Skip to content

Skip to table of contents

ਗੁਮਨਾਮੀ ਵਿੱਚੋਂ ਬਾਹਰ ਆਇਆ ਐੱਬਲਾ ਸ਼ਹਿਰ

ਗੁਮਨਾਮੀ ਵਿੱਚੋਂ ਬਾਹਰ ਆਇਆ ਐੱਬਲਾ ਸ਼ਹਿਰ

ਗੁਮਨਾਮੀ ਵਿੱਚੋਂ ਬਾਹਰ ਆਇਆ ਐੱਬਲਾ ਸ਼ਹਿਰ

ਇਤਾਲਵੀ ਪੁਰਾਤੱਤਵ-ਵਿਗਿਆਨੀ ਪਾਓਲੋ ਮਾਟੀਆਈ 1962 ਦੀਆਂ ਗਰਮੀਆਂ ਵਿਚ ਉੱਤਰ-ਪੱਛਮੀ ਸੀਰੀਆ ਆਇਆ। ਇੱਥੇ ਉਹ ਇਕ ਪ੍ਰਾਚੀਨ ਸ਼ਹਿਰ ਨੂੰ ਲੱਭਣ ਦੀ ਉਮੀਦ ਨਾਲ ਆਇਆ ਸੀ। ਸੀਰੀਆ ਦਾ ਅੰਦਰੂਨੀ ਇਲਾਕਾ ਪੁਰਾਤੱਤਵ-ਵਿਗਿਆਨੀਆਂ ਲਈ ਕੋਈ ਜ਼ਿਆਦਾ ਅਹਿਮੀਅਤ ਨਹੀਂ ਰੱਖਦਾ। ਲੇਕਿਨ ਸੀਰੀਆ ਆਉਣ ਤੋਂ ਦੋ ਸਾਲ ਬਾਅਦ ਪਾਓਲੋ ਨੇ ਇਸ ਇਲਾਕੇ ਦੀ ਖੁਦਾਈ ਕਰਨੀ ਸ਼ੁਰੂ ਕੀਤੀ। ਉਸ ਨੂੰ ਅਲੈਪੋ ਦੇ ਦੱਖਣ ਵਿਚ 60 ਕਿਲੋਮੀਟਰ (40 ਮੀਲ) ਦੂਰ ਟੈੱਲ ਮਾਰਦੀਕ ਵਿਚ ਇਕ ਐਸੀ ਚੀਜ਼ ਲੱਭੀ ਜੋ ‘20ਵੀਂ ਸਦੀ ਦੀ ਸਭ ਤੋਂ ਅਹਿਮ ਲੱਭਤ ਮੰਨੀ ਜਾਂਦੀ ਹੈ।’

ਪ੍ਰਾਚੀਨ ਸ਼ਿਲਾ-ਲੇਖਾਂ ਵਿਚ ਐੱਬਲਾ ਸ਼ਹਿਰ ਦਾ ਜ਼ਿਕਰ ਕੀਤਾ ਗਿਆ ਹੈ। ਪਰ ਕੋਈ ਨਹੀਂ ਜਾਣਦਾ ਸੀ ਕਿ ਮੱਧ-ਪੂਰਬ ਵਿਚ ਦੂਰ-ਦੂਰ ਤਕ ਫੈਲੇ ਟਿੱਲਿਆਂ ਵਿੱਚੋਂ ਕਿਸ ਟਿੱਲੇ ਥੱਲੇ ਇਹ ਸ਼ਹਿਰ ਦਫ਼ਨ ਸੀ। ਇਕ ਸ਼ਿਲਾ-ਲੇਖ ਅੱਕਾਦ ਦੇ ਸ਼ਹਿਨਸ਼ਾਹ ਸਾਰਗੌਨ ਦੀ “ਮਾਰੀ, ਯਾਰਮੁਤੀ ਅਤੇ ਐੱਬਲਾ” ਸ਼ਹਿਰਾਂ ਤੇ ਪਾਈ ਫਤਹਿ ਬਾਰੇ ਗੱਲ ਕਰਦਾ ਹੈ। ਇਕ ਹੋਰ ਸ਼ਿਲਾ-ਲੇਖ ਵਿਚ ਸੁਮੇਰੀ ਸੈਨਾਪਤੀ ਗੁਡਿਆ ਨੇ ਦੱਸਿਆ ਕਿ ਉਸ ਨੇ ਕੀਮਤੀ ਲੱਕੜ “ਇੱਬਲਾ [ਐੱਬਲਾ] ਦੇ ਪਹਾੜਾਂ” ਤੋਂ ਲਈ ਸੀ। ਐੱਬਲਾ ਦਾ ਜ਼ਿਕਰ ਪੁਰਾਣੇ ਸ਼ਹਿਰਾਂ ਦੀ ਇਕ ਸੂਚੀ ਵਿਚ ਆਉਂਦਾ ਹੈ ਜੋ ਖੋਜਕਾਰਾਂ ਨੂੰ ਮਿਸਰ ਦੇ ਸ਼ਹਿਰ ਕਾਰਨਕ ਵਿਚ ਮਿਲੀ। ਇਸ ਵਿਚ ਉਨ੍ਹਾਂ ਸ਼ਹਿਰਾਂ ਦੇ ਨਾਂ ਸਨ ਜੋ ਫ਼ਿਰਊਨ ਥੁੱਟਮੋਸ ਤੀਜੇ ਨੇ ਜਿੱਤੇ ਸਨ। ਹੁਣ ਤੁਸੀਂ ਸਮਝ ਸਕਦੇ ਹੋ ਕਿ ਖੋਜਕਾਰਾਂ ਨੂੰ ਕਿਉਂ ਇਸ ਸ਼ਹਿਰ ਦੀ ਤਲਾਸ਼ ਸੀ।

ਆਖ਼ਰਕਾਰ ਖੋਜਕਾਰਾਂ ਦੀ ਮਿਹਨਤ ਰੰਗ ਲਿਆਈ। ਸਾਲ 1968 ਵਿਚ ਐੱਬਲਾ ਦੇ ਸ਼ਹਿਨਸ਼ਾਹ ਇਬਿਟ-ਲਿਮ ਦੇ ਬੁੱਤ ਦਾ ਇਕ ਹਿੱਸਾ ਲੱਭਿਆ। ਇਸ ਉੱਤੇ ਅੱਕਾਦੀ ਭਾਸ਼ਾ ਵਿਚ ਇਕ ਸੁੱਖਣਾ ਸੁੱਖੀ ਹੋਈ ਸੀ ਜਿਸ ਤੋਂ ਪਤਾ ਲੱਗਦਾ ਸੀ ਕਿ ਇਹ ਬੁੱਤ ਇਸ਼ਟਾਰ ਦੇਵੀ ਨੂੰ ਸਮਰਪਿਤ ਸੀ ਜੋ ‘ਐੱਬਲਾ ਦੇ ਸਾਰੇ ਦੇਵੀ-ਦੇਵਤਿਆਂ ਤੋਂ ਮਹਾਨ ਮੰਨੀ ਜਾਂਦੀ ਸੀ।’ ਐੱਬਲਾ ਦੇ ਲੱਭਣ ਨਾਲ “ਇਕ ਨਵੀਂ ਭਾਸ਼ਾ, ਨਵੇਂ ਇਤਿਹਾਸ ਤੇ ਸਭਿਆਚਾਰ” ਦਾ ਗਿਆਨ ਹੋਇਆ।

ਸਾਲ 1974/75 ਵਿਚ ਮਿਲੀਆਂ ਫਾਨਾ-ਨੁਮਾ ਲਿਪੀ ਵਿਚ ਲਿਖੀਆਂ ਫੱਟੀਆਂ ਤੋਂ ਪਤਾ ਲੱਗਦਾ ਹੈ ਕਿ ਟੈੱਲ ਮਾਰਦੀਕ ਹੀ ਐੱਬਲਾ ਹੈ ਕਿਉਂਕਿ ਇਨ੍ਹਾਂ ਫੱਟੀਆਂ ਤੇ ਐੱਬਲਾ ਦਾ ਨਾਮ ਵਾਰ-ਵਾਰ ਆਉਂਦਾ ਹੈ। ਖੁਦਾਈ ਤੋਂ ਇਹ ਵੀ ਪਤਾ ਚੱਲਿਆ ਕਿ ਇਹ ਸ਼ਹਿਰ ਘੱਟੋ-ਘੱਟ ਦੋ ਵਾਰ ਵਸਾਇਆ ਤੇ ਤਬਾਹ ਕੀਤਾ ਗਿਆ ਸੀ। ਪਹਿਲੀ ਵਾਰ ਵਸਾਏ ਜਾਣ ਤੋਂ ਬਾਅਦ ਇਸ ਨੂੰ ਤਬਾਹ ਕਰ ਦਿੱਤਾ ਗਿਆ ਸੀ। ਮੁੜ ਉਸਾਰੇ ਜਾਣ ਪਿੱਛੋਂ ਇਕ ਵਾਰ ਫਿਰ ਇਸ ਵਿਚ ਚਹਿਲ-ਪਹਿਲ ਆਈ, ਪਰ ਫਿਰ ਇਸ ਨੂੰ ਬੜੀ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਅਤੇ ਇਹ ਸਦੀਆਂ ਲਈ ਗੁਮਨਾਮੀ ਵਿਚ ਚਲਾ ਗਿਆ।

ਇਕ ਸ਼ਹਿਰ ਦੇ ਕਈ ਇਤਿਹਾਸ

ਜ਼ਿਆਦਾਤਰ ਪੁਰਾਣੇ ਸ਼ਹਿਰ ਬੇਟ ਦੇ ਇਲਾਕੇ ਵਿਚ ਉਸਾਰੇ ਜਾਂਦੇ ਸਨ, ਜਿਵੇਂ ਕਿ ਟਾਈਗ੍ਰਿਸ ਅਤੇ ਫਰਾਤ ਦਰਿਆ ਦੇ ਵਿਚਲੇ ਇਲਾਕੇ ਵਿਚ, ਜੋ ਖੇਤੀ-ਬਾੜੀ ਲਈ ਬਹੁਤ ਹੀ ਉਪਜਾਊ ਸੀ। ਬਾਈਬਲ ਵਿਚ ਜਿਨ੍ਹਾਂ ਪਹਿਲੇ ਸ਼ਹਿਰਾਂ ਦਾ ਜ਼ਿਕਰ ਆਉਂਦਾ ਹੈ, ਉਹ ਮੇਸੋਪੋਟੇਮੀਆ ਵਿਚ ਸਨ। (ਉਤਪਤ 10:10) ਇੰਜ ਲੱਗਦਾ ਹੈ ਕਿ ਐੱਬਲਾ ਦਾ ਮਤਲਬ “ਚਿੱਟਾ ਪੱਥਰ” ਹੈ ਕਿਉਂਕਿ ਇਸ ਸ਼ਹਿਰ ਦੀ ਜ਼ਮੀਨ ਵਿਚ ਚੂਨੇ-ਪੱਥਰ ਦੀ ਪਰਤ ਸੀ। ਕਿਉਂਕਿ ਇਹ ਸ਼ਹਿਰ ਵੱਡੇ ਦਰਿਆਵਾਂ ਤੋਂ ਦੂਰ ਸੀ, ਇਸ ਲਈ ਇਸ ਨੂੰ ਇੱਥੇ ਬਣਾਉਣ ਦਾ ਇਕ ਕਾਰਨ ਇਹ ਸੀ ਕਿ ਜ਼ਮੀਨ ਵਿਚ ਚੂਨੇ-ਪੱਥਰ ਦੀ ਪਰਤ ਮੌਜੂਦ ਹੋਣ ਕਰਕੇ ਪਾਣੀ ਦੀ ਗਾਰੰਟੀ ਸੀ।

ਘੱਟ ਮੀਂਹ ਪੈਣ ਕਰਕੇ ਐੱਬਲਾ ਵਿਚ ਮੁੱਖ ਤੌਰ ਤੇ ਅਨਾਜ, ਅੰਗੂਰਾਂ ਅਤੇ ਜ਼ੈਤੂਨਾਂ ਦੀ ਖੇਤੀ ਹੀ ਹੁੰਦੀ ਸੀ। ਇੱਥੇ ਦਾ ਇਲਾਕਾ ਭੇਡਾਂ ਵਗੈਰਾ ਪਾਲਣ ਲਈ ਵੀ ਵਧੀਆ ਸੀ। ਐੱਬਲਾ ਮੇਸੋਪੋਟੇਮੀਆ ਦੇ ਇਲਾਕੇ ਅਤੇ ਭੂਮੱਧ ਸਾਗਰ ਦਰਮਿਆਨ ਸੀ ਜਿਸ ਕਰਕੇ ਇੱਥੇ ਲੱਕੜ, ਸਸਤੇ ਕਿਸਮ ਦੇ ਪੱਥਰਾਂ ਤੇ ਧਾਤਾਂ ਦਾ ਕਾਰੋਬਾਰ ਹੁੰਦਾ ਸੀ। ਐੱਬਲਾ ਵਿਚ 2,00,000 ਲੋਕ ਰਹਿੰਦੇ ਸਨ ਜਿਨ੍ਹਾਂ ਦਾ ਦਸਵਾਂ ਹਿੱਸਾ ਰਾਜਧਾਨੀ ਵਿਚ ਰਹਿੰਦਾ ਸੀ।

ਐੱਬਲਾ ਦੇ ਮਹਿਲਾਂ ਦੇ ਖੰਡਰਾਂ ਤੋਂ ਇਸ ਦੇ ਸਭਿਆਚਾਰ ਦੀ ਸ਼ਾਨ ਦੇ ਸਬੂਤ ਮਿਲਦੇ ਹਨ। ਸ਼ਹਿਰ ਵਿਚ ਦਾਖ਼ਲ ਹੋਣ ਲਈ 40 ਤੋਂ 50 ਫੁੱਟ ਉੱਚੇ ਦਰਵਾਜ਼ੇ ਥਾਣੀਂ ਲੰਘਣਾ ਪੈਂਦਾ ਸੀ। ਇਸ ਦਾ ਸ਼ਾਸਨ ਬੁਲੰਦੀਆਂ ਤੇ ਸੀ ਜਿਸ ਕਰਕੇ ਰਾਜਮਹਿਲ ਨੂੰ ਕਈ ਵਾਰ ਵੱਡਾ ਕੀਤਾ ਗਿਆ ਸੀ। ਰਾਜੇ ਤੇ ਰਾਣੀ ਦੀ ਮਦਦ ਕਰਨ ਲਈ ਕਈ ਜਗੀਰਦਾਰ ਤੇ ਗਵਰਨਰ ਸਨ।

ਖੋਜਕਾਰਾਂ ਨੂੰ ਤਕਰੀਬਨ 17,000 ਤੋਂ ਜ਼ਿਆਦਾ ਫੱਟੀਆਂ ਅਤੇ ਇਨ੍ਹਾਂ ਦੇ ਹਿੱਸੇ ਲੱਭੇ ਹਨ। ਪਹਿਲਾਂ-ਪਹਿਲ ਸ਼ਾਇਦ ਇੱਦਾਂ ਦੀਆਂ 4,000 ਫੱਟੀਆਂ ਸਨ ਜਿਨ੍ਹਾਂ ਨੂੰ ਸਾਂਭ ਕੇ ਲੱਕੜ ਦੀਆਂ ਸ਼ੈਲਫਾਂ ਤੇ ਰੱਖਿਆ ਗਿਆ ਸੀ। ਖੋਜਕਾਰਾਂ ਨੂੰ ਇਨ੍ਹਾਂ ਫੱਟੀਆਂ ਤੋਂ ਐੱਬਲਾ ਵਿਚ ਵੱਡੇ ਪੈਮਾਨੇ ਤੇ ਹੁੰਦੇ ਕਾਰੋਬਾਰ ਬਾਰੇ ਪਤਾ ਲੱਗਾ। ਮਿਸਾਲ ਲਈ, ਦੋ ਫ਼ਿਰਾਊਨਾਂ ਦੇ ਸ਼ਾਹੀ ਚਿੰਨ੍ਹ ਮਿਲੇ ਹਨ ਜਿਨ੍ਹਾਂ ਤੋਂ ਮਿਸਰ ਅਤੇ ਐੱਬਲਾ ਵਿਚਕਾਰ ਹੁੰਦੇ ਕਾਰੋਬਾਰ ਦਾ ਸੰਕੇਤ ਮਿਲਦਾ ਹੈ। ਜ਼ਿਆਦਾਤਰ ਫੱਟੀਆਂ ਸੁਮੇਰੀ ਫਾਨਾ-ਨੁਮਾ ਲਿਪੀ ਵਿਚ ਲਿਖੀਆਂ ਗਈਆਂ ਸਨ। ਕੁਝ ਫੱਟੀਆਂ ਐੱਬਲੀ ਭਾਸ਼ਾ ਵਿਚ ਲਿਖੀਆਂ ਗਈਆਂ ਸਨ ਜੋ ਇਕ ਪ੍ਰਾਚੀਨ ਸਾਮੀ ਭਾਸ਼ਾ ਹੈ। ਇਨ੍ਹਾਂ ਫੱਟੀਆਂ ਦੀ ਮਦਦ ਨਾਲ ਵਿਦਵਾਨ ਇਸ ਭਾਸ਼ਾ ਨੂੰ ਸਮਝ ਪਾਏ ਹਨ। ਪੂਰਬੀ ਇਤਿਹਾਸ ਜਾਂ ਸਭਿਆਚਾਰ ਦਾ ਅਧਿਐਨ ਕਰਦੇ ਪੱਛਮੀ ਵਿਦਵਾਨ ਇੰਨੀ ਪੁਰਾਣੀ ਭਾਸ਼ਾ ਨੂੰ ਦੇਖ ਕੇ ਹੈਰਾਨ ਹੋਏ। ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਕਈ ਫੱਟੀਆਂ ਦੋਵੇਂ ਸਾਮੀ ਅਤੇ ਐੱਬਲੀ ਭਾਸ਼ਾ ਵਿਚ ਲਿਖੀਆਂ ਗਈਆਂ ਸਨ। ਐੱਬਲਾ—ਐਟ ਦੀ ਓਰੀਜਨ ਆਫ਼ ਅਰਬਨ ਸਿਵਲਾਈਜ਼ੇਸ਼ਨ ਕਿਤਾਬ ਇਨ੍ਹਾਂ ਫੱਟੀਆਂ ਬਾਰੇ ਕਹਿੰਦੀ ਹੈ ਕਿ ‘ਇਹ ਸਭ ਤੋਂ ਪੁਰਾਣੀਆਂ ਡਿਕਸ਼ਨਰੀਆਂ ਹਨ।’

ਇੱਥੋਂ ਲੱਭੀਆਂ ਕਈ ਚੀਜ਼ਾਂ ਉੱਤੇ ਯੋਧਿਆਂ ਦੀਆਂ ਤਸਵੀਰਾਂ ਬਣੀਆਂ ਹੋਈਆਂ ਹਨ ਜਿਨ੍ਹਾਂ ਵਿਚ ਉਨ੍ਹਾਂ ਨੂੰ ਆਪਣੇ ਦੁਸ਼ਮਣਾਂ ਨੂੰ ਮਾਰਦੇ ਜਾਂ ਦੁਸ਼ਮਣਾਂ ਦੇ ਸਿਰ ਭੇਟ ਕਰਦੇ ਦਿਖਾਇਆ ਗਿਆ ਹੈ। ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਐੱਬਲਾ ਦੀਆਂ ਆਪਣੀਆਂ ਫ਼ੌਜਾਂ ਵੀ ਸਨ। ਪਰ ਜਦ ਅੱਸ਼ੂਰ ਅਤੇ ਬਾਬਲ ਦਾ ਰਾਜ ਚੜ੍ਹਦੀਆਂ ਕਲਾਂ ਵਿਚ ਸੀ, ਉਦੋਂ ਐੱਬਲਾ ਦੀ ਤਾਕਤ ਢਹਿੰਦੀਆਂ ਕਲਾਂ ਵਿਚ ਜਾਣ ਲੱਗ ਪਈ। ਕੁਝ ਪੱਕਾ ਤਾਂ ਨਹੀਂ ਕਿਹਾ ਜਾ ਸਕਦਾ ਕਿ ਕਿਸ ਨੇ ਕਦੋਂ ਐੱਬਲਾ ਨੂੰ ਤਬਾਹ ਕੀਤਾ, ਪਰ ਲੱਗਦਾ ਹੈ ਕਿ ਪਹਿਲਾਂ ਸਾਰਗੌਨ ਪਹਿਲੇ ਨੇ (ਇਹ ਯਸਾਯਾਹ 20:1 ਵਿਚ ਜ਼ਿਕਰ ਕੀਤਾ ਗਿਆ ਸਰਗੋਨ ਨਹੀਂ ਸੀ) ਅਤੇ ਫਿਰ ਉਸ ਦੇ ਪੋਤੇ ਨਾਰਮ-ਸਿਨ ਨੇ ਐੱਬਲਾ ਉੱਤੇ ਹਮਲਾ ਕੀਤਾ। ਖੁਦਾਈ ਤੋਂ ਇਨ੍ਹਾਂ ਹਮਲਿਆਂ ਬਾਰੇ ਪਤਾ ਲੱਗਾ ਕਿ ਇਹ ਬੜੇ ਹਿੰਸਕ ਅਤੇ ਬੇਰਹਿਮ ਸਨ ਅਤੇ ਇਨ੍ਹਾਂ ਨੇ ਸ਼ਹਿਰ ਨੂੰ ਤਹਿਸ-ਨਹਿਸ ਕਰ ਕੇ ਰੱਖ ਦਿੱਤਾ।

ਇਹ ਸ਼ਹਿਰ ਫਿਰ ਵਸਾਇਆ ਗਿਆ ਅਤੇ ਇਕ ਵਾਰ ਫਿਰ ਪੂਰੇ ਇਲਾਕੇ ਤੇ ਇਸ ਦਾ ਦਬਦਬਾ ਕਾਇਮ ਹੋਇਆ। ਨਵੇਂ ਸ਼ਹਿਰ ਦੀ ਉਸਾਰੀ ਸੋਚ-ਸਮਝ ਕੇ ਕੀਤੀ ਗਈ ਜਿਸ ਨਾਲ ਇਸ ਦੀ ਸ਼ਾਨੋ-ਸ਼ੌਕਤ ਨੂੰ ਚਾਰ ਚੰਨ ਲੱਗ ਗਏ। ਸ਼ਹਿਰ ਦੇ ਨੀਵੇਂ ਹਿੱਸੇ ਵਿਚ ਇਕ ਜਗ੍ਹਾ ਸੀ ਜਿੱਥੇ ਇਸ਼ਟਾਰ ਦੇਵੀ ਦੀ ਪੂਜਾ ਕੀਤੀ ਜਾਂਦੀ ਸੀ। ਇਸ ਦੇਵੀ ਨੂੰ ਬਾਬਲੀ ਲੋਕ ਉਪਜਾਊ-ਸ਼ਕਤੀ ਦੀ ਦੇਵੀ ਮੰਨਦੇ ਸਨ। ਸ਼ਾਇਦ ਤੁਸੀਂ ਉਸ ਮਸ਼ਹੂਰ ਇਸ਼ਟਾਰ ਗੇਟ ਬਾਰੇ ਸੁਣਿਆ ਹੋਵੇ ਜੋ ਖੋਜਕਾਰਾਂ ਨੂੰ ਬਾਬਲ ਦੇ ਖੰਡਰਾਂ ਵਿੱਚੋਂ ਲੱਭਿਆ ਸੀ। ਐੱਬਲਾ ਦੀ ਸਭ ਤੋਂ ਸ਼ਾਨਦਾਰ ਇਮਾਰਤ ਵਿਚ ਸ਼ੇਰ ਰੱਖੇ ਜਾਂਦੇ ਸਨ ਜਿਨ੍ਹਾਂ ਨੂੰ ਇਸ਼ਟਾਰ ਦੇਵੀ ਜਿੰਨਾ ਪਵਿੱਤਰ ਮੰਨਿਆ ਜਾਂਦਾ ਸੀ। ਇਸ ਤੋਂ ਸਾਨੂੰ ਐੱਬਲਾ ਦੇ ਧਰਮ ਬਾਰੇ ਥੋੜ੍ਹੀ ਜਾਣਕਾਰੀ ਮਿਲਦੀ ਹੈ।

ਐੱਬਲਾ ਦਾ ਧਰਮ

ਪ੍ਰਾਚੀਨ ਪੂਰਬੀ ਦੇਸ਼ਾਂ ਵਾਂਗ ਐੱਬਲਾ ਵਿਚ ਵੀ ਕਈ ਦੇਵੀ-ਦੇਵਤਿਆਂ ਨੂੰ ਪੂਜਿਆ ਜਾਂਦਾ ਸੀ। ਇਨ੍ਹਾਂ ਵਿੱਚੋਂ ਕੁਝ ਸਨ ਬਆਲ, ਹਦਦ (ਇਹ ਨਾਂ ਸੀਰੀਆ ਦੇ ਕੁਝ ਰਾਜਿਆਂ ਦੇ ਨਾਂ ਦਾ ਹਿੱਸਾ ਹੈ) ਅਤੇ ਡੇਗਨ। (1 ਰਾਜਿਆਂ 11:23; 15:18; 2 ਰਾਜਿਆਂ 17:16) ਐੱਬਲਾ ਦੇ ਲੋਕ ਇਨ੍ਹਾਂ ਸਾਰੇ ਦੇਵੀ-ਦੇਵਤਿਆਂ ਦਾ ਭੈ ਮੰਨਦੇ ਸਨ ਅਤੇ ਦੂਸਰੀਆਂ ਕੌਮਾਂ ਦੇ ਦੇਵਤਿਆਂ ਨੂੰ ਵੀ ਪੂਜਦੇ ਸਨ। ਲੱਭਤਾਂ ਤੋਂ ਪਤਾ ਲੱਗਦਾ ਹੈ ਕਿ ਖ਼ਾਸਕਰ 2000 ਈ. ਪੂ. ਵਿਚ ਸ਼ਾਹੀ ਖ਼ਾਨਦਾਨ ਦੇ ਵੱਡੇ-ਵਡੇਰਿਆਂ ਨੂੰ ਵੀ ਪੂਜਿਆ ਜਾਂਦਾ ਸੀ।

ਐੱਬਲਾ ਦੇ ਲੋਕਾਂ ਦਾ ਇਨ੍ਹਾਂ ਦੇਵੀ-ਦੇਵਤਿਆਂ ਤੇ ਪੂਰਾ ਭਰੋਸਾ ਨਹੀਂ ਸੀ। ਇਸ ਨਵੇਂ ਐੱਬਲਾ ਸ਼ਹਿਰ ਦੇ ਆਲੇ-ਦੁਆਲੇ ਦੁਸ਼ਮਣਾਂ ਤੋਂ ਬਚਣ ਲਈ ਦੋ ਵੱਡੀਆਂ-ਵੱਡੀਆਂ ਕੰਧਾਂ ਕੀਤੀਆਂ ਗਈਆਂ ਸਨ। ਬਾਹਰਲੀ ਕੰਧ ਦਾ ਘੇਰਾ ਤਿੰਨ ਕਿਲੋਮੀਟਰ (ਲਗਭਗ ਦੋ ਮੀਲ) ਸੀ। ਇਨ੍ਹਾਂ ਨੂੰ ਅੱਜ ਵੀ ਦੇਖਿਆ ਜਾ ਸਕਦਾ ਹੈ।

ਮੁੜ ਉਸਾਰਿਆ ਐੱਬਲਾ ਸ਼ਹਿਰ ਵੀ ਵੱਸਦਾ ਨਾ ਰਿਹਾ। ਐੱਬਲਾ ਦੀਆਂ ਫ਼ੌਜਾਂ ਨੂੰ 1600 ਈ. ਪੂ. ਵਿਚ ਹਿੱਤੀਆਂ ਦੇ ਹੱਥੋਂ ਹਾਰ ਦਾ ਮੂੰਹ ਦੇਖਣਾ ਪਿਆ। ਹਿੱਤੀਆਂ ਨੇ ਸ਼ਹਿਰ ਨੂੰ ਢਹਿ-ਢੇਰੀ ਕਰ ਦਿੱਤਾ। ਇਕ ਪੁਰਾਣੀ ਕਵਿਤਾ ਐੱਬਲਾ ਬਾਰੇ ਇੰਜ ਕਹਿੰਦੀ ਹੈ, “ਕੱਚ ਦੇ ਭਾਂਡੇ ਵਾਂਗ ਚਕਨਾਚੂਰ ਕਰ ਦਿੱਤਾ।” ਇੱਦਾਂ ਐੱਬਲਾ ਦਾ ਨਾਂ ਹੀ ਇਤਿਹਾਸ ਦੇ ਪੰਨਿਆਂ ਤੋਂ ਮਿਟ ਗਿਆ। 1098 ਈ. ਵਿਚ ਯਰੂਸ਼ਲਮ ਸ਼ਹਿਰ ਤੋਂ ਜਾ ਰਹੇ ਜਹਾਦੀਆਂ ਦੁਆਰਾ ਲਿਖੇ ਗਏ ਇਕ ਦਸਤਾਵੇਜ਼ ਵਿਚ ਇਕ ਥਾਂ ਦਾ ਜ਼ਿਕਰ ਕੀਤਾ ਗਿਆ ਹੈ ਜਿੱਥੇ ਪਹਿਲਾਂ ਐੱਬਲਾ ਸ਼ਹਿਰ ਵੱਸਿਆ ਹੋਇਆ ਸੀ। ਇਹ ਜਗ੍ਹਾ ਦੇਸ਼ ਦੀ ਸਰਹੱਦ ਤੇ ਸੀ ਤੇ ਮਾਰਦੀਕ ਦੇ ਨਾਂ ਤੋਂ ਜਾਣੀ ਜਾਂਦੀ ਸੀ। ਐੱਬਲਾ ਸ਼ਹਿਰ ਸਦੀਆਂ ਤਕ ਗੁਮਨਾਮੀ ਵਿਚ ਚਲਾ ਗਿਆ, ਪਰ ਫਿਰ ਬਾਅਦ ਵਿਚ ਲੱਭ ਹੀ ਪਿਆ।

[ਸਫ਼ਾ 14 ਉੱਤੇ ਡੱਬੀ]

ਐੱਬਲਾ ਤੇ ਬਾਈਬਲ

ਸਾਲ 1976 ਵਿਚ ਬਿਬਲੀਕਲ ਆਰਕੀਓਲਜਿਸਟ ਰਸਾਲੇ ਵਿਚ ਇਕ ਲੇਖ ਛਪਿਆ ਸੀ ਜਿਸ ਨੇ ਬਾਈਬਲ ਵਿਦਵਾਨਾਂ ਦੀ ਜਿਗਿਆਸਾ ਜਗਾਈ। ਐੱਬਲਾ ਫੱਟੀਆਂ ਦਾ ਤਰਜਮਾ ਕਰਨ ਵਾਲੇ ਵਿਦਵਾਨ ਨੇ ਕਿਹਾ ਕਿ ਹੋਰ ਚੀਜ਼ਾਂ ਤੋਂ ਇਲਾਵਾ ਇਨ੍ਹਾਂ ਫੱਟੀਆਂ ਤੇ ਅਜਿਹੇ ਸ਼ਹਿਰਾਂ ਅਤੇ ਲੋਕਾਂ ਦੇ ਨਾਮ ਵੀ ਹੋ ਸਕਦੇ ਹਨ ਜਿਨ੍ਹਾਂ ਦੇ ਨਾਂ ਕਈ ਸਦੀਆਂ ਬਾਅਦ ਬਾਈਬਲ ਵਿਚ ਲਿਖੇ ਗਏ ਸਨ। ਕਈਆਂ ਨੇ ਤਾਂ ਇਸ ਗੱਲ ਦਾ ਇਹ ਮਤਲਬ ਕੱਢ ਲਿਆ ਕਿ ਐੱਬਲਾ ਵਿਚ ਲੱਭੀਆਂ ਫੱਟੀਆਂ ਬਾਈਬਲ ਦੇ ਉਤਪਤ ਦੇ ਬਿਰਤਾਂਤ ਦੀ ਸੱਚਾਈ ਦਾ ਸਬੂਤ ਦੇਣਗੀਆਂ। * ਜੈਸੂਇਟ ਮਿਚਲ ਡੇਹਡ ਨੇ ਦਾਅਵਾ ਕੀਤਾ ਕਿ “[ਐੱਬਲਾ ਵਿੱਚੋਂ ਲੱਭੀਆਂ] ਫੱਟੀਆਂ ਬਾਈਬਲ ਦੇ ਉਨ੍ਹਾਂ ਹਿੱਸਿਆਂ ਤੇ ਰੌਸ਼ਨੀ ਪਾਉਣਗੀਆਂ ਜਿਨ੍ਹਾਂ ਨੂੰ ਪਹਿਲਾਂ ਸਮਝਣਾ ਔਖਾ ਸੀ।” ਮਿਸਾਲ ਲਈ, ਉਸ ਦਾ ਮੰਨਣਾ ਸੀ ਕਿ ਹੁਣ ਇਸ ਗੱਲ ਬਾਰੇ ਪਤਾ ਲੱਗ ਜਾਵੇਗਾ ਕਿ “ਇਸਰਾਏਲ ਦੇ ਪਰਮੇਸ਼ੁਰ ਦੇ ਨਾਂ ਦੀ ਵਰਤੋਂ ਕਦੋਂ ਤੋਂ ਹੁੰਦੀ ਆ ਰਹੀ ਹੈ।”

ਹੁਣ ਇਨ੍ਹਾਂ ਲੱਭਤਾਂ ਨੂੰ ਬੜੇ ਧਿਆਨ ਨਾਲ ਪਰਖਿਆ ਜਾ ਰਿਹਾ ਹੈ। ਕਿਉਂਕਿ ਦੋਵੇਂ ਇਬਰਾਨੀ ਅਤੇ ਐੱਬਲਾ ਸਾਮੀ ਭਾਸ਼ਾਵਾਂ ਹਨ, ਇਸ ਲਈ ਹੋ ਸਕਦਾ ਹੈ ਕਿ ਪੁਰਾਣੇ ਸ਼ਹਿਰਾਂ ਜਾਂ ਇਨਸਾਨਾਂ ਦੇ ਨਾਮ ਹੂ-ਬਹੂ ਉਸੇ ਤਰ੍ਹਾਂ ਹੋਣ ਜਿਵੇਂ ਬਾਈਬਲ ਵਿਚ ਦਰਜ ਹਨ। ਪਰ ਇਸ ਦਾ ਇਹ ਮਤਲਬ ਨਹੀਂ ਕੱਢਿਆ ਜਾਣਾ ਚਾਹੀਦਾ ਕਿ ਇਹ ਸ਼ਹਿਰ ਜਾਂ ਇਨਸਾਨ ਉਹੀ ਹਨ ਜਿਨ੍ਹਾਂ ਬਾਰੇ ਬਾਈਬਲ ਵਿਚ ਗੱਲ ਕੀਤੀ ਗਈ ਹੈ। ਐੱਬਲਾ ਸ਼ਹਿਰ ਦੀ ਖੁਦਾਈ ਤੋਂ ਜੋ ਮਿਲਿਆ, ਉਸ ਦਾ ਬਾਈਬਲ ਤੇ ਕੀ ਅਸਰ ਪਵੇਗਾ, ਇਹ ਗੱਲ ਤਾਂ ਸਮਾਂ ਹੀ ਦੱਸ ਸਕਦਾ ਹੈ। ਪਰਮੇਸ਼ੁਰ ਦੇ ਨਾਮ ਬਾਰੇ ਬਿਬਲੀਕਲ ਆਰਕੀਓਲਜਿਸਟ ਦਾ ਲੇਖਕ ਕਹਿੰਦਾ ਹੈ ਕਿ ਉਸ ਨੇ ਇਹ ਗੱਲ ਕਦੇ ਕਹੀ ਨਹੀਂ ਕਿ “ਯਾਹਵੇਹ” ਸ਼ਬਦ ਐੱਬਲਾ ਫੱਟੀਆਂ ਵਿਚ ਆਉਂਦਾ ਹੈ। ਕਈ ਵਿਦਵਾਨ ਫਾਨਾ-ਨੁਮਾ ਲਿਪੀ ਵਿਚ ਇਕ ਚਿੰਨ੍ਹ ਜਾ ਦਾ ਮਤਲਬ ਐੱਬਲਾ ਦੇ ਕਿਸੇ ਇਕ ਦੇਵਤੇ ਦਾ ਨਾਂ ਸਮਝਦੇ ਹਨ, ਜਦ ਕਿ ਕਈ ਹੋਰ ਵਿਦਵਾਨਾਂ ਦਾ ਕਹਿਣਾ ਹੈ ਇਹ ਐੱਬਲੀ ਭਾਸ਼ਾ ਦੀ ਵਿਆਕਰਣ ਦੇ ਚਿੰਨ੍ਹ ਤੋਂ ਸਿਵਾਇ ਹੋਰ ਕੁਝ ਨਹੀਂ। ਜੋ ਮਰਜ਼ੀ ਹੋਵੇ ਇਕ ਗੱਲ ਸਾਫ਼ ਹੈ ਕਿ ਇਹ ਸੱਚੇ ਪਰਮੇਸ਼ੁਰ ਯਹੋਵਾਹ ਨੂੰ ਨਹੀਂ ਦਰਸਾਉਂਦਾ।—ਬਿਵਸਥਾ ਸਾਰ 4:35; ਯਸਾਯਾਹ 45:5.

[ਫੁਟਨੋਟ]

^ ਪੈਰਾ 19 ਜ਼ਿਆਦਾ ਜਾਣਕਾਰੀ ਲੈਣ ਲਈ ਕਿ ਪੁਰਾਤੱਤਵ-ਵਿਗਿਆਨ ਦੀਆਂ ਖੋਜਾਂ ਬਾਈਬਲ ਵਿਚ ਲਿਖੀਆਂ ਗੱਲਾਂ ਨੂੰ ਕਿਵੇਂ ਸਹੀ ਸਾਬਤ ਕਰਦੀਆਂ ਹਨ, ਬਾਈਬਲ—ਪਰਮੇਸ਼ੁਰ ਦਾ ਬਚਨ ਜਾਂ ਇਨਸਾਨ ਦਾ? (ਅੰਗ੍ਰੇਜ਼ੀ) ਕਿਤਾਬ ਦਾ ਅਧਿਆਇ 4 ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਨੇ ਛਾਪੀ ਹੈ।

[ਸਫ਼ਾ 12 ਉੱਤੇ ਨਕਸ਼ਾ/ਤਸਵੀਰ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਭੂਮੱਧ ਸਾਗਰ

ਕਨਾਨ

ਸੀਰੀਆ

ਅਲੈਪੋ

ਐੱਬਲਾ (ਟੈੱਲ ਮਾਰਦੀਕ)

ਫਰਾਤ ਦਰਿਆ

[ਕ੍ਰੈਡਿਟ ਲਾਈਨ]

Archaeologist: Missione Archeologica Italiana a Ebla-Università degli Studi di Roma ‘La Sapienza’

[ਸਫ਼ੇ 12, 13 ਉੱਤੇ ਤਸਵੀਰ]

ਸੋਨੇ ਦਾ ਹਾਰ ਜੋ ਤਕਰੀਬਨ 1750 ਈ. ਪੂ. ਵਿਚ ਬਣਿਆ ਸੀ

[ਸਫ਼ਾ 13 ਉੱਤੇ ਤਸਵੀਰ]

ਵੱਡੇ ਮਹਿਲ ਦੇ ਖੰਡਰ

[ਸਫ਼ਾ 13 ਉੱਤੇ ਤਸਵੀਰ]

ਚਿੱਤਰਕਾਰ ਦੀ ਕਲਪਨਾ ਅਨੁਸਾਰ ਸਾਂਭ ਕੇ ਰੱਖੀਆਂ ਗਈਆਂ ਮਿੱਟੀ ਦੀਆਂ ਫੱਟੀਆਂ

[ਸਫ਼ਾ 13 ਉੱਤੇ ਤਸਵੀਰ]

ਫਾਨਾ-ਨੁਮਾ ਲਿਪੀ ਵਿਚ ਲਿਖੀਆਂ ਫੱਟੀਆਂ

[ਸਫ਼ਾ 13 ਉੱਤੇ ਤਸਵੀਰ]

ਮਿਸਰ ਦਾ ਸ਼ਾਹੀ ਡੰਡਾ, 1750-1700 ਈ.ਪੂ.

[ਸਫ਼ਾ 13 ਉੱਤੇ ਤਸਵੀਰ]

ਐੱਬਲਾ ਦਾ ਫ਼ੌਜੀ ਦੁਸ਼ਮਣਾਂ ਦੇ ਸਿਰਾਂ ਨਾਲ

[ਸਫ਼ਾ 14 ਉੱਤੇ ਤਸਵੀਰ]

ਇਸ਼ਟਾਰ ਦੇਵੀ ਨੂੰ ਸਮਰਪਿਤ ਇਕ ਸਿੱਲ

[ਕ੍ਰੈਡਿਟ ਲਾਈਨ]

Missione Archeologica Italiana a Ebla-Università degli Studi di Roma ‘La Sapienza’

[ਸਫ਼ੇ 13 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

All images (except palace remains): Missione Archeologica Italiana a Ebla - Università degli Studi di Roma ‘La Sapienza’