ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਕੀ ਮਸੀਹੀਆਂ ਨੂੰ ਅਜਿਹੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜਿਨ੍ਹਾਂ ਵਿਚ ਕੈਫੀਨ ਹੋਵੇ?
ਬਾਈਬਲ ਮਸੀਹੀਆਂ ਨੂੰ ਕੈਫੀਨ ਵਾਲੀਆਂ ਚੀਜ਼ਾਂ ਜਿਵੇਂ ਕਿ ਕੌਫ਼ੀ, ਚਾਹ, ਚਾਕਲੇਟ ਅਤੇ ਸੋਡਾ ਪੀਣ ਤੋਂ ਮਨ੍ਹਾ ਨਹੀਂ ਕਰਦੀ। ਲੇਕਿਨ ਬਾਈਬਲ ਵਿਚ ਅਜਿਹੇ ਸਿਧਾਂਤ ਜ਼ਰੂਰ ਪਾਏ ਜਾਂਦੇ ਹਨ ਜੋ ਸਹੀ ਫ਼ੈਸਲਾ ਕਰਨ ਵਿਚ ਸਾਡੀ ਮਦਦ ਕਰਦੇ ਹਨ। ਆਓ ਆਪਾਂ ਪਹਿਲਾਂ ਇਹ ਦੇਖੀਏ ਕਿ ਕੁਝ ਲੋਕ ਕੈਫੀਨ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਿਉਂ ਕਰਦੇ ਹਨ।
ਇਕ ਖ਼ਾਸ ਕਾਰਨ ਇਹ ਹੈ ਕਿ ਕਈ ਲੋਕ ਸੋਚਦੇ ਹਨ ਕਿ ਕੈਫੀਨ ਇਕ ਅਮਲ ਹੈ ਜਿਸ ਨਾਲ ਇਨਸਾਨ ਦੇ ਮੂਡ ਉੱਤੇ ਬੁਰਾ ਅਸਰ ਪੈ ਸਕਦਾ ਹੈ ਤੇ ਇਸ ਦੀ ਲੱਤ ਵੀ ਲੱਗ ਸਕਦੀ ਹੈ। ਦਵਾਈ-ਫ਼ਰੋਸ਼ਾਂ ਦੀ ਇਕ ਕਿਤਾਬ ਵਿਚ ਲਿਖਿਆ ਹੈ ਕਿ “ਲੰਬੇ ਸਮੇਂ ਤਕ ਬਹੁਤ ਜ਼ਿਆਦਾ ਕੈਫੀਨ ਲੈਣ ਦੇ ਨਤੀਜੇ ਵਜੋਂ ਤੁਹਾਨੂੰ ਇਸ ਦੀ ਆਦਤ ਪੈ ਸਕਦੀ ਹੈ। ਇਕਦਮ ਕੈਫੀਨ ਛੱਡਣ ਕਾਰਨ ਇਨਸਾਨ ਦੇ ਸਰੀਰ ਉੱਤੇ ਸ਼ਾਇਦ ਬੁਰੇ ਅਸਰ ਪੈ ਸਕਦੇ ਹਨ ਜਿਵੇਂ ਕਿ ਸਿਰਦਰਦ, ਚਿੜਚਿੜਾਪਣ, ਘਬਰਾਹਟ, ਬੇਚੈਨੀ ਤੇ ਚੱਕਰ ਆਉਣੇ।” ਮਾਨਸਿਕ ਬੀਮਾਰੀਆਂ ਸੰਬੰਧੀ ਇਕ ਕਿਤਾਬ ਵਿਚ ਨਸ਼ੇ ਛੱਡਣ ਦੇ ਅਸਰਾਂ ਦੀ ਸੂਚੀ ਪਾਈ ਜਾਂਦੀ ਹੈ। ਇਸ ਸੂਚੀ ਵਿਚ ਕੈਫੀਨ ਛੱਡਣ ਤੇ ਸਰੀਰ ਉੱਤੇ ਪੈਣ ਵਾਲੇ ਅਸਰਾਂ ਨੂੰ ਸ਼ਾਮਲ ਕਰਨ ਦੀ ਵੀ ਸਲਾਹ ਕੀਤੀ ਜਾ ਰਹੀ ਹੈ। ਇਸ ਲਈ, ਅਸੀਂ ਸਮਝ ਸਕਦੇ ਹਾਂ ਕਿ ਕੁਝ ਮਸੀਹੀ ਕੈਫੀਨ ਤੋਂ ਪਰਹੇਜ਼ ਕਰਨਾ ਕਿਉਂ ਜ਼ਰੂਰੀ ਸਮਝਦੇ ਹਨ। ਉਹ ਇਸ ਦੇ ਆਦੀ ਨਹੀਂ ਹੋਣਾ ਚਾਹੁੰਦੇ। ਇਸ ਦੇ ਨਾਲ-ਨਾਲ, ਉਹ ਸੰਜਮ ਦਾ ਫਲ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ।—ਗਲਾਤੀਆਂ 5:23.
ਕਈ ਮੰਨਦੇ ਹਨ ਕਿ ਕੈਫੀਨ ਇਕ ਵਿਅਕਤੀ ਦੀ ਸਿਹਤ ਉੱਤੇ ਜਾਂ ਅਣਜੰਮੇ ਬੱਚੇ ਉੱਤੇ ਬੁਰਾ ਅਸਰ ਪਾ ਸਕਦੀ ਹੈ। ਮਸੀਹੀਆਂ ਨੂੰ “ਆਪਣੀ ਸਾਰੀ ਜਾਨ ਨਾਲ” ਯਹੋਵਾਹ ਨੂੰ ਪਿਆਰ ਕਰਨਾ ਚਾਹੀਦਾ ਹੈ, ਇਸ ਲਈ ਉਹ ਅਜਿਹਾ ਕੋਈ ਵੀ ਕੰਮ ਨਹੀਂ ਕਰਨਾ ਚਾਹੁੰਦੇ ਜਿਸ ਨਾਲ ਉਨ੍ਹਾਂ ਦੀ ਜਾਨ ਜੋਖਮ ਵਿਚ ਪੈ ਜਾਵੇ। ਉਨ੍ਹਾਂ ਨੂੰ ਆਪਣੇ ਗੁਆਂਢੀ ਨਾਲ ਵੀ ਪਿਆਰ ਕਰਨ ਦਾ ਹੁਕਮ ਦਿੱਤਾ ਗਿਆ ਹੈ, ਇਸ ਲਈ ਉਹ ਅਜਿਹੀ ਕਿਸੇ ਵੀ ਚੀਜ਼ ਤੋਂ ਪਰਹੇਜ਼ ਕਰਨਾ ਚਾਹੁਣਗੇ ਜਿਸ ਨਾਲ ਅਣਜੰਮੇ ਬੱਚੇ ਨੂੰ ਨੁਕਸਾਨ ਪਹੁੰਚ ਸਕਦਾ ਹੈ।—ਲੂਕਾ 10:25-27.
ਪਰ ਕੀ ਅਜਿਹੀਆਂ ਗੱਲਾਂ ਦੀ ਚਿੰਤਾ ਕਰਨੀ ਜਾਇਜ਼ ਹੈ? ਭਾਵੇਂ ਕਿ ਕਈ ਦਾਅਵਾ ਕਰਦੇ ਹਨ ਕਿ ਕੈਫੀਨ ਕਾਰਨ ਕੁਝ ਬੀਮਾਰੀਆਂ ਲੱਗ ਸਕਦੀਆਂ ਹਨ, ਪਰ ਹਾਲੇ ਤਕ ਇਸ ਦਾਅਵੇ ਨੂੰ ਸੱਚ ਸਾਬਤ ਨਹੀਂ ਕੀਤਾ ਗਿਆ। ਕੁਝ ਖੋਜਕਾਰ ਤਾਂ ਕਹਿੰਦੇ ਹਨ ਕਿ ਕੌਫ਼ੀ ਸਿਹਤ ਲਈ ਚੰਗੀ ਹੁੰਦੀ ਹੈ। ਸਾਲ 2006 ਵਿਚ ਟਾਈਮ ਰਸਾਲੇ ਵਿਚ ਰਿਪੋਰਟ ਦਿੱਤੀ ਗਈ ਸੀ: “ਪਹਿਲਾਂ-ਪਹਿਲ ਕੀਤੇ ਗਏ ਅਧਿਐਨਾਂ ਤੋਂ ਇਹ ਸੰਕੇਤ ਮਿਲਦਾ ਸੀ ਕਿ [ਕੈਫੀਨ] ਕਾਰਨ ਬਲੈਡਰ ਦਾ ਕੈਂਸਰ, ਹਾਈ ਬਲੱਡ-ਪ੍ਰੈਸ਼ਰ ਤੇ ਹੋਰ ਰੋਗ ਲੱਗ ਸਕਦੇ ਸਨ। ਪਰ ਹਾਲ ਹੀ ਦੀਆਂ ਖੋਜਾਂ ਨੇ ਇਨ੍ਹਾਂ ਦਾਅਵਿਆਂ ਨੂੰ ਨਾ ਸਿਰਫ਼ ਗ਼ਲਤ ਸਾਬਤ ਕੀਤਾ, ਸਗੋਂ ਕੈਫੀਨ ਵਰਤਣ ਦੇ ਕੁਝ ਲਾਭ ਵੀ ਦੱਸੇ ਹਨ। ਇਵੇਂ ਲੱਗਦਾ ਹੈ ਕਿ ਕੈਫੀਨ ਕਾਰਨ ਜਿਗਰ ਦੀ ਬੀਮਾਰੀ, ਪਾਰਕਿੰਸਨ ਰੋਗ, ਸ਼ੱਕਰ ਰੋਗ, ਅਲਜ਼ਹਾਏਮੀਰ ਦਾ ਰੋਗ, ਪੱਥਰੀਆਂ, ਡਿਪਰੈਸ਼ਨ ਅਤੇ ਕੁਝ ਕਿਸਮਾਂ ਦੇ ਕੈਂਸਰਾਂ ਤੋਂ ਵੀ ਸਾਡਾ ਬਚਾ ਹੁੰਦਾ ਹੈ।” ਕੈਫੀਨ ਦੀ ਵਰਤੋਂ ਬਾਰੇ ਇਕ ਹੋਰ ਰਸਾਲੇ ਨੇ ਕਿਹਾ: “ਜ਼ਰੂਰੀ ਗੱਲ ਤਾਂ ਇਹ ਹੈ ਕਿ ਇਸ ਨੂੰ ਹਿਸਾਬ ਨਾਲ ਵਰਤਿਆ ਜਾਵੇ।”
ਹਰੇਕ ਮਸੀਹੀ ਨੂੰ ਕੈਫੀਨ ਬਾਰੇ ਦਿੱਤੀ ਜਾਂਦੀ ਜਾਣਕਾਰੀ ਨੂੰ ਸਮਝ ਕੇ ਅਤੇ ਬਾਈਬਲ ਸਿਧਾਂਤਾਂ ਨੂੰ ਧਿਆਨ ਵਿਚ ਰੱਖ ਕੇ ਖ਼ੁਦ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਕੀ ਕਰੇਗਾ। ਮਿਸਾਲ ਲਈ, ਇਕ ਗਰਭਵਤੀ ਮਸੀਹੀ ਭੈਣ ਨੂੰ ਜੇ ਲੱਗਦਾ ਹੈ ਕਿ ਕੈਫੀਨ ਦਾ ਅਣਜੰਮੇ ਬੱਚੇ ਉੱਤੇ ਬੁਰਾ ਅਸਰ ਪੈ ਸਕਦਾ ਹੈ, ਤਾਂ ਉਹ ਸ਼ਾਇਦ ਕੈਫੀਨ ਤੋਂ ਪਰਹੇਜ਼ ਕਰਨ ਦਾ ਫ਼ੈਸਲਾ ਕਰੇ। ਜੇ ਇਕ ਮਸੀਹੀ ਇਹ ਦੇਖਦਾ ਹੈ ਕਿ ਕੈਫੀਨ ਤੋਂ ਬਿਨਾਂ ਉਹ ਚਿੜਚਿੜਾ ਜਾਂ ਬੀਮਾਰ ਹੋ ਜਾਂਦਾ ਹੈ, ਤਾਂ ਉਸ ਲਈ ਸ਼ਾਇਦ ਚੰਗਾ ਹੋਵੇਗਾ ਜੇ ਉਹ ਕੁਝ ਦੇਰ ਲਈ ਕੈਫੀਨ ਤੋਂ ਪਰਹੇਜ਼ ਕਰੇ। (2 ਪਤਰਸ 1:5, 6) ਦੂਸਰਿਆਂ ਮਸੀਹੀਆਂ ਨੂੰ ਉਨ੍ਹਾਂ ਦੇ ਫ਼ੈਸਲੇ ਦੀ ਕਦਰ ਕਰਦੇ ਹੋਏ ਉਨ੍ਹਾਂ ਤੇ ਆਪਣੇ ਵਿਚਾਰ ਨਹੀਂ ਥੋਪਣੇ ਚਾਹੀਦੇ।
ਕੈਫੀਨ ਦੇ ਸੰਬੰਧ ਵਿਚ ਚਾਹੇ ਜੋ ਵੀ ਫ਼ੈਸਲਾ ਤੁਸੀਂ ਕਰਦੇ ਹੋ, ਤੁਹਾਨੂੰ ਪੌਲੁਸ ਦੇ ਇਹ ਸ਼ਬਦ ਯਾਦ ਰੱਖਣੇ ਚਾਹੀਦੇ ਹਨ: “ਭਾਵੇਂ ਤੁਸੀਂ ਖਾਂਦੇ ਭਾਵੇਂ ਪੀਂਦੇ ਭਾਵੇਂ ਕੁਝ ਹੀ ਕਰਦੇ ਹੋ ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰੋ।”—1 ਕੁਰਿੰਥੀਆਂ 10:31.