ਕੀ ਤੁਸੀਂ ਆਪਣੇ ਆਪ ਨੂੰ ਘਟੀਆ ਸਮਝਦੇ ਹੋ?
ਕੀ ਤੁਸੀਂ ਆਪਣੇ ਆਪ ਨੂੰ ਘਟੀਆ ਸਮਝਦੇ ਹੋ?
ਲੀਨਾ ਆਪਣੀ ਸਾਰੀ ਉਮਰ ਆਪਣੇ ਆਪ ਨੂੰ ਘਟੀਆ ਸਮਝਦੀ ਰਹੀ ਹੈ। ਉਸ ਨੇ ਕਿਹਾ: “ਬਚਪਨ ਵਿਚ ਮੈਂ ਕਈ ਸਾਲਾਂ ਤਕ ਹੋਰਨਾਂ ਦੀ ਹਵਸ ਦਾ ਸ਼ਿਕਾਰ ਹੁੰਦੀ ਰਹੀ ਜਿਸ ਕਰਕੇ ਮੈਂ ਆਪਣੇ ਆਪ ਨੂੰ ਬਹੁਤ ਹੀ ਘਟੀਆ ਸਮਝਣ ਲੱਗ ਪਈ। ਮੈਨੂੰ ਲੱਗਦਾ ਸੀ ਕਿ ਮੈਂ ਕਿਸੇ ਕੰਮ ਦੀ ਨਹੀਂ ਹਾਂ।” ਸਿਮੋਨ ਵੀ ਆਪਣੇ ਬਚਪਨ ਨੂੰ ਯਾਦ ਕਰ ਕੇ ਕਹਿੰਦੀ ਹੈ: “ਮੈਂ ਆਪਣੀ ਜ਼ਿੰਦਗੀ ਵਿਚ ਸੁੰਨਾਪਨ ਮਹਿਸੂਸ ਕਰਦੀ ਸਾਂ ਤੇ ਆਪਣੇ ਆਪ ਨੂੰ ਬੇਕਾਰ ਸਮਝਦੀ ਸਾਂ।” ਅੱਜ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੀਆਂ ਭਾਵਨਾਵਾਂ ਦੇ ਸ਼ਿਕਾਰ ਹਨ। ਇਕ ਟੈਲੀਫ਼ੋਨ ਕੰਪਨੀ ਅੱਲ੍ਹੜ ਉਮਰ ਦੇ ਮੁੰਡੇ-ਕੁੜੀਆਂ ਦੀਆਂ ਪਰੇਸ਼ਾਨੀਆਂ ਸੁਣ ਕੇ ਉਨ੍ਹਾਂ ਨੂੰ ਸਲਾਹ-ਮਸ਼ਵਰਾ ਦਿੰਦੀ ਹੈ। ਇਸ ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫ਼ੋਨ ਕਰਨ ਵਾਲਿਆਂ ਵਿੱਚੋਂ ਲਗਭਗ ਅੱਧੇ ਕਹਿੰਦੇ ਹਨ ਕਿ ਉਹ “ਹਰ ਵੇਲੇ ਇਹੀ ਸੋਚਦੇ ਹਨ ਕਿ ਉਹ ਬੇਕਾਰ ਹਨ।”
ਕੁਝ ਮਾਹਰਾਂ ਦੇ ਅਨੁਸਾਰ, ਲੋਕ ਉਦੋਂ ਘਟੀਆ ਮਹਿਸੂਸ ਕਰਨ ਲੱਗਦੇ ਹਨ ਜਦੋਂ ਦੂਸਰੇ ਉਨ੍ਹਾਂ ਨੂੰ ਵਾਰ-ਵਾਰ ਡਾਂਟਦੇ ਹਨ,
ਉਨ੍ਹਾਂ ਦੀ ਨੁਕਤਾਚੀਨੀ ਕਰਦੇ ਹਨ, ਉਨ੍ਹਾਂ ਬਾਰੇ ਬੁਰਾ-ਭਲਾ ਕਹਿੰਦੇ ਹਨ ਜਾਂ ਫਿਰ ਉਨ੍ਹਾਂ ਦਾ ਨਾਜਾਇਜ਼ ਫ਼ਾਇਦਾ ਉਠਾਉਂਦੇ ਹਨ। ਜੋ ਵੀ ਕਾਰਨ ਹੋਵੇ, ਅਜਿਹੀਆਂ ਭਾਵਨਾਵਾਂ ਰੱਖਣ ਦੇ ਨਤੀਜੇ ਬੁਰੇ ਹੀ ਨਿਕਲਦੇ ਹਨ। ਇਹ ਇਨਸਾਨ ਨੂੰ ਕਮਜ਼ੋਰ ਬਣਾਉਣ ਦੇ ਨਾਲ-ਨਾਲ ਉਸ ਦੀ ਜ਼ਿੰਦਗੀ ਨੂੰ ਤਬਾਹ ਕਰ ਸਕਦੀਆਂ ਹਨ। ਹਾਲ ਹੀ ਵਿਚ ਕੀਤੇ ਇਕ ਮੈਡੀਕਲ ਸਰਵੇ ਤੋਂ ਪਤਾ ਲੱਗਾ ਹੈ ਕਿ ਜਿਹੜੇ ਲੋਕ ਆਪਣੇ ਆਪ ਨੂੰ ਘਟੀਆ ਜਾਂ ਬੇਕਾਰ ਸਮਝਦੇ ਹਨ, ਉਹ ਅਕਸਰ ਕਿਸੇ ਤੇ ਯਕੀਨ ਨਹੀਂ ਕਰਦੇ—ਆਪਣੇ ਆਪ ਤੇ ਵੀ ਨਹੀਂ। ਇਸ ਲਈ ਉਹ ਅਣਜਾਣੇ ਵਿਚ ਹੀ ਆਪਣੇ ਸਾਕ-ਸੰਬੰਧੀਆਂ ਅਤੇ ਦੋਸਤਾਂ ਨਾਲ ਆਪਣੇ ਰਿਸ਼ਤੇ ਨੂੰ ਵਿਗਾੜ ਲੈਂਦੇ ਹਨ। ਰਿਪੋਰਟ ਅੱਗੇ ਦੱਸਦੀ ਹੈ ਕਿ ਇਹ ਲੋਕ ਆਪਣੇ ਲਈ “ਉਹ ਹੀ ਹਾਲਾਤ ਪੈਦਾ ਕਰ ਲੈਂਦੇ ਹਨ ਜਿਨ੍ਹਾਂ ਹਾਲਾਤਾਂ ਵਿਚ ਪੈਣ ਤੋਂ ਉਹ ਡਰਦੇ ਹਨ।”ਜਿਹੜੇ ਲੋਕ ਇਸ ਤਰ੍ਹਾਂ ਮਹਿਸੂਸ ਕਰਦੇ ਹਨ, ਬਾਈਬਲ ਉਨ੍ਹਾਂ ਬਾਰੇ ਕਹਿੰਦੀ ਹੈ ਕਿ ਉਹ ‘ਚਿੰਤਾਵਾਂ’ ਵਿਚ ਡੁੱਬੇ ਰਹਿੰਦੇ ਹਨ। (ਜ਼ਬੂਰਾਂ ਦੀ ਪੋਥੀ 94:19) ਉਹ ਹਮੇਸ਼ਾ ਆਪਣੇ ਆਪ ਨੂੰ ਬਹੁਤ ਹੀ ਘਟੀਆ ਸਮਝਦੇ ਰਹਿੰਦੇ ਹਨ। ਜਦ ਵੀ ਕੋਈ ਕੰਮ ਗ਼ਲਤ ਹੁੰਦਾ ਹੈ, ਤਾਂ ਉਹ ਉਸ ਕੰਮ ਲਈ ਆਪਣੇ ਆਪ ਨੂੰ ਹੀ ਦੋਸ਼ੀ ਸਮਝਦੇ ਹਨ। ਭਾਵੇਂ ਦੂਸਰੇ ਉਨ੍ਹਾਂ ਦੇ ਕੰਮਾਂ ਦੀ ਜਿੰਨੀ ਮਰਜ਼ੀ ਤਾਰੀਫ਼ ਕਰਨ, ਪਰ ਦਿਲ ਵਿਚ ਉਹ ਇਹੀ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੇ ਕੁਝ ਚੰਗਾ ਨਹੀਂ ਕੀਤਾ ਅਤੇ ਸੋਚਦੇ ਹਨ ਇਕ ਦਿਨ ਉਸ ਦੀ ਅਸਲੀਅਤ ਲੋਕ ਪਛਾਣ ਲੈਣਗੇ। ਉਹ ਮੰਨਦੇ ਹਨ ਕਿ ਉਹ ਖ਼ੁਸ਼ੀ ਦੇ ਲਾਇਕ ਨਹੀਂ ਹਨ, ਇਸ ਲਈ ਕਈ ਆਪਣਾ ਹੀ ਨੁਕਸਾਨ ਕਰਨ ਲੱਗ ਪੈਂਦੇ ਹਨ ਅਤੇ ਉਨ੍ਹਾਂ ਕੋਲ ਆਪਣੇ ਆਪ ਨੂੰ ਸੁਧਾਰਨ ਦੀ ਹਿੰਮਤ ਨਹੀਂ ਹੁੰਦੀ। ਮਿਸਾਲ ਲਈ, ਆਪਣੇ ਆਪ ਵਿਚ ਘਟੀਆ ਮਹਿਸੂਸ ਕਰਨ ਕਰਕੇ ਲੀਨਾ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਖਾਣ-ਪੀਣ ਪ੍ਰਤੀ ਲਾਪਰਵਾਹ ਹੋ ਗਈ ਜਿਸ ਦਾ ਉਸ ਦੀ ਸਿਹਤ ਤੇ ਬਹੁਤ ਹੀ ਮਾੜਾ ਅਸਰ ਪਿਆ। ਉਸ ਨੇ ਕਿਹਾ: “ਮੈਨੂੰ ਲੱਗਦਾ ਸੀ ਕਿ ਆਪਣੀ ਜ਼ਿੰਦਗੀ ਬਦਲਣ ਦੀ ਮੇਰੇ ਵਿਚ ਹਿੰਮਤ ਨਹੀਂ ਸੀ।”
ਜਿਹੜੇ ਲੋਕ ਹਮੇਸ਼ਾ ਇਸ ਤਰ੍ਹਾਂ ਦੀ “ਚਿੰਤਾ” ਵਿਚ ਡੁੱਬੇ ਰਹਿੰਦੇ ਹਨ, ਕੀ ਉਹ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਮਹਿਸੂਸ ਕਰਦੇ ਰਹਿਣਗੇ? ਕੀ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਮਦਦ ਨਹੀਂ ਕੀਤੀ ਜਾ ਸਕਦੀ? ਬਾਈਬਲ ਵਿਚ ਬਹੁਤ ਵਧੀਆ ਸਿਧਾਂਤ ਅਤੇ ਸਲਾਹ ਮਿਲਦੀ ਹੈ ਜਿਸ ਤੇ ਚੱਲ ਕੇ ਕਈਆਂ ਨੇ ਆਪਣੀਆਂ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਤੇ ਕਾਬੂ ਪਾਇਆ ਹੈ। ਇਨ੍ਹਾਂ ਵਿੱਚੋਂ ਕੁਝ ਸਿਧਾਂਤ ਕਿਹੜੇ ਹਨ? ਅਤੇ ਇਨ੍ਹਾਂ ਕਾਰਨ ਨਿਰਾਸ਼ਾ ਵਿਚ ਡੁੱਬੇ ਲੋਕ ਖ਼ੁਸ਼ੀ ਕਿਵੇਂ ਪਾ ਸਕੇ ਹਨ? ਅਗਲਾ ਲੇਖ ਇਨ੍ਹਾਂ ਸਵਾਲਾਂ ਦੇ ਜਵਾਬ ਦੇਵੇਗਾ।