾਰ ਦਾ ਗੁਜ਼ਾਰਾ ਤੋਰਨ ਨਾਲੋਂ ਜ਼ਰੂਰੀ ਹੈ ਆਪਣੇ ਪਰਿਵਾਰ ਦੀਆਂ ਅਧਿਆਤਮਿਕ ਲੋੜਾਂ ਪੂਰੀਆਂ ਕਰਨੀਆਂ। ਯਿਸੂ ਨੇ ਕਿਹਾ ਸੀ: “ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।” (ਮੱਤੀ 4:4; 5:3) ਮਾਪਿਓ, ਤੁਸੀਂ ਆਪਣੇ ਪਰਿਵਾਰ ਦੀਆਂ ਅਧਿਆਤਮਿਕ ਲੋੜਾਂ ਕਿਵੇਂ ਪੂਰੀਆਂ ਕਰ ਸਕਦੇ ਹੋ?

11 ਇਸ ਸੰਬੰਧ ਵਿਚ ਬਿਵਸਥਾ ਸਾਰ 6:5-7 ਦਾ ਹਵਾਲਾ ਸਾਡੀ ਮਦਦ ਕਰ ਸਕਦਾ ਹੈ। ਆਪਣੀ ਬਾਈਬਲ ਖੋਲ੍ਹ ਕੇ ਇਨ੍ਹਾਂ ਆਇਤਾਂ ਨੂੰ ਪੜ੍ਹੋ। ਧਿਆਨ ਦਿਓ ਕਿ ਮਾਪਿਆਂ ਨੂੰ ਪਹਿਲਾਂ ਆਪਣੀ ਨਿਹਚਾ ਨੂੰ ਮਜ਼ਬੂਤ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਚਾਹੀਦਾ ਹੈ ਤੇ ਯਹੋਵਾਹ ਦੀਆਂ ਗੱਲਾਂ ਉਨ੍ਹਾਂ ਦੇ ਦਿਲ ਵਿਚ ਹੋਣੀਆਂ ਚਾਹੀਦੀਆਂ ਹਨ। ਜੀ ਹਾਂ, ਮਾਪਿਓ, ਤੁਹਾਨੂੰ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨਾ ਚਾਹੀਦਾ ਹੈ। ਬਾਈਬਲ ਨੂੰ ਬਾਕਾਇਦਾ ਪੜ੍ਹੋ ਅਤੇ ਉਸ ਉੱਤੇ ਮਨਨ ਕਰੋ ਤਾਂਕਿ ਤੁਸੀਂ ਯਹੋਵਾਹ ਦੇ ਰਾਹਾਂ, ਸਿਧਾਂਤਾਂ ਅਤੇ ਹੁਕਮਾਂ ਨੂੰ ਸਮਝ ਸਕੋ ਅਤੇ ਉਨ੍ਹਾਂ ਨਾਲ ਪਿਆਰ ਕਰੋ। ਨਤੀਜੇ ਵਜੋਂ ਤੁਹਾਡੇ ਦਿਲ ਯਹੋਵਾਹ ਪ੍ਰਤੀ ਸ਼ਰਧਾ ਤੇ ਪਿਆਰ ਨਾਲ ਭਰ ਜਾਣਗੇ। ਫਿਰ ਤੁਸੀਂ ਆਪਣੇ ਬੱਚਿਆਂ ਨੂੰ ਚੰਗੀਆਂ ਗੱਲਾਂ ਸਿਖਾ ਸਕੋਗੇ।—ਲੂਕਾ 6:45.

12. ਮਾਪੇ ਆਪਣੇ ਬੱਚਿਆਂ ਨੂੰ ਬਾਈਬਲ ਦੀ ਸਿੱਖਿਆ ਦੇਣ ਵਿਚ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਨ?

12 ਜਿਨ੍ਹਾਂ ਮਾਪਿਆਂ ਦੀ ਨਿਹਚਾ ਮਜ਼ਬੂਤ ਹੁੰਦੀ ਹੈ, ਉਹ ਬਿਵਸਥਾ ਸਾਰ 6:7 ਦੀ ਸਲਾਹ ਉੱਤੇ ਚੱਲ ਸਕਣਗੇ। ਉਹ ਹਰ ਮੌਕੇ ਤੇ ਯਹੋਵਾਹ ਦੀਆਂ ਗੱਲਾਂ ਆਪਣੇ ਬੱਚਿਆਂ ਨੂੰ ‘ਸਿਖਲਾਉਣ’ ਲਈ ਤਿਆਰ ਰਹਿਣਗੇ। ਇਬਰਾਨੀ ਭਾਸ਼ਾ ਵਿਚ ‘ਸਿਖਲਾਉਣ’ ਦਾ ਮਤਲਬ ਹੈ ਕੋਈ ਗੱਲ ਵਾਰ-ਵਾਰ ਕਹਿ ਕੇ ਦਿਲ ਵਿਚ ਬਿਠਾਉਣੀ। ਯਹੋਵਾਹ ਜਾਣਦਾ ਹੈ ਕਿ ਸਾਨੂੰ ਸਾਰਿਆਂ ਨੂੰ ਤੇ ਖ਼ਾਸ ਕਰਕੇ ਬੱਚਿਆਂ ਨੂੰ ਕੋਈ ਗੱਲ ਵਾਰ-ਵਾਰ ਦੱਸਣ ਦੀ ਲੋੜ ਹੁੰਦੀ ਹੈ ਤਾਂਕਿ ਅਸੀਂ ਉਹ ਗੱਲ ਯਾਦ ਰੱਖ ਸਕੀਏ। ਇਸ ਲਈ ਯਿਸੂ ਨੇ ਸਿੱਖਿਆ ਦਿੰਦੇ ਸਮੇਂ ਕਈ ਗੱਲਾਂ ਦੁਹਰਾਈਆਂ ਸਨ। ਮਿਸਾਲ ਲਈ, ਉਸ ਨੇ ਇਹ ਗੱਲ ਕਈ ਵੱਖੋ-ਵੱਖਰੇ ਤਰੀਕਿਆਂ ਨਾਲ ਦੁਹਰਾਈ ਸੀ ਕਿ ਉਸ ਦੇ ਚੇਲਿਆਂ ਨੂੰ ਘਮੰਡੀ ਬਣਨ ਤੇ ਮੁਕਾਬਲਾ ਕਰਨ ਦੀ ਬਜਾਇ ਨਿਮਰ ਬਣਨਾ ਚਾਹੀਦਾ ਸੀ। ਉਸ ਨੇ ਦਲੀਲਾਂ ਤੇ ਉਦਾਹਰਣਾਂ ਦੇ ਕੇ ਅਤੇ ਖ਼ੁਦ ਮਿਸਾਲ ਬਣ ਕੇ ਉਨ੍ਹਾਂ ਨੂੰ ਇਹ ਸਿੱਖਿਆ ਦਿੱਤੀ। (ਮੱਤੀ 18:1-4; 20:25-27; ਯੂਹੰਨਾ 13:12-15) ਭਾਵੇਂ ਚੇਲਿਆਂ ਨੂੰ ਛੇਤੀ ਕਿਤੇ ਗੱਲ ਸਮਝ ਨਹੀਂ ਆਉਂਦੀ ਸੀ, ਪਰ ਯਿਸੂ ਹਮੇਸ਼ਾ ਉਨ੍ਹਾਂ ਨਾਲ ਧੀਰਜ ਨਾਲ ਪੇਸ਼ ਆਇਆ। ਯਿਸੂ ਵਾਂਗ ਮਾਪਿਆਂ ਨੂੰ ਵੀ ਬਾਈਬਲ ਦੀ ਸਿੱਖਿਆ ਦੇਣ ਦੇ ਕਈ ਵੱਖੋ-ਵੱਖਰੇ ਤਰੀਕੇ ਇਸਤੇਮਾਲ ਕਰਨ ਦੀ ਲੋੜ ਪੈ ਸਕਦੀ ਹੈ। ਮਾਪਿਓ, ਬੱਚਿਆਂ ਨੂੰ ਧੀਰਜ ਨਾਲ ਯਹੋਵਾਹ ਦੀਆਂ ਗੱਲਾਂ ਵਾਰ-ਵਾਰ ਸਿਖਾਓ ਤਾਂਕਿ ਉਹ ਇਨ੍ਹਾਂ ਗੱਲਾਂ ਨੂੰ ਸਮਝ ਕੇ ਲਾਗੂ ਕਰਨ।

13, 14. ਮਾਪੇ ਕਿਨ੍ਹਾਂ ਮੌਕਿਆਂ ਤੇ ਆਪਣੇ ਬੱਚਿਆਂ ਨੂੰ ਬਾਈਬਲ ਦੀਆਂ ਗੱਲਾਂ ਸਿਖਾ ਸਕਦੇ ਹਨ ਅਤੇ ਉਹ ਕਿਹੜੇ ਪ੍ਰਕਾਸ਼ਨ ਵਰਤ ਸਕਦੇ ਹਨ?

13 ਪਰਿਵਾਰ ਨਾਲ ਬੈਠ ਕੇ ਬਾਈਬਲ ਦਾ ਅਧਿਐਨ ਕਰਨਾ ਸਿੱਖਿਆ ਦੇਣ ਦਾ ਵਧੀਆ ਤਰੀਕਾ ਹੈ। ਪਰਿਵਾਰ ਦੀ ਨਿਹਚਾ ਮਜ਼ਬੂਤ ਕਰਨ ਲਈ ਖ਼ੁਸ਼ੀ ਨਾਲ ਬਾਕਾਇਦਾ ਸਟੱਡੀ ਕਰਨੀ ਬਹੁਤ ਜ਼ਰੂਰੀ ਹੈ। ਸੰਸਾਰ ਭਰ ਵਿਚ ਮਸੀਹੀ ਪਰਿਵਾਰ ਅਧਿਐਨ ਦਾ ਪੂਰਾ ਆਨੰਦ ਲੈਂਦੇ ਹਨ। ਉਹ ਯਹੋਵਾਹ ਦੇ ਸੰਗਠਨ ਦੁਆਰਾ ਦਿੱਤੇ ਪ੍ਰਕਾਸ਼ਨ ਵਰਤ ਕੇ ਆਪਣੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ। ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਅਤੇ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ (ਹਿੰਦੀ) ਦੋ ਪੁਸਤਕਾਂ ਹਨ ਜਿਨ੍ਹਾਂ ਤੋਂ ਮਾਪਿਆਂ ਨੂੰ ਕਾਫ਼ੀ ਮਦਦ ਮਿਲੀ ਹੈ। * ਲੇਕਿਨ ਪਰਿਵਾਰ ਨਾਲ ਬਾਈਬਲ ਸਟੱਡੀ ਕਰਨੀ ਬੱਚਿਆਂ ਨੂੰ ਸਿਖਾਉਣ ਦਾ ਸਿਰਫ਼ ਇਕ ਤਰੀਕਾ ਹੈ।

14 ਮਾਪਿਓ, ਜਿਸ ਤਰ੍ਹਾਂ ਬਿਵਸਥਾ ਸਾਰ 6:7 ਵਿਚ ਦੱਸਿਆ ਗਿਆ ਹੈ, ਤੁਸੀਂ ਕਈ ਮੌਕਿਆਂ ਤੇ ਆਪਣੇ ਬੱਚਿਆਂ ਨਾਲ ਰੂਹਾਨੀ ਗੱਲਾਂ ਕਰ ਸਕਦੇ ਹੋ। ਸਫ਼ਰ ਕਰਦੇ ਸਮੇਂ, ਘਰ ਦੇ ਕੰਮ-ਕਾਜ ਕਰਦੇ ਹੋਏ ਜਾਂ ਆਰਾਮ ਕਰਨ ਵੇਲੇ ਤੁਸੀਂ ਆਪਣੇ ਬੱਚਿਆਂ ਦੀਆਂ ਅਧਿਆਤਮਿਕ ਲੋੜਾਂ ਪੂਰੀਆਂ ਕਰ ਸਕਦੇ ਹੋ। ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਹਰ ਵਕਤ ਉਨ੍ਹਾਂ ਨੂੰ ਬਾਈਬਲ ਉੱਤੇ ਭਾਸ਼ਣ ਦਿੰਦੇ ਰਹੋ। ਇਸ ਦੀ ਬਜਾਇ, ਆਪਣੀਆਂ ਗੱਲਾਂ-ਬਾਤਾਂ ਰਾਹੀਂ ਉਨ੍ਹਾਂ ਦਾ ਹੌਸਲਾ ਵਧਾਓ। ਮਿਸਾਲ ਲਈ, ਜਾਗਰੂਕ ਬਣੋ! ਰਸਾਲੇ ਵਿਚ ਕਈ ਵਿਸ਼ਿਆਂ ਉੱਤੇ ਲੇਖ ਹੁੰਦੇ ਹਨ। ਇਨ੍ਹਾਂ ਲੇਖਾਂ ਰਾਹੀਂ ਤੁਸੀਂ ਜਾਨਵਰਾਂ, ਕੁਦਰਤ ਦੇ ਸ਼ਾਨਦਾਰ ਨਜ਼ਾਰਿਆਂ ਅਤੇ ਵੱਖ-ਵੱਖ ਲੋਕਾਂ ਦੇ ਸਭਿਆਚਾਰ ਬਾਰੇ ਗੱਲਬਾਤ ਕਰ ਸਕਦੇ ਹੋ। ਇਨ੍ਹਾਂ ਗੱਲਾਂ-ਬਾਤਾਂ ਤੋਂ ਪ੍ਰੇਰਿਤ ਹੋ ਕੇ ਸ਼ਾਇਦ ਬੱਚੇ ਮਾਤਬਰ ਅਤੇ ਬੁੱਧਵਾਨ ਨੌਕਰ ਦੁਆਰਾ ਤਿਆਰ ਕੀਤੇ ਗਏ ਹੋਰ ਪ੍ਰਕਾਸ਼ਨ ਪੜ੍ਹਨੇ ਚਾਹੁਣ।—ਮੱਤੀ 24:45-47.

15. ਮਾਂ-ਬਾਪ ਪ੍ਰਚਾਰ ਦੇ ਕੰਮ ਤੋਂ ਖ਼ੁਸ਼ੀ ਪ੍ਰਾਪਤ ਕਰਨ ਵਿਚ ਆਪਣੇ ਬੱਚਿਆਂ ਦੀ ਮਦਦ ਕਿਵੇਂ ਕਰ ਸਕਦੇ ਹਨ?

15 ਆਪਣੇ ਬੱਚਿਆਂ ਨਾਲ ਹੌਸਲਾ ਦੇਣ ਵਾਲੀ ਗੱਲਬਾਤ ਕਰਨ ਨਾਲ ਉਨ੍ਹਾਂ ਦੀ ਇਕ ਹੋਰ ਲੋੜ ਵੀ ਪੂਰੀ ਹੁੰਦੀ ਹੈ। ਬੱਚਿਆਂ ਨੂੰ ਦੂਸਰਿਆਂ ਨਾਲ ਆਪਣੀ ਨਿਹਚਾ ਸਾਂਝੀ ਕਰਨੀ ਸਿੱਖਣ ਦੀ ਲੋੜ ਹੈ। ਪਹਿਰਾਬੁਰਜ ਜਾਂ ਜਾਗਰੂਕ ਬਣੋ! ਰਸਾਲਿਆਂ ਵਿੱਚੋਂ ਕਿਸੇ ਨੁਕਤੇ ਬਾਰੇ ਗੱਲਬਾਤ ਕਰਦੇ ਹੋਏ ਤੁਸੀਂ ਆਪਣੇ ਬੱਚਿਆਂ ਨੂੰ ਦਿਖਾ ਸਕਦੇ ਹੋ ਕਿ ਪ੍ਰਚਾਰ ਵਿਚ ਇਹ ਨੁਕਤਾ ਕਿਸ ਤਰ੍ਹਾਂ ਵਰਤਿਆ ਜਾ ਸਕਦਾ ਹੈ। ਮਿਸਾਲ ਲਈ, ਤੁਸੀਂ ਪੁੱਛ ਸਕਦੇ ਹੋ: “ਕੀ ਇਹ ਚੰਗਾ ਨਹੀਂ ਹੋਵੇਗਾ ਜੇ ਹੋਰ ਜ਼ਿਆਦਾ ਲੋਕ ਯਹੋਵਾਹ ਬਾਰੇ ਇਹ ਗੱਲ ਜਾਣਨ? ਅਸੀਂ ਇਸ ਬਾਰੇ ਲੋਕਾਂ ਨਾਲ ਗੱਲਬਾਤ ਕਿਵੇਂ ਸ਼ੁਰੂ ਕਰ ਸਕਦੇ ਹਾਂ?” ਇਸ ਤਰ੍ਹਾਂ ਬੱਚਿਆਂ ਨੂੰ ਦੂਸਰਿਆਂ ਨਾਲ ਗੱਲਬਾਤ ਕਰਨ ਦੀ ਪ੍ਰੇਰਣਾ ਮਿਲ ਸਕਦੀ ਹੈ। ਫਿਰ ਜਦ ਤੁਹਾਡੇ ਬੱਚੇ ਤੁਹਾਡੇ ਨਾਲ ਪ੍ਰਚਾਰ ਕਰਨ ਜਾਂਦੇ ਹਨ, ਤਾਂ ਉਹ ਦੇਖ ਸਕਣਗੇ ਕਿ ਤੁਸੀਂ ਲੋਕਾਂ ਨਾਲ ਅਜਿਹੇ ਨੁਕਤਿਆਂ ਬਾਰੇ ਗੱਲਬਾਤ ਕਿਵੇਂ ਕਰਦੇ ਹੋ। ਉਹ ਸਿੱਖਣਗੇ ਕਿ ਪ੍ਰਚਾਰ ਕਰਨਾ ਕਿੰਨਾ ਵਧੀਆ ਕੰਮ ਹੈ ਜਿਸ ਤੋਂ ਸਾਨੂੰ ਮਨ ਦੀ ਸ਼ਾਂਤੀ ਅਤੇ ਖ਼ੁਸ਼ੀ ਮਿਲਦੀ ਹੈ।—ਰਸੂਲਾਂ ਦੇ ਕਰਤੱਬ 20:35.

16. ਬੱਚੇ ਆਪਣੇ ਮਾਪਿਆਂ ਦੀਆਂ ਪ੍ਰਾਰਥਨਾਵਾਂ ਤੋਂ ਕੀ ਸਿੱਖ ਸਕਦੇ ਹਨ?

16 ਮਾਪੇ ਪ੍ਰਾਰਥਨਾ ਕਰਦੇ ਸਮੇਂ ਵੀ ਆਪਣੇ ਬੱਚਿਆਂ ਦੀਆਂ ਅਧਿਆਤਮਿਕ ਲੋੜਾਂ ਪੂਰੀਆਂ ਕਰਦੇ ਹਨ। ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ ਅਤੇ ਉਸ ਨੇ ਕਈ ਵਾਰ ਉਨ੍ਹਾਂ ਨਾਲ ਪ੍ਰਾਰਥਨਾ ਕੀਤੀ ਸੀ। (ਲੂਕਾ 11:1-13) ਜ਼ਰਾ ਸੋਚੋ ਕਿ ਉਨ੍ਹਾਂ ਨੇ ਯਹੋਵਾਹ ਦੇ ਪੁੱਤਰ ਦੀਆਂ ਪ੍ਰਾਰਥਨਾਵਾਂ ਤੋਂ ਕਿੰਨਾ ਕੁਝ ਸਿੱਖਿਆ ਹੋਵੇਗਾ! ਇਸੇ ਤਰ੍ਹਾਂ ਤੁਹਾਡੇ ਬੱਚੇ ਤੁਹਾਡੀਆਂ ਪ੍ਰਾਰਥਨਾਵਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਉਦਾਹਰਣ ਲਈ, ਉਹ ਸਿੱਖ ਸਕਦੇ ਹਨ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਆਪਣੇ ਦਿਲ ਦੀ ਗੱਲ ਦੱਸੀਏ। ਜੀ ਹਾਂ, ਤੁਹਾਡੀਆਂ ਪ੍ਰਾਰਥਨਾਵਾਂ ਤੋਂ ਤੁਹਾਡੇ ਬੱਚੇ ਇਹ ਅਹਿਮ ਸੱਚਾਈ ਸਿੱਖ ਸਕਦੇ ਹਨ: ਉਹ ਯਹੋਵਾਹ ਨਾਲ ਦੋਸਤੀ ਕਰ ਸਕਦੇ ਹਨ।—1 ਪਤਰਸ 5:7.

ਆਪਣੇ ਬੱਚਿਆਂ ਨਾਲ ਪਿਆਰ ਕਰੋ

17, 18. (ੳ) ਬਾਈਬਲ ਬੱਚਿਆਂ ਨਾਲ ਪਿਆਰ ਕਰਨ ਦੀ ਅਹਿਮੀਅਤ ਉੱਤੇ ਕਿਵੇਂ ਜ਼ੋਰ ਦਿੰਦੀ ਹੈ? (ਅ) ਆਪਣਾ ਪਿਆਰ ਜ਼ਾਹਰ ਕਰਨ ਵਿਚ ਪਿਤਾਵਾਂ ਨੂੰ ਯਹੋਵਾਹ ਦੀ ਰੀਸ ਕਿਵੇਂ ਕਰਨੀ ਚਾਹੀਦੀ ਹੈ?

17 ਬੱਚਿਆਂ ਨੂੰ ਪਿਆਰ ਦੀ ਵੀ ਲੋੜ ਹੁੰਦੀ ਹੈ। ਪਰਮੇਸ਼ੁਰ ਦਾ ਬਚਨ ਮਾਪਿਆਂ ਨੂੰ ਦੱਸਦਾ ਹੈ ਕਿ ਇਹ ਲੋੜ ਪੂਰੀ ਕਰਨੀ ਕਿੰਨੀ ਜ਼ਰੂਰੀ ਹੈ। ਮਿਸਾਲ ਲਈ, ਮਾਵਾਂ ਨੂੰ ਮੱਤ ਦਿੱਤੀ ਜਾਂਦੀ ਹੈ ਕਿ ਉਹ ਆਪਣੇ “ਬਾਲ ਬੱਚਿਆਂ ਨਾਲ ਪਿਆਰ ਕਰਨ।” (ਤੀਤੁਸ 2:4) ਜੀ ਹਾਂ, ਇਹ ਕਿੰਨਾ ਜ਼ਰੂਰੀ ਹੈ ਕਿ ਬੱਚਿਆਂ ਨਾਲ ਪਿਆਰ ਕੀਤਾ ਜਾਵੇ। ਇਸ ਤੋਂ ਬੱਚੇ ਪਿਆਰ ਕਰਨਾ ਸਿੱਖਦੇ ਹਨ ਅਤੇ ਉਨ੍ਹਾਂ ਨੂੰ ਜ਼ਿੰਦਗੀ ਭਰ ਇਸ ਦਾ ਫ਼ਾਇਦਾ ਹੋਵੇਗਾ। ਦੂਜੇ ਪਾਸੇ, ਬੱਚਿਆਂ ਨਾਲ ਪਿਆਰ ਨਾ ਕਰਨਾ ਮੂਰਖਤਾਈ ਹੈ। ਪਿਆਰ ਨਾ ਮਿਲਣ ਕਰਕੇ ਬੱਚਿਆਂ ਦੇ ਦਿਲਾਂ ਨੂੰ ਬਹੁਤ ਠੇਸ ਪਹੁੰਚਦੀ ਹੈ। ਆਪਣੇ ਬੱਚਿਆਂ ਨੂੰ ਪਿਆਰ ਨਾ ਕਰਨ ਵਾਲੇ ਮਾਪੇ ਯਹੋਵਾਹ ਦੀ ਰੀਸ ਨਹੀਂ ਕਰ ਰਹੇ ਜੋ ਸਾਡੇ ਪਾਪਾਂ ਦੇ ਬਾਵਜੂਦ ਸਾਨੂੰ ਬੇਹੱਦ ਪਿਆਰ ਕਰਦਾ ਹੈ।—ਜ਼ਬੂਰਾਂ ਦੀ ਪੋਥੀ 103:8-14.

18 ਯਹੋਵਾਹ ਨੇ ਧਰਤੀ ਉੱਤੇ ਆਪਣੇ ਬੱਚਿਆਂ ਨਾਲ ਪਿਆਰ ਕਰਨ ਵਿਚ ਪਹਿਲ ਕੀਤੀ ਹੈ। ਪਹਿਲਾ ਯੂਹੰਨਾ 4:19 ਵਿਚ ਲਿਖਿਆ ਹੈ ਕਿ “ਪਹਿਲਾਂ ਉਹ ਨੇ ਸਾਡੇ ਨਾਲ ਪ੍ਰੇਮ ਕੀਤਾ।” ਹੇ ਪਿਤਾਓ, ਖ਼ਾਸ ਕਰਕੇ ਤੁਹਾਨੂੰ ਯਹੋਵਾਹ ਦੀ ਰੀਸ ਕਰਦੇ ਹੋਏ ਆਪਣੇ ਬੱਚਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ। ਬਾਈਬਲ ਪਿਤਾਵਾਂ ਨੂੰ ਸਲਾਹ ਦਿੰਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਨਾ ਖਿਝਾਉਣ “ਭਈ ਓਹ ਕਿਤੇ ਮਨ ਨਾ ਹਾਰ ਦੇਣ।” (ਕੁਲੁੱਸੀਆਂ 3:21) ਜੇ ਬੱਚਿਆਂ ਨੂੰ ਲੱਗੇ ਕਿ ਉਨ੍ਹਾਂ ਦਾ ਪਿਤਾ ਉਨ੍ਹਾਂ ਨਾਲ ਪਿਆਰ ਨਹੀਂ ਕਰਦਾ, ਤਾਂ ਇਸ ਤੋਂ ਉਨ੍ਹਾਂ ਨੂੰ ਕਿੰਨਾ ਦੁੱਖ ਹੋਵੇਗਾ! ਜਿਹੜੇ ਪਿਤਾ ਆਪਣੇ ਜਜ਼ਬਾਤ ਪ੍ਰਗਟ ਨਹੀਂ ਕਰਦੇ ਉਨ੍ਹਾਂ ਨੂੰ ਯਹੋਵਾਹ ਦੀ ਮਿਸਾਲ ਯਾਦ ਰੱਖਣੀ ਚਾਹੀਦੀ ਹੈ। ਯਹੋਵਾਹ ਨੇ ਸਵਰਗ ਤੋਂ ਆਪਣੇ ਪੁੱਤਰ ਲਈ ਆਪਣਾ ਪਿਆਰ ਜ਼ਾਹਰ ਕੀਤਾ ਸੀ ਅਤੇ ਇਹ ਵੀ ਦੱਸਿਆ ਸੀ ਕਿ ਉਹ ਉਸ ਤੋਂ ਖ਼ੁਸ਼ ਸੀ। (ਮੱਤੀ 3:17; 17:5) ਯਿਸੂ ਨੂੰ ਇਹ ਸੁਣ ਕੇ ਕਿੰਨਾ ਹੌਸਲਾ ਮਿਲਿਆ ਹੋਵੇਗਾ! ਇਸੇ ਤਰ੍ਹਾਂ ਬੱਚਿਆਂ ਨੂੰ ਬਹੁਤ ਹੌਸਲਾ ਮਿਲਦਾ ਹੈ ਜਦ ਉਨ੍ਹਾਂ ਦੇ ਮਾਪੇ ਆਪਣਾ ਪਿਆਰ ਜ਼ਾਹਰ ਕਰਦੇ ਹਨ ਤੇ ਉਨ੍ਹਾਂ ਨੂੰ ਸ਼ਾਬਾਸ਼ੀ ਦਿੰਦੇ ਹਨ।

19. ਤਾੜਨਾ ਦੇਣੀ ਜ਼ਰੂਰੀ ਕਿਉਂ ਹੈ ਅਤੇ ਮਾਪਿਆਂ ਨੂੰ ਕਿਸ ਤਰ੍ਹਾਂ ਤਾੜਨਾ ਦੇਣੀ ਚਾਹੀਦੀ ਹੈ?

19 ਮਾਪੇ ਸਿਰਫ਼ ਲਫ਼ਜ਼ਾਂ ਰਾਹੀਂ ਨਹੀਂ, ਸਗੋਂ ਕੰਮਾਂ ਰਾਹੀਂ ਵੀ ਆਪਣੇ ਪਿਆਰ ਦਾ ਸਬੂਤ ਦਿੰਦੇ ਹਨ। ਜਦ ਤੁਸੀਂ ਆਪਣੇ ਬੱਚਿਆਂ ਦੀਆਂ ਭੌਤਿਕ ਤੇ ਅਧਿਆਤਮਿਕ ਲੋੜਾਂ ਪੂਰੀਆਂ ਕਰਦੇ ਹੋ, ਤਾਂ ਇਸ ਤੋਂ ਤੁਹਾਡਾ ਪਿਆਰ ਝਲਕਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਤਾੜਨਾ ਦੇਣੀ ਵੀ ਪਿਆਰ ਦੀ ਗੱਲ ਹੈ। “ਜਿਹ ਦੇ ਨਾਲ ਪਿਆਰ ਕਰਦਾ ਹੈ, ਪ੍ਰਭੁ ਉਹ ਨੂੰ ਤਾੜਦਾ ਹੈ।” (ਇਬਰਾਨੀਆਂ 12:6) ਦੂਜੇ ਪਾਸੇ, ਤਾੜਨਾ ਨਾ ਦੇਣੀ ਮਾਪਿਆਂ ਦੀ ਨਫ਼ਰਤ ਦਾ ਸਬੂਤ ਹੈ! (ਕਹਾਉਤਾਂ 13:24) ਯਹੋਵਾਹ ਕਠੋਰਤਾ ਨਾਲ ਤਾੜਨਾ ਨਹੀਂ ਦਿੰਦਾ, ਸਗੋਂ ਉਹ ਹਮੇਸ਼ਾ ‘ਯੋਗ ਸਜ਼ਾ’ ਦਿੰਦਾ ਹੈ। (ਯਿਰਮਿਯਾਹ 46:28, ਪਵਿੱਤਰ ਬਾਈਬਲ ਨਵਾਂ ਅਨੁਵਾਦ) ਨਾਮੁਕੰਮਲ ਹੋਣ ਕਰਕੇ ਮਾਪਿਆਂ ਲਈ ਇਸ ਤਰ੍ਹਾਂ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ। ਫਿਰ ਵੀ ਤੁਹਾਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਿਆਰ ਤੇ ਦ੍ਰਿੜ੍ਹਤਾ ਨਾਲ ਤਾੜਨਾ ਦੇਣੀ ਬੱਚੇ ਦੇ ਭਲੇ ਲਈ ਹੈ ਅਤੇ ਉਸ ਦੀ ਜ਼ਿੰਦਗੀ ਉੱਤੇ ਇਸ ਦਾ ਚੰਗਾ ਅਸਰ ਪਵੇਗਾ। (ਕਹਾਉਤਾਂ 22:6) ਕੀ ਸਾਰੇ ਮਾਪੇ ਆਪਣੇ ਬੱਚਿਆਂ ਲਈ ਇਹੀ ਨਹੀਂ ਚਾਹੁੰਦੇ?

20. ਮਾਪੇ ਆਪਣੇ ਬੱਚਿਆਂ ਨੂੰ ‘ਜੀਵਨ ਚੁਣਨ’ ਦਾ ਮੌਕਾ ਕਿਵੇਂ ਦੇ ਸਕਦੇ ਹਨ?

20 ਮਾਪਿਓ, ਯਹੋਵਾਹ ਨੇ ਤੁਹਾਨੂੰ ਆਪਣੇ ਬੱਚਿਆਂ ਦੀਆਂ ਭੌਤਿਕ ਤੇ ਅਧਿਆਤਮਿਕ ਲੋੜਾਂ ਪੂਰੀਆਂ ਕਰਨ ਅਤੇ ਉਨ੍ਹਾਂ ਨੂੰ ਪਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਜੇ ਤੁਸੀਂ ਇਹ ਲੋੜਾਂ ਪੂਰੀਆਂ ਕਰਦੇ ਹੋ, ਤਾਂ ਤੁਹਾਨੂੰ ਚੰਗਾ ਫਲ ਮਿਲੇਗਾ। ਆਪਣਾ ਫ਼ਰਜ਼ ਨਿਭਾ ਕੇ ਤੁਸੀਂ ਆਪਣੇ ਬੱਚਿਆਂ ਨੂੰ ‘ਜੀਵਨ ਚੁਣਨ’ ਅਤੇ ‘ਜੀਉਂਦੇ ਰਹਿਣ’ ਦਾ ਮੌਕਾ ਦਿੰਦੇ ਹੋ। (ਬਿਵਸਥਾ ਸਾਰ 30:19) ਜਿਹੜੇ ਬੱਚੇ ਯਹੋਵਾਹ ਦੀ ਸੇਵਾ ਕਰਨ ਅਤੇ ਜੀਵਨ ਦੇ ਰਾਹ ਉੱਤੇ ਚੱਲਦੇ ਰਹਿਣ ਦਾ ਫ਼ੈਸਲਾ ਕਰਦੇ ਹਨ, ਉਹ ਆਪਣੇ ਮਾਪਿਆਂ ਨੂੰ ਬਹੁਤ ਖ਼ੁਸ਼ ਕਰਦੇ ਹਨ। (ਜ਼ਬੂਰਾਂ ਦੀ ਪੋਥੀ 127:3-5) ਅਜਿਹੀ ਖ਼ੁਸ਼ੀ ਹਮੇਸ਼ਾ ਰਹੇਗੀ! ਲੇਕਿਨ ਬੱਚੇ ਹੁਣ ਯਹੋਵਾਹ ਦੀ ਵਡਿਆਈ ਕਿਵੇਂ ਕਰ ਸਕਦੇ ਹਨ? ਅਗਲੇ ਲੇਖ ਵਿਚ ਇਸ ਬਾਰੇ ਦੱਸਿਆ ਜਾਵੇਗਾ।

[ਫੁਟਨੋਟ]

^ ਪੈਰਾ 4 ਇਸ ਲੇਖ ਵਿਚ ਅਸੀਂ ਪਿਤਾ ਬਾਰੇ ਗੱਲ ਕਰਾਂਗੇ। ਪਰ ਇਸ ਵਿਚ ਦੱਸੇ ਗਏ ਸਿਧਾਂਤ ਉਨ੍ਹਾਂ ਮਾਵਾਂ ਉੱਤੇ ਵੀ ਲਾਗੂ ਕੀਤੇ ਜਾ ਸਕਦੇ ਹਨ ਜੋ ਇਕੱਲੀਆਂ ਆਪਣੇ ਪਰਿਵਾਰ ਦੀ ਦੇਖ-ਭਾਲ ਕਰ ਰਹੀਆਂ ਹਨ।

^ ਪੈਰਾ 13 ਇਹ ਪੁਸਤਕਾਂ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀਆਂ ਗਈਆਂ ਹਨ।

ਤੁਸੀਂ ਕੀ ਜਵਾਬ ਦਿਓਗੇ?

• ਮਾਪੇ ਆਪਣੇ ਬੱਚਿਆਂ ਦੀਆਂ ਭੌਤਿਕ ਲੋੜਾਂ ਕਿਵੇਂ ਪੂਰੀਆਂ ਕਰ ਸਕਦੇ ਹਨ?

• ਬੱਚਿਆਂ ਦੀਆਂ ਅਧਿਆਤਮਿਕ ਲੋੜਾਂ ਪੂਰੀਆਂ ਕਰਨ ਲਈ ਮਾਪੇ ਕੀ ਕਰ ਸਕਦੇ ਹਨ?

• ਮਾਪੇ ਬੱਚਿਆਂ ਨੂੰ ਆਪਣੇ ਪਿਆਰ ਦਾ ਸਬੂਤ ਕਿਵੇਂ ਦੇ ਸਕਦੇ ਹਨ?

[ਸਵਾਲ]

[ਸਫ਼ੇ 18 ਉੱਤੇ ਤਸਵੀਰ]

ਕਈ ਪੰਛੀ ਆਪਣੇ ਬੱਚਿਆਂ ਨੂੰ ਖੁਆਉਣ ਵਿਚ ਬਹੁਤ ਮਿਹਨਤ ਕਰਦੇ ਹਨ

[ਸਫ਼ੇ 20 ਉੱਤੇ ਤਸਵੀਰ]

ਮਾਪਿਆਂ ਨੂੰ ਪਹਿਲਾਂ ਆਪਣੀ ਨਿਹਚਾ ਮਜ਼ਬੂਤ ਕਰਨੀ ਚਾਹੀਦੀ ਹੈ

[ਸਫ਼ੇ 20, 21 ਉੱਤੇ ਤਸਵੀਰਾਂ]

ਮਾਪੇ ਕਈ ਮੌਕਿਆਂ ਤੇ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾ ਸਕਦੇ ਹਨ

[ਸਫ਼ੇ 22 ਉੱਤੇ ਤਸਵੀਰ]

ਜਦ ਮਾਪੇ ਆਪਣੇ ਬੱਚਿਆਂ ਨੂੰ ਸ਼ਾਬਾਸ਼ੀ ਦਿੰਦੇ ਹਨ, ਤਾਂ ਬੱਚਿਆਂ ਨੂੰ ਬਹੁਤ ਹੌਸਲਾ ਮਿਲਦਾ ਹੈ