ਚੰਗੇ ਚਾਲ-ਚਲਣ ਦੇ ਚੰਗੇ ਨਤੀਜੇ
ਚੰਗੇ ਚਾਲ-ਚਲਣ ਦੇ ਚੰਗੇ ਨਤੀਜੇ
ਜਪਾਨ ਦੇ ਦੱਖਣੀ ਤਟ ਦੇ ਲਾਗੇ ਇਕ ਛੋਟੇ ਟਾਪੂ ਤੇ ਇਕ ਔਰਤ ਅਤੇ ਉਸ ਦੇ ਤਿੰਨ ਛੋਟੇ ਬੱਚੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਲੱਗ ਪਏ। ਉਸ ਥਾਂ ਦੇ ਲੋਕ ਰੂੜ੍ਹੀਵਾਦੀ ਸਨ ਅਤੇ ਉਨ੍ਹਾਂ ਨੂੰ ਇਹ ਗੱਲ ਚੰਗੀ ਨਾ ਲੱਗੀ। ਇਸ ਲਈ ਜਦ ਵੀ ਉਹ ਉਸ ਔਰਤ ਨੂੰ ਦੇਖਦੇ, ਤਾਂ ਉਹ ਆਪਣਾ ਮੂੰਹ ਫੇਰ ਲੈਂਦੇ ਸਨ। ਇਸ ਰਵੱਈਏ ਦਾ ਉਸ ਔਰਤ ਤੇ ਕੀ ਪ੍ਰਭਾਵ ਪਿਆ? ਉਹ ਦੱਸਦੀ ਹੈ: “ਮੈਨੂੰ ਇਸ ਗੱਲ ਦਾ ਇੰਨਾ ਦੁੱਖ ਨਹੀਂ ਲੱਗਾ ਕਿ ਉਹ ਮੈਨੂੰ ਨਹੀਂ ਬੁਲਾਉਂਦੇ ਸਨ, ਪਰ ਉਹ ਮੇਰੇ ਪਤੀ ਅਤੇ ਮੇਰੇ ਬੱਚਿਆਂ ਨੂੰ ਵੀ ਬਿਨ ਬੁਲਾਏ ਲੰਘ ਜਾਂਦੇ ਸਨ।” ਇਸ ਦੇ ਬਾਵਜੂਦ ਉਸ ਨੇ ਆਪਣੇ ਬੱਚਿਆਂ ਨੂੰ ਕਿਹਾ: “ਅਸੀਂ ਯਹੋਵਾਹ ਦੀ ਖ਼ਾਤਰ ਆਪਣੇ ਗੁਆਂਢੀਆਂ ਨੂੰ ਨਮਸਕਾਰ ਕਰਦੇ ਰਹਾਂਗੇ।”—ਮੱਤੀ 5:47, 48.
ਘਰ ਵਿਚ ਉਸ ਨੇ ਬੱਚਿਆਂ ਨੂੰ ਤਮੀਜ਼ ਨਾਲ ਬੋਲਣਾ ਸਿਖਾਇਆ, ਭਾਵੇਂ ਕੋਈ ਉਨ੍ਹਾਂ ਨਾਲ ਚੰਗਾ ਸਲੂਕ ਕਰੇ ਜਾਂ ਨਾ। ਨਹਾਉਣ ਲਈ ਸ਼ਹਿਰ ਦੇ ਪਬਲਿਕ ਇਸ਼ਨਾਨ-ਘਰ ਨੂੰ ਬਾਕਾਇਦਾ ਜਾਂਦੇ ਸਮੇਂ ਉਹ ਬੱਚੇ ਗੱਡੀ ਵਿਚ ਵਾਰ-ਵਾਰ ਨਮਸਕਾਰ ਕਰਨਾ ਸਿੱਖਦੇ ਸਨ। ਇਸ਼ਨਾਨ-ਘਰ ਵਿਚ ਦਾਖ਼ਲ ਹੁੰਦੇ ਹੀ ਬੱਚੇ ਖਿੜੇ ਮੱਥੇ ਉੱਚੀ ਦੇਣੀ “ਕੋਨਿਚਿਵਾ!” ਯਾਨੀ “ਨਮਸਤੇ” ਕਹਿੰਦੇ ਸਨ। ਉਹ ਪਰਿਵਾਰ ਜਿਸ ਕਿਸੇ ਨੂੰ ਵੀ ਮਿਲਦਾ ਸਬਰ ਨਾਲ ਨਮਸਕਾਰ ਕਰਦਾ, ਭਾਵੇਂ ਲੋਕ ਹੁੰਗਾਰਾ ਨਾ ਵੀ ਦੇਣ। ਪਰ ਫਿਰ ਲੋਕ ਉਨ੍ਹਾਂ ਬੱਚਿਆਂ ਦੇ ਸ਼ਿਸ਼ਟਾਚਾਰ ਨੂੰ ਨੋਟ ਕਰਨੋਂ ਨਾ ਰਹਿ ਸਕੇ।
ਆਖ਼ਰ ਇਕ ਤੋਂ ਬਾਅਦ ਇਕ ਹੁੰਗਾਰੇ ਵਿਚ “ਕੋਨਿਚਿਵਾ!” ਕਹਿਣ ਲੱਗ ਪਏ। ਦੋ ਕੁ ਸਾਲਾਂ ਵਿਚ ਸ਼ਹਿਰ ਦੇ ਤਕਰੀਬਨ ਸਾਰੇ ਲੋਕ ਉਸ ਪਰਿਵਾਰ ਨੂੰ ਨਮਸਕਾਰ ਕਰਨ ਲੱਗ ਪਏ। ਇਸ ਤੋਂ ਇਲਾਵਾ ਉਹ ਆਪਸ ਵਿਚ ਵੀ ਇਕ ਦੂਜੇ ਨਾਲ ਦੋਸਤਾਨਾ ਤੌਰ ਤੇ ਨਮਸਕਾਰ ਕਰਨ ਲੱਗੇ। ਇਸ ਤਬਦੀਲੀ ਵਾਸਤੇ ਸ਼ਹਿਰ ਦਾ ਡਿਪਟੀ ਮੇਅਰ ਉਨ੍ਹਾਂ ਬੱਚਿਆਂ ਨੂੰ ਸਨਮਾਨਿਤ ਕਰਨਾ ਚਾਹੁੰਦਾ ਸੀ, ਪਰ ਉਨ੍ਹਾਂ ਦੀ ਮਾਂ ਨੇ ਕਿਹਾ ਕਿ ਉਹ ਤਾਂ ਸਿਰਫ਼ ਉਹੀ ਕਰ ਰਹੇ ਸਨ ਜੋ ਯਿਸੂ ਦੇ ਹਰ ਚੇਲੇ ਨੂੰ ਕਰਨਾ ਚਾਹੀਦਾ ਹੈ। ਬਾਅਦ ਵਿਚ ਜਦ ਪੂਰੇ ਟਾਪੂ ਉੱਤੇ ਭਾਸ਼ਣ ਦੇਣ ਵਾਲਿਆਂ ਦਾ ਮੁਕਾਬਲਾ ਹੋਇਆ, ਤਾਂ ਉਸ ਪਰਿਵਾਰ ਦੇ ਇਕ ਬੇਟੇ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਕਿਵੇਂ ਤਮੀਜ਼ ਨਾਲ ਨਮਸਕਾਰ ਕਰਨਾ ਸਿਖਾਇਆ, ਭਾਵੇਂ ਕੋਈ ਹੁੰਗਾਰਾ ਭਰੇ ਜਾਂ ਨਾ। ਉਸ ਮੁਕਾਬਲੇ ਵਿਚ ਉਸ ਨੂੰ ਪਹਿਲਾ ਇਨਾਮ ਮਿਲਿਆ ਅਤੇ ਉਸ ਦਾ ਭਾਸ਼ਣ ਸ਼ਹਿਰ ਦੀ ਅਖ਼ਬਾਰ ਵਿਚ ਛਾਪਿਆ ਗਿਆ। ਅੱਜ ਉਹ ਪਰਿਵਾਰ ਬਹੁਤ ਖ਼ੁਸ਼ ਹੈ ਕਿਉਂਕਿ ਬਾਈਬਲ ਦੀ ਸਿੱਖਿਆ ਤੇ ਅਮਲ ਕਰਨ ਦੇ ਚੰਗੇ ਨਤੀਜੇ ਨਿਕਲੇ ਹਨ। ਜਦ ਕੋਈ ਮੁਸਕਰਾ ਕੇ ਬੋਲਦਾ ਹੈ, ਤਾਂ ਉਸ ਨਾਲ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸਾਂਝੀ ਕਰਨੀ ਸੌਖੀ ਹੁੰਦੀ ਹੈ।