‘ਵੇਲੇ ਸਿਰ ਕਿਹਾ ਬਚਨ ਕਿੰਨਾ ਚੰਗਾ ਲੱਗਦਾ ਹੈ!’
‘ਵੇਲੇ ਸਿਰ ਕਿਹਾ ਬਚਨ ਕਿੰਨਾ ਚੰਗਾ ਲੱਗਦਾ ਹੈ!’
ਪੂਰਾ ਦਿਨ ਯਹੋਵਾਹ ਦੇ ਗਵਾਹਾਂ ਦੀ ਅਸੈਂਬਲੀ ਦੌਰਾਨ ਕਿਮ ਨੇ ਧਿਆਨ ਨਾਲ ਪ੍ਰੋਗ੍ਰਾਮ ਸੁਣਿਆ ਤੇ ਨੋਟਸ ਲਏ। ਇਸ ਦੇ ਨਾਲ ਹੀ ਉਸ ਨੇ ਆਪਣੀ ਢਾਈ ਸਾਲਾਂ ਦੀ ਧੀ ਨੂੰ ਚੁੱਪ ਕਰ ਕੇ ਬਿਠਾਉਣ ਦੀ ਕੋਸ਼ਿਸ਼ ਕੀਤੀ। ਉਸੇ ਲਾਈਨ ਵਿਚ ਬੈਠੀ ਇਕ ਭੈਣ ਨੇ ਪ੍ਰੋਗ੍ਰਾਮ ਦੇ ਅਖ਼ੀਰ ਵਿਚ ਕਿਮ ਦੀ ਦਿਲੋਂ ਸਿਫ਼ਤ ਕੀਤੀ ਕਿ ਉਸ ਨੇ ਤੇ ਉਸ ਦੇ ਪਤੀ ਨੇ ਪ੍ਰੋਗ੍ਰਾਮ ਦੌਰਾਨ ਆਪਣੀ ਧੀ ਨੂੰ ਕਾਇਦੇ ਨਾਲ ਬਿਠਾਉਣਾ ਸਿਖਾਇਆ। ਇਹ ਸਿਫ਼ਤ ਸੁਣ ਕੇ ਕਿਮ ਨੂੰ ਬਹੁਤ ਹੌਸਲਾ ਮਿਲਿਆ ਅਤੇ ਉਹ ਸਾਲਾਂ ਬਾਅਦ ਹੁਣ ਵੀ ਕਹਿੰਦੀ ਹੈ: “ਮੈਂ ਜਦੋਂ ਸਭਾਵਾਂ ਵਿਚ ਬਹੁਤ ਥੱਕੀ ਹੋਈ ਮਹਿਸੂਸ ਕਰਦੀ ਹਾਂ, ਤਾਂ ਮੈਂ ਉਸ ਭੈਣ ਦੀ ਗੱਲ ਨੂੰ ਚੇਤੇ ਕਰਦੀ ਹਾਂ। ਇੰਨੇ ਪਿਆਰ ਨਾਲ ਕਹੇ ਉਸ ਦੇ ਸ਼ਬਦ ਅਜੇ ਵੀ ਮੈਨੂੰ ਆਪਣੀ ਧੀ ਨੂੰ ਸਿਖਾਉਂਦੇ ਰਹਿਣ ਦੀ ਹੱਲਾਸ਼ੇਰੀ ਦਿੰਦੇ ਹਨ।” ਜੀ ਹਾਂ, ਸਮੇਂ ਸਿਰ ਕਹੇ ਬਚਨ ਇਕ ਵਿਅਕਤੀ ਅੰਦਰ ਉਤਸ਼ਾਹ ਪੈਦਾ ਕਰ ਸਕਦੇ ਹਨ। ਬਾਈਬਲ ਕਹਿੰਦੀ ਹੈ: “ਜਿਹੜਾ ਬਚਨ ਵੇਲੇ ਸਿਰ ਕਹੀਦਾ ਹੈ ਉਹ ਕਿਹਾ ਚੰਗਾ ਲੱਗਦਾ ਹੈ!”—ਕਹਾਉਤਾਂ 15:23.
ਪਰ ਸਾਡੇ ਵਿੱਚੋਂ ਕੁਝ ਨੂੰ ਸ਼ਾਇਦ ਹੋਰਨਾਂ ਦੀ ਤਾਰੀਫ਼ ਕਰਨੀ ਔਖੀ ਲੱਗੇ। ਇਹ ਔਖਿਆਈ ਉਦੋਂ ਆਉਂਦੀ ਹੈ ਜਦੋਂ ਆਪਣੀਆਂ ਹੀ ਕਮੀਆਂ ਧਿਆਨ ਵਿਚ ਰਹਿੰਦੀਆਂ ਹੋਣ। ਇਕ ਭਰਾ ਕਹਿੰਦਾ ਹੈ: “ਮੈਨੂੰ ਇੱਦਾਂ ਲੱਗਦਾ ਜਿੱਦਾਂ ਮੈਂ ਪੋਲੀ ਜ਼ਮੀਨ ਤੇ ਖੜ੍ਹਾ ਹੋਵਾਂ। ਜਿੰਨਾ ਮੈਂ ਦੂਜਿਆਂ ਦੀ ਪ੍ਰਸ਼ੰਸਾ ਕਰ ਕੇ ਉਨ੍ਹਾਂ ਨੂੰ ਉੱਚਾ ਚੁੱਕਦਾ ਹਾਂ, ਉੱਨਾ ਹੀ ਮੈਂ ਆਪਣੇ ਆਪ ਨੂੰ ਨੀਵਾਂ ਮਹਿਸੂਸ ਕਰਦਾ ਹਾਂ।” ਸ਼ਰਮਾਕਲ ਹੋਣ ਕਰਕੇ, ਆਪਣੇ ਤੇ ਇਤਬਾਰ ਨਾ ਹੋਣ ਕਰਕੇ ਜਾਂ ਹੋਰਨਾਂ ਵੱਲੋਂ ਗ਼ਲਤ ਮਤਲਬ ਕੱਢ ਲਏ ਜਾਣ ਦੇ ਡਰੋਂ ਵੀ ਕੁਝ ਲੋਕ ਹੋਰਨਾਂ ਦੀ ਤਾਰੀਫ਼ ਨਹੀਂ ਕਰਦੇ। ਇਸ ਤੋਂ ਇਲਾਵਾ, ਬਚਪਨ ਵਿਚ ਜੇ ਕਿਸੇ ਨੇ ਸਾਡੀ ਤਾਰੀਫ਼ ਨਹੀਂ ਕੀਤੀ, ਤਾਂ ਸਾਨੂੰ ਸ਼ਾਇਦ ਹੋਰਨਾਂ ਦੀ ਤਾਰੀਫ਼ ਕਰਨੀ ਔਖੀ ਲੱਗੇ।
ਪਰ ਇਹ ਜਾਣਦੇ ਹੋਏ ਕਿ ਤਾਰੀਫ਼ ਕਰਨ ਵਾਲੇ ਤੇ ਸੁਣਨ ਵਾਲੇ ਦੋਹਾਂ ਉੱਤੇ ਇਸ ਦਾ ਚੰਗਾ ਅਸਰ ਪੈ ਸਕਦਾ ਹੈ, ਸਾਨੂੰ ਪ੍ਰੇਰਣਾ ਮਿਲਣੀ ਚਾਹੀਦੀ ਹੈ ਕਿ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਕੇ ਸਹੀ ਸਮੇਂ ਤੇ ਕਿਸੇ ਨੂੰ ਤਾਰੀਫ਼ ਦੇ ਕੁਝ ਲਫ਼ਜ਼ ਕਹੀਏ। (ਕਹਾਉਤਾਂ 3:27) ਤਾਂ ਫਿਰ ਤਾਰੀਫ਼ ਜਾਂ ਸਿਫ਼ਤਾਂ ਕਰਨ ਦੇ ਕੀ ਫ਼ਾਇਦੇ ਹਨ? ਆਓ ਆਪਾਂ ਸੰਖੇਪ ਵਿਚ ਕੁਝ ਫ਼ਾਇਦਿਆਂ ਤੇ ਗੱਲ ਕਰੀਏ।
ਸਿਫ਼ਤਾਂ ਕਰਨ ਦੇ ਫ਼ਾਇਦੇ
ਉਚਿਤ ਤਾਰੀਫ਼ ਕਰਨ ਨਾਲ ਦੂਸਰੇ ਵਿਅਕਤੀ ਵਿਚ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ। ਇਕ ਸ਼ਾਦੀ-ਸ਼ੁਦਾ ਭੈਣ ਈਲੇਨ ਕਹਿੰਦੀ ਹੈ: “ਜਦੋਂ ਲੋਕ ਮੇਰੀ ਤਾਰੀਫ਼ ਕਰਦੇ ਹਨ, ਤਾਂ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਮੇਰੇ ਤੇ ਭਰੋਸਾ ਹੈ।” ਦਰਅਸਲ, ਜਿਸ ਵਿਅਕਤੀ ਨੂੰ ਆਪਣੇ ਆਪ ਤੇ ਭਰੋਸਾ ਨਹੀਂ ਹੈ, ਉਸ ਦੀ ਹੌਸਲਾ-ਅਫ਼ਜ਼ਾਈ ਜਾਂ ਤਾਰੀਫ਼ ਕਰਨ ਨਾਲ ਉਸ ਨੂੰ ਸਮੱਸਿਆਵਾਂ ਨਾਲ ਸਿੱਝਣ ਦਾ ਹੌਸਲਾ ਮਿਲ ਸਕਦਾ ਹੈ ਜਿਸ ਨਾਲ ਉਸ ਨੂੰ ਖ਼ੁਸ਼ੀ ਮਿਲਦੀ ਹੈ। ਨੌਜਵਾਨਾਂ ਨੂੰ ਖ਼ਾਸਕਰ ਹੌਸਲਾ-ਅਫ਼ਜ਼ਾਈ ਦੀ ਲੋੜ ਹੁੰਦੀ ਹੈ। ਇਕ ਅੱਲੜ੍ਹ ਉਮਰ ਦੀ ਕੁੜੀ ਨੇ ਮੰਨਿਆ ਕਿ ਉਸ ਦਾ ਆਪਣੇ ਹੀ ਨਿਰਾਸ਼ਾਵਾਦੀ ਵਿਚਾਰਾਂ ਕਾਰਨ ਹੌਸਲਾ ਢਹਿ ਜਾਂਦਾ ਹੈ। ਉਹ ਕਹਿੰਦੀ ਹੈ: “ਮੈਂ ਯਹੋਵਾਹ ਨੂੰ ਖ਼ੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਹਾਂ, ਪਰ ਕਦੇ-ਕਦੇ ਮੈਨੂੰ ਲੱਗਦਾ ਹੈ ਕਿ ਮੈਂ ਜੋ ਵੀ ਕਰਦੀ ਹਾਂ, ਉਹ ਕਾਫ਼ੀ ਨਹੀਂ ਹੈ। ਜਦੋਂ ਕੋਈ ਮੇਰੀ ਤਾਰੀਫ਼ ਕਰਦਾ ਹੈ, ਤਾਂ ਮੈਨੂੰ ਬਹੁਤ ਚੰਗਾ ਲੱਗਦਾ ਹੈ।” ਬਾਈਬਲ ਦੀ ਇਹ ਕਹਾਵਤ ਸਹੀ ਕਹਿੰਦੀ ਹੈ: “ਟਿਕਾਣੇ ਸਿਰ ਆਖੇ ਹੋਏ ਬਚਨ ਚਾਂਦੀ ਦੀ ਝੰਜਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ।”—ਕਹਾਉਤਾਂ 25:11.
ਤਾਰੀਫ਼ ਸੁਣਨ ਨਾਲ ਇਕ ਵਿਅਕਤੀ ਨੂੰ ਕੁਝ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ। ਇਕ ਪਾਇਨੀਅਰ ਭਰਾ ਕਹਿੰਦਾ ਹੈ: “ਆਪਣੀ ਤਾਰੀਫ਼ ਸੁਣ ਕੇ ਮੈਨੂੰ ਹੋਰ ਮਿਹਨਤ ਕਰਨ ਅਤੇ ਆਪਣੇ ਪ੍ਰਚਾਰ ਕਰਨ ਦੇ ਤਰੀਕੇ ਨੂੰ ਸੁਧਾਰਨ ਦੀ ਹੱਲਾਸ਼ੇਰੀ ਮਿਲਦੀ ਹੈ।” ਇਕ ਦੋ ਬੱਚਿਆਂ ਦੀ ਮਾਂ ਕਹਿੰਦੀ ਹੈ ਕਿ ਜਦੋਂ ਕਲੀਸਿਯਾ ਦੇ ਭੈਣ-ਭਰਾ ਉਸ ਦੇ ਬੱਚਿਆਂ ਦੁਆਰਾ ਮੀਟਿੰਗਾਂ ਵਿਚ ਕੀਤੀਆਂ ਟਿੱਪਣੀਆਂ ਲਈ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਹਨ, ਤਾਂ ਉਹ ਹੋਰ ਟਿੱਪਣੀਆਂ ਕਰਨੀਆਂ ਚਾਹੁੰਦੇ ਹਨ। ਜੀ ਹਾਂ, ਤਾਰੀਫ਼ ਸੁਣ ਕੇ ਬੱਚਿਆਂ ਨੂੰ ਪਰਮੇਸ਼ੁਰ ਦੇ ਮਿਆਰਾਂ ਉੱਤੇ ਚੱਲਣ ਦੀ ਪ੍ਰੇਰਣਾ ਮਿਲ ਸਕਦੀ ਹੈ। ਦਰਅਸਲ, ਸਾਨੂੰ ਸਾਰਿਆਂ ਨੂੰ ਇਸ ਭਰੋਸੇ ਦੀ ਲੋੜ ਹੈ ਕਿ ਦੂਸਰੇ ਸਾਡੀ ਕਦਰ ਕਰਦੇ ਹਨ। ਇਸ ਤਣਾਅ-ਭਰੀ ਦੁਨੀਆਂ ਵਿਚ ਅਸੀਂ ਥੱਕ ਕੇ ਨਿਰਾਸ਼ ਹੋ ਸਕਦੇ ਹਾਂ। ਕਲੀਸਿਯਾ ਦਾ ਇਕ ਬਜ਼ੁਰਗ ਕਹਿੰਦਾ ਹੈ: “ਜਦੋਂ ਮੈਂ ਨਿਰਾਸ਼ ਹੁੰਦਾ ਹਾਂ, ਤਾਂ
ਤਾਰੀਫ਼ ਜਾਂ ਹੌਸਲਾ-ਅਫ਼ਜ਼ਾਈ ਦੇ ਲਫ਼ਜ਼ ਸੁਣ ਕੇ ਮੈਨੂੰ ਲੱਗਦਾ ਹੈ ਜਿੱਦਾਂ ਮੈਨੂੰ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਮਿਲ ਗਿਆ ਹੋਵੇ।” ਇਸੇ ਤਰ੍ਹਾਂ ਈਲੇਨ ਕਹਿੰਦੀ ਹੈ: “ਕਈ ਵਾਰੀ ਮੈਂ ਸੋਚਦੀ ਹਾਂ ਕਿ ਯਹੋਵਾਹ ਹੋਰਨਾਂ ਦੇ ਉਤਸ਼ਾਹ-ਭਰੇ ਸ਼ਬਦਾਂ ਰਾਹੀਂ ਦਿਖਾਉਂਦਾ ਹੈ ਕਿ ਉਹ ਮੇਰੇ ਤੋਂ ਖ਼ੁਸ਼ ਹੈ।”ਤਾਰੀਫ਼ ਸੁਣਨ ਜਾਂ ਹੌਸਲਾ-ਅਫ਼ਜ਼ਾਈ ਮਿਲਣ ਤੇ ਆਪਣੇਪਣ ਦਾ ਅਹਿਸਾਸ ਹੁੰਦਾ ਹੈ। ਦਿਲੋਂ ਤਾਰੀਫ਼ ਜਾਂ ਹੌਸਲਾ-ਅਫ਼ਜ਼ਾਈ ਕਰਨ ਨਾਲ ਜ਼ਾਹਰ ਹੁੰਦਾ ਹੈ ਕਿ ਅਸੀਂ ਹੋਰਨਾਂ ਦੀ ਪਰਵਾਹ ਕਰਦੇ ਹਾਂ। ਇਸ ਨਾਲ ਇਕ-ਦੂਜੇ ਲਈ ਸਨੇਹ ਵਧਦਾ ਹੈ। ਦੂਸਰਿਆਂ ਦੀ ਤਾਰੀਫ਼ ਕਰਨ ਨਾਲ ਉਨ੍ਹਾਂ ਵਿਚ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਉਨ੍ਹਾਂ ਦੀ ਕਦਰ ਕਰਦੇ ਹਾਂ। ਇਸ ਤੋਂ ਭੈਣਾਂ-ਭਰਾਵਾਂ ਲਈ ਸਾਡੇ ਪਿਆਰ ਦਾ ਸਬੂਤ ਮਿਲਦਾ ਹੈ। ਜੋਸੀ ਨਾਂ ਦੀ ਇਕ ਮਾਂ ਕਹਿੰਦੀ ਹੈ: “ਘਰ ਦੇ ਸਾਰੇ ਸੱਚਾਈ ਵਿਚ ਨਾ ਹੋਣ ਕਰਕੇ ਮੈਨੂੰ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਉਸ ਸਮੇਂ ਸੱਚਾਈ ਵਿਚ ਮਜ਼ਬੂਤ ਭੈਣਾਂ-ਭਰਾਵਾਂ ਤੋਂ ਹੌਸਲਾ-ਅਫ਼ਜ਼ਾਈ ਮਿਲਣ ਨਾਲ ਮੇਰਾ ਇਰਾਦਾ ਹੋਰ ਪੱਕਾ ਹੋ ਗਿਆ ਕਿ ਮੈਂ ਹੌਸਲਾ ਨਾ ਹਾਰਾਂ।” ਬਾਈਬਲ ਸੱਚ ਹੀ ਕਹਿੰਦੀ ਹੈ ਕਿ “ਅਸੀਂ ਇੱਕ ਦੂਏ ਦੇ ਅੰਗ ਹਾਂ।”—ਅਫ਼ਸੀਆਂ 4:25.
ਤਾਰੀਫ਼ ਕਰਨ ਦੀ ਚਾਹ ਹੋਣ ਨਾਲ ਅਸੀਂ ਹੋਰਨਾਂ ਵਿਚ ਚੰਗੇ ਗੁਣ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਦੂਜਿਆਂ ਦੀਆਂ ਕਮਜ਼ੋਰੀਆਂ ਵੱਲ ਧਿਆਨ ਦੇਣ ਦੀ ਬਜਾਇ ਉਨ੍ਹਾਂ ਦੇ ਚੰਗੇ ਗੁਣਾਂ ਨੂੰ ਦੇਖਦੇ ਹਾਂ। ਡੇਵਿਡ ਨਾਂ ਦਾ ਇਕ ਬਜ਼ੁਰਗ ਕਹਿੰਦਾ ਹੈ: “ਦੂਜਿਆਂ ਦੀ ਮਿਹਨਤ ਤੇ ਲਗਨ ਦੀ ਕਦਰ ਕਰਨ ਨਾਲ ਸਾਨੂੰ ਉਨ੍ਹਾਂ ਦੀ ਤਾਰੀਫ਼ ਕਰਨ ਵਿਚ ਮਦਦ ਮਿਲੇਗੀ।” ਜਦੋਂ ਅਸੀਂ ਇਹ ਧਿਆਨ ਵਿਚ ਰੱਖਾਂਗੇ ਕਿ ਯਹੋਵਾਹ ਅਤੇ ਉਸ ਦਾ ਪੁੱਤਰ ਪਾਪੀ ਇਨਸਾਨਾਂ ਦੀ ਤਾਰੀਫ਼ ਕਰਨ ਵਿਚ ਕਿੰਨੀ ਖੁੱਲ੍ਹ-ਦਿਲੀ ਦਿਖਾਉਂਦੇ ਹਨ, ਤਾਂ ਅਸੀਂ ਵੀ ਹੋਰਨਾਂ ਦੀ ਖੁੱਲ੍ਹੇ ਦਿਲ ਨਾਲ ਤਾਰੀਫ਼ ਕਰਨ ਲਈ ਪ੍ਰੇਰਿਤ ਹੋਵਾਂਗੇ।—ਮੱਤੀ 25:21-23; 1 ਕੁਰਿੰਥੀਆਂ 4:5.
ਕੌਣ-ਕੌਣ ਤਾਰੀਫ਼ ਦੇ ਲਾਇਕ ਹੈ?
ਸਿਰਜਣਹਾਰ ਹੋਣ ਦੇ ਨਾਤੇ ਯਹੋਵਾਹ ਸਭ ਤੋਂ ਜ਼ਿਆਦਾ ਤਾਰੀਫ਼ ਦੇ ਲਾਇਕ ਹੈ। (ਪਰਕਾਸ਼ ਦੀ ਪੋਥੀ 4:11) ਹਾਲਾਂਕਿ ਯਹੋਵਾਹ ਵਿਚ ਭਰੋਸੇ ਦੀ ਘਾਟ ਨਹੀਂ ਹੈ ਜਾਂ ਉਸ ਨੂੰ ਕਿਸੇ ਗੱਲ ਲਈ ਪ੍ਰੇਰਿਤ ਹੋਣ ਦੀ ਲੋੜ ਨਹੀਂ, ਪਰ ਜਦੋਂ ਅਸੀਂ ਉਸ ਦੀ ਅਸਚਰਜ ਸ਼ਾਨ ਅਤੇ ਉਸ ਦੇ ਪਿਆਰ ਲਈ ਉਸ ਦੀ ਤਾਰੀਫ਼ ਕਰਦੇ ਹਾਂ, ਤਾਂ ਉਹ ਸਾਡੇ ਨੇੜੇ ਆਉਂਦਾ ਹੈ ਤੇ ਸਾਡਾ ਉਸ ਨਾਲ ਗੂੜ੍ਹਾ ਰਿਸ਼ਤਾ ਬਣਦਾ ਹੈ। ਯਹੋਵਾਹ ਦੀ ਤਾਰੀਫ਼ ਕਰਨ ਨਾਲ ਸਾਨੂੰ ਆਪਣੀਆਂ ਕਾਮਯਾਬੀਆਂ ਬਾਰੇ ਸਹੀ ਨਜ਼ਰੀਆ ਰੱਖਣ ਅਤੇ ਉਨ੍ਹਾਂ ਦਾ ਸਿਹਰਾ ਯਹੋਵਾਹ ਨੂੰ ਦੇਣ ਦੀ ਪ੍ਰੇਰਣਾ ਮਿਲੇਗੀ। (ਯਿਰਮਿਯਾਹ 9:23, 24) ਯਹੋਵਾਹ ਸਾਰੇ ਲਾਇਕ ਮਨੁੱਖਾਂ ਨੂੰ ਸਦਾ ਦੀ ਜ਼ਿੰਦਗੀ ਹਾਸਲ ਕਰਨ ਦਾ ਮੌਕਾ ਦਿੰਦਾ ਹੈ। (ਪਰਕਾਸ਼ ਦੀ ਪੋਥੀ 21:3, 4) ਇਹ ਯਹੋਵਾਹ ਦੀ ਤਾਰੀਫ਼ ਕਰਨ ਦਾ ਇਕ ਹੋਰ ਕਾਰਨ ਹੈ। ਪੁਰਾਣੇ ਜ਼ਮਾਨੇ ਵਿਚ ਰਾਜਾ ਦਾਊਦ “ਗੀਤ ਨਾਲ ਪਰਮੇਸ਼ੁਰ ਦੇ ਨਾਮ ਦੀ ਉਸਤਤ” ਅਤੇ “ਧੰਨਵਾਦ ਨਾਲ ਉਹ ਦੀ ਵਡਿਆਈ” ਕਰਨ ਲਈ ਉਤਸੁਕ ਰਹਿੰਦਾ ਸੀ। (ਜ਼ਬੂਰਾਂ ਦੀ ਪੋਥੀ 69:30) ਆਓ ਆਪਾਂ ਵੀ ਇੱਦਾਂ ਹੀ ਕਰੀਏ।
ਸਾਡੇ ਭੈਣ-ਭਰਾ ਤਾਰੀਫ਼ ਦੇ ਲਾਇਕ ਹਨ। ਜਦੋਂ ਅਸੀਂ ਉਨ੍ਹਾਂ ਦੀ ਤਾਰੀਫ਼ ਕਰਦੇ ਹਾਂ, ਤਾਂ ਅਸੀਂ ਪਰਮੇਸ਼ੁਰ ਦੇ ਇਸ ਹੁਕਮ ਨੂੰ ਮੰਨਦੇ ਹਾਂ: ‘ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਇੱਕ ਦੂਏ ਦਾ ਧਿਆਨ ਰੱਖੋ।’ (ਇਬਰਾਨੀਆਂ 10:24) ਇਸ ਸੰਬੰਧੀ ਪੌਲੁਸ ਰਸੂਲ ਨੇ ਵਧੀਆ ਮਿਸਾਲ ਕਾਇਮ ਕੀਤੀ ਸੀ। ਉਸ ਨੇ ਰੋਮ ਦੀ ਕਲੀਸਿਯਾ ਨੂੰ ਲਿਖਿਆ: “ਪਹਿਲਾਂ ਤਾਂ ਮੈਂ ਯਿਸੂ ਮਸੀਹ ਦੇ ਰਾਹੀਂ ਤੁਸਾਂ ਸਭਨਾਂ ਦੇ ਲਈ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਇਸ ਲਈ ਜੋ ਸਾਰੇ ਸੰਸਾਰ ਵਿੱਚ ਤੁਹਾਡੀ ਨਿਹਚਾ ਦਾ ਪਰਚਾਰ ਹੁੰਦਾ ਹੈ।” (ਰੋਮੀਆਂ 1:8) ਇਸੇ ਤਰ੍ਹਾਂ, ਯੂਹੰਨਾ ਰਸੂਲ ਨੇ ਆਪਣੇ ਮਸੀਹੀ ਭਰਾ ਗਾਯੁਸ ਦੀ ਤਾਰੀਫ਼ ਕੀਤੀ ਕਿ ਉਸ ਨੇ ‘ਸਚਿਆਈ ਉੱਤੇ ਚੱਲਣ’ ਵਿਚ ਵਧੀਆ ਮਿਸਾਲ ਕਾਇਮ ਕੀਤੀ।—3 ਯੂਹੰਨਾ 1-4.
ਜਦ ਕੋਈ ਭੈਣ ਜਾਂ ਭਰਾ ਮਸੀਹ ਵਰਗੇ ਕਿਸੇ ਗੁਣ ਨੂੰ ਜ਼ਾਹਰ ਕਰਦਾ ਹੈ, ਵਧੀਆ ਢੰਗ ਨਾਲ ਤਿਆਰ ਕੀਤਾ ਭਾਸ਼ਣ ਦਿੰਦਾ ਹੈ ਜਾਂ ਮੀਟਿੰਗ ਵਿਚ ਦਿਲੋਂ ਟਿੱਪਣੀ ਕਰਦਾ ਹੈ, ਤਾਂ ਸਾਡੇ ਕੋਲ ਉਸ ਦਾ ਧੰਨਵਾਦ ਕਰਨ ਦਾ ਵਧੀਆ ਮੌਕਾ ਹੁੰਦਾ ਹੈ। ਜਦੋਂ ਕੋਈ ਬੱਚਾ ਮੀਟਿੰਗਾਂ ਦੌਰਾਨ ਬਾਈਬਲ ਵਿੱਚੋਂ ਹਵਾਲੇ ਲੱਭਣ ਦੀ ਪੁਰਜ਼ੋਰ ਕੋਸ਼ਿਸ਼ ਕਰਦਾ ਹੈ, ਤਾਂ ਅਸੀਂ ਉਸ ਦੀ ਤਾਰੀਫ਼ ਕਰ ਸਕਦੇ ਹਾਂ। ਪਹਿਲਾਂ ਜ਼ਿਕਰ ਕੀਤੀ ਈਲੇਨ ਕਹਿੰਦੀ ਹੈ: “ਸਾਡੇ ਸਾਰਿਆਂ ਵਿਚ ਇੱਕੋ ਜਿਹੀਆਂ ਕਾਬਲੀਅਤਾਂ ਨਹੀਂ ਹਨ, ਇਸ ਲਈ ਜਦੋਂ ਅਸੀਂ ਦੂਜਿਆਂ ਵੱਲੋਂ ਕੀਤੇ ਕਿਸੇ ਕੰਮ ਵੱਲ ਧਿਆਨ ਦਿੰਦੇ ਹਾਂ, ਤਾਂ ਅਸੀਂ ਪਰਮੇਸ਼ੁਰ ਦੇ ਲੋਕਾਂ ਦੀਆਂ ਭਾਂਤ-ਭਾਂਤ ਖੂਬੀਆਂ ਲਈ ਕਦਰਦਾਨੀ ਦਿਖਾਉਂਦੇ ਹਾਂ।”
ਘਰ ਦੇ ਜੀਆਂ ਦੀ ਸਿਫ਼ਤ ਕਰੋ
ਆਪਣੇ ਪਰਿਵਾਰ ਦੇ ਮੈਂਬਰਾਂ ਪ੍ਰਤੀ ਕਦਰਦਾਨੀ ਜ਼ਾਹਰ ਕਰਨ ਬਾਰੇ ਕੀ ਕਿਹਾ ਜਾ ਸਕਦਾ ਹੈ? ਪਰਿਵਾਰਾਂ ਦੀਆਂ ਅਧਿਆਤਮਿਕ, ਭਾਵਾਤਮਕ ਅਤੇ ਭੌਤਿਕ ਲੋੜਾਂ ਪੂਰੀਆਂ ਕਰਨ ਵਿਚ ਪਤੀ-ਪਤਨੀ ਕਾਫ਼ੀ ਵਕਤ, ਧਿਆਨ ਤੇ ਮਿਹਨਤ ਲਾਉਂਦੇ ਹਨ। ਇਸ ਲਈ ਉਨ੍ਹਾਂ ਨੂੰ ਇਕ-ਦੂਜੇ ਤੋਂ ਅਤੇ ਬੱਚਿਆਂ ਤੋਂ ਤਾਰੀਫ਼ ਦੇ ਚੰਨ ਸ਼ਬਦ ਸੁਣਨ ਦੀ ਲੋੜ ਹੈ। (ਅਫ਼ਸੀਆਂ 5:33) ਮਿਸਾਲ ਲਈ, ਪਤਵੰਤੀ ਇਸਤ੍ਰੀ ਬਾਰੇ ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਉਹ ਦੇ ਬੱਚੇ ਉੱਠ ਕੇ ਉਹ ਨੂੰ ਧੰਨ ਧੰਨ ਆਖਦੇ ਹਨ, ਅਤੇ ਉਹ ਦਾ ਪਤੀ ਵੀ, ਅਤੇ ਉਹ ਉਹ ਦੀ ਸਲਾਹੁਤ ਕਰਦਾ ਹੈ।”—ਕਹਾਉਤਾਂ 31:10, 28.
ਬੱਚੇ ਵੀ ਤਾਰੀਫ਼ ਦੇ ਲਾਇਕ ਹਨ। ਅਫ਼ਸੋਸ ਦੀ ਗੱਲ ਹੈ ਕਿ ਕੁਝ ਮਾਪੇ ਬੱਚਿਆਂ ਨੂੰ ਫੱਟ ਕਹਿ ਦਿੰਦੇ ਹਨ ਕਿ ਉਹ ਉਨ੍ਹਾਂ ਤੋਂ ਕੀ ਉਮੀਦਾਂ ਰੱਖਦੇ ਹਨ, ਪਰ ਕਦੇ ਉਨ੍ਹਾਂ ਦੀ ਤਾਰੀਫ਼ ਨਹੀਂ ਕਰਦੇ ਜਦੋਂ ਉਹ ਬੀਬੇ ਬੱਚਿਆਂ ਵਾਂਗ ਉਨ੍ਹਾਂ ਦਾ ਆਦਰ ਕਰਦੇ ਤੇ ਆਗਿਆ ਮੰਨਦੇ ਹਨ। (ਲੂਕਾ 3:22) ਛੋਟੀ ਉਮਰ ਵਿਚ ਬੱਚੇ ਦੀ ਤਾਰੀਫ਼ ਕਰਨ ਨਾਲ ਉਸ ਨੂੰ ਅਹਿਸਾਸ ਹੋਵੇਗਾ ਕਿ ਮਾਪੇ ਉਸ ਨੂੰ ਬਹੁਤ ਪਿਆਰ ਕਰਦੇ ਹਨ ਤੇ ਉਸ ਵਿਚ ਹੋਰ ਆਤਮ-ਵਿਸ਼ਵਾਸ ਪੈਦਾ ਹੋਵੇਗਾ।
ਇਹ ਸੱਚ ਹੈ ਕਿ ਹੋਰਨਾਂ ਦੀ ਤਾਰੀਫ਼ ਕਰਨ ਲਈ ਆਪਣੇ ਵੱਲੋਂ ਜਤਨ ਕਰਨਾ ਪੈਂਦਾ ਹੈ, ਪਰ ਇਸ ਦੇ ਸਾਨੂੰ ਕਈ ਫ਼ਾਇਦੇ ਹੋਣਗੇ। ਦਰਅਸਲ ਅਸੀਂ ਤਾਰੀਫ਼ ਦੇ ਲਾਇਕ ਲੋਕਾਂ ਦੀ ਜਿੰਨੀ ਤਾਰੀਫ਼ ਕਰਾਂਗੇ, ਸਾਡੀ ਖ਼ੁਸ਼ੀ ਵਿਚ ਉੱਨਾ ਹੀ ਵਾਧਾ ਹੋਵੇਗਾ।—ਰਸੂਲਾਂ ਦੇ ਕਰਤੱਬ 20:35.
ਸਹੀ ਨਜ਼ਰੀਏ ਨਾਲ ਸਿਫ਼ਤ ਕਰੋ ਤੇ ਸਿਫ਼ਤ ਸੁਣੋ
ਆਪਣੀਆਂ ਸਿਫ਼ਤਾਂ ਸੁਣਨ ਨਾਲ ਕੁਝ ਲੋਕਾਂ ਵਿਚ ਗ਼ਲਤ ਨਜ਼ਰੀਆ ਪੈਦਾ ਹੋ ਸਕਦਾ ਹੈ। (ਕਹਾਉਤਾਂ 27:21) ਮਿਸਾਲ ਲਈ, ਕੁਝ ਲੋਕਾਂ ਵਿਚ ਆਪਣੇ ਆਪ ਨੂੰ ਵੱਡੇ ਸਮਝਣ ਦਾ ਰੁਝਾਨ ਹੁੰਦਾ ਹੈ, ਇਸ ਲਈ ਉਹ ਆਪਣੀਆਂ ਸਿਫ਼ਤਾਂ ਸੁਣ ਕੇ ਘਮੰਡ ਵਿਚ ਆ ਸਕਦੇ ਹਨ। (ਕਹਾਉਤਾਂ 16:18) ਇਸ ਕਰਕੇ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ। ਪੌਲੁਸ ਰਸੂਲ ਨੇ ਇਹ ਵਧੀਆ ਸਲਾਹ ਦਿੱਤੀ ਸੀ: “ਮੈਂ . . . ਤੁਹਾਡੇ ਵਿੱਚੋਂ ਹਰੇਕ ਨੂੰ ਆਖਦਾ ਹਾਂ ਭਈ ਉਹ ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝੇ ਸਗੋਂ ਸੁਰਤ ਨਾਲ ਸਮਝੇ ਜਿੱਕੁਰ ਪਰਮੇਸ਼ੁਰ ਨੇ ਮਿਣ ਕੇ ਹਰੇਕ ਨੂੰ ਨਿਹਚਾ ਵੰਡ ਦਿੱਤੀ ਹੈ।” (ਰੋਮੀਆਂ 12:3) ਸਾਡੇ ਲਈ ਸ਼ਾਇਦ ਚੰਗੀ ਗੱਲ ਹੋਵੇਗੀ ਕਿ ਅਸੀਂ ਦੂਜਿਆਂ ਦੇ ਤੇਜ਼ ਦਿਮਾਗ਼ ਜਾਂ ਸੁਹੱਪਣ ਉੱਤੇ ਬਹੁਤਾ ਜ਼ੋਰ ਨਾ ਦੇਈਏ। ਇਸ ਤਰ੍ਹਾਂ ਉਹ ਆਪਣੇ ਆਪ ਨੂੰ ਉੱਚਾ ਸਮਝਣ ਦੇ ਫੰਦੇ ਵਿਚ ਨਹੀਂ ਫਸਣਗੇ। ਦਰਅਸਲ, ਸਾਨੂੰ ਉਨ੍ਹਾਂ ਦੇ ਚੰਗੇ ਕੰਮਾਂ ਕਰਕੇ ਉਨ੍ਹਾਂ ਦੀ ਸਿਫ਼ਤ ਕਰਨੀ ਚਾਹੀਦੀ ਹੈ।
ਜਦੋਂ ਅਸੀਂ ਸਹੀ ਨਜ਼ਰੀਆ ਰੱਖ ਕੇ ਕਿਸੇ ਦੀ ਸਿਫ਼ਤ ਕਰਦੇ ਹਾਂ ਤੇ ਆਪਣੀ ਸਿਫ਼ਤ ਸੁਣਦੇ ਹਾਂ, ਤਾਂ ਇਸ ਦਾ ਸਾਡੇ ਤੇ ਚੰਗਾ ਪ੍ਰਭਾਵ ਪੈ ਸਕਦਾ ਹੈ। ਕਿਸੇ ਚੰਗੇ ਕੰਮ ਲਈ ਆਪਣੀ ਤਾਰੀਫ਼ ਸੁਣਨ ਤੇ ਅਸੀਂ ਯਹੋਵਾਹ ਦਾ ਸ਼ੁਕਰੀਆ ਅਦਾ ਕਰਨ ਲਈ ਪ੍ਰੇਰਿਤ ਹੋ ਸਕਦੇ ਹਾਂ। ਇਹ ਸਾਨੂੰ ਚੰਗੇ ਕੰਮ ਕਰਦੇ ਰਹਿਣ ਲਈ ਵੀ ਉਤਸ਼ਾਹਿਤ ਕਰ ਸਕਦਾ ਹਾਂ।
ਕਿਸੇ ਦੀ ਦਿਲੋਂ ਤਾਰੀਫ਼ ਕਰਨੀ ਇਕ ਤੋਹਫ਼ਾ ਦੇਣ ਸਮਾਨ ਹੈ ਜੋ ਅਸੀਂ ਸਾਰੇ ਦੇ ਸਕਦੇ ਹਾਂ। ਜਦੋਂ ਅਸੀਂ ਸੋਚ-ਸਮਝ ਕੇ ਕਿਸੇ ਦੀ ਤਾਰੀਫ਼ ਕਰਦੇ ਹਾਂ, ਤਾਂ ਇਸ ਦਾ ਉਸ ਉੱਤੇ ਅਜਿਹਾ ਚੰਗਾ ਅਸਰ ਪੈ ਸਕਦਾ ਹੈ ਜਿਸ ਬਾਰੇ ਅਸੀਂ ਸੋਚਿਆ ਵੀ ਨਾ ਹੋਵੇ।
[ਸਫ਼ਾ 18 ਉੱਤੇ ਡੱਬੀ/ਤਸਵੀਰ]
ਚਿੱਠੀ ਨੇ ਉਸ ਦੇ ਦਿਲ ਨੂੰ ਛੋਹ ਲਿਆ
ਇਕ ਸਰਕਟ ਨਿਗਾਹਬਾਨ ਦੱਸਦਾ ਹੈ ਕਿ ਇਕ ਵਾਰ ਉਹ ਤੇ ਉਸ ਦੀ ਪਤਨੀ ਕੜਾਕੇਦਾਰ ਠੰਢ ਵਿਚ ਪ੍ਰਚਾਰ ਕਰ ਕੇ ਉਸ ਜਗ੍ਹਾ ਵਾਪਸ ਆਏ ਜਿੱਥੇ ਉਹ ਰਹਿ ਰਹੇ ਸਨ। ਉਹ ਦੱਸਦਾ ਹੈ: “ਮੇਰੀ ਪਤਨੀ ਨੂੰ ਠੰਢ ਲੱਗ ਰਹੀ ਸੀ ਤੇ ਉਹ ਉਦਾਸ ਸੀ। ਉਸ ਨੇ ਕਿਹਾ ਕਿ ‘ਇਸ ਸੇਵਾ ਵਿਚ ਸ਼ਾਇਦ ਮੈਂ ਹੋਰ ਨਹੀਂ ਟਿਕ ਸਕਦੀ। ਚੰਗਾ ਹੋਵੇਗਾ ਜੇ ਅਸੀਂ ਕਿਸੇ ਕਲੀਸਿਯਾ ਵਿਚ ਪਾਇਨੀਅਰਾਂ ਵਜੋਂ ਸੇਵਾ ਕਰੀਏ, ਇਕ ਥਾਂ ਟਿਕ ਕੇ ਰਹੀਏ ਤੇ ਆਪਣੀਆਂ ਬਾਈਬਲ ਸਟੱਡੀਆਂ ਕਰਾਈਏ।’ ਬਿਨਾਂ ਕੋਈ ਫ਼ੈਸਲਾ ਕੀਤੇ ਮੈਂ ਉਸ ਨੂੰ ਕਿਹਾ ਕਿ ਆਪਾਂ ਇਹ ਹਫ਼ਤਾ ਪੂਰਾ ਕਰ ਲੈਂਦੇ ਹਾਂ, ਫਿਰ ਦੇਖਦੇ ਹਾਂ ਕਿ ਉਹ ਕਿਵੇਂ ਮਹਿਸੂਸ ਕਰਦੀ ਹੈ। ਫਿਰ ਵੀ ਜੇ ਉਸ ਨੂੰ ਲੱਗਾ ਕਿ ਉਸ ਤੋਂ ਇਹ ਸੇਵਾ ਨਹੀਂ ਹੁੰਦੀ, ਤਾਂ ਮੈਂ ਉਸ ਦੇ ਜਜ਼ਬਾਤਾਂ ਦੀ ਕਦਰ ਕਰਾਂਗਾ। ਉਸੇ ਦਿਨ ਅਸੀਂ ਡਾਕਖਾਨੇ ਗਏ ਅਤੇ ਸਾਨੂੰ ਬ੍ਰਾਂਚ ਆਫਿਸ ਤੋਂ ਇਕ ਚਿੱਠੀ ਮਿਲੀ ਜੋ ਮੇਰੀ ਪਤਨੀ ਦੇ ਨਾਂ ਤੇ ਸੀ। ਇਸ ਚਿੱਠੀ ਵਿਚ ਉਸ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ ਸੀ ਕਿ ਉਹ ਪ੍ਰਚਾਰ ਵਿਚ ਕਿੰਨੀ ਮਿਹਨਤ ਕਰਦੀ ਹੈ ਅਤੇ ਧੀਰਜ ਰੱਖਦੀ ਹੈ ਕਿਉਂਕਿ ਹਰ ਹਫ਼ਤੇ ਵੱਖਰੀ ਥਾਂ ਤੇ ਸੌਣਾ ਕੋਈ ਸੌਖੀ ਗੱਲ ਨਹੀਂ। ਉਹ ਇਸ ਹੌਸਲਾ-ਅਫ਼ਜ਼ਾਈ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਉਸ ਨੇ ਫਿਰ ਕਦੇ ਵੀ ਸਰਕਟ ਕੰਮ ਨੂੰ ਛੱਡਣ ਦੀ ਗੱਲ ਨਹੀਂ ਕੀਤੀ। ਦਰਅਸਲ, ਉਸ ਨੇ ਕਈ ਵਾਰ ਮੈਨੂੰ ਇਹ ਸੇਵਾ ਕਰਦੇ ਰਹਿਣ ਦਾ ਉਤਸ਼ਾਹ ਦਿੱਤਾ ਜਦੋਂ ਮੈਂ ਇਹ ਸੇਵਾ ਕਰਨੀ ਛੱਡਣੀ ਚਾਹੁੰਦਾ ਸੀ।” ਇਹ ਪਤੀ-ਪਤਨੀ ਲਗਭਗ 40 ਸਾਲ ਸਰਕਟ ਕੰਮ ਵਿਚ ਲੱਗੇ ਰਹੇ।
[ਸਫ਼ਾ 17 ਉੱਤੇ ਤਸਵੀਰ]
ਤੁਹਾਡੀ ਕਲੀਸਿਯਾ ਵਿਚ ਤਾਰੀਫ਼ ਦੇ ਲਾਇਕ ਕੌਣ ਹੈ?
[ਸਫ਼ਾ 19 ਉੱਤੇ ਤਸਵੀਰ]
ਬੱਚਿਆਂ ਨੂੰ ਪਿਆਰ ਕਰਨ ਅਤੇ ਉਨ੍ਹਾਂ ਦੀ ਸਿਫ਼ਤ ਕਰਨ ਨਾਲ ਉਹ ਵਧਦੇ-ਫੁੱਲਦੇ ਹਨ