Skip to content

Skip to table of contents

ਕਲੀਸਿਯਾ ਉੱਤੇ ਯਹੋਵਾਹ ਬਰਕਤ ਪਾਉਂਦਾ ਹੈ

ਕਲੀਸਿਯਾ ਉੱਤੇ ਯਹੋਵਾਹ ਬਰਕਤ ਪਾਉਂਦਾ ਹੈ

ਕਲੀਸਿਯਾ ਉੱਤੇ ਯਹੋਵਾਹ ਬਰਕਤ ਪਾਉਂਦਾ ਹੈ

“ਕਲੀਸਿਯਾ ਨੇ ਸੁਖ ਪਾਇਆ ਅਤੇ ਬਣਦੀ ਗਈ।”—ਰਸੂਲਾਂ ਦੇ ਕਰਤੱਬ 9:31.

1. “ਪਰਮੇਸ਼ੁਰ ਦੀ ਕਲੀਸਿਯਾ” ਬਾਰੇ ਕਿਹੜੇ ਸਵਾਲ ਪੁੱਛੇ ਜਾ ਸਕਦੇ ਹਨ?

ਯਹੋਵਾਹ ਨੇ 33 ਈਸਵੀ ਨੂੰ ਪੰਤੇਕੁਸਤ ਦੇ ਦਿਨ ਮਸੀਹ ਦੇ ਚੇਲਿਆਂ ਦੇ ਇਕ ਸਮੂਹ ਨੂੰ ਨਵੀਂ ਕੌਮ ਯਾਨੀ “ਪਰਮੇਸ਼ੁਰ ਦੇ ਇਸਰਾਏਲ” ਵਜੋਂ ਚੁਣਿਆ। (ਗਲਾਤੀਆਂ 6:16) ਬਾਈਬਲ ਵਿਚ ਇਨ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਨੂੰ “ਪਰਮੇਸ਼ੁਰ ਦੀ ਕਲੀਸਿਯਾ” ਵੀ ਕਿਹਾ ਗਿਆ ਹੈ। (1 ਕੁਰਿੰਥੀਆਂ 11:22) ਪਰਮੇਸ਼ੁਰ ਦੀ ਕਲੀਸਿਯਾ ਬਣਨ ਵਿਚ ਕੀ ਕੁਝ ਸ਼ਾਮਲ ਸੀ? “ਪਰਮੇਸ਼ੁਰ ਦੀ ਕਲੀਸਿਯਾ” ਨੂੰ ਸੰਗਠਿਤ ਕਿਵੇਂ ਕੀਤਾ ਗਿਆ ਸੀ? ਇਹ ਧਰਤੀ ਉੱਤੇ ਕਿਵੇਂ ਕੰਮ ਕਰਦੀ ਹੈ ਭਾਵੇਂ ਇਸ ਦੇ ਮੈਂਬਰ ਕਿਤੇ ਵੀ ਰਹਿੰਦੇ ਹਨ? ਇਸ ਦਾ ਸਾਡੀ ਜ਼ਿੰਦਗੀ ਤੇ ਖ਼ੁਸ਼ੀ ਨਾਲ ਕੀ ਸੰਬੰਧ ਹੈ?

2, 3. ਯਿਸੂ ਦੇ ਕਿਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਕਲੀਸਿਯਾ ਨੂੰ ਵਧੀਆ ਤਰੀਕੇ ਨਾਲ ਚਲਾਇਆ ਜਾਣਾ ਸੀ?

2 ਪਹਿਲੇ ਲੇਖ ਵਿਚ ਅਸੀਂ ਦੇਖਿਆ ਸੀ ਕਿ ਯਿਸੂ ਨੇ ਮਸਹ ਕੀਤੇ ਹੋਏ ਮਸੀਹੀਆਂ ਦੀ ਕਲੀਸਿਯਾ ਬਣਨ ਬਾਰੇ ਪਤਰਸ ਰਸੂਲ ਨੂੰ ਦੱਸਿਆ ਸੀ: “ਮੈਂ ਇਸ ਪੱਥਰ [ਯਿਸੂ ਮਸੀਹ] ਉੱਤੇ ਆਪਣੀ ਕਲੀਸਿਯਾ ਬਣਾਵਾਂਗਾ ਅਤੇ ਪਤਾਲ ਦੇ ਫਾਟਕਾਂ ਦਾ ਉਹ ਦੇ ਉੱਤੇ ਕੁਝ ਵੱਸ ਨਾ ਚੱਲੇਗਾ।” (ਮੱਤੀ 16:18) ਇਸ ਤੋਂ ਇਲਾਵਾ, ਯਿਸੂ ਜਦੋਂ ਆਪਣੇ ਰਸੂਲਾਂ ਨਾਲ ਸੀ, ਤਾਂ ਉਸ ਨੇ ਸਮਝਾਇਆ ਸੀ ਕਿ ਕਲੀਸਿਯਾ ਕਿਵੇਂ ਕੰਮ ਕਰੇਗੀ ਅਤੇ ਸੰਗਠਿਤ ਕੀਤੀ ਜਾਵੇਗੀ।

3 ਯਿਸੂ ਨੇ ਆਪਣੀ ਕਹਿਣੀ ਤੇ ਕਰਨੀ ਦੁਆਰਾ ਸਿਖਾਇਆ ਕਿ ਕਲੀਸਿਯਾ ਵਿਚ ਕੁਝ ਮਸੀਹੀ ਅਗਵਾਈ ਕਰਨਗੇ। ਉਹ ਕਲੀਸਿਯਾ ਦੇ ਹੋਰਨਾਂ ਮੈਂਬਰਾਂ ਦੀ ਸੇਵਾ ਕਰਨ ਦੁਆਰਾ ਇਸ ਤਰ੍ਹਾਂ ਕਰਨਗੇ। ਮਸੀਹ ਨੇ ਕਿਹਾ ਸੀ: “ਤੁਸੀਂ ਜਾਣਦੇ ਹੋ ਭਈ ਜਿਹੜੇ ਪਰਾਈਆਂ ਕੌਮਾਂ ਦੇ ਵਿੱਚ ਹਾਕਮ ਗਿਣੇ ਜਾਂਦੇ ਹਨ ਓਹ ਉਨ੍ਹਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਉਨ੍ਹਾਂ ਦੇ ਸਰਦਾਰ ਉਨ੍ਹਾਂ ਉੱਤੇ ਇਖ਼ਤਿਆਰ ਰੱਖਦੇ ਹਨ। ਪਰ ਤੁਹਾਡੇ ਵਿੱਚ ਅਜਿਹਾ ਨਹੀਂ ਹੋਵੇ ਸਗੋਂ ਜੋ ਕੋਈ ਤੁਹਾਡੇ ਵਿੱਚੋਂ ਵੱਡਾ ਹੋਣਾ ਚਾਹੇ ਸੋ ਤੁਹਾਡਾ ਟਹਿਲੂਆ ਹੋਵੇ। ਅਤੇ ਜੋ ਕੋਈ ਤੁਹਾਡੇ ਵਿੱਚੋਂ ਸਰਦਾਰ ਬਣਿਆ ਚਾਹੇ ਉਹ ਸਭ ਦਾ ਨੌਕਰ ਹੋਵੇ।” (ਮਰਕੁਸ 10:42-44) ਇਸ ਤੋਂ ਸਪੱਸ਼ਟ ਹੈ ਕਿ “ਪਰਮੇਸ਼ੁਰ ਦੀ ਕਲੀਸਿਯਾ” ਅਜਿਹੀ ਕਲੀਸਿਯਾ ਨਹੀਂ ਹੋਣੀ ਸੀ ਜਿਸ ਦੇ ਮੈਂਬਰ ਬੇਮਤਲਬ ਇੱਧਰ-ਉੱਧਰ ਭਟਕਦੇ ਫਿਰਨ। ਇਸ ਦੀ ਬਜਾਇ ਕਲੀਸਿਯਾ ਨੂੰ ਵਧੀਆ ਤਰੀਕੇ ਨਾਲ ਚਲਾਇਆ ਜਾਣਾ ਸੀ ਅਤੇ ਉਸ ਦੇ ਮੈਂਬਰਾਂ ਨੇ ਇਕ-ਦੂਜੇ ਨਾਲ ਮੇਲ-ਜੋਲ ਰੱਖ ਕੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਾ ਸੀ।

4, 5. ਅਸੀਂ ਕਿਵੇਂ ਜਾਣਦੇ ਹਾਂ ਕਿ ਕਲੀਸਿਯਾ ਨੂੰ ਪਰਮੇਸ਼ੁਰ ਦੀ ਸਿੱਖਿਆ ਲੈਣ ਦੀ ਲੋੜ ਸੀ?

4 “ਪਰਮੇਸ਼ੁਰ ਦੀ ਕਲੀਸਿਯਾ” ਦਾ ਸਿਰ ਯਿਸੂ ਹੈ। ਉਸ ਨੇ ਆਪਣੇ ਰਸੂਲਾਂ ਅਤੇ ਹੋਰ ਮਸੀਹੀਆਂ ਨੂੰ ਸਿੱਖਿਆ ਦਿੱਤੀ ਸੀ ਅਤੇ ਸੰਕੇਤ ਕੀਤਾ ਸੀ ਕਿ ਇਨ੍ਹਾਂ ਨੇ ਕਲੀਸਿਯਾ ਵਿਚ ਖ਼ਾਸ ਜ਼ਿੰਮੇਵਾਰੀਆਂ ਨਿਭਾਉਣੀਆਂ ਸਨ। ਉਨ੍ਹਾਂ ਨੇ ਕੀ ਕਰਨਾ ਸੀ? ਉਨ੍ਹਾਂ ਦਾ ਮੁੱਖ ਕੰਮ ਕਲੀਸਿਯਾ ਨੂੰ ਪਰਮੇਸ਼ੁਰ ਦੀ ਸਿੱਖਿਆ ਦੇਣੀ ਹੋਣਾ ਸੀ। ਤੁਹਾਨੂੰ ਯਾਦ ਹੋਵੇਗਾ ਕਿ ਮੁੜ ਜੀ ਉੱਠਣ ਤੋਂ ਬਾਅਦ ਯਿਸੂ ਨੇ ਕੁਝ ਰਸੂਲਾਂ ਦੀ ਮੌਜੂਦਗੀ ਵਿਚ ਪਤਰਸ ਨੂੰ ਕਿਹਾ ਸੀ: ‘ਸ਼ਮਊਨ ਯੂਹੰਨਾ ਦੇ ਪੁੱਤ੍ਰ ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?’ ਪਤਰਸ ਨੇ ਜਵਾਬ ਦਿੱਤਾ: “ਹਾਂ ਪ੍ਰਭੁ ਜੀ ਤੂੰ ਜਾਣਦਾ ਹੈਂ ਜੋ ਮੈਂ ਤੇਰੇ ਨਾਲ ਹਿਤ ਕਰਦਾ ਹਾਂ।” ਯਿਸੂ ਨੇ ਉਸ ਨੂੰ ਕਿਹਾ: “ਮੇਰੇ ਲੇਲਿਆਂ ਨੂੰ ਚਾਰ। . . . ਮੇਰੀਆਂ ਭੇਡਾਂ ਦੀ ਰੱਛਿਆ ਕਰ। . . . ਮੇਰੀਆਂ ਭੇਡਾਂ ਨੂੰ ਚਾਰ।” (ਯੂਹੰਨਾ 21:15-17) ਇਹ ਬਹੁਤ ਵੱਡੀ ਜ਼ਿੰਮੇਵਾਰੀ ਸੀ।

5 ਯਿਸੂ ਨੇ ਕਲੀਸਿਯਾ ਵਿਚ ਇਕੱਠੇ ਕੀਤੇ ਗਏ ਮਸੀਹੀਆਂ ਦੀ ਤੁਲਨਾ ਵਾੜੇ ਦੀਆਂ ਭੇਡਾਂ ਨਾਲ ਕੀਤੀ ਸੀ। ਇਨ੍ਹਾਂ ਭੇਡਾਂ ਯਾਨੀ ਮਸੀਹੀ ਆਦਮੀਆਂ, ਔਰਤਾਂ ਤੇ ਬੱਚਿਆਂ ਨੂੰ ਪਰਮੇਸ਼ੁਰ ਦੀ ਸਿੱਖਿਆ ਅਤੇ ਸਹੀ ਦੇਖ-ਭਾਲ ਦੀ ਲੋੜ ਸੀ। ਇਸ ਤੋਂ ਇਲਾਵਾ, ਯਿਸੂ ਨੇ ਆਪਣੇ ਸਾਰੇ ਚੇਲਿਆਂ ਨੂੰ ਹੁਕਮ ਦਿੱਤਾ ਕਿ ਉਹ ਹੋਰਨਾਂ ਲੋਕਾਂ ਨੂੰ ਪਰਮੇਸ਼ੁਰ ਬਾਰੇ ਸਿਖਾਉਣ ਅਤੇ ਉਨ੍ਹਾਂ ਨੂੰ ਚੇਲੇ ਬਣਾਉਣ। ਜਦੋਂ ਕੋਈ ਵਿਅਕਤੀ ਯਿਸੂ ਦਾ ਚੇਲਾ ਬਣਦਾ ਹੈ, ਤਾਂ ਉਸ ਨੂੰ ਵੀ ਇਹ ਸਿੱਖਣ ਦੀ ਲੋੜ ਪਵੇਗੀ ਕਿ ਪਰਮੇਸ਼ੁਰ ਦੇ ਇਸ ਹੁਕਮ ਤੇ ਕਿਵੇਂ ਚੱਲਣਾ ਹੈ।—ਮੱਤੀ 28:19, 20.

6. ਪਰਮੇਸ਼ੁਰ ਦੀ ਨਵੀਂ ਬਣੀ “ਕਲੀਸਿਯਾ” ਵਿਚ ਕਿਹੜੇ ਇੰਤਜ਼ਾਮ ਕੀਤੇ ਗਏ ਸਨ?

6 ਜਦ “ਪਰਮੇਸ਼ੁਰ ਦੀ ਕਲੀਸਿਯਾ” ਬਣ ਗਈ, ਤਾਂ ਇਸ ਦੇ ਮੈਂਬਰ ਸਿੱਖਿਆ ਲੈਣ ਅਤੇ ਇਕ-ਦੂਜੇ ਦਾ ਹੌਸਲਾ ਵਧਾਉਣ ਲਈ ਇਕੱਠੇ ਹੁੰਦੇ ਸਨ। ਬਾਈਬਲ ਕਹਿੰਦੀ ਹੈ ਕਿ “ਓਹ ਲਗਾਤਾਰ ਰਸੂਲਾਂ ਦੀ ਸਿੱਖਿਆ ਅਤੇ ਸੰਗਤ ਵਿੱਚ ਅਤੇ ਰੋਟੀ ਤੋੜਨ ਅਰ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ।” (ਰਸੂਲਾਂ ਦੇ ਕਰਤੱਬ 2:42, 46, 47) ਇਕ ਹੋਰ ਬਿਰਤਾਂਤ ਵਿਚ ਦੱਸਿਆ ਹੈ ਕਿ ਕੁਝ ਕਾਬਲ ਆਦਮੀਆਂ ਨੂੰ ਜ਼ਰੂਰੀ ਮਸਲੇ ਨਜਿੱਠਣ ਲਈ ਚੁਣਿਆ ਗਿਆ ਸੀ। ਉਨ੍ਹਾਂ ਨੂੰ ਇਸ ਲਈ ਨਹੀਂ ਚੁਣਿਆ ਗਿਆ ਕਿ ਉਨ੍ਹਾਂ ਨੇ ਉੱਚੀ ਵਿੱਦਿਆ ਹਾਸਲ ਕੀਤੀ ਸੀ ਜਾਂ ਉਨ੍ਹਾਂ ਕੋਲ ਕੁਝ ਖ਼ਾਸ ਹੁਨਰ ਸਨ। ਉਹ ਆਦਮੀ “ਆਤਮਾ ਅਤੇ ਬੁੱਧ ਨਾਲ ਭਰਪੂਰ” ਸਨ। ਬਿਰਤਾਂਤ ਵਿਚ ਇਸਤੀਫ਼ਾਨ ਨਾਂ ਦੇ ਆਦਮੀ ਦਾ ਜ਼ਿਕਰ ਕੀਤਾ ਗਿਆ ਹੈ ਜੋ “ਨਿਹਚਾ ਅਰ ਪਵਿੱਤ੍ਰ ਆਤਮਾ ਨਾਲ ਭਰਪੂਰ ਸੀ।” ਕਲੀਸਿਯਾ ਦੇ ਇੰਤਜ਼ਾਮ ਦੇ ਨਤੀਜੇ ਵਜੋਂ “ਪਰਮੇਸ਼ੁਰ ਦਾ ਬਚਨ ਫੈਲਦਾ ਗਿਆ ਅਰ ਯਰੂਸ਼ਲਮ ਵਿੱਚ ਚੇਲਿਆਂ ਦੀ ਗਿਣਤੀ ਬਹੁਤ ਵਧਦੀ” ਗਈ।—ਰਸੂਲਾਂ ਦੇ ਕਰਤੱਬ 6:1-7.

ਪਰਮੇਸ਼ੁਰ ਵੱਲੋਂ ਆਦਮੀਆਂ ਦਾ ਇਸਤੇਮਾਲ

7, 8. (ੳ) ਪਹਿਲੀ ਸਦੀ ਵਿਚ ਯਰੂਸ਼ਲਮ ਵਿਚ ਰਸੂਲ ਅਤੇ ਬਜ਼ੁਰਗ ਕਿਸ ਹੈਸੀਅਤ ਵਿਚ ਸੇਵਾ ਕਰਦੇ ਸਨ? (ਅ) ਕਲੀਸਿਯਾਵਾਂ ਰਾਹੀਂ ਪ੍ਰਬੰਧਕ ਸਭਾ ਤੋਂ ਸਲਾਹ ਲਾਗੂ ਕਰਨ ਦਾ ਕੀ ਨਤੀਜਾ ਨਿਕਲਿਆ?

7 ਪਹਿਲੀ ਸਦੀ ਦੀ ਕਲੀਸਿਯਾ ਵਿਚ ਅਗਵਾਈ ਕਰਨ ਵਾਲੇ ਸਿਰਫ਼ ਰਸੂਲ ਹੀ ਨਹੀਂ ਸਨ। ਮਿਸਾਲ ਲਈ, ਇਕ ਵਾਰ ਪੌਲੁਸ ਅਤੇ ਉਸ ਦਾ ਇਕ ਸਾਥੀ ਸੀਰੀਆ ਦੇ ਅੰਤਾਕਿਯਾ ਸ਼ਹਿਰ ਵਿਚ ਗਏ। ਰਸੂਲਾਂ ਦੇ ਕਰਤੱਬ 14:27 ਵਿਚ ਦੱਸਿਆ ਗਿਆ ਹੈ ਕਿ “ਜਦੋਂ ਉੱਥੇ ਦੋਨੋਂ ਪਹੁੰਚੇ, ਉਨ੍ਹਾਂ ਨੇ ਕਲੀਸਿਯਾ ਨੂੰ ਇੱਕਤ੍ਰ ਕੀਤਾ ਅਤੇ ਉਨ੍ਹਾਂ ਨੂੰ ਉਹ ਗੱਲਾਂ ਦੱਸੀਆਂ ਜਿਹੜੀਆਂ ਪਰਮੇਸ਼ੁਰ ਨੇ ਉਨ੍ਹਾਂ ਰਾਹੀਂ ਕੀਤੀਆਂ ਸਨ।” (ਈਜ਼ੀ ਟੂ ਰੀਡ ਵਰਯਨ) ਅਜੇ ਉਹ ਇਸ ਕਲੀਸਿਯਾ ਵਿਚ ਹੀ ਸਨ ਜਦੋਂ ਇਹ ਸਵਾਲ ਉੱਠ ਖੜ੍ਹਾ ਹੋਇਆ ਕਿ ਗ਼ੈਰ-ਯਹੂਦੀ ਮਸੀਹੀਆਂ ਨੂੰ ਸੁੰਨਤ ਕਰਾਉਣੀ ਚਾਹੀਦੀ ਸੀ ਜਾਂ ਨਹੀਂ। ਇਸ ਮਸਲੇ ਨੂੰ ਹੱਲ ਕਰਨ ਲਈ ਪੌਲੁਸ ਅਤੇ ਬਰਨਬਾਸ ਨੂੰ “ਰਸੂਲਾਂ ਅਤੇ ਬਜ਼ੁਰਗਾਂ ਦੇ ਕੋਲ ਯਰੂਸ਼ਲਮ” ਭੇਜਿਆ ਗਿਆ ਜੋ ਉਸ ਵੇਲੇ ਪ੍ਰਬੰਧਕ ਸਭਾ ਦੇ ਤੌਰ ਤੇ ਸੇਵਾ ਕਰ ਰਹੇ ਸਨ।—ਰਸੂਲਾਂ ਦੇ ਕਰਤੱਬ 15:1-3.

8 ਜਦ “ਰਸੂਲ ਅਤੇ ਬਜ਼ੁਰਗ ਇਕੱਠੇ ਹੋਏ ਭਈ ਏਸ ਗੱਲ ਨੂੰ ਸੋਚਣ,” ਉਸ ਵੇਲੇ ਯਿਸੂ ਦਾ ਭਰਾ ਯਾਕੂਬ ਮਸੀਹੀ ਬਜ਼ੁਰਗ ਦੇ ਤੌਰ ਤੇ ਕਲੀਸਿਯਾ ਦੀ ਅਗਵਾਈ ਕਰ ਰਿਹਾ ਸੀ, ਪਰ ਉਹ ਰਸੂਲ ਨਹੀਂ ਸੀ। (ਰਸੂਲਾਂ ਦੇ ਕਰਤੱਬ 15:6) ਆਪਸ ਵਿਚ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਅਤੇ ਪਵਿੱਤਰ ਆਤਮਾ ਦੀ ਮਦਦ ਨਾਲ ਉਨ੍ਹਾਂ ਨੇ ਬਾਈਬਲ ਦੇ ਮੁਤਾਬਕ ਇਕ ਫ਼ੈਸਲਾ ਕੀਤਾ। ਉਨ੍ਹਾਂ ਨੇ ਇਸ ਫ਼ੈਸਲੇ ਬਾਰੇ ਕਲੀਸਿਯਾਵਾਂ ਨੂੰ ਚਿੱਠੀ ਲਿਖੀ। (ਰਸੂਲਾਂ ਦੇ ਕਰਤੱਬ 15:22-32) ਚਿੱਠੀ ਮਿਲਣ ਤੇ ਕਲੀਸਿਯਾ ਦੇ ਮਸੀਹੀਆਂ ਨੇ ਉਨ੍ਹਾਂ ਦੇ ਫ਼ੈਸਲੇ ਨੂੰ ਮੰਨਿਆ ਅਤੇ ਉਸ ਅਨੁਸਾਰ ਚੱਲੇ। ਇਸ ਦਾ ਨਤੀਜਾ ਕੀ ਹੋਇਆ? ਭੈਣਾਂ-ਭਰਾਵਾਂ ਨੂੰ ਬਹੁਤ ਹੌਸਲਾ ਮਿਲਿਆ। ਬਾਈਬਲ ਦੱਸਦੀ ਹੈ: “ਸੋ ਕਲੀਸਿਯਾਂ ਨਿਹਚਾ ਵਿੱਚ ਤਕੜੀਆਂ ਹੁੰਦੀਆਂ ਅਤੇ ਗਿਣਤੀ ਵਿੱਚ ਦਿਨੋ ਦਿਨ ਵਧਦੀਆਂ ਗਈਆਂ।”—ਰਸੂਲਾਂ ਦੇ ਕਰਤੱਬ 16:5.

9. ਕਾਬਲ ਆਦਮੀਆਂ ਲਈ ਬਾਈਬਲ ਵਿਚ ਕਿਹੜੀਆਂ ਜ਼ਿੰਮੇਵਾਰੀਆਂ ਦੱਸੀਆਂ ਗਈਆਂ ਹਨ?

9 ਪਰ ਸਥਾਨਕ ਕਲੀਸਿਯਾਵਾਂ ਨੇ ਕਿਵੇਂ ਕੰਮ ਕਰਨਾ ਸੀ? ਕ੍ਰੀਟ ਟਾਪੂ ਦੀਆਂ ਕਲੀਸਿਯਾਵਾਂ ਦੀ ਮਿਸਾਲ ਤੇ ਗੌਰ ਕਰੋ। ਹਾਲਾਂਕਿ ਉਸ ਟਾਪੂ ਦੇ ਬਹੁਤ ਸਾਰੇ ਲੋਕ ਬਦਨਾਮ ਸਨ, ਪਰ ਉਨ੍ਹਾਂ ਵਿੱਚੋਂ ਕਈਆਂ ਨੇ ਆਪਣੀ ਜ਼ਿੰਦਗੀ ਨੂੰ ਬਦਲਿਆ ਤੇ ਮਸੀਹੀ ਬਣ ਗਏ। (ਤੀਤੁਸ 1:10-12; 2:2, 3) ਉਹ ਅਲੱਗ-ਅਲੱਗ ਸ਼ਹਿਰਾਂ ਵਿਚ ਰਹਿੰਦੇ ਸਨ ਅਤੇ ਯਰੂਸ਼ਲਮ ਦੀ ਪ੍ਰਬੰਧਕ ਸਭਾ ਤੋਂ ਕਾਫ਼ੀ ਦੂਰ ਸਨ। ਪਰ ਇਹ ਕੋਈ ਵੱਡੀ ਸਮੱਸਿਆ ਨਹੀਂ ਸੀ ਕਿਉਂਕਿ ਹੋਰਨਾਂ ਥਾਵਾਂ ਦੀਆਂ ਕਲੀਸਿਯਾਵਾਂ ਵਾਂਗ ਕ੍ਰੀਟ ਟਾਪੂ ਦੀਆਂ ਕਲੀਸਿਯਾਵਾਂ ਵਿਚ ਵੀ ਅਧਿਆਤਮਿਕ ਤੌਰ ਤੇ ਮਜ਼ਬੂਤ “ਬਜ਼ੁਰਗ” ਨਿਯੁਕਤ ਕੀਤੇ ਗਏ ਸਨ। ਇਹ ਆਦਮੀ ਬਾਈਬਲ ਵਿਚ ਦਰਜ ਮੰਗਾਂ ਉੱਤੇ ਖਰੇ ਉਤਰੇ ਸਨ। ਉਨ੍ਹਾਂ ਨੂੰ ਇਸ ਲਈ ਨਿਯੁਕਤ ਕੀਤਾ ਗਿਆ ਸੀ ਤਾਂਕਿ ਉਹ ‘ਖਰੀ ਸਿੱਖਿਆ ਨਾਲ ਉਪਦੇਸ਼ ਕਰ ਸਕਣ ਨਾਲੇ ਢੁੱਚਰ ਡਾਹੁਣ ਵਾਲਿਆਂ ਨੂੰ ਕਾਇਲ ਕਰ ਸਕਣ’ ਯਾਨੀ ਸੁਧਾਰ ਸਕਣ। (ਤੀਤੁਸ 1:5-9; 1 ਤਿਮੋਥਿਉਸ 3:1-7) ਇਸ ਦੇ ਨਾਲ-ਨਾਲ ਹੋਰਨਾਂ ਭਰਾਵਾਂ ਨੂੰ ਜੋ ਨਿਹਚਾ ਵਿਚ ਮਜ਼ਬੂਤ ਸਨ ਕਲੀਸਿਯਾ ਵਿਚ ਮਦਦ ਕਰਨ ਵਾਸਤੇ ਸਹਾਇਕ ਸੇਵਕਾਂ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਸੀ।—1 ਤਿਮੋਥਿਉਸ 3:8-10, 12, 13.

10. ਮੱਤੀ 18:15-17 ਅਨੁਸਾਰ ਗੰਭੀਰ ਸਮੱਸਿਆਵਾਂ ਕਿਵੇਂ ਹੱਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ?

10 ਯਿਸੂ ਨੇ ਇਨ੍ਹਾਂ ਭਰਾਵਾਂ ਦੇ ਪ੍ਰਬੰਧ ਵੱਲ ਸੰਕੇਤ ਕੀਤਾ ਸੀ। ਮੱਤੀ 18:15-17 ਦੇ ਬਿਰਤਾਂਤ ਨੂੰ ਚੇਤੇ ਕਰੋ। ਇਸ ਵਿਚ ਉਸ ਨੇ ਦੱਸਿਆ ਸੀ ਕਿ ਕਦੇ-ਕਦੇ ਪਰਮੇਸ਼ੁਰ ਦੇ ਸੇਵਕਾਂ ਵਿਚਕਾਰ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ ਜਿਨ੍ਹਾਂ ਕਾਰਨ ਕਿਸੇ ਨੂੰ ਠੇਸ ਪਹੁੰਚ ਸਕਦੀ ਹੈ। ਜਿਸ ਵਿਅਕਤੀ ਨੂੰ ਠੇਸ ਪਹੁੰਚੀ ਹੈ, ਉਸ ਨੂੰ ਗ਼ਲਤੀ ਕਰਨ ਵਾਲੇ ‘ਸੰਗ ਇਕੱਲਾ ਹੋ ਕੇ ਉਹ ਨੂੰ ਸਮਝਾਉਣ’ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਇਹ ਕਦਮ ਚੁੱਕਣ ਨਾਲ ਮਸਲਾ ਹੱਲ ਨਹੀਂ ਹੁੰਦਾ, ਤਾਂ ਉਹ ਮਸਲੇ ਤੋਂ ਜਾਣੂ ਇਕ-ਦੋ ਜਣਿਆਂ ਨੂੰ ਨਾਲ ਲੈ ਕੇ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕਰ ਸਕਦਾ ਹੈ। ਪਰ ਜੇ ਇਸ ਤਰ੍ਹਾਂ ਕਰਨ ਨਾਲ ਵੀ ਮਸਲਾ ਹੱਲ ਨਹੀਂ ਹੁੰਦਾ, ਤਾਂ ਕੀ ਕੀਤਾ ਜਾਣਾ ਚਾਹੀਦਾ ਹੈ? ਯਿਸੂ ਨੇ ਕਿਹਾ: ‘ਜੇ ਉਹ ਉਨ੍ਹਾਂ ਦੀ ਵੀ ਨਾ ਸੁਣੇ ਤਾਂ ਕਲੀਸਿਯਾ ਨੂੰ ਖ਼ਬਰ ਦਿਹ। ਫੇਰ ਜੇ ਉਹ ਕਲੀਸਿਯਾ ਦੀ ਵੀ ਨਾ ਸੁਣੇ ਤਾਂ ਉਹ ਤੇਰੇ ਅੱਗੇ ਪਰਾਈ ਕੌਮ ਵਾਲੇ ਅਤੇ ਮਸੂਲੀਏ ਵਰਗਾ ਹੋਵੇ।’ ਜਦੋਂ ਯਿਸੂ ਨੇ ਇਹ ਗੱਲ ਕਹੀ ਸੀ ਤਾਂ ਯਹੂਦੀ “ਪਰਮੇਸ਼ੁਰ ਦੀ ਕਲੀਸਿਯਾ” ਸਨ। ਇਸ ਦਾ ਮਤਲਬ ਹੈ ਕਿ ਇਹ ਸ਼ਬਦ ਯਿਸੂ ਨੇ ਪਹਿਲਾਂ ਯਹੂਦੀਆਂ ਨੂੰ ਕਹੇ ਸਨ। * ਪਰ ਮਸੀਹੀ ਕਲੀਸਿਯਾ ਬਣ ਜਾਣ ਤੇ ਉਸ ਦੇ ਇਹ ਸ਼ਬਦ ਇਸ ਕਲੀਸਿਯਾ ਉੱਤੇ ਵੀ ਲਾਗੂ ਹੁੰਦੇ ਸਨ। ਇਹ ਇਕ ਹੋਰ ਸਬੂਤ ਹੈ ਕਿ ਪਰਮੇਸ਼ੁਰ ਦੇ ਲੋਕਾਂ ਲਈ ਕਲੀਸਿਯਾ ਵਿਚ ਇਕ ਅਜਿਹਾ ਇੰਤਜ਼ਾਮ ਹੋਵੇਗਾ ਜੋ ਹਰ ਮਸੀਹੀ ਨੂੰ ਹੌਸਲਾ ਤੇ ਸੇਧ ਦੇਵੇਗਾ।

11. ਸਮੱਸਿਆਵਾਂ ਨੂੰ ਨਜਿੱਠਣ ਵੇਲੇ ਬਜ਼ੁਰਗ ਕਿਹੜੀ ਭੂਮਿਕਾ ਨਿਭਾਉਂਦੇ ਹਨ?

11 ਇਸ ਲਈ ਵਾਜਬ ਹੈ ਕਿ ਬਜ਼ੁਰਗ ਜਾਂ ਨਿਗਾਹਬਾਨ ਕਲੀਸਿਯਾ ਦੀਆਂ ਸਮੱਸਿਆਵਾਂ ਨੂੰ ਨਜਿੱਠਣ ਜਾਂ ਪਾਪ ਦੇ ਮਸਲਿਆਂ ਨੂੰ ਹੱਲ ਕਰਨ। ਉਨ੍ਹਾਂ ਦੀ ਇਹ ਜ਼ਿੰਮੇਵਾਰੀ ਤੀਤੁਸ 1:9 ਵਿਚ ਬਜ਼ੁਰਗਾਂ ਲਈ ਜ਼ਿਕਰ ਕੀਤੀਆਂ ਮੰਗਾਂ ਅਨੁਸਾਰ ਹੈ। ਇਹ ਸੱਚ ਹੈ ਕਿ ਕਲੀਸਿਯਾ ਦੇ ਬਜ਼ੁਰਗ ਤੀਤੁਸ ਵਾਂਗ ਨਾਮੁਕੰਮਲ ਸਨ ਜਿਸ ਨੂੰ ਪੌਲੁਸ ਨੇ ਕਲੀਸਿਯਾਵਾਂ ਵਿਚ ‘ਗੱਲਾਂ ਨੂੰ ਸੁਆਰਨ’ ਲਈ ਭੇਜਿਆ ਸੀ। (ਤੀਤੁਸ 1:4, 5) ਅੱਜ ਜਿਨ੍ਹਾਂ ਨੂੰ ਬਜ਼ੁਰਗਾਂ ਵਜੋਂ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਨੇ ਬਜ਼ੁਰਗ ਬਣਨ ਤੋਂ ਕਾਫ਼ੀ ਸਮਾਂ ਪਹਿਲਾਂ ਆਪਣੀ ਨਿਹਚਾ ਅਤੇ ਸ਼ਰਧਾ ਦਾ ਸਬੂਤ ਦਿੱਤਾ ਹੈ। ਇਸ ਲਈ ਕਲੀਸਿਯਾ ਦੇ ਭੈਣ-ਭਰਾ ਬਜ਼ੁਰਗਾਂ ਰਾਹੀਂ ਦਿੱਤੀ ਜਾਂਦੀ ਸੇਧ ਅਤੇ ਅਗਵਾਈ ਤੇ ਭਰੋਸਾ ਰੱਖ ਸਕਦੇ ਹਨ।

12. ਕਲੀਸਿਯਾ ਪ੍ਰਤੀ ਬਜ਼ੁਰਗਾਂ ਦੀ ਕੀ ਜ਼ਿੰਮੇਵਾਰੀ ਹੈ?

12 ਪੌਲੁਸ ਨੇ ਅਫ਼ਸੁਸ ਦੀ ਕਲੀਸਿਯਾ ਦੇ ਬਜ਼ੁਰਗਾਂ ਨੂੰ ਕਿਹਾ ਸੀ: “ਤੁਸੀਂ ਆਪਣੀ, ਨਾਲੇ ਉਸ ਸਾਰੇ ਇੱਜੜ ਦੀ ਖਬਰਦਾਰੀ ਕਰੋ ਜਿਹ ਦੇ ਉੱਤੇ ਪਵਿੱਤ੍ਰ ਆਤਮਾ ਨੇ ਤੁਹਾਨੂੰ ਨਿਗਾਹਬਾਨ ਠਹਿਰਾਇਆ ਹੈ ਜੋ ਪਰਮੇਸ਼ੁਰ ਦੀ ਕਲੀਸਿਯਾ ਦੀ ਚਰਵਾਹੀ ਕਰੋ ਜਿਹ ਨੂੰ ਉਸ ਨੇ ਆਪਣੇ ਹੀ ਲਹੂ ਨਾਲ ਮੁੱਲ ਲਿਆ ਹੈ।” (ਰਸੂਲਾਂ ਦੇ ਕਰਤੱਬ 20:28) ਅੱਜ ਵੀ ਕਲੀਸਿਯਾ ਦੇ ਬਜ਼ੁਰਗਾਂ ਨੂੰ “ਪਰਮੇਸ਼ੁਰ ਦੀ ਕਲੀਸਿਯਾ ਦੀ ਚਰਵਾਹੀ” ਕਰਨ ਲਈ ਨਿਯੁਕਤ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਦੂਸਰਿਆਂ ਉੱਤੇ ਹੁਕਮ ਚਲਾਉਣ ਦੀ ਬਜਾਇ ਪਿਆਰ ਨਾਲ ਇੱਜੜ ਦੀ ਚਰਵਾਹੀ ਕਰਨੀ ਚਾਹੀਦੀ ਹੈ। (1 ਪਤਰਸ 5:2, 3) ਬਜ਼ੁਰਗਾਂ ਨੂੰ ਚਾਹੀਦਾ ਹੈ ਕਿ ਉਹ “ਸਾਰੇ ਇੱਜੜ” ਨੂੰ ਮਜ਼ਬੂਤ ਕਰਨ ਤੇ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨ।

ਕਲੀਸਿਯਾ ਦੇ ਨੇੜੇ ਰਹੋ

13. ਕਲੀਸਿਯਾ ਵਿਚ ਕਦੇ-ਕਦੇ ਕੀ ਹੋ ਸਕਦਾ ਹੈ ਤੇ ਕਿਉਂ?

13 ਬਜ਼ੁਰਗ ਅਤੇ ਕਲੀਸਿਯਾ ਦੇ ਬਾਕੀ ਸਾਰੇ ਭੈਣ-ਭਰਾ ਨਾਮੁਕੰਮਲ ਹਨ। ਇਸ ਲਈ ਸਮੇਂ-ਸਮੇਂ ਤੇ ਗ਼ਲਤਫ਼ਹਿਮੀਆਂ ਜਾਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਪਹਿਲੀ ਸਦੀ ਵਿਚ ਕੁਝ ਰਸੂਲਾਂ ਦੇ ਹੁੰਦੇ ਹੋਏ ਵੀ ਇਸ ਤਰ੍ਹਾਂ ਹੋਇਆ ਸੀ। (ਫ਼ਿਲਿੱਪੀਆਂ 4:2, 3) ਹੋ ਸਕਦਾ ਕਿ ਕੋਈ ਨਿਗਾਹਬਾਨ ਜਾਂ ਕੋਈ ਹੋਰ ਭੈਣ-ਭਰਾ ਸਾਡੇ ਨਾਲ ਰੁੱਖੇ ਸ਼ਬਦਾਂ ਵਿਚ ਗੱਲ ਕਰੇ ਜਾਂ ਸਾਨੂੰ ਅਜਿਹਾ ਕੁਝ ਕਹੇ ਜੋ ਸਾਨੂੰ ਸੱਚ ਨਾ ਜਾਪੇ। ਜਾਂ ਅਸੀਂ ਸ਼ਾਇਦ ਸੋਚੀਏ ਕਿ ਕਲੀਸਿਯਾ ਵਿਚ ਕੁਝ ਗ਼ਲਤ ਹੋ ਰਿਹਾ ਹੈ। ਸਾਨੂੰ ਲੱਗਦਾ ਹੈ ਕਿ ਬਜ਼ੁਰਗਾਂ ਨੂੰ ਵੀ ਇਸ ਬਾਰੇ ਪਤਾ ਹੈ, ਫਿਰ ਵੀ ਉਹ ਇਸ ਬਾਰੇ ਕੁਝ ਨਹੀਂ ਕਰ ਰਹੇ। ਪਰ ਹੋ ਸਕਦਾ ਹੈ ਕਿ ਸਾਨੂੰ ਮਸਲੇ ਦੀ ਪੂਰੀ ਜਾਣਕਾਰੀ ਨਾ ਹੋਵੇ ਅਤੇ ਬਜ਼ੁਰਗ ਇਸ ਨੂੰ ਬਾਈਬਲ ਦੇ ਅਨੁਸਾਰ ਹੱਲ ਕਰ ਚੁੱਕੇ ਹਨ ਜਾਂ ਕਰ ਰਹੇ ਹਨ। ਫਿਰ ਵੀ ਜੇ ਸਾਨੂੰ ਲੱਗਦਾ ਹੈ ਕਿ ਕੁਝ ਗ਼ਲਤ ਹੋ ਰਿਹਾ ਹੈ, ਤਾਂ ਜ਼ਰਾ ਇਸ ਸਥਿਤੀ ਤੇ ਗੌਰ ਕਰੋ: ਕੁਰਿੰਥੁਸ ਦੀ ਕਲੀਸਿਯਾ ਵਿਚ ਕੁਝ ਸਮੇਂ ਤੋਂ ਗੰਭੀਰ ਪਾਪ ਕੀਤਾ ਜਾ ਰਿਹਾ ਸੀ। ਯਹੋਵਾਹ ਨੂੰ ਇਸ ਕਲੀਸਿਯਾ ਦਾ ਫ਼ਿਕਰ ਸੀ। ਸਮਾਂ ਆਉਣ ਤੇ ਉਸ ਨੇ ਐਨ ਸਹੀ ਤਰੀਕੇ ਨਾਲ ਤੇ ਸਖ਼ਤੀ ਨਾਲ ਮਸਲੇ ਨੂੰ ਸੁਲਝਾ ਦਿੱਤਾ। (1 ਕੁਰਿੰਥੀਆਂ 5:1, 5, 9-11) ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ, ‘ਜੇ ਮੈਂ ਉਦੋਂ ਕੁਰਿੰਥੁਸ ਵਿਚ ਹੁੰਦਾ, ਤਾਂ ਮਸਲਾ ਹੱਲ ਹੋਣ ਤਕ ਮੈਂ ਕਿਹੋ ਜਿਹਾ ਰਵੱਈਆ ਦਿਖਾਉਂਦਾ?’

14, 15. ਕੁਝ ਚੇਲਿਆਂ ਨੇ ਮਸੀਹ ਪਿੱਛੇ ਚੱਲਣਾ ਕਿਉਂ ਛੱਡ ਦਿੱਤਾ ਸੀ ਤੇ ਇਸ ਤੋਂ ਅਸੀਂ ਕੀ ਸਿੱਖਦੇ ਹਾਂ?

14 ਕਲੀਸਿਯਾ ਵਿਚ ਹੋਣ ਵਾਲੀ ਇਕ ਹੋਰ ਗੱਲ ਉੱਤੇ ਗੌਰ ਕਰੋ। ਮੰਨ ਲਓ ਕਿ ਕਲੀਸਿਯਾ ਵਿਚ ਕਿਸੇ ਨੂੰ ਬਾਈਬਲ ਦੀ ਕੋਈ ਸਿੱਖਿਆ ਸਮਝਣੀ ਤੇ ਕਬੂਲ ਕਰਨੀ ਔਖੀ ਲੱਗਦੀ ਹੈ। ਇਸ ਨੂੰ ਸਮਝਣ ਲਈ ਉਸ ਨੇ ਬਾਈਬਲ ਵਿਚ ਤੇ ਕਲੀਸਿਯਾ ਰਾਹੀਂ ਮਿਲੇ ਪ੍ਰਕਾਸ਼ਨਾਂ ਵਿਚ ਵੀ ਰਿਸਰਚ ਕੀਤੀ ਹੈ। ਉਸ ਨੇ ਨਿਹਚਾ ਵਿਚ ਮਜ਼ਬੂਤ ਮਸੀਹੀਆਂ ਤੇ ਬਜ਼ੁਰਗਾਂ ਤੋਂ ਵੀ ਮਦਦ ਲਈ ਹੈ। ਫਿਰ ਵੀ ਉਸ ਨੂੰ ਗੱਲ ਸਮਝਣੀ ਬਹੁਤ ਮੁਸ਼ਕਲ ਲੱਗਦੀ ਹੈ। ਇਸ ਬਾਰੇ ਉਹ ਕੀ ਕਰ ਸਕਦਾ ਹੈ? ਯਿਸੂ ਦੀ ਮੌਤ ਤੋਂ ਤਕਰੀਬਨ ਇਕ ਸਾਲ ਪਹਿਲਾਂ ਇੱਦਾਂ ਹੀ ਕੁਝ ਹੋਇਆ ਸੀ। ਉਸ ਨੇ ਕਿਹਾ ਸੀ ਕਿ ਉਹ ‘ਜੀਉਣ ਦੀ ਰੋਟੀ’ ਸੀ। ਉਸ ਨੇ ਇਹ ਵੀ ਕਿਹਾ ਸੀ ਕਿ ਹਮੇਸ਼ਾ ਵਾਸਤੇ ਜੀਣ ਲਈ ਵਿਅਕਤੀ ਨੂੰ ‘ਮਨੁੱਖ ਦੇ ਪੁੱਤ੍ਰ ਦਾ ਮਾਸ ਖਾਣ ਅਤੇ ਉਹ ਦਾ ਲਹੂ ਪੀਣ’ ਦੀ ਲੋੜ ਸੀ। ਇਹ ਸੁਣ ਕੇ ਉਸ ਦੇ ਕੁਝ ਚੇਲੇ ਹੱਕੇ-ਬੱਕੇ ਰਹਿ ਗਏ। ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨ ਜਾਂ ਢੁਕਵਾਂ ਸਮਾਂ ਆਉਣ ਤਕ ਧੀਰਜ ਨਾਲ ਉਡੀਕ ਕਰਨ ਦੀ ਬਜਾਇ ਕਈ ਚੇਲੇ “ਮੁੜ [ਯਿਸੂ] ਦੇ ਨਾਲ ਨਾ ਚੱਲੇ।” (ਯੂਹੰਨਾ 6:35, 41-66) ਅਸੀਂ ਫਿਰ ਆਪਣੇ ਤੋਂ ਪੁੱਛ ਸਕਦੇ ਹਾਂ ਕਿ ਜੇ ਮੈਂ ਉੱਥੇ ਹੁੰਦਾ, ਤਾਂ ਮੈਂ ਕੀ ਕਰਦਾ?

15 ਅੱਜ ਕੁਝ ਮਸੀਹੀਆਂ ਨੇ ਇਹ ਸੋਚਦੇ ਹੋਏ ਕਲੀਸਿਯਾ ਵਿਚ ਆਉਣਾ ਬੰਦ ਕਰ ਦਿੱਤਾ ਹੈ ਕਿ ਉਹ ਘਰ ਬੈਠ ਕੇ ਹੀ ਪਰਮੇਸ਼ੁਰ ਦੀ ਸੇਵਾ ਕਰ ਸਕਦੇ ਹਨ। ਉਹ ਸ਼ਾਇਦ ਕਹਿਣ ਕਿ ਉਹ ਇਸ ਲਈ ਕਲੀਸਿਯਾ ਵਿਚ ਨਹੀਂ ਆਉਂਦੇ ਕਿਉਂਕਿ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਕਿਸੇ ਨੇ ਠੇਸ ਪਹੁੰਚਾਈ ਹੈ ਜਾਂ ਕਲੀਸਿਯਾ ਵਿਚ ਹੋ ਰਹੇ ਕਿਸੇ ਗ਼ਲਤ ਕੰਮ ਨੂੰ ਰੋਕਿਆ ਨਹੀਂ ਜਾ ਰਿਹਾ ਜਾਂ ਫਿਰ ਉਨ੍ਹਾਂ ਨੂੰ ਕੋਈ ਸਿੱਖਿਆ ਕਬੂਲ ਕਰਨੀ ਮੁਸ਼ਕਲ ਲੱਗਦੀ ਹੈ। ਕੀ ਉਨ੍ਹਾਂ ਲਈ ਇਸ ਤਰ੍ਹਾਂ ਕਰਨਾ ਅਕਲਮੰਦੀ ਦੀ ਗੱਲ ਹੈ? ਹਾਲਾਂਕਿ ਇਹ ਸੱਚ ਹੈ ਕਿ ਹਰ ਮਸੀਹੀ ਦਾ ਪਰਮੇਸ਼ੁਰ ਨਾਲ ਨਿੱਜੀ ਰਿਸ਼ਤਾ ਹੋਣਾ ਚਾਹੀਦਾ ਹੈ, ਪਰ ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਪਰਮੇਸ਼ੁਰ ਰਸੂਲਾਂ ਦੇ ਜ਼ਮਾਨੇ ਦੀ ਤਰ੍ਹਾਂ ਅੱਜ ਵੀ ਵਿਸ਼ਵ-ਵਿਆਪੀ ਕਲੀਸਿਯਾ ਨੂੰ ਵਰਤ ਰਿਹਾ ਹੈ। ਪਰਮੇਸ਼ੁਰ ਨੇ ਪਹਿਲੀ ਸਦੀ ਵਿਚ ਵੀ ਕਲੀਸਿਯਾਵਾਂ ਨੂੰ ਵਰਤਿਆ ਸੀ ਤੇ ਉਨ੍ਹਾਂ ਉੱਤੇ ਉਸ ਦੀ ਮਿਹਰ ਸੀ। ਉਸ ਨੇ ਕਲੀਸਿਯਾਵਾਂ ਦੇ ਲਾਭ ਲਈ ਕਾਬਲ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਨੂੰ ਨਿਯੁਕਤ ਕੀਤਾ ਸੀ। ਅੱਜ ਵੀ ਉਸ ਨੇ ਇਸ ਤਰ੍ਹਾਂ ਕੀਤਾ ਹੈ।

16. ਜੇ ਕਲੀਸਿਯਾ ਨੂੰ ਛੱਡਣ ਦੀ ਗੱਲ ਸਾਡੇ ਮਨ ਵਿਚ ਆਉਂਦੀ ਹੈ, ਤਾਂ ਸਾਨੂੰ ਕਿਸ ਗੱਲ ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ?

16 ਜੇ ਕੋਈ ਮਸੀਹੀ ਸੋਚਦਾ ਹੈ ਕਿ ਪਰਮੇਸ਼ੁਰ ਨਾਲ ਉਸ ਦਾ ਰਿਸ਼ਤਾ ਇੰਨਾ ਮਜ਼ਬੂਤ ਹੈ ਕਿ ਉਸ ਨੂੰ ਕਲੀਸਿਯਾ ਵਿਚ ਜਾਣ ਦੀ ਕੋਈ ਲੋੜ ਨਹੀਂ ਹੈ, ਤਾਂ ਉਹ ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਲਈ ਕੀਤੇ ਕਲੀਸਿਯਾ ਦੇ ਇੰਤਜ਼ਾਮ ਤੋਂ ਮੂੰਹ ਮੋੜ ਰਿਹਾ ਹੈ। ਅਜਿਹਾ ਵਿਅਕਤੀ ਸ਼ਾਇਦ ਆਪਣੀ ਮਰਜ਼ੀ ਨਾਲ ਪਰਮੇਸ਼ੁਰ ਦੀ ਭਗਤੀ ਕਰਨੀ ਚਾਹੇ ਜਾਂ ਸਿਰਫ਼ ਕੁਝ ਕੁ ਮਸੀਹੀਆਂ ਨਾਲ ਮਿਲਣਾ-ਜੁਲਣਾ ਚਾਹੇ। ਪਰ ਇਸ ਤਰ੍ਹਾਂ ਕਰਨ ਨਾਲ ਉਹ ਕਲੀਸਿਯਾ ਵਿਚ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਦੇ ਇੰਤਜ਼ਾਮ ਤੋਂ ਫ਼ਾਇਦਾ ਨਹੀਂ ਉਠਾ ਪਾਵੇਗਾ? ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਪੌਲੁਸ ਨੇ ਕੁਲੁੱਸੈ ਦੀ ਕਲੀਸਿਯਾ ਨੂੰ ਚਿੱਠੀ ਲਿਖੀ ਸੀ ਅਤੇ ਇਹ ਚਿੱਠੀ ਲਾਉਦਿਕੀਆ ਦੀ ਕਲੀਸਿਯਾ ਵਿਚ ਵੀ ਪੜ੍ਹਨ ਨੂੰ ਕਿਹਾ ਸੀ, ਤਾਂ ਉਸ ਨੇ ‘ਜੜ੍ਹ ਫੜਨ ਅਤੇ [ਮਸੀਹ] ਦੇ ਉੱਤੇ ਉਸਰਦੇ’ ਜਾਣ ਦੀ ਗੱਲ ਕੀਤੀ ਸੀ। ਇਸ ਤਰ੍ਹਾਂ ਕਰਨ ਦਾ ਫ਼ਾਇਦਾ ਸਿਰਫ਼ ਕਲੀਸਿਯਾ ਵਿਚ ਆਉਣ ਵਾਲਿਆਂ ਨੂੰ ਹੀ ਹੋਵੇਗਾ, ਨਾ ਕਿ ਉਨ੍ਹਾਂ ਨੂੰ ਜਿਨ੍ਹਾਂ ਨੇ ਕਲੀਸਿਯਾ ਵਿਚ ਆਉਣਾ ਬੰਦ ਕਰ ਦਿੱਤਾ ਹੈ।—ਕੁਲੁੱਸੀਆਂ 2:6, 7; 4:16.

ਸੱਚਾਈ ਦਾ ਥੰਮ੍ਹ ਅਤੇ ਨੀਂਹ

17. ਕਲੀਸਿਯਾ ਬਾਰੇ 1 ਤਿਮੋਥਿਉਸ 3:15 ਵਿਚ ਸਾਨੂੰ ਕੀ ਦੱਸਿਆ ਗਿਆ ਹੈ?

17 ਤਿਮੋਥਿਉਸ ਨੂੰ ਲਿਖੀ ਆਪਣੀ ਪਹਿਲੀ ਚਿੱਠੀ ਵਿਚ ਪੌਲੁਸ ਰਸੂਲ ਨੇ ਕਲੀਸਿਯਾਵਾਂ ਦੇ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਦੀਆਂ ਮੰਗਾਂ ਦਾ ਜ਼ਿਕਰ ਕੀਤਾ ਸੀ। ਇਸ ਤੋਂ ਬਾਅਦ ਪੌਲੁਸ ਨੇ “ਅਕਾਲ ਪੁਰਖ ਦੀ ਕਲੀਸਿਯਾ” ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ “ਸਚਿਆਈ ਦਾ ਥੰਮ੍ਹ ਅਤੇ ਨੀਂਹ ਹੈ।” (1 ਤਿਮੋਥਿਉਸ 3:15) ਪਹਿਲੀ ਸਦੀ ਵਿਚ ਮਸਹ ਕੀਤੇ ਹੋਏ ਮਸੀਹੀਆਂ ਦੀ ਕਲੀਸਿਯਾ ਇਹ ਥੰਮ੍ਹ ਸਾਬਤ ਹੋਈ। ਇਸ ਵਿਚ ਕੋਈ ਸ਼ੱਕ ਨਹੀਂ ਸੀ ਕਿ ਹਰ ਮਸੀਹੀ ਕਲੀਸਿਯਾ ਵਿਚ ਹੀ ਸੱਚਾਈ ਹਾਸਲ ਕਰ ਸਕਦਾ ਸੀ। ਕਲੀਸਿਯਾ ਹੀ ਅਜਿਹੀ ਥਾਂ ਸੀ ਜਿੱਥੇ ਸੱਚਾਈ ਸਿਖਾਈ ਜਾਂਦੀ ਸੀ ਅਤੇ ਉਨ੍ਹਾਂ ਨੂੰ ਹੌਸਲਾ ਮਿਲ ਸਕਦਾ ਸੀ।

18. ਕਲੀਸਿਯਾ ਦੀਆਂ ਸਭਾਵਾਂ ਵਿਚ ਹਾਜ਼ਰ ਹੋਣਾ ਕਿਉਂ ਜ਼ਰੂਰੀ ਹੈ?

18 ਅੱਜ ਵਿਸ਼ਵ-ਵਿਆਪੀ ਮਸੀਹੀ ਕਲੀਸਿਯਾ ਵੀ ਪਰਮੇਸ਼ੁਰ ਦਾ ਘਰ ਯਾਨੀ “ਸਚਿਆਈ ਦਾ ਥੰਮ੍ਹ ਅਤੇ ਨੀਂਹ ਹੈ।” ਆਪਣੀ ਕਲੀਸਿਯਾ ਦੀਆਂ ਸਭਾਵਾਂ ਵਿਚ ਬਾਕਾਇਦਾ ਹਾਜ਼ਰ ਹੋਣ ਅਤੇ ਹਿੱਸਾ ਲੈਣ ਨਾਲ ਹੀ ਅਸੀਂ ਮਜ਼ਬੂਤ ਹੋ ਸਕਦੇ ਹਾਂ, ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰ ਸਕਦੇ ਹਾਂ ਅਤੇ ਉਸ ਦੀ ਇੱਛਾ ਪੂਰੀ ਕਰਨ ਲਈ ਤਿਆਰ ਹੋ ਸਕਦੇ ਹਾਂ। ਕੁਰਿੰਥੁਸ ਦੀ ਕਲੀਸਿਯਾ ਨੂੰ ਚਿੱਠੀ ਲਿਖਦੇ ਸਮੇਂ ਪੌਲੁਸ ਨੇ ਸਭਾਵਾਂ ਵਿਚ ਸਿਖਾਈਆਂ ਜਾਂਦੀਆਂ ਗੱਲਾਂ ਦਾ ਜ਼ਿਕਰ ਕੀਤਾ ਸੀ। ਚਿੱਠੀ ਵਿਚ ਉਸ ਨੇ ਸਮਝਾਇਆ ਕਿ ਕਲੀਸਿਯਾ ਵਿਚ ਸਿਖਾਈਆਂ ਜਾਂਦੀਆਂ ਗੱਲਾਂ ਸਪੱਸ਼ਟ ਹੋਣੀਆਂ ਚਾਹੀਦੀਆਂ ਹਨ ਤਾਂਕਿ ਸਭਾਵਾਂ ਵਿਚ ਹਾਜ਼ਰ ਲੋਕ ਇਨ੍ਹਾਂ ਨੂੰ ਸਮਝ ਕੇ “ਲਾਭ” ਉਠਾ ਸਕਣ। (1 ਕੁਰਿੰਥੀਆਂ 14:12, 17-19) ਅਸੀਂ ਵੀ ਅੱਜ ਨਿਹਚਾ ਵਿਚ ਮਜ਼ਬੂਤ ਹੋ ਸਕਦੇ ਹਾਂ ਜੇ ਅਸੀਂ ਇਸ ਗੱਲ ਨੂੰ ਮੰਨੀਏ ਕਿ ਕਲੀਸਿਯਾਵਾਂ ਦਾ ਪ੍ਰਬੰਧ ਪਰਮੇਸ਼ੁਰ ਨੇ ਕੀਤਾ ਹੈ ਤੇ ਉਹ ਇਨ੍ਹਾਂ ਦੀ ਮਦਦ ਕਰਦਾ ਹੈ।

19. ਤੁਸੀਂ ਆਪਣੀ ਕਲੀਸਿਯਾ ਦੇ ਅਹਿਸਾਨਮੰਦ ਕਿਉਂ ਹੋ?

19 ਜੀ ਹਾਂ, ਜੇ ਅਸੀਂ ਅਧਿਆਤਮਿਕ ਤੌਰ ਤੇ ਮਜ਼ਬੂਤ ਹੋਣਾ ਚਾਹੁੰਦੇ ਹਾਂ, ਤਾਂ ਸਾਨੂੰ ਕਲੀਸਿਯਾ ਵਿਚ ਰਹਿਣਾ ਚਾਹੀਦਾ ਹੈ। ਚਿਰਾਂ ਤੋਂ ਕਲੀਸਿਯਾ ਨੇ ਝੂਠੀਆਂ ਸਿੱਖਿਆਵਾਂ ਤੋਂ ਮਸੀਹੀਆਂ ਦੀ ਰਾਖੀ ਕੀਤੀ ਹੈ ਅਤੇ ਪਰਮੇਸ਼ੁਰ ਇਸ ਨੂੰ ਦੁਨੀਆਂ ਭਰ ਵਿਚ ਆਪਣੇ ਰਾਜ ਦੀ ਖ਼ੁਸ਼ ਖ਼ਬਰੀ ਫੈਲਾਉਣ ਲਈ ਵਰਤ ਰਿਹਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪਰਮੇਸ਼ੁਰ ਨੇ ਮਸੀਹੀ ਕਲੀਸਿਯਾ ਰਾਹੀਂ ਬਹੁਤ ਕੁਝ ਕੀਤਾ ਹੈ।—ਅਫ਼ਸੀਆਂ 3:9, 10.

[ਫੁਟਨੋਟ]

^ ਪੈਰਾ 10 ਬਾਈਬਲ ਦੇ ਇਕ ਵਿਦਵਾਨ ਐਲਬਰਟ ਬਾਰਨਜ਼ ਨੇ ਕਿਹਾ ਕਿ ਜਦੋਂ ਯਿਸੂ ਨੇ ‘ਕਲੀਸਿਯਾ ਨੂੰ ਖ਼ਬਰ ਦੇਣ’ ਸੰਬੰਧੀ ਗੱਲ ਕੀਤੀ ਸੀ, ਤਾਂ ਉਹ “ਉਨ੍ਹਾਂ ਆਦਮੀਆਂ ਦੀ ਗੱਲ ਕਰ ਰਿਹਾ ਸੀ ਜਿਨ੍ਹਾਂ ਨੂੰ ਅਜਿਹੇ ਮਸਲਿਆਂ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਉਹ ਚਰਚ ਦੇ ਨਿਗਾਹਬਾਨ ਸਨ। ਯਹੂਦੀ ਸਭਾ ਘਰ ਵਿਚ ਬਜ਼ੁਰਗਾਂ ਦਾ ਇਕ ਸਮੂਹ ਹੁੰਦਾ ਸੀ ਜਿਨ੍ਹਾਂ ਅੱਗੇ ਇਹੋ ਜਿਹੇ ਮਸਲੇ ਲਿਆਂਦੇ ਜਾਂਦੇ ਸਨ।”

ਕੀ ਤੁਹਾਨੂੰ ਯਾਦ ਹੈ?

• ਸਾਨੂੰ ਕਿਵੇਂ ਪਤਾ ਹੈ ਕਿ ਪਰਮੇਸ਼ੁਰ ਧਰਤੀ ਉੱਤੇ ਕਲੀਸਿਯਾਵਾਂ ਨੂੰ ਵਰਤ ਰਿਹਾ ਹੈ?

• ਨਾਮੁਕੰਮਲ ਹੋਣ ਦੇ ਬਾਵਜੂਦ ਬਜ਼ੁਰਗ ਕਲੀਸਿਯਾ ਲਈ ਕੀ ਕਰਦੇ ਹਨ?

• ਤੁਹਾਡੀ ਕਲੀਸਿਯਾ ਤੁਹਾਨੂੰ ਕਿਵੇਂ ਮਜ਼ਬੂਤ ਕਰ ਰਹੀ ਹੈ?

[ਸਵਾਲ]

[ਸਫ਼ਾ 26 ਉੱਤੇ ਤਸਵੀਰ]

ਯਰੂਸ਼ਲਮ ਵਿਚ ਰਸੂਲ ਅਤੇ ਬਜ਼ੁਰਗ ਪ੍ਰਬੰਧਕ ਸਭਾ ਵਜੋਂ ਸੇਵਾ ਕਰਦੇ ਸਨ

[ਸਫ਼ਾ 28 ਉੱਤੇ ਤਸਵੀਰ]

ਬਜ਼ੁਰਗ ਅਤੇ ਸਹਾਇਕ ਸੇਵਕਾਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਤਾਂਕਿ ਉਹ ਕਲੀਸਿਯਾ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਸਕਣ