ਯਿਸੂ ਦਾ ਕੀ ਮਤਲਬ ਸੀ ਜਦ ਉਸ ਨੇ ਨਰਕ ਦੀ ਅੱਗ ਬਾਰੇ ਗੱਲ ਕੀਤੀ?
ਯਿਸੂ ਦਾ ਕੀ ਮਤਲਬ ਸੀ ਜਦ ਉਸ ਨੇ ਨਰਕ ਦੀ ਅੱਗ ਬਾਰੇ ਗੱਲ ਕੀਤੀ?
ਬਹੁਤ ਸਾਰੇ ਲੋਕ ਮੰਨਦੇ ਹਨ ਕਿ ਨਰਕ ਦੀ ਅੱਗ ਕਦੇ ਨਹੀਂ ਬੁੱਝਦੀ। ਤੁਹਾਨੂੰ ਯਕੀਨ ਦਿਵਾਉਣ ਲਈ ਉਹ ਕਹਿਣਗੇ ਕਿ ਯਿਸੂ ਨੇ ਆਪ ਇਸ ਬਾਰੇ ਮਰਕੁਸ 9:48 ਵਿਚ ਗੱਲ ਕੀਤੀ ਸੀ। ਕੁਝ ਬਾਈਬਲਾਂ ਵਿਚ ਇਹ ਗੱਲ 44ਵੀਂ ਜਾਂ 46ਵੀਂ ਆਇਤ ਵਿਚ ਹੈ। ਇਸ ਹਵਾਲੇ ਵਿਚ ਉਸ ਨੇ ਕੀੜਿਆਂ ਦਾ ਜ਼ਿਕਰ ਕੀਤਾ ਜੋ ਕਦੇ ਮਰਦੇ ਨਹੀਂ ਤੇ ਅੱਗ ਦਾ ਵੀ ਜ਼ਿਕਰ ਕੀਤਾ ਜੋ ਕਦੇ ਬੁੱਝਦੀ ਨਹੀਂ। ਜੇ ਤੁਹਾਨੂੰ ਕੋਈ ਇਸ ਹਵਾਲੇ ਦਾ ਮਤਲਬ ਪੁੱਛੇ, ਤਾਂ ਤੁਸੀਂ ਇਸ ਨੂੰ ਕਿਵੇਂ ਸਮਝਾਓਗੇ?
ਮਰਕੁਸ ਦੇ 9ਵੇਂ ਅਧਿਆਇ ਵਿੱਚੋਂ ਕੋਈ ਤੁਹਾਨੂੰ ਸ਼ਾਇਦ 44ਵੀਂ, 46ਵੀਂ, ਜਾਂ 48ਵੀਂ ਆਇਤ ਦਿਖਾਵੇ ਕਿਉਂਕਿ ਇਨ੍ਹਾਂ ਵਿਚ ਮਿਲਦੀ-ਜੁਲਦੀ ਗੱਲ ਦੱਸੀ ਗਈ ਹੈ। * ਮਰਕੁਸ 9:47, 48 ਵਿਚ ਇੰਜ ਲਿਖਿਆ ਹੈ: ‘ਜੇ ਤੇਰੀ ਅੱਖ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਕੱਢ ਸੁੱਟ। ਕਾਣਾ ਹੋਕੇ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ ਜੋ ਦੋ ਅੱਖਾਂ ਹੁੰਦਿਆਂ ਤੂੰ ਗ਼ਹੈਨਾ ਵਿੱਚ ਸੁੱਟਿਆ ਜਾਵੇਂ। ਜਿੱਥੇ ਉਨ੍ਹਾਂ ਦਾ ਕੀੜਾ ਨਹੀਂ ਮਰਦਾ ਅਤੇ ਅੱਗ ਨਹੀਂ ਬੁਝਦੀ।’
ਕਈ ਲੋਕ ਇਹ ਕਹਿੰਦੇ ਹਨ ਕਿ ਯਿਸੂ ਦੇ ਸ਼ਬਦਾਂ ਦਾ ਇਹੋ ਮਤਲਬ ਹੈ ਕਿ ਮਰਨ ਤੋਂ ਬਾਅਦ ਬੁਰੇ ਲੋਕਾਂ ਨੂੰ ਨਰਕ ਵਿਚ ਹਮੇਸ਼ਾ ਲਈ ਤਸੀਹੇ ਭੁਗਤਣੇ ਪੈਂਦੇ ਹਨ। ਮਿਸਾਲ ਲਈ, ਇਕ ਸਪੇਨੀ ਯੂਨੀਵਰਸਿਟੀ ਨੇ ਇਨ੍ਹਾਂ ਆਇਤਾਂ ਬਾਰੇ ਕਿਹਾ: “ਪ੍ਰਭੂ ਇਨ੍ਹਾਂ ਆਇਤਾਂ ਵਿਚ ਨਰਕ ਦੇ ਤਸੀਹਿਆਂ ਵੱਲ ਸਾਡਾ ਧਿਆਨ ਖਿੱਚਦਾ ਹੈ। ਮੰਨਿਆ ਜਾਂਦਾ ਹੈ ਕਿ ‘ਕੀੜਾ ਜੋ ਨਹੀਂ ਮਰਦਾ’ ਦਾ ਮਤਲਬ ਹੈ ਉਹ ਪਛਤਾਵਾ ਜੋ ਲੋਕਾਂ ਨੂੰ ਵਾਰ-ਵਾਰ ਚੁੱਭਦਾ ਹੈ ਤੇ ‘ਅੱਗ ਜੋ ਨਹੀਂ ਬੁਝਦੀ’ ਦਾ ਮਤਲਬ ਹੈ ਉਹ ਤਸੀਹੇ ਜੋ ਸਜ਼ਾ ਦੇ ਤੌਰ ਦੇ ਦਿੱਤੇ ਜਾਂਦੇ ਹਨ ਤੇ ਕਦੀ ਖ਼ਤਮ ਨਹੀਂ ਹੁੰਦੇ।”
ਪਰ ਜ਼ਰਾ ਯਿਸੂ ਦੇ ਸ਼ਬਦਾਂ ਦੀ ਤੁਲਨਾ ਯਸਾਯਾਹ ਦੀ ਭਵਿੱਖਬਾਣੀ ਦੀ ਆਖ਼ਰੀ ਆਇਤ ਨਾਲ ਕਰ ਕੇ ਦੇਖੋ। * ਇਸ ਆਇਤ ਨੂੰ ਪੜ੍ਹ ਕੇ ਇਹ ਗੱਲ ਸਾਫ਼ ਹੁੰਦੀ ਹੈ ਕਿ ਯਿਸੂ ਇਸੇ ਆਇਤ ਦਾ ਹਵਾਲਾ ਦੇ ਰਿਹਾ ਸੀ। ਇਸ ਆਇਤ ਵਿਚ ਨਬੀ ਉਸ ਜਗ੍ਹਾ ਦੀ ਗੱਲ ਕਰ ਰਿਹਾ ਹੈ ਜੋ “ਯਰੂਸ਼ਲਮ ਦੇ ਬਾਹਰ ਹਿੰਨੋਮ ਦੀ ਵਾਦੀ ਹੁੰਦੀ ਸੀ ਜਿੱਥੇ ਮਨੁੱਖਾਂ ਦੀਆਂ ਬਲੀਆਂ ਕਦੇ ਚੜ੍ਹਾਈਆਂ ਜਾਂਦੀਆਂ ਸਨ। (ਯਿਰ. 7:31) ਤੇ ਬਾਅਦ ’ਚ ਕੂੜਾ-ਕਰਕਟ ਸੁੱਟਣ ਵਾਲੀ ਜਗ੍ਹਾ ਬਣਾ ਦਿੱਤੀ ਗਈ ਸੀ।” (ਦ ਜਰੋਮ ਬਿਬਲੀਕਲ ਕੌਮੈਂਟਰੀ) ਯਸਾਯਾਹ 66:24 ਵਿਚ ਲੋਕਾਂ ਦੇ ਤਸੀਹਿਆਂ ਬਾਰੇ ਨਹੀਂ ਦੱਸਿਆ ਗਿਆ, ਸਗੋਂ ਮੁਰਦਿਆਂ ਦੀਆਂ ਲੋਥਾਂ ਬਾਰੇ ਦੱਸਿਆ ਗਿਆ ਹੈ। ਇੱਥੇ ਕਦੇ ਨਾ ਮਰਨ ਵਾਲੇ ਕੀੜਿਆਂ ਦਾ ਜ਼ਿਕਰ ਕੀਤਾ ਗਿਆ ਹੈ, ਜੀਉਂਦੇ ਇਨਸਾਨਾਂ ਦਾ ਨਹੀਂ। ਤਾਂ ਫਿਰ ਯਿਸੂ ਦੇ ਸ਼ਬਦਾਂ ਦਾ ਕੀ ਮਤਲਬ ਹੈ?
ਇਕ ਕੈਥੋਲਿਕ ਕਿਤਾਬ ਵਿਚ ਮਰਕੁਸ 9:48 ਉੱਤੇ ਕੀਤੀ ਇਕ ਟਿੱਪਣੀ ਤੇ ਧਿਆਨ ਦਿਓ: “[ਯਿਸੂ] ਯਸਾਯਾਹ 66:24 ਦਾ ਹਵਾਲਾ ਦੇ ਰਿਹਾ ਸੀ। ਇਸ ਆਇਤ ਤੋਂ ਲੋਥਾਂ ਨੂੰ ਨਾਸ਼ ਕਰਨ ਦੇ ਦੋ ਤਰੀਕਿਆਂ ਬਾਰੇ ਪਤਾ ਚੱਲਦਾ ਹੈ। ਇਕ ਤਾਂ ਉਨ੍ਹਾਂ ਨੂੰ ਜਲਾਇਆ ਜਾਂਦਾ ਸੀ ਤੇ ਦੂਜਾ ਲੋਥਾਂ ਨੂੰ ਬਾਹਰ ਗਲਣ-ਸੜਨ ਲਈ ਛੱਡਿਆ ਜਾਂਦਾ ਸੀ। ਕੀੜਿਆਂ ਅਤੇ ਅੱਗ ਦੀ ਗੱਲ ਕਰ ਕੇ ਨਾਸ਼ ਹੋਣ ਤੇ ਜ਼ੋਰ ਦਿੱਤਾ ਗਿਆ ਹੈ। ਇਹ ਦੋਵੇਂ ਚੀਜ਼ਾਂ ਕਦੇ ਲੋਥਾਂ ਤੋਂ ਅਲੱਗ ਨਹੀਂ ਹੁੰਦੀਆਂ ਯਾਨੀ ਅੱਗ ਕਦੀ ਬੁੱਝਦੀ ਨਹੀਂ ਤੇ ਕੀੜੇ ਕਦੇ ਮਰਦੇ ਨਹੀਂ। ਇਨ੍ਹਾਂ ਤੋਂ ਬਚਣਾ ਨਾਮੁਮਕਿਨ ਹੈ। ਇਸ ਕਰਕੇ ਇੱਥੇ ਹਮੇਸ਼ਾ ਲਈ ਤਸੀਹੇ ਭੁਗਤਣ ਬਾਰੇ ਨਹੀਂ ਬਲਕਿ ਹਮੇਸ਼ਾ ਲਈ ਖ਼ਤਮ ਹੋ ਜਾਣ ਬਾਰੇ ਗੱਲ ਕੀਤੀ ਜਾ ਰਹੀ ਹੈ। ਜਿਨ੍ਹਾਂ ਦਾ ਇਹੋ ਅੰਜਾਮ ਹੁੰਦਾ ਹੈ, ਉਨ੍ਹਾਂ ਨੂੰ ਕਦੇ ਦੁਬਾਰਾ ਜ਼ਿੰਦਾ ਨਹੀਂ ਕੀਤਾ ਜਾਵੇਗਾ। ਅੱਗ ਦਾ ਮਤਲਬ ਹੈ ਸਦਾ ਦੀ ਮੌਤ।”
ਸੱਚਾ ਪਰਮੇਸ਼ੁਰ ਪਿਆਰ ਦੀ ਮੂਰਤ ਹੈ। ਉਸ ਵੱਲੋਂ ਨਾਇਨਸਾਫ਼ੀ ਕਰਨੀ ਤਾਂ ਦੂਰ ਦੀ ਗੱਲ ਹੈ! ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਯਿਸੂ ਦੇ ਸ਼ਬਦਾਂ ਦਾ ਇਹ ਮਤਲਬ ਨਹੀਂ ਕਿ ਦੁਸ਼ਟ ਲੋਕ ਹਮੇਸ਼ਾ ਲਈ ਨਰਕ ਦੀ ਅੱਗ ਵਿਚ ਕਸ਼ਟ ਭੁਗਤਣਗੇ। ਸਗੋਂ ਯਿਸੂ ਇਹ ਕਹਿ ਰਿਹਾ ਸੀ ਕਿ ਉਨ੍ਹਾਂ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਦੁਬਾਰਾ ਜੀਵਨ ਨਹੀਂ ਬਖ਼ਸ਼ਿਆ ਜਾਵੇਗਾ।
[ਫੁਟਨੋਟ]
^ ਪੈਰਾ 3 ਬਾਈਬਲ ਦੀਆਂ ਸਭ ਤੋਂ ਭਰੋਸੇਯੋਗ ਹੱਥ-ਲਿਖਤਾਂ ਵਿਚ ਆਇਤਾਂ 44 ਤੇ 46 ਨਹੀਂ ਦਿੱਤੀਆਂ ਗਈਆਂ। ਵਿਦਵਾਨਾਂ ਦਾ ਮੰਨਣਾ ਹੈ ਕਿ ਇਹ ਦੋ ਆਇਤਾਂ ਬਾਅਦ ਵਿਚ ਜੋੜੀਆਂ ਗਈਆਂ ਸਨ। ਪ੍ਰੋ. ਆਰਚੀਬਾਲਡ ਟੀ. ਰੌਬਰਟਸਨ ਨੇ ਲਿਖਿਆ: “ਸਭ ਤੋਂ ਪੁਰਾਣੀਆਂ ਤੇ ਵਧੀਆ ਹੱਥ-ਲਿਖਤਾਂ ਵਿਚ ਇਹ ਦੋ ਆਇਤਾਂ ਨਹੀਂ ਪਾਈਆਂ ਜਾਂਦੀਆਂ ਹਨ। ਇਹ ਪੱਛਮੀ ਤੇ ਸੀਰੀਆਈ (ਬਿਜ਼ੰਤੀਨੀ) ਹੱਥ-ਲਿਖਤਾਂ ਤੋਂ ਨਕਲ ਕੀਤੀਆਂ ਗਈਆਂ ਹਨ। ਇਹ ਆਇਤਾਂ 48ਵੀਂ ਆਇਤ ਦੀ ਗੱਲ ਨੂੰ ਦੁਹਰਾਉਂਦੀਆਂ ਹਨ। ਇਸ ਕਰਕੇ ਅਸੀਂ ਇਹ ਆਇਤਾਂ ਨਹੀਂ ਵਰਤਦੇ ਕਿਉਂਕਿ ਇਹ ਸੱਚੀਆਂ ਨਹੀਂ ਹਨ।”
^ ਪੈਰਾ 5 “ਓਹ ਬਾਹਰ ਜਾ ਕੇ ਉਨ੍ਹਾਂ ਮਨੁੱਖਾਂ ਦੀਆਂ ਲੋਥਾਂ ਨੂੰ ਵੇਖਣਗੇ, ਜੋ ਮੇਰੇ ਅਪਰਾਧੀ ਹੋਏ, ਕਿਉਂ ਜੋ ਨਾ ਉਨ੍ਹਾਂ ਦਾ ਕੀੜਾ ਮਰੇਗਾ, ਨਾ ਉਨ੍ਹਾਂ ਦੀ ਅੱਗ ਬੁਝੇਗੀ, ਅਤੇ ਓਹ ਸਾਰੇ ਬਸ਼ਰਾਂ ਲਈ ਸੂਗ ਹੋਣਗੇ।”—ਯਸਾ. 66:24.