Skip to content

Skip to table of contents

ਹਰ ਗੱਲ ਵਿਚ “ਸੁਚੇਤ ਰਹੋ”

ਹਰ ਗੱਲ ਵਿਚ “ਸੁਚੇਤ ਰਹੋ”

ਹਰ ਗੱਲ ਵਿਚ “ਸੁਚੇਤ ਰਹੋ”

“ਭੋਲਾ ਹਰੇਕ ਗੱਲ ਨੂੰ ਸੱਤ ਮੰਨਦਾ ਹੈ, ਪਰ ਸਿਆਣਾ ਵੇਖ ਭਾਲ ਕੇ ਚੱਲਦਾ ਹੈ।”—ਕਹਾਉਤਾਂ 14:15.

1, 2. (ੳ) ਲੂਤ ਦੇ ਨਾਲ ਜੋ ਕੁਝ ਵਾਪਰਿਆ, ਉਸ ਤੋਂ ਅਸੀਂ ਕੀ ਸਿੱਖਦੇ ਹਾਂ? (ਅ) ‘ਸੁਚੇਤ ਰਹਿਣ’ ਦਾ ਕੀ ਮਤਲਬ ਹੈ?

ਜਦ ਅਬਰਾਹਾਮ ਨੇ ਲੂਤ ਨੂੰ ਰਹਿਣ ਲਈ ਮਨ-ਪਸੰਦ ਦੀ ਜਗ੍ਹਾ ਚੁਣਨ ਲਈ ਕਿਹਾ ਸੀ, ਤਾਂ ਲੂਤ ਦੀ ਨਜ਼ਰ ਉਸ ਹਰੇ-ਭਰੇ ਇਲਾਕੇ ਉੱਤੇ ਪਈ ਜੋ ਦੇਖਣ ਨੂੰ “ਯਹੋਵਾਹ ਦੇ ਬਾਗ਼ ਵਰਗਾ ਸੀ।” ਲੂਤ ਨੇ “ਯਰਦਨ ਦਾ ਸਾਰਾ ਮੈਦਾਨ” ਆਪਣੇ ਲਈ ਚੁਣਿਆ। ਉਸ ਨੇ ਸੋਚਿਆ ਕਿ ਉਸ ਦੇ ਪਰਿਵਾਰ ਦੇ ਰਹਿਣ ਲਈ ਇਸ ਤੋਂ ਸੋਹਣੀ ਜਗ੍ਹਾ ਹੋਰ ਕੋਈ ਨਹੀਂ ਹੋ ਸਕਦੀ। ਇਸ ਲਈ ਲੂਤ ਸਦੂਮ ਦੇ ਲਾਗੇ ਵੱਸ ਗਿਆ। ਪਰ ਉਸ ਦਾ ਫ਼ੈਸਲਾ ਗ਼ਲਤ ਸਾਬਤ ਹੋਇਆ। ਭਾਵੇਂ ਜਗ੍ਹਾ ਦੇਖਣ ਨੂੰ ਬਹੁਤ ਸੋਹਣੀ ਸੀ, ਪਰ “ਸਦੂਮ ਦੇ ਮਨੁੱਖ ਯਹੋਵਾਹ ਦੇ ਅੱਗੇ ਅੱਤ ਬੁਰਿਆਰ ਅਰ ਮਹਾਂ ਪਾਪੀ ਸਨ।” (ਉਤਪਤ 13:7-13) ਸਮੇਂ ਦੇ ਬੀਤਣ ਨਾਲ ਲੂਤ ਅਤੇ ਉਸ ਦੇ ਪਰਿਵਾਰ ਨੂੰ ਇਹ ਫ਼ੈਸਲਾ ਬਹੁਤ ਮਹਿੰਗਾ ਪਿਆ। ਉਸ ਦੇ ਇੰਨੇ ਬੁਰੇ ਦਿਨ ਆ ਗਏ ਕਿ ਉਸ ਨੂੰ ਆਪਣੀਆਂ ਧੀਆਂ ਨਾਲ ਪਹਾੜਾਂ ਵਿਚ ਪਨਾਹ ਲੈਣੀ ਪਈ। (ਉਤਪਤ 19:17, 23-26, 30) ਜੋ ਸ਼ਹਿਰ ਉਸ ਨੂੰ ਦੂਰੋਂ ਸੋਨੇ ਦੀ ਤਰ੍ਹਾਂ ਨਜ਼ਰ ਆਉਂਦਾ ਸੀ, ਉਸ ਦਾ ਭਾਅ ਹੁਣ ਕੌਡੀ ਜਿੰਨਾ ਵੀ ਨਾ ਰਿਹਾ!

2 ਲੂਤ ਦੇ ਨਾਲ ਜੋ ਕੁਝ ਵਾਪਰਿਆ, ਉਸ ਤੋਂ ਪਰਮੇਸ਼ੁਰ ਦੇ ਸੇਵਕ ਅੱਜ ਇਕ ਅਹਿਮ ਸਬਕ ਸਿੱਖ ਸਕਦੇ ਹਨ। ਜਦ ਵੀ ਸਾਨੂੰ ਕੋਈ ਫ਼ੈਸਲਾ ਕਰਨਾ ਪੈਂਦਾ ਹੈ, ਤਾਂ ਸਾਨੂੰ ਕਦੀ ਵੀ ਕਾਹਲੀ ਨਹੀਂ ਕਰਨੀ ਚਾਹੀਦੀ। ਇਸੇ ਲਈ ਪਰਮੇਸ਼ੁਰ ਦਾ ਬਚਨ ਸਾਨੂੰ ਤਾਕੀਦ ਕਰਦਾ ਹੈ: “ਸੁਚੇਤ ਰਹੋ।” (1 ਪਤਰਸ 1:13) ਇਸ ਆਇਤ ਵਿਚ “ਸੁਚੇਤ ਰਹੋ” ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਦਾ ਅਰਥ ਹੈ “ਪੂਰੇ ਹੋਸ਼ੋ-ਹਵਾਸ ਵਿਚ ਹੋਣਾ।” ਬਾਈਬਲ ਦਾ ਵਿਦਵਾਨ ਆਰ. ਲੈਂਸਕੀ ਕਹਿੰਦਾ ਹੈ ਕਿ ਇਸ ਦਾ ਮਤਲਬ ਹੈ ‘ਠੰਢੇ ਦਿਮਾਗ਼ ਨਾਲ ਹਰ ਗੱਲ ਨੂੰ ਪਰਖਣਾ ਤਾਂਕਿ ਅਸੀਂ ਸਹੀ ਫ਼ੈਸਲੇ ਕਰ ਸਕੀਏ।’ ਆਓ ਆਪਾਂ ਦੇਖੀਏ ਕਿ ਸਾਨੂੰ ਕਿਨ੍ਹਾਂ ਹਾਲਾਤਾਂ ਵਿਚ ਸੁਚੇਤ ਰਹਿਣ ਦੀ ਲੋੜ ਹੈ।

ਬਿਜ਼ਨਿਸ ਸੰਬੰਧੀ ਫ਼ੈਸਲੇ

3. ਜੇ ਕੋਈ ਸਾਨੂੰ ਉਸ ਨਾਲ ਕਾਰੋਬਾਰ ਸ਼ੁਰੂ ਕਰਨ ਲਈ ਕਹਿੰਦਾ ਹੈ, ਤਾਂ ਸਾਨੂੰ ਸਾਵਧਾਨੀ ਕਿਉਂ ਵਰਤਣੀ ਚਾਹੀਦੀ ਹੈ?

3 ਫ਼ਰਜ਼ ਕਰੋ ਕਿ ਯਹੋਵਾਹ ਦਾ ਕੋਈ ਸੇਵਕ ਤੁਹਾਨੂੰ ਉਸ ਨਾਲ ਕਾਰੋਬਾਰ ਕਰਨ ਲਈ ਕਹਿੰਦਾ ਹੈ। ਉਸ ਨੂੰ ਪੂਰਾ ਭਰੋਸਾ ਹੈ ਕਿ ਇਹ ਬਿਜ਼ਨਿਸ ਕਾਮਯਾਬ ਹੋਵੇਗਾ ਤੇ ਉਹ ਤੁਹਾਨੂੰ ਝਟਪਟ ਫ਼ੈਸਲਾ ਕਰਨ ਲਈ ਕਹਿੰਦਾ ਹੈ। ਉਸ ਦੀਆਂ ਗੱਲਾਂ ਵਿਚ ਆ ਕੇ ਸ਼ਾਇਦ ਤੁਸੀਂ ਝੱਟ ਅਮੀਰ ਬਣਨ ਦੇ ਸੁਪਨੇ ਦੇਖਣ ਲੱਗ ਪਓ ਤੇ ਸੋਚਣ ਲੱਗ ਪਓ ਕਿ ਜੇ ਕਿਤੇ ਇਹ ਸੱਚ ਹੋ ਜਾਵੇ, ਤਾਂ ਸਾਡਾ ਤਾਂ ਅੱਗਾ ਹੀ ਸਵਾਰਿਆ ਜਾਉ ਤੇ ਮੈਂ ਪਰਮੇਸ਼ੁਰ ਦੇ ਕੰਮਾਂ ਵਿਚ ਵੀ ਜ਼ਿਆਦਾ ਸਮਾਂ ਲਾ ਸਕਾਂਗਾ। ਪਰ ਕਹਾਉਤਾਂ 14:15 ਵਿਚ ਦਿੱਤੀ ਚੇਤਾਵਨੀ ਨੂੰ ਯਾਦ ਰੱਖੋ: “ਭੋਲਾ ਹਰੇਕ ਗੱਲ ਨੂੰ ਸੱਤ ਮੰਨਦਾ ਹੈ, ਪਰ ਸਿਆਣਾ ਵੇਖ ਭਾਲ ਕੇ ਚੱਲਦਾ ਹੈ।” ਨਵਾਂ ਕਾਰੋਬਾਰ ਸ਼ੁਰੂ ਕਰਨ ਦੀ ਚਾਹ ਵਿਚ ਸ਼ਾਇਦ ਤੁਸੀਂ ਰਾਹ ਵਿਚ ਆਉਣ ਵਾਲੇ ਖ਼ਤਰਿਆਂ ਨੂੰ ਨਜ਼ਰਅੰਦਾਜ਼ ਕਰ ਜਾਓ। ਤੁਸੀਂ ਸ਼ਾਇਦ ਭੁੱਲ ਜਾਓ ਕਿ ਘਾਟਾ ਪੈ ਸਕਦਾ ਹੈ, ਇੱਥੋਂ ਤਕ ਕਿ ਬਿਜ਼ਨਿਸ ਫੇਲ੍ਹ ਵੀ ਹੋ ਸਕਦਾ ਹੈ। (ਯਾਕੂਬ 4:13, 14) ਇਸ ਤਰ੍ਹਾਂ ਦੇ ਮਾਮਲਿਆਂ ਵਿਚ ਕਿੰਨਾ ਜ਼ਰੂਰੀ ਹੈ ਕਿ ਅਸੀਂ ਪੂਰੀ ਤਰ੍ਹਾਂ ਸੁਚੇਤ ਰਹੀਏ!

4. ਬਿਜ਼ਨਿਸ ਨੂੰ ਹੱਥ ਪਾਉਣ ਵੇਲੇ ਅਸੀਂ ਕਿਵੇਂ “ਵੇਖ ਭਾਲ ਕੇ” ਚੱਲ ਸਕਦੇ ਹਾਂ?

4 ਸਮਝਦਾਰ ਵਿਅਕਤੀ ਕਿਸੇ ਬਿਜ਼ਨਿਸ ਨੂੰ ਹੱਥ ਪਾਉਣ ਦੀ ਕਾਹਲੀ ਨਹੀਂ ਕਰੇਗਾ, ਸਗੋਂ ਸੋਚ-ਸਮਝ ਕੇ ਕਦਮ ਚੁੱਕੇਗਾ। (ਕਹਾਉਤਾਂ 21:5) ਉਹ ਚੰਗੀ ਤਰ੍ਹਾਂ ਛਾਣਬੀਣ ਕਰ ਕੇ ਇਸ ਬਿਜ਼ਨਿਸ ਨਾਲ ਜੁੜੇ ਖ਼ਤਰਿਆਂ ਬਾਰੇ ਪਤਾ ਲਗਾਵੇਗਾ। ਮਿਸਾਲ ਲਈ, ਕੋਈ ਇਨਸਾਨ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਤੁਹਾਡੇ ਤੋਂ ਪੈਸਾ ਉਧਾਰ ਮੰਗਦਾ ਹੈ। ਉਹ ਕਹਿੰਦਾ ਹੈ ਕਿ ਉਹ ਤੁਹਾਨੂੰ ਪੈਸਾ ਮੁਨਾਫ਼ੇ ਸਮੇਤ ਵਾਪਸ ਕਰ ਦੇਵੇਗਾ। ਇਹ ਸੁਣ ਕੇ ਸ਼ਾਇਦ ਤੁਸੀਂ ਉਸ ਨੂੰ ਪੈਸੇ ਦੇਣੇ ਚਾਹੋ। ਪਰ ਸੋਚੋ ਕਿ ਪੈਸਾ ਦੇਣ ਦੇ ਕੀ-ਕੀ ਖ਼ਤਰੇ ਹਨ। ਕੀ ਪੈਸਾ ਮੰਗਣ ਵਾਲਾ ਵਾਅਦਾ ਕਰਦਾ ਹੈ ਕਿ ਚਾਹੇ ਉਸ ਦਾ ਬਿਜ਼ਨਿਸ ਚੱਲੇ ਜਾਂ ਨਾ ਚੱਲੇ ਉਹ ਤੁਹਾਡੇ ਪੈਸੇ ਵਾਪਸ ਕਰ ਦੇਵੇਗਾ? ਜਾਂ ਕੀ ਉਹ ਕਹਿ ਰਿਹਾ ਹੈ ਕਿ ਕਾਰੋਬਾਰ ਚੱਲਣ ਤੇ ਹੀ ਤੁਹਾਨੂੰ ਪੈਸੇ ਵਾਪਸ ਮਿਲਣਗੇ? ਕਹਿਣ ਦਾ ਮਤਲਬ ਕਿ ਕਿਤੇ ਬਿਜ਼ਨਿਸ ਦੇ ਡੁੱਬਣ ਨਾਲ ਤੁਹਾਡੇ ਪੈਸੇ ਤਾਂ ਨਹੀਂ ਡੁੱਬ ਜਾਣਗੇ? ਤੁਸੀਂ ਇਸ ਬਾਰੇ ਵੀ ਸੋਚ ਸਕਦੇ ਹੋ: “ਉਹ ਲੋਕਾਂ ਤੋਂ ਪੈਸੇ ਕਿਉਂ ਮੰਗਦਾ ਹੈ? ਬੈਂਕਾਂ ਉਸ ਨੂੰ ਕਿਉਂ ਨਹੀਂ ਉਧਾਰ ਦਿੰਦੀਆਂ? ਕੀ ਇੱਦਾਂ ਤਾਂ ਨਹੀਂ ਕਿ ਬੈਂਕਾਂ ਨੂੰ ਉਸ ਦੇ ਬਿਜ਼ਨਿਸ ਦੇ ਚੱਲਣ ਤੇ ਭਰੋਸਾ ਨਹੀਂ?” ਨਫ਼ੇ-ਨੁਕਸਾਨ ਬਾਰੇ ਧਿਆਨ ਨਾਲ ਸੋਚ-ਵਿਚਾਰ ਕਰ ਕੇ ਹੀ ਤੁਸੀਂ ਸਹੀ ਫ਼ੈਸਲਾ ਕਰ ਪਾਓਗੇ।—ਕਹਾਉਤਾਂ 13:16; 22:3.

5. (ੳ) ਜ਼ਮੀਨ ਖ਼ਰੀਦਣ ਵੇਲੇ ਯਿਰਮਿਯਾਹ ਨੇ ਅਕਲਮੰਦੀ ਦਾ ਕਿਹੜਾ ਕੰਮ ਕੀਤਾ ਸੀ? (ਅ) ਕੋਈ ਵੀ ਬਿਜ਼ਨਿਸ ਕਰਨ ਤੋਂ ਪਹਿਲਾਂ ਇਕਰਾਰਨਾਮਾ ਤਿਆਰ ਕਰਨ ਦੇ ਕੀ ਲਾਭ ਹਨ?

5 ਯਿਰਮਿਯਾਹ ਨਬੀ ਨੇ ਜਦ ਆਪਣੇ ਰਿਸ਼ਤੇਦਾਰ ਤੋਂ ਜ਼ਮੀਨ ਖ਼ਰੀਦੀ ਸੀ, ਤਾਂ ਉਸ ਨੇ ਗਵਾਹਾਂ ਦੇ ਸਾਮ੍ਹਣੇ ਕਾਗਜ਼ਾਤ ਤਿਆਰ ਕਰਾਏ ਸਨ। (ਯਿਰਮਿਯਾਹ 32:9-12) ਅੱਜ ਵੀ ਸਮਝਦਾਰ ਮਸੀਹੀ ਆਪਣੇ ਕਿਸੇ ਰਿਸ਼ਤੇਦਾਰ ਨਾਲ ਜਾਂ ਮਸੀਹੀ ਭੈਣ-ਭਰਾ ਨਾਲ ਬਿਜ਼ਨਿਸ ਵਿਚ ਸਾਂਝ ਪਾਉਣ ਤੋਂ ਪਹਿਲਾਂ ਪੂਰੇ ਕਾਗਜ਼-ਪੱਤਰ ਤਿਆਰ ਕਰੇਗਾ। * ਇਸ ਤਰ੍ਹਾਂ ਦਾ ਇਕਰਾਰਨਾਮਾ ਤਿਆਰ ਕਰਨ ਨਾਲ ਬਾਅਦ ਵਿਚ ਫਿੱਕ ਨਹੀਂ ਪੈਂਦੀ ਤੇ ਏਕਤਾ ਵੀ ਕਾਇਮ ਰਹਿੰਦੀ ਹੈ। ਦੂਜੇ ਪਾਸੇ, ਜੇ ਤੁਸੀਂ ਇਕਰਾਰਨਾਮਾ ਨਾ ਤਿਆਰ ਕਰੋ, ਤਾਂ ਬਿਜ਼ਨਿਸ ਵਿਚ ਗੜਬੜ ਹੋਣ ਤੇ ਭਾਈ-ਭਾਈ ਵਿਚ ਵੀ ਫੁੱਟ ਪੈ ਸਕਦੀ ਹੈ। ਨਾਲ ਦੀ ਨਾਲ ਸਾਡੇ ਜਜ਼ਬਾਤਾਂ ਨੂੰ ਠੇਸ ਪਹੁੰਚਦੀ ਹੈ, ਆਪਣੇ ਭਰਾ ਤੋਂ ਸਾਡਾ ਭਰੋਸਾ ਉੱਠ ਜਾਂਦਾ ਹੈ, ਇੱਥੋਂ ਤਕ ਕਿ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਢਿੱਲੇ ਵੀ ਪੈ ਸਕਦੇ ਹਾਂ।

6. ਸਾਨੂੰ ਲੋਭ ਤੋਂ ਕਿਉਂ ਬਚਣਾ ਚਾਹੀਦਾ ਹੈ?

6 ਸਾਨੂੰ ਲੋਭ ਤੋਂ ਵੀ ਬਚਣਾ ਚਾਹੀਦਾ ਹੈ। (ਲੂਕਾ 12:15) ਅਮੀਰ ਬਣਨ ਦਾ ਸੁਪਨਾ ਬੰਦੇ ਨੂੰ ਇਸ ਹੱਦ ਤਕ ਅੰਨ੍ਹਾ ਕਰ ਸਕਦਾ ਹੈ ਕਿ ਉਹ ਬਿਜ਼ਨਿਸ ਵਿਚ ਆਉਣ ਵਾਲੇ ਖ਼ਤਰਿਆਂ ਨੂੰ ਨਹੀਂ ਦੇਖ ਸਕਦਾ। ਕਲੀਸਿਯਾ ਵਿਚ ਚੰਗੀ ਤਰੱਕੀ ਕਰ ਰਹੇ ਮਸੀਹੀ ਵੀ ਇਸ ਫੰਧੇ ਵਿਚ ਫਸੇ ਹਨ। ਪਰਮੇਸ਼ੁਰ ਦਾ ਬਚਨ ਸਾਨੂੰ ਸਾਵਧਾਨ ਕਰਦਾ ਹੈ: “ਤੁਸੀਂ ਮਾਇਆ ਦੇ ਲੋਭ ਤੋਂ ਰਹਿਤ ਰਹੋ। ਜੋ ਕੁਝ ਤੁਹਾਡੇ ਕੋਲ ਹੈ ਉਸ ਉੱਤੇ ਸੰਤੋਖ ਕਰੋ।” (ਇਬਰਾਨੀਆਂ 13:5) ਜਦ ਕੋਈ ਮਸੀਹੀ ਬਿਜ਼ਨਿਸ ਨੂੰ ਹੱਥ ਪਾਉਣ ਦੀ ਸੋਚਦਾ ਹੈ, ਤਾਂ ਉਸ ਨੂੰ ਇਹ ਸਵਾਲ ਪੁੱਛਣਾ ਚਾਹੀਦਾ ਹੈ, ‘ਕੀ ਇਹ ਬਿਜ਼ਨਿਸ ਕਰਨਾ ਮੇਰੇ ਲਈ ਜ਼ਰੂਰੀ ਹੈ?’ ਜੇ ਅਸੀਂ ਯਹੋਵਾਹ ਦੀ ਸੇਵਾ ਕਰਦੇ ਹੋਏ ਸਾਦੀ ਜ਼ਿੰਦਗੀ ਜੀਵਾਂਗੇ, ਤਾਂ ਅਸੀਂ “ਹਰ ਪਰਕਾਰ ਦੀਆਂ ਬੁਰਿਆਈਆਂ” ਤੋਂ ਬਚਾਂਗੇ।—1 ਤਿਮੋਥਿਉਸ 6:6-10.

ਸੋਚ-ਸਮਝ ਕੇ ਜੀਵਨ-ਸਾਥੀ ਲੱਭੋ

7. (ੳ) ਕੁਆਰੇ ਭੈਣਾਂ-ਭਰਾਵਾਂ ਨੂੰ ਕਿਨ੍ਹਾਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ? (ਅ) ਜੀਵਨ-ਸਾਥੀ ਚੁਣਨ ਵਿਚ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣਾ ਕਿਵੇਂ ਸ਼ਾਮਲ ਹੈ?

7 ਯਹੋਵਾਹ ਦੇ ਬਹੁਤ ਸਾਰੇ ਸੇਵਕ ਵਿਆਹ ਕਰਨਾ ਚਾਹੁੰਦੇ ਹਨ, ਪਰ ਉਨ੍ਹਾਂ ਨੂੰ ਅਜੇ ਤਕ ਕੋਈ ਢੁਕਵਾਂ ਸਾਥੀ ਨਹੀਂ ਮਿਲਿਆ। ਕਈ ਸਭਿਆਚਾਰਾਂ ਵਿਚ ਵਿਆਹ ਕਰਨ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ। ਪਰ ਕਿਸੇ ਮਸੀਹੀ ਨੂੰ ਯਹੋਵਾਹ ਦੇ ਸੇਵਕਾਂ ਵਿੱਚੋਂ ਕੋਈ ਢੁਕਵਾਂ ਸਾਥੀ ਸ਼ਾਇਦ ਨਾ ਮਿਲੇ। (ਕਹਾਉਤਾਂ 13:12) ਮਸੀਹੀ ਜਾਣਦੇ ਹਨ ਕਿ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਲਈ ਉਨ੍ਹਾਂ ਨੂੰ “ਕੇਵਲ ਪ੍ਰਭੁ ਵਿੱਚ” ਵਿਆਹ ਕਰਨ ਦਾ ਹੁਕਮ ਮੰਨਣਾ ਚਾਹੀਦਾ ਹੈ। (1 ਕੁਰਿੰਥੀਆਂ 7:39) ਇਸ ਲਈ ਜਦ ਕਲੀਸਿਯਾ ਦੇ ਬਾਹਰ ਦੇ ਕਿਸੇ ਵਿਅਕਤੀ ਨਾਲ ਵਿਆਹ ਕਰਾਉਣ ਲਈ ਸਾਡੇ ਉੱਤੇ ਦਬਾਅ ਪਾਇਆ ਜਾਂਦਾ ਹੈ, ਤਾਂ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ।

8. ਸ਼ੂਲੰਮੀਥ ਕੁੜੀ ਕਿਹੜੇ ਦਬਾਅ ਹੇਠ ਆਈ ਸੀ ਤੇ ਅੱਜ ਮਸੀਹੀ ਔਰਤਾਂ ਅਜਿਹੀ ਮੁਸ਼ਕਲ ਦਾ ਕਿਵੇਂ ਸਾਮ੍ਹਣਾ ਕਰ ਸਕਦੀਆਂ ਹਨ?

8 ਸਰੇਸ਼ਟ ਗੀਤ ਵਿਚ ਸ਼ੂਲੰਮੀਥ ਨਾਂ ਦੀ ਇਕ ਕੁੜੀ ਬਾਰੇ ਦੱਸਿਆ ਗਿਆ ਹੈ। ਰਾਜਾ ਸੁਲੇਮਾਨ ਦਾ ਦਿਲ ਇਸ ਪੇਂਡੂ ਕੁੜੀ ਉੱਤੇ ਆ ਜਾਂਦਾ ਹੈ ਤੇ ਉਹ ਉਸ ਉੱਤੇ ਆਪਣੀ ਦੌਲਤ ਤੇ ਸ਼ੌਹਰਤ ਦਾ ਜਾਦੂ ਕਰ ਕੇ ਵਿਆਹ ਲਈ ਰਜ਼ਾਮੰਦ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਇਹ ਕੁੜੀ ਪਹਿਲਾਂ ਹੀ ਕਿਸੇ ਨੂੰ ਆਪਣਾ ਦਿਲ ਦੇ ਚੁੱਕੀ ਹੈ। (ਸਰੇਸ਼ਟ ਗੀਤ 1:9-11; 3:7-10; 6:8-10, 13) ਜੇ ਤੁਸੀਂ ਮਸੀਹੀ ਔਰਤ ਹੋ, ਤਾਂ ਸ਼ਾਇਦ ਕੋਈ ਤੁਹਾਡੇ ਵਿਚ ਰੁਮਾਂਟਿਕ ਰੁਚੀ ਲੈਣ ਲੱਗ ਪਵੇ ਜੋ ਤੁਹਾਨੂੰ ਪਸੰਦ ਨਹੀਂ। ਕੰਮ ਤੇ ਸ਼ਾਇਦ ਕੋਈ ਸਹਿਕਰਮੀ ਜਾਂ ਤੁਹਾਡਾ ਬਾਸ ਹੀ ਤੁਹਾਡੇ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰੇ, ਤੁਹਾਡੇ ਛੋਟੇ-ਮੋਟੇ ਕੰਮ ਕਰੇ ਅਤੇ ਤੁਹਾਡੇ ਨਾਲ ਸਮਾਂ ਗੁਜ਼ਾਰਨ ਦੇ ਮੌਕੇ ਭਾਲੇ। ਪਰ ਉਨ੍ਹਾਂ ਦੀਆਂ ਇਹੋ ਜਿਹੀਆਂ ਗੱਲਾਂ ਵਿਚ ਨਾ ਆਓ। ਹੋ ਸਕਦਾ ਹੈ ਕਿ ਉਸ ਵਿਅਕਤੀ ਦਾ ਇਰਾਦਾ ਨੇਕ ਹੋਵੇ, ਪਰ ਕਈ ਵਾਰ ਅਜਿਹੇ ਲੋਕਾਂ ਦਾ ਇਰਾਦਾ ਗ਼ਲਤ ਹੀ ਹੁੰਦਾ ਹੈ। ਸ਼ੂਲੰਮੀਥ ਕੁੜੀ ਦੀ ਤਰ੍ਹਾਂ “ਕੰਧ” ਬਣੋ। (ਸਰੇਸ਼ਟ ਗੀਤ 8:4, 10) ਕਿਸੇ ਨੂੰ ਵੀ ਆਪਣੇ ਨੇੜੇ ਆਉਣ ਨਾ ਦਿਓ। ਕੰਮ ਤੇ ਸਾਰਿਆਂ ਲੋਕਾਂ ਨੂੰ ਸ਼ੁਰੂ ਤੋਂ ਹੀ ਦੱਸ ਦਿਓ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ ਅਤੇ ਉਨ੍ਹਾਂ ਨੂੰ ਯਹੋਵਾਹ ਬਾਰੇ ਦੱਸਣ ਦੇ ਮੌਕੇ ਭਾਲੋ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਰੱਖਿਆ ਹੋਵੇਗੀ।

9. ਇੰਟਰਨੈੱਟ ਰਾਹੀਂ ਕਿਸੇ ਅਜਨਬੀ ਨਾਲ ਰਿਸ਼ਤਾ ਜੋੜਨ ਦੇ ਕੁਝ ਖ਼ਤਰੇ ਕੀ ਹਨ? (ਸਫ਼ਾ 25 ਉੱਤੇ ਡੱਬੀ ਦੇਖੋ।)

9 ਅੱਜ-ਕੱਲ੍ਹ ਜੀਵਨ-ਸਾਥੀ ਲੱਭਣ ਲਈ ਇੰਟਰਨੈੱਟ ਵੈੱਬ-ਸਾਈਟਾਂ ਬਹੁਤ ਮਸ਼ਹੂਰ ਹੋ ਗਈਆਂ ਹਨ। ਕਈ ਲੋਕ ਸੋਚਦੇ ਹਨ ਕਿ ਇੰਟਰਨੈੱਟ ਰਾਹੀਂ ਉਹ ਉਨ੍ਹਾਂ ਲੋਕਾਂ ਨੂੰ ਮਿਲ ਸਕਦੇ ਹਨ ਜੋ ਸ਼ਾਇਦ ਹੀ ਉਨ੍ਹਾਂ ਨੂੰ ਜ਼ਿੰਦਗੀ ਵਿਚ ਮਿਲਣ। ਪਰ ਯਾਦ ਰੱਖੋ ਕਿ ਕਿਸੇ ਅਜਨਬੀ ਨਾਲ ਰਿਸ਼ਤਾ ਕਾਇਮ ਕਰਨਾ ਖ਼ਤਰੇ ਤੋਂ ਖਾਲੀ ਨਹੀਂ ਹੈ। ਇੰਟਰਨੈੱਟ ਤੇ ਮਿਲੇ ਲੋਕਾਂ ਦੀ ਅਸਲੀਅਤ ਜਾਣਨੀ ਬਹੁਤ ਔਖੀ ਹੁੰਦੀ ਹੈ। (ਜ਼ਬੂਰਾਂ ਦੀ ਪੋਥੀ 26:4) ਇਹ ਜ਼ਰੂਰੀ ਨਹੀਂ ਕਿ ਹਰ ਕੋਈ ਜੋ ਯਹੋਵਾਹ ਦਾ ਸੇਵਕ ਹੋਣ ਦਾ ਦਾਅਵਾ ਕਰਦਾ ਹੈ ਅਸਲ ਵਿਚ ਯਹੋਵਾਹ ਦਾ ਸੇਵਕ ਹੋਵੇ। ਇੰਟਰਨੈੱਟ ਉੱਤੇ ਕਿਸੇ ਨਾਲ ਗੱਲਬਾਤ ਕਰਨ ਨਾਲ ਸਾਡੇ ਵਿਚ ਝੱਟ ਹੀ ਰੋਮਾਂਟਿਕ ਭਾਵਨਾਵਾਂ ਪੈਦਾ ਹੋ ਸਕਦੀਆਂ ਹਨ ਜਿਸ ਕਰਕੇ ਅਸੀਂ ਬਿਨਾਂ ਸੋਚੇ-ਸਮਝੇ ਫ਼ੈਸਲੇ ਕਰ ਬੈਠੀਏ। (ਕਹਾਉਤਾਂ 28:26) ਇੰਟਰਨੈੱਟ ਰਾਹੀਂ ਜਾਂ ਕਿਸੇ ਹੋਰ ਜ਼ਰੀਏ ਕਿਸੇ ਅਜਨਬੀ ਨਾਲ ਦੋਸਤੀ ਕਰਨੀ ਬੁੱਧੀਮਤਾ ਦੀ ਗੱਲ ਨਹੀਂ ਹੋਵੇਗੀ।—1 ਕੁਰਿੰਥੀਆਂ 15:33.

10. ਦੂਸਰੇ ਭੈਣ-ਭਰਾ ਕੁਆਰੇ ਮਸੀਹੀਆਂ ਨੂੰ ਕਿਵੇਂ ਹੌਸਲਾ ਦੇ ਸਕਦੇ ਹਨ?

10 ਯਹੋਵਾਹ “ਵੱਡਾ ਦਰਦੀ ਅਤੇ ਦਿਆਲੂ ਹੈ” ਤੇ ਉਹ ਆਪਣੇ ਸੇਵਕਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ। (ਯਾਕੂਬ 5:11) ਉਹ ਸਾਡੀ ਹਰ ਮੁਸ਼ਕਲ ਤੋਂ ਵਾਕਫ਼ ਹੈ ਅਤੇ ਜੋ ਕੁਆਰੇ ਮਸੀਹੀਆਂ ਤੇ ਬੀਤਦੀ ਹੈ ਉਹ ਉਸ ਬਾਰੇ ਵੀ ਚੰਗੀ ਤਰ੍ਹਾਂ ਜਾਣਦਾ ਹੈ। ਯਾਦ ਰੱਖੋ ਕਿ ਯਹੋਵਾਹ ਤੁਹਾਡੀ ਵਫ਼ਾਦਾਰੀ ਨੂੰ ਅਨਮੋਲ ਸਮਝਦਾ ਹੈ। ਤਾਂ ਫਿਰ, ਦੂਸਰੇ ਭੈਣ-ਭਰਾ ਕੁਆਰੇ ਮਸੀਹੀਆਂ ਨੂੰ ਕਿਵੇਂ ਹੌਸਲਾ ਦੇ ਸਕਦੇ ਹਨ? ਉਨ੍ਹਾਂ ਦੀ ਵਫ਼ਾਦਾਰੀ ਲਈ ਉਨ੍ਹਾਂ ਨੂੰ ਬਾਕਾਇਦਾ ਸ਼ਾਬਾਸ਼ੀ ਦਿੱਤੀ ਜਾਣੀ ਚਾਹੀਦੀ ਹੈ। ਅਸੀਂ ਹੋਰ ਭੈਣਾਂ-ਭਰਾਵਾਂ ਦੇ ਨਾਲ-ਨਾਲ ਉਨ੍ਹਾਂ ਨੂੰ ਵੀ ਆਪਣੇ ਘਰ ਬੁਲਾ ਸਕਦੇ ਹਨ। ਕੀ ਤੁਸੀਂ ਹਾਲ ਹੀ ਵਿਚ ਇਸ ਤਰ੍ਹਾਂ ਕੀਤਾ ਹੈ? ਇਸ ਦੇ ਨਾਲ-ਨਾਲ ਅਸੀਂ ਯਹੋਵਾਹ ਅੱਗੇ ਪ੍ਰਾਰਥਨਾ ਕਰ ਸਕਦੇ ਹਾਂ ਕਿ ਅਜਿਹੇ ਭੈਣ-ਭਰਾ ਉਸ ਦੀ ਸੇਵਾ ਵਿਚ ਖ਼ੁਸ਼ ਰਹਿਣ ਅਤੇ ਹਮੇਸ਼ਾ ਉਸ ਦੇ ਰਾਹ ਉੱਤੇ ਚੱਲਦੇ ਰਹਿਣ। ਆਓ ਫਿਰ ਆਪਾਂ ਪੂਰੇ ਦਿਲੋਂ ਦਿਖਾਈਏ ਕਿ ਯਹੋਵਾਹ ਵਾਂਗ ਅਸੀਂ ਵੀ ਇਨ੍ਹਾਂ ਕੁਆਰੇ ਭੈਣ-ਭਰਾਵਾਂ ਦੀ ਵਫ਼ਾਦਾਰੀ ਦੀ ਬਹੁਤ ਕਦਰ ਕਰਦੇ ਹਾਂ!—ਜ਼ਬੂਰਾਂ ਦੀ ਪੋਥੀ 37:28.

ਇਲਾਜ ਸੰਬੰਧੀ ਸਹੀ ਨਜ਼ਰੀਆ ਰੱਖੋ

11. ਗੰਭੀਰ ਬੀਮਾਰੀਆਂ ਦੇ ਇਲਾਜ ਸੰਬੰਧੀ ਕਿਹੜੀਆਂ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ?

11 ਸਾਨੂੰ ਕਿੰਨੀ ਤਕਲੀਫ਼ ਹੁੰਦੀ ਹੈ ਜਦ ਅਸੀਂ ਜਾਂ ਸਾਡਾ ਕੋਈ ਅਜ਼ੀਜ਼ ਬਹੁਤ ਹੀ ਬੀਮਾਰ ਹੁੰਦਾ ਹੈ। (ਯਸਾਯਾਹ 38:1-3) ਇਨ੍ਹਾਂ ਹਾਲਾਤਾਂ ਵਿਚ ਇਲਾਜ ਲੱਭਣ ਦੇ ਨਾਲ-ਨਾਲ ਸਾਨੂੰ ਬਾਈਬਲ ਦੇ ਸਿਧਾਂਤਾਂ ਨੂੰ ਵੀ ਯਾਦ ਰੱਖਣ ਦੀ ਲੋੜ ਹੈ। ਉਦਾਹਰਣ ਲਈ, ਬਾਈਬਲ ਦੇ ਹੁਕਮ ਨੂੰ ਮੰਨਦੇ ਹੋਏ ਮਸੀਹੀ ਅਜਿਹਾ ਕੋਈ ਇਲਾਜ ਨਹੀਂ ਕਰਾਉਣਗੇ ਜਿਸ ਵਿਚ ਖ਼ੂਨ ਲੈਣਾ ਜਾਂ ਕਿਸੇ ਕਿਸਮ ਦੀ ਜਾਦੂਗਰੀ ਸ਼ਾਮਲ ਹੋਵੇ। (ਰਸੂਲਾਂ ਦੇ ਕਰਤੱਬ 15:28, 29; ਗਲਾਤੀਆਂ 5:19-21) ਡਾਕਟਰੀ ਗਿਆਨ ਨਾ ਹੋਣ ਕਰਕੇ ਸਾਡੇ ਲਈ ਵੱਖ-ਵੱਖ ਇਲਾਜਾਂ ਬਾਰੇ ਫ਼ੈਸਲੇ ਕਰਨੇ ਔਖੇ ਹੋ ਸਕਦੇ ਹਨ। ਅਸੀਂ ਇਸ ਮਾਮਲੇ ਵਿਚ ਸੁਚੇਤ ਕਿਵੇਂ ਰਹਿ ਸਕਦੇ ਹਾਂ?

12. ਇਲਾਜ ਕਰਾਉਣ ਵੇਲੇ ਮਸੀਹੀਆਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?

12 ਸਿਆਣਾ ਵਿਅਕਤੀ ਬਾਈਬਲ ਅਤੇ ਬਾਈਬਲ ਤੇ ਆਧਾਰਿਤ ਪ੍ਰਕਾਸ਼ਨਾਂ ਵਿਚ ਖੋਜ ਕਰ ਕੇ “ਵੇਖ ਭਾਲ ਕੇ ਚੱਲਦਾ ਹੈ।” (ਕਹਾਉਤਾਂ 14:15) ਕੁਝ ਥਾਵਾਂ ਵਿਚ ਡਾਕਟਰਾਂ ਤੇ ਹਸਪਤਾਲਾਂ ਦੀ ਕਮੀ ਹੋਣ ਕਰਕੇ ਸ਼ਾਇਦ ਦੇਸੀ ਦਵਾਈਆਂ ਜਾਂ ਜੜੀ-ਬੂਟੀਆਂ ਦਾ ਹੀ ਇਲਾਜ ਉਪਲਬਧ ਹੋਵੇ। ਜੇ ਅਸੀਂ ਇਸ ਤਰ੍ਹਾਂ ਦਾ ਇਲਾਜ ਕਰਾਉਣ ਬਾਰੇ ਸੋਚ ਰਹੇ ਹਾਂ, ਤਾਂ ਸਾਨੂੰ ਇਨ੍ਹਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਪਵੇਗਾ: ਕੀ ਦੇਸੀ ਦਵਾਈਆਂ ਦਾ ਹਕੀਮ ਜਾਦੂ-ਟੂਣੇ ਕਰਦਾ ਹੈ? ਕੀ ਹਕੀਮ ਇਹ ਯਕੀਨ ਕਰਦਾ ਹੈ ਕਿ ਲੋਕ ਬੀਮਾਰ ਇਸ ਲਈ ਹੁੰਦੇ ਹਨ ਕਿਉਂਕਿ ਦੇਵੀ-ਦੇਵਤੇ ਉਨ੍ਹਾਂ ਤੋਂ ਨਾਖ਼ੁਸ਼ ਹਨ ਜਾਂ ਫਿਰ ਤੁਹਾਡੇ ਕਿਸੇ ਵੈਰੀ ਨੇ ਤੁਹਾਡੇ ਤੇ ਜਾਦੂ-ਟੂਣਾ ਕੀਤਾ ਹੈ? ਕੀ ਉਹ ਦਵਾਈ ਮੰਤਰ ਪੜ੍ਹ ਕੇ ਦਿੰਦਾ ਹੈ? ਜਾਂ ਕੀ ਦਵਾਈ ਬਣਾਉਣ ਵੇਲੇ ਉਹ ਬਲੀਆਂ ਚੜ੍ਹਾਉਂਦਾ ਜਾਂ ਜਾਦੂ-ਟੂਣਾ ਕਰਦਾ ਹੈ? (ਬਿਵਸਥਾ ਸਾਰ 18:10-12) ਇਸ ਤਰ੍ਹਾਂ ਦੇ ਸਵਾਲ ਪੁੱਛਣ ਨਾਲ ਅਸੀਂ ਪਰਮੇਸ਼ੁਰ ਦੀ ਸਲਾਹ ਉੱਤੇ ਚੱਲ ਸਕਾਂਗੇ ਕਿ “ਸਭਨਾਂ ਗੱਲਾਂ ਨੂੰ ਪਰਖੋ, ਖਰੀਆਂ ਨੂੰ ਫੜੀ ਰੱਖੋ।” * (1 ਥੱਸਲੁਨੀਕੀਆਂ 5:21) ਇਸ ਤਰੀਕੇ ਨਾਲ ਸੁਚੇਤ ਰਹਿ ਕੇ ਅਸੀਂ ਡਾਕਟਰੀ ਇਲਾਜ ਦੇ ਮਾਮਲੇ ਵਿਚ ਸਹੀ ਫ਼ੈਸਲੇ ਕਰ ਸਕਾਂਗੇ।

13, 14. (ੳ) ਆਪਣੀ ਸਿਹਤ ਦਾ ਧਿਆਨ ਰੱਖਣ ਵਿਚ ਅਸੀਂ ਕਿਵੇਂ ਸਮਝਦਾਰੀ ਦਿਖਾ ਸਕਦੇ ਹਾਂ? (ਅ) ਦੂਸਰਿਆਂ ਨਾਲ ਸਿਹਤ ਅਤੇ ਇਲਾਜ ਬਾਰੇ ਗੱਲਬਾਤ ਕਰਦੇ ਸਮੇਂ ਸਾਨੂੰ ਸਮਝਦਾਰੀ ਕਿਉਂ ਵਰਤਣੀ ਚਾਹੀਦੀ ਹੈ?

13 ਜ਼ਿੰਦਗੀ ਦੇ ਹਰ ਮਾਮਲੇ ਵਾਂਗ ਸਾਨੂੰ ਸਿਹਤ ਦੇ ਮਾਮਲੇ ਵਿਚ ਵੀ ਸਮਝਦਾਰੀ ਵਰਤਣ ਦੀ ਲੋੜ ਹੈ। ਆਪਣੀ ਸਿਹਤ ਦਾ ਧਿਆਨ ਰੱਖਣ ਨਾਲ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਵੱਲੋਂ ਬਖ਼ਸ਼ੀ ਗਈ ਜ਼ਿੰਦਗੀ ਦੇ ਵਰਦਾਨ ਦੀ ਕਦਰ ਕਰਦੇ ਹਾਂ। ਸੋ ਜਦ ਅਸੀਂ ਬੀਮਾਰ ਹੁੰਦੇ ਹਾਂ, ਤਾਂ ਆਪਣਾ ਇਲਾਜ ਕਰਾਉਣਾ ਸਹੀ ਹੋਵੇਗਾ। ਪਰ ਯਾਦ ਰੱਖੋ ਕਿ ਅੱਜ ਕੋਈ ਵੀ ਇਨਸਾਨ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਹੋ ਸਕਦਾ। ਇਹ ਸਿਰਫ਼ ਉਦੋਂ ਹੀ ਮੁਮਕਿਨ ਹੋਵੇਗਾ ਜਦ ਪਰਮੇਸ਼ੁਰ ‘ਕੌਮਾਂ ਦਾ ਇਲਾਜ’ ਕਰੇਗਾ। (ਪਰਕਾਸ਼ ਦੀ ਪੋਥੀ 22:1, 2) ਇਸ ਲਈ ਸਾਨੂੰ ਆਪਣੀ ਸਿਹਤ ਬਾਰੇ ਇੰਨੀ ਚਿੰਤਾ ਵੀ ਨਹੀਂ ਕਰਨੀ ਚਾਹੀਦੀ ਕਿ ਅਸੀਂ ਪਰਮੇਸ਼ੁਰ ਦੀ ਸੇਵਾ ਪ੍ਰਤੀ ਲਾਪਰਵਾਹੀ ਵਰਤਣ ਲੱਗ ਪਈਏ।—ਮੱਤੀ 5:3; ਫ਼ਿਲਿੱਪੀਆਂ 1:10.

14 ਸਾਨੂੰ ਉਦੋਂ ਵੀ ਸਮਝਦਾਰੀ ਵਰਤਣੀ ਚਾਹੀਦੀ ਹੈ ਜਦ ਅਸੀਂ ਦੂਸਰਿਆਂ ਨਾਲ ਸਿਹਤ ਜਾਂ ਇਲਾਜ ਬਾਰੇ ਗੱਲ ਕਰਦੇ ਹਾਂ। ਕਲੀਸਿਯਾ ਦੀਆਂ ਸਭਾਵਾਂ ਅਤੇ ਸੰਮੇਲਨਾਂ ਵਿਚ ਸਾਨੂੰ ਇਨ੍ਹਾਂ ਚੀਜ਼ਾਂ ਬਾਰੇ ਹੀ ਗੱਲਬਾਤ ਨਹੀਂ ਕਰਦੇ ਰਹਿਣਾ ਚਾਹੀਦਾ, ਸਗੋਂ ਸਾਨੂੰ ਪਰਮੇਸ਼ੁਰ ਦੀ ਭਗਤੀ ਵਿਚ ਅੱਗੇ ਵਧਣ ਲਈ ਇਕ-ਦੂਜੇ ਨੂੰ ਹੌਸਲਾ ਦੇਣਾ ਚਾਹੀਦਾ ਹੈ। ਇਲਾਜ ਬਾਰੇ ਫ਼ੈਸਲਾ ਕਰਨ ਵਿਚ ਕਈ ਗੱਲਾਂ ਸ਼ਾਮਲ ਹੁੰਦੀਆਂ ਹਨ, ਜਿਵੇਂ ਬਾਈਬਲ ਦੇ ਅਸੂਲ, ਇਨਸਾਨ ਦੀ ਖ਼ੁਦ ਦੀ ਜ਼ਮੀਰ ਅਤੇ ਉਸ ਦਾ ਯਹੋਵਾਹ ਨਾਲ ਰਿਸ਼ਤਾ। ਇਸ ਲਈ ਆਪਣੀ ਰਾਇ ਕਿਸੇ ਉੱਤੇ ਥੋਪਣੀ ਜਾਂ ਉਨ੍ਹਾਂ ਨੂੰ ਅਜਿਹਾ ਫ਼ੈਸਲਾ ਕਰਨ ਲਈ ਮਜਬੂਰ ਕਰਨਾ ਜੋ ਉਨ੍ਹਾਂ ਦੀ ਜ਼ਮੀਰ ਦੇ ਖ਼ਿਲਾਫ਼ ਹੈ, ਗ਼ਲਤ ਹੋਵੇਗਾ। ਭਾਵੇਂ ਕਿ ਕਲੀਸਿਯਾ ਵਿਚ ਸਿਆਣੇ ਭੈਣ-ਭਰਾਵਾਂ ਤੋਂ ਸਲਾਹ ਲਈ ਜਾ ਸਕਦੀ ਹੈ, ਪਰ ਯਾਦ ਰੱਖੋ ਕਿ ਹਰੇਕ ਮਸੀਹੀ ਨੂੰ “ਆਪਣਾ ਹੀ ਭਾਰ ਚੁੱਕਣਾ ਪਵੇਗਾ” ਅਤੇ ਆਪਣੇ ਫ਼ੈਸਲੇ ਲਈ “ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।”—ਗਲਾਤੀਆਂ 6:5; ਰੋਮੀਆਂ 14:12, 22, 23.

ਤਣਾਅ ਭਰੀ ਸਥਿਤੀ ਵਿਚ

15. ਤਣਾਅ ਦਾ ਸਾਡੇ ਉੱਤੇ ਕੀ ਅਸਰ ਪੈ ਸਕਦਾ ਹੈ?

15 ਤਣਾਅ ਵਿਚ ਆ ਕੇ ਯਹੋਵਾਹ ਦੇ ਵਫ਼ਾਦਾਰ ਸੇਵਕ ਵੀ ਕੁਝ ਗ਼ਲਤ ਕਹਿ ਜਾਂ ਕਰ ਸਕਦੇ ਹਨ। (ਉਪਦੇਸ਼ਕ ਦੀ ਪੋਥੀ 7:7) ਜਦ ਅੱਯੂਬ ਔਖੀ ਘੜੀ ਵਿੱਚੋਂ ਗੁਜ਼ਰ ਰਿਹਾ ਸੀ, ਤਾਂ ਉਸ ਨੇ ਕਈ ਉਲਟੀਆਂ-ਸਿੱਧੀਆਂ ਗੱਲਾਂ ਕਹਿ ਦਿੱਤੀਆਂ ਜਿਸ ਲਈ ਉਸ ਨੂੰ ਤਾੜਿਆ ਗਿਆ ਸੀ। (ਅੱਯੂਬ 35:2, 3; 40:6-8) ਭਾਵੇਂ “ਮੂਸਾ ਸਾਰਿਆਂ ਆਦਮੀਆਂ ਨਾਲੋਂ ਜਿਹੜੇ ਪ੍ਰਿਥਵੀ ਉੱਤੇ ਸਨ ਬਹੁਤ ਅਧੀਨ ਸੀ,” ਫਿਰ ਵੀ ਇਕ ਵਾਰ ਉਸ ਨੇ ਗੁੱਸੇ ਵਿਚ ਆ ਕੇ ਬਿਨਾਂ ਸੋਚੇ-ਸਮਝੇ ਗੱਲ ਕੀਤੀ। (ਗਿਣਤੀ 12:3; 20:7-12; ਜ਼ਬੂਰਾਂ ਦੀ ਪੋਥੀ 106:32, 33) ਜਦ ਰਾਜਾ ਸ਼ਾਊਲ ਦਾਊਦ ਨੂੰ ਮਾਰਨਾ ਚਾਹੁੰਦਾ ਸੀ, ਤਾਂ ਦਾਊਦ ਨੇ ਉਸ ਨੂੰ ਕੋਈ ਵੀ ਨੁਕਸਾਨ ਪਹੁੰਚਾਉਣ ਤੋਂ ਆਪਣਾ ਹੱਥ ਰੋਕੀ ਰੱਖਿਆ। ਪਰ ਜਦ ਨਾਬਾਲ ਨੇ ਉਸ ਨੂੰ ਬੁਰਾ-ਭਲਾ ਕਿਹਾ ਅਤੇ ਉਸ ਦੇ ਬੰਦਿਆਂ ਦੀ ਬੇਇੱਜ਼ਤੀ ਕੀਤੀ, ਤਾਂ ਉਸ ਦਾ ਪਾਰਾ ਇੰਨਾ ਚੜ੍ਹ ਗਿਆ ਕਿ ਉਹ ਝੱਟ ਬਦਲਾ ਲੈਣ ਤੁਰ ਪਿਆ। ਉਸ ਦਾ ਗੁੱਸਾ ਉਦੋਂ ਠੰਢਾ ਹੋਇਆ ਜਦ ਅਬੀਗੈਲ ਨੇ ਉਸ ਨਾਲ ਆ ਕੇ ਗੱਲ ਕੀਤੀ। ਇਸ ਤਰ੍ਹਾਂ ਦਾਊਦ ਵੱਡੀ ਗ਼ਲਤੀ ਕਰਨ ਤੋਂ ਵਾਲ-ਵਾਲ ਬਚਿਆ।—1 ਸਮੂਏਲ 24:2-7; 25:9-13, 32, 33.

16. ਅਸੀਂ ਜਲਦਬਾਜ਼ੀ ਵਿਚ ਕਦਮ ਚੁੱਕਣ ਤੋਂ ਕਿਵੇਂ ਬਚ ਸਕਦੇ ਹਾਂ?

16 ਤਣਾਅ ਵਿਚ ਆ ਕੇ ਅਸੀਂ ਵੀ ਕੋਈ ਗ਼ਲਤੀ ਕਰ ਸਕਦੇ ਹਾਂ। ਦਾਊਦ ਵਾਂਗ ਦੂਸਰਿਆਂ ਦੀ ਗੱਲ ਧਿਆਨ ਨਾਲ ਸੁਣ ਕੇ ਅਸੀਂ ਵੀ ਜਲਦਬਾਜ਼ੀ ਵਿਚ ਕਦਮ ਚੁੱਕਣ ਅਤੇ ਪਾਪ ਕਰਨ ਤੋਂ ਬਚ ਸਕਦੇ ਹਾਂ। (ਕਹਾਉਤਾਂ 19:2) ਬਾਈਬਲ ਸਾਨੂੰ ਸਲਾਹ ਦਿੰਦੀ ਹੈ: “ਜਦੋਂ ਤੁਸੀਂ ਗੁੱਸੇ ਹੁੰਦੇ ਹੋ, ਪਾਪ ਨਾ ਕਰੋ। ਜਦੋਂ ਤੁਸੀਂ ਆਪਣੇ ਬਿਸਤਰੇ ਤੇ ਲੇਟਦੇ ਹੋ ਇਨ੍ਹਾਂ ਗੱਲਾਂ ਬਾਰੇ ਸੋਚ ਵਿਚਾਰ ਕਰੋ ਤੇ ਫ਼ੇਰ ਨਿਸ਼ਚਿੰਤ ਹੋ ਜਾਓ।” (ਜ਼ਬੂਰ 4:4, ਈਜ਼ੀ ਟੂ ਰੀਡ ਵਰਯਨ) ਇਹ ਬੁੱਧੀਮਤਾ ਦੀ ਗੱਲ ਹੈ ਕਿ ਅਸੀਂ ਕੋਈ ਫ਼ੈਸਲਾ ਜਾਂ ਕੰਮ ਕਰਦੇ ਵਕਤ ਸ਼ਾਂਤ ਰਹੀਏ। (ਕਹਾਉਤਾਂ 14:17, 29) ਅਸੀਂ ਯਹੋਵਾਹ ਅੱਗੇ ਦੁਆ ਕਰ ਸਕਦੇ ਹਾਂ ਅਤੇ “ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ [ਸਾਡੇ] ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।” (ਫ਼ਿਲਿੱਪੀਆਂ 4:6, 7) ਪਰਮੇਸ਼ੁਰ ਦੀ ਮਦਦ ਨਾਲ ਅਸੀਂ ਸੋਚ-ਸਮਝ ਕੇ ਕਦਮ ਚੁੱਕ ਸਕਾਂਗੇ ਅਤੇ ਹਰ ਗੱਲ ਵਿਚ ਸੁਚੇਤ ਰਹਾਂਗੇ।

17. ਹਰ ਗੱਲ ਵਿਚ ਸੁਚੇਤ ਰਹਿਣ ਲਈ ਸਾਨੂੰ ਯਹੋਵਾਹ ਦੀ ਕਿਉਂ ਲੋੜ ਹੈ?

17 ਖ਼ਤਰਿਆਂ ਤੋਂ ਬਚਣ ਅਤੇ ਸਹੀ ਕੰਮ ਕਰਨ ਦੀ ਸਾਡੀ ਹਰ ਕੋਸ਼ਿਸ਼ ਦੇ ਬਾਵਜੂਦ ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ। (ਯਾਕੂਬ 3:2) ਹੋ ਸਕਦਾ ਹੈ ਕਿ ਅਸੀਂ ਅਣਜਾਣੇ ਵਿਚ ਕੋਈ ਗ਼ਲਤ ਕਦਮ ਚੁੱਕ ਲਈਏ। (ਜ਼ਬੂਰਾਂ ਦੀ ਪੋਥੀ 19:12, 13) ਇਸ ਤੋਂ ਇਲਾਵਾ, ਯਹੋਵਾਹ ਦੀ ਮਦਦ ਤੋਂ ਬਿਨਾਂ ਇਨਸਾਨ ਕੋਲ ਨਾ ਤਾਂ ਸਹੀ ਕਦਮ ਚੁੱਕਣ ਦੀ ਕਾਬਲੀਅਤ ਹੈ ਤੇ ਨਾ ਹੀ ਹੱਕ। (ਯਿਰਮਿਯਾਹ 10:23) ਅਸੀਂ ਯਹੋਵਾਹ ਦੇ ਕਿੰਨੇ ਧੰਨਵਾਦੀ ਹਾਂ ਕਿ ਉਹ ਸਾਨੂੰ ਇਹ ਭਰੋਸਾ ਦਿੰਦਾ ਹੈ: “ਮੈਂ ਤੈਨੂੰ ਸਮਝ ਦੇਵਾਂਗਾ, ਅਤੇ ਜਿਸ ਰਾਹ ਉੱਤੇ ਤੈਂ ਚੱਲਣਾ ਹੈ ਤੈਨੂੰ ਸਿਖਾਵਾਂਗਾ, ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।” (ਜ਼ਬੂਰਾਂ ਦੀ ਪੋਥੀ 32:8) ਜੀ ਹਾਂ, ਯਹੋਵਾਹ ਦੀ ਸੇਧ ਵਿਚ ਚੱਲ ਕੇ ਅਸੀਂ ਹਰ ਗੱਲ ਵਿਚ ਸੁਚੇਤ ਰਹਿ ਸਕਦੇ ਹਾਂ।

[ਫੁਟਨੋਟ]

^ ਪੈਰਾ 5 ਬਿਜ਼ਨਿਸ ਸੰਬੰਧੀ ਇਕਰਾਰਨਾਮੇ ਤਿਆਰ ਕਰਨ ਬਾਰੇ ਹੋਰ ਜਾਣਕਾਰੀ ਲਈ ਪਹਿਰਾਬੁਰਜ, 1 ਅਗਸਤ 1997, ਸਫ਼ੇ 31-32; 15 ਨਵੰਬਰ 1986 (ਅੰਗ੍ਰੇਜ਼ੀ), ਸਫ਼ੇ 16-17; ਅਤੇ ਜਾਗਰੂਕ ਬਣੋ!, 8 ਫਰਵਰੀ 1983 (ਅੰਗ੍ਰੇਜ਼ੀ), ਸਫ਼ੇ 13-15 ਦੇਖੋ।

^ ਪੈਰਾ 12 ਇਹ ਗੱਲਾਂ ਉਨ੍ਹਾਂ ਦੀ ਵੀ ਮਦਦ ਕਰਨਗੀਆਂ ਜੋ ਅਜਿਹਾ ਇਲਾਜ ਕਰਾਉਣ ਬਾਰੇ ਸੋਚ ਰਹੇ ਹਨ ਜੋ ਵਾਦ-ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ।

ਤੁਸੀਂ ਕੀ ਜਵਾਬ ਦਿਓਗੇ?

• ਕਿਸੇ ਨਾਲ ਬਿਜ਼ਨਿਸ ਕਰਨ ਦੇ ਮਾਮਲੇ ਵਿਚ ਅਸੀਂ ਕਿਵੇਂ ਸੁਚੇਤ ਰਹਿ ਸਕਦੇ ਹਾਂ?

• ਜੀਵਨ-ਸਾਥੀ ਲੱਭਣ ਵਿਚ ਅਸੀਂ ਸਮਝਦਾਰੀ ਕਿਵੇਂ ਵਰਤ ਸਕਦੇ ਹਾਂ?

• ਇਲਾਜ ਦੇ ਮਾਮਲੇ ਵਿਚ ਅਸੀਂ ਬੁੱਧੀ ਨਾਲ ਕਿਵੇਂ ਚੱਲ ਸਕਦੇ ਹਾਂ?

• ਤਣਾਅ ਦੌਰਾਨ ਅਸੀਂ ਕਿਵੇਂ ਸੁਚੇਤ ਰਹਿ ਸਕਦੇ ਹਾਂ?

[ਸਵਾਲ]

[ਸਫ਼ੇ 25 ਉੱਤੇ ਡੱਬੀ]

ਕੀ ਇੰਟਰਨੈੱਟ ਤੇ ਭਰੋਸਾ ਕੀਤਾ ਜਾ ਸਕਦਾ ਹੈ?

ਜੀਵਨ-ਸਾਥੀ ਲੱਭਣ ਲਈ ਬਣਾਈਆਂ ਗਈਆਂ ਵੈੱਬ-ਸਾਈਟਾਂ ਉੱਤੇ ਇਹ ਚੇਤਾਵਨੀਆਂ ਦਿੱਤੀਆਂ ਜਾਂਦੀਆਂ ਹਨ:

“ਭਾਵੇਂ ਅਸੀਂ ਹਰ ਵਿਅਕਤੀ ਦੀ ਅਸਲੀ ਪਛਾਣ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਫਿਰ ਵੀ ਅਸੀਂ ਇਸ ਦੀ ਗਾਰੰਟੀ ਨਹੀਂ ਦਿੰਦੇ।”

“ਅਸੀਂ ਕੋਈ ਗਾਰੰਟੀ ਨਹੀਂ ਦਿੰਦੇ ਹਾਂ ਕਿ ਇਸ ਵੈੱਬ-ਸਾਈਟ ਵਿਚ ਦਿੱਤੀ ਸਾਰੀ ਜਾਣਕਾਰੀ ਸਹੀ, ਪੂਰੀ ਜਾਂ ਫ਼ਾਇਦੇਮੰਦ ਹੈ।”

“ਇਸ ਵੈੱਬ-ਸਾਈਟ ਤੇ ਵੱਖੋ-ਵੱਖਰੇ ਲੋਕਾਂ ਦੀ ਦਿੱਤੀ ਰਾਇ, ਸਲਾਹ, ਬਿਆਨ ਜਾਂ ਹੋਰ ਕੋਈ ਵੀ ਜਾਣਕਾਰੀ ਉਨ੍ਹਾਂ ਦੀ ਆਪਣੀ ਹੈ ਤੇ ਜ਼ਰੂਰੀ ਨਹੀਂ ਕਿ ਇਹ ਸਹੀ ਹੋਵੇ।”

[ਸਫ਼ਾ 23 ਉੱਤੇ ਤਸਵੀਰ]

“ਸਿਆਣਾ ਵੇਖ ਭਾਲ ਕੇ ਚੱਲਦਾ ਹੈ”

[ਸਫ਼ੇ 24, 25 ਉੱਤੇ ਤਸਵੀਰਾਂ]

ਮਸੀਹੀ ਭੈਣਾਂ ਸ਼ੂਲੰਮੀਥ ਕੁੜੀ ਦੀ ਰੀਸ ਕਿਵੇਂ ਕਰ ਸਕਦੀਆਂ ਹਨ?

[ਸਫ਼ਾ 26 ਉੱਤੇ ਤਸਵੀਰ]

“ਸਭਨਾਂ ਗੱਲਾਂ ਨੂੰ ਪਰਖੋ, ਖਰੀਆਂ ਨੂੰ ਫੜੀ ਰੱਖੋ”