ਡੀਜ਼ਾਈਨ, ਪਰ ਕੋਈ ਡੀਜ਼ਾਈਨਰ ਨਹੀਂ?
ਡੀਜ਼ਾਈਨ, ਪਰ ਕੋਈ ਡੀਜ਼ਾਈਨਰ ਨਹੀਂ?
ਤਕਰੀਬਨ 150 ਸਾਲ ਪਹਿਲਾਂ ਚਾਰਲਜ਼ ਡਾਰਵਿਨ ਨੇ ਸਿਖਾਇਆ ਕਿ ਜੋ ਜਾਨਵਰ ਬਦਲਦੇ ਵਾਤਾਵਰਣ ਮੁਤਾਬਕ ਢਲ ਜਾਂਦੇ ਹਨ, ਉਹ ਜੀਉਂਦੇ ਰਹਿੰਦੇ ਹਨ। ਉਸ ਦੇ ਖ਼ਿਆਲ ਵਿਚ ਇਸੇ ਕਰਕੇ ਧਰਤੀ ਉੱਤੇ ਇੰਨੇ ਵੱਖ-ਵੱਖ ਜੀਵ-ਜੰਤੂ ਹਨ। ਪਰ ਹਾਲ ਹੀ ਵਿਚ ਉਸ ਦੀ ਵਿਕਾਸਵਾਦ ਦੀ ਥਿਊਰੀ ਉੱਤੇ ਵਾਰ ਕੀਤਾ ਗਿਆ ਹੈ। ਇਹ ਵਾਰ ਕਿਨ੍ਹਾਂ ਨੇ ਕੀਤਾ? ਉਹ ਜੋ ਮੰਨਦੇ ਹਨ ਕਿ ਜੀਉਂਦੀਆਂ ਚੀਜ਼ਾਂ ਦੀ ਬਣਤਰ ਇੰਨੀ ਵਧੀਆ ਹੈ ਕਿ ਇਨ੍ਹਾਂ ਨੂੰ ਜ਼ਰੂਰ ਡੀਜ਼ਾਈਨ ਕੀਤਾ ਗਿਆ ਹੈ। ਇਨ੍ਹਾਂ ਵਿਚਾਰਾਂ ਨਾਲ ਕਈ ਮੰਨੇ-ਪ੍ਰਮੰਨੇ ਵਿਗਿਆਨੀ ਵੀ ਸਹਿਮਤ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਰੀਆਂ ਚੀਜ਼ਾਂ ਪਿੱਛੇ ਵਿਕਾਸਵਾਦ ਦਾ ਹੱਥ ਨਹੀਂ ਹੈ।
ਕੁਝ ਵਿਗਿਆਨੀ ਬੇਸ਼ੁਮਾਰ ਚੀਜ਼ਾਂ ਹੋਣ ਦਾ ਹੋਰ ਕਾਰਨ ਦਿੰਦੇ ਹਨ। ਉਹ ਮੰਨਦੇ ਹਨ ਕਿ ਸ੍ਰਿਸ਼ਟੀ ਵਿਚ ਡੀਜ਼ਾਈਨ ਦਾ ਸਬੂਤ ਜੀਵ-ਵਿਗਿਆਨ, ਗਣਿਤ-ਵਿਦਿਆ ਤੇ ਅਕਲਮੰਦੀ ਤੋਂ ਮਿਲਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਨੇ ਸੋਚ-ਸਮਝ ਕੇ ਸਭ ਕੁਝ ਬਣਾਇਆ ਹੈ। ਉਹ ਕੋਸ਼ਿਸ਼ ਕਰ ਰਹੇ ਹਨ ਕਿ ਸਕੂਲਾਂ ਵਿਚ ਵਿਗਿਆਨ ਦੀ ਇਹ ਸਿੱਖਿਆ ਦਿੱਤੀ ਜਾਵੇ। ਵਿਕਾਸਵਾਦ ਬਾਰੇ ਇਹ ਜੰਗ ਖ਼ਾਸ ਕਰਕੇ ਅਮਰੀਕਾ ਵਿਚ ਹੋ ਰਹੀ ਹੈ, ਪਰ ਇੰਗਲੈਂਡ, ਨੀਦਰਲੈਂਡਜ਼, ਪਾਕਿਸਤਾਨ, ਸਰਬੀਆ ਅਤੇ ਤੁਰਕੀ ਵਿਚ ਵੀ ਇਹ ਲੜੀ ਜਾ ਰਹੀ ਹੈ।
ਹੈਰਾਨੀ ਦੀ ਗੱਲ
ਪਰ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਲੋਕ ਮੰਨਦੇ ਹਨ ਕਿ ਸਭ ਕੁਝ ਡੀਜ਼ਾਈਨ ਕੀਤਾ ਗਿਆ ਹੈ, ਉਹ ਡੀਜ਼ਾਈਨਰ ਬਾਰੇ ਕੁਝ ਨਹੀਂ ਕਹਿੰਦੇ। ਕੀ ਤੁਸੀਂ ਮੰਨਦੇ ਹੋ ਕਿ ਡੀਜ਼ਾਈਨਰ ਤੋਂ ਬਿਨਾਂ ਕੋਈ ਚੀਜ਼ ਡੀਜ਼ਾਈਨ ਕੀਤੀ ਜਾ ਸਕਦੀ ਹੈ? ਦ ਨਿਊਯਾਰਕ ਟਾਈਮਜ਼ ਮੈਗਜ਼ੀਨ ਵਿਚ ਰਿਪੋਰਟ ਕੀਤਾ ਗਿਆ ਕਿ ਬੁੱਧੀਮਾਨ ਡੀਜ਼ਾਈਨ ਦੀ ਸਿੱਖਿਆ ਨੂੰ ਮੰਨਣ ਵਾਲੇ “ਇਹ ਸਾਫ਼-ਸਾਫ਼ ਨਹੀਂ ਦੱਸਦੇ ਕਿ ਇਹ ਡੀਜ਼ਾਈਨਰ ਕੌਣ ਜਾਂ ਕੀ ਹੈ।” ਇਕ ਲੇਖਕ ਨੇ ਕਿਹਾ ਕਿ ਇਸ ਸਿੱਖਿਆ ਨੂੰ ਮੰਨਣ ਵਾਲੇ “ਜਾਣ-ਬੁੱਝ ਕੇ ਕਦੀ ਰੱਬ ਦਾ ਜ਼ਿਕਰ ਨਹੀਂ ਕਰਦੇ।” ਨਿਊਜ਼ਵੀਕ ਮੈਗਜ਼ੀਨ ਨੇ ਕਿਹਾ: “ਵਿਗਿਆਨੀ ਬੁੱਧੀਮਾਨ ਡੀਜ਼ਾਈਨਰ ਦੀ ਹੋਂਦ ਬਾਰੇ ਕਦੀ ਕੁਝ ਨਹੀਂ ਕਹਿੰਦੇ ਅਤੇ ਇਹ ਨਹੀਂ ਦੱਸਦੇ ਕਿ ਉਹ ਕੌਣ ਹੈ।”
ਪਰ ਤੁਸੀਂ ਸਮਝ ਸਕਦੇ ਹੋ ਕਿ ਬਿਨਾਂ ਡੀਜ਼ਾਈਨਰ ਦੇ ਡੀਜ਼ਾਈਨ ਦੀ ਗੱਲ ਕਰਨੀ ਫਜ਼ੂਲ ਹੈ। ਇਹ ਕਹਿਣਾ ਕਿ ਬ੍ਰਹਿਮੰਡ ਅਤੇ ਜੀਵਨ ਨੂੰ ਸੋਚ-ਸਮਝ ਕੇ ਬਣਾਇਆ ਗਿਆ ਹੈ ਤੇ ਫਿਰ ਉਸ ਬਣਾਉਣ ਵਾਲੇ ਦਾ ਜ਼ਿਕਰ ਵੀ ਨਾ ਕਰਨਾ ਠੀਕ ਨਹੀਂ ਲੱਗਦਾ।
ਇਸ ਬਹਿਸ ਵਿਚ ਇਹ ਸਵਾਲ ਖੜ੍ਹੇ ਹੁੰਦੇ ਹਨ: ਕੀ ਡੀਜ਼ਾਈਨਰ ਨੂੰ ਕਬੂਲ ਕਰਨਾ ਵਿਗਿਆਨ ਤੇ ਸਮਝਦਾਰੀ ਦੇ ਖ਼ਿਲਾਫ਼ ਹੈ? ਕੀ ਬੁੱਧੀਮਾਨ ਡੀਜ਼ਾਈਨਰ ਵਿਚ ਸਿਰਫ਼ ਉਦੋਂ ਹੀ ਮੰਨਣਾ ਜ਼ਰੂਰੀ ਹੈ ਜਦ ਹੋਰ ਕੋਈ ਜਵਾਬ ਨਹੀਂ ਮਿਲਦਾ? ਕੀ ਇਹ ਮੰਨਣਾ ਠੀਕ ਹੈ ਕਿ ਡੀਜ਼ਾਈਨ ਦੇ ਪਿੱਛੇ ਡੀਜ਼ਾਈਨਰ ਦਾ ਹੱਥ ਨਹੀਂ ਹੈ? ਅਗਲੇ ਲੇਖ ਵਿਚ ਇਨ੍ਹਾਂ ਤੇ ਹੋਰਨਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।
[ਸਫ਼ਾ 3 ਉੱਤੇ ਤਸਵੀਰਾਂ]
ਚਾਰਲਜ਼ ਡਾਰਵਿਨ ਮੁਤਾਬਕ ਜੋ ਜਾਨਵਰ ਬਦਲਦੇ ਵਾਤਾਵਰਣ ਮੁਤਾਬਕ ਢਲ ਜਾਂਦੇ ਹਨ, ਉਹ ਜੀਉਂਦੇ ਰਹਿੰਦੇ ਹਨ
[ਕ੍ਰੈਡਿਟ ਲਾਈਨ]
Darwin: From a photograph by Mrs. J. M. Cameron/U.S. National Archives photo