Skip to content

Skip to table of contents

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਪਹਿਰਾਬੁਰਜ ਦੇ ਹਾਲ ਹੀ ਦੇ ਅੰਕਾਂ ਨੂੰ ਪੜ੍ਹਨ ਦਾ ਆਨੰਦ ਮਾਣਿਆ ਹੈ? ਜ਼ਰਾ ਪਰਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:

ਅਸੀਂ ਉਦੋਂ ਕੀ ਕਰ ਸਕਦੇ ਹਾਂ ਜਦ ਸਾਡੇ ਘਰ ਦਾ ਕੋਈ ਜੀਅ ਯਹੋਵਾਹ ਨੂੰ ਛੱਡ ਕੇ ਚੱਲਿਆ ਜਾਂਦਾ ਹੈ?

ਤੁਸੀਂ ਯਹੋਵਾਹ ਦੀ ਸੇਵਾ ਵਿਚ ਰੁੱਝ ਰਹੋ ਅਤੇ ਘਰ ਦੇ ਬਾਕੀ ਜੀਆਂ ਨੂੰ ਵੀ ਯਹੋਵਾਹ ਦੀ ਭਗਤੀ ਕਰਦੇ ਰਹਿਣ ਦੀ ਹੱਲਾਸ਼ੇਰੀ ਦਿੰਦੇ ਰਹੋ। ਕਲੀਸਿਯਾ ਵਿਚ ਦੂਸਰਿਆਂ ਦੀ ਮਦਦ ਕਰਨ ਲਈ ਤਿਆਰ ਰਹੋ। ਆਸ ਨਾ ਛੱਡੋ ਕਿ ਯਹੋਵਾਹ ਨੂੰ ਛੱਡ ਚੁੱਕਾ ਵਿਅਕਤੀ ਹੁਣ ਉਸ ਵੱਲ ਨਹੀਂ ਮੁੜੇਗਾ। ਆਪਣੇ ਆਪ ਨੂੰ ਕੋਸੀ ਨਾ ਜਾਓ। ਤਾੜਨਾ ਦੇਣ ਦੇ ਯਹੋਵਾਹ ਦੇ ਪ੍ਰਬੰਧ ਦੀ ਕਦਰ ਕਰੋ। ਦੋਸਤਾਂ-ਮਿੱਤਰਾਂ ਨਾਲ ਖੁੱਲ੍ਹ ਕੇ ਗੱਲ ਕਰੋ।—9/1, ਸਫ਼ੇ 18-21.

ਬਾਈਬਲ ਦੀਆਂ ਕਿਹੜੀਆਂ ਦੋ ਗੱਲਾਂ ਅੰਤ ਦਿਆਂ ਦਿਨਾਂ ਦੀ ਪਛਾਣ ਕਰਵਾਉਂਦੀਆਂ ਹਨ?

ਬਾਈਬਲ ਵਿਚ ਦੱਸਿਆ ਗਿਆ ਹੈ ਕਿ ਇਸ “ਜੁਗ ਦੇ ਅੰਤ” ਦੌਰਾਨ ਕਿਹੜੀਆਂ ਘਟਨਾਵਾਂ ਹੋਣਗੀਆਂ। (ਮੱਤੀ 24:3, 7, 8; ਲੂਕਾ 21:11) ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ “ਅੰਤ ਦਿਆਂ ਦਿਨਾਂ” ਵਿੱਚ ਜੀ ਰਹੇ ਲੋਕਾਂ ਦਾ ਸੁਭਾਅ ਕਿਹੋ ਜਿਹਾ ਹੋਵੇਗਾ। (2 ਤਿਮੋਥਿਉਸ 3:1-5) ਇਸੇ ਸਮੇਂ ਦੌਰਾਨ ਰਾਜ ਦੀ ਖ਼ੁਸ਼ੀ ਖ਼ਬਰੀ ਦਾ ਪ੍ਰਚਾਰ ਕੀਤਾ ਜਾਣਾ ਹੈ।—9/15, ਸਫ਼ੇ 4-6.

ਕਲੀਸਿਯਾ ਦੇ ਬਜ਼ੁਰਗਾਂ ਦੀ ਕੀ ਜ਼ਿੰਮੇਵਾਰੀ ਹੈ ਜਦ ਕੋਈ ਭੈਣ-ਭਰਾ ਕਾਰ ਚਲਾਉਂਦੇ ਸਮੇਂ ਹਾਦਸੇ ਵਿਚ ਕਿਸੇ ਨੂੰ ਮਾਰ ਦਿੰਦਾ ਹੈ?

ਬਜ਼ੁਰਗ ਜੋ ਇਸ ਮਾਮਲੇ ਦੀ ਛਾਣ-ਬੀਣ ਕਰਦੇ ਹਨ, ਉਨ੍ਹਾਂ ਨੂੰ ਸ਼ਾਇਦ ਲੱਗੇ ਕਿ ਮਸੀਹੀ ਉੱਤੇ ਖ਼ੂਨ ਦਾ ਦੋਸ਼ ਨਹੀਂ ਹੈ ਕਿਉਂਕਿ ਹਾਦਸੇ ਨੂੰ ਰੋਕਣਾ ਉਸ ਦੇ ਵੱਸ ਦੀ ਗੱਲ ਨਹੀਂ ਸੀ। ਪਰ ਜੇ ਮਸੀਹੀ ਉੱਤੇ ਖ਼ੂਨ ਦਾ ਦੋਸ਼ ਹੈ ਤੇ ਉਸ ਨੇ ਤੋਬਾ ਕੀਤੀ ਹੈ, ਤਾਂ ਉਸ ਨੂੰ ਬਾਈਬਲ ਤੇ ਆਧਾਰਿਤ ਤਾੜਨਾ ਦਿੱਤੀ ਜਾਵੇਗੀ ਅਤੇ ਕਲੀਸਿਯਾ ਵਿਚ ਉਸ ਤੋਂ ਜ਼ਿੰਮੇਵਾਰੀਆਂ ਲੈ ਲਈਆਂ ਜਾਣਗੀਆਂ।—9/15, ਸਫ਼ਾ 30.

ਕੀ ਸਾਇੰਸ ਇਨਸਾਨ ਨੂੰ ਹਮੇਸ਼ਾ ਦੀ ਜ਼ਿੰਦਗੀ ਦੇ ਸਕਦੀ ਹੈ?

ਸਾਇੰਸਦਾਨ ਜ਼ਿੰਦਗੀ ਨੂੰ ਲੰਬਾ ਕਰਨ ਦੇ ਵੱਖ-ਵੱਖ ਤਰੀਕੇ ਲੱਭ ਰਹੇ ਹਨ, ਜਿਵੇਂ ਉਹ ਕੋਸ਼ਿਸ਼ ਕਰ ਰਹੇ ਹਨ ਕਿ ਸੈੱਲਾਂ ਦਾ ਆਪਣੇ ਆਪ ਨੂੰ ਨਵਿਆਉਂਦੇ ਰਹਿਣ ਦਾ ਸਿਲਸਿਲਾ ਹਮੇਸ਼ਾ ਲਈ ਚੱਲਦਾ ਰਹੇ। ਜਾਂ ਕਲੋਨਿੰਗ ਦੇ ਜ਼ਰੀਏ ਮਰੀਜ਼ਾਂ ਦੇ ਹੀ ਸਟੈੱਮ ਸੈੱਲ ਲੈ ਕੇ ਨਵੇਂ ਜਿਗਰ, ਗੁਰਦੇ ਜਾਂ ਦਿਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਮਰੀਜ਼ਾਂ ਨੂੰ ਦਿੱਤੇ ਜਾ ਸਕਣਗੇ। ਪਰ ਬਾਈਬਲ ਵਿਚ ਇਹ ਗੱਲ ਸਾਫ਼ ਦੱਸੀ ਗਈ ਹੈ ਕਿ ਹਮੇਸ਼ਾ ਦੀ ਜ਼ਿੰਦਗੀ ਸਿਰਫ਼ ਇੱਕੋ-ਇਕ ਜ਼ਰੀਏ ਰਾਹੀਂ ਮਿਲ ਸਕਦੀ ਹੈ ਤੇ ਉਹ ਜ਼ਰੀਆ ਹੈ ਯਿਸੂ ਦਾ ਬਲੀਦਾਨ।—10/1, ਸਫ਼ੇ 3-5.

ਕੀ ਯਹੂਦੀਆਂ ਦਾ ਰਸਮੀ ਇਸ਼ਨਾਨ ਬਪਤਿਸਮੇ ਦੇ ਸਮਾਨ ਸੀ?

ਨਹੀਂ। ਯਹੂਦੀ ਲੋਕ ਇਸ਼ਨਾਨ ਕਰਨ ਦੀਆਂ ਰੀਤਾਂ ਖ਼ੁਦ ਪੂਰੀਆਂ ਕਰਦੇ ਸਨ, ਪਰ ਜੋ ਬਪਤਿਸਮਾ ਯੂਹੰਨਾ ਦਿੰਦਾ ਸੀ ਉਸ ਬਾਰੇ ਇਹ ਗੱਲ ਸੱਚ ਨਹੀਂ ਸੀ। ਮੂਸਾ ਦੀ ਬਿਵਸਥਾ ਅਧੀਨ ਯਹੂਦੀਆਂ ਨੂੰ ਸ਼ੁੱਧ ਹੋਣ ਲਈ ਵਾਰ-ਵਾਰ ਇਸ਼ਨਾਨ ਕਰਨਾ ਪੈਂਦਾ ਸੀ, ਜਦ ਕਿ ਮਸੀਹੀ ਬਪਤਿਸਮਾ ਸਿਰਫ਼ ਇਕ ਵਾਰੀ ਲਿਆ ਜਾਂਦਾ ਹੈ।—10/15, ਸਫ਼ੇ 12-13.

ਸੇਵਕਾਈ ਸਿਖਲਾਈ ਸਕੂਲ ਕੀ ਹੈ?

ਇਹ ਅੱਠ ਹਫ਼ਤਿਆਂ ਦਾ ਇਕ ਕੋਰਸ ਹੈ। ਕੋਈ ਵੀ ਕੁਆਰਾ ਬਜ਼ੁਰਗ ਤੇ ਸਹਾਇਕ ਸੇਵਕ ਇਹ ਕੋਰਸ ਕਰ ਸਕਦਾ ਹੈ ਜਿਸ ਦੇ ਹਾਲਤ ਉਸ ਨੂੰ ਉਨ੍ਹਾਂ ਥਾਵਾਂ ਵਿਚ ਪ੍ਰਚਾਰ ਕਰਨ ਦੀ ਇਜਾਜ਼ਤ ਦਿੰਦੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਇਸ ਲੋੜ ਨੂੰ ਧਿਆਨ ਵਿਚ ਰੱਖਦਿਆਂ ਕੋਰਸ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੀ ਖ਼ੁਦ ਦੀ ਕਲੀਸਿਯਾ ਵਿਚ, ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਜਾਂ ਫਿਰ ਵਿਦੇਸ਼ ਵੀ ਘੱਲਿਆ ਜਾ ਸਕਦਾ ਹੈ।—11/15, ਸਫ਼ੇ 10-11.

1 ਯੂਹੰਨਾ 2:18; 4:3 ਵਿਚ ਜ਼ਿਕਰ ਕੀਤਾ ਗਿਆ ਮਸੀਹ ਦਾ ਵਿਰੋਧੀ ਕੌਣ ਜਾਂ ਕੀ ਚੀਜ਼ ਹੈ?

ਇਹ ਵਿਰੋਧੀ ਉਨ੍ਹਾਂ ਸਾਰਿਆਂ ਲੋਕਾਂ ਨੂੰ ਦਰਸਾਉਂਦਾ ਹੈ ਜੋ ਯਿਸੂ ਮਸੀਹ ਦਾ ਵਿਰੋਧ ਕਰਦੇ ਹਨ ਜਾਂ ਖ਼ੁਦ ਮਸੀਹਾ ਜਾਂ ਮਸੀਹੀ ਹੋਣ ਦਾ ਝੂਠਾ ਦਾਅਵਾ ਕਰਦੇ ਹਨ। ਯਿਸੂ ਅਤੇ ਯੂਹੰਨਾ ਦੇ ਸ਼ਬਦਾਂ ਤੋਂ ਜ਼ਾਹਰ ਹੁੰਦਾ ਹੈ ਕਿ ਮਸੀਹ ਦਾ ਵਿਰੋਧੀ ਕਿਸੇ ਇਕ ਵਿਅਕਤੀ ਨੂੰ ਨਹੀਂ, ਸਗੋਂ ਬਹੁਤ ਸਾਰੇ ਲੋਕਾਂ ਨੂੰ ਦਰਸਾਉਂਦਾ ਹੈ ਜੋ ਮਸੀਹ ਦਾ ਵਿਰੋਧ ਕਰਦੇ ਹਨ, ਝੂਠੀਆਂ ਸਿੱਖਿਆਵਾਂ ਫੈਲਾਉਂਦੇ ਹਨ ਅਤੇ ਪਰਮੇਸ਼ੁਰ ਦੇ ਰਾਜ ਨੂੰ ਰੱਦ ਕਰਦੇ ਹਨ।—12/1, ਸਫ਼ੇ 4-6.