“ਜ਼ਿੰਦਗੀ ਦਾ ਕੀ ਮਕਸਦ ਹੈ?”
“ਜ਼ਿੰਦਗੀ ਦਾ ਕੀ ਮਕਸਦ ਹੈ?”
ਨਾਜ਼ੀਆਂ ਦੇ ਤਸ਼ੱਦਦ ਸਹਿ ਚੁੱਕੇ ਨੋਬਲ ਪੁਰਸਕਾਰ ਵਿਜੇਤਾ ਐਲੀ ਵੀਜ਼ਲ ਨੇ ਇਕ ਵਾਰ ਇਸ ਨੂੰ “ਜ਼ਿੰਦਗੀ ਦਾ ਸਭ ਤੋਂ ਅਹਿਮ ਸਵਾਲ” ਕਿਹਾ ਸੀ। ਕਿਹੜਾ ਸਵਾਲ? ਇਹੋ ਕਿ “ਜ਼ਿੰਦਗੀ ਦਾ ਕੀ ਮਕਸਦ ਹੈ?”
ਕੀ ਤੁਸੀਂ ਕਦੇ ਇਸ ਬਾਰੇ ਸੋਚਿਆ ਹੈ? ਕਈਆਂ ਨੇ ਇਹ ਸਵਾਲ ਕੀਤਾ ਹੈ, ਪਰ ਉਨ੍ਹਾਂ ਨੂੰ ਜਵਾਬ ਨਹੀਂ ਮਿਲਿਆ। ਮਨੁੱਖੀ ਜੀਵਨ ਦੇ ਮਕਸਦ ਬਾਰੇ ਬ੍ਰਿਟਿਸ਼ ਇਤਿਹਾਸਕਾਰ ਆਰਨਲਡ ਟੋਇੰਬੀ ਨੇ ਲਿਖਿਆ: “ਇਨਸਾਨ ਦੀ ਜ਼ਿੰਦਗੀ ਦਾ ਇਹੋ ਮਕਸਦ ਹੈ ਕਿ ਉਹ ਪਰਮੇਸ਼ੁਰ ਦੀ ਮਹਿਮਾ ਕਰਦਿਆਂ ਸਦਾ ਖ਼ੁਸ਼ ਰਹੇ।”
ਧਿਆਨ ਦੇਣ ਯੋਗ ਗੱਲ ਹੈ ਕਿ 3,000 ਸਾਲ ਪਹਿਲਾਂ ਇਕ ਵਿਚਾਰਸ਼ੀਲ ਸ਼ਖ਼ਸ ਨੇ ਜੀਵਨ ਦਾ ਅਸਲੀ ਮਕਸਦ ਦੱਸ ਦਿੱਤਾ ਸੀ। ਉਹ ਸ਼ਖ਼ਸ ਸੀ ਬੁੱਧੀਮਾਨ ਬਾਦਸ਼ਾਹ ਸੁਲੇਮਾਨ। ਉਸ ਨੇ ਮਨੁੱਖੀ ਜੀਵਨ ਬਾਰੇ ਕਿਹਾ: “ਹੁਣ ਅਸੀਂ ਸਾਰੇ ਬਚਨਾਂ ਦਾ ਸਾਰ ਸੁਣੀਏ,—ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।”—ਉਪਦੇਸ਼ਕ ਦੀ ਪੋਥੀ 12:13.
ਪਰਮੇਸ਼ੁਰ ਦਾ ਪੁੱਤਰ ਯਿਸੂ ਮਸੀਹ ਇਸ ਗੱਲ ਦੀ ਜੀਉਂਦੀ-ਜਾਗਦੀ ਮਿਸਾਲ ਸੀ। ਧਰਤੀ ਉੱਤੇ ਰਹਿੰਦਿਆਂ ਉਸ ਨੇ ਹਰ ਕਦਮ ਤੇ ਪਰਮੇਸ਼ੁਰ ਦੀ ਮਹਿਮਾ ਕੀਤੀ। ਆਪਣੇ ਸਿਰਜਣਹਾਰ ਦੀ ਸੇਵਾ ਕਰ ਕੇ ਉਹ ਬਹੁਤ ਖ਼ੁਸ਼ ਸੀ। ਇਸ ਤੋਂ ਉਸ ਨੂੰ ਤਾਕਤ ਮਿਲਦੀ ਸੀ। ਤਾਹੀਓਂ ਉਸ ਨੇ ਕਿਹਾ ਕਿ “ਮੇਰਾ ਭੋਜਨ ਇਹੋ ਹੈ ਜੋ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ।”—ਯੂਹੰਨਾ 4:34.
ਤਾਂ ਫਿਰ ਅਸੀਂ ਜੀਵਨ ਦੇ ਮਕਸਦ ਬਾਰੇ ਕੀ ਕਹਿ ਸਕਦੇ ਹਾਂ? ਅਸੀਂ ਯਿਸੂ, ਸੁਲੇਮਾਨ ਤੇ ਹੋਰ ਕਈ ਵਫ਼ਾਦਾਰ ਭਗਤਾਂ ਵਾਂਗ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਕੇ ਮਕਸਦ ਭਰੀ ਜ਼ਿੰਦਗੀ ਜੀ ਸਕਦੇ ਹਾਂ ਅਤੇ ਸੱਚੀ ਖ਼ੁਸ਼ੀ ਹਾਸਲ ਕਰ ਸਕਦੇ ਹਾਂ। ਕੀ ਤੁਸੀਂ ਜਾਣਨਾ ਚਾਹੋਗੇ ਕਿ ਅਸੀਂ ਪਰਮੇਸ਼ੁਰ ਦੀ ਭਗਤੀ “ਆਤਮਾ ਅਤੇ ਸਚਿਆਈ ਨਾਲ” ਕਿਵੇਂ ਕਰ ਸਕਦੇ ਹਾਂ? (ਯੂਹੰਨਾ 4:24) ਇਸ ਸਵਾਲ ਦਾ ਜਵਾਬ ਜਾਣਨ ਵਿਚ ਯਹੋਵਾਹ ਦੇ ਗਵਾਹ ਤੁਹਾਡੀ ਮਦਦ ਕਰ ਸਕਦੇ ਹਨ।