ਦੁਨੀਆਂ ਵਿਚ ਇੰਨੀ ਬੇਇਨਸਾਫ਼ੀ ਕਿਉਂ ਹੈ?
ਦੁਨੀਆਂ ਵਿਚ ਇੰਨੀ ਬੇਇਨਸਾਫ਼ੀ ਕਿਉਂ ਹੈ?
ਤੁਸੀਂ ਇਸ ਗੱਲ ਨਾਲ ਜ਼ਰੂਰ ਸਹਿਮਤ ਹੋਵੋਗੇ ਕਿ ਦੁਨੀਆਂ ਵਿਚ ਬਹੁਤ ਹੀ ਬੇਇਨਸਾਫ਼ੀ ਹੈ। ਭਾਵੇਂ ਸਾਡੇ ਵਿਚ ਜਿੰਨੇ ਮਰਜ਼ੀ ਹੁਨਰ ਹੋਣ ਜਾਂ ਫਿਰ ਅਸੀਂ ਜ਼ਿੰਦਗੀ ਦੇ ਫ਼ੈਸਲੇ ਕਿੰਨੀ ਹੀ ਸਮਝਦਾਰੀ ਨਾਲ ਕਿਉਂ ਨਾ ਕਰੀਏ, ਫਿਰ ਵੀ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਸਾਨੂੰ ਧਨ-ਦੌਲਤ, ਕਾਮਯਾਬੀ ਜਾਂ ਰੋਟੀ ਦੀ ਇਕ ਬੁਰਕੀ ਵੀ ਮਿਲੇਗੀ। ਅਕਸਰ ਇਵੇਂ ਹੁੰਦਾ ਹੈ ਜਿਵੇਂ ਪ੍ਰਾਚੀਨ ਸਮੇਂ ਦੇ ਬੁੱਧੀਮਾਨ ਰਾਜਾ ਸੁਲੇਮਾਨ ਨੇ ਕਿਹਾ ਸੀ: “ਬੁੱਧੀਮਾਨ ਹਮੇਸ਼ਾ ਰੋਟੀ ਨਹੀਂ ਕਮਾਉਂਦੇ, ਸਮਝਦਾਰ ਹਮੇਸ਼ਾ ਉੱਚੀ ਪਦਵੀ ਤੇ ਨਹੀਂ ਪਹੁੰਚਦਾ।” ਕਿਉਂ? ਕਿਉਂਕਿ “ਹਰ ਕਿਸੇ ਉਤੇ ਬੁਰਾ ਸਮਾਂ ਆਉਂਦਾ ਹੈ।”—ਉਪਦੇਸ਼ਕ 9:11, ਪਵਿੱਤਰ ਬਾਈਬਲ ਨਵਾਂ ਅਨੁਵਾਦ।
‘ਜਦ ਅਚਾਨਕ ਸਾਡੇ ਤੇ ਬੁਰੇ ਸਮੇਂ ਆਉਂਦੇ ਹਨ’
ਜੀ ਹਾਂ, “ਹਰ ਕਿਸੇ ਉਤੇ ਬੁਰਾ ਸਮਾਂ” ਆ ਸਕਦਾ ਹੈ। ਕਹਿਣ ਦਾ ਮਤਲਬ ਹੈ ਕਿ ਗ਼ਲਤ ਵਕਤ ਤੇ ਗ਼ਲਤ ਜਗ੍ਹਾ ਹੋਣ ਕਰਕੇ ਸਾਡੇ ਵਿੱਚੋਂ ਕਿਸੇ ਦੀਆਂ ਵੀ ਯੋਜਨਾਵਾਂ ਅਤੇ ਉਮੀਦਾਂ ਉੱਤੇ ਪਾਣੀ ਫਿਰ ਸਕਦਾ ਹੈ। ਰਾਜਾ ਸੁਲੇਮਾਨ ਮੁਤਾਬਕ ਜਿਵੇਂ ਅਚਾਨਕ ‘ਮੱਛੀਆਂ ਬਿਪਤਾ ਦੇ ਜਾਲ ਵਿੱਚ ਫਸ ਜਾਂਦੀਆਂ ਹਨ ਅਤੇ ਪੰਛੀ ਫਾਹੀ ਵਿੱਚ ਫਸ ਜਾਂਦੇ ਹਨ,’ ਤਿਵੇਂ ਅਸੀਂ ਵੀ ਅਚਾਨਕ ਕਹਿਰ ਢਾਹੁਣ ਵਾਲੇ ਬੁਰੇ ਸਮੇਂ ਦੇ ਸ਼ਿਕਾਰ ਹੋ ਜਾਂਦੇ ਹਾਂ। (ਉਪਦੇਸ਼ਕ ਦੀ ਪੋਥੀ 9:12) ਮਿਸਾਲ ਲਈ, ਲੱਖਾਂ ਹੀ ਲੋਕ ਆਪਣਾ ਗੁਜ਼ਾਰਾ ਤੋਰਨ ਲਈ ਲਹੂ ਪਸੀਨਾ ਇਕ ਕਰ ਕੇ ਫ਼ਸਲ ਬੀਜਦੇ ਹਨ। ਪਰ ਅਚਾਨਕ ਹੀ ਉਹ ‘ਬੁਰੇ ਸਮੇਂ’ ਦੇ ਸ਼ਿਕਾਰ ਬਣ ਜਾਂਦੇ ਹਨ ਜਦ ਵਰਖਾ ਨਾ ਹੋਣ ਕਰਕੇ ਸੋਕਾ ਪੈ ਜਾਂਦਾ ਹੈ ਤੇ ਉਨ੍ਹਾਂ ਦੀਆਂ ਫ਼ਸਲਾਂ ਬਰਬਾਦ ਹੋ ਜਾਂਦੀਆਂ ਹਨ।
ਦੁਨੀਆਂ ਭਰ ਵਿਚ ਕਈ ਲੋਕ ਬੁਰੇ ਸਮੇਂ ਦੀ ਮਾਰ ਹੇਠ ਆਏ ਦੁਖੀ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਅਕਸਰ ਇਸ ਵਿਚ ਵੀ ਬਹੁਤ ਬੇਇਨਸਾਫ਼ੀ ਹੁੰਦੀ ਦੇਖੀ ਜਾਂਦੀ ਹੈ। ਮਿਸਾਲ ਲਈ ਇਕ ਰਾਹਤ ਸੰਸਥਾ ਅਨੁਸਾਰ ਕੁਝ ਸਮਾਂ ਪਹਿਲਾਂ ਭੁੱਖਮਰੀ ਨੂੰ ਖ਼ਤਮ ਕਰਨ ਲਈ “ਪੂਰੇ [ਅਫ਼ਰੀਕਾ] ਨੂੰ ਜੋ ਪੈਸਾ ਮਿਲਿਆ, ਉਸ ਨਾਲੋਂ ਪੰਜ ਗੁਣਾ ਜ਼ਿਆਦਾ ਪੈਸਾ ਖਾੜੀ ਯੁੱਧ ਲੜਨ ਲਈ ਦਿੱਤਾ ਗਿਆ ਸੀ।” ਇਹ ਕਿਹੋ ਜਿਹਾ ਇਨਸਾਫ਼ ਹੈ ਕਿ ਕਈਆਂ ਦੇਸ਼ਾਂ ਵਿਚ ਭੁੱਖਮਰੀ ਖ਼ਤਮ ਕਰਨ ਲਈ ਦਿੱਤੇ ਪੈਸੇ ਨਾਲੋਂ ਇਕ ਦੇਸ਼ ਵਿਚ ਚੱਲ ਰਹੀ ਲੜਾਈ ਲੜਨ ਲਈ ਪੰਜ ਗੁਣਾਂ ਜ਼ਿਆਦਾ ਪੈਸਾ ਖ਼ਰਚ ਕੀਤਾ ਜਾਂਦਾ ਹੈ? ਕੀ ਇਸ ਨੂੰ ਇਨਸਾਫ਼ ਕਿਹਾ ਜਾ ਸਕਦਾ ਹੈ ਕਿ ਕਈ ਦੇਸ਼ਾਂ ਦੇ ਲੋਕ ਖ਼ੁਸ਼ਹਾਲ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ, ਜਦ ਕਿ ਦੁਨੀਆਂ ਦਾ ਚੌਥਾ ਹਿੱਸਾ ਗ਼ਰੀਬੀ ਦੀ ਮਾਰ ਹੇਠ ਹੈ ਜਾਂ ਲੱਖਾਂ ਬੱਚੇ ਹਰ ਸਾਲ ਕਿਸੇ-ਨ-ਕਿਸੇ ਬੀਮਾਰੀ ਕਾਰਨ ਮਰ ਰਹੇ ਹਨ ਜਿਸ ਨੂੰ ਰੋਕਿਆ ਜਾ ਸਕਦਾ ਹੈ? ਬਿਲਕੁਲ ਨਹੀਂ!
ਇਹ ਸੱਚ ਹੈ ਕਿ ਸਾਡੇ ਉੱਤੇ ਅਚਾਨਕ ਬੁਰੇ ਸਮੇਂ ਸਿਰਫ਼ ਗ਼ਲਤ ਵਕਤ ਤੇ ਗ਼ਲਤ ਜਗ੍ਹਾ ਹੋਣ ਕਾਰਨ ਹੀ ਨਹੀਂ ਆਉਂਦੇ। ਇਨ੍ਹਾਂ ਦੇ ਪਿੱਛੇ ਉਨ੍ਹਾਂ ਤਾਕਤਵਰ ਲੋਕਾਂ ਦਾ ਵੀ ਹੱਥ ਹੈ ਜੋ ਸਾਡੇ ਉੱਤੇ ਹੁਕਮ ਚਲਾ ਕੇ ਸਾਡੀਆਂ ਜ਼ਿੰਦਗੀਆਂ ਨੂੰ ਆਪਣੇ ਵੱਸ ਵਿਚ
ਕਰ ਲੈਂਦੇ ਹਨ। ਇਸ ਤਰ੍ਹਾਂ 2004 ਵਿਚ ਉੱਤਰੀ ਔਸੇਸ਼ਿਆ ਵਿਚ ਹੋਇਆ ਸੀ ਜਦ ਸੈਂਕੜੇ ਲੋਕ ਅੱਤਵਾਦੀਆਂ ਤੇ ਪੁਲਸ ਵਿਚਕਾਰ ਹੋ ਰਹੀ ਭਿਆਨਕ ਲੜਾਈ ਕਾਰਨ ਮਾਰੇ ਗਏ ਸਨ। ਇਨ੍ਹਾਂ ਬੇਕਸੂਰ ਲੋਕਾਂ ਵਿਚ ਜ਼ਿਆਦਾਤਰ ਛੋਟੇ-ਛੋਟੇ ਬੱਚੇ ਸਨ ਜੋ ਪਹਿਲੀ ਵਾਰ ਸਕੂਲ ਜਾ ਰਹੇ ਸਨ। ਇਹ ਸੱਚ ਹੈ ਕਿ ਉਸ ਆਫ਼ਤ ਵਿੱਚੋਂ ਕੌਣ ਬਚਿਆ ਤੇ ਕੌਣ ਨਹੀਂ ਇਕ ਇਤਫ਼ਾਕ ਸੀ, ਪਰ ਫਿਰ ਵੀ ਉਸ ‘ਬੁਰੇ ਸਮੇਂ’ ਦੀ ਜੜ੍ਹ ਇਨਸਾਨੀ ਲੜਾਈ-ਝਗੜੇ ਸਨ।ਕੀ ਦੁਨੀਆਂ ਵਿਚ ਹਮੇਸ਼ਾ ਅਨਿਆਂ ਹੁੰਦਾ ਰਹੇਗਾ?
ਅਨਿਆਂ ਤੇ ਦੁੱਖ ਭਰੀ ਜ਼ਿੰਦਗੀ ਬਾਰੇ ਗੱਲ ਕਰਦੇ ਹੋਏ ਲੋਕ ਅਕਸਰ ਇਹ ਕਹਿੰਦੇ ਹਨ ਕਿ “ਦੁੱਖ ਤਾਂ ਸਾਡੀ ਕਿਸਮਤ ਵਿਚ ਲਿਖਿਆ ਹੋਇਆ ਹੈ। ਕਿਸਮਤ ਵਿਚ ਲਿਖੀਆਂ ਗੱਲਾਂ ਨੂੰ ਕੌਣ ਮਿਟਾ ਸਕਦਾ ਹੈ।” ਜੋ ਲੋਕ ਇਸ ਤਰ੍ਹਾਂ ਸੋਚਦੇ ਹਨ, ਉਹ ਮੰਨਦੇ ਹਨ ਕਿ ਤਾਕਤਵਰ ਲੋਕ ਕਮਜ਼ੋਰ ਲੋਕਾਂ ਉੱਤੇ ਜ਼ੁਲਮ ਕਰਦੇ ਰਹਿਣਗੇ ਅਤੇ ਅਮੀਰ ਲੋਕ ਹਮੇਸ਼ਾ ਗ਼ਰੀਬਾਂ ਨਾਲ ਅਨਿਆਂ ਕਰਦੇ ਅਤੇ ਉਨ੍ਹਾਂ ਦਾ ਨਾਜਾਇਜ਼ ਫ਼ਾਇਦਾ ਉਠਾਉਂਦੇ ਰਹਿਣਗੇ। ਉਨ੍ਹਾਂ ਦੇ ਭਾਣੇ ‘ਬੁਰੇ ਸਮੇਂ’ ਹਮੇਸ਼ਾ ਜ਼ਿੰਦਗੀ ਦਾ ਹਿੱਸਾ ਬਣੇ ਰਹਿਣਗੇ ਅਤੇ ਇਸ ਹਕੀਕਤ ਨੂੰ ਕੋਈ ਨਹੀਂ ਬਦਲ ਸਕਦਾ।
ਪਰ ਕੀ ਇਹ ਸੱਚ ਹੈ ਕਿ ਦੁਨੀਆਂ ਦੇ ਹਾਲਾਤ ਕਦੇ ਬਦਲੇ ਨਹੀਂ ਜਾ ਸਕਦੇ? ਜੋ ਲੋਕ ਅਕਲਮੰਦੀ ਨਾਲ ਆਪਣੇ ਹੁਨਰ ਵਰਤ ਕੇ ਕੰਮ ਕਰਦੇ ਹਨ, ਕੀ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਫਲ ਕਦੇ ਮਿਲੇਗਾ? ਕੀ ਇਸ ਦੁਨੀਆਂ ਵਿਚ ਹੁੰਦੀ ਬੇਇਨਸਾਫ਼ੀ ਨੂੰ ਹਮੇਸ਼ਾ ਲਈ ਖ਼ਤਮ ਕਰਨ ਲਈ ਕੋਈ ਕੁਝ ਕਰ ਸਕਦਾ ਹੈ? ਧਿਆਨ ਦਿਓ ਕਿ ਇਸ ਬਾਰੇ ਅਗਲਾ ਲੇਖ ਕੀ ਕਹਿੰਦਾ ਹੈ।
[ਸਫ਼ੇ 2 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
COVER: Man with a child: UN PHOTO 148426/McCurry/Stockbower
[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
MAXIM MARMUR/AFP/Getty Images