ਆਪਣੇ ਜੀਵਨ-ਢੰਗ ਦੁਆਰਾ ਨਿਹਚਾ ਦਾ ਸਬੂਤ ਦਿਓ
ਆਪਣੇ ਜੀਵਨ-ਢੰਗ ਦੁਆਰਾ ਨਿਹਚਾ ਦਾ ਸਬੂਤ ਦਿਓ
“ਨਿਹਚਾ ਜੋ ਅਮਲ ਸਹਿਤ ਨਾ ਹੋਵੇ ਤਾਂ ਆਪਣੇ ਆਪ ਤੋਂ ਮੋਈ ਹੋਈ ਹੈ।”—ਯਾਕੂਬ 2:17.
1. ਪਹਿਲੀ ਸਦੀ ਦੇ ਮਸੀਹੀਆਂ ਨੇ ਆਪਣੀ ਨਿਹਚਾ ਦੇ ਨਾਲ-ਨਾਲ ਆਪਣੇ ਕੰਮਾਂ ਵੱਲ ਵੀ ਕਿਉਂ ਧਿਆਨ ਦਿੱਤਾ?
ਪਹਿਲੀ ਸਦੀ ਵਿਚ ਜ਼ਿਆਦਾਤਰ ਮਸੀਹੀਆਂ ਨੇ ਆਪਣੇ ਜੀਵਨ-ਢੰਗ ਦੁਆਰਾ ਆਪਣੀ ਪੱਕੀ ਨਿਹਚਾ ਦਾ ਸਬੂਤ ਦਿੱਤਾ। ਯਿਸੂ ਦੇ ਚੇਲੇ ਯਾਕੂਬ ਨੇ ਸਾਰੇ ਮਸੀਹੀਆਂ ਨੂੰ ਤਾਕੀਦ ਕੀਤੀ: “ਬਚਨ ਉੱਤੇ ਅਮਲ ਕਰਨ ਵਾਲੇ ਹੋਵੋ ਅਤੇ . . . ਨਿਰੇ ਸੁਣਨ ਵਾਲੇ ਹੀ ਨਾ ਹੋਵੋ।” ਫਿਰ ਉਸ ਨੇ ਕਿਹਾ: “ਜਿੱਕੁਰ ਆਤਮਾ ਬਾਝੋਂ ਸਰੀਰ ਮੁਰਦਾ ਹੈ ਤਿੱਕੁਰ ਹੀ ਅਮਲਾਂ ਬਾਝੋਂ ਨਿਹਚਾ ਮੁਰਦਾ ਹੈ।” (ਯਾਕੂਬ 1:22; 2:26) ਯਾਕੂਬ ਦੁਆਰਾ ਇਹ ਸ਼ਬਦ ਲਿਖੇ ਜਾਣ ਤੋਂ 35 ਸਾਲ ਬਾਅਦ ਵੀ ਬਹੁਤ ਸਾਰੇ ਮਸੀਹੀ ਆਪਣੇ ਕੰਮਾਂ ਰਾਹੀਂ ਆਪਣੀ ਨਿਹਚਾ ਦਾ ਸਬੂਤ ਦੇ ਰਹੇ ਸਨ। ਪਰ ਦੁੱਖ ਦੀ ਗੱਲ ਹੈ ਕਿ ਕੁਝ ਮਸੀਹੀਆਂ ਨੇ ਇੱਦਾਂ ਨਹੀਂ ਕੀਤਾ। ਯਿਸੂ ਨੇ ਸਮੁਰਨੇ ਦੀ ਕਲੀਸਿਯਾ ਦੀ ਸ਼ਲਾਘਾ ਕੀਤੀ, ਪਰ ਸਾਰਦੀਸ ਦੀ ਕਲੀਸਿਯਾ ਦੇ ਕਈ ਮੈਂਬਰਾਂ ਨੂੰ ਕਿਹਾ: ‘ਮੈਂ ਤੁਹਾਡੇ ਕੰਮਾਂ ਨੂੰ ਜਾਣਦਾ ਹਾਂ ਜੋ ਤੁਸੀਂ ਜੀਉਂਦੇ ਕਹਾਉਂਦੇ ਹੋ ਅਤੇ ਹੋ ਮੁਰਦੇ।’—ਪਰਕਾਸ਼ ਦੀ ਪੋਥੀ 2:8-11; 3:1.
2. ਮਸੀਹੀਆਂ ਨੂੰ ਆਪਣੀ ਨਿਹਚਾ ਦੇ ਸੰਬੰਧ ਵਿਚ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
2 ਯਿਸੂ ਨੇ ਸਾਰਦੀਸ ਦੀ ਕਲੀਸਿਯਾ ਨੂੰ ਇਹ ਸਾਬਤ ਕਰਨ ਦੀ ਪ੍ਰੇਰਣਾ ਦਿੱਤੀ ਕਿ ਉਹ ਉਸ ਦੀਆਂ ਸਿੱਖਿਆਵਾਂ ਦੀ ਗਹਿਰੀ ਕਦਰ ਕਰਦੇ ਸਨ ਅਤੇ ਰੂਹਾਨੀ ਤੌਰ ਤੇ ਜਾਗ ਰਹੇ ਸਨ। (ਪਰਕਾਸ਼ ਦੀ ਪੋਥੀ 3:2, 3) ਇਹ ਸਲਾਹ ਅੱਜ ਸਾਡੇ ਉੱਤੇ ਵੀ ਲਾਗੂ ਹੁੰਦੀ ਹੈ। ਅਸੀਂ ਇਹ ਸਵਾਲ ਪੁੱਛ ਕੇ ਆਪੋ-ਆਪਣੀ ਜਾਂਚ ਕਰ ਸਕਦੇ ਹਾਂ: ‘ਮੇਰੇ ਕੰਮ ਕਿਹੋ ਜਿਹੇ ਹਨ? ਕੀ ਮੇਰੇ ਕੰਮਾਂ ਤੋਂ ਜ਼ਾਹਰ ਹੁੰਦਾ ਹੈ ਕਿ ਮੇਰੀ ਨਿਹਚਾ ਪੱਕੀ ਹੈ ਤੇ ਮੈਂ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰਦਾ ਹਾਂ? ਕੀ ਮੈਂ ਪ੍ਰਚਾਰ ਦੇ ਕੰਮ ਜਾਂ ਕਲੀਸਿਯਾ ਦੀਆਂ ਸਭਾਵਾਂ ਤੋਂ ਇਲਾਵਾ ਹੋਰ ਕੰਮਾਂ ਵਿਚ ਵੀ ਦਿਖਾਉਂਦਾ ਹਾਂ ਕਿ ਮੇਰੀ ਨਿਹਚਾ ਪੱਕੀ ਹੈ?’ (ਲੂਕਾ 16:10) ਨਿਹਚਾ ਦੇ ਸੰਬੰਧ ਵਿਚ ਅਸੀਂ ਜ਼ਿੰਦਗੀ ਦੇ ਕਈ ਪਹਿਲੂਆਂ ਉੱਤੇ ਗੱਲ ਕਰ ਸਕਦੇ ਹਾਂ। ਪਰ ਇਸ ਲੇਖ ਵਿਚ ਅਸੀਂ ਪਾਰਟੀਆਂ, ਖ਼ਾਸ ਕਰਕੇ ਵਿਆਹ ਦੀਆਂ ਦਾਅਵਤਾਂ ਉੱਤੇ ਚਰਚਾ ਕਰਾਂਗੇ। ਅਸੀਂ ਦੇਖਾਂਗੇ ਕਿ ਅਸੀਂ ਇਨ੍ਹਾਂ ਮੌਕਿਆਂ ਤੇ ਆਪਣੀ ਨਿਹਚਾ ਦਾ ਸਬੂਤ ਕਿਵੇਂ ਦੇ ਸਕਦੇ ਹਾਂ।
ਛੋਟੀਆਂ-ਮੋਟੀਆਂ ਪਾਰਟੀਆਂ
3. ਪਾਰਟੀਆਂ ਬਾਰੇ ਬਾਈਬਲ ਕੀ ਕਹਿੰਦੀ ਹੈ?
3 ਸਾਨੂੰ ਬੜੀ ਖ਼ੁਸ਼ੀ ਹੁੰਦੀ ਹੈ ਜਦੋਂ ਸਾਡੇ ਮਸੀਹੀ ਭੈਣ-ਭਰਾ ਸਾਨੂੰ ਕਿਸੇ ਪਾਰਟੀ ਤੇ ਸੱਦਦੇ ਹਨ। ਯਹੋਵਾਹ ਖ਼ੁਸ਼ਦਿਲ ਪਰਮੇਸ਼ੁਰ ਹੈ ਜੋ ਚਾਹੁੰਦਾ ਹੈ ਕਿ ਉਸ ਦੇ ਸੇਵਕ ਵੀ ਖ਼ੁਸ਼ ਰਹਿਣ। (1 ਤਿਮੋਥਿਉਸ 1:11) ਇਸੇ ਲਈ ਉਸ ਨੇ ਰਾਜਾ ਸੁਲੇਮਾਨ ਨੂੰ ਬਾਈਬਲ ਵਿਚ ਇਹ ਲਿਖਣ ਲਈ ਪ੍ਰੇਰਿਤ ਕੀਤਾ: “ਮੈਂ ਅਨੰਦ ਨੂੰ ਸਲਾਹਿਆ ਕਿਉਂ ਜੋ ਸੂਰਜ ਦੇ ਹੇਠ ਆਦਮੀ ਲਈ ਇਸ ਨਾਲੋਂ ਚੰਗੀ ਗੱਲ ਕੋਈ ਨਹੀਂ ਜੋ ਖਾਵੇ ਪੀਵੇ ਅਤੇ ਅਨੰਦ ਰਹੇ ਕਿਉਂ ਜੋ ਉਹ ਦੇ ਧੰਦੇ ਦੇ ਵਿੱਚ ਉਹ ਦੇ ਜੀਉਣ ਦੇ ਸਾਰਿਆਂ ਦਿਨਾਂ ਤੋੜੀ ਜੋ ਪਰਮੇਸ਼ੁਰ ਨੇ ਸੂਰਜ ਦੇ ਹੇਠ ਉਹ ਨੂੰ ਦਿੱਤਾ ਹੈ ਉਹ ਦੇ ਨਾਲ ਏਹ ਰਹੇਗਾ।” (ਉਪਦੇਸ਼ਕ ਦੀ ਪੋਥੀ 3:1, 4, 13; 8:15) ਮਸੀਹੀ ਆਪਣੇ ਘਰਦਿਆਂ ਨਾਲ ਰੋਟੀ ਖਾਣ ਜਾਂ ਛੋਟੀਆਂ-ਮੋਟੀਆਂ ਪਾਰਟੀਆਂ ਵਿਚ ਮਸੀਹੀ ਦੋਸਤਾਂ-ਮਿੱਤਰਾਂ ਦੀ ਸੰਗਤ ਦਾ ਬਹੁਤ ਆਨੰਦ ਮਾਣਦੇ ਹਨ।—ਅੱਯੂਬ 1:4, 5, 18; ਲੂਕਾ 10:38-42; 14:12-14.
4. ਦੋਸਤਾਂ ਨੂੰ ਘਰ ਸੱਦਣ ਜਾਂ ਪਾਰਟੀ ਦੇਣ ਵੇਲੇ ਕੀ ਕਰਨਾ ਜ਼ਰੂਰੀ ਹੈ?
4 ਅਸੀਂ ਭਾਵੇਂ ਇਕ-ਅੱਧ ਮਸੀਹੀ ਭੈਣ-ਭਰਾਵਾਂ ਨੂੰ ਘਰ ਸੱਦਦੇ ਹਾਂ ਜਾਂ ਪਾਰਟੀ ਦਿੰਦੇ ਹਾਂ, ਫਿਰ ਵੀ ਸਾਨੂੰ ਸੋਚ-ਸਮਝ ਕੇ ਪ੍ਰਬੰਧ ਕਰਨ ਦੀ ਲੋੜ ਹੈ। (ਰੋਮੀਆਂ 12:13) ਕਿਉਂ? ਕਿਉਂਕਿ ਅਸੀਂ ਇਹੋ ਚਾਹੁੰਦੇ ਹਾਂ ਕਿ ਸਭ ਕੁਝ ਬਾਈਬਲ ਦੇ ਅਸੂਲਾਂ ਮੁਤਾਬਕ “ਢਬ ਸਿਰ” ਹੋਵੇ। (1 ਕੁਰਿੰਥੀਆਂ 14:40; ਯਾਕੂਬ 3:17) ਇਸ ਬਾਰੇ ਪੌਲੁਸ ਰਸੂਲ ਨੇ ਲਿਖਿਆ: ‘ਭਾਵੇਂ ਤੁਸੀਂ ਖਾਂਦੇ ਭਾਵੇਂ ਪੀਂਦੇ ਭਾਵੇਂ ਕੁਝ ਹੀ ਕਰਦੇ ਹੋ ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰੋ। ਤੁਸੀਂ ਪਰਮੇਸ਼ੁਰ ਦੀ ਕਲੀਸਿਯਾ ਦੇ ਲਈ ਠੋਕਰ ਦੇ ਕਾਰਨ ਨਾ ਬਣੋ।’ (1 ਕੁਰਿੰਥੀਆਂ 10:31, 32) ਪਾਰਟੀ ਦੇਣ ਦੇ ਮਾਮਲੇ ਵਿਚ ਅਸੀਂ ਕੁਝ ਖ਼ਾਸ ਗੱਲਾਂ ਵੱਲ ਧਿਆਨ ਦੇ ਸਕਦੇ ਹਾਂ ਜਿਨ੍ਹਾਂ ਰਾਹੀਂ ਸਾਡੀ ਨਿਹਚਾ ਜ਼ਾਹਰ ਹੋਵੇਗੀ। ਆਓ ਆਪਾਂ ਕੁਝ ਗੱਲਾਂ ਉੱਤੇ ਗੌਰ ਕਰੀਏ।—ਰੋਮੀਆਂ 12:2.
ਪਾਰਟੀ ਜਾਂ ਦਾਅਵਤ ਕਿੱਦਾਂ ਦੀ ਹੋਵੇ?
5. ਪਾਰਟੀ ਵਿਚ ਸ਼ਰਾਬ ਵਰਤਾਉਣ ਜਾਂ ਗੀਤ-ਸੰਗੀਤ ਬਾਰੇ ਮੇਜ਼ਬਾਨ ਨੂੰ ਕਿਉਂ ਸੋਚ-ਸਮਝ ਕੇ ਫ਼ੈਸਲਾ ਕਰਨਾ ਚਾਹੀਦਾ ਹੈ?
5 ਪਾਰਟੀ ਕਰਨ ਸੰਬੰਧੀ ਕਈ ਮਸੀਹੀ ਇਸ ਕਸ਼ਮਕਸ਼ ਵਿਚ ਪੈ ਜਾਂਦੇ ਹਨ ਕਿ ਉਹ ਮਹਿਮਾਨਾਂ ਨੂੰ ਸ਼ਰਾਬ ਪਿਲਾਉਣ ਜਾਂ ਨਾ। ਪਾਰਟੀ ਨੂੰ ਸਫ਼ਲ ਬਣਾਉਣ ਲਈ ਸ਼ਰਾਬ ਦਾ ਹੋਣਾ ਜ਼ਰੂਰੀ ਨਹੀਂ ਹੈ। ਯਾਦ ਕਰੋ ਕਿ ਜਦੋਂ ਯਿਸੂ ਨੇ ਹਜ਼ਾਰਾਂ ਲੋਕਾਂ ਨੂੰ ਖਾਣਾ ਖੁਆਇਆ ਸੀ, ਤਾਂ ਉਸ ਨੇ ਉਨ੍ਹਾਂ ਨੂੰ ਰੋਟੀਆਂ ਤੇ ਮੱਛੀਆਂ ਛਕਾਈਆਂ ਸਨ। ਉਸ ਨੇ ਚਮਤਕਾਰ ਕਰ ਕੇ ਉਨ੍ਹਾਂ ਲਈ ਸ਼ਰਾਬ ਦਾ ਬੰਦੋਬਸਤ ਨਹੀਂ ਕੀਤਾ ਸੀ, ਹਾਲਾਂਕਿ ਜੇ ਉਹ ਚਾਹੁੰਦਾ ਤਾਂ ਇੱਦਾਂ ਕਰ ਸਕਦਾ ਸੀ। (ਮੱਤੀ 14:14-21) ਜੇ ਤੁਸੀਂ ਸ਼ਰਾਬ ਵਰਤਾਉਣ ਦਾ ਫ਼ੈਸਲਾ ਕਰਦੇ ਹੋ, ਤਾਂ ਹੱਦੋਂ ਵੱਧ ਨਾ ਵਰਤਾਓ। ਨਾਲੇ ਉਨ੍ਹਾਂ ਮਹਿਮਾਨਾਂ ਦੇ ਪੀਣ ਲਈ ਕੋਲਡ ਡ੍ਰਿੰਕ ਜਾਂ ਚਾਹ-ਕੌਫੀ ਦਾ ਪ੍ਰਬੰਧ ਕਰੋ ਜੋ ਸ਼ਰਾਬ ਨਹੀਂ ਪੀਂਦੇ। (1 ਤਿਮੋਥਿਉਸ 3:2, 3, 8; 5:23; 1 ਪਤਰਸ 4:3) ਧਿਆਨ ਰੱਖੋ ਕਿ ਸ਼ਰਾਬ ਕਈਆਂ ਨੂੰ ‘ਸੱਪ ਦੀ ਨਿਆਈਂ ਡੱਸ ਸਕਦੀ ਹੈ’ ਯਾਨੀ ਉਨ੍ਹਾਂ ਨੂੰ ਛੇਤੀ ਚੜ੍ਹ ਜਾਂਦੀ ਹੈ। ਇਸ ਲਈ ਜੇ ਕੋਈ ਮਹਿਮਾਨ ਸ਼ਰਾਬ ਨਹੀਂ ਪੀਣੀ ਚਾਹੁੰਦਾ, ਤਾਂ ਉਸ ਨੂੰ ਮਜਬੂਰ ਨਾ ਕਰੋ। (ਕਹਾਉਤਾਂ 23:29-32) ਕੀ ਪਾਰਟੀ ਵਿਚ ਗੀਤ-ਸੰਗੀਤ ਹੋਵੇਗਾ? ਜੇ ਹੋਵੇਗਾ, ਤਾਂ ਤੁਹਾਨੂੰ ਗਾਣੇ ਸੋਚ-ਸਮਝ ਕੇ ਚੁਣਨੇ ਚਾਹੀਦੇ ਹਨ ਤਾਂਕਿ ਗਾਣਿਆਂ ਦੇ ਬੋਲ ਅਤੇ ਤਾਲ ਮਸੀਹੀ ਪਾਰਟੀਆਂ ਲਈ ਢੁਕਵੇਂ ਹੋਣ। (ਕੁਲੁੱਸੀਆਂ 3:8; ਯਾਕੂਬ 1:21) ਕਈਆਂ ਨੇ ਦੇਖਿਆ ਹੈ ਕਿ ਪਾਰਟੀ ਵਿਚ ਕਿੰਗਡਮ ਮੈਲੋਡੀਜ਼ ਵਜਾਉਣ ਜਾਂ ਯਹੋਵਾਹ ਦੇ ਗੁਣ ਗਾਓ ਨਾਮਕ ਪੁਸਤਕ ਵਿੱਚੋਂ ਮਿਲ ਕੇ ਗੀਤ ਗਾਉਣ ਨਾਲ ਮਾਹੌਲ ਖ਼ੁਸ਼ਗਵਾਰ ਬਣਿਆ ਰਹਿੰਦਾ ਹੈ। (ਅਫ਼ਸੀਆਂ 5:19, 20) ਸਮੇਂ-ਸਮੇਂ ਤੇ ਸੰਗੀਤ ਦੀ ਆਵਾਜ਼ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਤਾਂਕਿ ਉੱਚੀ ਆਵਾਜ਼ ਵਿਚ ਸੰਗੀਤ ਵੱਜਣ ਕਾਰਨ ਮਹਿਮਾਨਾਂ ਨੂੰ ਗੱਲਬਾਤ ਕਰਨ ਵਿਚ ਔਖ ਨਾ ਹੋਵੇ ਜਾਂ ਆਂਢੀ-ਗੁਆਂਢੀ ਤੰਗ ਨਾ ਹੋਣ।—ਮੱਤੀ 7:12.
6. ਪਾਰਟੀ ਵਿਚ ਗੱਲਾਂ-ਬਾਤਾਂ ਦੇ ਮਾਮਲੇ ਵਿਚ ਮੇਜ਼ਬਾਨ ਕਿਵੇਂ ਆਪਣੀ ਨਿਹਚਾ ਦਾ ਸਬੂਤ ਦੇ ਸਕਦਾ ਹੈ?
6 ਜਦੋਂ ਮੇਜ਼ਬਾਨ ਦੋਸਤਾਂ-ਮਿੱਤਰਾਂ ਨੂੰ ਘਰ ਸੱਦਦਾ ਹੈ, ਤਾਂ ਕਈ ਵਿਸ਼ਿਆਂ ਤੇ ਗੱਲਾਂ-ਬਾਤਾਂ ਚੱਲ ਪੈਂਦੀਆਂ ਹਨ। ਕਈ ਲੋਕ ਵਧੀਆ ਤਜਰਬੇ ਦੱਸਦੇ ਹਨ ਜਾਂ ਕੁਝ ਪੜ੍ਹ ਕੇ ਸੁਣਾਉਂਦੇ ਹਨ। ਜੇ ਇਤਰਾਜ਼ਯੋਗ ਵਿਸ਼ਿਆਂ ਤੇ ਗੱਲਬਾਤ ਸ਼ੁਰੂ ਹੋ ਜਾਂਦੀ ਹੈ, ਤਾਂ ਮੇਜ਼ਬਾਨ ਬੜੀ ਸੂਝ ਨਾਲ ਗੱਲ ਨੂੰ ਕਿਸੇ ਹੋਰ ਵਿਸ਼ੇ ਵੱਲ ਮੋੜਨ ਦੀ ਕੋਸ਼ਿਸ਼ ਕਰੇਗਾ। ਉਹ ਧਿਆਨ ਰੱਖੇਗਾ ਕਿ ਕੋਈ ਇਕ ਜਣਾ ਆਪਣੀਆਂ ਹੀ ਗੱਲਾਂ ਨਾ ਮਾਰੀ ਜਾਵੇ। ਉਹ ਕਿਸੇ ਦੇ ਜਜ਼ਬਾਤ ਨੂੰ ਠੇਸ ਪਹੁੰਚਾਏ ਬਗੈਰ ਸਮਝਦਾਰੀ ਨਾਲ ਵਿਸ਼ੇ ਨੂੰ ਬਦਲ ਸਕਦਾ ਹੈ ਤਾਂਕਿ ਦੂਸਰਿਆਂ ਨੂੰ ਵੀ ਬੋਲਣ ਦਾ ਮੌਕਾ ਮਿਲੇ। ਉਹ ਬੱਚਿਆਂ ਨੂੰ ਕੁਝ ਸਵਾਲ ਪੁੱਛ ਕੇ ਉਨ੍ਹਾਂ ਨੂੰ ਵੀ ਗੱਲਬਾਤ ਵਿਚ ਸ਼ਾਮਲ ਕਰ ਸਕਦਾ ਹੈ। ਇਸ ਤਰ੍ਹਾਂ ਵੱਡੇ-ਛੋਟੇ ਸਾਰੇ ਹੀ ਪਾਰਟੀ ਦਾ ਮਜ਼ਾ ਲੈ ਸਕਣਗੇ। ਇਨ੍ਹਾਂ ਕੁਝ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਆਪਣੀ ਸੂਝ-ਬੂਝ ਦਾ ਸਬੂਤ ਦੇ ਸਕਦੇ ਹਾਂ। ਇਸ ਤਰ੍ਹਾਂ ਲੋਕ ਦੇਖ ਸਕਣਗੇ ਕਿ ਅਸੀਂ ਜੋ ਕੁਝ ਵੀ ਕਰਦੇ ਹਾਂ, ਉਹ ਸਾਡੀ ਨਿਹਚਾ ਦੇ ਮੁਤਾਬਕ ਹੈ।
ਵਿਆਹ ਦੀ ਰਸਮ ਅਤੇ ਦਾਅਵਤ
7. ਸਾਨੂੰ ਵਿਆਹਾਂ ਦੀਆਂ ਦਾਅਵਤਾਂ ਦਾ ਪ੍ਰਬੰਧ ਸੋਚ-ਸਮਝ ਕੇ ਕਿਉਂ ਕਰਨਾ ਚਾਹੀਦਾ ਹੈ?
7 ਵਿਆਹ-ਸ਼ਾਦੀ ਮਸੀਹੀਆਂ ਲਈ ਖ਼ੁਸ਼ੀਆਂ ਮਨਾਉਣ ਦਾ ਖ਼ਾਸ ਮੌਕਾ ਹੁੰਦਾ ਹੈ। ਪੁਰਾਣੇ ਸਮੇਂ ਵਿਚ ਪਰਮੇਸ਼ੁਰ ਦੇ ਲੋਕ ਇਹੋ ਜਿਹੇ ਸ਼ੁੱਭ ਮੌਕਿਆਂ ਤੇ ਆਨੰਦ ਕਰਦੇ ਸਨ। ਯਿਸੂ ਤੇ ਉਸ ਦੇ ਚੇਲੇ ਵੀ ਵਿਆਹ ਦੀਆਂ ਦਾਅਵਤਾਂ ਵਿਚ ਜਾਂਦੇ ਸਨ। (ਉਤਪਤ 29:21, 22; ਯੂਹੰਨਾ 2:1, 2) ਵਿਆਹ-ਸ਼ਾਦੀ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਹੈ ਅਤੇ ਵਿਆਹ ਦੀ ਦਾਅਵਤ ਦੇਣ ਵਿਚ ਵੀ ਕੋਈ ਬੁਰਾਈ ਨਹੀਂ ਹੈ। ਪਰ ਹਾਲ ਹੀ ਦੇ ਸਾਲਾਂ ਵਿਚ ਵਿਆਹ ਕਰਾਉਣ ਦੇ ਢੰਗ ਬਹੁਤ ਬਦਲ ਗਏ ਹਨ। ਅੱਜ-ਕੱਲ੍ਹ ਵਿਆਹਾਂ ਵਿਚ ਅਜਿਹਾ ਬਹੁਤ ਕੁਝ ਹੁੰਦਾ ਹੈ ਜੋ ਮਸੀਹੀਆਂ ਲਈ ਵਾਜਬ ਨਹੀਂ ਹੁੰਦਾ। ਇਸ ਲਈ ਮਸੀਹੀਆਂ ਨੂੰ ਵਿਆਹਾਂ ਦੀਆਂ ਦਾਅਵਤਾਂ ਦਾ ਪ੍ਰਬੰਧ ਕਰਨ ਵੇਲੇ ਬਹੁਤ ਧਿਆਨ ਰੱਖਣ ਦੀ ਲੋੜ ਹੈ ਤਾਂਕਿ ਸਾਡੇ ਕੰਮਾਂ ਰਾਹੀਂ ਸਾਡੀ ਨਿਹਚਾ ਜ਼ਾਹਰ ਹੋਵੇ।
8, 9. ਕਈ ਵਿਆਹ 1 ਯੂਹੰਨਾ 2:16, 17 ਦੇ ਸ਼ਬਦਾਂ ਨੂੰ ਕਿਵੇਂ ਸੱਚ ਸਾਬਤ ਕਰਦੇ ਹਨ?
8 ਜਿਹੜੇ ਲੋਕ ਬਾਈਬਲ ਦੇ ਅਸੂਲਾਂ ਦੀ ਕੋਈ ਪਰਵਾਹ ਨਹੀਂ ਕਰਦੇ, ਉਹ ਸੋਚਦੇ ਹਨ ਕਿ ਵਿਆਹ ਦੇ ਮੌਕੇ ਤੇ ਕੁਝ ਵੀ ਚੱਲਦਾ ਹੈ। ਕਈ ਤਾਂ ਵਿਆਹਾਂ ਨੂੰ ਆਪਣੀ ਦੌਲਤ ਤੇ ਸ਼ਾਨੋ-ਸ਼ੌਕਤ ਦਾ ਦਿਖਾਵਾ ਕਰਨ ਦਾ ਵਧੀਆ ਮੌਕਾ ਸਮਝਦੇ ਹਨ। ਇਕ ਯੂਰਪੀ ਰਸਾਲੇ ਵਿਚ ਇਕ ਕੁੜੀ ਆਪਣੇ ਠਾਠ-ਬਾਠ ਨਾਲ ਹੋਏ ਵਿਆਹ ਬਾਰੇ ਦੱਸਦੀ ਹੈ: ‘ਮੈਂ ਚਾਰ ਘੋੜਿਆਂ ਵਾਲੀ ਬੱਘੀ ਤੇ ਸਵਾਰ ਸੀ ਤੇ ਮੇਰੇ ਪਿੱਛੇ-ਪਿੱਛੇ 12 ਹੋਰ ਸਜੇ-ਧਜੇ ਟਾਂਗੇ ਸਨ। ਸ਼ਾਹੀ ਢੰਗ ਨਾਲ ਸਜਾਏ ਗਏ ਇਕ ਟ੍ਰਾਲੇ ਤੇ ਬੈਂਡ-ਵਾਜੇ ਵਾਲੇ ਸਨ। ਵਿਆਹ ਦੀ ਦਾਅਵਤ ਵਿਚ ਲਜ਼ੀਜ਼ ਤੋਂ ਲਜ਼ੀਜ਼ ਪਕਵਾਨ ਪਰੋਸੇ ਗਏ ਤੇ ਸੰਗੀਤ ਵੀ ਲਾਜਵਾਬ ਸੀ! ਸਭ ਕੁਝ ਉੱਦਾਂ ਹੀ ਹੋਇਆ ਜਿੱਦਾਂ ਮੈਂ ਚਾਹੁੰਦੀ ਸਾਂ। ਉਸ ਦਿਨ ਤਾਂ ਮੈਂ ਕਿਸੇ ਮਲਕਾ ਨਾਲੋਂ ਘੱਟ ਨਹੀਂ ਸੀ।’
9 ਹਾਲਾਂਕਿ ਵੱਖੋ-ਵੱਖਰੇ ਦੇਸ਼ਾਂ ਦੇ ਆਪੋ-ਆਪਣੇ ਰਿਵਾਜ ਹੁੰਦੇ ਹਨ, ਪਰ ਇਸ ਕੁੜੀ ਦੀਆਂ ਗੱਲਾਂ ਯੂਹੰਨਾ ਰਸੂਲ ਦੇ ਸ਼ਬਦਾਂ ਨੂੰ ਸੱਚ ਸਾਬਤ ਕਰਦੀਆਂ ਹਨ: “ਸੱਭੋ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਮਾਨ ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ।” ਕੀ ਤੁਹਾਡੇ ਖ਼ਿਆਲ ਵਿਚ ਯਹੋਵਾਹ ਨੂੰ ਮੰਨਣ ਵਾਲਾ ਕੋਈ ਵੀ ਸੱਚਾ ਭਗਤ ਆਪਣੀ ਸ਼ਾਨ ਵਧਾਉਣ ਲਈ ਇੰਨੇ ਧੂਮ-ਧੜੱਕੇ ਨਾਲ ਵਿਆਹ ਕਰਾਉਣਾ ਚਾਹੇਗਾ? ਨਹੀਂ, ਸਗੋਂ ਉਹ ਹਮੇਸ਼ਾ ਇਹ ਗੱਲ ਚੇਤੇ ਰੱਖੇਗਾ ਕਿ “ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।”—1 ਯੂਹੰਨਾ 2:16, 17.
10. (ੳ) ਵਿਆਹ ਦੀ ਦਾਅਵਤ ਸੰਬੰਧੀ ਅਕਲ ਤੋਂ ਕੰਮ ਲੈਣਾ ਕਿਉਂ ਜ਼ਰੂਰੀ ਹੈ? (ਅ) ਮਹਿਮਾਨ ਸੱਦਣ ਸੰਬੰਧੀ ਫ਼ੈਸਲੇ ਕਿਵੇਂ ਕੀਤੇ ਜਾਣੇ ਚਾਹੀਦੇ ਹਨ?
10 ਮਸੀਹੀ ਲਾੜਾ-ਲਾੜੀ ਦਾਅਵਤ ਦੇਣ ਦੇ ਮਾਮਲੇ ਵਿਚ ਬਾਈਬਲ ਦੀ ਸਲਾਹ ਉੱਤੇ ਚੱਲਣ ਦੇ ਨਾਲ-ਨਾਲ ਆਪਣੀ ਅਕਲ ਤੋਂ ਵੀ ਕੰਮ ਲੈਣਗੇ। ਉਹ ਜਾਣਦੇ ਹਨ ਕਿ ਭਾਵੇਂ ਵਿਆਹ ਦਾ ਦਿਨ ਉਨ੍ਹਾਂ ਲਈ ਖ਼ਾਸ ਦਿਨ ਹੈ, ਪਰ ਇਹ ਵਿਆਹੁਤਾ ਜ਼ਿੰਦਗੀ ਦੀ ਸਿਰਫ਼ ਸ਼ੁਰੂਆਤ ਹੀ ਹੈ ਅਤੇ ਉਨ੍ਹਾਂ ਅੱਗੇ ਹਮੇਸ਼ਾ ਦੀ ਜ਼ਿੰਦਗੀ ਪਈ ਹੈ। ਉਹ ਜਾਣਦੇ ਹਨ ਕਿ ਦਾਅਵਤ ਦੇਣੀ ਜਾਂ ਨਾ ਦੇਣੀ ਉਨ੍ਹਾਂ ਦਾ ਨਿੱਜੀ ਫ਼ੈਸਲਾ ਹੈ। ਜੇ ਉਹ ਦਾਅਵਤ ਦੇਣ ਦਾ ਫ਼ੈਸਲਾ ਕਰਦੇ ਵੀ ਹਨ, ਤਾਂ ਉਨ੍ਹਾਂ ਲਈ ਸਾਰਿਆਂ ਨੂੰ ਬੁਲਾਉਣਾ ਜ਼ਰੂਰੀ ਨਹੀਂ ਹੈ। ਵਿਆਹੁਤਾ ਜੋੜੇ ਨੂੰ ਬੈਠ ਕੇ ਲੇਖਾ-ਜੋਖਾ ਕਰਨਾ ਚਾਹੀਦਾ ਹੈ ਕਿ ਉਹ ਦਾਅਵਤ ਉੱਤੇ ਕਿੰਨਾ ਕੁ ਪੈਸਾ ਖ਼ਰਚ ਕਰ ਸਕਦੇ ਹਨ ਤੇ ਦਾਅਵਤ ਵਿਚ ਕੀ ਕੁਝ ਸ਼ਾਮਲ ਕਰਨਗੇ। (ਲੂਕਾ 14:28) ਮਸੀਹੀ ਘਰਾਣੇ ਵਿਚ ਪਤੀ ਪਤਨੀ ਦਾ ਸਿਰ ਹੁੰਦਾ ਹੈ। (1 ਕੁਰਿੰਥੀਆਂ 11:3; ਅਫ਼ਸੀਆਂ 5:22, 23) ਸੋ ਵਿਆਹ ਦੀ ਦਾਅਵਤ ਸੰਬੰਧੀ ਫ਼ੈਸਲੇ ਲਾੜੇ ਨੂੰ ਕਰਨੇ ਚਾਹੀਦੇ ਹਨ। ਉਹ ਆਪਣੀ ਹੋਣ ਵਾਲੀ ਪਤਨੀ ਨਾਲ ਸਲਾਹ-ਮਸ਼ਵਰਾ ਕਰ ਕੇ ਫ਼ੈਸਲਾ ਕਰੇਗਾ ਕਿ ਦਾਅਵਤ ਵਿਚ ਕਿੰਨੇ ਲੋਕ ਅਤੇ ਕੌਣ-ਕੌਣ ਸੱਦੇ ਜਾਣਗੇ। ਸਾਰੇ ਜਾਣ-ਪਛਾਣ ਵਾਲਿਆਂ ਨੂੰ ਸੱਦਣ ਦੀ ਸ਼ਾਇਦ ਉਨ੍ਹਾਂ ਦੀ ਹੈਸੀਅਤ ਨਾ ਹੋਵੇ। ਇਸ ਲਈ ਉਨ੍ਹਾਂ ਨੂੰ ਆਪਣੀ ਹੈਸੀਅਤ ਮੁਤਾਬਕ ਸੋਚ-ਸਮਝ ਕੇ ਫ਼ੈਸਲਾ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਮਸੀਹੀ ਭੈਣ-ਭਰਾਵਾਂ ਤੇ ਭਰੋਸਾ ਹੈ ਕਿ ਉਹ ਉਨ੍ਹਾਂ ਦੀ ਮਜਬੂਰੀ ਨੂੰ ਸਮਝਣਗੇ ਅਤੇ ਵਿਆਹ ਦੀ ਦਾਅਵਤ ਵਿਚ ਨਾ ਸੱਦੇ ਜਾਣ ਤੇ ਨਾਰਾਜ਼ ਨਹੀਂ ਹੋਣਗੇ।—ਉਪਦੇਸ਼ਕ ਦੀ ਪੋਥੀ 7:9.
ਦਾਅਵਤ ਦਾ ਨਿਗਰਾਨ
11. ਦਾਅਵਤ ਦੇ ਨਿਗਰਾਨ ਦੀ ਕੀ ਜ਼ਿੰਮੇਵਾਰੀ ਹੈ?
11 ਜੇ ਮੁੰਡਾ-ਕੁੜੀ ਵਿਆਹ ਦੀ ਦਾਅਵਤ ਦੇਣੀ ਚਾਹੁੰਦੇ ਹਨ, ਤਾਂ ਉਹ ਕਿਵੇਂ ਧਿਆਨ ਰੱਖ ਸਕਦੇ ਹਨ ਕਿ ਦਾਅਵਤ ਵਿਚ ਅਜਿਹਾ ਕੁਝ ਨਾ ਹੋਵੇ ਜਿਸ ਨਾਲ ਕਿਸੇ ਨੂੰ ਠੋਕਰ ਵੱਜੇ? ਇਸ ਮਾਮਲੇ ਵਿਚ ਅਸੀਂ ਯੂਹੰਨਾ 2:9, 10 ਤੋਂ ਇਕ ਵਧੀਆ ਗੱਲ ਸਿੱਖਦੇ ਹਾਂ। ਇਸ ਵਿਚ ਦੱਸਿਆ ਹੈ ਕਿ ਕਾਨਾ ਵਿਖੇ ਜਿਸ ਦਾਅਵਤ ਵਿਚ ਯਿਸੂ ਗਿਆ ਸੀ, ਉਸ ਵਿਚ ‘ਸਭਾ ਦਾ ਪਰਧਾਨ’ ਯਾਨੀ ਦਾਅਵਤ ਦਾ ਨਿਗਰਾਨ ਸੀ। ਇਹ ਨਿਗਰਾਨ ਯਕੀਨਨ ਯਹੋਵਾਹ ਨੂੰ ਮੰਨਣ ਵਾਲਾ ਇਕ ਸੂਝਵਾਨ ਵਿਅਕਤੀ ਸੀ ਜਿਸ ਦੀ ਜ਼ਿੰਮੇਵਾਰੀ ਇਹ ਦੇਖਣਾ ਸੀ ਕਿ ਦਾਅਵਤ ਵਿਚ ਸਭ ਕੁਝ ਸਹੀ-ਸਹੀ ਕੀਤਾ ਜਾ ਰਿਹਾ ਸੀ। ਇਸੇ ਤਰ੍ਹਾਂ, ਅਕਲਮੰਦ ਲਾੜਾ ਵੀ ਕਿਸੇ ਸੂਝਵਾਨ ਮਸੀਹੀ ਭਰਾ ਨੂੰ ਦਾਅਵਤ ਦੌਰਾਨ ਸਭ ਚੀਜ਼ਾਂ ਤੇ ਨਿਗਰਾਨੀ ਰੱਖਣ ਲਈ ਚੁਣੇਗਾ। ਇਹ ਭਰਾ ਲਾੜੇ ਨਾਲ ਸਲਾਹ-ਮਸ਼ਵਰਾ ਕਰੇਗਾ ਅਤੇ ਫਿਰ ਦਾਅਵਤ ਤੋਂ ਪਹਿਲਾਂ ਅਤੇ ਦਾਅਵਤ ਦੇ ਦੌਰਾਨ ਲਾੜੇ ਦੀ ਇੱਛਾ ਮੁਤਾਬਕ ਸਭ ਕੰਮ ਕਰੇਗਾ।
12. ਵਿਆਹ ਦੀ ਦਾਅਵਤ ਵਿਚ ਸ਼ਰਾਬ ਵਰਤਾਉਣ ਦੇ ਮਾਮਲੇ ਵਿਚ ਲਾੜੇ ਨੂੰ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ?
12 ਪੈਰਾ 5 ਵਿਚ ਦੱਸੇ ਕਾਰਨਾਂ ਕਰਕੇ ਕੁਝ ਜੋੜੇ ਵਿਆਹ ਦੀ ਦਾਅਵਤ ਵਿਚ ਸ਼ਰਾਬ ਨਾ ਵਰਤਾਉਣ ਦਾ ਫ਼ੈਸਲਾ ਕਰਦੇ ਹਨ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਲੋਕ ਸ਼ਰਾਬੀ ਹੋ ਕੇ ਵਿਆਹ ਦੀਆਂ ਖ਼ੁਸ਼ੀਆਂ ਨੂੰ ਭੰਗ ਕਰਨ। (ਰੋਮੀਆਂ 13:13; 1 ਕੁਰਿੰਥੀਆਂ 5:11) ਪਰ ਜੇ ਜੋੜਾ ਦਾਅਵਤ ਵਿਚ ਸ਼ਰਾਬ ਵਰਤਾਉਣ ਦੀ ਸੋਚ ਰਿਹਾ ਹੈ, ਤਾਂ ਲਾੜਾ ਇਸ ਗੱਲ ਦਾ ਖ਼ਿਆਲ ਰੱਖੇਗਾ ਕਿ ਹੱਦੋਂ ਵੱਧ ਸ਼ਰਾਬ ਨਾ ਵਰਤਾਈ ਜਾਵੇ। ਕਾਨਾ ਵਿਖੇ ਹੋਏ ਵਿਆਹ ਵਿਚ ਮਹਿਮਾਨਾਂ ਨੂੰ ਮੈ ਵਰਤਾਈ ਗਈ ਸੀ ਅਤੇ ਯਿਸੂ ਨੇ ਚਮਤਕਾਰ ਕਰ ਕੇ ਪਾਣੀ ਨੂੰ ਉੱਤਮ ਮੈ ਵਿਚ ਬਦਲਿਆ ਸੀ। ਦਿਲਚਸਪੀ ਦੀ ਗੱਲ ਹੈ ਕਿ ਉਸ ਦਾਅਵਤ ਦੇ ਪ੍ਰਧਾਨ ਨੇ ਯਿਸੂ ਨੂੰ ਕਿਹਾ: “ਹਰੇਕ ਮਨੁੱਖ ਪਹਿਲਾਂ ਅੱਛੀ ਮੈ ਦਿੰਦਾ ਹੈ ਅਤੇ ਜਾਂ ਬਹੁਤ ਪੀ ਚੁੱਕੇ ਤਾਂ ਮਗਰੋਂ ਮਾੜੀ, ਪਰ ਤੈਂ ਅੱਛੀ ਮੈ ਹੁਣ ਤੀਕਰ ਰੱਖ ਛੱਡੀ ਹੈ!” (ਯੂਹੰਨਾ 2:10) ਕੀ ਯਿਸੂ ਪਾਣੀ ਨੂੰ ਮੈ ਵਿਚ ਬਦਲ ਕੇ ਮਹਿਮਾਨਾਂ ਨੂੰ ਮਤਵਾਲੇ ਹੋਣ ਦੀ ਹੱਲਾਸ਼ੇਰੀ ਦੇ ਰਿਹਾ ਸੀ? ਨਹੀਂ, ਉਹ ਇੱਦਾਂ ਕਦੇ ਨਹੀਂ ਕਰ ਸਕਦਾ ਕਿਉਂਕਿ ਉਹ ਤਾਂ ਮਤਵਾਲੇ ਹੋਣ ਨੂੰ ਗ਼ਲਤ ਸਮਝਦਾ ਸੀ। (ਲੂਕਾ 12:45, 46) ਤਾਂ ਫਿਰ ਦਾਅਵਤ ਦੇ ਪ੍ਰਧਾਨ ਦੇ ਕਹਿਣ ਦਾ ਕੀ ਮਤਲਬ ਸੀ? ਉਹ ਤਾਂ ਕੇਵਲ ਇਹੋ ਕਹਿ ਰਿਹਾ ਸੀ ਕਿ ਉਸ ਨੇ ਕਈ ਵਿਆਹਾਂ ਵਿਚ ਮਹਿਮਾਨਾਂ ਨੂੰ ਮਤਵਾਲੇ ਹੁੰਦੇ ਦੇਖਿਆ ਸੀ। (ਰਸੂਲਾਂ ਦੇ ਕਰਤੱਬ 2:15; 1 ਥੱਸਲੁਨੀਕੀਆਂ 5:7) ਇਸ ਲਈ ਲਾੜੇ ਨੂੰ ਅਤੇ ਉਸ ਵੱਲੋਂ ਚੁਣੇ ਗਏ ਦਾਅਵਤ ਦੇ ਨਿਗਰਾਨ ਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਸਾਰੇ ਮਹਿਮਾਨ ਇਸ ਸਲਾਹ ਨੂੰ ਮੰਨਣ: “ਮੈ ਨਾਲ ਮਸਤ ਨਾ ਹੋਵੋ ਜਿਹ ਦੇ ਵਿੱਚ ਲੁੱਚਪੁਣਾ ਹੁੰਦਾ ਹੈ।”—ਅਫ਼ਸੀਆਂ 5:18; ਕਹਾਉਤਾਂ 20:1; ਹੋਸ਼ੇਆ 4:11.
13. ਵਿਆਹ ਦੀ ਦਾਅਵਤ ਵਿਚ ਸੰਗੀਤ ਦਾ ਪ੍ਰਬੰਧ ਕਰਦੇ ਵੇਲੇ ਲਾੜੇ-ਲਾੜੀ ਨੂੰ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਕਿਉਂ?
13 ਹੋਰ ਦਾਅਵਤਾਂ ਵਾਂਗ, ਜੇ ਵਿਆਹ ਦੀ ਪਾਰਟੀ ਵਿਚ ਗੀਤ-ਸੰਗੀਤ ਦਾ ਪ੍ਰਬੰਧ ਕੀਤਾ ਜਾਵੇਗਾ, ਤਾਂ ਸੰਗੀਤ ਦੀ ਆਵਾਜ਼ ਨੂੰ ਘੱਟ ਰੱਖੋ ਤਾਂਕਿ ਮਹਿਮਾਨਾਂ ਨੂੰ ਇਕ-ਦੂਜੇ ਦੀ ਗੱਲ ਸੁਣਨ ਵਿਚ ਮੁਸ਼ਕਲ ਨਾ ਹੋਵੇ। ਇਕ ਮਸੀਹੀ ਨਿਗਾਹਬਾਨ ਕਹਿੰਦਾ ਹੈ: “ਜਿਉਂ-ਜਿਉਂ ਪਾਰਟੀ ਜ਼ੋਰ ਫੜਦੀ ਜਾਂਦੀ ਹੈ ਜਾਂ ਨਾਚ-ਗਾਣਾ ਸ਼ੁਰੂ ਹੁੰਦਾ ਹੈ, ਤਿਉਂ-ਤਿਉਂ ਸੰਗੀਤ ਦੀ ਆਵਾਜ਼ ਵੀ ਉੱਚੀ ਹੁੰਦੀ ਜਾਂਦੀ ਹੈ। ਉਦੋਂ ਮਹਿਮਾਨਾਂ ਲਈ ਇਕ-ਦੂਸਰੇ ਨਾਲ ਗੱਲ ਕਰਨੀ ਔਖੀ ਹੋ ਜਾਂਦੀ ਹੈ। ਵਿਆਹ ਦੀਆਂ ਦਾਅਵਤਾਂ ਮਸੀਹੀ ਭੈਣਾਂ-ਭਰਾਵਾਂ ਨਾਲ ਸੰਗਤ ਕਰਨ ਦਾ ਵਧੀਆ ਮੌਕਾ ਹੁੰਦਾ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਕਈ ਵਿਆਹਾਂ ਵਿਚ ਸੰਗੀਤ ਇੰਨਾ ਉੱਚਾ ਹੁੰਦਾ ਹੈ ਕਿ ਲੋਕ ਇਕ-ਦੂਜੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੀ ਹੀ ਛੱਡ ਦਿੰਦੇ ਹਨ!” ਸੋ ਲਾੜੇ ਅਤੇ ਦਾਅਵਤ ਦੇ ਪ੍ਰਧਾਨ ਦਾ ਫ਼ਰਜ਼ ਬਣਦਾ ਹੈ ਕਿ ਉਹ ਗੀਤ ਆਪ ਚੁਣਨ ਅਤੇ ਸੰਗੀਤ ਦੀ ਆਵਾਜ਼ ਨੂੰ ਕੰਟ੍ਰੋਲ ਵਿਚ ਰੱਖਣ। ਸੰਗੀਤਕਾਰਾਂ ਨੂੰ ਖੁੱਲ੍ਹੀ ਛੁੱਟੀ ਨਹੀਂ ਦੇਣੀ ਚਾਹੀਦੀ, ਚਾਹੇ ਉਹ ਕਿਰਾਏ ਦੇ ਹੋਣ ਜਾਂ ਨਾ। ਪੌਲੁਸ ਨੇ ਲਿਖਿਆ: “ਸਭ ਜੋ ਕੁਝ ਤੁਸੀਂ ਕਰੋ ਭਾਵੇਂ ਬਚਨ ਭਾਵੇਂ ਕਰਮ ਸੱਭੋ ਹੀ ਪ੍ਰਭੁ ਯਿਸੂ ਦੇ ਨਾਮ ਉੱਤੇ ਕਰੋ।” (ਕੁਲੁੱਸੀਆਂ 3:17) ਜਦੋਂ ਮਹਿਮਾਨ ਰਿਸੈਪਸ਼ਨ ਤੋਂ ਬਾਅਦ ਘਰ ਜਾਣ, ਤਾਂ ਗੀਤ-ਸੰਗੀਤ ਬਾਰੇ ਉਨ੍ਹਾਂ ਦੇ ਮਨਾਂ ਵਿਚ ਇਹੋ ਖ਼ਿਆਲ ਹੋਣਾ ਚਾਹੀਦਾ ਹੈ ਕਿ ਨਵ-ਵਿਆਹੁਤਾ ਜੋੜੇ ਨੇ ਸਭ ਕੁਝ ਯਿਸੂ ਦੇ ਨਾਮ ਤੇ ਕੀਤਾ।
14. ਘਰ ਪਰਤਦੇ ਸਮੇਂ ਮਹਿਮਾਨਾਂ ਨੂੰ ਵਿਆਹ ਦੀਆਂ ਕਿਹੜੀਆਂ ਯਾਦਾਂ ਆਪਣੇ ਨਾਲ ਲੈ ਕੇ ਜਾਣੀਆਂ ਚਾਹੀਦੀਆਂ ਹਨ?
14 ਜੀ ਹਾਂ, ਜੇ ਵਿਆਹ ਦੀ ਦਾਅਵਤ ਦਾ ਪ੍ਰਬੰਧ ਸੋਚ-ਸਮਝ
ਕੇ ਕੀਤਾ ਜਾਵੇ, ਤਾਂ ਸਾਰੇ ਇਸ ਦਾ ਆਨੰਦ ਮਾਣਨਗੇ ਅਤੇ ਇਸ ਸ਼ੁੱਭ ਮੌਕੇ ਨੂੰ ਯਾਦ ਰੱਖਣਗੇ। ਐਦਮ ਤੇ ਐਡੀਟਾ ਦੇ ਵਿਆਹ ਨੂੰ 30 ਸਾਲ ਹੋ ਗਏ ਹਨ। ਉਹ ਇਕ ਵਿਆਹ ਦੀ ਦਾਅਵਤ ਬਾਰੇ ਦੱਸਦੇ ਹਨ: “ਉਹ ਦਾਅਵਤ ਵਾਕਈ ਮਸੀਹੀਆਂ ਨੂੰ ਸ਼ੋਭਾ ਦਿੰਦੀ ਸੀ। ਕਈਆਂ ਨੇ ਯਹੋਵਾਹ ਦੀ ਮਹਿਮਾ ਕਰਨ ਲਈ ਗੀਤ ਗਾਏ ਅਤੇ ਹੋਰਨਾਂ ਤਰੀਕਿਆਂ ਨਾਲ ਮਹਿਮਾਨਾਂ ਦਾ ਦਿਲ ਬਹਿਲਾਇਆ। ਪਾਰਟੀ ਵਿਚ ਨਾਚ-ਗਾਣਾ ਵੀ ਸੀ, ਪਰ ਬਹੁਤ ਜ਼ਿਆਦਾ ਨਹੀਂ। ਉੱਥੇ ਖ਼ੁਸ਼ੀ ਦਾ ਮਾਹੌਲ ਸੀ ਅਤੇ ਸਭ ਕੁਝ ਬਾਈਬਲ ਦੇ ਅਸੂਲਾਂ ਮੁਤਾਬਕ ਸੀ।” ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਲਾੜਾ-ਲਾੜੀ ਆਪਣੇ ਕੰਮਾਂ ਰਾਹੀਂ ਆਪਣੀ ਨਿਹਚਾ ਦਾ ਸਬੂਤ ਦੇ ਸਕਦੇ ਹਨ।ਵਿਆਹ ਦੇ ਤੋਹਫ਼ੇ
15. ਵਿਆਹ ਦੇ ਤੋਹਫ਼ਿਆਂ ਦੇ ਸੰਬੰਧ ਵਿਚ ਬਾਈਬਲ ਦੀ ਕਿਹੜੀ ਸਲਾਹ ਯਾਦ ਰੱਖਣੀ ਚੰਗੀ ਗੱਲ ਹੋਵੇਗੀ?
15 ਕਈ ਦੇਸ਼ਾਂ ਵਿਚ ਲਾੜੇ-ਲਾੜੀ ਨੂੰ ਤੋਹਫ਼ਾ ਦੇਣ ਦਾ ਰਿਵਾਜ ਹੁੰਦਾ ਹੈ। ਤੋਹਫ਼ਾ ਦਿੰਦੇ ਸਮੇਂ ਸਾਨੂੰ ਕੀ ਚੇਤੇ ਰੱਖਣ ਦੀ ਲੋੜ ਹੈ? ਅਸੀਂ ਯੂਹੰਨਾ ਰਸੂਲ ਦੇ ਸ਼ਬਦਾਂ ਨੂੰ ਯਾਦ ਰੱਖਾਂਗੇ ਅਤੇ “ਜੀਵਨ ਦਾ ਅਭਮਾਨ” ਯਾਨੀ ਆਪਣੀ ਅਮੀਰੀ ਦਾ ਦਿਖਾਵਾ ਨਹੀਂ ਕਰਾਂਗੇ। ਇਹੋ ਜਿਹਾ ਦਿਖਾਵਾ ਸੱਚੀ ਨਿਹਚਾ ਦਾ ਸਬੂਤ ਨਹੀਂ ਹੈ, ਸਗੋਂ “ਸੰਸਾਰ” ਦਾ ਲੱਛਣ ਹੈ ‘ਜੋ ਬੀਤਦਾ ਜਾਂਦਾ ਹੈ।’ (1 ਯੂਹੰਨਾ 2:16, 17) ਲਾੜੇ-ਲਾੜੀ ਨੂੰ ਤੋਹਫ਼ੇ ਦੇਣ ਵਾਲਿਆਂ ਦੇ ਨਾਂ ਪੜ੍ਹ ਕੇ ਨਹੀਂ ਸੁਣਾਉਣੇ ਚਾਹੀਦੇ। ਜਦੋਂ ਮਕਦੂਨਿਯਾ ਅਤੇ ਅਖਾਯਾ ਸ਼ਹਿਰ ਦੇ ਮਸੀਹੀਆਂ ਨੇ ਯਰੂਸ਼ਲਮ ਦੇ ਭਰਾਵਾਂ ਲਈ ਤੋਹਫ਼ੇ ਘੱਲੇ ਸਨ, ਤਾਂ ਉਨ੍ਹਾਂ ਦੇ ਨਾਂ ਨਹੀਂ ਦੱਸੇ ਗਏ ਸਨ। (ਰੋਮੀਆਂ 15:26) ਕੁਝ ਮਸੀਹੀ ਨਹੀਂ ਚਾਹੁੰਦੇ ਕਿ ਸਾਰਿਆਂ ਨੂੰ ਪਤਾ ਲੱਗੇ ਕਿ ਉਨ੍ਹਾਂ ਨੇ ਕੀ ਤੋਹਫ਼ਾ ਦਿੱਤਾ ਕਿਉਂਕਿ ਉਹ ਆਪਣੇ ਵੱਲ ਧਿਆਨ ਨਹੀਂ ਖਿੱਚਣਾ ਚਾਹੁੰਦੇ। ਇਸ ਮਾਮਲੇ ਵਿਚ ਤੁਸੀਂ ਯਿਸੂ ਦੀ ਸਲਾਹ ਪੜ੍ਹ ਸਕਦੇ ਹੋ ਜੋ ਮੱਤੀ 6:1-4 ਵਿਚ ਦਿੱਤੀ ਗਈ ਹੈ।
16. ਤੋਹਫ਼ਿਆਂ ਦੇ ਮਾਮਲੇ ਵਿਚ ਲਾੜਾ-ਲਾੜੀ ਦੂਸਰਿਆਂ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਤੋਂ ਕਿਵੇਂ ਪਰਹੇਜ਼ ਕਰ ਸਕਦੇ ਹਨ?
16 ਤੋਹਫ਼ੇ ਦੇਣ ਵਾਲਿਆਂ ਦੇ ਨਾਂ ਪੜ੍ਹਨ ਨਾਲ ਸ਼ਾਇਦ ਮਹਿਮਾਨ “ਇੱਕ ਦੂਏ ਨਾਲ ਖਾਰ” ਕਰਨ ਲੱਗ ਪੈਣ। ਹੋ ਸਕਦਾ ਕਿ ਉਹ ਦੂਸਰਿਆਂ ਨਾਲ ਆਪਣੀ ਤੁਲਨਾ ਕਰਨ ਲੱਗ ਪੈਣ ਕਿ ਕਿਸ ਨੇ ਸਭ ਤੋਂ ਵਧੀਆ ਤੇ ਕੀਮਤੀ ਤੋਹਫ਼ਾ ਦਿੱਤਾ। ਸੋ ਲਾੜੇ-ਲਾੜੀ ਨੂੰ ਤੋਹਫ਼ੇ ਦੇਣ ਵਾਲਿਆਂ ਦੇ ਨਾਂ ਪੜ੍ਹ ਕੇ ਸੁਣਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਹ ਉਨ੍ਹਾਂ ਮਹਿਮਾਨਾਂ ਨੂੰ ਸ਼ਰਮਿੰਦਾ ਨਹੀਂ ਕਰਨਗੇ ਜੋ ਤੋਹਫ਼ਾ ਨਹੀਂ ਦੇ ਸਕੇ ਹਨ। (ਗਲਾਤੀਆਂ 5:26; 6:10) ਮਹਿਮਾਨ ਆਪਣੇ ਤੋਹਫ਼ੇ ਨਾਲ ਲੱਗੇ ਕਾਰਡ ਤੇ ਆਪਣਾ ਨਾਂ ਲਿਖ ਸਕਦੇ ਹਨ ਤਾਂਕਿ ਲਾੜਾ-ਲਾੜੀ ਜਾਣ ਸਕਣ ਕਿ ਕਿਸ ਨੇ ਕਿਹੜਾ ਤੋਹਫ਼ਾ ਦਿੱਤਾ ਹੈ। ਵਿਆਹ ਦਾ ਤੋਹਫ਼ਾ ਲੈਣ ਜਾਂ ਦੇਣ ਵੇਲੇ ਅਸੀਂ ਸਾਰੇ ਦਿਖਾ ਸਕਦੇ ਹਾਂ ਕਿ ਅਸੀਂ ਸਭ ਕੁਝ ਆਪਣੀ ਨਿਹਚਾ ਮੁਤਾਬਕ ਕਰਦੇ ਹਾਂ। *
17. ਆਪਣੀ ਨਿਹਚਾ ਅਤੇ ਕੰਮਾਂ ਦੇ ਸੰਬੰਧ ਵਿਚ ਸਾਡਾ ਕੀ ਟੀਚਾ ਹੋਣਾ ਚਾਹੀਦਾ ਹੈ?
17 ਇਹ ਸੱਚ ਹੈ ਕਿ ਅਸੀਂ ਬੁਰੇ ਕੰਮਾਂ ਤੋਂ ਦੂਰ ਰਹਿ ਕੇ, ਮਸੀਹੀ ਸਭਾਵਾਂ ਵਿਚ ਜਾ ਕੇ ਅਤੇ ਪ੍ਰਚਾਰ ਦਾ ਕੰਮ ਕਰ ਕੇ ਆਪਣੀ ਨਿਹਚਾ ਦਾ ਸਬੂਤ ਦਿੰਦੇ ਹਾਂ। ਪਰ ਅਸਲ ਵਿਚ ਸਾਡੇ ਹਰ ਕੰਮ ਤੋਂ ਸਾਡੀ ਨਿਹਚਾ ਦਾ ਸਬੂਤ ਮਿਲਣਾ ਚਾਹੀਦਾ ਹੈ। ਜੀ ਹਾਂ, ਸਾਡਾ ਹਰ ਕੰਮ, ਇੱਥੋਂ ਤਕ ਕਿ ਵਿਆਹ ਸੰਬੰਧੀ ਸਾਰੇ ਪ੍ਰਬੰਧ ਵੀ ਇਹੋ ਜਿਹੇ ਹੋਣੇ ਚਾਹੀਦੇ ਹਨ ਕਿ ਸਾਡੀ ਨਿਹਚਾ ‘ਪੂਰੀ ਪਾਈ ਜਾਵੇ।’—ਪਰਕਾਸ਼ ਦੀ ਪੋਥੀ 3:2.
18. ਮਸੀਹੀ ਵਿਆਹਾਂ ਅਤੇ ਦਾਅਵਤਾਂ ਵਿਚ ਅਸੀਂ ਯੂਹੰਨਾ 13:17 ਦੀ ਸਲਾਹ ਉੱਤੇ ਕਿਵੇਂ ਚੱਲ ਸਕਦੇ ਹਾਂ?
18 ਯਿਸੂ ਨੇ ਆਪਣੇ ਵਫ਼ਾਦਾਰ ਚੇਲਿਆਂ ਦੇ ਪੈਰ ਧੋ ਕੇ ਉਨ੍ਹਾਂ ਨੂੰ ਹਲੀਮ ਬਣਨ ਦੀ ਸਿੱਖਿਆ ਦਿੱਤੀ ਸੀ। ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਸੀਂ ਏਹ ਗੱਲਾਂ ਜਾਣਦੇ ਹੋ ਤਾਂ ਧੰਨ ਹੋ ਜੇ ਇਨ੍ਹਾਂ ਨੂੰ ਕਰੋ ਭੀ।” (ਯੂਹੰਨਾ 13:4-17) ਸਾਡੇ ਦੇਸ਼ ਵਿਚ ਸ਼ਾਇਦ ਘਰ ਆਏ ਮਹਿਮਾਨਾਂ ਦੇ ਪੈਰ ਧੋਣ ਦਾ ਰਿਵਾਜ ਨਾ ਹੋਵੇ ਜਾਂ ਇੱਦਾਂ ਕਰਨ ਦੀ ਸ਼ਾਇਦ ਕੋਈ ਲੋੜ ਵੀ ਨਾ ਹੋਵੇ। ਪਰ ਜਿਵੇਂ ਅਸੀਂ ਇਸ ਲੇਖ ਵਿਚ ਦੇਖਿਆ ਹੈ, ਅਸੀਂ ਕਈ ਹੋਰ ਗੱਲਾਂ ਵਿਚ ਵੀ ਆਪਣੀ ਨਿਹਚਾ ਦਾ ਸਬੂਤ ਦੇ ਸਕਦੇ ਹਾਂ। ਅਸੀਂ ਇਹੋ ਜਿਹਾ ਕੋਈ ਕੰਮ ਨਹੀਂ ਕਰਾਂਗੇ ਜਿਸ ਨਾਲ ਦੂਸਰਿਆਂ ਨੂੰ ਠੋਕਰ ਵੱਜੇ ਜਾਂ ਉਨ੍ਹਾਂ ਦੇ ਜਜ਼ਬਾਤਾਂ ਨੂੰ ਠੇਸ ਪਹੁੰਚੇ। ਵਿਆਹ-ਸ਼ਾਦੀ ਅਤੇ ਦਾਅਵਤਾਂ ਦੇ ਮਾਮਲੇ ਵਿਚ ਵੀ ਅਸੀਂ ਆਪਣੀ ਨਿਹਚਾ ਜ਼ਾਹਰ ਕਰਾਂਗੇ, ਭਾਵੇਂ ਵਿਆਹ ਸਾਡਾ ਹੋਵੇ ਜਾਂ ਅਸੀਂ ਕਿਸੇ ਹੋਰ ਦੇ ਵਿਆਹ ਵਿਚ ਮਹਿਮਾਨ ਬਣ ਕੇ ਜਾਈਏ।
[ਫੁਟਨੋਟ]
^ ਪੈਰਾ 16 “ਤੁਹਾਡੇ ਵਿਆਹ ਦਾ ਦਿਨ ਆਦਰਯੋਗ ਤੇ ਖ਼ੁਸ਼ੀ-ਭਰਿਆ ਹੋਵੇ” ਨਾਮਕ ਅਗਲੇ ਲੇਖ ਵਿਚ ਵਿਆਹ ਅਤੇ ਰਿਸੈਪਸ਼ਨ ਬਾਰੇ ਹੋਰ ਜਾਣਕਾਰੀ ਦਿੱਤੀ ਗਈ ਹੈ।
ਤੁਸੀਂ ਕੀ ਜਵਾਬ ਦਿਓਗੇ?
ਤੁਸੀਂ ਉਦੋਂ ਆਪਣੀ ਨਿਹਚਾ ਦਾ ਸਬੂਤ ਕਿਵੇਂ ਦਿਓਗੇ ਜਦੋਂ:
• ਤੁਸੀਂ ਕੋਈ ਪਾਰਟੀ ਰੱਖਦੇ ਹੋ?
• ਵਿਆਹ ਜਾਂ ਰਿਸੈਪਸ਼ਨ ਦਾ ਪ੍ਰਬੰਧ ਕਰਦੇ ਹੋ?
• ਵਿਆਹ ਦੇ ਤੋਹਫ਼ੇ ਦਿੰਦੇ ਜਾਂ ਲੈਂਦੇ ਹੋ?
[ਸਵਾਲ]
[ਸਫ਼ਾ 24 ਉੱਤੇ ਤਸਵੀਰ]
ਛੋਟੀਆਂ-ਮੋਟੀਆਂ ਪਾਰਟੀਆਂ ਵਿਚ ਵੀ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰੋ