ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਪਸ਼ੂ-ਪੰਛੀਆਂ ਅਤੇ ਮੱਛੀਆਂ ਦੇ ਸ਼ਿਕਾਰ ਬਾਰੇ ਮਸੀਹੀਆਂ ਦਾ ਨਜ਼ਰੀਆ ਕੀ ਹੋਣਾ ਚਾਹੀਦਾ ਹੈ?
ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਪਸ਼ੂ-ਪੰਛੀਆਂ ਜਾਂ ਮੱਛੀਆਂ ਦਾ ਸ਼ਿਕਾਰ ਕਰਨਾ ਗ਼ਲਤ ਹੈ। (ਬਿਵਸਥਾ ਸਾਰ 14:4, 5, 9, 20; ਮੱਤੀ 17:27; ਯੂਹੰਨਾ 21:6) ਫਿਰ ਵੀ ਚੰਗਾ ਹੋਵੇਗਾ ਕਿ ਅਸੀਂ ਬਾਈਬਲ ਵਿਚ ਦੱਸੇ ਕੁਝ ਸਿਧਾਂਤਾਂ ਤੇ ਵਿਚਾਰ ਕਰੀਏ।
ਪਰਮੇਸ਼ੁਰ ਨੇ ਨੂਹ ਤੇ ਉਸ ਦੇ ਮਗਰੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਨਵਰਾਂ ਦਾ ਸ਼ਿਕਾਰ ਕਰਨ ਤੇ ਮਾਸ ਖਾਣ ਦੀ ਇਜਾਜ਼ਤ ਦਿੱਤੀ। ਪਰ ਇਕ ਸ਼ਰਤ ਤੇ—ਜਾਨਵਰਾਂ ਦਾ ਲਹੂ ਖਾਣਾ ਮਨ੍ਹਾ ਸੀ। (ਉਤਪਤ 9:3, 4) ਪਰਮੇਸ਼ੁਰ ਨੇ ਇਹ ਹੁਕਮ ਇਸ ਲਈ ਦਿੱਤਾ ਕਿਉਂਕਿ ਸਭ ਜੀਉਂਦੀਆਂ ਚੀਜ਼ਾਂ ਦਾ ਜੀਵਨ-ਦਾਤਾ ਉਹੀ ਹੈ ਤੇ ਸਾਨੂੰ ਉਸ ਵੱਲੋਂ ਦਿੱਤੀਆਂ ਦਾਤਾਂ ਦੀ ਕਦਰ ਕਰਨੀ ਚਾਹੀਦੀ ਹੈ। ਇਸ ਕਰਕੇ ਇਹ ਬੁਰੀ ਗੱਲ ਹੋਵੇਗੀ ਜੇ ਮਸੀਹੀ ਖੇਡ-ਮੁਕਾਬਲੇ ਜਾਂ ਮਜ਼ੇ ਲਈ ਜਾਨਵਰਾਂ ਦਾ ਸ਼ਿਕਾਰ ਕਰਨ ਜਾਂ ਉਨ੍ਹਾਂ ਨੂੰ ਬੇਰਹਿਮੀ ਨਾਲ ਮਾਰਨ।—ਕਹਾਉਤਾਂ 12:10.
ਇਸ ਹੁਕਮ ਤੋਂ ਇਲਾਵਾ ਇਕ ਹੋਰ ਅਹਿਮ ਗੱਲ ਹੈ ਜਿਸ ਤੇ ਸਾਨੂੰ ਵਿਚਾਰ ਕਰਨ ਦੀ ਲੋੜ ਹੈ। ਯਿਸੂ ਦੇ ਕੁਝ ਚੇਲੇ ਮਛਿਆਰੇ ਸਨ ਤੇ ਕੋਈ ਸ਼ੱਕ ਨਹੀਂ ਕਿ ਉਹ ਮੱਛੀਆਂ ਦਾ ਵੱਡਾ ਪੂਰ ਫੜ ਕੇ ਖੂਬ ਖ਼ੁਸ਼ ਹੁੰਦੇ ਹੋਣੇ। ਪਰ ਬਾਈਬਲ ਵਿਚ ਅਸੀਂ ਕਿਤੇ ਨਹੀਂ ਪੜ੍ਹਦੇ ਕਿ ਉਨ੍ਹਾਂ ਨੇ ਇਸ ਬਾਰੇ ਕਦੇ ਸ਼ੇਖ਼ੀ ਮਾਰੀ ਜਾਂ ਸ਼ਿਕਾਰ ਵੇਲੇ ਫੜ੍ਹਾਂ ਮਾਰ ਕੇ ਆਪਣੀ ਮਰਦਾਨਗੀ ਸਾਬਤ ਕਰਨੀ ਚਾਹੀ ਜਾਂ ਸਿਰਫ਼ ਆਪਣੇ ਮਜ਼ੇ ਲਈ ਜਾਨਵਰਾਂ ਨੂੰ ਮਾਰਿਆ।—ਜ਼ਬੂਰਾਂ ਦੀ ਪੋਥੀ 11:5; ਗਲਾਤੀਆਂ 5:26.
ਤਾਂ ਫਿਰ ਅਸੀਂ ਆਪਣੇ ਆਪ ਨੂੰ ਪੁੱਛ ਸਕਦੇ ਹਾਂ: ‘ਯਹੋਵਾਹ ਦੀਆਂ ਨਜ਼ਰਾਂ ਵਿਚ ਜੀਵਨ ਬਹੁਮੁੱਲਾ ਹੈ, ਪਰ ਕੀ ਮੈਂ ਵੀ ਜੀਵਨ ਨੂੰ ਇਸੇ ਤਰ੍ਹਾਂ ਵਿਚਾਰਦਾ ਹਾਂ? ਕੀ ਮੈਂ ਹਰ ਵੇਲੇ ਸ਼ਿਕਾਰ ਕਰਨ ਬਾਰੇ ਸੋਚਦਾ ਜਾਂ ਗੱਲਾਂ ਕਰਦਾ ਰਹਿੰਦਾ ਹਾਂ? ਕੀ ਸ਼ਿਕਾਰ ਦਾ ਭੂਤ ਮੇਰੇ ਤੇ ਸਵਾਰ ਹੈ ਜਾਂ ਕੀ ਮੈਂ ਪਰਮੇਸ਼ੁਰ ਦੇ ਰਾਜ ਨੂੰ ਜੀਵਨ ਵਿਚ ਪਹਿਲਾ ਸਥਾਨ ਦਿੰਦਾ ਹਾਂ? ਤੇ ਮੇਰੀ ਉੱਠਣੀ-ਬੈਠਣੀ ਬਾਰੇ ਕੀ? ਕੀ ਇਹ ਉਨ੍ਹਾਂ ਲੋਕਾਂ ਨਾਲ ਹੈ ਜੋ ਯਹੋਵਾਹ ਦੇ ਵੱਲ ਨਹੀਂ ਹਨ? ਕੀ ਮੈਂ ਆਪਣਾ ਕੀਮਤੀ ਸਮਾਂ ਆਪਣੇ ਪਰਿਵਾਰ ਨਾਲ ਗੁਜ਼ਾਰਨ ਦੀ ਬਜਾਇ ਇਨ੍ਹਾਂ ਲੋਕਾਂ ਤੇ ਜ਼ਾਇਆ ਕਰਦਾ ਹਾਂ?’—ਲੂਕਾ 6:45.
ਕੁਝ ਦੇਸ਼ਾਂ ਵਿਚ ਸ਼ਿਕਾਰ ਕਰਨ ਦੇ ਮੌਸਮ ਹੁੰਦੇ ਹਨ ਯਾਨੀ ਕੁਝ ਹੀ ਮਹੀਨਿਆਂ ਦੌਰਾਨ ਸ਼ਿਕਾਰ ਕੀਤਾ ਜਾਂਦਾ ਹੈ। ਕੁਝ ਮਸੀਹੀ ਸ਼ਾਇਦ ਸੋਚਣ ਕਿ ਰੋਜ਼ੀ-ਰੋਟੀ ਕਮਾਉਣੀ ਯਹੋਵਾਹ ਦੀ ਸੇਵਾ ਕਰਨ ਨਾਲੋਂ ਜ਼ਿਆਦਾ ਜ਼ਰੂਰੀ ਹੈ। ਲੇਕਿਨ ਪਰਮੇਸ਼ੁਰ ਦੇ ਭਗਤ ਕਿਸੇ ਵੀ ਚੀਜ਼ ਨੂੰ ਉਸ ਦੀ ਸੇਵਾ ਕਰਨ ਵਿਚ ਰੋੜਾ ਨਹੀਂ ਬਣਨ ਦਿੰਦੇ। ਉਹ ਯਹੋਵਾਹ ਤੇ ਪੱਕਾ ਭਰੋਸਾ ਰੱਖਦੇ ਹਨ। (ਮੱਤੀ 6:33) ਇਹ ਵੀ ਯਾਦ ਰੱਖੋ ਕਿ ਮਸੀਹੀ ਸ਼ਿਕਾਰ ਸੰਬੰਧੀ ਬਣਾਏ “ਕੈਸਰ” ਦੇ ਸਾਰੇ ਕਾਨੂੰਨਾਂ ਦੀ ਪਾਲਣਾ ਕਰਦੇ ਹਨ ਚਾਹੇ ਸਰਕਾਰ ਕਾਨੂੰਨ ਲਾਗੂ ਕਰੇ ਜਾਂ ਨਾ।—ਮੱਤੀ 22:21; ਰੋਮੀਆਂ 13:1.
ਸੋ ਅਸੀਂ ਦੇਖਿਆ ਹੈ ਕਿ ਸ਼ਿਕਾਰ ਸੰਬੰਧੀ ਯਹੋਵਾਹ ਦਾ ਕੀ ਨਜ਼ਰੀਆ ਹੈ। ਸ਼ਾਇਦ ਕੁਝ ਮਸੀਹੀਆਂ ਨੂੰ ਆਪਣੀ ਸੋਚਣੀ ਵਿਚ ਸੁਧਾਰ ਕਰਨ ਦੀ ਲੋੜ ਹੋਵੇ। (ਅਫ਼ਸੀਆਂ 4:22-24) ਦੂਜੇ ਪਾਸੇ ਹੋਰਨਾਂ ਮਸੀਹੀਆਂ ਨੂੰ ਦੂਜਿਆਂ ਤੇ ਆਪਣੀ ਰਾਇ ਨਹੀਂ ਥੋਪਣੀ ਚਾਹੀਦੀ। ਸਾਰਿਆਂ ਨੇ ਆਪਣੀ ਜ਼ਮੀਰ ਮੁਤਾਬਕ ਆਪੋ ਆਪਣਾ ਫ਼ੈਸਲਾ ਕਰਨਾ ਹੈ। ਪੌਲੁਸ ਰਸੂਲ ਦੀ ਸਲਾਹ ਤੇ ਜ਼ਰਾ ਧਿਆਨ ਦਿਓ: “ਇਸ ਲਈ ਅਸੀਂ ਇੱਕ ਦੂਏ ਉੱਤੇ ਅਗਾਹਾਂ ਨੂੰ ਕਦੇ ਦੋਸ਼ ਨਾ ਲਾਈਏ ਸਗੋਂ ਤੁਸੀਂ ਇਹ ਵਿਚਾਰੋ ਭਈ ਠੇਡੇ ਅਥਵਾ ਠੋਕਰ ਵਾਲੀ ਵਸਤ ਤੁਸੀਂ ਆਪਣੇ ਭਰਾ ਦੇ ਰਾਹ ਵਿੱਚ ਨਾ ਰੱਖੋ।” (ਰੋਮੀਆਂ 14:13) ਆਓ ਅਸੀਂ ਦੂਜਿਆਂ ਦੇ ਵਿਚਾਰਾਂ ਦੀ ਕਦਰ ਕਰਦੇ ਹੋਏ ਆਪਣੇ ਭੈਣਾਂ-ਭਰਾਵਾਂ ਵਿਚ ਏਕਤਾ ਬਣਾਈ ਰੱਖੀਏ ਅਤੇ ਉਹ ਕਰੀਏ ਜੋ ਸਾਡੇ ਕਰਤਾਰ ਤੇ ਜੀਵਨਦਾਤਾ ਦੇ ਦਿਲ ਨੂੰ ਭਾਉਂਦਾ ਹੈ।—1 ਕੁਰਿੰਥੀਆਂ 8:13 *
[ਫੁਟਨੋਟ]
^ ਪੈਰਾ 8 15 ਮਈ 1990 (ਅੰਗ੍ਰੇਜ਼ੀ) ਦੇ ਪਹਿਰਾਬੁਰਜ ਵਿਚ “ਪਾਠਕਾਂ ਵੱਲੋਂ ਸਵਾਲ” ਲੇਖ ਵੀ ਦੇਖੋ।