Skip to content

Skip to table of contents

‘ਮੇਰੇ ਦਿਲ ਦੀ ਇੱਛਾ’ ਪੂਰੀ ਹੋਈ

‘ਮੇਰੇ ਦਿਲ ਦੀ ਇੱਛਾ’ ਪੂਰੀ ਹੋਈ

ਜੀਵਨੀ

‘ਮੇਰੇ ਦਿਲ ਦੀ ਇੱਛਾ’ ਪੂਰੀ ਹੋਈ

ਡੋਮਿਨੀਕ ਮੋਰਗੂ ਦੀ ਜ਼ਬਾਨੀ

ਮੇਰੇ ਬਚਪਨ ਦਾ ਸੁਪਨਾ ਆਖ਼ਰਕਾਰ ਪੂਰਾ ਹੋ ਹੀ ਗਿਆ। ਮੈਂ ਦਸੰਬਰ 1998 ਵਿਚ ਅਫ਼ਰੀਕਾ ਪਹੁੰਚ ਗਈ! ਮੈਂ ਹਮੇਸ਼ਾ ਅਫ਼ਰੀਕਾ ਦੇ ਖੁੱਲ੍ਹੇ-ਡੁੱਲ੍ਹੇ ਮੈਦਾਨਾਂ ਤੇ ਜੰਗਲੀ ਜਾਨਵਰਾਂ ਦੇ ਖਾਬ ਲੈਂਦੀ ਰਹਿੰਦੀ ਸੀ। ਹੁਣ ਮੈਂ ਅਫ਼ਰੀਕਾ ਦੀ ਸਰਜ਼ਮੀਨ ਤੇ ਖੜ੍ਹੀ ਸੀ! ਮੇਰਾ ਇਕ ਹੋਰ ਸੁਪਨਾ ਵੀ ਪੂਰਾ ਹੋਇਆ ਸੀ। ਮੈਂ ਪ੍ਰਚਾਰਕ ਵਜੋਂ ਵਿਦੇਸ਼ ਵਿਚ ਸੇਵਾ ਕਰ ਰਹੀ ਸੀ। ਮੈਂ ਕਦੇ ਇਹ ਕਰ ਪਾਵਾਂਗੀ, ਇਹ ਕਈਆਂ ਨੂੰ ਨਾਮੁਮਕਿਨ ਲੱਗਦਾ ਸੀ। ਕਿਉਂ? ਕਿਉਂਕਿ ਮੇਰੀ ਨਜ਼ਰ ਬਹੁਤ ਕਮਜ਼ੋਰ ਹੈ। ਪਰ ਮੈਂ ਅਫ਼ਰੀਕਾ ਦੇ ਪਿੰਡਾਂ ਦੀਆਂ ਕੱਚੀਆਂ ਗਲੀਆਂ ਉੱਤੇ ਆਪਣੇ ਕੁੱਤੇ ਦੇ ਸਹਾਰੇ ਨਾਲ ਤੁਰਦੀ-ਫਿਰਦੀ ਹਾਂ। ਅਸਲ ਵਿਚ ਇਹ ਜਾਨਵਰ ਯੂਰਪ ਦੀਆਂ ਸੜਕਾਂ ਉੱਤੇ ਮੇਰੀ ਸਹਾਇਤਾ ਕਰਨ ਲਈ ਟ੍ਰੇਨ ਕੀਤਾ ਗਿਆ ਹੈ। ਆਓ ਮੈਂ ਤੁਹਾਨੂੰ ਦੱਸਾਂ ਕਿ ਅਫ਼ਰੀਕਾ ਵਿਚ ਸੇਵਾ ਕਰਨ ਦਾ ਮੇਰਾ ਸੁਪਨਾ ਕਿਵੇਂ ਪੂਰਾ ਹੋਇਆ ਤੇ ਯਹੋਵਾਹ ਨੇ ‘ਮੇਰੇ ਦਿਲ ਦੀ ਇਛਾ ਪੂਰੀ’ ਕਿਵੇਂ ਕੀਤੀ।—ਭਜਨ 37:4, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਮੇਰਾ ਜਨਮ 9 ਜੂਨ 1966 ਨੂੰ ਦੱਖਣੀ ਫਰਾਂਸ ਵਿਚ ਹੋਇਆ ਸੀ। ਅਸੀਂ ਸੱਤ ਭੈਣ-ਭਰਾ ਹਾਂ, ਦੋ ਭਰਾ ਤੇ ਪੰਜ ਭੈਣਾਂ। ਮੈਂ ਸਭ ਤੋਂ ਛੋਟੀ ਹਾਂ। ਸਾਡੇ ਮਾਂ-ਬਾਪ ਨੇ ਬੜੇ ਲਾਡ-ਪਿਆਰ ਨਾਲ ਸਾਡੀ ਪਰਵਰਿਸ਼ ਕੀਤੀ। ਪਰ ਛੋਟੀ ਹੁੰਦੀ ਹੀ ਮੇਰੀਆਂ ਖ਼ੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ। ਮੈਨੂੰ ਇਕ ਖ਼ਾਨਦਾਨੀ ਬੀਮਾਰੀ ਹੈ ਜਿਸ ਨਾਲ ਮੇਰੀ ਨਿਗਾਹ ਹੌਲੀ-ਹੌਲੀ ਕਮਜ਼ੋਰ ਹੋ ਰਹੀ ਹੈ ਤੇ ਮੈਂ ਅੰਧੀ ਹੋ ਜਾਣਾ ਹੈ। ਇਹ ਬੀਮਾਰੀ ਮੇਰੀ ਨਾਨੀ, ਮੰਮੀ ਤੇ ਇਕ ਭੈਣ ਨੂੰ ਵੀ ਹੈ।

ਜਵਾਨੀ ਵਿਚ ਹੀ ਮੈਂ ਜਾਤ-ਪਾਤ ਦੀ ਨਫ਼ਰਤ ਦਾ ਸ਼ਿਕਾਰ ਬਣੀ ਅਤੇ ਲੋਕਾਂ ਦੇ ਪਖੰਡ ਦੇਖ ਕੇ ਮੈਂ ਸਮਾਜ ਦੇ ਖ਼ਿਲਾਫ਼ ਬਗਾਵਤ ਕਰਨ ਤੇ ਉਤਾਰੂ ਹੋ ਗਈ। ਇਸ ਮੁਸ਼ਕਲ ਸਮੇਂ ਦੌਰਾਨ ਅਸੀਂ ਏਹਰੋ ਇਲਾਕੇ ਵਿਚ ਰਹਿਣ ਚਲੇ ਗਏ। ਉੱਥੇ ਜਾ ਕੇ ਮੇਰੀ ਜ਼ਿੰਦਗੀ ਹੀ ਬਦਲ ਗਈ।

ਇਕ ਦਿਨ ਯਹੋਵਾਹ ਦੀਆਂ ਗਵਾਹਾਂ ਸਾਡੇ ਘਰ ਆਈਆਂ। ਮੈਨੂੰ ਯਾਦ ਹੈ ਕਿ ਉਸ ਦਿਨ ਐਤਵਾਰ ਸੀ। ਮੰਮੀ ਜੀ ਉਨ੍ਹਾਂ ਨੂੰ ਪਹਿਲਾਂ ਹੀ ਜਾਣਦੇ ਸਨ ਤੇ ਉਨ੍ਹਾਂ ਨੂੰ ਅੰਦਰ ਬੁਲਾ ਲਿਆ। ਉਨ੍ਹਾਂ ਵਿੱਚੋਂ ਇਕ ਨੇ ਮੰਮੀ ਜੀ ਨੂੰ ਪੁੱਛਿਆ: “ਕੀ ਤੁਹਾਨੂੰ ਆਪਣਾ ਵਾਅਦਾ ਯਾਦ ਹੈ ਕਿ ਇਕ ਦਿਨ ਤੁਸੀਂ ਬਾਈਬਲ ਦਾ ਅਧਿਐਨ ਕਰੋਗੇ?” ਮੰਮੀ ਜੀ ਨੂੰ ਯਾਦ ਸੀ ਅਤੇ ਉਨ੍ਹਾਂ ਨੇ ਕਿਹਾ: “ਹਾਂਜੀ, ਅਸੀਂ ਕਦੋਂ ਸ਼ੁਰੂ ਕਰੀਏ?” ਉਨ੍ਹਾਂ ਨੇ ਹਰ ਐਤਵਾਰ ਸਵੇਰ ਨੂੰ ਆਉਣਾ ਸ਼ੁਰੂ ਕਰ ਦਿੱਤਾ ਅਤੇ ਇਸ ਤਰ੍ਹਾਂ ਮੰਮੀ ਜੀ “ਇੰਜੀਲ ਦੀ ਸਚਿਆਈ” ਸਿੱਖਣ ਲੱਗ ਪਏ।—ਗਲਾਤੀਆਂ 2:14.

ਬਾਈਬਲ ਦਾ ਗਿਆਨ ਲੈਣਾ

ਮੰਮੀ ਜੀ ਨੇ ਬਾਈਬਲ ਦੀਆਂ ਗੱਲਾਂ ਸਮਝਣ ਅਤੇ ਯਾਦ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ। ਅੰਧੇ ਹੋਣ ਕਰਕੇ ਉਨ੍ਹਾਂ ਨੂੰ ਸਭ ਕੁਝ ਯਾਦ ਕਰਨਾ ਪੈਂਦਾ ਸੀ। ਯਹੋਵਾਹ ਦੀਆਂ ਗਵਾਹਾਂ ਨੇ ਧੀਰਜ ਨਾਲ ਉਨ੍ਹਾਂ ਨੂੰ ਸਿਖਾਇਆ। ਪਰ ਜਦ ਵੀ ਉਹ ਸਾਡੇ ਘਰ ਆਉਂਦੀਆਂ ਸਨ, ਤਾਂ ਮੈਂ ਆਪਣੇ ਕਮਰੇ ਵਿਚ ਲੁਕ ਜਾਂਦੀ ਸੀ। ਪਰ ਇਕ ਵਾਰ ਉਨ੍ਹਾਂ ਵਿੱਚੋਂ ਊਜੀਨੀ ਨਾਂ ਦੀ ਤੀਵੀਂ ਨੇ ਮੈਨੂੰ ਦੇਖ ਲਿਆ ਤੇ ਉਸ ਨੇ ਮੇਰੇ ਨਾਲ ਗੱਲਾਂ ਕੀਤੀਆਂ। ਉਸ ਨੇ ਮੈਨੂੰ ਦੱਸਿਆ ਕਿ ਪਰਮੇਸ਼ੁਰ ਦਾ ਰਾਜ ਹਰ ਤਰ੍ਹਾਂ ਦੇ ਪਖੰਡ, ਨਫ਼ਰਤ ਅਤੇ ਪੱਖਪਾਤ ਨੂੰ ਖ਼ਤਮ ਕਰ ਦੇਵੇਗਾ। ਉਸ ਨੇ ਕਿਹਾ, “ਇਨ੍ਹਾਂ ਮੁਸੀਬਤਾਂ ਦਾ ਹੱਲ ਰੱਬ ਕੋਲ ਹੈ।” ਫਿਰ ਉਸ ਨੇ ਪੁੱਛਿਆ, “ਕੀ ਤੂੰ ਹੋਰ ਜਾਣਨਾ ਚਾਹੁੰਦੀ ਹੈਂ?” ਅਗਲੇ ਦਿਨ ਹੀ ਮੈਂ ਵੀ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ।

ਮੈਂ ਨਵੀਆਂ-ਨਵੀਆਂ ਗੱਲਾਂ ਸਿੱਖੀਆਂ। ਮੈਂ ਸਮਝ ਗਈ ਕਿ ਧਰਤੀ ਉੱਤੇ ਇੰਨੀ ਬੁਰਾਈ ਕਿਉਂ ਹੈ ਤੇ ਰੱਬ ਨੇ ਅੱਜ ਤਕ ਇਸ ਨੂੰ ਖ਼ਤਮ ਕਿਉਂ ਨਹੀਂ ਕੀਤਾ। (ਉਤਪਤ 3:15; ਯੂਹੰਨਾ 3:16; ਰੋਮੀਆਂ 9:17) ਮੈਂ ਸਿੱਖਿਆ ਕਿ ਯਹੋਵਾਹ ਨੇ ਸਾਨੂੰ ਬਹੁਤ ਚੰਗੀ ਉਮੀਦ ਦਿੱਤੀ ਹੈ। ਉਸ ਨੇ ਵਾਅਦਾ ਕੀਤਾ ਹੈ ਕਿ ਇਕ ਦਿਨ ਇਨਸਾਨ ਇਸ ਸੁੰਦਰ ਧਰਤੀ ਉੱਤੇ ਹਮੇਸ਼ਾ ਲਈ ਜੀਣਗੇ। (ਜ਼ਬੂਰਾਂ ਦੀ ਪੋਥੀ 37:29; 96:11, 12; ਯਸਾਯਾਹ 35:1, 2; 45:18) ਹੌਲੀ-ਹੌਲੀ ਬੁੱਝ ਰਹੀ ਮੇਰੀਆਂ ਅੱਖਾਂ ਦੀ ਜੋਤ ਉਸ ਸਮੇਂ ਵਾਪਸ ਆ ਜਾਵੇਗੀ।—ਯਸਾਯਾਹ 35:5.

ਮੈਂ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਕੀਤੀ

ਮੈਂ ਆਪਣਾ ਜੀਵਨ ਯਹੋਵਾਹ ਨੂੰ ਅਰਪਣ ਕਰ ਕੇ 12 ਦਸੰਬਰ 1985 ਨੂੰ ਬਪਤਿਸਮਾ ਲੈ ਲਿਆ। ਮੇਰੀ ਭੈਣ ਮੱਰੀ-ਕਲੈਰ ਨੇ ਪਹਿਲਾਂ ਹੀ ਬਪਤਿਸਮਾ ਲੈ ਲਿਆ ਸੀ ਤੇ ਮੇਰੇ ਬਪਤਿਸਮੇ ਤੋਂ ਥੋੜ੍ਹੀ ਦੇਰ ਬਾਅਦ ਮੇਰੇ ਭਰਾ ਜ਼ੌਨ-ਪੀਏਰ ਤੇ ਮੰਮੀ ਜੀ ਨੇ ਵੀ ਬਪਤਿਸਮਾ ਲੈ ਲਿਆ।

ਸਾਡੀ ਕਲੀਸਿਯਾ ਵਿਚ ਕਾਫ਼ੀ ਸਾਰੇ ਪਾਇਨੀਅਰ ਸਨ ਜੋ ਪ੍ਰਚਾਰ ਕਰਨ ਵਿਚ ਆਪਣਾ ਪੂਰਾ ਸਮਾਂ ਲਾਉਂਦੇ ਸਨ। ਪ੍ਰਚਾਰ ਲਈ ਉਨ੍ਹਾਂ ਦੀ ਖ਼ੁਸ਼ੀ ਅਤੇ ਜੋਸ਼ ਦੇਖ ਕੇ ਮੈਨੂੰ ਬਹੁਤ ਹੌਸਲਾ ਮਿਲਿਆ। ਅੱਖਾਂ ਦੀ ਬੀਮਾਰੀ ਤੇ ਇਕ ਲੱਤ ਅਪਾਹਜ ਹੋਣ ਦੇ ਬਾਵਜੂਦ ਮੱਰੀ-ਕਲੈਰ ਵੀ ਪਾਇਨੀਅਰੀ ਕਰਨ ਲੱਗ ਪਈ। ਉਸ ਦੀ ਮਿਸਾਲ ਤੋਂ ਮੈਨੂੰ ਅੱਜ ਵੀ ਬਹੁਤ ਹੌਸਲਾ ਮਿਲਦਾ ਹੈ। ਕਲੀਸਿਯਾ ਅਤੇ ਘਰ ਵਿਚ ਪਾਇਨੀਅਰਾਂ ਦੀ ਸੰਗਤ ਕਰ ਕੇ ਮੇਰੇ ਅੰਦਰ ਪਾਇਨੀਅਰੀ ਕਰਨ ਦੀ ਇੱਛਾ ਜਾਗ ਉੱਠੀ। ਸੋ ਫਿਰ ਨਵੰਬਰ 1990 ਵਿਚ ਮੈਂ ਬੇਜ਼ੀਏ ਸ਼ਹਿਰ ਵਿਚ ਪੂਰਾ ਸਮਾਂ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।—ਜ਼ਬੂਰਾਂ ਦੀ ਪੋਥੀ 94:17-19.

ਮੈਂ ਹਿੰਮਤ ਨਹੀਂ ਹਾਰੀ

ਪ੍ਰਚਾਰ ਕਰਦੇ ਸਮੇਂ ਦੂਸਰੇ ਪਾਇਨੀਅਰ ਮੇਰਾ ਬਹੁਤ ਧਿਆਨ ਰੱਖਦੇ ਸਨ। ਫਿਰ ਵੀ, ਕਦੀ-ਕਦੀ ਮੈਂ ਆਪਣੀਆਂ ਕਮਜ਼ੋਰੀਆਂ ਕਰਕੇ ਨਿਰਾਸ਼ ਹੋ ਜਾਂਦੀ ਸੀ ਕਿਉਂਕਿ ਮੈਂ ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੀ ਸੀ। ਪਰ ਯਹੋਵਾਹ ਹਮੇਸ਼ਾ ਮੇਰਾ ਸਹਾਰਾ ਸਾਬਤ ਹੋਇਆ। ਮੈਂ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ ਵਿਚ ਰਿਸਰਚ ਕੀਤੀ ਤੇ ਉਨ੍ਹਾਂ ਪਾਇਨੀਅਰਾਂ ਦੀਆਂ ਕਹਾਣੀਆਂ ਪੜ੍ਹੀਆਂ ਜਿਨ੍ਹਾਂ ਦੀ ਨਜ਼ਰ ਮੇਰੇ ਵਾਂਗ ਕਮਜ਼ੋਰ ਹੈ। ਮੈਂ ਇਹ ਜਾਣ ਕੇ ਹੈਰਾਨ ਹੋਈ ਕਿ ਕਿੰਨੇ ਸਾਰੇ ਭੈਣ-ਭਰਾ ਮੇਰੇ ਵਰਗੀ ਹਾਲਤ ਵਿਚ ਹਨ! ਇਨ੍ਹਾਂ ਜੀਵਨੀਆਂ ਨੂੰ ਪੜ੍ਹ ਕੇ ਮੈਂ ਆਪਣੇ ਹਾਲਾਤਾਂ ਅਤੇ ਆਪਣੀਆਂ ਕਮਜ਼ੋਰੀਆਂ ਨੂੰ ਕਬੂਲ ਕਰਨਾ ਸਿੱਖਿਆ।

ਆਪਣਾ ਗੁਜ਼ਾਰਾ ਤੋਰਨ ਲਈ ਮੈਂ ਹੋਰਨਾਂ ਗਵਾਹਾਂ ਨਾਲ ਸ਼ਾਪਿੰਗ ਸੈਂਟਰਾਂ ਦੀ ਸਫ਼ਾਈ ਕਰਦੀ ਸੀ। ਇਕ ਦਿਨ ਮੈਂ ਦੇਖਿਆ ਕਿ ਉਨ੍ਹਾਂ ਨੂੰ ਦੁਬਾਰਾ ਉਹ ਜਗ੍ਹਾ ਸਾਫ਼ ਕਰਨੀ ਪੈ ਰਹੀ ਸੀ ਜਿੱਥੇ ਮੈਂ ਸਫ਼ਾਈ ਕਰ ਚੁੱਕੀ ਸੀ। ਮੈਂ ਆਪਣਾ ਕੰਮ ਠੀਕ ਤਰ੍ਹਾਂ ਨਹੀਂ ਕਰ ਪਾ ਰਹੀ ਸੀ। ਮੈਂ ਵਲੈਰੀ ਨਾਲ ਇਸ ਬਾਰੇ ਗੱਲ ਕੀਤੀ ਜੋ ਸਾਡੀ ਸਫ਼ਾਈ ਟੀਮ ਦੀ ਸੁਪਰਵਾਈਜ਼ਰ ਸੀ। ਮੈਂ ਉਸ ਨੂੰ ਪੁੱਛਿਆ: “ਮੈਨੂੰ ਸੱਚ-ਸੱਚ ਦੱਸ। ਕੀ ਮੇਰੇ ਕਰਕੇ ਦੂਸਰਿਆਂ ਨੂੰ ਮੁਸ਼ਕਲ ਹੋ ਰਹੀ ਹੈ?” ਉਸ ਨੇ ਮੈਨੂੰ ਸੱਚੀ ਗੱਲ ਦੱਸੀ, ਪਰ ਇਹ ਫ਼ੈਸਲਾ ਮੇਰੇ ਉੱਤੇ ਛੱਡ ਦਿੱਤਾ ਕਿ ਮੈਂ ਇਹ ਨੌਕਰੀ ਛੱਡਾਂ ਜਾਂ ਨਾ। ਮਾਰਚ 1994 ਵਿਚ ਮੈਂ ਇਹ ਨੌਕਰੀ ਛੱਡ ਦਿੱਤੀ।

ਇਕ ਵਾਰ ਫਿਰ ਮੈਂ ਆਪਣੇ ਆਪ ਨੂੰ ਬੇਕਾਰ ਮਹਿਸੂਸ ਕਰਨ ਲੱਗ ਪਈ। ਮੈਂ ਯਹੋਵਾਹ ਨੂੰ ਰੋ-ਰੋ ਕੇ ਪ੍ਰਾਰਥਨਾ ਕੀਤੀ ਤੇ ਉਸ ਨੇ ਮੇਰੀ ਪੁਕਾਰ ਸੁਣੀ। ਇਸ ਵਾਰ ਵੀ ਬਾਈਬਲ ਅਤੇ ਬਾਈਬਲ ਉੱਤੇ ਆਧਾਰਿਤ ਪ੍ਰਕਾਸ਼ਨ ਪੜ੍ਹ ਕੇ ਮੈਨੂੰ ਬਹੁਤ ਹੌਸਲਾ ਮਿਲਿਆ। ਭਾਵੇਂ ਮੇਰੀ ਨਿਗਾਹ ਕਮਜ਼ੋਰ ਹੁੰਦੀ ਜਾ ਰਹੀ ਸੀ, ਪਰ ਯਹੋਵਾਹ ਦੀ ਸੇਵਾ ਕਰਨ ਦੀ ਮੇਰੀ ਇੱਛਾ ਵਧ ਰਹੀ ਸੀ। ਇਸ ਹਾਲਤ ਵਿਚ ਮੈਂ ਕੀ ਕਰ ਸਕਦੀ ਸੀ?

ਪਹਿਲਾਂ ਇੰਤਜ਼ਾਰ, ਫਿਰ ਫ਼ੈਸਲਾ

ਮੈਂ ਨੀਮ ਸ਼ਹਿਰ ਵਿਚ ਨੇਤਰਹੀਣਾਂ ਦੇ ਇਕ ਕੇਂਦਰ ਵਿਚ ਤਿੰਨ ਮਹੀਨਿਆਂ ਦੀ ਟ੍ਰੇਨਿੰਗ ਲੈਣ ਲਈ ਅਰਜ਼ੀ ਭਰੀ। ਇਸ ਟ੍ਰੇਨਿੰਗ ਦਾ ਮੈਨੂੰ ਬਹੁਤ ਫ਼ਾਇਦਾ ਹੋਇਆ। ਮੈਂ ਆਪਣੀ ਬੀਮਾਰੀ ਨੂੰ ਬਿਹਤਰ ਤਰੀਕੇ ਨਾਲ ਸਮਝਣ ਅਤੇ ਉਸ ਅਨੁਸਾਰ ਜੀਣਾ ਸਿੱਖਣ ਲੱਗ ਪਈ। ਮੈਂ ਦੇਖਿਆ ਕਿ ਮੇਰੇ ਵਰਗੇ ਹੋਰ ਵੀ ਬਹੁਤ ਸਾਰੇ ਲੋਕ ਹਨ। ਉਨ੍ਹਾਂ ਨੂੰ ਮਿਲ ਕੇ ਮੈਨੂੰ ਅਹਿਸਾਸ ਹੋਇਆ ਕਿ ਮਸੀਹੀ ਹੋਣ ਦੇ ਨਾਤੇ ਮੇਰੇ ਕੋਲ ਕਿੰਨੀ ਵਧੀਆ ਉਮੀਦ ਹੈ। ਮੈਂ ਆਪਣੀ ਜ਼ਿੰਦਗੀ ਦੀ ਮੰਜ਼ਲ ਤਕ ਪਹੁੰਚਣ ਲਈ ਬਹੁਤ ਕੁਝ ਕਰ ਸਕਦੀ ਸੀ। ਉਸ ਕੇਂਦਰ ਵਿਚ ਮੈਂ ਫਰਾਂਸੀਸੀ ਬ੍ਰੇਲ ਭਾਸ਼ਾ ਵੀ ਸਿੱਖੀ।

ਜਦ ਮੈਂ ਘਰ ਵਾਪਸ ਆਈ, ਤਾਂ ਮੇਰੇ ਪਰਿਵਾਰ ਨੇ ਦੇਖਿਆ ਕਿ ਇਸ ਟ੍ਰੇਨਿੰਗ ਦਾ ਮੈਨੂੰ ਕਿੰਨਾ ਫ਼ਾਇਦਾ ਹੋਇਆ। ਪਰ ਮੈਨੂੰ ਹੁਣ ਸਫ਼ੈਦ ਖੂੰਡੀ ਵਰਤਣੀ ਪੈਂਦੀ ਸੀ ਜੋ ਮੈਨੂੰ ਬਿਲਕੁਲ ਪਸੰਦ ਨਹੀਂ ਸੀ। ਮੈਂ ਸੋਚ ਰਹੀ ਸੀ ਕਿ ਇਸ ਦੀ ਥਾਂ ਜੇ ਕਿਤੇ ਮੈਨੂੰ ਅੰਧਿਆਂ ਦੀ ਮਦਦ ਕਰਨ ਵਾਲਾ ਇਕ ਕੁੱਤਾ ਮਿਲ ਜਾਵੇ, ਤਾਂ ਕਿੰਨਾ ਵਧੀਆ ਹੋਵੇਗਾ!

ਇਹੋ ਸੋਚ ਕੇ ਮੈਂ ਇਕ ਕੁੱਤੇ ਲਈ ਅਰਜ਼ੀ ਭਰ ਦਿੱਤੀ, ਪਰ ਮੈਨੂੰ ਦੱਸਿਆ ਗਿਆ ਕਿ ਮੈਨੂੰ ਕਾਫ਼ੀ ਇੰਤਜ਼ਾਰ ਕਰਨਾ ਪੈ ਸਕਦਾ ਸੀ। ਲੰਬੀ ਵੇਟਿੰਗ-ਲਿਸਟ ਹੋਣ ਤੋਂ ਇਲਾਵਾ ਏਜੰਸੀ ਜਾਂਚ-ਪੜਤਾਲ ਵੀ ਕਰਦੀ ਹੈ ਕਿਉਂਕਿ ਕੁੱਤਾ ਹਰ ਕਿਸੇ ਨੂੰ ਐਵੇਂ ਹੀ ਨਹੀਂ ਦਿੱਤਾ ਜਾਂਦਾ ਸੀ। ਇਕ ਦਿਨ ਮੈਨੂੰ ਇਕ ਔਰਤ ਮਿਲੀ ਜੋ ਅੰਧਿਆਂ ਦੀ ਮਦਦ ਕਰਨ ਵਾਲੀ ਸੰਸਥਾ ਚਲਾਉਂਦੀ ਸੀ। ਉਸ ਨੇ ਮੈਨੂੰ ਦੱਸਿਆ ਕਿ ਇਕ ਟੈਨਿਸ ਕਲੱਬ ਦੇ ਮੈਂਬਰਾਂ ਨੇ ਸਾਡੇ ਇਲਾਕੇ ਵਿਚ ਰਹਿਣ ਵਾਲੇ ਕਿਸੇ ਕਮਜ਼ੋਰ ਨਿਗਾਹ ਜਾਂ ਅੰਧੇ ਵਿਅਕਤੀ ਦੀ ਮਦਦ ਕਰਨ ਲਈ ਇਕ ਕੁੱਤਾ ਤੋਹਫ਼ੇ ਵਜੋਂ ਦੇਣ ਦਾ ਫ਼ੈਸਲਾ ਕੀਤਾ ਸੀ। ਉਹ ਔਰਤ ਇਹ ਕੁੱਤਾ ਮੈਨੂੰ ਦੇਣਾ ਚਾਹੁੰਦੀ ਸੀ। ਇਸ ਪਿੱਛੇ ਯਹੋਵਾਹ ਦਾ ਹੱਥ ਦੇਖ ਕੇ ਮੈਂ ਹਾਂ ਕਰ ਦਿੱਤੀ। ਫਿਰ ਵੀ ਮੈਨੂੰ ਇੰਤਜ਼ਾਰ ਕਰਨਾ ਪਿਆ।

ਅਫ਼ਰੀਕਾ ਜਾਣ ਦੀ ਮੁਰਾਦ

ਕੁੱਤਾ ਮਿਲਣ ਦਾ ਇੰਤਜ਼ਾਰ ਕਰਦੇ ਵਕਤ ਮੈਂ ਆਪਣਾ ਧਿਆਨ ਆਪਣੇ ਟੀਚੇ ਤੋਂ ਨਹੀਂ ਉਠਾਇਆ। ਜਿਵੇਂ ਮੈਂ ਸ਼ੁਰੂ ਵਿਚ ਦੱਸਿਆ ਸੀ, ਬਚਪਨ ਤੋਂ ਮੇਰੀ ਇਹੋ ਮੁਰਾਦ ਸੀ ਕਿ ਮੈਂ ਅਫ਼ਰੀਕਾ ਜਾਵਾਂ। ਭਾਵੇਂ ਮੇਰੀਆਂ ਅੱਖਾਂ ਦੀ ਰੌਸ਼ਨੀ ਬੁੱਝ ਰਹੀ ਸੀ, ਫਿਰ ਵੀ ਮੈਂ ਅਫ਼ਰੀਕਾ ਜਾਣਾ ਚਾਹੁੰਦੀ ਸੀ ਕਿਉਂਕਿ ਮੈਂ ਸੁਣਿਆ ਸੀ ਕਿ ਬਹੁਤ ਸਾਰੇ ਅਫ਼ਰੀਕੀ ਲੋਕ ਬਾਈਬਲ ਬਾਰੇ ਸਿੱਖ ਰਹੇ ਸਨ ਤੇ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਸਨ। ਕੁਝ ਸਮਾਂ ਪਹਿਲਾਂ ਮੈਂ ਵਲੈਰੀ ਨੂੰ ਅਫ਼ਰੀਕਾ ਜਾਣ ਦੀ ਆਪਣੀ ਇੱਛਾ ਬਾਰੇ ਦੱਸਿਆ। ਕੀ ਉਹ ਮੇਰੇ ਨਾਲ ਆਵੇਗੀ? ਉਸ ਨੇ ਖ਼ੁਸ਼ੀ-ਖ਼ੁਸ਼ੀ ਹਾਂ ਕੀਤੀ ਤੇ ਅਸੀਂ ਅਫ਼ਰੀਕਾ ਜਾਣ ਬਾਰੇ ਉੱਥੇ ਦੇ ਕਈ ਬ੍ਰਾਂਚ ਆਫ਼ਿਸਾਂ ਨੂੰ ਚਿੱਠੀਆਂ ਭੇਜੀਆਂ ਜਿੱਥੇ ਲੋਕ ਫਰਾਂਸੀਸੀ ਭਾਸ਼ਾ ਬੋਲਦੇ ਹਨ।

ਜਦੋਂ ਟੋਗੋ ਬ੍ਰਾਂਚ ਤੋਂ ਸਾਨੂੰ ਜਵਾਬ ਮਿਲਿਆ, ਤਾਂ ਮੈਂ ਵਲੈਰੀ ਨੂੰ ਚਿੱਠੀ ਪੜ੍ਹਨ ਲਈ ਕਿਹਾ। ਟੋਗੋ ਬ੍ਰਾਂਚ ਨੇ ਸਾਨੂੰ ਟੋਗੋ ਆਉਣ ਦਾ ਉਤਸ਼ਾਹ ਦਿੱਤਾ। ਇਹ ਪੜ੍ਹ ਕੇ ਵਲੈਰੀ ਨੇ ਕਿਹਾ: “ਚੱਲ ਆਪਾਂ ਚੱਲੀਏ!” ਅਸੀਂ ਬ੍ਰਾਂਚ ਦੇ ਭਰਾਵਾਂ ਨੂੰ ਇਕ ਹੋਰ ਚਿੱਠੀ ਭੇਜੀ ਤੇ ਉਨ੍ਹਾਂ ਨੇ ਸਾਨੂੰ ਸੈਂਡਰਾ ਨਾਂ ਦੀ ਪਾਇਨੀਅਰ ਨਾਲ ਸੰਪਰਕ ਕਰਨ ਲਈ ਕਿਹਾ ਜੋ ਟੋਗੋ ਦੀ ਰਾਜਧਾਨੀ ਲਾੱਮੇ ਵਿਚ ਰਹਿੰਦੀ ਹੈ। ਆਖ਼ਰ ਅਸੀਂ 1 ਦਸੰਬਰ 1998 ਨੂੰ ਅਫ਼ਰੀਕਾ ਲਈ ਰਵਾਨਾ ਹੋਈਆਂ।

ਭਾਵੇਂ ਅਫ਼ਰੀਕਾ ਯੂਰਪ ਤੋਂ ਕਿੰਨਾ ਅਲੱਗ ਹੈ, ਪਰ ਇਹ ਕਿੰਨਾ ਸੋਹਣਾ ਵੀ ਹੈ! ਲਾੱਮੇ ਦੇ ਹਵਾਈ ਅੱਡੇ ਤੇ ਜਹਾਜ਼ ਤੋਂ ਉੱਤਰਦਿਆਂ ਹੀ ਸਭ ਤੋਂ ਪਹਿਲਾਂ ਅਫ਼ਰੀਕਾ ਦੀ ਗਰਮੀ ਨੇ ਸਾਡਾ ਸੁਆਗਤ ਕੀਤਾ। ਸੈਂਡਰਾ ਸਾਨੂੰ ਹਵਾਈ ਅੱਡੇ ਤੇ ਲੈਣ ਆਈ ਹੋਈ ਸੀ। ਭਾਵੇਂ ਅਸੀਂ ਪਹਿਲੀ ਵਾਰ ਮਿਲ ਰਹੀਆਂ ਸੀ, ਪਰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਅਸੀਂ ਪੁਰਾਣੀਆਂ ਸਹੇਲੀਆਂ ਸੀ। ਸੈਂਡਰਾ ਇਕ ਹੋਰ ਭੈਣ ਕ੍ਰਿਸਟੀਨ ਨਾਲ ਰਹਿੰਦੀ ਸੀ ਤੇ ਉਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਹੀ ਸਪੈਸ਼ਲ ਪਾਇਨੀਅਰਾਂ ਵਜੋਂ ਟਾਬਲੀਗਬੋ ਨਾਂ ਦੇ ਛੋਟੇ ਸ਼ਹਿਰ ਵਿਚ ਸੇਵਾ ਕਰਨ ਲਈ ਭੇਜਿਆ ਗਿਆ ਸੀ। ਅਸੀਂ ਵੀ ਉਨ੍ਹਾਂ ਨਾਲ ਉੱਥੇ ਪ੍ਰਚਾਰ ਕਰਨ ਗਈਆਂ। ਅਫ਼ਰੀਕਾ ਵਿਚ ਦੋ ਮਹੀਨੇ ਰਹਿ ਕੇ ਘਰ ਆਉਣ ਵੇਲੇ ਮੇਰਾ ਦਿਲ ਕਹਿੰਦਾ ਸੀ ਕਿ ਮੈਂ ਇੱਥੇ ਜ਼ਰੂਰ ਵਾਪਸ ਆਵਾਂਗੀ।

ਵਾਪਸ ਜਾਣ ਦਾ ਮੌਕਾ

ਫਰਾਂਸ ਪਹੁੰਚਦੇ ਹੀ ਮੈਂ ਮੁੜ ਟੋਗੋ ਜਾਣ ਦੀਆਂ ਤਿਆਰੀਆਂ ਵਿਚ ਰੁੱਝ ਗਈ। ਆਪਣੇ ਪਰਿਵਾਰ ਦੀ ਸਹਾਇਤਾ ਨਾਲ ਮੈਂ ਉੱਥੇ ਜਾ ਕੇ ਛੇ ਮਹੀਨੇ ਰਹਿਣ ਦਾ ਬੰਦੋਬਸਤ ਕੀਤਾ। ਮੈਂ ਸਤੰਬਰ 1999 ਵਿਚ ਦੁਬਾਰਾ ਟੋਗੋ ਗਈ। ਪਰ ਇਸ ਵਾਰ ਮੈਂ ਇਕੱਲੀ ਸੀ। ਮੇਰੇ ਪਰਿਵਾਰ ਤੇ ਕੀ ਬੀਤੀ ਹੋਵੇਗੀ ਜਦ ਉਨ੍ਹਾਂ ਨੇ ਮੈਨੂੰ ਇਕੱਲੀ ਜਾਂਦੀ ਹੋਈ ਦੇਖਿਆ! ਪਰ ਉਨ੍ਹਾਂ ਨੂੰ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਸੀ। ਮੈਂ ਆਪਣੇ ਮਾਪਿਆਂ ਨੂੰ ਭਰੋਸਾ ਦਿਲਾਇਆ ਕਿ ਲਾੱਮੇ ਵਿਚ ਮੇਰੀਆਂ ਸਹੇਲੀਆਂ ਮੈਨੂੰ ਲੈਣ ਆਉਣਗੀਆਂ ਤੇ ਉਹ ਪਰਿਵਾਰ ਵਾਂਗ ਹੀ ਮੇਰੀ ਦੇਖ-ਭਾਲ ਕਰਨਗੀਆਂ।

ਅਜਿਹੇ ਦੇਸ਼ ਵਾਪਸ ਜਾ ਕੇ ਮੇਰਾ ਜੀਅ ਬਹੁਤ ਖ਼ੁਸ਼ ਹੋਇਆ ਜਿੱਥੇ ਇੰਨੇ ਸਾਰੇ ਲੋਕ ਬਾਈਬਲ ਬਾਰੇ ਜਾਣਨਾ ਚਾਹੁੰਦੇ ਸਨ। ਲੋਕ ਘਰਾਂ ਦੇ ਬਾਹਰ ਬੈਠ ਕੇ ਬਾਈਬਲ ਪੜ੍ਹਦੇ ਦੇਖੇ ਜਾ ਸਕਦੇ ਹਨ। ਟਾਬਲੀਗਬੋ ਵਿਚ ਲੋਕ ਆਪ ਤੁਹਾਨੂੰ ਬਾਈਬਲ ਬਾਰੇ ਗੱਲਬਾਤ ਕਰਨ ਲਈ ਆਵਾਜ਼ ਮਾਰ ਲੈਂਦੇ ਹਨ। ਦੋ ਸਪੈਸ਼ਲ ਪਾਇਨੀਅਰ ਭੈਣਾਂ ਨਾਲ ਰਹਿਣਾ ਵੀ ਮੇਰੇ ਲਈ ਬਹੁਤ ਖ਼ੁਸ਼ੀ ਦੀ ਗੱਲ ਸੀ। ਮੈਂ ਅਫ਼ਰੀਕਾ ਦੇ ਸਭਿਆਚਾਰ ਅਤੇ ਲੋਕਾਂ ਦੇ ਤੌਰ-ਤਰੀਕਿਆਂ ਬਾਰੇ ਸਿੱਖ ਸਕੀ। ਮੈਂ ਪਹਿਲੀ ਗੱਲ ਇਹ ਦੇਖੀ ਕਿ ਅਫ਼ਰੀਕਾ ਵਿਚ ਰਹਿਣ ਵਾਲੇ ਭੈਣ-ਭਰਾ ਯਹੋਵਾਹ ਦੀ ਸੇਵਾ ਨੂੰ ਹਮੇਸ਼ਾ ਪਹਿਲ ਦਿੰਦੇ ਹਨ। ਮਿਸਾਲ ਲਈ, ਭਾਵੇਂ ਉਨ੍ਹਾਂ ਨੂੰ ਕਈ ਮੀਲ ਤੁਰ ਕੇ ਕਿੰਗਡਮ ਹਾਲ ਜਾਣਾ ਪੈਂਦਾ ਹੈ, ਫਿਰ ਵੀ ਉਹ ਸਾਰੀਆਂ ਸਭਾਵਾਂ ਵਿਚ ਜਾਂਦੇ ਹਨ। ਮੈਂ ਉਨ੍ਹਾਂ ਦੇ ਪਿਆਰ ਤੇ ਪਰਾਹੁਣਚਾਰੀ ਤੋਂ ਵੀ ਬਹੁਤ ਕੁਝ ਸਿੱਖਿਆ।

ਇਕ ਦਿਨ ਜਦ ਮੈਂ ਤੇ ਸੈਂਡਰਾ ਪ੍ਰਚਾਰ ਕਰ ਕੇ ਘਰ ਮੁੜ ਰਹੀਆਂ ਸੀ, ਤਾਂ ਮੈਂ ਉਸ ਨੂੰ ਆਪਣੇ ਦਿਲ ਦੀ ਗੱਲ ਦੱਸੀ। ਮੈਂ ਫਰਾਂਸ ਵਾਪਸ ਜਾਣ ਤੋਂ ਬਹੁਤ ਡਰਦੀ ਸੀ ਕਿਉਂਕਿ ਮੇਰੀ ਨਜ਼ਰ ਹੋਰ ਵੀ ਕਮਜ਼ੋਰ ਹੋ ਗਈ ਸੀ। ਫਰਾਂਸ ਵਿਚ ਬੇਜ਼ੀਏ ਦੀਆਂ ਸੜਕਾਂ ਉੱਤੇ ਭੀੜ-ਭੜੱਕਾ, ਸ਼ੋਰਸ਼ਰਾਬਾ, ਉੱਚੀਆਂ-ਉੱਚੀਆਂ ਇਮਾਰਤਾਂ ਦੀਆਂ ਪੌੜੀਆਂ ਤੇ ਹੋਰ ਚੀਜ਼ਾਂ ਮੇਰੇ ਵਰਗੇ ਕਮਜ਼ੋਰ ਨਜ਼ਰ ਵਾਲੇ ਇਨਸਾਨ ਲਈ ਮੁਸ਼ਕਲ ਹਨ। ਟਾਬਲੀਗਬੋ ਦੀਆਂ ਸੜਕਾਂ ਭਾਵੇਂ ਕੱਚੀਆਂ ਹੀ ਸਨ, ਪਰ ਇਨ੍ਹਾਂ ਤੇ ਜ਼ਿਆਦਾ ਭੀੜ ਤੇ ਕਾਰਾਂ ਵਗੈਰਾ ਨਹੀਂ ਹੁੰਦੀਆਂ। ਮੈਂ ਚਿੰਤਾ ਕਰਨ ਲੱਗ ਪਈ ਕਿ ਫਰਾਂਸ ਜਾ ਕੇ ਮੇਰਾ ਕੀ ਹੋਊ।

ਇਸ ਗੱਲਬਾਤ ਤੋਂ ਦੋ ਦਿਨ ਬਾਅਦ ਮੰਮੀ ਜੀ ਦਾ ਫ਼ੋਨ ਆਇਆ। ਉਨ੍ਹਾਂ ਨੇ ਦੱਸਿਆ ਕਿ ਅੰਧਿਆਂ ਦੀ ਮਦਦ ਕਰਨ ਵਾਲੇ ਕੁੱਤਿਆਂ ਦਾ ਸਕੂਲ ਮੇਰਾ ਇੰਤਜ਼ਾਰ ਕਰ ਰਿਹਾ ਸੀ। ਹੁਣ ਓਸੇਆਨ ਨਾਂ ਦਾ ਕੁੱਤਾ ਮੇਰੀਆਂ “ਅੱਖਾਂ” ਬਣਨ ਲਈ ਤਿਆਰ ਸੀ। ਇਕ ਵਾਰ ਫਿਰ ਮੇਰੀਆਂ ਲੋੜਾਂ ਪੂਰੀਆਂ ਹੋ ਗਈਆਂ ਤੇ ਮੇਰੀ ਚਿੰਤਾ ਦੂਰ ਹੋ ਗਈ। ਛੇ ਮਹੀਨੇ ਟਾਬਲੀਗਬੋ ਵਿਚ ਸੇਵਾ ਕਰਨ ਤੋਂ ਬਾਅਦ ਮੈਂ ਓਸੇਆਨ ਨੂੰ ਮਿਲਣ ਫਰਾਂਸ ਵਾਪਸ ਗਈ।

ਕਈ ਮਹੀਨਿਆਂ ਦੀ ਟ੍ਰੇਨਿੰਗ ਤੋਂ ਬਾਅਦ ਓਸੇਆਨ ਨੂੰ ਮੇਰੀ ਸੰਭਾਲ ਵਿਚ ਦੇ ਦਿੱਤਾ ਗਿਆ। ਪਹਿਲਾਂ-ਪਹਿਲਾਂ ਤਾਂ ਸਾਨੂੰ ਦੋਨਾਂ ਨੂੰ ਕਈ ਮੁਸ਼ਕਲਾਂ ਪੇਸ਼ ਆਈਆਂ। ਸਾਨੂੰ ਇਕ-ਦੂਜੇ ਨੂੰ ਸਮਝਣ ਦੀ ਲੋੜ ਸੀ। ਪਰ ਹੌਲੀ-ਹੌਲੀ ਮੈਂ ਜਾਣ ਗਈ ਕਿ ਮੈਨੂੰ ਓਸੇਆਨ ਦੀ ਕਿੰਨੀ ਜ਼ਰੂਰਤ ਹੈ। ਅਸਲ ਵਿਚ ਓਸੇਆਨ ਹੁਣ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਬੇਜ਼ੀਏ ਵਿਚ ਜਦ ਲੋਕ ਮੈਨੂੰ ਕੁੱਤੇ ਨਾਲ ਉਨ੍ਹਾਂ ਦੇ ਘਰ ਆਉਂਦੇ ਦੇਖਦੇ ਸਨ, ਤਾਂ ਉਨ੍ਹਾਂ ਨੂੰ ਕਿੱਦਾਂ ਲੱਗਦਾ ਸੀ? ਆਸ ਤੌਰ ਤੇ ਲੋਕ ਮੇਰੇ ਨਾਲ ਆਦਰ ਤੇ ਦਿਆਲਤਾ ਨਾਲ ਪੇਸ਼ ਆਉਂਦੇ ਸਨ। ਮੇਰੇ ਗੁਆਂਢ ਵਿਚ ਸਾਰੇ ਓਸੇਆਨ ਨੂੰ ਜਾਣਦੇ ਹਨ। ਕਈ ਲੋਕ ਮੇਰੀ ਬੀਮਾਰੀ ਦੇਖ ਕੇ ਥੋੜ੍ਹਾ ਪਰੇਸ਼ਾਨ ਹੋ ਜਾਂਦੇ ਸਨ, ਪਰ ਓਸੇਆਨ ਕਰਕੇ ਮੈਂ ਆਪਣੀ ਬੀਮਾਰੀ ਬਾਰੇ ਸੌਖਿਆਂ ਹੀ ਉਨ੍ਹਾਂ ਨੂੰ ਦੱਸ ਸਕਦੀ ਹਾਂ। ਫਿਰ ਉਹ ਆਰਾਮ ਨਾਲ ਮੇਰੀ ਗੱਲ ਸੁਣਦੇ ਹਨ।

ਓਸੇਆਨ ਨਾਲ ਅਫ਼ਰੀਕਾ ਵਿਚ

ਮੈਂ ਤੀਜੀ ਵਾਰ ਅਫ਼ਰੀਕਾ ਜਾਣ ਦੀ ਤਿਆਰੀ ਕੀਤੀ। ਇਸ ਵਾਰ ਓਸੇਆਨ ਤੋਂ ਇਲਾਵਾ ਮੇਰੀ ਸਹੇਲੀ ਕੈਰੋਲੀਨ ਅਤੇ ਔਂਟੋਨੀ ਤੇ ਔਰੋਰ ਨਾਂ ਦੇ ਪਤੀ-ਪਤਨੀ ਵੀ ਮੇਰੇ ਨਾਲ ਆਏ। ਉਹ ਵੀ ਮੇਰੀ ਤਰ੍ਹਾਂ ਪਾਇਨੀਅਰ ਹਨ। ਅਸੀਂ ਸਾਰੇ 10 ਸਤੰਬਰ 2000 ਨੂੰ ਲਾੱਮੇ ਪਹੁੰਚੇ।

ਪਹਿਲਾਂ-ਪਹਿਲਾਂ ਲੋਕ ਓਸੇਆਨ ਤੋਂ ਬਹੁਤ ਡਰਦੇ ਸਨ। ਲਾੱਮੇ ਵਿਚ ਕਿਸੇ ਨੇ ਇੰਨਾ ਵੱਡਾ ਕੁੱਤਾ ਪਹਿਲਾਂ ਕਦੀ ਨਹੀਂ ਦੇਖਿਆ ਸੀ ਕਿਉਂਕਿ ਟੋਗੋ ਵਿਚ ਆਮ ਤੌਰ ਤੇ ਛੋਟੇ-ਛੋਟੇ ਕੁੱਤੇ ਹੁੰਦੇ ਹਨ। ਓਸੇਆਨ ਦੇ ਗਲੇ ਵਿਚ ਸੰਗਲੀ ਦੇਖ ਕੇ ਕਈਆਂ ਨੇ ਸੋਚਿਆ ਕਿ ਇਹ ਬਹੁਤ ਹੀ ਖ਼ਤਰਨਾਕ ਕੁੱਤਾ ਹੋਣਾ ਜਿਸ ਨੂੰ ਬੰਨ੍ਹ ਕੇ ਰੱਖਣਾ ਪੈਂਦਾ ਹੈ। ਦੂਜੇ ਪਾਸੇ, ਓਸੇਆਨ ਵੀ ਅਜਨਬੀਆਂ ਤੋਂ ਮੇਰੀ ਰੱਖਿਆ ਕਰਨ ਲਈ ਤਿਆਰ-ਬਰ-ਤਿਆਰ ਰਹਿੰਦਾ ਸੀ। ਫਿਰ ਵੀ ਉਹ ਆਪਣੇ ਨਵੇਂ ਮਾਹੌਲ ਵਿਚ ਰਹਿਣਾ ਗਿੱਝ ਗਿਆ। ਜਦ ਉਸ ਦੇ ਗਲੇ ਵਿਚ ਸੰਗਲੀ ਹੁੰਦੀ ਹੈ, ਤਾਂ ਉਸ ਨੂੰ ਪਤਾ ਹੁੰਦਾ ਹੈ ਕਿ ਉਸ ਨੇ ਮੇਰੇ ਨਾਲ-ਨਾਲ ਰਹਿਣਾ ਹੈ ਤੇ ਉਹੀ ਕਰਨਾ ਹੈ ਜੋ ਉਸ ਨੂੰ ਸਿਖਾਇਆ ਗਿਆ ਹੈ। ਪਰ ਜਦ ਸੰਗਲੀ ਖੋਲ੍ਹ ਦਿੱਤੀ ਜਾਂਦੀ ਹੈ, ਤਾਂ ਉਹ ਮੇਰੇ ਨਾਲ ਖੇਡਦਾ ਤੇ ਸ਼ਰਾਰਤਾਂ ਕਰਦਾ ਹੈ।

ਅਸੀਂ ਸਾਰੇ ਟਾਬਲੀਗਬੋ ਵਿਚ ਸੈਂਡਰਾ ਤੇ ਕ੍ਰਿਸਟੀਨ ਨਾਲ ਰਹੇ। ਅਸੀਂ ਕਲੀਸਿਯਾ ਦੇ ਭੈਣਾਂ-ਭਰਾਵਾਂ ਨੂੰ ਘਰ ਬੁਲਾ ਕੇ ਸਮਝਾਇਆ ਕਿ ਓਸੇਆਨ ਮੇਰੀ ਮਦਦ ਕਿਸ ਤਰ੍ਹਾਂ ਕਰਦਾ ਹੈ ਤੇ ਉਨ੍ਹਾਂ ਨੂੰ ਉਸ ਦੇ ਲਾਗੇ ਕੀ ਕਰਨਾ ਤੇ ਕੀ ਨਹੀਂ ਕਰਨਾ ਚਾਹੀਦਾ। ਕਲੀਸਿਯਾ ਦੇ ਬਜ਼ੁਰਗਾਂ ਨੇ ਕਿਹਾ ਕਿ ਓਸੇਆਨ ਨੂੰ ਮੇਰੇ ਨਾਲ ਕਿੰਗਡਮ ਹਾਲ ਆਉਣਾ ਚਾਹੀਦਾ ਹੈ। ਪਰ ਕਿਉਂਕਿ ਟੋਗੋ ਵਿਚ ਇੱਦਾਂ ਪਹਿਲਾਂ ਕਦੇ ਨਹੀਂ ਹੋਇਆ ਸੀ, ਇਸ ਲਈ ਕਲੀਸਿਯਾ ਵਿਚ ਇਸ ਬਾਰੇ ਘੋਸ਼ਣਾ ਕੀਤੀ ਗਈ। ਪ੍ਰਚਾਰ ਕਰਦੇ ਵਕਤ ਓਸੇਆਨ ਸਿਰਫ਼ ਬਾਈਬਲ ਸਟੱਡੀਆਂ ਤੇ ਜਾਂ ਉਨ੍ਹਾਂ ਲੋਕਾਂ ਦੇ ਘਰਾਂ ਨੂੰ ਮੇਰੇ ਨਾਲ ਆਉਂਦਾ ਸੀ ਜਿਨ੍ਹਾਂ ਨੂੰ ਮੈਂ ਪਹਿਲਾਂ ਮਿਲ ਚੁੱਕੀ ਸੀ।

ਇਸ ਇਲਾਕੇ ਵਿਚ ਪ੍ਰਚਾਰ ਕਰਨਾ ਮੇਰੇ ਲਈ ਬਹੁਤ ਹੀ ਵਧੀਆ ਤਜਰਬਾ ਰਿਹਾ ਹੈ। ਇੱਥੇ ਦੇ ਲੋਕ ਬੜੇ ਕੋਮਲ ਸੁਭਾਅ ਦੇ ਹਨ। ਕਈ ਵਾਰ ਉਹ ਮੇਰੇ ਬੈਠਣ ਲਈ ਮੈਨੂੰ ਕੁਰਸੀ ਲਿਆ ਕੇ ਦਿੰਦੇ ਹਨ। ਅਕਤੂਬਰ 2001 ਵਿਚ ਮੰਮੀ ਜੀ ਮੇਰੇ ਨਾਲ ਟੋਗੋ ਆਏ ਸਨ। ਤਿੰਨ ਹਫ਼ਤੇ ਬਾਅਦ ਜਦ ਉਹ ਫਰਾਂਸ ਮੁੜੇ, ਤਾਂ ਉਨ੍ਹਾਂ ਨੂੰ ਤਸੱਲੀ ਹੋ ਗਈ ਸੀ ਕਿ ਮੈਂ ਬਿਲਕੁਲ ਠੀਕ-ਠਾਕ ਹਾਂ।

ਮੈਂ ਯਹੋਵਾਹ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਮੈਂ ਟੋਗੋ ਵਿਚ ਉਸ ਦੀ ਸੇਵਾ ਕਰ ਸਕੀ ਹਾਂ। ਮੈਨੂੰ ਪੂਰਾ ਯਕੀਨ ਹੈ ਕਿ ਜੇ ਮੈਂ ਯਹੋਵਾਹ ਦੀ ਸੇਵਾ ਵਿਚ ਆਪਣੀ ਪੂਰੀ ਵਾਹ ਲਾਉਂਦੀ ਰਹੀ, ਤਾਂ ਉਹ ਭਵਿੱਖ ਵਿਚ ਵੀ ‘ਮੇਰੇ ਦਿਲ ਦੀ ਇਛਾ ਪੂਰੀ’ ਕਰਦਾ ਰਹੇਗਾ। *

[ਫੁਟਨੋਟ]

^ ਪੈਰਾ 37 ਭੈਣ ਮੋਰਗੂ ਫਰਾਂਸ ਵਾਪਸ ਗਈ ਤੇ ਉਹ 6 ਅਕਤੂਬਰ 2003 ਤੋਂ ਲੈ ਕੇ 6 ਫਰਵਰੀ 2004 ਤਕ ਪੰਜਵੀਂ ਵਾਰ ਟੋਗੋ ਵਿਚ ਸੇਵਾ ਕਰਨ ਗਈ ਸੀ। ਅਫ਼ਸੋਸ ਕਿ ਉਸ ਦੀ ਸਿਹਤ ਵਿਗੜਨ ਕਰਕੇ ਇਹ ਸ਼ਾਇਦ ਉਸ ਦੀ ਆਖ਼ਰੀ ਯਾਤਰਾ ਹੋ ਸਕਦੀ ਹੈ। ਫਿਰ ਵੀ ਯਹੋਵਾਹ ਦੀ ਸੇਵਾ ਕਰਨ ਦੀ ਉਸ ਦੀ ਇੱਛਾ ਘਟੀ ਨਹੀਂ ਹੈ।

[ਸਫ਼ੇ 10 ਉੱਤੇ ਤਸਵੀਰਾਂ]

ਮੈਂ ਅਫ਼ਰੀਕਾ ਦੇ ਖੁੱਲ੍ਹੇ-ਡੁੱਲ੍ਹੇ ਮੈਦਾਨ ਤੇ ਜੰਗਲੀ ਜਾਨਵਰ ਦੇਖਣਾ ਚਾਹੁੰਦੀ ਸੀ

[ਸਫ਼ੇ 10 ਉੱਤੇ ਤਸਵੀਰ]

ਜਦੋਂ ਮੈਂ ਲੋਕਾਂ ਨੂੰ ਦੁਬਾਰਾ ਮਿਲਣ ਜਾਂਦੀ ਸੀ, ਤਾਂ ਓਸੇਆਨ ਮੇਰੇ ਨਾਲ ਜਾਂਦਾ ਸੀ

[ਸਫ਼ੇ 11 ਉੱਤੇ ਤਸਵੀਰ]

ਓਸੇਆਨ ਮੇਰੇ ਨਾਲ ਸਭਾਵਾਂ ਵਿਚ ਆਉਂਦਾ ਸੀ