ਕੀ ਕ੍ਰਿਸਮਸ ਇਕ ਮਸੀਹੀ ਤਿਉਹਾਰ ਹੈ?
ਕੀ ਕ੍ਰਿਸਮਸ ਇਕ ਮਸੀਹੀ ਤਿਉਹਾਰ ਹੈ?
ਸਾਲ 2004 ਦੀਆਂ ਸਰਦੀਆਂ ਵਿਚ ਕ੍ਰਿਸਮਸ ਸਮੇਂ ਦੌਰਾਨ ਇਟਲੀ ਦੇ ਸਕੂਲਾਂ ਵਿਚ ਇਕ ਗਰਮਾ-ਗਰਮ ਬਹਿਸ ਸ਼ੁਰੂ ਹੋਈ। ਕੁਝ ਅਧਿਆਪਕਾਂ ਨੇ ਦਲੀਲ ਦਿੱਤੀ ਕਿ ਸਕੂਲਾਂ ਵਿਚ ਗ਼ੈਰ-ਈਸਾਈ ਬੱਚਿਆਂ ਦੀ ਵਧਦੀ ਗਿਣਤੀ ਨੂੰ ਧਿਆਨ ਵਿਚ ਰੱਖਦਿਆਂ ਕ੍ਰਿਸਮਸ ਨਾਲ ਜੁੜੇ ਤਿਉਹਾਰਾਂ ਨੂੰ ਬਿਲਕੁਲ ਹੀ ਛੱਡ ਦੇਣਾ ਚਾਹੀਦਾ ਹੈ। ਪਰ ਦੂਜੇ ਪਾਸੇ ਹੋਰਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਪੁਰਾਤਨ ਸਮੇਂ ਤੋਂ ਚੱਲਦੇ ਆਏ ਰਿਵਾਜ ਛੱਡਣੇ ਨਹੀਂ ਚਾਹੀਦੇ, ਸਗੋਂ ਧੁੰਮ-ਧਾਮ ਨਾਲ ਮਨਾਉਣੇ ਚਾਹੀਦੇ ਹਨ।
ਇਹ ਤਾਂ ਰਹੀ ਬਹਿਸ ਦੀ ਗੱਲ, ਪਰ ਕੀ ਤੁਹਾਨੂੰ ਪਤਾ ਹੈ ਕਿ ਕ੍ਰਿਸਮਸ ਦੇ ਭਾਂਤ-ਭਾਂਤ ਰੀਤ-ਰਿਵਾਜ ਸ਼ੁਰੂ ਕਿੱਦਾਂ ਹੋਏ? ਇਟਲੀ ਵਿਚ ਕ੍ਰਿਸਮਸ ਦੇ ਮਹੀਨੇ ਹੋਈ ਬਹਿਸ ਨੂੰ ਜ਼ੋਰ ਫੜਦੇ ਦੇਖਦਿਆਂ ਲੌਸੇਰਵਾਟੋਰੇ ਰੋਮਾਨੋ ਨਾਂ ਦੀ ਵੈਟੀਕਨ ਅਖ਼ਬਾਰ ਨੇ ਕੁਝ ਦਿਲਚਸਪ ਗੱਲਾਂ ਕਹੀਆਂ।
ਕ੍ਰਿਸਮਸ ਮਨਾਉਣ ਦੀ ਤਾਰੀਖ਼ ਦੇ ਸੰਬੰਧ ਵਿਚ ਇਸ ਕੈਥੋਲਿਕ ਅਖ਼ਬਾਰ ਨੇ ਟਿੱਪਣੀ ਕੀਤੀ: ‘ਸਾਨੂੰ ਯਿਸੂ ਦੇ ਜਨਮ-ਦਿਨ ਦੀ ਅਸਲੀ ਤਾਰੀਖ਼ ਰੋਮੀ ਇਤਿਹਾਸ, ਉਸ ਸਮੇਂ ਕੀਤੀ ਗਈ ਮਰਦਮਸ਼ੁਮਾਰੀ ਦੇ ਰਿਕਾਰਡਾਂ ਅਤੇ ਬਾਅਦ ਦੀਆਂ ਸਦੀਆਂ ਵਿਚ ਕੀਤੀ ਗਈ ਰਿਸਰਚ ਤੋਂ ਪਤਾ ਨਹੀਂ ਚੱਲ ਸਕਦੀ। 25 ਦਸੰਬਰ ਦੀ
ਤਾਰੀਖ਼ ਰੋਮ ਵਿਚ ਈਸਾਈ ਮਤ ਦੇ ਪਾਦਰੀਆਂ ਨੇ ਚੌਥੀ ਸਦੀ ਵਿਚ ਜਾ ਕੇ ਚੁਣੀ। 25 ਦਸੰਬਰ ਨੂੰ ਰੋਮ ਵਿਚ ਸੂਰਜ ਦੇਵਤੇ ਦਾ ਜਨਮ-ਦਿਨ ਮਨਾਇਆ ਜਾਂਦਾ ਸੀ। ਭਾਵੇਂ ਉਦੋਂ ਤਕ ਕਾਂਸਟੰਟਾਈਨ ਦੇ ਫ਼ਰਮਾਨ ਕਰਕੇ ਰੋਮੀ ਸਾਮਰਾਜ ਵਿਚ ਈਸਾਈ ਧਰਮ ਨੂੰ ਕੌਮੀ ਧਰਮ ਵਜੋਂ ਚੁਣ ਲਿਆ ਗਿਆ ਸੀ, ਫਿਰ ਵੀ ਜ਼ਿਆਦਾਤਰ ਲੋਕ ਅਤੇ ਖ਼ਾਸ ਤੌਰ ਤੇ ਰੋਮੀ ਫ਼ੌਜੀ ਸੂਰਜ ਦੇਵਤੇ ਦੇ ਸ਼ਰਧਾਲੂ ਸਨ। 25 ਦਸੰਬਰ ਦੀਆਂ ਰੀਤਾਂ-ਰਸਮਾਂ ਅਸਲ ਵਿਚ ਮੂਰਤੀ-ਪੂਜਕ ਪਰੰਪਰਾਵਾਂ ਤੋਂ ਸ਼ੁਰੂ ਹੋਈਆਂ ਸਨ। ਪਾਦਰੀ ਸੂਰਜ ਦੇਵਤੇ ਦੇ ਜਨਮ-ਦਿਨ ਦੀ ਥਾਂ ਇਸ ਦਿਨ ਯਿਸੂ ਮਸੀਹ ਦਾ ਜਨਮ-ਦਿਨ ਮਨਾਉਣ ਲੱਗ ਪਏ।’ਕ੍ਰਿਸਮਸ ਦੇ ਦਰਖ਼ਤ ਜਾਂ ‘ਕ੍ਰਿਸਮਸ ਟ੍ਰੀ’ ਬਾਰੇ ਕੀ ਕਿਹਾ ਜਾ ਸਕਦਾ ਹੈ ਜੋ ਹੁਣ ਕੈਥੋਲਿਕ ਪਰੰਪਰਾ ਦਾ ਹਿੱਸਾ ਹੈ?
ਉਸੇ ਕੈਥੋਲਿਕ ਅਖ਼ਬਾਰ ਨੇ ਕਿਹਾ ਕਿ ਪੁਰਾਣਿਆਂ ਜ਼ਮਾਨਿਆਂ ਵਿਚ ‘ਮੰਨਿਆ ਜਾਂਦਾ ਸੀ ਕਿ ਫਰ ਜਾਂ ਹੋਰ ਸਦਾਬਹਾਰ ਦਰਖ਼ਤਾਂ ਵਿਚ ਜਾਦੂਈ ਜਾਂ ਰੋਗਾਂ ਨੂੰ ਦੂਰ ਕਰਨ ਦੀ ਸ਼ਕਤੀ ਹੁੰਦੀ ਸੀ।’ ਅੱਗੇ ਕਿਹਾ ਗਿਆ ਕਿ ‘ਆਦਮ ਤੇ ਹੱਵਾਹ ਦੀ ਮਸ਼ਹੂਰ ਕਹਾਣੀ ਨੂੰ ਜ਼ਿੰਦਾ ਰੱਖਣ ਲਈ ਕ੍ਰਿਸਮਸ ਤੋਂ ਇਕ ਦਿਨ ਪਹਿਲਾਂ 24 ਦਸੰਬਰ ਨੂੰ ਇਕ ਦਰਖ਼ਤ ਲਾਇਆ ਜਾਂਦਾ ਸੀ . . . ਵੈਸੇ ਤਾਂ ਕਹਾਣੀ ਅਨੁਸਾਰ ਇਹ ਸੇਬ ਦਾ ਦਰਖ਼ਤ ਹੋਣਾ ਚਾਹੀਦਾ ਸੀ, ਪਰ ਸਰਦੀਆਂ ਨੂੰ ਸੇਬ ਦਾ ਦਰਖ਼ਤ ਜੱਚਦਾ ਨਹੀਂ ਸੀ। ਸੋ ਉਸ ਦੀ ਥਾਂ ਸਟੇਜ ਉੱਤੇ ਫਰ ਦਾ ਦਰਖ਼ਤ ਸਜਾਇਆ ਜਾਂਦਾ ਸੀ ਜਿਸ ਦੀਆਂ ਟਾਹਣੀਆਂ ਉੱਤੇ ਸੇਬ ਲਟਕਾ ਦਿੱਤੇ ਜਾਂਦੇ ਸਨ। ਬਿਸਕੁਟਾਂ ਦੇ ਬਣਾਏ ਵੇਫਰ ਵੀ ਟਹਿਣੀਆਂ ਤੇ ਟੰਗੇ ਜਾਂਦੇ ਸਨ। ਇਹ ਵੇਫਰ ਭਵਿੱਖ ਵਿਚ ਮਿਲਣ ਵਾਲੀ ਮੁਕਤੀ ਨੂੰ ਦਰਸਾਉਂਦੇ ਸਨ। ਨਾਲੇ ਬੱਚਿਆਂ ਲਈ ਟੌਫ਼ੀਆਂ ਤੇ ਤੋਹਫ਼ੇ ਵੀ ਟੰਗੇ ਜਾਂਦੇ ਸਨ।’ ਸਮੇਂ ਦੇ ਬੀਤਣ ਨਾਲ ਕੀ ਹੋਇਆ?
ਅਖ਼ਬਾਰ ਨੇ ਦੱਸਿਆ ਕਿ ਕ੍ਰਿਸਮਸ ਟ੍ਰੀ ਵਰਤਣ ਦੀ ਰੀਤ 16ਵੀਂ ਸਦੀ ਵਿਚ ਜਰਮਨੀ ਵਿਚ ਸ਼ੁਰੂ ਹੋਈ। ਅੱਗੇ ਅਖ਼ਬਾਰ ਨੇ ਕਿਹਾ: “ਦੂਸਰਿਆਂ ਦੇਸ਼ਾਂ ਨਾਲੋਂ ਇਟਲੀ ਦੇ ਕੈਥੋਲਿਕ ਲੋਕਾਂ ਨੇ ਸਭ ਤੋਂ ਬਾਅਦ ਵਿਚ ਕ੍ਰਿਸਮਸ ਟ੍ਰੀ ਦਾ ਰਿਵਾਜ ਅਪਣਾਇਆ ਕਿਉਂਕਿ ਲੋਕ ਸੋਚਦੇ ਸਨ ਕ੍ਰਿਸਮਸ ਟ੍ਰੀ ਪ੍ਰੋਟੈਸਟੈਂਟ ਲੋਕਾਂ ਦਾ ਰਿਵਾਜ ਸੀ ਤੇ ਦਰਖ਼ਤ ਦੀ ਥਾਂ ਬਾਲ ਯਿਸੂ ਦੇ ਜਨਮ ਨੂੰ ਦਰਸਾਉਂਦਾ ਪੰਘੂੜਾ ਵਿਖਾਇਆ ਜਾਣਾ ਚਾਹੀਦਾ ਸੀ। ” ਪੋਪ ਪੌਲ ਛੇਵੇਂ ਨੇ ਰੋਮ ਦੇ ਸੇਂਟ ਪੀਟਰਜ਼ ਚੌਂਕ ਵਿਚ ਸਜਾਏ ਪੰਘੂੜੇ ਦੇ ਲਾਗੇ “ਇਕ ਵੱਡਾ ਕ੍ਰਿਸਮਸ ਟ੍ਰੀ ਸਜਾਉਣ ਦੀ ਪਰੰਪਰਾ ਸ਼ੁਰੂ ਕੀਤੀ।”
ਇਸ ਧਾਰਮਿਕ ਆਗੂ ਨੇ ਇਸ ਹਕੀਕਤ ਤੋਂ ਮੂੰਹ ਫੇਰਿਆ ਕਿ ਇਸ ਤਿਉਹਾਰ ਦੀਆਂ ਜੜ੍ਹਾਂ ਝੂਠੇ ਧਰਮਾਂ ਵਿਚ ਹਨ। ਪਰ ਇਨ੍ਹਾਂ ਨੂੰ ਮਸੀਹੀ ਸਿੱਖਿਆਵਾਂ ਦਾ ਲਿਬਾਸ ਪਹਿਨਾ ਕੇ ਸੱਚਾਈ ਲੁਕੋਈ ਨਹੀਂ ਜਾ ਸਕਦੀ। ਬਾਈਬਲ ਸੱਚੇ ਮਸੀਹੀਆਂ ਨੂੰ ਇਨ੍ਹਾਂ ਰੀਤੀ-ਰਿਵਾਜਾਂ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੰਦਿਆਂ ਸਾਫ਼-ਸਾਫ਼ ਕਹਿੰਦੀ ਹੈ: “ਧਰਮ ਅਤੇ ਕੁਧਰਮ ਵਿੱਚ ਕੀ ਸਾਂਝ ਹੈ? ਯਾ ਚਾਨਣ ਦਾ ਅਨ੍ਹੇਰੇ ਨਾਲ ਕੀ ਮੇਲ ਹੈ?”—2 ਕੁਰਿੰਥੀਆਂ 6:14-17.
[ਸਫ਼ੇ 8, 9 ਉੱਤੇ ਤਸਵੀਰਾਂ]
ਕ੍ਰਿਸਮਸ ਟ੍ਰੀ (ਉਲਟ ਸਫ਼ਾ) ਤੇ ਵੈਟੀਕਨ ਵਿਚ ਯਿਸੂ ਦੇ ਜਨਮ ਦੀਆਂ ਝਲਕੀਆਂ
[ਕ੍ਰੈਡਿਟ ਲਾਈਨ]
© 2003 BiblePlaces.com
[ਸਫ਼ਾ 9 ਉੱਤੇ ਤਸਵੀਰ]
ਸੂਰਜ ਦੇਵਤਾ ਮਿਥਰਾਸ
[ਕ੍ਰੈਡਿਟ ਲਾਈਨ]
Museum Wiesbaden