Skip to content

Skip to table of contents

ਪਤੀਓ, ਮਸੀਹ ਦੀ ਰੀਸ ਕਰੋ

ਪਤੀਓ, ਮਸੀਹ ਦੀ ਰੀਸ ਕਰੋ

ਪਤੀਓ, ਮਸੀਹ ਦੀ ਰੀਸ ਕਰੋ

“ਹਰੇਕ ਪੁਰਖ ਦਾ ਸਿਰ ਮਸੀਹ ਹੈ।”—1 ਕੁਰਿੰਥੀਆਂ 11:3.

1, 2. (ੳ) ਪਤੀ ਦੀ ਸਫ਼ਲਤਾ ਕਿਸ ਤਰ੍ਹਾਂ ਮਾਪੀ ਜਾ ਸਕਦੀ ਹੈ? (ਅ) ਇਹ ਗੱਲ ਮੰਨਣੀ ਕਿਉਂ ਜ਼ਰੂਰੀ ਹੈ ਕਿ ਪਰਮੇਸ਼ੁਰ ਨੇ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ?

ਤੁਸੀਂ ਇਕ ਪਤੀ ਦੀ ਸਫ਼ਲਤਾ ਨੂੰ ਕਿਸ ਤਰ੍ਹਾਂ ਮਾਪੋਗੇ? ਉਸ ਦੀ ਬੁੱਧੀ ਜਾਂ ਤਾਕਤ ਦੁਆਰਾ? ਪੈਸਾ ਕਮਾਉਣ ਦੀ ਉਸ ਦੀ ਕਾਬਲੀਅਤ ਦੁਆਰਾ? ਜਾਂ ਜਿਵੇਂ ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਪਿਆਰ ਨਾਲ ਪੇਸ਼ ਆਉਂਦਾ ਹੈ, ਉਸ ਦੁਆਰਾ? ਇਸ ਆਖ਼ਰੀ ਗੱਲ ਦੇ ਸੰਬੰਧ ਵਿਚ ਪਤੀ ਅਕਸਰ ਫੇਲ੍ਹ ਹੋ ਜਾਂਦੇ ਹਨ। ਕਿਉਂ? ਕਿਉਂਕਿ ਉਹ ਪਰਮੇਸ਼ੁਰ ਦੇ ਅਸੂਲਾਂ ਤੇ ਚੱਲਣ ਦੀ ਬਜਾਇ ਪਤੀ-ਪਤਨੀ ਦੇ ਰਿਸ਼ਤੇ ਨੂੰ ਇਨਸਾਨੀ ਨਜ਼ਰੀਏ ਤੋਂ ਦੇਖਦੇ ਹਨ। ਪਰ ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਨੇ ਹੀ ਇਸ ਰਿਸ਼ਤੇ ਦੀ ਸ਼ੁਰੂਆਤ ਕੀਤੀ ਸੀ ਜਦੋਂ ਉਸ ਨੇ “ਉਸ ਪਸਲੀ ਤੋਂ ਜਿਹੜੀ ਉਸ ਨੇ ਆਦਮੀ ਵਿੱਚੋਂ ਕੱਢੀ ਇੱਕ ਨਾਰੀ ਬਣਾਈ ਅਤੇ ਉਹ ਨੂੰ ਆਦਮੀ ਕੋਲ ਲੈ ਆਇਆ।”—ਉਤਪਤ 2:21-24.

2 ਕੀ ਯਿਸੂ ਮਸੀਹ ਇਸ ਗੱਲ ਨੂੰ ਮੰਨਦਾ ਸੀ ਕਿ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਪਰਮੇਸ਼ੁਰ ਨੇ ਕੀਤੀ ਸੀ? ਇਸ ਬਾਰੇ ਉਸ ਨੇ ਆਪਣੇ ਜ਼ਮਾਨੇ ਦੇ ਧਾਰਮਿਕ ਆਗੂਆਂ ਨੂੰ ਕਿਹਾ: “ਕੀ ਤੁਸਾਂ ਇਹ ਨਹੀਂ ਪੜ੍ਹਿਆ ਭਈ ਜਿਸ ਨੇ ਉਨ੍ਹਾਂ ਨੂੰ ਬਣਾਇਆ ਉਹ ਨੇ ਮੁੱਢੋਂ ਉਨ੍ਹਾਂ ਨੂੰ ਨਰ ਅਤੇ ਨਾਰੀ ਬਣਾਇਆ? ਅਤੇ ਕਿਹਾ ਜੋ ਏਸ ਲਈ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਦੋਵੇਂ ਇੱਕ ਸਰੀਰ ਹੋਣਗੇ। ਸੋ ਹੁਣ ਓਹ ਦੋ ਨਹੀਂ ਬਲਕਣ ਇੱਕੋ ਸਰੀਰ ਹਨ। ਸੋ ਜੋ ਕੁਝ ਪਰਮੇਸ਼ੁਰ ਨੇ [ਵਿਆਹ ਦੇ ਬੰਧਨ ਵਿਚ] ਜੋੜ ਦਿੱਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ।” (ਮੱਤੀ 19:4-6) ਵਿਆਹੁਤਾ ਜੀਵਨ ਨੂੰ ਸਫ਼ਲ ਬਣਾਉਣ ਲਈ ਇਹ ਮੰਨਣਾ ਜ਼ਰੂਰੀ ਹੈ ਕਿ ਇਹ ਪਰਮੇਸ਼ੁਰ ਦਾ ਇੰਤਜ਼ਾਮ ਹੈ। ਇਸ ਲਈ ਬਾਈਬਲ ਵਿਚ ਪਾਈ ਜਾਂਦੀ ਪਰਮੇਸ਼ੁਰ ਦੀ ਸਲਾਹ ਉੱਤੇ ਚੱਲ ਕੇ ਹੀ ਪਰਿਵਾਰ ਸੁਖੀ ਹੋ ਸਕਦੇ ਹਨ।

ਪਤੀ ਦੀ ਸਫ਼ਲਤਾ ਦਾ ਰਾਜ਼

3, 4. (ੳ) ਯਿਸੂ ਵਿਆਹੁਤਾ ਜ਼ਿੰਦਗੀ ਬਾਰੇ ਇੰਨਾ ਕੁਝ ਕਿਵੇਂ ਜਾਣਦਾ ਹੈ? (ਅ) ਯਿਸੂ ਦੀ ਪਤਨੀ ਕੌਣ ਹੈ ਅਤੇ ਪਤੀਆਂ ਨੂੰ ਆਪਣੀਆਂ ਪਤਨੀਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?

3 ਪਤੀ ਯਿਸੂ ਦੀ ਰੀਸ ਕਰ ਕੇ ਆਪਣੇ ਵਿਆਹੁਤਾ ਜੀਵਨ ਨੂੰ ਸਫ਼ਲ ਬਣਾ ਸਕਦਾ ਹੈ ਕਿਉਂਕਿ ਯਿਸੂ ਵਿਆਹੁਤਾ ਜ਼ਿੰਦਗੀ ਬਾਰੇ ਬਹੁਤ ਕੁਝ ਜਾਣਦਾ ਹੈ। ਉਹ ਉਦੋਂ ਪਰਮੇਸ਼ੁਰ ਦੇ ਨਾਲ ਸੀ ਜਦ ਪਰਮੇਸ਼ੁਰ ਨੇ ਪਹਿਲਾ ਜੋੜਾ ਬਣਾਇਆ ਅਤੇ ਉਨ੍ਹਾਂ ਦਾ ਵਿਆਹ ਕੀਤਾ ਸੀ। ਇਹ ਅਸੀਂ ਕਿਵੇਂ ਜਾਣਦੇ ਹਾਂ? ਬਾਈਬਲ ਦੱਸਦੀ ਹੈ ਕਿ ਇਨਸਾਨ ਨੂੰ ਬਣਾਉਣ ਤੋਂ ਪਹਿਲਾਂ ਯਹੋਵਾਹ ਪਰਮੇਸ਼ੁਰ ਨੇ ਯਿਸੂ ਨੂੰ ਕਿਹਾ ਸੀ: ‘ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਰ ਆਪਣੇ ਵਰਗਾ ਬਣਾਈਏ।’ (ਉਤਪਤ 1:26) ਜੀ ਹਾਂ, ਪਰਮੇਸ਼ੁਰ ਉਦੋਂ ਯਿਸੂ ਨਾਲ ਗੱਲ ਕਰ ਰਿਹਾ ਸੀ ਜੋ ਹਰ ਚੀਜ਼ ਤੋਂ ਪਹਿਲਾਂ ਬਣਾਇਆ ਗਿਆ ਸੀ ਤੇ ਜਿਸ ਨੇ “ਰਾਜ ਮਿਸਤਰੀ ਦੇ ਸਮਾਨ ਉਹ ਦੇ ਨਾਲ” ਕੰਮ ਕੀਤਾ ਸੀ। (ਕਹਾਉਤਾਂ 8:22-30) ਯਿਸੂ “ਸਾਰੀ ਸਰਿਸ਼ਟ ਵਿੱਚੋਂ ਜੇਠਾ ਹੈ।” ਉਹ “ਪਰਮੇਸ਼ੁਰ ਦੀ ਸਰਿਸ਼ਟ ਦਾ ਮੁੱਢ ਹੈ” ਮਤਲਬ ਕਿ ਉਹ ਬ੍ਰਹਿਮੰਡ ਦੀ ਚਰਨਾ ਤੋਂ ਪਹਿਲਾਂ ਵੀ ਸੀ।—ਕੁਲੁੱਸੀਆਂ 1:15; ਪਰਕਾਸ਼ ਦੀ ਪੋਥੀ 3:14.

4 ਬਾਈਬਲ ਵਿਚ ਯਿਸੂ ਨੂੰ “ਪਰਮੇਸ਼ੁਰ ਦਾ ਲੇਲਾ” ਕਿਹਾ ਗਿਆ ਹੈ ਅਤੇ ਉਸ ਨੂੰ ਇਕ ਪਤੀ ਦੇ ਰੂਪ ਵਿਚ ਦਰਸਾਇਆ ਗਿਆ ਹੈ। ਇਕ ਵਾਰ ਇਕ ਫ਼ਰਿਸ਼ਤੇ ਨੇ ਯੂਹੰਨਾ ਰਸੂਲ ਨੂੰ ਕਿਹਾ: “ਉਰੇ ਆ, ਮੈਂ ਤੈਨੂੰ ਲਾੜੀ ਵਿਖਾਵਾਂ ਜਿਹੜੀ ਲੇਲੇ ਦੀ ਪਤਨੀ ਹੈ।” (ਯੂਹੰਨਾ 1:29; ਪਰਕਾਸ਼ ਦੀ ਪੋਥੀ 21:9) ਯਿਸੂ ਦੀ ਲਾੜੀ ਜਾਂ ਪਤਨੀ ਕੌਣ ਹੈ? “ਲੇਲੇ ਦੀ ਪਤਨੀ” ਯਿਸੂ ਦੇ ਮਸਹ ਕੀਤੇ ਹੋਏ ਵਫ਼ਾਦਾਰ ਚੇਲੇ ਹਨ ਜੋ ਸਵਰਗ ਵਿਚ ਉਸ ਦੇ ਨਾਲ ਰਾਜ ਕਰਨਗੇ। (ਪਰਕਾਸ਼ ਦੀ ਪੋਥੀ 14:1, 3) ਇਸ ਲਈ ਜਿਸ ਤਰ੍ਹਾਂ ਯਿਸੂ ਧਰਤੀ ਉੱਤੇ ਆਪਣੇ ਚੇਲਿਆਂ ਨਾਲ ਪੇਸ਼ ਆਇਆ, ਇਹ ਪਤੀਆਂ ਲਈ ਇਕ ਨਮੂਨਾ ਹੈ ਕਿ ਉਹ ਆਪਣੀਆਂ ਪਤਨੀਆਂ ਨਾਲ ਕਿਵੇਂ ਪੇਸ਼ ਆਉਣ।

5. ਯਿਸੂ ਨੇ ਕਿਨ੍ਹਾਂ ਲਈ ਨਮੂਨਾ ਕਾਇਮ ਕੀਤਾ ਸੀ?

5 ਇਹ ਸੱਚ ਹੈ ਕਿ ਸਾਰੇ ਮਸੀਹੀ ਭੈਣ-ਭਾਈਆਂ ਨੂੰ ਯਿਸੂ ਦੀ ਰੀਸ ਕਰਨੀ ਚਾਹੀਦੀ ਹੈ ਕਿਉਂਕਿ ਬਾਈਬਲ ਕਹਿੰਦੀ ਹੈ ਕਿ ‘ਮਸੀਹ ਤੁਹਾਡੇ ਨਮਿੱਤ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ।’ (1 ਪਤਰਸ 2:21) ਫਿਰ ਵੀ ਉਹ ਖ਼ਾਸ ਕਰਕੇ ਪਤੀਆਂ ਲਈ ਉੱਤਮ ਮਿਸਾਲ ਹੈ। ਬਾਈਬਲ ਵਿਚ ਲਿਖਿਆ ਹੈ: “ਹਰੇਕ ਪੁਰਖ ਦਾ ਸਿਰ ਮਸੀਹ ਹੈ ਅਤੇ ਇਸਤ੍ਰੀ ਦਾ ਸਿਰ ਪੁਰਖ ਹੈ ਅਤੇ ਮਸੀਹ ਦਾ ਸਿਰ ਪਰਮੇਸ਼ੁਰ ਹੈ।” (1 ਕੁਰਿੰਥੀਆਂ 11:3) ਕਿਉਂ ਜੋ ਮਸੀਹ ਆਦਮੀ ਦਾ ਸਿਰ ਹੈ, ਸੋ ਪਤੀਆਂ ਨੂੰ ਉਸ ਦੀ ਮਿਸਾਲ ਤੇ ਚੱਲਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਹੀ ਪਰਿਵਾਰ ਖ਼ੁਸ਼ਹਾਲ ਤੇ ਕਾਮਯਾਬ ਬਣੇਗਾ। ਸੋ ਪਤੀ ਨੂੰ ਆਪਣੀ ਪਤਨੀ ਨਾਲ ਉਸੇ ਤਰ੍ਹਾਂ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ ਜਿੱਦਾਂ ਯਿਸੂ ਆਪਣੇ ਮਸਹ ਕੀਤੇ ਹੋਏ ਚੇਲਿਆਂ ਨਾਲ ਪੇਸ਼ ਆਇਆ ਸੀ।

ਵਿਆਹੁਤਾ ਜ਼ਿੰਦਗੀ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਿਵੇਂ ਕੀਤਾ ਜਾਵੇ?

6. ਪਤੀ ਨੂੰ ਆਪਣੀ ਪਤਨੀ ਨਾਲ ਕਿਸ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ?

6 ਅੱਜ ਦੀ ਬੁਰੀ ਦੁਨੀਆਂ ਵਿਚ ਖ਼ਾਸ ਕਰਕੇ ਪਤੀ ਨੂੰ ਯਿਸੂ ਦੀ ਰੀਸ ਕਰਦੇ ਹੋਏ ਆਪਣੀ ਪਤਨੀ ਨਾਲ ਪਿਆਰ ਤੇ ਧੀਰਜ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਪਰਮੇਸ਼ੁਰ ਦੇ ਅਸੂਲਾਂ ਤੇ ਪੱਕੇ ਰਹਿਣਾ ਚਾਹੀਦਾ ਹੈ। (2 ਤਿਮੋਥਿਉਸ 3:1-5) ਯਿਸੂ ਦੀ ਮਿਸਾਲ ਦੇ ਸੰਬੰਧ ਵਿਚ ਬਾਈਬਲ ਕਹਿੰਦੀ ਹੈ: “ਹੇ ਪਤੀਓ, ਬੁੱਧ ਦੇ ਅਨੁਸਾਰ ਆਪਣੀਆਂ ਪਤਨੀਆਂ ਨਾਲ ਵੱਸੋ।” (1 ਪਤਰਸ 3:7) ਜੀ ਹਾਂ, ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਪਤੀਆਂ ਨੂੰ ਯਿਸੂ ਵਾਂਗ ਬੁੱਧੀ ਤੋਂ ਕੰਮ ਲੈਣ ਦੀ ਲੋੜ ਹੈ। ਉਸ ਨੇ ਹਰ ਇਨਸਾਨ ਨਾਲੋਂ ਜ਼ਿਆਦਾ ਦੁੱਖ ਝੱਲੇ ਸਨ, ਪਰ ਉਹ ਜਾਣਦਾ ਸੀ ਕਿ ਇਨ੍ਹਾਂ ਦੁੱਖਾਂ ਲਈ ਸ਼ਤਾਨ, ਉਸ ਦੇ ਬੁਰੇ ਦੂਤ ਅਤੇ ਇਹ ਦੁਸ਼ਟ ਸੰਸਾਰ ਜ਼ਿੰਮੇਵਾਰ ਸਨ। (ਯੂਹੰਨਾ 14:30; ਅਫ਼ਸੀਆਂ 6:12) ਬਾਈਬਲ ਚੇਤਾਵਨੀ ਦਿੰਦੀ ਹੈ ਕਿ ਸ਼ਾਦੀ-ਸ਼ੁਦਾ ਲੋਕ “ਸਰੀਰ ਵਿੱਚ ਦੁਖ ਭੋਗਣਗੇ।” ਯਿਸੂ ਮੁਸ਼ਕਲਾਂ ਆਉਣ ਤੇ ਹੈਰਾਨ ਨਹੀਂ ਹੋਇਆ ਸੀ ਤੇ ਨਾ ਹੀ ਪਤੀ-ਪਤਨੀਆਂ ਨੂੰ ਹੈਰਾਨ ਹੋਣਾ ਚਾਹੀਦਾ ਹੈ ਜਦ ਉਨ੍ਹਾਂ ਤੇ ਦੁੱਖ ਆਉਂਦੇ ਹਨ।—1 ਕੁਰਿੰਥੀਆਂ 7:28.

7, 8. (ੳ) ਆਪਣੀ ਪਤਨੀ ਨਾਲ ਬੁੱਧ ਅਨੁਸਾਰ ਵੱਸਣ ਵਿਚ ਕੀ ਸ਼ਾਮਲ ਹੈ? (ਅ) ਪਤਨੀਆਂ ਦੀ ਇੱਜ਼ਤ ਕਿਉਂ ਕੀਤੀ ਜਾਣੀ ਚਾਹੀਦੀ ਹੈ?

7 ਬਾਈਬਲ ਪਤੀਆਂ ਨੂੰ ਸਲਾਹ ਦਿੰਦੀ ਹੈ ਕਿ ‘ਹੇ ਪਤੀਓ, ਬੁੱਧ ਦੇ ਅਨੁਸਾਰ ਆਪਣੀਆਂ ਪਤਨੀਆਂ ਨਾਲ ਵੱਸੋ ਅਤੇ ਇਸਤ੍ਰੀ ਨੂੰ ਆਪਣੇ ਨਾਲੋਂ ਕੋਮਲ ਸਰੀਰ ਜਾਣ ਕੇ ਉਹ ਦਾ ਆਦਰ ਕਰੋ।’ (1 ਪਤਰਸ 3:7) ਪਰਮੇਸ਼ੁਰ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਪਤੀ ਆਪਣੀਆਂ ਪਤਨੀਆਂ ਉੱਤੇ ਹੁਕਮ ਚਲਾਉਣਗੇ। ਪਰ ਜੇ ਪਤੀ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ, ਤਾਂ ਉਹ ਆਪਣੀ ਪਤਨੀ ਦੀ ਇੱਜ਼ਤ ਕਰੇਗਾ। (ਉਤਪਤ 3:16) ਉਹ ਉਸ ਨੂੰ ਮਾਰੇਗਾ-ਕੁੱਟੇਗਾ ਨਹੀਂ, ਸਗੋਂ ਆਪਣੀ ਅਨਮੋਲ ਅਮਾਨਤ ਸਮਝ ਕੇ ਉਸ ਨੂੰ ਦਿਲੋਂ ਪਿਆਰ ਕਰੇਗਾ ਤੇ ਹਮੇਸ਼ਾ ਉਸ ਨਾਲ ਆਦਰ ਨਾਲ ਪੇਸ਼ ਆਵੇਗਾ।

8 ਪਤੀਆਂ ਨੂੰ ਆਪਣੀਆਂ ਪਤਨੀਆਂ ਦੀ ਇੱਜ਼ਤ ਕਿਉਂ ਕਰਨੀ ਚਾਹੀਦੀ ਹੈ? ਬਾਈਬਲ ਵਿਚ ਇਹ ਕਾਰਨ ਦਿੱਤਾ ਗਿਆ ਹੈ: “ਭਈ ਤੁਸੀਂ ਦੋਵੇਂ ਜੀਵਨ ਦੀ ਬਖ਼ਸ਼ੀਸ਼ ਦੇ ਸਾਂਝੇ ਅਧਕਾਰੀ ਹੋ . . . ਤਾਂ ਜੋ ਤੁਹਾਡੀਆਂ ਪ੍ਰਾਰਥਨਾਂ ਰੁਕ ਨਾ ਜਾਣ।” (1 ਪਤਰਸ 3:7) ਪਤੀਆਂ ਨੂੰ ਇਹ ਗੱਲ ਯਾਦ ਰੱਖਣ ਦੀ ਲੋੜ ਹੈ ਕਿ ਪਰਮੇਸ਼ੁਰ ਦੀ ਭਗਤੀ ਕਰਨ ਵਾਲਾ ਚਾਹੇ ਆਦਮੀ ਹੋਵੇ ਜਾਂ ਤੀਵੀਂ, ਉਹ ਦੋਵੇਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬਰਾਬਰ ਹਨ। ਪਰਮੇਸ਼ੁਰ ਦੀ ਮਿਹਰ ਪਾਉਣ ਵਾਲੀਆਂ ਤੀਵੀਆਂ ਨੂੰ ਵੀ ਹਮੇਸ਼ਾ ਦੀ ਜ਼ਿੰਦਗੀ ਦੀ ਬਰਕਤ ਮਿਲੇਗੀ ਤੇ ਕਈ ਸਵਰਗ ਵੀ ਜਾਣਗੀਆਂ ਜਿੱਥੇ “ਨਾ ਨਰ ਨਾ ਨਾਰੀ” ਹੈ। (ਗਲਾਤੀਆਂ 3:28) ਸੋ ਪਤੀਓ, ਯਾਦ ਰੱਖੋ ਕਿ ਪਰਮੇਸ਼ੁਰ ਇਨਸਾਨ ਦੀ ਵਫ਼ਾਦਾਰੀ ਦੇਖਦਾ ਹੈ, ਇਹ ਨਹੀਂ ਕਿ ਕੋਈ ਨਰ, ਨਾਰੀ, ਪਤੀ, ਪਤਨੀ ਜਾਂ ਬੱਚਾ ਹੈ।—1 ਕੁਰਿੰਥੀਆਂ 4:2.

9. (ੳ) ਪਤਰਸ ਦੇ ਸ਼ਬਦਾਂ ਅਨੁਸਾਰ ਪਤੀ ਨੂੰ ਆਪਣੀ ਪਤਨੀ ਦਾ ਆਦਰ ਕਿਉਂ ਕਰਨਾ ਚਾਹੀਦਾ ਹੈ? (ਅ) ਯਿਸੂ ਨੇ ਤੀਵੀਆਂ ਦਾ ਆਦਰ ਕਿਵੇਂ ਕੀਤਾ ਸੀ?

9 ਪਤੀ ਨੂੰ ਆਪਣੀ ਪਤਨੀ ਦਾ ਆਦਰ ਕਿਉਂ ਕਰਨਾ ਚਾਹੀਦਾ ਹੈ? ਧਿਆਨ ਦਿਓ ਕਿ ਪਤਰਸ ਰਸੂਲ ਨੇ ਕੀ ਕਿਹਾ ਸੀ: “ਤਾਂ ਜੋ ਤੁਹਾਡੀਆਂ ਪ੍ਰਾਰਥਨਾਂ ਰੁਕ ਨਾ ਜਾਣ।” ਜ਼ਰਾ ਇਸ ਗੱਲ ਦੀ ਗੰਭੀਰਤਾ ਉੱਤੇ ਗੌਰ ਕਰੋ। ਜੇ ਪਤੀ ਆਪਣੀ ਪਤਨੀ ਦਾ ਆਦਰ ਨਾ ਕਰੇ, ਤਾਂ ਹੋ ਸਕਦਾ ਹੈ ਕਿ ਉਸ ਦੀਆਂ ਪ੍ਰਾਰਥਨਾਵਾਂ ਸੁਣੀਆਂ ਨਾ ਜਾਣ। ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਕੁਝ ਸੇਵਕਾਂ ਨਾਲ ਇਸੇ ਤਰ੍ਹਾਂ ਹੋਇਆ ਸੀ। (ਵਿਰਲਾਪ 3:43, 44) ਇਸ ਲਈ ਸ਼ਾਦੀ-ਸ਼ੁਦਾ ਆਦਮੀਆਂ ਅਤੇ ਵਿਆਹ ਕਰਾਉਣ ਬਾਰੇ ਸੋਚ ਰਹੇ ਗਭਰੂਆਂ ਲਈ ਇਹ ਅਕਲਮੰਦੀ ਦੀ ਗੱਲ ਹੋਵੇਗੀ ਕਿ ਉਹ ਯਿਸੂ ਦੀ ਮਿਸਾਲ ਤੇ ਗੌਰ ਕਰਨ ਅਤੇ ਸਿੱਖਣ ਕਿ ਯਿਸੂ ਤੀਵੀਆਂ ਨਾਲ ਕਿਵੇਂ ਪੇਸ਼ ਆਉਂਦਾ ਸੀ। ਕਈ ਤੀਵੀਆਂ ਉਸ ਦੀਆਂ ਚੇਲੀਆਂ ਬਣੀਆਂ ਤੇ ਯਿਸੂ ਨੇ ਉਨ੍ਹਾਂ ਦਾ ਦਿਲੋਂ ਸੁਆਗਤ ਕੀਤਾ ਤੇ ਉਨ੍ਹਾਂ ਦਾ ਆਦਰ ਕੀਤਾ। ਜੀ ਉਠਾਏ ਜਾਣ ਤੋਂ ਬਾਅਦ ਯਿਸੂ ਨੇ ਪਹਿਲਾਂ ਤੀਵੀਆਂ ਨੂੰ ਦਰਸ਼ਣ ਦਿੱਤੇ ਸਨ ਤੇ ਉਨ੍ਹਾਂ ਨੂੰ ਇਸ ਬਾਰੇ ਬਾਕੀ ਚੇਲਿਆਂ ਨੂੰ ਦੱਸਣ ਲਈ ਕਿਹਾ ਸੀ!—ਮੱਤੀ 28:1, 8-10; ਲੂਕਾ 8:1-3.

ਖ਼ਾਸਕਰ ਪਤੀਆਂ ਲਈ ਮਿਸਾਲ

10, 11. (ੳ) ਪਤੀਆਂ ਨੂੰ ਯਿਸੂ ਦੀ ਮਿਸਾਲ ਵੱਲ ਧਿਆਨ ਕਿਉਂ ਦੇਣਾ ਚਾਹੀਦਾ ਹੈ? (ਅ) ਪਤੀ ਨੂੰ ਆਪਣੀ ਪਤਨੀ ਨਾਲ ਪਿਆਰ ਕਿਵੇਂ ਕਰਨਾ ਚਾਹੀਦਾ ਹੈ?

10 ਜਿਵੇਂ ਅਸੀਂ ਦੇਖ ਚੁੱਕੇ ਹਾਂ, ਬਾਈਬਲ ਵਿਚ ਪਤੀ-ਪਤਨੀ ਦੇ ਰਿਸ਼ਤੇ ਦੀ ਤੁਲਨਾ ਮਸੀਹ ਤੇ ਉਸ ਦੀ “ਲਾੜੀ” ਦੇ ਰਿਸ਼ਤੇ ਨਾਲ ਕੀਤੀ ਗਈ ਹੈ। ਯਿਸੂ ਦੀ ਲਾੜੀ ਉਸ ਦੇ ਮਸਹ ਕੀਤੇ ਹੋਏ ਚੇਲਿਆਂ ਦੀ ਕਲੀਸਿਯਾ ਹੈ। ਬਾਈਬਲ ਵਿਚ ਲਿਖਿਆ ਹੈ: “ਪਤੀ ਪਤਨੀ ਦਾ ਸਿਰ ਹੈ ਜਿਵੇਂ ਮਸੀਹ ਭੀ ਕਲੀਸਿਯਾ ਦਾ ਸਿਰ ਹੈ।” (ਅਫ਼ਸੀਆਂ 5:23) ਸੋ ਪਤੀਆਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਯਿਸੂ ਨੇ ਆਪਣੇ ਚੇਲਿਆਂ ਦੀ ਅਗਵਾਈ ਕਿਵੇਂ ਕੀਤੀ ਸੀ। ਸਿਰਫ਼ ਇਸ ਤਰ੍ਹਾਂ ਕਰਨ ਨਾਲ ਹੀ ਪਤੀ ਯਿਸੂ ਦੀ ਰੀਸ ਕਰ ਸਕਣਗੇ ਅਤੇ ਆਪਣੀਆਂ ਪਤਨੀਆਂ ਨਾਲ ਪਿਆਰ ਨਾਲ ਪੇਸ਼ ਆਉਣਗੇ।

11 ਬਾਈਬਲ ਪਤੀਆਂ ਨੂੰ ਤਾਕੀਦ ਕਰਦੀ ਹੈ: “ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਜਿਵੇਂ ਮਸੀਹ ਨੇ ਵੀ ਕਲੀਸਿਯਾ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ।” (ਅਫ਼ਸੀਆਂ 5:25) ਅਫ਼ਸੀਆਂ ਦੇ ਚੌਥੇ ਅਧਿਆਇ ਵਿਚ “ਕਲੀਸਿਯਾ” ਨੂੰ “ਮਸੀਹ ਦੀ ਦੇਹੀ” ਕਿਹਾ ਗਿਆ ਹੈ। ਇਸ ਦੇਹੀ ਦੇ ਅੰਗਾਂ ਵਜੋਂ ਕਈ ਤੀਵੀਂ-ਆਦਮੀ ਮਿਲ ਕੇ ਕੰਮ ਕਰਦੇ ਹਨ। ਯਿਸੂ “ਦੇਹੀ ਦਾ ਅਰਥਾਤ ਕਲੀਸਿਯਾ ਦਾ ਸਿਰ ਹੈ।”—ਅਫ਼ਸੀਆਂ 4:12; ਕੁਲੁੱਸੀਆਂ 1:18; 1 ਕੁਰਿੰਥੀਆਂ 12:12, 13, 27.

12. ਯਿਸੂ ਨੇ ਕਲੀਸਿਯਾ ਲਈ ਆਪਣੇ ਪਿਆਰ ਦਾ ਸਬੂਤ ਕਿਵੇਂ ਦਿੱਤਾ ਸੀ?

12 ਯਿਸੂ ਨੇ ਕਲੀਸਿਯਾ ਨੂੰ ਬਹੁਤ ਪਿਆਰ ਕੀਤਾ। ਉਸ ਨੇ ਆਪਣੇ ਚੇਲਿਆਂ ਦਾ ਬਹੁਤ ਧਿਆਨ ਰੱਖਿਆ ਜੋ ਬਾਅਦ ਵਿਚ ਕਲੀਸਿਯਾ ਦੇ ਮੈਂਬਰ ਬਣੇ। ਮਿਸਾਲ ਲਈ, ਜਦ ਉਸ ਦੇ ਚੇਲੇ ਥੱਕੇ ਹੋਏ ਸਨ, ਤਾਂ ਉਸ ਨੇ ਕਿਹਾ: “ਤੁਸੀਂ ਵੱਖਰੇ ਇਕਾਂਤ ਥਾਂ ਵਿਚ ਚਲੋ ਅਤੇ ਥੋੜ੍ਹੀ ਦੇਰ ਅਰਾਮ ਕਰੋ।” (ਮਰਕੁਸ 6:31, ਪਵਿੱਤਰ ਬਾਈਬਲ ਨਵਾਂ ਅਨੁਵਾਦ) ਯਿਸੂ ਨੇ ਆਪਣੀ ਮੌਤ ਤੋਂ ਕੁਝ ਹੀ ਘੰਟੇ ਪਹਿਲਾਂ ਜੋ ਕੀਤਾ, ਉਸ ਬਾਰੇ ਉਸ ਦੇ ਇਕ ਰਸੂਲ ਨੇ ਲਿਖਿਆ ਕਿ ਯਿਸੂ ਆਪਣੇ ਚੇਲਿਆਂ ਨੂੰ “ਅੰਤ ਤੋੜੀ ਪਿਆਰ ਕਰਦਾ ਰਿਹਾ।” (ਯੂਹੰਨਾ 13:1) ਇਹ ਪਤੀਆਂ ਲਈ ਕਿੰਨੀ ਵਧੀਆ ਮਿਸਾਲ ਹੈ!

13. ਪਤੀ ਨੂੰ ਆਪਣੀ ਪਤਨੀ ਨਾਲ ਕਿਹੋ ਜਿਹਾ ਪਿਆਰ ਕਰਨਾ ਚਾਹੀਦਾ ਹੈ?

13 ਯਿਸੂ ਦੀ ਮਿਸਾਲ ਦਿੰਦੇ ਹੋਏ ਪੌਲੁਸ ਨੇ ਪਤੀਆਂ ਨੂੰ ਯਾਦ ਕਰਾਇਆ: “ਪਤੀਆਂ ਨੂੰ ਭੀ ਚਾਹੀਦਾ ਹੈ ਜੋ ਆਪਣੀਆਂ ਪਤਨੀਆਂ ਨਾਲ ਅਜਿਹਾ ਪ੍ਰੇਮ ਕਰਨ ਜਿਵੇਂ ਆਪਣੇ ਸਰੀਰਾਂ ਨਾਲ ਕਰਦੇ ਹਨ। ਜਿਹੜਾ ਆਪਣੀ ਪਤਨੀ ਨਾਲ ਪ੍ਰੇਮ ਕਰਦਾ ਹੈ ਉਹ ਆਪਣੇ ਹੀ ਨਾਲ ਪ੍ਰੇਮ ਕਰਦਾ ਹੈ। ਕਿਉਂ ਜੋ ਕਿਸੇ ਨੇ ਆਪਣੇ ਸਰੀਰ ਨਾਲ ਕਦੇ ਵੈਰ ਨਹੀਂ ਕੀਤਾ ਸਗੋਂ ਉਹ ਉਸ ਨੂੰ ਪਾਲਦਾ ਪਲੋਸਦਾ ਹੈ ਜਿਵੇਂ ਮਸੀਹ ਵੀ ਕਲੀਸਿਯਾ ਨੂੰ।” ਪੌਲੁਸ ਨੇ ਅੱਗੇ ਕਿਹਾ: “ਤੁਸਾਂ ਵਿੱਚੋਂ ਭੀ ਹਰੇਕ ਆਪੋ ਆਪਣੀ ਪਤਨੀ ਨਾਲ ਆਪਣੇ ਹੀ ਜਿਹਾ ਪ੍ਰੇਮ ਕਰੇ।”—ਅਫ਼ਸੀਆਂ 5:28, 29, 33.

14. ਪਤੀ ਆਪਣੇ ਸਰੀਰ ਨਾਲ ਕਿਵੇਂ ਪਿਆਰ ਕਰਦਾ ਹੈ ਤੇ ਇਸ ਹਿਸਾਬ ਨਾਲ ਉਸ ਨੂੰ ਆਪਣੀ ਪਤਨੀ ਨਾਲ ਕਿਹੋ ਜਿਹਾ ਸਲੂਕ ਕਰਨਾ ਚਾਹੀਦਾ ਹੈ?

14 ਪੌਲੁਸ ਦੀ ਗੱਲ ਬਾਰੇ ਜ਼ਰਾ ਸੋਚੋ। ਕੀ ਕੋਈ ਸਮਝਦਾਰ ਬੰਦਾ ਕਦੇ ਜਾਣ-ਬੁੱਝ ਕੇ ਆਪਣੇ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ? ਜਦ ਉਸ ਨੂੰ ਠੋਕਰ ਲੱਗਦੀ ਹੈ, ਤਾਂ ਕੀ ਉਹ ਆਪਣੇ ਪੈਰਾਂ ਨੂੰ ਕੁੱਟਦਾ ਹੈ? ਬਿਲਕੁਲ ਨਹੀਂ! ਕੀ ਪਤੀ ਆਪਣੇ ਦੋਸਤਾਂ ਦੇ ਅੱਗੇ ਆਪਣੇ ਆਪ ਨੂੰ ਜ਼ਲੀਲ ਕਰਦਾ ਹੈ ਜਾਂ ਆਪਣੀਆਂ ਕਮੀਆਂ-ਕਮਜ਼ੋਰੀਆਂ ਦਾ ਪੋਲ ਖੋਲ੍ਹਦਾ ਹੈ? ਨਹੀਂ! ਤਾਂ ਫਿਰ ਉਹ ਆਪਣੀ ਪਤਨੀ ਨੂੰ ਕਿਉਂ ਜ਼ਲੀਲ ਕਰੇ ਜਾਂ ਮਾਰੇ ਕਿਉਂਕਿ ਉਸ ਤੋਂ ਕੋਈ ਗ਼ਲਤੀ ਹੋ ਗਈ? ਪਤੀਆਂ ਨੂੰ ਸਿਰਫ਼ ਆਪਣੇ ਬਾਰੇ ਨਹੀਂ ਸੋਚਣਾ ਚਾਹੀਦਾ, ਸਗੋਂ ਆਪਣੀਆਂ ਪਤਨੀਆਂ ਦੀਆਂ ਭਾਵਨਾਵਾਂ ਦਾ ਵੀ ਲਿਹਾਜ਼ ਕਰਨਾ ਚਾਹੀਦਾ ਹੈ।—1 ਕੁਰਿੰਥੀਆਂ 10:24; 13:5.

15. (ੳ) ਯਿਸੂ ਨੇ ਆਪਣੇ ਚੇਲਿਆਂ ਦਾ ਖ਼ਿਆਲ ਕਿਵੇਂ ਰੱਖਿਆ ਸੀ? (ਅ) ਯਿਸੂ ਦੀ ਮਿਸਾਲ ਤੋਂ ਪਤੀ ਕੀ ਸਿੱਖ ਸਕਦੇ ਹਨ?

15 ਗੌਰ ਕਰੋ ਕਿ ਯਿਸੂ ਨੇ ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਆਪਣੇ ਚੇਲਿਆਂ ਦਾ ਕਿਵੇਂ ਖ਼ਿਆਲ ਰੱਖਿਆ ਸੀ। ਭਾਵੇਂ ਉਸ ਨੇ ਕਈ ਵਾਰ ਉਨ੍ਹਾਂ ਨੂੰ ਪ੍ਰਾਰਥਨਾ ਕਰਦੇ ਰਹਿਣ ਲਈ ਕਿਹਾ ਸੀ, ਪਰ ਗਥਸਮਨੀ ਦੇ ਬਾਗ਼ ਵਿਚ ਪ੍ਰਾਰਥਨਾ ਕਰਨ ਲਈ ਜਾਗਦੇ ਰਹਿਣ ਦੀ ਬਜਾਇ ਤਿੰਨ ਵਾਰ ਉਨ੍ਹਾਂ ਦੀ ਅੱਖ ਲੱਗ ਗਈ। ਫਿਰ ਅਚਾਨਕ ਕਈ ਹਥਿਆਰਬੰਦ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ। ਯਿਸੂ ਨੇ ਉਨ੍ਹਾਂ ਬੰਦਿਆਂ ਨੂੰ ਪੁੱਛਿਆ: “ਤੁਸੀਂ ਕਿਹਨੂੰ ਭਾਲਦੇ ਹੋ?” ਜਦ ਉਨ੍ਹਾਂ ਨੇ ਕਿਹਾ: “ਯਿਸੂ ਨਾਸਰੀ ਨੂੰ,” ਤਾਂ ਉਸ ਨੇ ਜਵਾਬ ਦਿੱਤਾ: “ਉਹ ਮੈਂ ਹੀ ਹਾਂ।” ਇਹ ਜਾਣਦੇ ਹੋਏ ਕਿ ਉਸ ਦੀ ਮੌਤ ਦੀ “ਘੜੀ” ਨੇੜੇ ਸੀ, ਯਿਸੂ ਨੇ ਕਿਹਾ: “ਜੇ ਤੁਸੀਂ ਮੈਨੂੰ ਭਾਲਦੇ ਹੋ ਤਾਂ ਏਹਨਾਂ ਨੂੰ ਜਾਣ ਦਿਓ।” ਹਾਂ, ਯਿਸੂ ਹਮੇਸ਼ਾ ਆਪਣੇ ਚੇਲਿਆਂ ਦਾ ਖ਼ਿਆਲ ਰੱਖਦਾ ਸੀ ਤੇ ਉਸ ਨੇ ਉਨ੍ਹਾਂ ਦੇ ਬਚਾਅ ਦਾ ਰਾਹ ਕੱਢਿਆ। ਯਿਸੂ ਦੀ ਮਿਸਾਲ ਉੱਤੇ ਗਹਿਰਾਈ ਨਾਲ ਸੋਚ-ਵਿਚਾਰ ਕਰਨ ਨਾਲ ਪਤੀ ਸਿੱਖ ਸਕਦੇ ਹਨ ਕਿ ਉਨ੍ਹਾਂ ਨੂੰ ਆਪਣੀਆਂ ਪਤਨੀਆਂ ਨਾਲ ਕਿਸ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ।—ਯੂਹੰਨਾ 18:1-9; ਮਰਕੁਸ 14:34-37, 41.

ਯਿਸੂ ਦਾ ਪਿਆਰ ਅੰਨ੍ਹਾ ਨਹੀਂ ਸੀ

16. ਮਾਰਥਾ ਨਾਲ ਯਿਸੂ ਦਾ ਕਿਹੋ ਜਿਹਾ ਰਿਸ਼ਤਾ ਸੀ, ਪਰ ਉਸ ਨੇ ਉਸ ਨੂੰ ਕਿਵੇਂ ਸੁਧਾਰਿਆ ਸੀ?

16 ਬਾਈਬਲ ਕਹਿੰਦੀ ਹੈ: “ਯਿਸੂ ਮਾਰਥਾ ਨੂੰ ਅਤੇ ਉਹ ਦੀ ਭੈਣ ਅਰ ਲਾਜ਼ਰ ਨੂੰ ਪਿਆਰ ਕਰਦਾ ਸੀ,” ਜਿਨ੍ਹਾਂ ਦੇ ਘਰ ਯਿਸੂ ਅਕਸਰ ਮਹਿਮਾਨ ਬਣ ਕੇ ਜਾਇਆ ਕਰਦਾ ਸੀ। (ਯੂਹੰਨਾ 11:5) ਪਰ ਲੋੜ ਪੈਣ ਤੇ ਯਿਸੂ ਨੇ ਮਾਰਥਾ ਨੂੰ ਤਾੜਨਾ ਵੀ ਦਿੱਤੀ। ਇਕ ਵਾਰ ਮਾਰਥਾ ਖਾਣ ਲਈ ਇੰਨਾ ਕੁਝ ਤਿਆਰ ਕਰ ਰਹੀ ਸੀ ਕਿ ਉਸ ਕੋਲ ਯਿਸੂ ਦੀਆਂ ਗੱਲਾਂ ਸੁਣਨ ਦਾ ਸਮਾਂ ਨਹੀਂ ਸੀ। ਯਿਸੂ ਨੇ ਉਸ ਨੂੰ ਕਿਹਾ: ‘ਮਾਰਥਾ ਮਾਰਥਾ, ਤੂੰ ਬਹੁਤੀਆਂ ਵਸਤਾਂ ਦੀ ਚਿੰਤਾ ਕਰਦੀ ਅਤੇ ਘਬਰਾਉਂਦੀ ਹੈਂ। ਪਰ ਸਿਰਫ਼ ਇੱਕ ਦੀ ਲੋੜ ਹੈ।’ (ਲੂਕਾ 10:41, 42) ਇਸ ਵਿਚ ਕੋਈ ਸ਼ੱਕ ਨਹੀਂ ਕਿ ਯਿਸੂ ਦੇ ਪਿਆਰ ਕਰਕੇ ਮਾਰਥਾ ਲਈ ਉਸ ਦੀ ਤਾੜਨਾ ਕਬੂਲ ਕਰਨੀ ਸੌਖੀ ਸੀ। ਇਸੇ ਤਰ੍ਹਾਂ ਪਤੀ ਨੂੰ ਹਮੇਸ਼ਾ ਸੋਚ-ਸਮਝ ਕੇ ਤੇ ਪਿਆਰ ਨਾਲ ਆਪਣੀ ਪਤਨੀ ਨਾਲ ਗੱਲ ਕਰਨੀ ਚਾਹੀਦੀ ਹੈ। ਪਰ ਜ਼ਰੂਰਤ ਪੈਣ ਤੇ ਉਹ ਯਿਸੂ ਵਾਂਗ ਆਪਣੀ ਪਤਨੀ ਨੂੰ ਸੁਧਾਰੇਗਾ ਵੀ।

17, 18. (ੳ) ਪਤਰਸ ਨੇ ਯਿਸੂ ਨੂੰ ਕੀ ਕਿਹਾ ਸੀ ਤੇ ਉਸ ਦੀ ਸੋਚ ਨੂੰ ਸੁਧਾਰਨ ਦੀ ਕਿਉਂ ਲੋੜ ਸੀ? (ਅ) ਪਤੀ ਦਾ ਕੀ ਫ਼ਰਜ਼ ਹੈ?

17 ਇਕ ਹੋਰ ਸਮੇਂ ਤੇ ਯਿਸੂ ਨੇ ਆਪਣੇ ਰਸੂਲਾਂ ਨੂੰ ਸਮਝਾਇਆ ਕਿ ਉਸ ਲਈ ਯਰੂਸ਼ਲਮ ਜਾ ਕੇ ‘ਬਜੁਰਗਾਂ ਅਤੇ ਪਰਧਾਨ ਜਾਜਕਾਂ ਅਤੇ ਗ੍ਰੰਥੀਆਂ ਦੇ ਹੱਥੋਂ ਮਾਰੇ ਜਾਣਾ ਅਤੇ ਤੀਏ ਦਿਨ ਜੀ ਉਠਾਏ ਜਾਣਾ’ ਜ਼ਰੂਰੀ ਸੀ। ਇਹ ਸੁਣ ਕੇ ਪਤਰਸ ਨੇ ਯਿਸੂ ਨੂੰ ਇਕ ਪਾਸੇ ਲੈ ਜਾ ਕੇ ਝਿੜਕਿਆ, “ਪ੍ਰਭੁ ਜੀ ਪਰਮੇਸ਼ੁਰ ਏਹ ਨਾ ਕਰੇ! ਤੇਰੇ ਲਈ ਇਹ ਕਦੇ ਨਾ ਹੋਵੇਗਾ!” ਪਤਰਸ ਦੇ ਪਿਆਰ ਨੇ ਉਸ ਨੂੰ ਅੰਨ੍ਹਾ ਕਰ ਦਿੱਤਾ ਸੀ, ਸੋ ਯਿਸੂ ਨੂੰ ਉਸ ਦੀ ਸੋਚ ਨੂੰ ਸੁਧਾਰਨ ਦੀ ਲੋੜ ਸੀ। ਇਸ ਲਈ ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਹੇ ਸ਼ਤਾਨ ਮੈਥੋਂ ਪਿੱਛੇ ਹਟ! ਤੂੰ ਮੇਰੇ ਲਈ ਠੋਕਰ ਹੈਂ ਕਿਉਂ ਜੋ ਤੂੰ ਪਰਮੇਸ਼ੁਰ ਦੀਆਂ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈਂ।”—ਮੱਤੀ 16:21-23.

18 ਯਿਸੂ ਆਪਣੇ ਚੇਲਿਆਂ ਨੂੰ ਦੱਸ ਰਿਹਾ ਸੀ ਕਿ ਪਰਮੇਸ਼ੁਰ ਦੀ ਇਹੋ ਮਰਜ਼ੀ ਸੀ ਕਿ ਉਹ ਬਹੁਤਾ ਦੁੱਖ ਝੱਲੇ ਅਤੇ ਅੰਤ ਵਿਚ ਮਾਰਿਆ ਜਾਵੇ। (ਜ਼ਬੂਰਾਂ ਦੀ ਪੋਥੀ 16:10; ਯਸਾਯਾਹ 53:12) ਸੋ ਪਤਰਸ ਲਈ ਗ਼ਲਤ ਸੀ ਕਿ ਉਹ ਯਿਸੂ ਨੂੰ ਪਰਮੇਸ਼ੁਰ ਦੀ ਮਰਜ਼ੀ ਦੇ ਖ਼ਿਲਾਫ਼ ਜਾਣ ਲਈ ਕਹੇ। ਹਾਂ, ਪਤਰਸ ਦੀ ਸੋਚ ਨੂੰ ਸੁਧਾਰਨ ਦੀ ਲੋੜ ਸੀ, ਜਿਸ ਤਰ੍ਹਾਂ ਸਮੇਂ-ਸਮੇਂ ਤੇ ਦੂਸਰੇ ਸਾਡੀ ਸੋਚ ਨੂੰ ਵੀ ਸੁਧਾਰਨ ਦੀ ਕੋਸ਼ਿਸ਼ ਕਰਦੇ ਹਨ। ਘਰ ਦਾ ਮੁਖੀਆ ਹੋਣ ਦੇ ਨਾਤੇ ਪਤੀ ਕੋਲ ਆਪਣੀ ਪਤਨੀ ਅਤੇ ਬੱਚਿਆਂ ਨੂੰ ਤਾੜਨਾ ਦੇਣ ਦਾ ਅਧਿਕਾਰ ਹੈ ਅਤੇ ਇਹ ਉਸ ਦਾ ਫ਼ਰਜ਼ ਵੀ ਹੈ। ਪਰ ਇਹ ਤਾੜਨਾ ਹਮੇਸ਼ਾ ਪਿਆਰ ਨਾਲ ਦਿੱਤੀ ਜਾਣੀ ਚਾਹੀਦੀ ਹੈ। ਯਿਸੂ ਨੇ ਸਹੀ ਨਜ਼ਰੀਆ ਅਪਣਾਉਣ ਵਿਚ ਪਤਰਸ ਦੀ ਮਦਦ ਕੀਤੀ ਸੀ ਤੇ ਪਤੀ ਨੂੰ ਵੀ ਸ਼ਾਇਦ ਆਪਣੀ ਪਤਨੀ ਦੇ ਨਜ਼ਰੀਏ ਨੂੰ ਸੁਧਾਰਨ ਦੀ ਲੋੜ ਪਵੇ। ਮਿਸਾਲ ਲਈ, ਜੇ ਪਤਨੀ ਦੇ ਕੱਪੜੇ ਜਾਂ ਹਾਰ-ਸ਼ਿੰਗਾਰ ਬਾਈਬਲ ਦੇ ਅਸੂਲਾਂ ਅਨੁਸਾਰ ਨਾ ਹੋਵੇ, ਤਾਂ ਪਤੀ ਪਿਆਰ ਨਾਲ ਉਸ ਨੂੰ ਸਮਝਾ ਸਕਦਾ ਹੈ।—1 ਪਤਰਸ 3:3-5.

ਪਤੀਓ, ਧੀਰਜ ਰੱਖੋ

19, 20. (ੳ) ਯਿਸੂ ਦੇ ਰਸੂਲਾਂ ਵਿਚ ਕਿਹੜੀ ਬਹਿਸ ਚੱਲਦੀ ਰਹਿੰਦੀ ਸੀ ਤੇ ਯਿਸੂ ਨੇ ਉਨ੍ਹਾਂ ਨੂੰ ਕਿਵੇਂ ਸੁਧਾਰਿਆ ਸੀ? (ਅ) ਆਪਣੇ ਰਸੂਲਾਂ ਨੂੰ ਸੁਧਾਰਨ ਵਿਚ ਯਿਸੂ ਦੀਆਂ ਕੋਸ਼ਿਸ਼ਾਂ ਦਾ ਕੀ ਨਤੀਜਾ ਨਿਕਲਿਆ?

19 ਜੇ ਕਿਸੇ ਗੱਲ ਵਿਚ ਪਤਨੀ ਦੀ ਸੋਚ ਨੂੰ ਸੁਧਾਰਨ ਦੀ ਲੋੜ ਹੈ, ਤਾਂ ਪਤੀ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇੱਕੋ ਵਾਰ ਸਮਝਾਉਣ ਤੇ ਮਸਲਾ ਹੱਲ ਹੋ ਜਾਵੇਗਾ। ਯਿਸੂ ਨੇ ਆਪਣੇ ਰਸੂਲਾਂ ਦੀ ਸੋਚ ਨੂੰ ਸੁਧਾਰਨ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਸੀ। ਮਿਸਾਲ ਲਈ, ਉਨ੍ਹਾਂ ਵਿਚ ਇੱਕੋ ਗੱਲ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਸੀ ਕਿ ਉਨ੍ਹਾਂ ਵਿੱਚੋਂ ਕੌਣ ਵੱਡਾ ਸੀ। ਯਿਸੂ ਦੀ ਮੌਤ ਤੋਂ ਪਹਿਲਾਂ ਦੀ ਸ਼ਾਮ ਨੂੰ ਵੀ ਚੇਲੇ ਇਸੇ ਗੱਲ ਤੇ ਲੜ ਪਏ ਸਨ। (ਮਰਕੁਸ 9:33-37; 10:35-45) ਉਸ ਸ਼ਾਮ ਯਿਸੂ ਨੇ ਉਨ੍ਹਾਂ ਨਾਲ ਆਖ਼ਰੀ ਵਾਰ ਪਸਾਹ ਮਨਾਉਣ ਦਾ ਬੰਦੋਬਸਤ ਕੀਤਾ ਸੀ। ਉਨ੍ਹੀਂ-ਦਿਨੀਂ ਘਰ ਆਏ ਮਹਿਮਾਨਾਂ ਦੇ ਪੈਰ ਧੋਣ ਦਾ ਰਿਵਾਜ ਹੁੰਦਾ ਸੀ। ਪਰ ਉਸ ਸ਼ਾਮ ਕਿਸੇ ਇਕ ਨੇ ਵੀ ਦੂਸਰਿਆਂ ਦੇ ਪੈਰ ਧੋਣ ਦੀ ਪਹਿਲ ਨਹੀਂ ਕੀਤੀ। ਸੋ ਯਿਸੂ ਨੇ ਆਪ ਉੱਠ ਕੇ ਉਨ੍ਹਾਂ ਦੇ ਪੈਰ ਧੋਤੇ। ਫਿਰ ਉਸ ਨੇ ਕਿਹਾ: “ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ।”—ਯੂਹੰਨਾ 13:2-15.

20 ਜੇ ਯਿਸੂ ਵਾਂਗ ਪਤੀ ਵੀ ਨਿਮਰਤਾ ਨਾਲ ਆਪਣੀ ਪਤਨੀ ਨਾਲ ਪੇਸ਼ ਆਵੇ, ਤਾਂ ਉਹ ਖ਼ੁਸ਼ੀ ਨਾਲ ਉਸ ਦਾ ਹਰ ਕਦਮ ਤੇ ਸਾਥ ਦੇਵੇਗੀ। ਪਰ ਪਤੀ ਨੂੰ ਧੀਰਜ ਰੱਖਣ ਦੀ ਲੋੜ ਹੈ। ਪਸਾਹ ਦੀ ਉਸੇ ਰਾਤ ਰਸੂਲਾਂ ਵਿਚ ਫਿਰ ਬਹਿਸ ਛਿੜ ਪਈ ਸੀ ਕਿ ਉਨ੍ਹਾਂ ਵਿੱਚੋਂ ਸਭ ਤੋਂ ਵੱਡਾ ਕੌਣ ਸੀ। (ਲੂਕਾ 22:24) ਕਿਸੇ ਦੀ ਸੋਚ ਅਤੇ ਤੌਰ-ਤਰੀਕੇ ਰਾਤੋ-ਰਾਤ ਹੀ ਨਹੀਂ ਬਦਲ ਜਾਂਦੇ। ਇਸ ਤਬਦੀਲੀ ਲਈ ਸਮਾਂ ਲੱਗਦਾ ਹੈ। ਪਰ ਪਤੀ ਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਜਦੋਂ ਪਤਨੀ ਉਸ ਦੀ ਸਲਾਹ ਮੰਨ ਕੇ ਆਪਣੇ ਆਪ ਨੂੰ ਸੁਧਾਰਦੀ ਹੈ, ਠੀਕ ਜਿਵੇਂ ਯਿਸੂ ਦੇ ਰਸੂਲਾਂ ਨੇ ਵੀ ਆਪਣੇ ਆਪ ਨੂੰ ਸੁਧਾਰਿਆ ਸੀ।

21. ਵਿਆਹੁਤਾ ਜ਼ਿੰਦਗੀ ਵਿਚ ਆਉਂਦੀਆਂ ਮੁਸ਼ਕਲਾਂ ਦੇ ਬਾਵਜੂਦ ਪਤੀਆਂ ਨੂੰ ਕੀ ਯਾਦ ਰੱਖਣਾ ਤੇ ਕਰਨਾ ਚਾਹੀਦਾ ਹੈ?

21 ਅੱਜ-ਕੱਲ੍ਹ ਪਤੀ-ਪਤਨੀਆਂ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਅੱਜ ਬਹੁਤ ਘੱਟ ਲੋਕ ਵਿਆਹ ਨੂੰ ਜੀਵਨ-ਭਰ ਦਾ ਸਾਥ ਸਮਝਦੇ ਹਨ। ਇਸ ਲਈ ਪਤੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕਿਸ ਨੇ ਕੀਤੀ ਸੀ। ਯਾਦ ਰੱਖੋ ਕਿ ਇਹ ਯਹੋਵਾਹ ਪਰਮੇਸ਼ੁਰ ਦਾ ਕੀਤਾ ਇੰਤਜ਼ਾਮ ਹੈ ਜੋ ਸਾਨੂੰ ਬੇਹੱਦ ਪਿਆਰ ਕਰਦਾ ਹੈ। ਉਸ ਨੇ ਯਿਸੂ ਨੂੰ ਸਿਰਫ਼ ਸਾਡੇ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਹੀ ਨਹੀਂ ਘੱਲਿਆ, ਸਗੋਂ ਉਸ ਨੇ ਯਿਸੂ ਨੂੰ ਪਤੀਆਂ ਲਈ ਇਕ ਬੇਮਿਸਾਲ ਨਮੂਨਾ ਕਾਇਮ ਕਰਨ ਲਈ ਵੀ ਭੇਜਿਆ ਸੀ।—ਮੱਤੀ 20:28; ਯੂਹੰਨਾ 3:29; 1 ਪਤਰਸ 2:21.

ਤੁਸੀਂ ਕੀ ਜਵਾਬ ਦਿਓਗੇ?

• ਇਸ ਗੱਲ ਨੂੰ ਮੰਨਣਾ ਕਿਉਂ ਜ਼ਰੂਰੀ ਹੈ ਕਿ ਪਰਮੇਸ਼ੁਰ ਨੇ ਪਤੀ-ਪਤਨੀ ਦੇ ਰਿਸ਼ਤੇ ਦੀ ਸ਼ੁਰੂਆਤ ਕੀਤੀ ਸੀ?

• ਪਤੀ ਨੂੰ ਆਪਣੀ ਪਤਨੀ ਨਾਲ ਕਿਨ੍ਹਾਂ ਤਰੀਕਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ?

• ਯਿਸੂ ਆਪਣੇ ਚੇਲਿਆਂ ਨਾਲ ਜਿਸ ਤਰੀਕੇ ਨਾਲ ਪੇਸ਼ ਆਇਆ ਸੀ, ਉਸ ਤੋਂ ਪਤੀ ਕੀ ਸਿੱਖ ਸਕਦੇ ਹਨ?

[ਸਵਾਲ]

[ਸਫ਼ਾ 14 ਉੱਤੇ ਤਸਵੀਰ]

ਪਤੀ ਨੂੰ ਕਿਉਂ ਧਿਆਨ ਦੇਣਾ ਚਾਹੀਦਾ ਹੈ ਕਿ ਯਿਸੂ ਤੀਵੀਆਂ ਨਾਲ ਕਿਵੇਂ ਪੇਸ਼ ਆਉਂਦਾ ਸੀ?

[ਸਫ਼ਾ 15 ਉੱਤੇ ਤਸਵੀਰ]

ਜਦ ਯਿਸੂ ਦੇ ਚੇਲੇ ਥੱਕੇ ਹੋਏ ਸਨ, ਤਾਂ ਯਿਸੂ ਨੇ ਉਨ੍ਹਾਂ ਨੂੰ ਆਰਾਮ ਕਰਨ ਲਈ ਕਿਹਾ

[ਸਫ਼ਾ 16 ਉੱਤੇ ਤਸਵੀਰ]

ਪਤੀ ਨੂੰ ਸੋਚ-ਸਮਝ ਕੇ ਤੇ ਪਿਆਰ ਨਾਲ ਆਪਣੀ ਪਤਨੀ ਨੂੰ ਤਾੜਨਾ ਦੇਣੀ ਚਾਹੀਦੀ ਹੈ