Skip to content

Skip to table of contents

“ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਦਿਨ”

“ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਦਿਨ”

“ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਦਿਨ”

ਆਸਟ੍ਰੇਲੀਆ ਵਿਚ ਨੌਜਵਾਨਾਂ ਦੀ ਮਦਦ ਕਰਨ ਵਾਲੀ ਇਕ ਸਰਕਾਰੀ ਏਜੰਸੀ ਦਾ ਕਹਿਣਾ ਹੈ ਕਿ “ਨੌਜਵਾਨਾਂ ਦੀਆਂ ਮਾਨਸਿਕ ਬੀਮਾਰੀਆਂ ਵਿੱਚੋਂ ਡਿਪਰੈਸ਼ਨ ਸ਼ਾਇਦ ਸਭ ਤੋਂ ਗੰਭੀਰ ਸਮੱਸਿਆ ਹੈ ਕਿਉਂਕਿ ਇਸ ਨਾਲ ਜ਼ਿਆਦਾ ਨੌਜਵਾਨ ਪਰੇਸ਼ਾਨ ਹਨ।” ਅਨੁਮਾਨ ਲਗਾਇਆ ਗਿਆ ਹੈ ਕਿ ਆਸਟ੍ਰੇਲੀਆ ਵਿਚ ਤਕਰੀਬਨ ਇਕ ਲੱਖ ਨੌਜਵਾਨ ਹਰ ਸਾਲ ਡਿਪਰੈਸ਼ਨ ਦੇ ਸ਼ਿਕਾਰ ਹੁੰਦੇ ਹਨ।

ਸਾਡੇ ਮਸੀਹੀ ਨੌਜਵਾਨ ਭੈਣ-ਭਰਾ ਵੀ ਡਿਪਰੈਸ਼ਨ ਤੋਂ ਮੁਕਤ ਨਹੀਂ ਹਨ। ਪਰ ਡਿਪਰੈਸ਼ਨ ਦੇ ਸ਼ਿਕਾਰ ਨੌਜਵਾਨ ਭੈਣਾਂ-ਭਰਾਵਾਂ ਨੇ ਯਹੋਵਾਹ ਪਰਮੇਸ਼ੁਰ ਵਿਚ ਪੱਕੀ ਨਿਹਚਾ ਰੱਖ ਕੇ ਆਪਣੇ ਆਪ ਨੂੰ ਗਮਾਂ ਵਿਚ ਡੁੱਬਣ ਨਹੀਂ ਦਿੱਤਾ। ਇਸ ਨਾਲ ਉਹ ਆਪਣੀ ਜਵਾਨੀ ਦਾ ਪੂਰਾ-ਪੂਰਾ ਫ਼ਾਇਦਾ ਲੈ ਸਕੇ। ਉਨ੍ਹਾਂ ਦੀ ਪੱਕੀ ਨਿਹਚਾ ਦਾ ਲੋਕਾਂ ਤੇ ਵਧੀਆ ਪ੍ਰਭਾਵ ਪੈਂਦਾ ਹੈ। ਸਾਡੇ ਕੋਲ ਇਸ ਦੀ ਇਕ ਮਿਸਾਲ ਹੈ।

ਅਠਾਰਾਂ ਸਾਲਾਂ ਦੀ ਕਲੇਰ ਆਪਣੀ ਮੰਮੀ ਨਾਲ ਮੈਲਬੋਰਨ ਸ਼ਹਿਰ ਵਿਚ ਯਹੋਵਾਹ ਦੇ ਗਵਾਹਾਂ ਦੀ ਇਕ ਕਲੀਸਿਯਾ ਵਿਚ ਜਾਂਦੀ ਹੈ। ਜਦੋਂ ਕਲੇਰ ਦਾ ਡੈਡੀ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ, ਤਾਂ ਕਲੇਰ ਨੂੰ ਡਿਪਰੈਸ਼ਨ ਹੋ ਗਿਆ ਸੀ। ਇਸ ਦੇ ਬਾਵਜੂਦ ਕਲੇਰ ਨੇ ਆਪਣੇ ਸਵਰਗੀ ਪਿਤਾ ਯਹੋਵਾਹ ਵਿਚ ਪੱਕੀ ਨਿਹਚਾ ਰੱਖੀ। ਇਕ ਦਿਨ ਲਿਡੀਆ ਨਾਂ ਦੀ ਉਸ ਦੀ ਡਾਕਟਰ ਕਲੇਰ ਦੀ ਬੀਮਾਰ ਪਈ ਮਾਂ ਨੂੰ ਮਿਲਣ ਉਸ ਦੇ ਘਰ ਆਈ। ਜਾਣ ਲੱਗਿਆਂ ਉਹ ਕਲੇਰ ਨੂੰ ਆਪਣੀ ਕਾਰ ਵਿਚ ਬਾਜ਼ਾਰ ਲੈ ਗਈ। ਰਾਹ ਵਿਚ ਉਸ ਨੇ ਕਲੇਰ ਨੂੰ ਪੁੱਛਿਆ ਕਿ ਕੀ ਉਸ ਦਾ ਕੋਈ ਬੁਆਏ-ਫ੍ਰੈਂਡ ਹੈ। ਕਲੇਰ ਨੇ ਉਸ ਨੂੰ ਦੱਸਿਆ ਕਿ ਉਹ ਐਵੇਂ ਮੌਜ-ਮਸਤੀ ਲਈ ਮੁੰਡਿਆਂ ਨਾਲ ਤੁਰਨ-ਫਿਰਨ ਨਹੀਂ ਜਾਂਦੀ। ਇਸ ਗੱਲ ਨੇ ਡਾਕਟਰ ਨੂੰ ਹੈਰਾਨ ਕਰ ਦਿੱਤਾ। ਫਿਰ ਕਲੇਰ ਨੇ ਦੱਸਿਆ ਕਿ ਸਹੀ ਫ਼ੈਸਲੇ ਕਰਨ ਵਿਚ ਉਸ ਨੂੰ ਬਾਈਬਲ ਤੋਂ ਕਿਵੇਂ ਮਦਦ ਮਿਲੀ ਹੈ। ਅਖ਼ੀਰ ਵਿਚ ਉਸ ਨੇ ਕਿਹਾ ਕਿ ਉਹ ਡਾਕਟਰ ਲਈ ਇਕ ਕਿਤਾਬ ਲਿਆਵੇਗੀ ਜਿਸ ਵਿਚ ਬਾਈਬਲ ਵਿੱਚੋਂ ਵਧੀਆ ਸਲਾਹ ਦਿੱਤੀ ਗਈ ਹੈ ਅਤੇ ਜਿਸ ਨੇ ਉਸ ਦੀ ਬਹੁਤ ਹੀ ਮਦਦ ਕੀਤੀ। ਇਸ ਕਿਤਾਬ ਦਾ ਨਾਂ ਹੈ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ (ਹਿੰਦੀ)।

ਕਿਤਾਬ ਮਿਲਣ ਤੋਂ ਤੀਜੇ ਦਿਨ ਲਿਡੀਆ ਨੇ ਕਲੇਰ ਦੀ ਮੰਮੀ ਨੂੰ ਟੈਲੀਫ਼ੋਨ ਤੇ ਦੱਸਿਆ ਕਿ ਉਸ ਨੂੰ ਕਿਤਾਬ ਬਹੁਤ ਪਸੰਦ ਆਈ। ਫਿਰ ਉਸ ਨੇ ਕਿਹਾ ਕਿ ਉਹ ਦੂਸਰੇ ਡਾਕਟਰਾਂ ਲਈ ਇਸ ਕਿਤਾਬ ਦੀਆਂ ਛੇ ਹੋਰ ਕਾਪੀਆਂ ਚਾਹੁੰਦੀ ਸੀ। ਜਦ ਕਲੇਰ ਕਿਤਾਬਾਂ ਲੈ ਕੇ ਡਾਕਟਰ ਕੋਲ ਗਈ, ਤਾਂ ਡਾਕਟਰ ਨੇ ਕਿਹਾ ਕਿ ਉਹ ਕਲੇਰ ਦਾ ਪਰਮੇਸ਼ੁਰ ਵਿਚ ਵਿਸ਼ਵਾਸ ਦੇਖ ਕੇ ਬਹੁਤ ਪ੍ਰਭਾਵਿਤ ਹੋਈ ਸੀ। ਕਲੇਰ ਨੇ ਉਸ ਨਾਲ ਬਾਈਬਲ ਸਟੱਡੀ ਕਰਨ ਬਾਰੇ ਗੱਲ ਕੀਤੀ ਤੇ ਡਾਕਟਰ ਮੰਨ ਗਈ।

ਕਈ ਹਫ਼ਤੇ ਕਲੇਰ ਲਿਡੀਆ ਨਾਲ ਦੁਪਹਿਰ ਦੀ ਰੋਟੀ ਵੇਲੇ ਬਾਈਬਲ ਸਟੱਡੀ ਕਰਦੀ ਰਹੀ। ਇਕ ਦਿਨ ਲਿਡੀਆ ਨੇ ਕਲੇਰ ਨੂੰ ਇਕ ਸੈਮੀਨਾਰ ਵਿਚ ਨੌਜਵਾਨਾਂ ਵਿਚ ਡਿਪਰੈਸ਼ਨ ਦੀ ਸਮੱਸਿਆ ਬਾਰੇ ਭਾਸ਼ਣ ਦੇਣ ਲਈ ਕਿਹਾ। ਭਾਵੇਂ ਕਲੇਰ ਨੂੰ ਡਰ ਲੱਗਦਾ ਸੀ, ਪਰ ਉਹ ਭਾਸ਼ਣ ਦੇਣ ਲਈ ਮੰਨ ਗਈ। ਸੈਮੀਨਾਰ ਵਿਚ 60 ਤੋਂ ਜ਼ਿਆਦਾ ਲੋਕ ਹਾਜ਼ਰ ਸਨ। ਪਹਿਲਾਂ ਚਾਰ ਮਨੋਵਿਗਿਆਨੀਆਂ ਨੇ ਭਾਸ਼ਣ ਦਿੱਤਾ ਤੇ ਫਿਰ ਕਲੇਰ ਦੀ ਵਾਰੀ ਆਈ। ਉਸ ਨੇ ਕਿਹਾ ਕਿ ਨੌਜਵਾਨਾਂ ਲਈ ਪਰਮੇਸ਼ੁਰ ਨੂੰ ਜਾਣਨਾ ਤੇ ਉਸ ਤੇ ਭਰੋਸਾ ਰੱਖਣਾ ਬਹੁਤ ਜ਼ਰੂਰੀ ਹੈ। ਉਸ ਨੇ ਅੱਗੇ ਕਿਹਾ ਕਿ ਪਰਮੇਸ਼ੁਰ ਨੂੰ ਨੌਜਵਾਨਾਂ ਦੀ ਬਹੁਤ ਪਰਵਾਹ ਹੈ ਤੇ ਉਹ ਉਸ ਕੋਲ ਆਉਣ ਵਾਲੇ ਹਰ ਵਿਅਕਤੀ ਨੂੰ ਸਹਾਰਾ ਦਿੰਦਾ ਹੈ ਤੇ ਮਦਦ ਕਰਦਾ ਹੈ। ਇਸ ਤੋਂ ਇਲਾਵਾ ਉਸ ਨੇ ਦੱਸਿਆ ਕਿ ਯਹੋਵਾਹ ਪਰਮੇਸ਼ੁਰ ਬਹੁਤ ਜਲਦੀ ਹਰ ਕਿਸਮ ਦੀ ਸਰੀਰਕ ਅਤੇ ਮਾਨਸਿਕ ਬੀਮਾਰੀ ਨੂੰ ਮਿਟਾ ਦੇਵੇਗਾ। (ਯਸਾਯਾਹ 33:24) ਕਲੇਰ ਦੀ ਇਸ ਗਵਾਹੀ ਦਾ ਕੀ ਨਤੀਜਾ ਨਿਕਲਿਆ?

ਉਹ ਦੱਸਦੀ ਹੈ: “ਸੈਸ਼ਨ ਖ਼ਤਮ ਹੋਣ ਤੋਂ ਬਾਅਦ ਕਈ ਲੋਕ ਮੇਰੇ ਕੋਲ ਆ ਕੇ ਕਹਿਣ ਲੱਗੇ ਕਿ ਉਹ ਕਿਸੇ ਨੌਜਵਾਨ ਨੂੰ ਪਰਮੇਸ਼ੁਰ ਬਾਰੇ ਗੱਲ ਕਰਦੇ ਸੁਣ ਕੇ ਬਹੁਤ ਪ੍ਰਭਾਵਿਤ ਹੋਏ। ਮੈਂ ਨੌਜਵਾਨਾਂ ਦੇ ਸਵਾਲ ਕਿਤਾਬ ਦੀਆਂ 23 ਕਾਪੀਆਂ ਵੰਡੀਆਂ। ਤਿੰਨ ਕੁੜੀਆਂ ਨੇ ਮੈਨੂੰ ਆਪਣੇ ਟੈਲੀਫ਼ੋਨ ਨੰਬਰ ਦਿੱਤੇ ਅਤੇ ਉਨ੍ਹਾਂ ਵਿੱਚੋਂ ਇਕ ਕੁੜੀ ਨਾਲ ਮੈਂ ਹੁਣ ਬਾਈਬਲ ਦੀ ਸਟੱਡੀ ਕਰ ਰਹੀ ਹਾਂ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਦਿਨ ਸੀ।”