Skip to content

Skip to table of contents

“ਹਰੇਕ ਨੂੰ ਆਪਣਾ ਹੀ ਭਾਰ ਚੁੱਕਣਾ ਪਵੇਗਾ”

“ਹਰੇਕ ਨੂੰ ਆਪਣਾ ਹੀ ਭਾਰ ਚੁੱਕਣਾ ਪਵੇਗਾ”

“ਹਰੇਕ ਨੂੰ ਆਪਣਾ ਹੀ ਭਾਰ ਚੁੱਕਣਾ ਪਵੇਗਾ”

“ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।”—ਰੋਮੀਆਂ 14:12.

1. ਸ਼ਦਰਕ, ਮੇਸ਼ਕ ਤੇ ਅਬਦ-ਨਗੋ ਨੇ ਆਪਣੀ ਕਿਹੜੀ ਜ਼ਿੰਮੇਵਾਰੀ ਨਿਭਾਈ ਸੀ?

ਬਾਬਲ ਵਿਚ ਰਹਿੰਦੇ ਤਿੰਨ ਇਬਰਾਨੀ ਨੌਜਵਾਨਾਂ ਨੂੰ ਇਕ ਜ਼ਰੂਰੀ ਫ਼ੈਸਲਾ ਕਰਨਾ ਪਿਆ। ਸ਼ਦਰਕ, ਮੇਸ਼ਕ ਤੇ ਅਬਦ-ਨਗੋ ਲਈ ਇਹ ਜ਼ਿੰਦਗੀ ਤੇ ਮੌਤ ਦਾ ਸਵਾਲ ਸੀ। ਕੀ ਉਨ੍ਹਾਂ ਨੂੰ ਰਾਜੇ ਦੇ ਹੁਕਮ ਅਨੁਸਾਰ ਇਕ ਵੱਡੀ ਮੂਰਤ ਅੱਗੇ ਮੱਥਾ ਟੇਕਣਾ ਚਾਹੀਦਾ ਸੀ? ਜਾਂ ਕੀ ਉਨ੍ਹਾਂ ਨੂੰ ਇਨਕਾਰ ਕਰਨਾ ਚਾਹੀਦਾ ਸੀ ਜਿਸ ਕਰਕੇ ਉਨ੍ਹਾਂ ਨੂੰ ਬਲਦੀ ਭੱਠੀ ਵਿਚ ਸੁੱਟ ਦਿੱਤਾ ਜਾਣਾ ਸੀ? ਉਨ੍ਹਾਂ ਕੋਲ ਕਿਸੇ ਤੋਂ ਪੁੱਛਣ ਦਾ ਸਮਾਂ ਨਹੀਂ ਸੀ ਤੇ ਨਾ ਹੀ ਉਨ੍ਹਾਂ ਨੂੰ ਪੁੱਛਣ ਦੀ ਜ਼ਰੂਰਤ ਸੀ। ਉਨ੍ਹਾਂ ਨੇ ਬਿਨਾਂ ਝਿਜਕੇ ਸਾਫ਼ ਜਵਾਬ ਦਿੱਤਾ: “ਹੇ ਮਹਾਰਾਜ, ਤੁਹਾਨੂੰ ਪਤਾ ਹੋਵੇ ਕਿ ਅਸੀਂ ਤੁਹਾਡੇ ਦਿਓਤਿਆਂ ਦੀ ਸੇਵਾ ਨਹੀਂ ਕਰਾਂਗੇ ਅਤੇ ਨਾ ਉਸ ਸੋਨੇ ਦੀ ਮੂਰਤ ਅੱਗੇ ਜਿਹ ਨੂੰ ਤੁਸਾਂ ਖੜਾ ਕੀਤਾ ਹੈ ਮੱਥਾ ਟੇਕਾਂਗੇ।” (ਦਾਨੀਏਲ 3:1-18) ਇਨ੍ਹਾਂ ਤਿੰਨ ਨੌਜਵਾਨਾਂ ਨੇ ਆਪਣਾ ਫ਼ੈਸਲਾ ਆਪ ਕਰਨ ਦੀ ਜ਼ਿੰਮੇਵਾਰੀ ਨਿਭਾਈ।

2. ਯਿਸੂ ਬਾਰੇ ਕਿਨ੍ਹਾਂ ਨੇ ਪਿਲਾਤੁਸ ਲਈ ਫ਼ੈਸਲਾ ਕੀਤਾ ਸੀ ਅਤੇ ਕੀ ਉਹ ਯਿਸੂ ਦੇ ਖ਼ੂਨ ਤੋਂ ਨਿਰਦੋਸ਼ ਸੀ?

2 ਇਸ ਘਟਨਾ ਤੋਂ ਤਕਰੀਬਨ 600 ਸਾਲ ਬਾਅਦ ਰੋਮੀ ਗਵਰਨਰ ਪੁੰਤਿਯੁਸ ਪਿਲਾਤੁਸ ਯਿਸੂ ਦੇ ਮੁਕੱਦਮੇ ਦੀ ਸੁਣਵਾਈ ਕਰ ਰਿਹਾ ਸੀ। ਪੂਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਯਕੀਨ ਹੋ ਗਿਆ ਸੀ ਕਿ ਯਿਸੂ ਬੇਕਸੂਰ ਸੀ। ਪਰ ਯਹੂਦੀ ਲੋਕਾਂ ਦੀ ਭੀੜ ਯਿਸੂ ਦੇ ਖ਼ੂਨ ਦੀ ਪਿਆਸੀ ਸੀ। ਪਿਲਾਤੁਸ ਨੇ ਪਹਿਲਾਂ-ਪਹਿਲ ਤਾਂ ਯਿਸੂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਉਹ ਆਪਣਾ ਫ਼ਰਜ਼ ਨਿਭਾਉਣ ਤੋਂ ਪਿੱਛੇ ਹੱਟ ਗਿਆ। ਆਪਣੇ ਹੱਥ ਧੋ ਕੇ ਉਸ ਨੇ ਕਿਹਾ: “ਮੈਂ ਇਸ ਦੇ ਲਹੂ ਤੋਂ ਨਿਰਦੋਸ਼ ਹਾਂ।” ਫਿਰ ਉਸ ਨੇ ਯਿਸੂ ਨੂੰ ਸੂਲੀ ਚੜ੍ਹਾਉਣ ਲਈ ਯਹੂਦੀ ਲੋਕਾਂ ਦੇ ਹਵਾਲੇ ਕਰ ਦਿੱਤਾ। ਜੀ ਹਾਂ, ਯਿਸੂ ਬਾਰੇ ਖ਼ੁਦ ਫ਼ੈਸਲਾ ਕਰਨ ਦੀ ਜ਼ਿੰਮੇਵਾਰੀ ਚੁੱਕਣ ਦੀ ਬਜਾਇ ਪਿਲਾਤੁਸ ਨੇ ਦੂਸਰਿਆਂ ਨੂੰ ਉਸ ਲਈ ਫ਼ੈਸਲਾ ਕਰਨ ਦਿੱਤਾ। ਉਹ ਭਾਵੇਂ ਜਿੰਨਾ ਮਰਜ਼ੀ ਆਪਣੇ ਹੱਥ ਧੋ ਲੈਂਦਾ, ਪਰ ਯਿਸੂ ਨਾਲ ਅਨਿਆਂ ਕਰਨ ਦਾ ਉਸ ਦਾ ਦੋਸ਼ ਨਹੀਂ ਧੋ ਹੋਣਾ ਸੀ।—ਮੱਤੀ 27:11-26; ਲੂਕਾ 23:13-25.

3. ਸਾਨੂੰ ਆਪਣੇ ਫ਼ੈਸਲੇ ਦੂਸਰਿਆਂ ਤੇ ਕਿਉਂ ਨਹੀਂ ਛੱਡਣੇ ਚਾਹੀਦੇ?

3 ਤੁਹਾਡੇ ਬਾਰੇ ਕੀ? ਜਦ ਤੁਹਾਨੂੰ ਕੋਈ ਫ਼ੈਸਲਾ ਕਰਨਾ ਪੈਂਦਾ ਹੈ, ਤਾਂ ਕੀ ਤੁਸੀਂ ਸ਼ਦਰਕ, ਮੇਸ਼ਕ ਤੇ ਅਬਦ-ਨਗੋ ਵਾਂਗ ਆਪ ਫ਼ੈਸਲਾ ਕਰਦੇ ਹੋ ਜਾਂ ਕੀ ਦੂਸਰੇ ਤੁਹਾਡੇ ਲਈ ਫ਼ੈਸਲਾ ਕਰਦੇ ਹਨ? ਫ਼ੈਸਲੇ ਕਰਨੇ ਹਮੇਸ਼ਾ ਸੌਖੇ ਨਹੀਂ ਹੁੰਦੇ। ਸਹੀ ਫ਼ੈਸਲੇ ਕਰਨ ਲਈ ਸਿਆਣਪ ਦੀ ਲੋੜ ਹੁੰਦੀ ਹੈ। ਮਿਸਾਲ ਲਈ, ਮਾਪੇ ਆਪਣੇ ਛੋਟੇ ਬੱਚਿਆਂ ਲਈ ਸਹੀ ਫ਼ੈਸਲੇ ਕਰਦੇ ਹਨ। ਉਦੋਂ ਫ਼ੈਸਲਾ ਕਰਨਾ ਖ਼ਾਸਕਰ ਬਹੁਤ ਔਖਾ ਹੁੰਦਾ ਹੈ ਜਦ ਮਾਮਲਾ ਗੁੰਝਲਦਾਰ ਹੋਣ ਕਰਕੇ ਕਈ ਗੱਲਾਂ ਨੂੰ ਧਿਆਨ ਵਿਚ ਰੱਖਣਾ ਪੈਂਦਾ ਹੈ। ਫਿਰ ਵੀ ਅਸੀਂ ਖ਼ੁਦ ਫ਼ੈਸਲੇ ਕਰਨੇ ਹਨ। ਇਹ ਜ਼ਿੰਮੇਵਾਰੀ ਅਜਿਹਾ “ਭਾਰ” ਨਹੀਂ ਜੋ ਬਜ਼ੁਰਗ ਜਾਂ ਹੋਰ ਲੋਕ ਸਾਡੇ ਲਈ ਚੁੱਕ ਸਕਦੇ ਹਨ। (ਗਲਾਤੀਆਂ 6:1, 2) ਬਲਕਿ ਆਪਣੇ ਫ਼ੈਸਲਿਆਂ ਲਈ “ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।” (ਰੋਮੀਆਂ 14:12) ਬਾਈਬਲ ਕਹਿੰਦੀ ਹੈ ਕਿ “ਹਰੇਕ ਨੂੰ ਆਪਣਾ ਹੀ ਭਾਰ ਚੁੱਕਣਾ ਪਵੇਗਾ” ਯਾਨੀ ਫ਼ੈਸਲੇ ਕਰਨ ਦੀ ਆਪਣੀ ਜ਼ਿੰਮੇਵਾਰੀ ਚੁੱਕਣੀ ਪਵੇਗੀ। (ਗਲਾਤੀਆਂ 6:5) ਤਾਂ ਫਿਰ ਅਸੀਂ ਜ਼ਿੰਦਗੀ ਵਿਚ ਸਹੀ ਫ਼ੈਸਲੇ ਕਿਵੇਂ ਕਰ ਸਕਦੇ ਹਾਂ? ਪਹਿਲਾਂ ਤਾਂ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਸਹੀ ਫ਼ੈਸਲੇ ਕਰਨ ਲਈ ਸਾਨੂੰ ਪਰਮੇਸ਼ੁਰ ਦੀ ਸੇਧ ਦੀ ਲੋੜ ਹੈ।

ਪਰਮੇਸ਼ੁਰ ਦੀ ਸੇਧ ਜ਼ਰੂਰੀ

4. ਪਹਿਲੇ ਜੋੜੇ ਦੀ ਅਣਆਗਿਆਕਾਰੀ ਤੋਂ ਅਸੀਂ ਫ਼ੈਸਲੇ ਕਰਨ ਬਾਰੇ ਕਿਹੜਾ ਜ਼ਰੂਰੀ ਸਬਕ ਸਿੱਖਦੇ ਹਾਂ?

4 ਇਤਿਹਾਸ ਦੇ ਸ਼ੁਰੂ ਵਿਚ ਹੀ ਪਹਿਲੇ ਇਨਸਾਨੀ ਜੋੜੇ ਨੇ ਅਜਿਹਾ ਫ਼ੈਸਲਾ ਕੀਤਾ ਜਿਸ ਦਾ ਨਤੀਜਾ ਬਹੁਤ ਬੁਰਾ ਨਿਕਲਿਆ। ਉਨ੍ਹਾਂ ਨੇ ਭਲੇ-ਬੁਰੇ ਦੇ ਗਿਆਨ ਦੇ ਦਰਖ਼ਤ ਤੋਂ ਫਲ ਖਾਧਾ। (ਉਤਪਤ 2:16, 17) ਉਨ੍ਹਾਂ ਨੇ ਇਹ ਫ਼ੈਸਲਾ ਕਿਉਂ ਕੀਤਾ? ਬਾਈਬਲ ਕਹਿੰਦੀ ਹੈ ਕਿ “ਤੀਵੀਂ ਨੇ ਵੇਖਿਆ ਕਿ ਉਹ ਬਿਰਛ ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਭਾਉਂਦਾ ਹੈ . . . ਤਾਂ ਉਸ ਨੇ ਉਹ ਦੇ ਫਲ ਤੋਂ ਲਿਆ ਤੇ ਆਪ ਖਾਧਾ ਨਾਲੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸ ਨੇ ਖਾਧਾ।” (ਉਤਪਤ 3:6) ਹੱਵਾਹ ਨੇ ਆਪਣੇ ਸੁਆਰਥ ਲਈ ਫਲ ਖਾਣ ਦਾ ਫ਼ੈਸਲਾ ਕੀਤਾ ਸੀ ਤੇ ਬਾਅਦ ਵਿਚ ਆਦਮ ਨੇ ਵੀ ਉਸ ਦਾ ਸਾਥ ਦਿੱਤਾ। ਨਤੀਜੇ ਵਜੋਂ ਪਾਪ ਅਤੇ ਮੌਤ “ਸਭਨਾਂ ਮਨੁੱਖਾਂ ਵਿੱਚ ਫੈਲਰ ਗਈ।” (ਰੋਮੀਆਂ 5:12) ਆਦਮ ਤੇ ਹੱਵਾਹ ਦੀ ਅਣਆਗਿਆਕਾਰੀ ਤੋਂ ਅਸੀਂ ਇਹੋ ਸਬਕ ਸਿੱਖਦੇ ਹਾਂ ਕਿ ਪਰਮੇਸ਼ੁਰ ਦੀ ਸੇਧ ਤੋਂ ਬਿਨਾਂ ਇਨਸਾਨ ਅਕਸਰ ਗ਼ਲਤ ਫ਼ੈਸਲੇ ਹੀ ਕਰਦੇ ਹਨ।

5. ਯਹੋਵਾਹ ਸਾਨੂੰ ਕਿਵੇਂ ਸੇਧ ਦਿੰਦਾ ਹੈ ਅਤੇ ਇਸ ਦਾ ਫ਼ਾਇਦਾ ਉਠਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

5 ਅਸੀਂ ਯਹੋਵਾਹ ਪਰਮੇਸ਼ੁਰ ਦੇ ਕਿੰਨੇ ਧੰਨਵਾਦੀ ਹਾਂ ਕਿ ਉਹ ਸਾਨੂੰ ਸੇਧ ਦਿੰਦਾ ਹੈ। ਬਾਈਬਲ ਕਹਿੰਦੀ ਹੈ: “ਤੁਹਾਡੇ ਕੰਨ ਤੁਹਾਡੇ ਪਿੱਛੋਂ ਏਹ ਗੱਲ ਸੁਣਨਗੇ ਕਿ ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ, ਜਦ ਤੁਸੀਂ ਸੱਜੇ ਨੂੰ ਮੁੜੋ ਅਤੇ ਜਦ ਤੁਸੀਂ ਖੱਬੇ ਨੂੰ ਮੁੜੋ।” (ਯਸਾਯਾਹ 30:21) ਯਹੋਵਾਹ ਆਪਣੇ ਬਚਨ ਰਾਹੀਂ ਸਾਡੇ ਨਾਲ ਗੱਲ ਕਰਦਾ ਹੈ। ਸਾਨੂੰ ਬਾਈਬਲ ਪੜ੍ਹ ਕੇ ਸਹੀ ਗਿਆਨ ਹਾਸਲ ਕਰਨਾ ਚਾਹੀਦਾ ਹੈ। ਸਹੀ ਫ਼ੈਸਲੇ ਕਰਨ ਲਈ ਸਾਨੂੰ ਉਹ “ਅੰਨ” ਲੈਣਾ ਚਾਹੀਦਾ ਹੈ ਜੋ “ਸਿਆਣਿਆਂ ਲਈ ਹੈ।” ਸਾਡੀਆਂ ‘ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਚ ਕਰਨ ਨੂੰ ਅਭਿਆਸ ਨਾਲ ਸਾਧੀਆਂ ਜਾਂਦੀਆਂ ਹਨ।’ (ਇਬਰਾਨੀਆਂ 5:14) ਆਪਣੀਆਂ ਗਿਆਨ ਇੰਦਰੀਆਂ ਨੂੰ ਸਾਧਣ ਲਈ ਸਾਨੂੰ ਪਰਮੇਸ਼ੁਰ ਦੇ ਬਚਨ ਉੱਤੇ ਅਮਲ ਕਰਨਾ ਚਾਹੀਦਾ ਹੈ।

6. ਜੇ ਸਾਡੀ ਜ਼ਮੀਰ ਨੇ ਚੰਗੀ ਤਰ੍ਹਾਂ ਕੰਮ ਕਰਨਾ ਹੈ, ਤਾਂ ਕੀ ਜ਼ਰੂਰੀ ਹੈ?

6 ਫ਼ੈਸਲੇ ਕਰਨ ਵਿਚ ਸਾਡੀ ਜ਼ਮੀਰ ਮਦਦ ਕਰ ਸਕਦੀ ਹੈ। ਇਹ ਸਾਨੂੰ ਦੱਸ ਸਕਦੀ ਹੈ ਕਿ ਕੀ ਗ਼ਲਤ ਹੈ ਤੇ ਕੀ ਸਹੀ ਅਤੇ ਸਾਨੂੰ ‘ਦੋਸ਼ੀ ਅਥਵਾ ਨਿਰਦੋਸ਼’ ਠਹਿਰਾਉਂਦੀ ਹੈ। (ਰੋਮੀਆਂ 2:14, 15) ਪਰ ਜੇ ਸਾਡੀ ਜ਼ਮੀਰ ਨੇ ਸਹੀ ਤਰ੍ਹਾਂ ਕੰਮ ਕਰਨਾ ਹੈ, ਤਾਂ ਸਾਨੂੰ ਪਰਮੇਸ਼ੁਰ ਦੇ ਬਚਨ ਦਾ ਸਹੀ ਗਿਆਨ ਲੈਣਾ ਚਾਹੀਦਾ ਹੈ ਅਤੇ ਉਸ ਉੱਤੇ ਚੱਲਣਾ ਚਾਹੀਦਾ ਹੈ। ਨਹੀਂ ਤਾਂ ਦੁਨੀਆਂ ਦੇ ਰੀਤਾਂ-ਰਿਵਾਜਾਂ ਅਤੇ ਆਦਤਾਂ ਸਾਡੀ ਜ਼ਮੀਰ ਤੇ ਅਸਰ ਕਰਨਗੀਆਂ। ਦੁਨੀਆਂ ਦਾ ਮਾਹੌਲ ਅਤੇ ਦੂਸਰੇ ਲੋਕਾਂ ਦੀ ਰਾਇ ਵੀ ਸਾਨੂੰ ਕੁਰਾਹੇ ਪਾ ਸਕਦੀਆਂ ਹਨ। ਸਾਡੀ ਜ਼ਮੀਰ ਨੂੰ ਉਦੋਂ ਕੀ ਹੁੰਦਾ ਹੈ ਜਦ ਅਸੀਂ ਵਾਰ-ਵਾਰ ਇਸ ਦੀ ਆਵਾਜ਼ ਨਹੀਂ ਸੁਣਦੇ ਅਤੇ ਪਰਮੇਸ਼ੁਰ ਦੇ ਮਿਆਰਾਂ ਨੂੰ ਤੋੜਦੇ ਹਾਂ? ਸਾਡੀ ਜ਼ਮੀਰ ਮਰ ਜਾਂਦੀ ਹੈ, ਠੀਕ ਜਿਵੇਂ “ਤੱਤੇ ਲੋਹੇ ਨਾਲ” ਦਾਗ਼ੀ ਚਮੜੀ ਦੇ ਟਿਸ਼ੂ ਮਰ ਜਾਂਦੇ ਹਨ ਜਿਸ ਕਰਕੇ ਚਮੜੀ ਕੁਝ ਮਹਿਸੂਸ ਨਹੀਂ ਕਰਦੀ। (1 ਤਿਮੋਥਿਉਸ 4:2) ਦੂਜੇ ਪਾਸੇ, ਪਰਮੇਸ਼ੁਰ ਦੇ ਬਚਨ ਅਨੁਸਾਰ ਸਾਧੀ ਹੋਈ ਜ਼ਮੀਰ ਸਾਨੂੰ ਸਹੀ ਸੇਧ ਦੇਵੇਗੀ।

7. ਸਹੀ ਫ਼ੈਸਲੇ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

7 ਸੋ ਸਹੀ ਫ਼ੈਸਲੇ ਕਰਨ ਲਈ ਸਾਨੂੰ ਬਾਈਬਲ ਦਾ ਸਹੀ ਗਿਆਨ ਲੈਣ ਅਤੇ ਉਸ ਗਿਆਨ ਮੁਤਾਬਕ ਚੱਲਣ ਦੀ ਲੋੜ ਹੈ। ਜਲਦਬਾਜ਼ੀ ਵਿਚ ਫ਼ੈਸਲੇ ਕਰਨ ਦੀ ਬਜਾਇ ਸਾਨੂੰ ਸਮਾਂ ਕੱਢ ਕੇ ਬਾਈਬਲ ਦੇ ਸਿਧਾਂਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਫਿਰ ਉਨ੍ਹਾਂ ਨੂੰ ਲਾਗੂ ਕਰਨਾ ਚਾਹੀਦਾ ਹੈ। ਫਿਰ ਚਾਹੇ ਸਾਨੂੰ ਸ਼ਦਰਕ, ਮੇਸ਼ਕ ਤੇ ਅਬਦ-ਨਗੋ ਵਾਂਗ ਫ਼ੌਰਨ ਫ਼ੈਸਲਾ ਕਰਨਾ ਪਵੇ, ਤਾਂ ਵੀ ਅਸੀਂ ਪਰਮੇਸ਼ੁਰ ਦੇ ਬਚਨ ਦੇ ਸਹੀ ਗਿਆਨ ਅਤੇ ਆਪਣੀ ਜ਼ਮੀਰ ਅਨੁਸਾਰ ਸਹੀ ਫ਼ੈਸਲੇ ਕਰ ਸਕਾਂਗੇ। ਇਹ ਦੇਖਣ ਲਈ ਕਿ ਸਿਆਣਪ ਸਾਨੂੰ ਫ਼ੈਸਲੇ ਕਰਨ ਵਿਚ ਮਦਦ ਕਿਵੇਂ ਦਿੰਦੀ ਹੈ, ਆਓ ਆਪਾਂ ਜ਼ਿੰਦਗੀ ਦੇ ਦੋ ਪਹਿਲੂਆਂ ਵੱਲ ਧਿਆਨ ਦੇਈਏ।

ਅਸੀਂ ਕਿਨ੍ਹਾਂ ਨਾਲ ਸੰਗਤ ਕਰਾਂਗੇ?

8, 9. (ੳ) ਬਾਈਬਲ ਦੇ ਕਿਹੜੇ ਸਿਧਾਂਤ ਦਿਖਾਉਂਦੇ ਹਨ ਕਿ ਬੁਰੀ ਸੰਗਤ ਤੋਂ ਬਚਣਾ ਜ਼ਰੂਰੀ ਹੈ? (ਅ) ਸਮਝਾਓ ਕਿ ਬੁਰੀ ਸੰਗਤ ਵਿਚ ਕੀ-ਕੀ ਸ਼ਾਮਲ ਹੈ।

8 ਪੌਲੁਸ ਰਸੂਲ ਨੇ ਲਿਖਿਆ: “ਧੋਖਾ ਨਾ ਖਾਓ, ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।” (1 ਕੁਰਿੰਥੀਆਂ 15:33) ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ: “ਤੁਸੀਂ ਜਗਤ ਦੇ ਨਹੀਂ ਹੋ।” (ਯੂਹੰਨਾ 15:19) ਇਨ੍ਹਾਂ ਸਿਧਾਂਤਾਂ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਵਿਭਚਾਰੀਆਂ, ਜ਼ਨਾਹਕਾਰਾਂ, ਚੋਰਾਂ, ਸ਼ਰਾਬੀਆਂ ਵਗੈਰਾ ਨਾਲ ਸੰਗਤ ਨਹੀਂ ਰੱਖਣੀ ਚਾਹੀਦੀ। (1 ਕੁਰਿੰਥੀਆਂ 6:9, 10) ਪਰ ਜਿੱਦਾਂ-ਜਿੱਦਾਂ ਅਸੀਂ ਬਾਈਬਲ ਦਾ ਹੋਰ ਗਿਆਨ ਲੈਂਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਕਿਤਾਬਾਂ, ਫ਼ਿਲਮਾਂ, ਟੀ. ਵੀ. ਪ੍ਰੋਗ੍ਰਾਮਾਂ ਤੇ ਕੰਪਿਊਟਰ ਰਾਹੀਂ ਵੀ ਅਸੀਂ ਬੁਰੇ ਕੰਮ ਕਰਨ ਵਾਲੇ ਲੋਕਾਂ ਦੀ ਸੰਗਤ ਵਿਚ ਹੁੰਦੇ ਹਾਂ ਜਿਸ ਦਾ ਸਾਡੇ ਉੱਤੇ ਬੁਰਾ ਅਸਰ ਪਵੇਗਾ। ਇਹੀ ਗੱਲ ਇੰਟਰਨੈੱਟ ਤੇ ‘ਕਪਟੀ’ ਲੋਕਾਂ ਨਾਲ ਸੰਪਰਕ ਰੱਖਣ ਬਾਰੇ ਵੀ ਕਹੀ ਜਾ ਸਕਦੀ ਹੈ ਜੋ ਆਪਣੀ ਅਸਲੀਅਤ ਨੂੰ ਲੁਕਾ ਕੇ ਰੱਖਦੇ ਹਨ।—ਜ਼ਬੂਰਾਂ ਦੀ ਪੋਥੀ 26:4.

9 ਉਨ੍ਹਾਂ ਲੋਕਾਂ ਨਾਲ ਦੋਸਤੀ ਕਰਨ ਬਾਰੇ ਕੀ ਜਿਨ੍ਹਾਂ ਦਾ ਚਾਲ-ਚਲਣ ਚੰਗਾ ਹੈ, ਪਰ ਉਹ ਸੱਚੇ ਪਰਮੇਸ਼ੁਰ ਉੱਤੇ ਵਿਸ਼ਵਾਸ ਨਹੀਂ ਕਰਦੇ? ਬਾਈਬਲ ਸਾਨੂੰ ਦੱਸਦੀ ਹੈ: “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਸਾਨੂੰ ਉਨ੍ਹਾਂ ਸਾਰਿਆਂ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਜੋ ਬਾਈਬਲ ਦੇ ਅਸੂਲਾਂ ਉੱਤੇ ਨਹੀਂ ਚੱਲਦੇ। ਇਸ ਲਈ ਸਾਨੂੰ ਸਿਰਫ਼ ਉਨ੍ਹਾਂ ਲੋਕਾਂ ਨਾਲ ਪੱਕੀ ਦੋਸਤੀ ਕਰਨੀ ਚਾਹੀਦੀ ਹੈ ਜੋ ਯਹੋਵਾਹ ਨਾਲ ਪਿਆਰ ਕਰਦੇ ਹਨ।

10. ਦੁਨੀਆਂ ਦੇ ਲੋਕਾਂ ਨਾਲ ਸੰਪਰਕ ਰੱਖਣ ਦੇ ਸੰਬੰਧ ਵਿਚ ਅਸੀਂ ਸਹੀ ਫ਼ੈਸਲੇ ਕਿਵੇਂ ਕਰ ਸਕਦੇ ਹਾਂ?

10 ਦੁਨੀਆਂ ਦੇ ਲੋਕਾਂ ਤੋਂ ਬਿਲਕੁਲ ਦੂਰ ਰਹਿਣਾ ਨਾ ਤਾਂ ਮੁਮਕਿਨ ਹੈ ਤੇ ਨਾ ਹੀ ਜ਼ਰੂਰੀ। (ਯੂਹੰਨਾ 17:15) ਪ੍ਰਚਾਰ ਕਰਦੇ ਸਮੇਂ, ਸਕੂਲ ਵਿਚ ਅਤੇ ਕੰਮ ਤੇ ਸਾਨੂੰ ਲੋਕਾਂ ਨੂੰ ਮਿਲਣਾ ਪੈਂਦਾ ਹੈ। ਉਸ ਮਸੀਹੀ ਨੂੰ, ਜਿਸ ਦਾ ਜੀਵਨ-ਸਾਥੀ ਯਹੋਵਾਹ ਦਾ ਗਵਾਹ ਨਹੀਂ ਹੈ, ਸ਼ਾਇਦ ਦੂਸਰੇ ਗਵਾਹਾਂ ਨਾਲੋਂ ਜ਼ਿਆਦਾ ਦੁਨੀਆਂ ਨਾਲ ਮਿਲਣਾ-ਵਰਤਣਾ ਪਵੇ। ਪਰ ਭਲੇ-ਬੁਰੇ ਦੀ ਜਾਂਚ ਕਰਨੀ ਸਿੱਖਣ ਤੋਂ ਬਾਅਦ ਅਸੀਂ ਸਮਝ ਜਾਂਦੇ ਹਾਂ ਕਿ ਸਾਨੂੰ ਕੁਝ ਹੱਦ ਤਕ ਦੁਨੀਆਂ ਦੇ ਲੋਕਾਂ ਨਾਲ ਸੰਪਰਕ ਰੱਖਣਾ ਪੈਂਦਾ ਹੈ, ਪਰ ਸਾਨੂੰ ਉਨ੍ਹਾਂ ਨਾਲ ਦੋਸਤੀ ਨਹੀਂ ਕਰਨੀ ਚਾਹੀਦੀ। (ਯਾਕੂਬ 4:4) ਇਹ ਗੱਲਾਂ ਮਨ ਵਿਚ ਰੱਖਦੇ ਹੋਏ ਅਸੀਂ ਸਹੀ ਫ਼ੈਸਲੇ ਕਰ ਸਕਾਂਗੇ। ਮਿਸਾਲ ਲਈ, ਕੀ ਅਸੀਂ ਸਕੂਲ ਵਿਚ ਖੇਡਾਂ ਜਾਂ ਨਾਚ ਪ੍ਰੋਗ੍ਰਾਮਾਂ ਵਿਚ ਹਿੱਸਾ ਲਵਾਂਗੇ ਜਾਂ ਆਪਣੇ ਦਫ਼ਤਰ ਦੇ ਕਰਮਚਾਰੀਆਂ ਲਈ ਰੱਖੀਆਂ ਪਾਰਟੀਆਂ ਜਾਂ ਦਾਅਵਤਾਂ ਵਿਚ ਸ਼ਾਮਲ ਹੋਵਾਂਗੇ?

ਨੌਕਰੀ ਸੰਬੰਧੀ ਫ਼ੈਸਲੇ

11. ਕੰਮ ਲੱਭਣ ਦੇ ਸੰਬੰਧ ਵਿਚ ਅਸੀਂ ਪਹਿਲਾਂ ਕਿਸ ਗੱਲ ਵੱਲ ਧਿਆਨ ਦੇਵਾਂਗੇ?

11 “ਆਪਣੇ ਘਰਾਣੇ” ਦੀ ਦੇਖ-ਭਾਲ ਕਰਨ ਲਈ ਅਸੀਂ ਕਿਸ ਤਰ੍ਹਾਂ ਦੀ ਨੌਕਰੀ ਕਰਾਂਗੇ, ਇਸ ਬਾਰੇ ਸਹੀ ਫ਼ੈਸਲਾ ਕਰਨ ਵਿਚ ਵੀ ਬਾਈਬਲ ਦੇ ਸਿਧਾਂਤ ਸਾਡੀ ਮਦਦ ਕਰ ਸਕਦੇ ਹਨ। (1 ਤਿਮੋਥਿਉਸ 5:8) ਪਹਿਲਾਂ ਤਾਂ ਸਾਨੂੰ ਧਿਆਨ ਦੇਣਾ ਹੋਵੇਗਾ ਕਿ ਕੰਮ ਤੇ ਸਾਨੂੰ ਕੀ-ਕੀ ਕਰਨ ਲਈ ਕਿਹਾ ਜਾਵੇਗਾ। ਅਜਿਹਾ ਕੰਮ ਕਰਨਾ ਗ਼ਲਤ ਹੋਵੇਗਾ ਜੋ ਬਾਈਬਲ ਵਿਚ ਮਨ੍ਹਾ ਹੈ। ਇਸ ਲਈ ਮਸੀਹੀ ਅਜਿਹੀ ਨੌਕਰੀ ਨਹੀਂ ਕਰਦੇ ਜਿਸ ਵਿਚ ਮੂਰਤੀ-ਪੂਜਾ, ਚੋਰੀ, ਖ਼ੂਨ ਦੀ ਕੁਵਰਤੋਂ ਜਾਂ ਬਾਈਬਲ ਦੇ ਖ਼ਿਲਾਫ਼ ਕੋਈ ਹੋਰ ਕੰਮ ਸ਼ਾਮਲ ਹੋਵੇ ਤੇ ਨਾ ਹੀ ਉਹ ਝੂਠ ਬੋਲਦੇ ਜਾਂ ਦੂਸਰਿਆਂ ਨੂੰ ਠੱਗਦੇ ਹਨ, ਚਾਹੇ ਉਨ੍ਹਾਂ ਦਾ ਮਾਲਕ ਇਸ ਤਰ੍ਹਾਂ ਕਰਨ ਲਈ ਹੀ ਕਿਉਂ ਨਾ ਕਹੇ।—ਰਸੂਲਾਂ ਦੇ ਕਰਤੱਬ 15:29; ਪਰਕਾਸ਼ ਦੀ ਪੋਥੀ 21:8.

12, 13. ਨੌਕਰੀ ਸੰਬੰਧੀ ਫ਼ੈਸਲੇ ਕਰਨ ਲਈ ਸਾਨੂੰ ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ?

12 ਉਦੋਂ ਕੀ ਜੇ ਕੰਮ ਬਾਈਬਲ ਦੇ ਸਿਧਾਂਤਾਂ ਦੇ ਉਲਟ ਨਹੀਂ ਹੈ? ਬਾਈਬਲ ਦਾ ਗਿਆਨ ਲੈਂਦੇ ਰਹਿਣ ਨਾਲ ਅਸੀਂ ਬੁਰੇ-ਭਲੇ ਦੀ ਜਾਂਚ ਕਰਨ ਵਿਚ ਹੋਰ ਕੁਸ਼ਲ ਬਣਦੇ ਹਾਂ। ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਲਈ ਹੋਰਨਾਂ ਗੱਲਾਂ ਵੱਲ ਵੀ ਧਿਆਨ ਦੇਣਾ ਲਾਜ਼ਮੀ ਹੈ। ਉਦਾਹਰਣ ਲਈ, ਜੂਏ ਦੇ ਅੱਡੇ ਤੇ ਰਿਸੈਪਸ਼ਨਿਸਟ ਦਾ ਕੰਮ ਕਰਨ ਬਾਰੇ ਕੀ? ਕੀ ਅਸੀਂ ਅਜਿਹੇ ਕੰਮ ਵਿਚ ਸ਼ਾਮਲ ਹੋਵਾਂਗੇ ਜੋ ਬਾਈਬਲ ਦੇ ਸਿਧਾਂਤਾਂ ਦੇ ਉਲਟ ਹੈ? ਸਾਨੂੰ ਇਹ ਵੀ ਦੇਖਣਾ ਪਵੇਗਾ ਕਿ ਸਾਡੀ ਤਨਖ਼ਾਹ ਕੌਣ ਦੇਵੇਗਾ ਅਤੇ ਅਸੀਂ ਕਿੱਥੇ ਕੰਮ ਕਰਾਂਗੇ। ਮਿਸਾਲ ਲਈ, ਕੀ ਇਕ ਮਸੀਹੀ ਠੇਕੇ ਤੇ ਈਸਾਈ-ਜਗਤ ਦੇ ਚਰਚ ਨੂੰ ਰੰਗ ਕਰਨ ਦਾ ਕੰਮ ਕਰੇਗਾ? ਕੀ ਇਸ ਤਰ੍ਹਾਂ ਕਰਨ ਨਾਲ ਉਹ ਝੂਠੇ ਧਰਮ ਦਾ ਸਮਰਥਨ ਨਹੀਂ ਕਰ ਰਿਹਾ ਹੋਵੇਗਾ?—2 ਕੁਰਿੰਥੀਆਂ 6:14-16.

13 ਉਦੋਂ ਕੀ ਜਦ ਸਾਡਾ ਮਾਲਕ ਕਿਸੇ ਭਗਤੀ ਦੀ ਜਗ੍ਹਾ ਨੂੰ ਰੰਗ ਕਰਨ ਦਾ ਠੇਕਾ ਲੈਂਦਾ ਹੈ? ਸਾਨੂੰ ਇਹ ਦੇਖਣਾ ਪਵੇਗਾ ਕਿ ਇਸ ਮਾਮਲੇ ਵਿਚ ਸਾਡਾ ਕਿੰਨਾ ਕੁ ਅਧਿਕਾਰ ਹੈ ਅਤੇ ਅਸੀਂ ਕਿਸ ਹੱਦ ਤਕ ਉਸ ਕੰਮ ਵਿਚ ਸ਼ਾਮਲ ਹੋਵਾਂਗੇ। ਉਸ ਕੰਮ ਬਾਰੇ ਕੀ ਜਿਸ ਵਿਚ ਸਾਨੂੰ ਹਰ ਜਗ੍ਹਾ ਜਾਣਾ ਪੈਂਦਾ ਹੈ, ਉੱਥੇ ਵੀ ਜਿੱਥੇ ਗ਼ਲਤ ਕੰਮ ਹੁੰਦੇ ਹਨ? ਮਿਸਾਲ ਲਈ, ਡਾਕ ਵੰਡਣ ਦਾ ਕੰਮ। ਇਸ ਮਾਮਲੇ ਵਿਚ ਮੱਤੀ 5:45 ਦਾ ਸਿਧਾਂਤ ਸਾਡੇ ਫ਼ੈਸਲੇ ਉੱਤੇ ਅਸਰ ਕਰੇਗਾ। ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਹਰ ਰੋਜ਼ ਉਹ ਕੰਮ ਕਰਨ ਨਾਲ ਸਾਡੀ ਜ਼ਮੀਰ ਉੱਤੇ ਕੀ ਅਸਰ ਪਵੇਗਾ। (ਇਬਰਾਨੀਆਂ 13:18) ਇਨ੍ਹਾਂ ਸਾਰੀਆਂ ਗੱਲਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਨੌਕਰੀ ਸੰਬੰਧੀ ਸਹੀ ਫ਼ੈਸਲੇ ਕਰਨ ਲਈ ਸਾਨੂੰ ਆਪਣੀਆਂ ਗਿਆਨ ਇੰਦਰੀਆਂ ਨੂੰ ਸਾਧਣ ਅਤੇ ਆਪਣੀ ਜ਼ਮੀਰ ਨੂੰ ਮਜ਼ਬੂਤ ਕਰਨ ਦੀ ਲੋੜ ਹੈ।

“ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ”

14. ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

14 ਸਾਨੂੰ ਜ਼ਿੰਦਗੀ ਵਿਚ ਹੋਰ ਵੀ ਕਈ ਫ਼ੈਸਲੇ ਕਰਨੇ ਪੈਂਦੇ ਹਨ, ਜਿਵੇਂ ਕਿ ਉੱਚ ਵਿੱਦਿਆ ਬਾਰੇ ਜਾਂ ਡਾਕਟਰੀ ਇਲਾਜ ਕਰਾਉਣ ਬਾਰੇ। ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਸਾਨੂੰ ਬਾਈਬਲ ਦੇ ਸਿਧਾਂਤਾਂ ਉੱਤੇ ਗੌਰ ਕਰਨਾ ਚਾਹੀਦਾ ਹੈ ਅਤੇ ਫਿਰ ਸੋਚ-ਸਮਝ ਕੇ ਉਨ੍ਹਾਂ ਮੁਤਾਬਕ ਚੱਲਣਾ ਚਾਹੀਦਾ ਹੈ। ਪ੍ਰਾਚੀਨ ਇਸਰਾਏਲ ਦੇ ਬੁੱਧੀਮਾਨ ਬਾਦਸ਼ਾਹ ਸੁਲੇਮਾਨ ਨੇ ਕਿਹਾ ਸੀ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।”—ਕਹਾਉਤਾਂ 3:5, 6.

15. ਫ਼ੈਸਲੇ ਕਰਨ ਬਾਰੇ ਅਸੀਂ ਪਹਿਲੀ ਸਦੀ ਦੇ ਮਸੀਹੀਆਂ ਤੋਂ ਕੀ ਸਿੱਖਦੇ ਹਾਂ?

15 ਯਾਦ ਰੱਖੋ ਕਿ ਅਸੀਂ ਜੋ ਫ਼ੈਸਲੇ ਕਰਦੇ ਹਾਂ ਉਨ੍ਹਾਂ ਦਾ ਦੂਸਰਿਆਂ ਉੱਤੇ ਵੀ ਅਸਰ ਪੈਂਦਾ ਹੈ। ਮਿਸਾਲ ਲਈ, ਪਹਿਲੀ ਸਦੀ ਦੇ ਮਸੀਹੀਆਂ ਨੂੰ ਮੂਸਾ ਦੀ ਬਿਵਸਥਾ ਅਨੁਸਾਰ ਚੱਲਣ ਦੀ ਲੋੜ ਨਹੀਂ ਸੀ। ਜਿਹੜੀਆਂ ਖਾਣ ਦੀਆਂ ਚੀਜ਼ਾਂ ਪਹਿਲਾਂ ਨਾਪਾਕ ਮੰਨੀਆਂ ਜਾਂਦੀਆਂ ਸਨ, ਉਹ ਹੁਣ ਖਾ ਸਕਦੇ ਸਨ। ਪਰ ਪੌਲੁਸ ਰਸੂਲ ਨੇ ਮੰਦਰ ਵਿਚ ਦੇਵੀ-ਦੇਵਤਿਆਂ ਨੂੰ ਚੜ੍ਹਾਏ ਮਾਸ ਬਾਰੇ ਇਹ ਲਿਖਿਆ ਸੀ: “ਜੇ ਭੋਜਨ ਮੇਰੇ ਭਾਈ ਨੂੰ ਠੋਕਰ ਖੁਆਵੇ ਤਾਂ ਮੈਂ ਅੰਤ ਸਮੇਂ ਤੀਕ ਕਦੇ ਵੀ ਬਲੀ ਨਹੀਂ ਖਾਵਾਂਗਾ ਤਾਂ ਐਉਂ ਨਾ ਹੋਵੇ ਜੋ ਮੈਂ ਆਪਣੇ ਭਾਈ ਨੂੰ ਠੋਕਰ ਖੁਆਵਾਂ।” (1 ਕੁਰਿੰਥੀਆਂ 8:11-13) ਸੋ ਮਸੀਹੀਆਂ ਨੂੰ ਦੂਸਰਿਆਂ ਦੀਆਂ ਭਾਵਨਾਵਾਂ ਦਾ ਖ਼ਿਆਲ ਰੱਖਣ ਅਤੇ ਉਨ੍ਹਾਂ ਨੂੰ ਠੋਕਰ ਨਾ ਖੁਆਉਣ ਦੀ ਸਲਾਹ ਦਿੱਤੀ ਗਈ ਸੀ। ਅੱਜ ਸਾਡੇ ਫ਼ੈਸਲੇ ਵੀ ਦੂਸਰਿਆਂ ਲਈ “ਠੋਕਰ ਦੇ ਕਾਰਨ” ਨਹੀਂ ਬਣਨੇ ਚਾਹੀਦੇ।—1 ਕੁਰਿੰਥੀਆਂ 10:29, 32.

ਪਰਮੇਸ਼ੁਰ ਤੋਂ ਬੁੱਧ ਮੰਗੋ

16. ਫ਼ੈਸਲੇ ਕਰਨ ਵਿਚ ਪ੍ਰਾਰਥਨਾ ਤੋਂ ਸਾਨੂੰ ਮਦਦ ਕਿਵੇਂ ਮਿਲ ਸਕਦੀ ਹੈ?

16 ਫ਼ੈਸਲੇ ਕਰਨ ਲਈ ਪ੍ਰਾਰਥਨਾ ਕਰਨੀ ਬਹੁਤ ਜ਼ਰੂਰੀ ਹੈ। ਯਾਕੂਬ ਨੇ ਲਿਖਿਆ: “ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ੁਰ ਕੋਲੋਂ ਮੰਗੇ ਜਿਹੜਾ ਸਭਨਾਂ ਨੂੰ ਖੁਲ੍ਹੇ ਦਿਲ ਨਾਲ ਬਿਨਾ ਉਲਾਂਭੇ ਦੇ ਦਿੰਦਾ ਹੈ, ਤਾਂ ਉਹ ਨੂੰ ਦਿੱਤੀ ਜਾਵੇਗੀ।” (ਯਾਕੂਬ 1:5) ਅਸੀਂ ਸਹੀ ਫ਼ੈਸਲੇ ਕਰਨ ਲਈ ਬਿਨਾਂ ਝਿਜਕੇ ਯਹੋਵਾਹ ਤੋਂ ਬੁੱਧ ਮੰਗ ਸਕਦੇ ਹਾਂ। ਜਦ ਅਸੀਂ ਸੱਚੇ ਪਰਮੇਸ਼ੁਰ ਅੱਗੇ ਦਿਲ ਖੋਲ੍ਹ ਕੇ ਗੱਲ ਕਰਦੇ ਹਾਂ ਅਤੇ ਉਸ ਦੀ ਅਗਵਾਈ ਮੰਗਦੇ ਹਾਂ, ਤਾਂ ਪਵਿੱਤਰ ਆਤਮਾ ਸਾਨੂੰ ਬਾਈਬਲ ਦੀ ਬਿਹਤਰ ਸਮਝ ਦੇ ਸਕਦੀ ਹੈ ਅਤੇ ਉਹ ਹਵਾਲੇ ਯਾਦ ਕਰਾ ਸਕਦੀ ਹੈ ਜੋ ਅਸੀਂ ਭੁੱਲ ਚੁੱਕੇ ਹੁੰਦੇ ਹਾਂ।

17. ਫ਼ੈਸਲੇ ਕਰਨ ਵਿਚ ਦੂਸਰੇ ਸਾਡੀ ਮਦਦ ਕਿਵੇਂ ਕਰ ਸਕਦੇ ਹਨ?

17 ਕੀ ਫ਼ੈਸਲੇ ਕਰਨ ਵਿਚ ਦੂਸਰੇ ਸਾਡੀ ਮਦਦ ਕਰ ਸਕਦੇ ਹਨ? ਹਾਂ, ਕਲੀਸਿਯਾ ਵਿਚ ਸਿਆਣੇ ਭੈਣ-ਭਰਾ ਸਾਡੀ ਮਦਦ ਕਰ ਸਕਦੇ ਹਨ। (ਅਫ਼ਸੀਆਂ 4:11, 12) ਉਨ੍ਹਾਂ ਤੋਂ ਸਲਾਹ ਲਈ ਜਾ ਸਕਦੀ ਹੈ, ਖ਼ਾਸ ਕਰਕੇ ਉਦੋਂ ਜਦ ਅਸੀਂ ਕੋਈ ਵੱਡਾ ਫ਼ੈਸਲਾ ਕਰਨਾ ਹੁੰਦਾ ਹੈ। ਸਿਆਣੇ ਭੈਣਾਂ-ਭਰਾਵਾਂ ਕੋਲ ਬਾਈਬਲ ਦੀ ਡੂੰਘੀ ਸਮਝ ਹੁੰਦੀ ਹੈ ਅਤੇ ਜ਼ਿੰਦਗੀ ਦਾ ਤਜਰਬਾ ਵੀ, ਇਸ ਲਈ ਉਹ ਬਾਈਬਲ ਦੇ ਢੁਕਵੇਂ ਅਸੂਲਾਂ ਵੱਲ ਸਾਡਾ ਧਿਆਨ ਖਿੱਚ ਸਕਦੇ ਹਨ ਅਤੇ “ਚੰਗ ਚੰਗੇਰੀਆਂ ਗੱਲਾਂ ਨੂੰ ਪਸੰਦ” ਕਰਨ ਵਿਚ ਸਾਡੀ ਮਦਦ ਕਰ ਸਕਦੇ ਹਨ। (ਫ਼ਿਲਿੱਪੀਆਂ 1:9, 10) ਪਰ ਯਾਦ ਰੱਖੋ: ਅਸੀਂ ਆਪਣੇ ਫ਼ੈਸਲੇ ਕਰਨ ਲਈ ਦੂਸਰਿਆਂ ਨੂੰ ਨਹੀਂ ਕਹਿ ਸਕਦੇ। ਸਾਨੂੰ ਇਹ ਭਾਰ ਆਪ ਚੁੱਕਣਾ ਚਾਹੀਦਾ ਹੈ।

ਕੀ ਨਤੀਜਾ ਹਮੇਸ਼ਾ ਚੰਗਾ ਨਿਕਲਦਾ ਹੈ?

18. ਸਹੀ ਫ਼ੈਸਲੇ ਦੇ ਨਤੀਜੇ ਬਾਰੇ ਕੀ ਕਿਹਾ ਜਾ ਸਕਦਾ ਹੈ?

18 ਕੀ ਬਾਈਬਲ ਦੇ ਸਿਧਾਂਤਾਂ ਅਨੁਸਾਰ ਸੋਚ-ਸਮਝ ਕੇ ਕੀਤੇ ਫ਼ੈਸਲਿਆਂ ਦਾ ਨਤੀਜਾ ਹਮੇਸ਼ਾ ਚੰਗਾ ਹੀ ਹੁੰਦਾ ਹੈ? ਹਾਂ, ਅਖ਼ੀਰ ਵਿਚ ਨਤੀਜਾ ਚੰਗਾ ਹੀ ਨਿਕਲਦਾ ਹੈ, ਭਾਵੇਂ ਪਹਿਲਾਂ-ਪਹਿਲਾਂ ਸਾਨੂੰ ਦੁੱਖ ਝੱਲਣੇ ਪੈ ਸਕਦੇ ਹਨ। ਸ਼ਦਰਕ, ਮੇਸ਼ਕ ਤੇ ਅਬਦ-ਨਗੋ ਨੂੰ ਪਤਾ ਸੀ ਕਿ ਮੂਰਤ ਅੱਗੇ ਮੱਥਾ ਨਾ ਟੇਕਣ ਦੇ ਫ਼ੈਸਲੇ ਦਾ ਨਤੀਜਾ ਮੌਤ ਹੋ ਸਕਦਾ ਸੀ। (ਦਾਨੀਏਲ 3:16-19) ਇਸੇ ਤਰ੍ਹਾਂ ਪਹਿਲੀ ਸਦੀ ਵਿਚ ਜਦ ਯਿਸੂ ਦੇ ਰਸੂਲਾਂ ਨੇ ਯਹੂਦੀ ਮਹਾਸਭਾ ਨੂੰ ਕਿਹਾ ਕਿ ਉਹ ਇਨਸਾਨਾਂ ਦਾ ਨਹੀਂ ਸਗੋਂ ਪਰਮੇਸ਼ੁਰ ਦਾ ਹੁਕਮ ਮੰਨਣਗੇ, ਤਾਂ ਉਨ੍ਹਾਂ ਨੂੰ ਛੱਡਣ ਤੋਂ ਪਹਿਲਾਂ ਕੁੱਟਿਆ ਗਿਆ ਸੀ। (ਰਸੂਲਾਂ ਦੇ ਕਰਤੱਬ 5:27-29, 40) ਇਸ ਤੋਂ ਇਲਾਵਾ, “ਹਰ ਕਿਸੇ ਉਤੇ ਬੁਰਾ ਸਮਾਂ ਆਉਂਦਾ ਹੈ” ਜਿਸ ਕਰਕੇ ਸਾਨੂੰ ਸ਼ਾਇਦ ਆਪਣੇ ਫ਼ੈਸਲਿਆਂ ਕਾਰਨ ਨੁਕਸਾਨ ਸਹਿਣਾ ਪਵੇ। (ਉਪਦੇਸ਼ਕ 9:11, ਪਵਿੱਤਰ ਬਾਈਬਲ ਨਵਾਂ ਅਨੁਵਾਦ) ਭਾਵੇਂ ਅਸੀਂ ਸਹੀ ਫ਼ੈਸਲਾ ਕਰਨ ਦੇ ਬਾਵਜੂਦ ਦੁੱਖ ਝੱਲੀਏ, ਪਰ ਸਾਨੂੰ ਪੱਕਾ ਯਕੀਨ ਹੈ ਕਿ ਯਹੋਵਾਹ ਸਾਨੂੰ ਇਹ ਦੁੱਖ ਸਹਿਣ ਦੀ ਤਾਕਤ ਦੇਵੇਗਾ ਅਤੇ ਉਸ ਦਾ ਆਸ਼ੀਰਵਾਦ ਸਾਡੇ ਨਾਲ ਹੋਵੇਗਾ।—2 ਕੁਰਿੰਥੀਆਂ 4:7.

19. ਅਸੀਂ ਹਿੰਮਤ ਨਾਲ ਸਹੀ ਫ਼ੈਸਲੇ ਕਰਨ ਦੀ ਜ਼ਿੰਮੇਵਾਰੀ ਕਿਵੇਂ ਨਿਭਾ ਸਕਦੇ ਹਾਂ?

19 ਤਾਂ ਫਿਰ, ਫ਼ੈਸਲੇ ਕਰਨ ਵੇਲੇ ਬਾਈਬਲ ਦੇ ਸਿਧਾਂਤਾਂ ਨੂੰ ਧਿਆਨ ਵਿਚ ਰੱਖੋ ਅਤੇ ਇਨ੍ਹਾਂ ਅਨੁਸਾਰ ਚੱਲੋ। ਅਸੀਂ ਯਹੋਵਾਹ ਦੇ ਕਿੰਨੇ ਧੰਨਵਾਦੀ ਹਾਂ ਕਿ ਉਹ ਆਪਣੀ ਪਵਿੱਤਰ ਆਤਮਾ ਅਤੇ ਕਲੀਸਿਯਾ ਦੇ ਸਿਆਣੇ ਭੈਣਾਂ-ਭਰਾਵਾਂ ਦੁਆਰਾ ਸਾਡੀ ਮਦਦ ਕਰਦਾ ਹੈ! ਆਓ ਆਪਾਂ ਹਿੰਮਤ ਨਾਲ ਅਜਿਹੀ ਸੇਧ ਅਨੁਸਾਰ ਸਹੀ ਫ਼ੈਸਲੇ ਕਰਨ ਦੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਈਏ।

ਤੁਸੀਂ ਕੀ ਸਿੱਖਿਆ?

• ਸਹੀ ਫ਼ੈਸਲੇ ਕਰਨ ਲਈ ਕੀ ਜ਼ਰੂਰੀ ਹੈ?

• ਸਿਆਣਪ ਚੰਗੀ ਸੰਗਤ ਰੱਖਣ ਵਿਚ ਸਾਡੀ ਕਿਵੇਂ ਮਦਦ ਕਰਦੀ ਹੈ?

• ਨੌਕਰੀ ਸੰਬੰਧੀ ਫ਼ੈਸਲੇ ਕਰਨ ਲਈ ਸਾਨੂੰ ਕਿਨ੍ਹਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ?

• ਫ਼ੈਸਲੇ ਕਰਨ ਵਿਚ ਸਾਨੂੰ ਕਿੱਥੋਂ ਮਦਦ ਮਿਲ ਸਕਦੀ ਹੈ?

[ਸਵਾਲ]

[ਸਫ਼ਾ 22 ਉੱਤੇ ਤਸਵੀਰ]

ਆਦਮ ਤੇ ਹੱਵਾਹ ਦੀ ਅਣਆਗਿਆਕਾਰੀ ਤੋਂ ਅਸੀਂ ਜ਼ਰੂਰੀ ਸਬਕ ਸਿੱਖਦੇ ਹਾਂ

[ਸਫ਼ਾ 24 ਉੱਤੇ ਤਸਵੀਰ]

ਕੋਈ ਅਹਿਮ ਫ਼ੈਸਲਾ ਕਰਨ ਤੋਂ ਪਹਿਲਾਂ ਬਾਈਬਲ ਦੇ ਸਿਧਾਂਤਾਂ ਉੱਤੇ ਗੌਰ ਕਰੋ