Skip to content

Skip to table of contents

ਅਜ਼ਰਾ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

ਅਜ਼ਰਾ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

ਯਹੋਵਾਹ ਦਾ ਬਚਨ ਜੀਉਂਦਾ ਹੈ

ਅਜ਼ਰਾ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

ਅਜ਼ਰਾ ਦੀ ਪੋਥੀ ਦਾ ਬਿਰਤਾਂਤ ਉੱਥੋਂ ਸ਼ੁਰੂ ਹੁੰਦਾ ਹੈ ਜਿੱਥੇ ਇਤਹਾਸ ਦੀ ਦੂਜੀ ਪੋਥੀ ਦਾ ਬਿਰਤਾਂਤ ਖ਼ਤਮ ਹੋਇਆ ਸੀ। ਇਸ ਦੇ ਲੇਖਕ ਅਜ਼ਰਾ ਜਾਜਕ ਨੇ ਬਿਰਤਾਂਤ ਦੇ ਸ਼ੁਰੂ ਵਿਚ ਫ਼ਾਰਸ ਦੇ ਰਾਜਾ ਕੋਰਸ਼ (ਸਾਇਰਸ) ਦੇ ਉਸ ਫ਼ਰਮਾਨ ਬਾਰੇ ਦੱਸਿਆ ਜਿਸ ਵਿਚ ਉਸ ਨੇ ਬਾਬਲ ਵਿਚ ਰਹਿ ਰਹੇ ਯਹੂਦੀ ਗ਼ੁਲਾਮਾਂ ਨੂੰ ਆਪਣੇ ਵਤਨ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਸੀ। ਬਿਰਤਾਂਤ ਦੇ ਅਖ਼ੀਰ ਵਿਚ ਦੱਸਿਆ ਗਿਆ ਹੈ ਕਿ ਅਜ਼ਰਾ ਨੇ ਉਨ੍ਹਾਂ ਲੋਕਾਂ ਨੂੰ ਸ਼ੁੱਧ ਕਰਨ ਲਈ ਜ਼ਰੂਰੀ ਕਦਮ ਚੁੱਕੇ ਸਨ ਜਿਨ੍ਹਾਂ ਨੇ ਪਰਾਈਆਂ ਕੌਮਾਂ ਦੀਆਂ ਤੀਵੀਆਂ ਨੂੰ ਵਿਆਹ ਕੇ ਆਪਣੇ ਆਪ ਨੂੰ ਅਸ਼ੁੱਧ ਕਰ ਲਿਆ ਸੀ। ਇਸ ਪੋਥੀ ਵਿਚ 70 ਸਾਲਾਂ (537 ਈ. ਪੂ. ਤੋਂ 467 ਈ. ਪੂ.) ਦੌਰਾਨ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ।

ਅਜ਼ਰਾ ਨੇ ਇਕ ਖ਼ਾਸ ਉਦੇਸ਼ ਨਾਲ ਇਸ ਪੋਥੀ ਨੂੰ ਲਿਖਿਆ ਸੀ। ਇਸ ਵਿਚ ਉਸ ਨੇ ਦਿਖਾਇਆ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਕਰਾਉਣ ਤੇ ਯਰੂਸ਼ਲਮ ਵਿਚ ਸੱਚੀ ਭਗਤੀ ਨੂੰ ਮੁੜ ਸ਼ੁਰੂ ਕਰਨ ਦੇ ਆਪਣੇ ਵਾਅਦੇ ਨੂੰ ਕਿਵੇਂ ਪੂਰਾ ਕੀਤਾ ਸੀ। ਇਸ ਲਈ ਅਜ਼ਰਾ ਨੇ ਸਿਰਫ਼ ਉਨ੍ਹਾਂ ਘਟਨਾਵਾਂ ਦਾ ਹੀ ਜ਼ਿਕਰ ਕੀਤਾ ਜਿਨ੍ਹਾਂ ਨੇ ਉਸ ਦੇ ਉਦੇਸ਼ ਨੂੰ ਪੂਰਾ ਕੀਤਾ ਸੀ। ਅਜ਼ਰਾ ਦੀ ਪੋਥੀ ਵਿਚ ਦੱਸਿਆ ਗਿਆ ਹੈ ਕਿ ਦੁਸ਼ਮਣਾਂ ਦੇ ਵਿਰੋਧ ਅਤੇ ਪਰਮੇਸ਼ੁਰ ਦੇ ਲੋਕਾਂ ਦੀਆਂ ਕਮਜ਼ੋਰੀਆਂ ਦੇ ਬਾਵਜੂਦ ਹੈਕਲ ਕਿਵੇਂ ਮੁੜ ਉਸਾਰੀ ਗਈ ਸੀ ਅਤੇ ਸੱਚੀ ਭਗਤੀ ਕਿਵੇਂ ਦੁਬਾਰਾ ਸ਼ੁਰੂ ਕੀਤੀ ਗਈ ਸੀ। ਇਸ ਪੋਥੀ ਵਿਚ ਸਾਨੂੰ ਗਹਿਰੀ ਦਿਲਚਸਪੀ ਲੈਣੀ ਚਾਹੀਦੀ ਹੈ ਕਿਉਂਕਿ ਅੱਜ ਵੀ ਸੱਚੀ ਭਗਤੀ ਦੁਬਾਰਾ ਕੀਤੀ ਜਾ ਰਹੀ ਹੈ। ਬਹੁਤ ਸਾਰੇ ਲੋਕ “ਯਹੋਵਾਹ ਦੇ ਪਰਬਤ” ਵੱਲ ਆ ਰਹੇ ਹਨ ਅਤੇ ਜਲਦੀ ਹੀ ਪੂਰੀ ਧਰਤੀ “ਯਹੋਵਾਹ ਦੇ ਪਰਤਾਪ ਦੇ ਗਿਆਨ ਨਾਲ ਭਰ ਜਾਵੇਗੀ।”​—ਯਸਾਯਾਹ 2:2, 3; ਹਬੱਕੂਕ 2:14.

ਹੈਕਲ ਮੁੜ ਉਸਾਰੀ ਗਈ

(ਅਜ਼ਰਾ 1:1–6:22)

ਕੋਰਸ਼ ਦੁਆਰਾ ਫ਼ਰਮਾਨ ਜਾਰੀ ਕੀਤੇ ਜਾਣ ਤੋਂ ਬਾਅਦ ਲਗਭਗ 50,000 ਯਹੂਦੀ ਜ਼ਰੂੱਬਾਬਲ ਉਰਫ਼ ਸ਼ੇਸ਼ਬੱਸਰ ਹਾਕਮ ਦੀ ਅਗਵਾਈ ਵਿਚ ਯਰੂਸ਼ਲਮ ਵਾਪਸ ਆਏ। ਯਰੂਸ਼ਲਮ ਵਿਚ ਆ ਕੇ ਯਹੂਦੀਆਂ ਨੇ ਤੁਰੰਤ ਜਗਵੇਦੀ ਬਣਾ ਕੇ ਯਹੋਵਾਹ ਨੂੰ ਬਲੀਆਂ ਚੜ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ।

ਅਗਲੇ ਸਾਲ ਇਸਰਾਏਲੀਆਂ ਨੇ ਯਹੋਵਾਹ ਦੇ ਭਵਨ ਦੀ ਨੀਂਹ ਰੱਖੀ। ਉਨ੍ਹਾਂ ਦੇ ਵੈਰੀ ਉਸਾਰੀ ਦੇ ਕੰਮ ਵਿਚ ਅੜਚਣਾਂ ਖੜ੍ਹੀਆਂ ਕਰਦੇ ਰਹੇ ਤੇ ਅਖ਼ੀਰ ਉਨ੍ਹਾਂ ਨੇ ਚਿੱਠੀਆਂ ਲਿਖ ਕੇ ਰਾਜੇ ਤੋਂ ਕੰਮ ਰੋਕਣ ਦਾ ਹੁਕਮ ਲੈ ਲਿਆ। ਹੱਜਈ ਤੇ ਜ਼ਕਰਯਾਹ ਨਬੀਆਂ ਨੇ ਪਾਬੰਦੀ ਦੇ ਬਾਵਜੂਦ ਹੈਕਲ ਦੀ ਉਸਾਰੀ ਮੁੜ ਸ਼ੁਰੂ ਕਰਨ ਲਈ ਲੋਕਾਂ ਨੂੰ ਪ੍ਰੇਰਿਆ। ਦਾਰਾ ਪਾਤਸ਼ਾਹ ਨੇ ਜਾਂਚ-ਪੜਤਾਲ ਕਰਵਾ ਕੇ ਪਤਾ ਲਗਾਇਆ ਕਿ ਕੋਰਸ਼ ਪਾਤਸ਼ਾਹ ਨੇ “ਪਰਮੇਸ਼ੁਰ ਦੇ ਭਵਨ” ਨੂੰ ਮੁੜ ਉਸਾਰਨ ਦਾ ਹੁਕਮ ਦਿੱਤਾ ਸੀ। ਫਿਰ ਦਾਰਾ ਪਾਤਸ਼ਾਹ ਨੇ ਅਟੱਲ ਫ਼ਾਰਸੀ ਹੁਕਮ ਦੀ ਪੁਸ਼ਟੀ ਕਰਦੇ ਹੋਏ ਫ਼ਰਮਾਨ ਜਾਰੀ ਕੀਤਾ ਕਿ ਉਸਾਰੀ ਦੇ ਕੰਮ ਵਿਚ ਰੋੜਾ ਬਣਨ ਵਾਲੇ ਕਿਸੇ ਵੀ ਬੰਦੇ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। (ਅਜ਼ਰਾ 6:3) ਇਸ ਫ਼ਰਮਾਨ ਦੇ ਡਰੋਂ ਵੈਰੀਆਂ ਨੇ ਯਹੂਦੀਆਂ ਦਾ ਵਿਰੋਧ ਕਰਨਾ ਛੱਡ ਦਿੱਤਾ ਤੇ ਉਸਾਰੀ ਦਾ ਕੰਮ ਪੂਰਾ ਕੀਤਾ ਗਿਆ ਸੀ।

ਕੁਝ ਸਵਾਲਾਂ ਦੇ ਜਵਾਬ:

1:3-6—ਕੀ ਉਨ੍ਹਾਂ ਇਸਰਾਏਲੀਆਂ ਦੀ ਨਿਹਚਾ ਕਮਜ਼ੋਰ ਸੀ ਜੋ ਬਾਬਲ ਛੱਡ ਕੇ ਯਰੂਸ਼ਲਮ ਵਾਪਸ ਨਹੀਂ ਆਏ ਸਨ? ਸ਼ਾਇਦ ਕੁਝ ਇਸਰਾਏਲੀਆਂ ਨੂੰ ਬਾਬਲ ਦੀ ਐਸ਼ੋ-ਆਰਾਮ ਵਾਲੀ ਜ਼ਿੰਦਗੀ ਨਾਲ ਪਿਆਰ ਸੀ ਜਾਂ ਉਨ੍ਹਾਂ ਦੇ ਮਨ ਵਿਚ ਸੱਚੀ ਭਗਤੀ ਲਈ ਕੋਈ ਕਦਰ ਨਹੀਂ ਸੀ, ਜਿਸ ਕਰਕੇ ਉਹ ਯਰੂਸ਼ਲਮ ਵਾਪਸ ਨਹੀਂ ਆਏ। ਪਰ ਸਾਰੇ ਇਸ ਤਰ੍ਹਾਂ ਦੇ ਨਹੀਂ ਸਨ। ਇਕ ਗੱਲ ਧਿਆਨ ਵਿਚ ਰੱਖਣ ਵਾਲੀ ਹੈ ਕਿ ਯਰੂਸ਼ਲਮ ਬਾਬਲ ਤੋਂ 1,600 ਕਿਲੋਮੀਟਰ ਦੂਰ ਸੀ ਅਤੇ ਇਸ ਦੂਰੀ ਨੂੰ ਤੈਅ ਕਰਨ ਵਿਚ ਚਾਰ-ਪੰਜ ਮਹੀਨੇ ਲੱਗ ਜਾਣੇ ਸਨ। ਇਸ ਤੋਂ ਇਲਾਵਾ, 70 ਸਾਲਾਂ ਤੋਂ ਵਿਰਾਨ ਪਏ ਦੇਸ਼ ਨੂੰ ਮੁੜ ਵਸਾਉਣ ਅਤੇ ਸਭ ਕੁਝ ਦੁਬਾਰਾ ਉਸਾਰਨ ਲਈ ਖ਼ੂਨ-ਪਸੀਨਾ ਇਕ ਕਰਨਾ ਪੈਣਾ ਸੀ। ਇਸ ਲਈ ਹੋ ਸਕਦਾ ਹੈ ਕਿ ਮਾੜੀ ਸਿਹਤ, ਬੁਢਾਪੇ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਕਰਕੇ ਜਾਂ ਕਈ ਹੋਰ ਗੱਲਾਂ ਕਰਕੇ ਕਈ ਲੋਕ ਵਾਪਸ ਨਹੀਂ ਆ ਪਾਏ ਸਨ।

2:43—ਨਥੀਨੀਮ ਕੌਣ ਸਨ? ਇਨ੍ਹਾਂ ਦੇ ਦਾਦੇ-ਪੜਦਾਦੇ ਗ਼ੈਰ-ਇਸਰਾਏਲੀ ਸਨ ਅਤੇ ਇਹ ਹੈਕਲ ਵਿਚ ਦਾਸਾਂ ਵਜੋਂ ਸੇਵਾ ਕਰਦੇ ਸਨ। ਇਨ੍ਹਾਂ ਵਿਚ ਯਹੋਸ਼ੁਆ ਦੇ ਦਿਨਾਂ ਦੇ ਗਿਬਓਨੀਆਂ ਦੀ ਔਲਾਦ ਅਤੇ ਹੋਰ ਲੋਕ ਸਨ “ਜਿਨ੍ਹਾਂ ਨੂੰ ਦਾਊਦ ਤੇ ਸਰਦਾਰਾਂ ਨੇ ਲੇਵੀਆਂ ਦੀ ਸੇਵਾ ਦੇ ਲਈ ਥਾਪਿਆ ਸੀ।”​—ਅਜ਼ਰਾ 8:20.

2:55—ਸੁਲੇਮਾਨ ਦੇ ਟਹਿਲੂਆਂ ਦੀ ਸੰਤਾਨ ਕੌਣ ਸੀ? ਇਹ ਗ਼ੈਰ-ਇਸਰਾਏਲੀ ਲੋਕ ਸਨ ਜਿਨ੍ਹਾਂ ਨੂੰ ਯਹੋਵਾਹ ਦੀ ਸੇਵਾ ਵਿਚ ਖ਼ਾਸ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸਨ। ਉਹ ਸ਼ਾਇਦ ਹੈਕਲ ਵਿਚ ਨਕਲਨਵੀਸਾਂ ਵਜੋਂ ਜਾਂ ਫਿਰ ਪ੍ਰਬੰਧਕਾਂ ਵਜੋਂ ਸੇਵਾ ਕਰਦੇ ਸਨ।

2:61-63—ਕੀ ਵਾਪਸ ਆਏ ਯਹੂਦੀਆਂ ਕੋਲ ਊਰੀਮ ਤੇ ਥੁੰਮੀਮ ਸਨ ਜਿਨ੍ਹਾਂ ਨੂੰ ਕਿਸੇ ਮਾਮਲੇ ਵਿਚ ਯਹੋਵਾਹ ਦੀ ਰਜ਼ਾ ਜਾਣਨ ਲਈ ਵਰਤਿਆ ਜਾਂਦਾ ਸੀ? ਅਜ਼ਰਾ ਨੇ ਸਿਰਫ਼ ਇਹੋ ਕਿਹਾ ਸੀ ਕਿ ਜਿਹੜੇ ਲੋਕ ਆਪਣੀ ਵੰਸ਼ਾਵਲੀ ਰਾਹੀਂ ਜਾਜਕਾਈ ਵੰਸ਼ ਵਿੱਚੋਂ ਹੋਣ ਦੇ ਦਾਅਵੇ ਨੂੰ ਸਹੀ ਸਾਬਤ ਨਹੀਂ ਕਰ ਪਾਏ ਸਨ, ਉਹ ਊਰੀਮ ਤੇ ਥੁੰਮੀਮ ਤੋਂ ਬਿਨਾਂ ਸਹੀ ਸਾਬਤ ਨਹੀਂ ਕੀਤੇ ਜਾ ਸਕਦੇ ਸਨ। ਪਰ ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਉਸ ਵੇਲੇ ਜਾਂ ਉਸ ਤੋਂ ਬਾਅਦ ਕਦੀ ਊਰੀਮ ਤੇ ਥੁੰਮੀਮ ਵਰਤੇ ਗਏ ਸਨ। ਯਹੂਦੀ ਲੋਕ-ਕਥਾ ਮੁਤਾਬਕ 607 ਈ. ਪੂ. ਵਿਚ ਹੈਕਲ ਦੇ ਵਿਨਾਸ਼ ਦੇ ਸਮੇਂ ਤੋਂ ਹੀ ਊਰੀਮ ਤੇ ਥੁੰਮੀਮ ਦਾ ਕੋਈ ਅਤਾ-ਪਤਾ ਨਹੀਂ ਸੀ।

3:12—“ਬੁੱਢੇ ਲੋਕ ਜਿਨ੍ਹਾਂ ਨੇ ਪਹਿਲੇ ਭਵਨ ਨੂੰ ਵੇਖਿਆ ਸੀ” ਰੋਣ ਕਿਉਂ ਲੱਗ ਪਏ ਸਨ? ਇਨ੍ਹਾਂ ਆਦਮੀਆਂ ਨੂੰ ਯਾਦ ਹੋਣਾ ਕਿ ਸੁਲੇਮਾਨ ਦੁਆਰਾ ਬਣਾਈ ਹੈਕਲ ਕਿੰਨੀ ਆਲੀਸ਼ਾਨ ਸੀ। ਨਵੀਂ ਹੈਕਲ ਦਾ ਬੁਨਿਆਦੀ ਢਾਂਚਾ “[ਉਨ੍ਹਾਂ ਦੀਆਂ] ਅੱਖਾਂ ਵਿੱਚ ਕੁਝ ਵੀ ਨਹੀਂ” ਸੀ। (ਹੱਜਈ 2:2, 3) ਕੀ ਉਹ ਪਹਿਲੀ ਹੈਕਲ ਵਾਂਗ ਇਸ ਹੈਕਲ ਨੂੰ ਵੀ ਆਲੀਸ਼ਾਨ ਬਣਾ ਸਕਣਗੇ? ਇਹ ਸੋਚ ਕੇ ਉਨ੍ਹਾਂ ਨੂੰ ਬਹੁਤ ਨਿਰਾਸ਼ਾ ਹੋਈ ਹੋਣੀ ਜਿਸ ਕਰਕੇ ਉਹ ਰੋਏ।

3:8-10; 4:23, 24; 6:15, 16—ਹੈਕਲ ਨੂੰ ਬਣਾਉਣ ਵਿਚ ਕਿੰਨੇ ਸਾਲ ਲੱਗੇ? ਹੈਕਲ ਦੀ ਨੀਂਹ ‘ਇਸਰਾਏਲੀਆਂ ਦੇ ਯਰੂਸ਼ਲਮ ਆ ਪੁੱਜਣ ਦੇ ਪਿੱਛੋਂ ਦੂਜੇ ਵਰ੍ਹੇ’ ਯਾਨੀ 536 ਈ. ਪੂ. ਵਿਚ ਰੱਖੀ ਗਈ ਸੀ। ਅਰਤਹਸ਼ਸ਼ਤਾ ਦੇ ਰਾਜ ਦੌਰਾਨ ਯਾਨੀ 522 ਈ. ਪੂ. ਵਿਚ ਉਸਾਰੀ ਦਾ ਕੰਮ ਰੁੱਕ ਗਿਆ ਸੀ। ਦਾਰਾ ਪਾਤਸ਼ਾਹ ਦੇ ਰਾਜ ਦੇ ਦੂਜੇ ਵਰ੍ਹੇ ਯਾਨੀ 520 ਈ. ਪੂ. ਤਕ ਉਸਾਰੀ ਦੇ ਕੰਮ ਤੇ ਪਾਬੰਦੀ ਲੱਗੀ ਰਹੀ। ਹੈਕਲ ਦੀ ਉਸਾਰੀ ਉਸ ਦੇ ਰਾਜ ਦੇ ਛੇਵੇਂ ਵਰ੍ਹੇ ਯਾਨੀ 515 ਈ. ਪੂ. ਵਿਚ ਪੂਰੀ ਹੋਈ। (“ਸੰਨ 537 ਤੋਂ 467 ਈ. ਪੂ. ਦੌਰਾਨ ਫ਼ਾਰਸੀ ਰਾਜੇ” ਨਾਮਕ ਡੱਬੀ ਦੇਖੋ।) ਇਸ ਤੋਂ ਪਤਾ ਲੱਗਦਾ ਹੈ ਕਿ ਹੈਕਲ ਨੂੰ ਬਣਾਉਣ ਵਿਚ ਲਗਭਗ 20 ਸਾਲ ਲੱਗੇ।

4:8–6:18—ਅਜ਼ਰਾ ਦੀ ਪੋਥੀ ਦਾ ਇਹ ਹਿੱਸਾ ਅਰਾਮੀ ਭਾਸ਼ਾ ਵਿਚ ਕਿਉਂ ਲਿਖਿਆ ਗਿਆ ਸੀ?​—ਇਸ ਹਿੱਸੇ ਵਿਚ ਜ਼ਿਆਦਾ ਕਰਕੇ ਸਰਕਾਰੀ ਅਧਿਕਾਰੀਆਂ ਵੱਲੋਂ ਰਾਜਿਆਂ ਨੂੰ ਲਿਖੀਆਂ ਚਿੱਠੀਆਂ ਤੇ ਉਨ੍ਹਾਂ ਦੇ ਜਵਾਬ ਸ਼ਾਮਲ ਹਨ। ਇਹ ਚਿੱਠੀਆਂ ਅਰਾਮੀ ਭਾਸ਼ਾ ਵਿਚ ਲਿਖੀਆਂ ਗਈਆਂ ਸਨ ਜੋ ਕਿ ਉਸ ਸਮੇਂ ਦੀ ਵਪਾਰਕ ਤੇ ਸਰਕਾਰੀ ਭਾਸ਼ਾ ਸੀ। ਅਜ਼ਰਾ ਨੇ ਸਰਕਾਰੀ ਰਿਕਾਰਡ ਤੋਂ ਇਨ੍ਹਾਂ ਦੀ ਨਕਲ ਉਤਾਰੀ ਸੀ। ਅਜ਼ਰਾ 7:12-26, ਯਿਰਮਿਯਾਹ 10:11 ਅਤੇ ਦਾਨੀਏਲ 2:4ਅ–7:28 ਵੀ ਅਰਾਮੀ ਭਾਸ਼ਾ ਵਿਚ ਲਿਖੇ ਗਏ ਸਨ।

ਸਾਡੇ ਲਈ ਸਬਕ:

1:2. ਯਸਾਯਾਹ ਦੁਆਰਾ 200 ਸਾਲ ਪਹਿਲਾਂ ਕੀਤੀ ਭਵਿੱਖਬਾਣੀ ਪੂਰੀ ਹੋਈ। (ਯਸਾਯਾਹ 44:28) ਯਹੋਵਾਹ ਦੇ ਬਚਨ ਵਿਚ ਦਰਜ ਭਵਿੱਖਬਾਣੀਆਂ ਕਦੇ ਝੂਠੀਆਂ ਨਹੀਂ ਹੁੰਦੀਆਂ।

1:3-6. ਕੁਝ ਇਸਰਾਏਲੀਆਂ ਵਾਂਗ ਜੋ ਬਾਬਲ ਵਿਚ ਹੀ ਰਹੇ, ਅੱਜ ਯਹੋਵਾਹ ਦੇ ਕਈ ਗਵਾਹ ਪਾਇਨੀਅਰੀ, ਮਿਸ਼ਨਰੀ ਜਾਂ ਬੈਥਲ ਸੇਵਾ ਨਹੀਂ ਕਰ ਸਕਦੇ ਜਾਂ ਉਸ ਜਗ੍ਹਾ ਜਾ ਕੇ ਪ੍ਰਚਾਰ ਨਹੀਂ ਕਰ ਸਕਦੇ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਫਿਰ ਵੀ ਉਹ ਅਜਿਹੀ ਸੇਵਕਾਈ ਕਰਨ ਵਾਲਿਆਂ ਨੂੰ ਸਹਿਯੋਗ ਅਤੇ ਹੌਸਲਾ ਦਿੰਦੇ ਹਨ ਅਤੇ ਪ੍ਰਚਾਰ ਅਤੇ ਚੇਲੇ ਬਣਾਉਣ ਦੇ ਕੰਮ ਲਈ ਦਾਨ ਦਿੰਦੇ ਹਨ।

3:1-6. ਰਾਜਾ ਨਬੂਕਦਨੱਸਰ ਨੇ 607 ਈ. ਪੂ. ਦੇ ਪੰਜਵੇਂ ਮਹੀਨੇ (ਅਬ, ਜੋ ਅੱਜ ਜੁਲਾਈ/ਅਗਸਤ ਦਾ ਮਹੀਨਾ ਹੈ) ਵਿਚ ਯਰੂਸ਼ਲਮ ਤੇ ਕਬਜ਼ਾ ਕਰ ਕੇ ਇਸ ਨੂੰ ਦੋ ਮਹੀਨਿਆਂ ਦੇ ਅੰਦਰ-ਅੰਦਰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। (2 ਰਾਜਿਆਂ 25:8-17) ਫਿਰ ਇਸ ਤੋਂ 70 ਸਾਲ ਬਾਅਦ ਆਪਣੇ ਦੇਸ਼ ਵਾਪਸ ਮੁੜੇ ਵਫ਼ਾਦਾਰ ਯਹੂਦੀਆਂ ਨੇ 537 ਈ. ਪੂ. ਦੇ ਸੱਤਵੇਂ ਮਹੀਨੇ (ਤਿਸ਼ਰੀ, ਜੋ ਅੱਜ ਸਤੰਬਰ/ਅਕਤੂਬਰ ਦਾ ਮਹੀਨਾ ਹੈ) ਵਿਚ ਪਹਿਲੀ ਬਲੀ ਚੜ੍ਹਾਈ ਸੀ। ਹਾਂ, ਜਿਵੇਂ ਪਹਿਲਾਂ ਦੱਸਿਆ ਗਿਆ ਸੀ, ਯਰੂਸ਼ਲਮ ਦੀ ਵਿਰਾਨੀ ਠੀਕ 70 ਸਾਲਾਂ ਬਾਅਦ ਖ਼ਤਮ ਹੋਈ। (ਯਿਰਮਿਯਾਹ 25:11; 29:10) ਯਹੋਵਾਹ ਦੇ ਬਚਨ ਵਿਚ ਜੋ ਕੁਝ ਵੀ ਪਹਿਲਾਂ ਦੱਸਿਆ ਗਿਆ ਹੈ, ਉਹ ਹਮੇਸ਼ਾ ਪੂਰਾ ਹੁੰਦਾ ਹੈ।

4:1-3. ਝੂਠੇ ਦੇਵੀ-ਦੇਵਤਿਆਂ ਦੇ ਉਪਾਸਕ ਹੈਕਲ ਦੀ ਉਸਾਰੀ ਵਿਚ ਹਿੱਸਾ ਲੈਣਾ ਚਾਹੁੰਦੇ ਸਨ। ਪਰ ਵਫ਼ਾਦਾਰ ਯਹੂਦੀਆਂ ਨੇ ਉਨ੍ਹਾਂ ਦੀ ਪੇਸ਼ਕਸ਼ ਸਵੀਕਾਰ ਨਹੀਂ ਕੀਤੀ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਭਗਤੀ ਦੇ ਮਾਮਲੇ ਵਿਚ ਉਨ੍ਹਾਂ ਦੀ ਝੂਠੇ ਉਪਾਸਕਾਂ ਨਾਲ ਸਾਂਝ ਪੈ ਜਾਣੀ ਸੀ। (ਕੂਚ 20:5; 34:12) ਅੱਜ ਯਹੋਵਾਹ ਦੇ ਗਵਾਹ ਵੀ ਦੂਜੇ ਧਰਮਾਂ ਨਾਲ ਭਗਤੀ ਦੀ ਸਾਂਝ ਨਹੀਂ ਪਾਉਂਦੇ।

5:1-7; 6:1-12. ਯਹੋਵਾਹ ਆਪਣੇ ਲੋਕਾਂ ਦੀ ਮਦਦ ਕਰਨ ਲਈ ਹਾਲਾਤਾਂ ਨੂੰ ਬਦਲ ਸਕਦਾ ਹੈ।

6:14, 22. ਜਦੋਂ ਯਹੋਵਾਹ ਦੇ ਸੇਵਕ ਜੋਸ਼ ਨਾਲ ਉਸ ਦਾ ਕੰਮ ਕਰਦੇ ਹਨ, ਤਾਂ ਉਹ ਖ਼ੁਸ਼ ਹੋ ਕੇ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ।

6:21. ਯਹੋਵਾਹ ਦਾ ਕੰਮ ਪੂਰਾ ਹੁੰਦਾ ਦੇਖ ਕੇ ਯਹੂਦੀਆਂ ਦੇ ਇਲਾਕੇ ਵਿਚ ਰਹਿੰਦੇ ਸਾਮਰੀ ਲੋਕ ਅਤੇ ਪਰਾਈਆਂ ਕੌਮਾਂ ਦੇ ਗ਼ਲਤ ਕੰਮਾਂ ਵਿਚ ਹਿੱਸਾ ਲੈਣ ਵਾਲੇ ਯਹੂਦੀ ਆਪਣੀਆਂ ਜ਼ਿੰਦਗੀਆਂ ਵਿਚ ਤਬਦੀਲੀਆਂ ਕਰਨ ਲਈ ਪ੍ਰੇਰਿਤ ਹੋਏ ਸਨ। ਕੀ ਸਾਨੂੰ ਵੀ ਜੋਸ਼ ਨਾਲ ਪਰਮੇਸ਼ੁਰ ਦਾ ਕੰਮ ਨਹੀਂ ਕਰਨਾ ਚਾਹੀਦਾ, ਖ਼ਾਸ ਕਰਕੇ ਰਾਜ ਦਾ ਐਲਾਨ ਕਰਨ ਦਾ ਕੰਮ?

ਅਜ਼ਰਾ ਯਰੂਸ਼ਲਮ ਆਇਆ

(ਅਜ਼ਰਾ 7:1–10:44)

ਯਹੋਵਾਹ ਦੇ ਭਵਨ ਦੀ ਚੱਠ ਕਰਨ ਤੋਂ 50 ਸਾਲ ਬਾਅਦ, 468 ਈ. ਪੂ. ਵਿਚ ਅਜ਼ਰਾ ਆਪਣੇ ਨਾਲ ਕੁਝ ਯਹੂਦੀਆਂ ਨੂੰ ਅਤੇ ਇਕੱਠੇ ਕੀਤੇ ਦਾਨ ਨੂੰ ਲੈ ਕੇ ਬਾਬਲ ਤੋਂ ਯਰੂਸ਼ਲਮ ਆਇਆ ਸੀ। ਉੱਥੇ ਉਸ ਨੇ ਕੀ ਦੇਖਿਆ ਸੀ?

ਸਰਦਾਰਾਂ ਨੇ ਅਜ਼ਰਾ ਨੂੰ ਦੱਸਿਆ: ‘ਇਸਰਾਏਲ ਦੀ ਪਰਜਾ, ਜਾਜਕ ਤੇ ਲੇਵੀ ਦੇਸਾਂ ਦੀਆਂ ਉੱਮਤਾਂ ਤੋਂ ਅੱਡ ਨਹੀਂ ਰਹੇ ਹਨ ਪਰ ਉਨ੍ਹਾਂ ਦੇ ਘਿਣਾਉਣੇ ਕੰਮਾਂ ਦੇ ਅਨੁਸਾਰ ਕਰਦੇ ਹਨ।’ ਇਸ ਤੋਂ ਇਲਾਵਾ, “ਏਸ ਬੇ ਈਮਾਨੀ ਵਿੱਚ ਸਰਦਾਰਾਂ ਤੇ ਹਾਕਮਾਂ ਦਾ ਹੱਥ ਅੱਗੇ ਹੈ।” (ਅਜ਼ਰਾ 9:1, 2) ਅਜ਼ਰਾ ਨੂੰ ਇਹ ਸੁਣ ਕੇ ਬਹੁਤ ਧੱਕਾ ਲੱਗਾ ਹੋਣਾ। ਉਸ ਨੂੰ ‘ਤਕੜਾ ਹੋ ਕੇ ਕੰਮ ਕਰਨ’ ਦਾ ਹੌਸਲਾ ਦਿੱਤਾ ਗਿਆ ਸੀ। (ਅਜ਼ਰਾ 10:4) ਅਜ਼ਰਾ ਨੇ ਇਸ ਮਸਲੇ ਦਾ ਹੱਲ ਕੱਢਿਆ ਤੇ ਲੋਕਾਂ ਨੇ ਉਸ ਦੇ ਕਹੇ ਅਨੁਸਾਰ ਕੀਤਾ।

ਕੁਝ ਸਵਾਲਾਂ ਦੇ ਜਵਾਬ:

7:1, 7, 11—ਕੀ ਇਨ੍ਹਾਂ ਸਾਰੀਆਂ ਆਇਤਾਂ ਵਿਚ ਉਸ ਅਰਤਹਸ਼ਸ਼ਤਾ ਦੀ ਗੱਲ ਕੀਤੀ ਗਈ ਹੈ ਜਿਸ ਨੇ ਉਸਾਰੀ ਦਾ ਕੰਮ ਰੁਕਵਾ ਦਿੱਤਾ ਸੀ? ਨਹੀਂ। ਅਰਤਹਸ਼ਸ਼ਤਾ ਇਕ ਨਾਮ ਜਾਂ ਖ਼ਿਤਾਬ ਹੈ ਜੋ ਦੋ ਫ਼ਾਰਸੀ ਰਾਜਿਆਂ ਨੂੰ ਦਿੱਤਾ ਗਿਆ ਸੀ। ਇਕ ਸੀ ਬਾਰਡੀਆ ਜਾਂ ਗੋਮਾਟਾ ਜਿਸ ਨੇ 522 ਈ. ਪੂ. ਵਿਚ ਹੈਕਲ ਦੀ ਉਸਾਰੀ ਦੇ ਕੰਮ ਨੂੰ ਰੋਕਣ ਦਾ ਹੁਕਮ ਦਿੱਤਾ ਸੀ। ਅਜ਼ਰਾ ਦੇ ਯਰੂਸ਼ਲਮ ਆਉਣ ਦੇ ਸਮੇਂ ਅਰਤਹਸ਼ਸ਼ਤਾ ਲੌਂਗੀਮੇਨਸ ਰਾਜ ਕਰ ਰਿਹਾ ਸੀ।

7:28–8:20—ਬਾਬਲ ਦੇ ਬਹੁਤ ਸਾਰੇ ਯਹੂਦੀ ਅਜ਼ਰਾ ਨਾਲ ਯਰੂਸ਼ਲਮ ਜਾਣ ਤੋਂ ਕਿਉਂ ਹਿਚਕਿਚਾਏ? ਭਾਵੇਂ ਕਿ ਯਹੂਦੀਆਂ ਦੇ ਪਹਿਲੇ ਗਰੁੱਪ ਨੂੰ ਯਰੂਸ਼ਲਮ ਗਏ 60 ਸਾਲ ਹੋ ਚੁੱਕੇ ਸਨ, ਪਰ ਯਰੂਸ਼ਲਮ ਵਿਚ ਹਾਲੇ ਵੀ ਬਹੁਤ ਘੱਟ ਲੋਕ ਰਹਿੰਦੇ ਸਨ। ਯਰੂਸ਼ਲਮ ਜਾ ਕੇ ਉਨ੍ਹਾਂ ਨੂੰ ਮੁਸ਼ਕਲ ਤੇ ਖ਼ਤਰਨਾਕ ਹਾਲਾਤਾਂ ਵਿਚ ਆਪਣੀ ਜ਼ਿੰਦਗੀ ਨਵੇਂ ਸਿਰਿਓਂ ਸ਼ੁਰੂ ਕਰਨੀ ਪੈਣੀ ਸੀ। ਬਾਬਲ ਵਿਚ ਰਹਿੰਦੇ ਅਮੀਰ ਯਹੂਦੀਆਂ ਨੂੰ ਉਸ ਵੇਲੇ ਯਰੂਸ਼ਲਮ ਜਾਣ ਦਾ ਕੋਈ ਫ਼ਾਇਦਾ ਨਜ਼ਰ ਨਹੀਂ ਆਇਆ। ਇਸ ਤੋਂ ਇਲਾਵਾ, ਯਰੂਸ਼ਲਮ ਜਾਣ ਵਾਲਾ ਰਾਹ ਵੀ ਖ਼ਤਰਿਆਂ ਨਾਲ ਭਰਿਆ ਸੀ। ਇਸ ਲਈ ਯਰੂਸ਼ਲਮ ਵਾਪਸ ਮੁੜਨ ਲਈ ਹੌਸਲੇ ਦੀ ਲੋੜ ਸੀ ਅਤੇ ਲੋਕਾਂ ਦਾ ਯਹੋਵਾਹ ਉੱਤੇ ਭਰੋਸਾ ਮਜ਼ਬੂਤ ਹੋਣਾ ਚਾਹੀਦਾ ਸੀ ਅਤੇ ਉਨ੍ਹਾਂ ਦੇ ਦਿਲਾਂ ਵਿਚ ਸੱਚੀ ਭਗਤੀ ਲਈ ਜੋਸ਼ ਹੋਣਾ ਜ਼ਰੂਰੀ ਸੀ। ਅਜ਼ਰਾ ਨੇ ਵੀ ਪਰਮੇਸ਼ੁਰ ਦੀ ਮਦਦ ਨਾਲ ਆਪਣੇ ਆਪ ਨੂੰ ਤਕੜਾ ਕੀਤਾ। ਅਜ਼ਰਾ ਦੇ ਪ੍ਰੇਰਨ ਤੇ 1,500 ਪਰਿਵਾਰਾਂ ਨੇ ਜਿਨ੍ਹਾਂ ਦੇ ਮੈਂਬਰਾਂ ਦੀ ਗਿਣਤੀ ਸ਼ਾਇਦ 6,000 ਸੀ, ਯਰੂਸ਼ਲਮ ਜਾਣ ਦਾ ਫ਼ੈਸਲਾ ਕੀਤਾ। ਅਜ਼ਰਾ ਦੇ ਹੋਰ ਪ੍ਰੇਰਨ ਤੇ 38 ਲੇਵੀ ਤੇ 220 ਨਥੀਨੀਮ ਵੀ ਜਾਣ ਲਈ ਤਿਆਰ ਹੋ ਗਏ ਸਨ।

9:1, 2—ਪਰਾਈਆਂ ਕੌਮਾਂ ਦੀਆਂ ਤੀਵੀਆਂ ਨਾਲ ਵਿਆਹ ਕਰਾਉਣ ਵਿਚ ਗੰਭੀਰ ਖ਼ਤਰਾ ਕਿਉਂ ਸੀ? ਮੁੜ ਵਸਾਈ ਗਈ ਯਹੂਦੀ ਕੌਮ ਨੇ ਮਸੀਹਾ ਦੇ ਆਉਣ ਤਕ ਯਹੋਵਾਹ ਦੀ ਭਗਤੀ ਨੂੰ ਸ਼ੁੱਧ ਰੱਖਣਾ ਸੀ। ਦੂਸਰੀਆਂ ਕੌਮਾਂ ਦੀਆਂ ਤੀਵੀਆਂ ਨਾਲ ਵਿਆਹ ਕਰਾਉਣ ਨਾਲ ਸੱਚੀ ਭਗਤੀ ਖ਼ਤਰੇ ਵਿਚ ਪੈ ਸਕਦੀ ਸੀ। ਕੁਝ ਯਹੂਦੀਆਂ ਨੇ ਮੂਰਤੀ-ਪੂਜਕਾਂ ਨਾਲ ਵਿਆਹ ਕਰਾ ਲਿਆ ਸੀ, ਇਸ ਕਰਕੇ ਪੂਰੀ ਯਹੂਦੀ ਕੌਮ ਦਾ ਪਰਾਈਆਂ ਕੌਮਾਂ ਦੇ ਨਾਲ ਹੀ ਮਿਲ ਜਾਣ ਦਾ ਖ਼ਤਰਾ ਸੀ। ਸੱਚੀ ਭਗਤੀ ਦੁਨੀਆਂ ਵਿੱਚੋਂ ਖ਼ਤਮ ਹੋ ਜਾਣੀ ਸੀ। ਫਿਰ ਮਸੀਹਾ ਕਿਸ ਕੋਲ ਆਉਂਦਾ? ਇਸੇ ਲਈ ਅਜ਼ਰਾ ਨੂੰ ਇਹ ਸਭ ਕੁਝ ਦੇਖ ਕੇ ਬਹੁਤ ਧੱਕਾ ਲੱਗਾ।

10:3, 44—ਘਰਵਾਲੀਆਂ ਦੇ ਨਾਲ ਬੱਚਿਆਂ ਨੂੰ ਵੀ ਕਿਉਂ ਘੱਲ ਦਿੱਤਾ ਗਿਆ ਸੀ? ਜੇ ਬੱਚੇ ਪਿੱਛੇ ਰਹਿ ਜਾਂਦੇ, ਤਾਂ ਘਰਵਾਲੀਆਂ ਨੇ ਉਨ੍ਹਾਂ ਦੀ ਖ਼ਾਤਰ ਵਾਪਸ ਮੁੜ ਆਉਣਾ ਸੀ। ਇਸ ਤੋਂ ਇਲਾਵਾ, ਨਿਆਣਿਆਂ ਨੂੰ ਮਾਂ ਦੀ ਜ਼ਿਆਦਾ ਲੋੜ ਹੁੰਦੀ ਹੈ।

ਸਾਡੇ ਲਈ ਸਬਕ:

7:10. ਅਜ਼ਰਾ ਪਰਮੇਸ਼ੁਰ ਦੇ ਬਚਨ ਦਾ ਚੰਗਾ ਵਿਦਿਆਰਥੀ ਅਤੇ ਸਿੱਖਿਅਕ ਸੀ। ਇਨ੍ਹਾਂ ਗੱਲਾਂ ਵਿਚ ਉਸ ਨੇ ਸਾਡੇ ਲਈ ਚੰਗੀ ਮਿਸਾਲ ਰੱਖੀ। ਉਸ ਨੇ ਯਹੋਵਾਹ ਦੀ ਬਿਵਸਥਾ ਵਿੱਚੋਂ ਸਲਾਹ ਲੈਣ ਲਈ ਪ੍ਰਾਰਥਨਾ ਕਰ ਕੇ ਆਪਣੇ ਦਿਲ ਨੂੰ ਤਿਆਰ ਕੀਤਾ। ਬਿਵਸਥਾ ਪੜ੍ਹਦੇ ਵੇਲੇ ਅਜ਼ਰਾ ਨੇ ਯਹੋਵਾਹ ਦੇ ਹੁਕਮਾਂ ਵੱਲ ਪੂਰਾ ਧਿਆਨ ਦਿੱਤਾ। ਫਿਰ ਉਹ ਉਨ੍ਹਾਂ ਉੱਤੇ ਚੱਲਿਆ ਤੇ ਦੂਸਰਿਆਂ ਨੂੰ ਵੀ ਉਹ ਗੱਲਾਂ ਸਿਖਾਈਆਂ।

7:13. ਯਹੋਵਾਹ ਚਾਹੁੰਦਾ ਹੈ ਕਿ ਲੋਕ ਆਪਣੀ ਇੱਛਾ ਨਾਲ ਉਸ ਦੀ ਭਗਤੀ ਕਰਨ।

7:27, 28; 8:21-23. ਅਜ਼ਰਾ ਨੇ ਕਾਮਯਾਬੀ ਦਾ ਸਿਹਰਾ ਯਹੋਵਾਹ ਨੂੰ ਦਿੱਤਾ। ਯਰੂਸ਼ਲਮ ਜਾਣ ਦੇ ਲੰਬੇ ਤੇ ਖ਼ਤਰਨਾਕ ਸਫ਼ਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਸ ਨੇ ਦਿਲੋਂ ਪ੍ਰਾਰਥਨਾ ਕੀਤੀ। ਯਹੋਵਾਹ ਦੀ ਮਹਿਮਾ ਕਰਨ ਲਈ ਉਹ ਆਪਣੀ ਜਾਨ ਵੀ ਖ਼ਤਰੇ ਵਿਚ ਪਾਉਣ ਲਈ ਤਿਆਰ ਸੀ। ਇਨ੍ਹਾਂ ਗੱਲਾਂ ਵਿਚ ਉਸ ਨੇ ਸਾਡੇ ਲਈ ਚੰਗੀ ਮਿਸਾਲ ਰੱਖੀ।

9:2. ਸਾਨੂੰ “ਕੇਵਲ ਪ੍ਰਭੁ ਵਿੱਚ” ਹੀ ਵਿਆਹ ਕਰਾਉਣ ਦੀ ਨਸੀਹਤ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।​—1 ਕੁਰਿੰਥੀਆਂ 7:39.

9:14, 15. ਗ਼ਲਤ ਲੋਕਾਂ ਨਾਲ ਸੰਗਤ ਕਰ ਕੇ ਅਸੀਂ ਯਹੋਵਾਹ ਨੂੰ ਨਾਰਾਜ਼ ਕਰ ਸਕਦੇ ਹਾਂ।

10:2-12, 44. ਜਿਨ੍ਹਾਂ ਲੋਕਾਂ ਨੇ ਪਰਾਈਆਂ ਕੌਮਾਂ ਦੀਆਂ ਤੀਵੀਆਂ ਨਾਲ ਵਿਆਹ ਕਰਾਏ ਸਨ, ਉਨ੍ਹਾਂ ਨੇ ਨਿਮਰਤਾ ਨਾਲ ਤੋਬਾ ਕੀਤੀ ਤੇ ਆਪਣੀ ਗ਼ਲਤੀ ਨੂੰ ਸੁਧਾਰਿਆ। ਅਸੀਂ ਉਨ੍ਹਾਂ ਦੇ ਰਵੱਈਏ ਤੇ ਕੰਮ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ।

ਯਹੋਵਾਹ ਆਪਣੇ ਵਾਅਦੇ ਨਿਭਾਉਂਦਾ ਹੈ

ਅਜ਼ਰਾ ਦੀ ਪੋਥੀ ਸਾਡੇ ਕਿੰਨੇ ਫ਼ਾਇਦੇ ਦੀ ਹੈ! ਆਪਣੇ ਠਹਿਰਾਏ ਸਮੇਂ ਤੇ ਯਹੋਵਾਹ ਨੇ ਆਪਣੇ ਲੋਕਾਂ ਨੂੰ ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਕਰਨ ਅਤੇ ਯਰੂਸ਼ਲਮ ਵਿਚ ਸੱਚੀ ਭਗਤੀ ਮੁੜ ਸ਼ੁਰੂ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕੀਤਾ। ਕੀ ਇਸ ਨਾਲ ਯਹੋਵਾਹ ਅਤੇ ਉਸ ਦੇ ਵਾਅਦਿਆਂ ਤੇ ਸਾਡਾ ਭਰੋਸਾ ਮਜ਼ਬੂਤ ਨਹੀਂ ਹੁੰਦਾ?

ਅਜ਼ਰਾ ਦੀ ਪੋਥੀ ਵਿਚ ਦਿੱਤੀਆਂ ਮਿਸਾਲਾਂ ਬਾਰੇ ਸੋਚੋ। ਅਜ਼ਰਾ ਨੇ ਅਤੇ ਯਰੂਸ਼ਲਮ ਵਿਚ ਸੱਚੀ ਭਗਤੀ ਮੁੜ ਸ਼ੁਰੂ ਕਰਨ ਲਈ ਵਾਪਸ ਆਏ ਯਹੂਦੀਆਂ ਨੇ ਯਹੋਵਾਹ ਦੀ ਦਿਲੋਂ ਭਗਤੀ ਕੀਤੀ ਸੀ। ਇਸ ਪੋਥੀ ਵਿਚ ਪਰਾਈਆਂ ਕੌਮਾਂ ਦੇ ਉਨ੍ਹਾਂ ਲੋਕਾਂ ਦੀ ਨਿਹਚਾ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ ਯਹੋਵਾਹ ਦੀ ਭਗਤੀ ਕੀਤੀ। ਇਸ ਤੋਂ ਇਲਾਵਾ ਅਸੀਂ ਗ਼ਲਤੀ ਕਰਨ ਵਾਲੇ ਯਹੂਦੀਆਂ ਦੀ ਨਿਮਰਤਾ ਬਾਰੇ ਵੀ ਸਿੱਖਦੇ ਹਾਂ। ਜੀ ਹਾਂ, ਅਜ਼ਰਾ ਦੀ ਪੋਥੀ ਇਸ ਗੱਲ ਦਾ ਪੱਕਾ ਸਬੂਤ ਹੈ ਕਿ “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ” ਹੈ।​—ਇਬਰਾਨੀਆਂ 4:12.

[ਸਫ਼ਾ 18 ਉੱਤੇ ਚਾਰਟ/​ਤਸਵੀਰ]

ਸੰਨ 537 ਤੋਂ 467 ਈ. ਪੂ. ਦੌਰਾਨ ਫ਼ਾਰਸੀ ਰਾਜੇ

ਕੋਰਸ਼ ਮਹਾਨ (ਅਜ਼ਰਾ 1:1) 530 ਈ. ਪੂ. ਵਿਚ ਮਰਿਆ ਸੀ

ਕੈਮਬਾਈਸੀਜ਼ ਉਰਫ਼ ਅਹਸਵੇਰੋਸ਼ (ਅਜ਼ਰਾ 4:6) 530-22 ਈ. ਪੂ.

ਅਰਤਹਸ਼ਸ਼ਤਾ​—ਬਾਰਡੀਆ (ਅਜ਼ਰਾ 4:7) 522 ਈ. ਪੂ. (ਹਕੂਮਤ ਸ਼ੁਰੂ ਕਰਨ ਤੋਂ

ਜਾਂ ਗੋਮਾਟਾ ਸਿਰਫ਼ ਸੱਤ ਮਹੀਨਿਆਂ ਬਾਅਦ ਹੀ ਉਸ ਦਾ

ਕਤਲ ਕਰ ਦਿੱਤਾ ਗਿਆ ਸੀ)

ਦਾਰਾ ਪਹਿਲਾ (ਅਜ਼ਰਾ 4:24) 522-486 ਈ. ਪੂ.

ਜ਼ਰਕਸੀਜ਼ ਉਰਫ਼ 486-75 ਈ. ਪੂ. (ਦਾਰਾ ਪਹਿਲੇ ਦੇ ਸੰਗੀ

ਅਹਸਵੇਰੋਸ਼ * ਰਾਜੇ ਵਜੋਂ 496-86 ਈ. ਪੂ. ਤਕ

ਰਾਜ ਕੀਤਾ)

ਅਰਤਹਸ਼ਸ਼ਤਾ (ਅਜ਼ਰਾ 7:1) 475-24 ਈ. ਪੂ.

ਲੌਂਗੀਮੇਨਸ

[ਫੁਟਨੋਟ]

^ ਪੈਰਾ 50 ਅਜ਼ਰਾ ਦੀ ਪੋਥੀ ਵਿਚ ਜ਼ਰਕਸੀਜ਼ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਅਸਤਰ ਦੀ ਪੋਥੀ ਵਿਚ ਉਸ ਦਾ ਨਾਂ ਅਹਸ਼ਵੇਰੋਸ਼ ਦਿੱਤਾ ਗਿਆ ਹੈ।

[ਤਸਵੀਰ]

ਅਹਸ਼ਵੇਰੋਸ਼

[ਸਫ਼ਾ 17 ਉੱਤੇ ਤਸਵੀਰ]

ਕੋਰਸ਼

[ਸਫ਼ਾ 17 ਉੱਤੇ ਤਸਵੀਰ]

ਸਾਇਰਸ ਸਲਿੰਡਰ ਜਿਸ ਉੱਤੇ ਗ਼ੁਲਾਮਾਂ ਦੇ ਆਪਣੇ ਦੇਸ਼ਾਂ ਨੂੰ ਪਰਤਣ ਦੀ ਪਾਲਸੀ ਬਾਰੇ ਦੱਸਿਆ ਗਿਆ ਸੀ

[ਕ੍ਰੈਡਿਟ ਲਾਈਨ]

Cylinder: Photograph taken by courtesy of the British Museum

[ਸਫ਼ਾ 20 ਉੱਤੇ ਤਸਵੀਰ]

ਕੀ ਤੁਸੀਂ ਜਾਣਦੇ ਹੋ ਕਿ ਅਜ਼ਰਾ ਇਕ ਚੰਗਾ ਸਿੱਖਿਅਕ ਕਿਵੇਂ ਬਣਿਆ?