Skip to content

Skip to table of contents

ਪਤੀ-ਪਤਨੀਓ, ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਓ

ਪਤੀ-ਪਤਨੀਓ, ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਓ

ਪਤੀ-ਪਤਨੀਓ, ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਓ

“ਤੇਹਰੀ ਰੱਸੀ ਝੱਬਦੇ ਨਹੀਂ ਟੁੱਟਦੀ।”​—⁠ਉਪ. 4:⁠12.

1. ਪਹਿਲਾ ਵਿਆਹ ਕਿਸ ਨੇ ਰਚਿਆ ਸੀ?

ਪੇੜ-ਪੌਦਿਆਂ ਅਤੇ ਜਾਨਵਰਾਂ ਦੀ ਸਰਿਸ਼ਟੀ ਤੋਂ ਬਾਅਦ ਯਹੋਵਾਹ ਪਰਮੇਸ਼ੁਰ ਨੇ ਪਹਿਲੇ ਆਦਮੀ ਨੂੰ ਬਣਾਇਆ। ਫਿਰ ਉਸ ਨੇ ਉਸ ਆਦਮੀ ਨੂੰ ਗੂੜ੍ਹੀ ਨੀਂਦ ਸੁਲਾਉਣ ਤੋਂ ਬਾਅਦ ਉਸ ਦੀਆਂ ਪਸਲੀਆਂ ਵਿੱਚੋਂ ਇਕ ਕੱਢ ਕੇ ਉਸ ਲਈ ਇਕ ਸਾਥਣ ਬਣਾਈ। ਤੀਵੀਂ ਨੂੰ ਦੇਖ ਕੇ ਆਦਮ ਨੇ ਕਿਹਾ: “ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਹੈ ਅਰ ਮੇਰੇ ਮਾਸ ਵਿੱਚੋਂ ਮਾਸ ਹੈ।” (ਉਤ. 1:27; 2:​18, 21-23) ਯਹੋਵਾਹ ਨੇ ਉਸ ਪਹਿਲੇ ਜੋੜੇ ਆਦਮ ਤੇ ਹੱਵਾਹ ਦਾ ਵਿਆਹ ਕੀਤਾ ਅਤੇ ਉਨ੍ਹਾਂ ਨੂੰ ਆਪਣੀ ਅਸੀਸ ਦਿੱਤੀ।​—⁠ਉਤ. 1:28; 2:⁠24.

2. ਸ਼ਤਾਨ ਨੇ ਆਦਮ ਅਤੇ ਹੱਵਾਹ ਦੇ ਰਿਸ਼ਤੇ ਵਿਚ ਦਰਾੜ ਕਿਵੇਂ ਪਾਈ ਸੀ?

2 ਅਫ਼ਸੋਸ ਦੀ ਗੱਲ ਹੈ ਕਿ ਜਿਹੜਾ ਰਿਸ਼ਤਾ ਯਹੋਵਾਹ ਨੇ ਜੋੜਿਆ ਸੀ, ਉਸ ਨੂੰ ਸ਼ਤਾਨ ਨੇ ਤੋੜਨਾ ਸ਼ੁਰੂ ਕਰ ਦਿੱਤਾ। ਕਿਵੇਂ? ਸ਼ਤਾਨ ਨੇ ਹੱਵਾਹ ਨੂੰ ਉਸ ਦਰਖ਼ਤ ਤੋਂ ਫਲ ਖਾਣ ਲਈ ਭਰਮਾਇਆ ਜਿਸ ਤੋਂ ਯਹੋਵਾਹ ਨੇ ਕਿਹਾ ਸੀ ਨਾ ਖਾਇਓ। ਬਾਅਦ ਵਿਚ ਆਦਮ ਨੇ ਵੀ ਹੱਵਾਹ ਦਾ ਸਾਥ ਦੇ ਕੇ ਯਹੋਵਾਹ ਦੀ ਹਕੂਮਤ ਅਤੇ ਅਗਵਾਈ ਖ਼ਿਲਾਫ਼ ਬਗਾਵਤ ਕੀਤੀ। (ਉਤ. 3:​1-⁠7) ਜਦ ਯਹੋਵਾਹ ਨੇ ਉਨ੍ਹਾਂ ਨੂੰ ਇਸ ਬਾਰੇ ਪੁੱਛਿਆ, ਤਾਂ ਇਹ ਗੱਲ ਸਾਫ਼ ਸੀ ਕਿ ਉਨ੍ਹਾਂ ਦੇ ਰਿਸ਼ਤੇ ਵਿਚ ਫੁੱਟ ਪੈਣ ਲੱਗ ਪਈ ਸੀ। ਆਦਮ ਨੇ ਹੱਵਾਹ ਉੱਤੇ ਦੋਸ਼ ਲਾਉਂਦੇ ਹੋਏ ਕਿਹਾ: “ਜਿਸ ਤੀਵੀਂ ਨੂੰ ਤੂੰ ਮੈਨੂੰ ਦਿੱਤਾ ਸੀ ਉਸ ਨੇ ਉਸ ਬਿਰਛ ਤੋਂ ਮੈਨੂੰ ਦਿੱਤਾ ਤੇ ਮੈਂ ਖਾਧਾ।”​—⁠ਉਤ. 3:​11-13.

3. ਕੁਝ ਯਹੂਦੀ ਵਿਆਹ ਦੇ ਬੰਧਨ ਨੂੰ ਕਿਵੇਂ ਵਿਚਾਰਨ ਲੱਗੇ ਸਨ?

3 ਸਮੇਂ ਦੇ ਬੀਤਣ ਨਾਲ ਸ਼ਤਾਨ ਨੇ ਪਤੀ-ਪਤਨੀ ਵਿਚ ਫੁੱਟ ਪਾਉਣ ਲਈ ਕਈ ਚਾਲਾਂ ਚੱਲੀਆਂ ਹਨ। ਮਿਸਾਲ ਲਈ, ਉਸ ਨੇ ਧਾਰਮਿਕ ਆਗੂਆਂ ਰਾਹੀਂ ਅਜਿਹੀਆਂ ਗੱਲਾਂ ਸਿਖਾਈਆਂ ਹਨ ਜੋ ਵਿਆਹ ਬਾਰੇ ਰੱਬ ਦੀ ਸਿੱਖਿਆ ਦੇ ਖ਼ਿਲਾਫ਼ ਹਨ। ਕੁਝ ਯਹੂਦੀ ਆਗੂਆਂ ਨੇ ਵਿਆਹ ਦੇ ਪਵਿੱਤਰ ਬੰਧਨ ਨੂੰ ਮਾਮੂਲੀ ਬਣਾ ਦਿੱਤਾ ਸੀ। ਕਿਵੇਂ? ਉਨ੍ਹਾਂ ਨੇ ਆਦਮੀਆਂ ਨੂੰ ਛੋਟੀ ਜਿਹੀ ਗੱਲ ਤੇ ਆਪਣੀਆਂ ਤੀਵੀਆਂ ਨੂੰ ਤਲਾਕ ਦੇਣ ਦੀ ਇਜਾਜ਼ਤ ਦਿੱਤੀ ਸੀ, ਜਿਵੇਂ ਦਾਲ ਵਿਚ ਜ਼ਿਆਦਾ ਲੂਣ ਪਾ ਦੇਣਾ। ਪਰ ਯਿਸੂ ਨੇ ਕਿਹਾ ਸੀ: “ਜੋ ਕੋਈ ਆਪਣੀ ਤੀਵੀਂ ਨੂੰ ਬਿਨਾ ਹਰਾਮਕਾਰੀ ਦੇ ਕਿਸੇ ਹੋਰ ਕਾਰਨ ਤੋਂ ਤਿਆਗ ਦੇਵੇ ਅਤੇ ਦੂਈ ਨਾਲ ਵਿਆਹ ਕਰੇ ਸੋ ਜਨਾਹ ਕਰਦਾ ਹੈ।”​—⁠ਮੱਤੀ 19:⁠9.

4. ਵਿਆਹਾਂ ਨੂੰ ਤੋੜਨ ਲਈ ਅੱਜ ਸ਼ਤਾਨ ਕੀ-ਕੀ ਕਰ ਰਿਹਾ ਹੈ?

4 ਅੱਜ ਵੀ ਸ਼ਤਾਨ ਵਿਆਹਾਂ ਨੂੰ ਤੋੜਨ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ। ਅੱਜ-ਕੱਲ੍ਹ ਆਦਮੀ ਆਦਮੀਆਂ ਨਾਲ ਅਤੇ ਤੀਵੀਆਂ ਤੀਵੀਆਂ ਨਾਲ ਵਿਆਹ ਕਰਾਉਂਦੀਆਂ ਹਨ, ਕਈ ਮੁੰਡੇ-ਕੁੜੀਆਂ ਵਿਆਹ ਕੀਤੇ ਬਿਨਾਂ ਇਕੱਠੇ ਰਹਿੰਦੇ ਹਨ ਅਤੇ ਕਈ ਜਿਹੜੇ ਵਿਆਹ ਕਰਾ ਵੀ ਲੈਂਦੇ ਹਨ ਉਹ ਝੱਟ ਤਲਾਕ ਲੈ ਲੈਂਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਸ਼ਤਾਨ ਦੀਆਂ ਚਾਲਾਂ ਕਾਮਯਾਬ ਹੋ ਰਹੀਆਂ ਹਨ। (ਇਬਰਾਨੀਆਂ 13:4 ਪੜ੍ਹੋ।) ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਅਸੀਂ ਕੀ ਕਰ ਸਕਦੇ ਹਾਂ ਤਾਂਕਿ ਵਿਆਹ ਬਾਰੇ ਅਸੀਂ ਸ਼ਤਾਨ ਦੀ ਦੁਨੀਆਂ ਵਾਂਗ ਸੋਚਣ ਨਾ ਲੱਗ ਪਈਏ? ਆਓ ਆਪਾਂ ਦੇਖੀਏ ਕਿ ਕੁਝ ਜੋੜੇ ਸੁਖੀ ਰਹਿਣ ਲਈ ਕੀ ਕਰਦੇ ਹਨ।

ਪਤੀ-ਪਤਨੀਓ, ਯਹੋਵਾਹ ਨਾਲ ਇਕ ਹੋਵੋ

5. ਵਿਆਹ ਦੇ ਸੰਬੰਧ ਵਿਚ “ਤੇਹਰੀ ਰੱਸੀ” ਕਹਿਣ ਦਾ ਕੀ ਮਤਲਬ ਹੈ?

5 ਜੇ ਪਤੀ-ਪਤਨੀ ਦੇ ਰਿਸ਼ਤੇ ਨੇ ਕਾਮਯਾਬ ਹੋਣਾ ਹੈ, ਤਾਂ ਇਹ ਬਹੁਤ ਜ਼ਰੂਰੀ ਹੈ ਕਿ ਯਹੋਵਾਹ ਉਨ੍ਹਾਂ ਦੇ ਨਾਲ ਹੋਵੇ। ਬਾਈਬਲ ਕਹਿੰਦੀ ਹੈ: “ਤੇਹਰੀ ਰੱਸੀ ਝੱਬਦੇ ਨਹੀਂ ਟੁੱਟਦੀ।” (ਉਪ. 4:12) “ਤੇਹਰੀ ਰੱਸੀ” ਕਹਿਣ ਦਾ ਕੀ ਮਤਲਬ ਹੈ? ਅਸੀਂ ਕਹਿ ਸਕਦੇ ਹਾਂ ਕਿ ਵਿਆਹ ਦਾ ਰਿਸ਼ਤਾ ਤਿੰਨ ਲੜੀਆਂ ਦੀ ਵੱਟੀ ਹੋਈ ਰੱਸੀ ਵਰਗਾ ਹੈ। ਦੋ ਲੜੀਆਂ ਪਤੀ-ਪਤਨੀ ਹਨ ਅਤੇ ਸਭ ਤੋਂ ਜ਼ਰੂਰੀ ਲੜੀ ਖ਼ੁਦ ਯਹੋਵਾਹ ਪਰਮੇਸ਼ੁਰ ਹੈ। ਪਤੀ-ਪਤਨੀ ਨੂੰ ਯਹੋਵਾਹ ਨਾਲ ਇਕਮੁੱਠ ਹੋ ਕੇ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਮਿਲਦੀ ਹੈ। ਉਸ ਦੀ ਅਸੀਸ ਨਾਲ ਉਹ ਵੱਡਾ ਸੁਖ ਪਾਉਂਦੇ ਹਨ।

6, 7. (ੳ) ਪਤੀ-ਪਤਨੀ ਦਾ ਰਿਸ਼ਤਾ ਇਕ ਤਿਹਰੀ ਰੱਸੀ ਵਾਂਗ ਮਜ਼ਬੂਤ ਕਿਵੇਂ ਹੋ ਸਕਦਾ ਹੈ? (ਅ) ਇਕ ਭੈਣ ਨੂੰ ਆਪਣੇ ਪਤੀ ਬਾਰੇ ਕਿਹੜੀ ਗੱਲ ਪਿਆਰੀ ਲੱਗਦੀ ਹੈ?

6 ਪਤੀ-ਪਤਨੀ ਦਾ ਰਿਸ਼ਤਾ ਇਕ ਤਿਹਰੀ ਰੱਸੀ ਵਾਂਗ ਮਜ਼ਬੂਤ ਕਿਵੇਂ ਹੋ ਸਕਦਾ ਹੈ? ਦਾਊਦ ਨੇ ਕਿਹਾ: “ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ, ਅਤੇ ਤੇਰੀ ਬਿਵਸਥਾ ਮੇਰੇ ਰਿਦੇ ਦੇ ਅੰਦਰ ਹੈ।” (ਜ਼ਬੂ. 40:8) ਜੇ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਤਨ-ਮਨ ਲਾ ਕੇ ਉਸ ਦੀ ਸੇਵਾ ਕਰਾਂਗੇ। ਇਸ ਲਈ ਬਹੁਤ ਜ਼ਰੂਰੀ ਹੈ ਕਿ ਪਤੀ-ਪਤਨੀ ਦੋਵੇਂ ਯਹੋਵਾਹ ਨਾਲ ਗੂੜ੍ਹੀ ਦੋਸਤੀ ਕਰਨ ਅਤੇ ਉਸ ਦੀ ਇੱਛਾ ਪੂਰੀ ਕਰ ਕੇ ਖ਼ੁਸ਼ ਹੋਣ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਪਰਮੇਸ਼ੁਰ ਲਈ ਇਕ-ਦੂਜੇ ਦਾ ਪਿਆਰ ਵਧਾਉਣ।​—⁠ਕਹਾ. 27:⁠17.

7 ਜੇ ਪਰਮੇਸ਼ੁਰ ਦਾ ਬਚਨ ਸੱਚ-ਮੁੱਚ ਸਾਡੇ ਦਿਲ ਵਿਚ ਹੈ, ਤਾਂ ਨਿਹਚਾ, ਪ੍ਰੇਮ ਅਤੇ ਆਸ਼ਾ ਵਰਗੇ ਗੁਣ ਸਾਡੇ ਵਿਆਹੁਤਾ ਬੰਧਨ ਨੂੰ ਮਜ਼ਬੂਤ ਬਣਾਉਣਗੇ। (1 ਕੁਰਿੰ. 13:13) 50 ਸਾਲਾਂ ਤੋਂ ਵਿਆਹੀ ਹੋਈ ਭੈਣ ਸੈਂਡਰਾ ਕਹਿੰਦੀ ਹੈ: “ਮੇਰੇ ਪਤੀ ਬਾਰੇ ਸਭ ਤੋਂ ਪਿਆਰੀ ਗੱਲ ਇਹ ਹੈ ਕਿ ਉਹ ਯਹੋਵਾਹ ਨੂੰ ਬਹੁਤ ਪਿਆਰ ਕਰਦੇ ਹਨ, ਮੇਰੇ ਤੋਂ ਵੀ ਜ਼ਿਆਦਾ। ਉਹ ਹਮੇਸ਼ਾ ਮੈਨੂੰ ਬਾਈਬਲ ਤੋਂ ਸਲਾਹ ਦਿੰਦੇ ਹਨ।” ਪਤੀਓ, ਕੀ ਤੁਹਾਡੇ ਬਾਰੇ ਵੀ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ?

8. ਆਪਣੀ ਜ਼ਿੰਦਗੀ ਵਿਚ ਸੁਖ ਪਾਉਣ ਲਈ ਪਤੀ-ਪਤਨੀ ਨੂੰ ਕੀ ਕਰਨ ਦੀ ਲੋੜ ਹੈ?

8 ਪਤੀ-ਪਤਨੀਓ, ਕੀ ਤੁਸੀਂ ਯਹੋਵਾਹ ਅਤੇ ਉਸ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੇ ਹੋ? ਇਸ ਤੋਂ ਇਲਾਵਾ ਕੀ ਤੁਸੀਂ ਇਕ ਸਰੀਰ ਹੋ ਕੇ ਯਹੋਵਾਹ ਦੀ ਸੇਵਾ ਕਰਦੇ ਹੋ? (ਉਤ. 2:24) ਬੁੱਧੀਮਾਨ ਬਾਦਸ਼ਾਹ ਸੁਲੇਮਾਨ ਨੇ ਲਿਖਿਆ: “ਇੱਕ ਨਾਲੋਂ ਦੋ ਚੰਗੇ ਹਨ ਕਿਉਂ ਜੋ ਉਨ੍ਹਾਂ ਦੀ ਮਿਹਨਤ ਦੀ ਚੰਗੀ ਖੱਟੀ ਹੁੰਦੀ ਹੈ।” (ਉਪ. 4:9) ਯਹੋਵਾਹ ਦੀ ਬਰਕਤ ਨਾਲ ਪਤੀ-ਪਤਨੀ ਮਿਹਨਤ ਕਰ ਕੇ ਆਪਣੀ ਜ਼ਿੰਦਗੀ ਵਿਚ ਸੁਖ ਪਾ ਸਕਦੇ ਅਤੇ ਆਪਣੇ ਰਿਸ਼ਤੇ ਨੂੰ ਕਾਇਮ ਰੱਖ ਸਕਦੇ ਹਨ।

9. (ੳ) ਪਤੀ ਦੀਆਂ ਕਿਹੜੀਆਂ ਜ਼ਿੰਮੇਵਾਰੀਆਂ ਹਨ? (ਅ) ਕੁਲੁੱਸੀਆਂ 3:19 ਮੁਤਾਬਕ ਇਕ ਪਤੀ ਨੂੰ ਆਪਣੀ ਪਤਨੀ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?

9 ਜੇ ਪਤੀ-ਪਤਨੀ ਰੱਬ ਦੀਆਂ ਮੰਗਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਨ, ਤਾਂ ਇਸ ਤੋਂ ਪਤਾ ਲੱਗੇਗਾ ਕਿ ਰੱਬ ਉਨ੍ਹਾਂ ਦੇ ਨਾਲ ਹੈ। ਪਰਮੇਸ਼ੁਰ ਨੇ ਪਤੀਆਂ ਨੂੰ ਰੋਜ਼ੀ-ਰੋਟੀ ਕਮਾਉਣ ਅਤੇ ਪਰਮੇਸ਼ੁਰ ਦੀ ਮੱਤ ਦੇਣ ਦੀ ਮੁੱਖ ਜ਼ਿੰਮੇਵਾਰੀ ਦਿੱਤੀ ਹੋਈ ਹੈ। (1 ਤਿਮੋ. 5:8) ਉਨ੍ਹਾਂ ਨੂੰ ਆਪਣੀਆਂ ਪਤਨੀਆਂ ਦਾ ਲਿਹਾਜ਼ ਰੱਖਣ ਲਈ ਵੀ ਕਿਹਾ ਗਿਆ ਹੈ। ਕੁਲੁੱਸੀਆਂ 3:19 ਵਿਚ ਅਸੀਂ ਪੜ੍ਹਦੇ ਹਾਂ: “ਹੇ ਪਤੀਓ, ਤੁਸੀਂ ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਅਤੇ ਉਨ੍ਹਾਂ ਨਾਲ ਕੌੜੇ ਨਾ ਹੋਵੋ।” ਬਾਈਬਲ ਦੇ ਇਕ ਵਿਦਵਾਨ ਨੇ ਕਿਹਾ ਕਿ ‘ਕੌੜੇ ਹੋਣ’ ਦਾ ਮਤਲਬ ਹੈ “ਗੁੱਸੇ ਵਿਚ ਆ ਕੇ ਬੁਰਾ-ਭਲਾ ਕਹਿਣਾ ਅਤੇ ਕੁੱਟਣਾ-ਮਾਰਨਾ। ਇਸ ਦਾ ਇਹ ਵੀ ਮਤਲਬ ਹੈ ਕਿ ਪਿਆਰ, ਦੇਖ-ਭਾਲ, ਰਾਖੀ, ਮਦਦ ਤੇ ਫ਼ਿਕਰ ਕਰਨ ਤੋਂ ਇਨਕਾਰ ਕਰਨਾ।” ਸਾਡੇ ਘਰਾਂ ਵਿਚ ਇਸ ਤਰ੍ਹਾਂ ਕਦੇ ਨਹੀਂ ਹੋਣਾ ਚਾਹੀਦਾ। ਜੇ ਇਕ ਪਤੀ ਪਿਆਰ ਨਾਲ ਆਪਣਾ ਅਧਿਕਾਰ ਚਲਾਏਗਾ, ਤਾਂ ਉਸ ਦੀ ਪਤਨੀ ਖ਼ੁਸ਼ੀ-ਖ਼ੁਸ਼ੀ ਉਸ ਦੇ ਅਧੀਨ ਰਹੇਗੀ।

10. ਸਾਡੀਆਂ ਸ਼ਾਦੀ-ਸ਼ੁਦਾ ਭੈਣਾਂ ਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

10 ਜੇ ਪਤਨੀਆਂ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੀਆਂ ਹਨ, ਤਾਂ ਉਨ੍ਹਾਂ ਨੂੰ ਉਸ ਦੀਆਂ ਮੰਗਾਂ ਉੱਤੇ ਪੂਰਾ ਉਤਰਨਾ ਚਾਹੀਦਾ ਹੈ। ਪੌਲੁਸ ਰਸੂਲ ਨੇ ਲਿਖਿਆ: “ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੁ ਦੇ ਕਿਉਂ ਜੋ ਪਤੀ ਪਤਨੀ ਦਾ ਸਿਰ ਹੈ ਜਿਵੇਂ ਮਸੀਹ ਭੀ ਕਲੀਸਿਯਾ ਦਾ ਸਿਰ ਹੈ।” (ਅਫ਼. 5:​22, 23) ਸ਼ਤਾਨ ਨੇ ਹੱਵਾਹ ਦੇ ਮਨ ਵਿਚ ਇਹ ਬੀ ਬੀਜਿਆ ਸੀ ਕਿ ਖ਼ੁਸ਼ੀ ਪਾਉਣ ਲਈ ਉਸ ਨੂੰ ਪਰਮੇਸ਼ੁਰ ਦੀ ਲੋੜ ਨਹੀਂ ਸੀ। ਉਹ ਧੋਖਾ ਖਾ ਬੈਠੀ ਅਤੇ ਅੱਜ ਵੀ ਇਸ ਝੂਠ ਤੋਂ ਤੀਵੀਆਂ ਧੋਖਾ ਖਾ ਰਹੀਆਂ ਹਨ। ਪਰ ਪਰਮੇਸ਼ੁਰ ਦਾ ਭੈ ਰੱਖਣ ਵਾਲੀਆਂ ਸਾਡੀਆਂ ਭੈਣਾਂ ਨੂੰ ਆਪਣੇ ਪਤੀਆਂ ਦੇ ਅਧੀਨ ਰਹਿਣਾ ਬੁਰਾ ਨਹੀਂ ਲੱਗਦਾ। ਉਹ ਯਾਦ ਰੱਖਦੀਆਂ ਹਨ ਕਿ ਯਹੋਵਾਹ ਨੇ ਹੱਵਾਹ ਨੂੰ ‘ਆਦਮ ਦੇ ਵਾਂਙੁ’ ਬਣਾਇਆ ਸੀ ਅਤੇ ਪਰਮੇਸ਼ੁਰ ਦੀ ਨਜ਼ਰ ਵਿਚ ਇਹ ਆਦਰਯੋਗ ਪਦਵੀ ਸੀ। (ਉਤ. 2:18) ਸਾਡੀਆਂ ਭੈਣਾਂ ਜੋ ਖਿੜੇ-ਮੱਥੇ ਆਪਣੇ ਪਤੀਆਂ ਦੇ ਅਧੀਨ ਰਹਿੰਦੀਆਂ ਹਨ “ਆਪਣੇ ਪਤੀ ਦਾ ਮੁਕਟ” ਸਾਬਤ ਹੁੰਦੀਆਂ ਹਨ।​—⁠ਕਹਾ. 12:⁠4.

11. ਇਕ ਭਰਾ ਨੇ ਵਿਆਹ ਵਿਚ ਖ਼ੁਸ਼ੀ ਪਾਉਣ ਬਾਰੇ ਕੀ ਕਿਹਾ ਸੀ?

11 ਜੇ ਪਤੀ-ਪਤਨੀ ਇਕੱਠੇ ਬੈਠ ਕੇ ਬਾਈਬਲ ਸਟੱਡੀ ਕਰਨਗੇ, ਤਾਂ ਪਰਮੇਸ਼ੁਰ ਉਨ੍ਹਾਂ ਦੇ ਨਾਲ ਹੋਵੇਗਾ। ਭਰਾ ਜੈਰਲਡ ਦਾ ਵਿਆਹ 55 ਸਾਲ ਪਹਿਲਾਂ ਹੋਇਆ ਸੀ। ਉਸ ਨੇ ਕਿਹਾ: “ਵਿਆਹ ਵਿਚ ਸੁਖ ਪਾਉਣ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਪਤੀ-ਪਤਨੀ ਇਕੱਠੇ ਬਾਈਬਲ ਪੜ੍ਹਨ ਅਤੇ ਸਟੱਡੀ ਕਰਨ।” ਉਸ ਨੇ ਅੱਗੇ ਕਿਹਾ: “ਸਾਰੇ ਕੰਮ ਮਿਲ ਕੇ ਕਰਨ ਨਾਲ, ਖ਼ਾਸ ਕਰ ਕੇ ਯਹੋਵਾਹ ਦੀ ਭਗਤੀ ਇਕੱਠੇ ਕਰਨ ਨਾਲ ਪਤੀ-ਪਤਨੀ ਇਕ-ਦੂਜੇ ਦੇ ਅਤੇ ਯਹੋਵਾਹ ਦੇ ਕਰੀਬ ਹੁੰਦੇ ਹਨ।” ਜਿਹੜੇ ਪਰਿਵਾਰ ਇਕੱਠੇ ਬੈਠ ਕੇ ਬਾਈਬਲ ਸਟੱਡੀ ਕਰਦੇ ਹਨ, ਉਨ੍ਹਾਂ ਦੇ ਮਨਾਂ ਵਿਚ ਇਹ ਗੱਲ ਸਾਫ਼ ਹੁੰਦੀ ਹੈ ਕਿ ਯਹੋਵਾਹ ਨੂੰ ਕੀ ਖ਼ੁਸ਼ ਕਰਦਾ ਹੈ ਤੇ ਕੀ ਨਹੀਂ। ਉਹ ਸੱਚਾਈ ਵਿਚ ਤਰੱਕੀ ਕਰਨ ਲਈ ਇਕ-ਦੂਜੇ ਦੀ ਮਦਦ ਕਰਦੇ ਰਹਿੰਦੇ ਹਨ।

12, 13. (ੳ) ਪਤੀ-ਪਤਨੀ ਲਈ ਇਕੱਠਿਆਂ ਪ੍ਰਾਰਥਨਾ ਕਰਨੀ ਇੰਨੀ ਜ਼ਰੂਰੀ ਕਿਉਂ ਹੈ? (ਅ) ਆਪਣੇ ਰਿਸ਼ਤੇ ਨੂੰ ਮਜ਼ਬੂਤ ਰੱਖਣ ਲਈ ਪਤੀ-ਪਤਨੀ ਨੂੰ ਹੋਰ ਕੀ ਕਰਨਾ ਚਾਹੀਦਾ ਹੈ?

12 ਇਕ ਹੋਰ ਗੱਲ, ਜਿਹੜੇ ਜੋੜੇ ਇਕੱਠੇ ਪ੍ਰਾਰਥਨਾ ਕਰਦੇ ਹਨ ਉਹ ਸੁਖੀ ਰਹਿੰਦੇ ਹਨ। ਜਦ ਪਤੀ ਯਹੋਵਾਹ ਨੂੰ ਉਹ ਗੱਲਾਂ ‘ਦਿਲ ਖੋਲ੍ਹ ਕੇ’ ਦੱਸਦਾ ਹੈ ਜੋ ਉਨ੍ਹਾਂ ਦੋਹਾਂ ਦੀ ਜ਼ਿੰਦਗੀ ਨਾਲ ਤਅੱਲਕ ਰੱਖਦੀਆਂ ਹਨ, ਤਾਂ ਉਨ੍ਹਾਂ ਦਾ ਆਪਸੀ ਰਿਸ਼ਤਾ ਮਜ਼ਬੂਤ ਹੁੰਦਾ ਹੈ। (ਜ਼ਬੂ. 62:8) ਮਿਸਾਲ ਲਈ, ਜਿਹੜੇ ਜੋੜੇ ਅਣਬਣ ਹੋਣ ਤੇ ਸਰਬਸ਼ਕਤੀਮਾਨ ਪਰਮੇਸ਼ੁਰ ਤੋਂ ਮਦਦ ਮੰਗਦੇ ਹਨ ਉਨ੍ਹਾਂ ਲਈ ਇਕ-ਦੂਜੇ ਨੂੰ ਮਾਫ਼ ਕਰਨਾ ਇੰਨਾ ਔਖਾ ਨਹੀਂ ਹੁੰਦਾ। (ਮੱਤੀ 6:​14, 15) ਆਪਣੀ ਪ੍ਰਾਰਥਨਾ ਅਨੁਸਾਰ ਚੱਲਣ ਵਿਚ ਉਹ ਇਕ-ਦੂਜੇ ਦੀ ਮਦਦ ਕਰ ਸਕਦੇ ਹਨ। ਇਸ ਤੋਂ ਇਲਾਵਾ ਕਿੰਨਾ ਚੰਗਾ ਹੋਵੇਗਾ ਜੇ ਪਤੀ-ਪਤਨੀ ਆਪਣਾ ਮਨ ਬਣਾ ਲੈਣ ਕਿ ਉਹ ‘ਇੱਕ ਦੂਏ ਦੀ ਸਹਿ ਲੈਣਗੇ ਅਤੇ ਇੱਕ ਦੂਏ ਨੂੰ ਮਾਫ਼ ਕਰਨਗੇ।’ (ਕੁਲੁ. 3:13) ਇਹ ਵੀ ਯਾਦ ਰੱਖੋ ਕਿ ਪ੍ਰਾਰਥਨਾ ਰਾਹੀਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ। ਰਾਜਾ ਦਾਊਦ ਨੇ ਕਿਹਾ: “ਸਾਰਿਆਂ ਦੀਆਂ ਅੱਖਾਂ ਤੇਰੀ ਵੱਲ ਲੱਗੀਆਂ ਹੋਈਆਂ ਹਨ।” (ਜ਼ਬੂ. 145:15) ਜਦ ਅਸੀਂ ਯਹੋਵਾਹ ਵੱਲ ਤੱਕਦੇ ਹਾਂ, ਤਾਂ ਸਾਨੂੰ ਫ਼ਿਕਰ ਕਰਨ ਦੀ ਲੋੜ ਨਹੀਂ ਕਿਉਂਕਿ ‘ਉਹ ਨੂੰ ਸਾਡਾ ਫ਼ਿਕਰ ਹੈ।’​—⁠1 ਪਤ. 5:⁠7.

13 ਜੇ ਪਤੀ-ਪਤਨੀ ਇਕੱਠੇ ਮੀਟਿੰਗਾਂ ਵਿਚ ਅਤੇ ਪ੍ਰਚਾਰ ਕਰਨ ਜਾਣਗੇ, ਤਾਂ ਪਰਮੇਸ਼ੁਰ ਉਨ੍ਹਾਂ ਦੇ ਨਾਲ ਹੋਵੇਗਾ। ਮੀਟਿੰਗਾਂ ਵਿਚ ਵਿਆਹੁਤਾ ਜੋੜਿਆਂ ਨੂੰ ਸਿਖਾਇਆ ਜਾਂਦਾ ਹੈ ਕਿ ਉਹ ਸ਼ਤਾਨ ਦੇ ਉਨ੍ਹਾਂ “ਛਲ ਛਿੱਦ੍ਰਾਂ” ਤੋਂ ਕਿਵੇਂ ਬਚ ਸਕਦੇ ਹਨ ਜੋ ਉਹ ਵਿਆਹਾਂ ਨੂੰ ਤੋੜਨ ਲਈ ਵਰਤਦਾ ਹੈ। (ਅਫ਼. 6:11) ਪ੍ਰਚਾਰ ਵਿਚ ਬਾਕਾਇਦਾ ਇਕੱਠੇ ਜਾਣ ਵਾਲੇ ਪਤੀ-ਪਤਨੀ “ਇਸਥਿਰ ਅਤੇ ਅਡੋਲ” ਰਹਿੰਦੇ ਹਨ।​—⁠1 ਕੁਰਿੰ. 15:⁠58.

ਜਦ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ

14. ਵਿਆਹਾਂ ਵਿਚ ਮੁਸ਼ਕਲਾਂ ਕਿਉਂ ਆ ਸਕਦੀਆਂ ਹਨ?

14 ਉੱਪਰ ਦਿੱਤੇ ਸੁਝਾਅ ਭਾਵੇਂ ਨਵੇਂ ਨਾ ਹੋਣ, ਫਿਰ ਵੀ ਚੰਗਾ ਹੋਵੇਗਾ ਜੇ ਪਤੀ-ਪਤਨੀ ਬੈਠ ਕੇ ਇਨ੍ਹਾਂ ਉੱਤੇ ਚਰਚਾ ਕਰਨ। ਕਿਉਂ ਨਾ ਦੇਖੋ ਕਿ ਇਨ੍ਹਾਂ ਵਿੱਚੋਂ ਕੁਝ ਸੁਝਾਅ ਤੁਸੀਂ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹੋ। ਬਾਈਬਲ ਕਹਿੰਦੀ ਹੈ ਕਿ ਸਾਰੇ ਵਿਆਹੁਤਾ ਜੋੜੇ ਆਪਣੇ “ਸਰੀਰ ਵਿੱਚ ਦੁਖ ਭੋਗਣਗੇ,” ਉਹ ਵੀ ਜਿਹੜੇ ਰੱਬ ਦੀ ਭਗਤੀ ਕਰਦੇ ਹਨ। (1 ਕੁਰਿੰ. 7:28) ਪਾਪੀ ਹੋਣ ਕਰਕੇ, ਇਸ ਦੁਨੀਆਂ ਦੇ ਬੁਰੇ ਪ੍ਰਭਾਵ ਕਰਕੇ ਅਤੇ ਸ਼ਤਾਨ ਦੇ ਫੰਦਿਆਂ ਕਰਕੇ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਦੇ ਵਿਆਹਾਂ ਵਿਚ ਵੀ ਮੁਸ਼ਕਲਾਂ ਆਉਂਦੀਆਂ ਹਨ। (2 ਕੁਰਿੰ. 2:11) ਪਰ ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਯਹੋਵਾਹ ਦੀ ਮਦਦ ਨਾਲ ਅਸੀਂ ਕਾਮਯਾਬ ਹੋ ਸਕਦੇ ਹਾਂ। ਭਾਵੇਂ ਅੱਯੂਬ ਆਪਣੇ ਪਸ਼ੂ, ਆਪਣੇ ਸੇਵਾਦਾਰ ਅਤੇ ਆਪਣੇ ਬੱਚੇ ਗੁਆ ਬੈਠਾ ਸੀ, ਫਿਰ ਵੀ ਬਾਈਬਲ ਕਹਿੰਦੀ ਹੈ ਕਿ “ਏਸ ਸਾਰੇ ਵਿੱਚ ਨਾ ਤਾਂ ਅੱਯੂਬ ਨੇ ਪਾਪ ਕੀਤਾ ਅਤੇ ਨਾ ਪਰਮੇਸ਼ੁਰ ਉੱਤੇ ਬੇ ਅਕਲੀ ਦਾ ਦੋਸ਼ ਲਾਇਆ।”​—⁠ਅੱਯੂ. 1:​13-22.

15. ਮੁਸ਼ਕਲਾਂ ਕਰਕੇ ਕੋਈ ਸ਼ਾਇਦ ਕੀ ਕਹੇ ਜਾਂ ਕਰੇ? ਜੇ ਤੁਹਾਡਾ ਸਾਥੀ ਗੁੱਸੇ ਵਿਚ ਆ ਜਾਵੇ, ਤਾਂ ਤੁਸੀਂ ਕੀ ਕਰ ਸਕਦੇ ਹੋ?

15 ਅੱਯੂਬ ਦੀ ਘਰਵਾਲੀ ਨੇ ਉਸ ਨੂੰ ਕਿਹਾ: “ਕੀ ਤੈਂ ਅਜੇ ਵੀ ਆਪਣੀ ਖਰਿਆਈ ਨੂੰ ਤਕੜੀ ਕਰ ਕੇ ਫੜਿਆ ਹੋਇਆ ਹੈ? ਪਰਮੇਸ਼ੁਰ ਨੂੰ ਫਿਟਕਾਰ ਤੇ ਮਰ ਜਾਹ!” (ਅੱਯੂ. 2:9) ਅਸੀਂ ਸਮਝ ਸਕਦੇ ਹਾਂ ਕਿ ਜਦ ਕਿਸੇ ਉੱਤੇ ਔਖੀ ਘੜੀ ਆਉਂਦੀ ਹੈ ਜਾਂ ਉਸ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਤਾਂ ਦਿਲ ਦੀ ਪੀੜ ਕਰਕੇ ਉਹ ਬਿਨਾਂ ਸੋਚੇ-ਸਮਝੇ ਕੁਝ ਕਹਿ ਜਾਂ ਕਰ ਸਕਦਾ ਹੈ। ਰਾਜਾ ਸੁਲੇਮਾਨ ਨੇ ਕਿਹਾ: “ਸੱਚ ਮੁੱਚ ਸਖਤੀ ਬੁੱਧਵਾਨ ਨੂੰ ਕਮਲਾ ਬਣਾ ਦਿੰਦੀ ਹੈ।” (ਉਪ. 7:7) ਜੇ ਤੁਹਾਡਾ ਸਾਥੀ ਕਿਸੇ ਮੁਸੀਬਤ ਜਾਂ “ਸਖਤੀ” ਕਾਰਨ ਗੁੱਸੇ ਵਿਚ ਆ ਕੇ ਕੁਝ ਕਹਿ ਦਿੰਦਾ ਹੈ, ਤਾਂ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ, ਤਾਂ ਮੁਸ਼ਕਲ ਹੋਰ ਵੀ ਵਧ ਜਾਵੇਗੀ। (ਜ਼ਬੂਰਾਂ ਦੀ ਪੋਥੀ 37:8 ਪੜ੍ਹੋ।) ਨਿਰਾਸ਼ਾ ਕਾਰਨ ਜੋਸ਼ ਵਿਚ ਆ ਕੇ ਕਈਆਂ ਗੱਲਾਂ ਉੱਤੇ ਦਿਲ ਨਾ ਲਾਓ।​—⁠ਅੱਯੂ. 6:⁠3.

16. (ੳ) ਪਤੀ-ਪਤਨੀ ਮੱਤੀ 7:​1-5 ਵਿਚ ਦਿੱਤੀ ਯਿਸੂ ਦੀ ਸਲਾਹ ਕਿਵੇਂ ਲਾਗੂ ਕਰ ਸਕਦੇ ਹਨ? (ਅ) ਸਾਨੂੰ ਆਪਣੇ ਸਾਥੀ ਵਿਚ ਕੀ ਦੇਖਣਾ ਚਾਹੀਦਾ ਹੈ?

16 ਪਤੀ-ਪਤਨੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਰੇ ਗ਼ਲਤੀਆਂ ਦੇ ਪੁਤਲੇ ਹਨ। ਸਾਨੂੰ ਸ਼ਾਇਦ ਆਪਣੇ ਸਾਥੀ ਦੀ ਕਿਸੇ ਗੱਲ ਜਾਂ ਆਦਤ ਤੋਂ ਖਿੱਝ ਆਵੇ ਅਤੇ ਅਸੀਂ ਸੋਚੀਏ ਕਿ ‘ਮੈਂ ਇਹ ਨੂੰ ਬਦਲ ਸਕਦਾ ਹਾਂ।’ ਪਿਆਰ ਅਤੇ ਧੀਰਜ ਨਾਲ ਅਸੀਂ ਸ਼ਾਇਦ ਆਪਣੇ ਸਾਥੀ ਦੀ ਥੋੜ੍ਹੀ-ਬਹੁਤੀ ਮਦਦ ਕਰ ਸਕੀਏ। ਪਰ ਇਹ ਗੱਲ ਯਾਦ ਰੱਖੋ ਕਿ ਯਿਸੂ ਨੇ ਛੋਟੀਆਂ-ਮੋਟੀਆਂ ਗ਼ਲਤੀਆਂ ਦੀ ਨੁਕਤਾਚੀਨੀ ਕਰਨ ਵਾਲੇ ਦੀ ਤੁਲਨਾ ਉਸ ਆਦਮੀ ਨਾਲ ਕੀਤੀ ਸੀ ਜੋ ਆਪਣੀ ਅੱਖ ਵਿਚ “ਸ਼ਤੀਰ” ਦੇਖਣ ਦੀ ਬਜਾਇ ਦੂਜੇ ਦੀ ਅੱਖ ਵਿੱਚੋਂ “ਕੱਖ” ਕੱਢਣ ਦੀ ਕੋਸ਼ਿਸ਼ ਕਰਦਾ ਹੈ। ਯਿਸੂ ਨੇ ਸਾਨੂੰ ਤਾਕੀਦ ਕੀਤੀ: “ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਉੱਤੇ ਦੋਸ਼ ਲਾਇਆ ਨਾ ਜਾਏ।” (ਮੱਤੀ 7:​1-5 ਪੜ੍ਹੋ।) ਇਸ ਦਾ ਇਹ ਮਤਲਬ ਨਹੀਂ ਕਿ ਸਾਨੂੰ ਵੱਡੀਆਂ ਗ਼ਲਤੀਆਂ ਅੱਗੋਂ ਅੱਖਾਂ ਮੀਟ ਲੈਣੀਆਂ ਚਾਹੀਦੀਆਂ ਹਨ। ਇਕ ਭਰਾ, ਜਿਸ ਦੇ ਵਿਆਹ ਹੋਏ ਨੂੰ 40 ਸਾਲ ਹੋ ਗਏ ਹਨ, ਨੇ ਕਿਹਾ: “ਪਤੀ-ਪਤਨੀ ਨੂੰ ਦਿਲ ਖੋਲ੍ਹ ਕੇ ਇਕ-ਦੂਜੇ ਨਾਲ ਗੱਲ ਕਰਨੀ ਚਾਹੀਦੀ ਹੈ। ਜੇ ਸਾਡਾ ਸਾਥੀ ਸਾਡੇ ਬਾਰੇ ਸਾਨੂੰ ਕੁਝ ਦੱਸੇ, ਤਾਂ ਸਾਨੂੰ ਉਸ ਦੀ ਮੰਨ ਲੈਣੀ ਚਾਹੀਦੀ ਹੈ ਤੇ ਸੁਧਾਰ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ।” ਦੂਜੇ ਦੀਆਂ ਕਮੀਆਂ-ਕਮਜ਼ੋਰੀਆਂ ਉੱਤੇ ਜ਼ੋਰ ਦੇਣ ਦੀ ਬਜਾਇ ਸਾਨੂੰ ਉਸ ਦੀਆਂ ਖੂਬੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ।​—⁠ਉਪ. 9:⁠9.

17, 18. ਮੁਸੀਬਤਾਂ ਸਹਿਣ ਲਈ ਸਾਨੂੰ ਮਦਦ ਕਿੱਥੋਂ ਮਿਲ ਸਕਦੀ ਹੈ?

17 ਜ਼ਿੰਦਗੀ ਦੇ ਹਾਲਾਤ ਬਦਲਦੇ ਰਹਿੰਦੇ ਹਨ ਜਿਸ ਕਰਕੇ ਤਣਾਅ ਪੈਦਾ ਹੋ ਸਕਦਾ ਹੈ। ਸ਼ਾਇਦ ਘਰ ਵਿਚ ਬੱਚੇ ਪੈਦਾ ਹੋ ਜਾਣ। ਹੋ ਸਕਦਾ ਹੈ ਕਿ ਪਤੀ, ਪਤਨੀ ਜਾਂ ਬੱਚਾ ਬੀਮਾਰ ਹੋ ਜਾਵੇ। ਬਿਰਧ ਮਾਪਿਆਂ ਨੂੰ ਸ਼ਾਇਦ ਮਦਦ ਦੀ ਲੋੜ ਪੈ ਜਾਵੇ। ਬੱਚੇ ਵੱਡੇ ਹੋ ਕੇ ਸ਼ਾਇਦ ਘਰੋਂ ਦੂਰ ਚਲੇ ਜਾਣ। ਸ਼ਾਇਦ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਵਧ ਜਾਣ। ਇਨ੍ਹਾਂ ਬਦਲਦੇ ਹਾਲਾਤਾਂ ਕਾਰਨ ਪਤੀ-ਪਤਨੀ ਦੇ ਰਿਸ਼ਤੇ ਵਿਚ ਤਣਾਅ ਵਧ ਸਕਦਾ ਹੈ।

18 ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਵਿਆਹ ਟੁੱਟਣ ਦੀ ਨੌਬਤ ਤੇ ਆ ਗਿਆ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ? (ਕਹਾ. 24:10) ਇਹ ਨਾ ਸੋਚੋ ਕਿ ਤੁਸੀਂ ਹੋਰ ਨਹੀਂ ਸਹਾਰ ਸਕਦੇ। ਜੇ ਤੁਸੀਂ ਯਹੋਵਾਹ ਦੀ ਭਗਤੀ ਕਰਨੀ ਛੱਡ ਦਿੱਤੀ, ਤਾਂ ਸ਼ਤਾਨ ਬਹੁਤ ਖ਼ੁਸ਼ ਹੋਵੇਗਾ। ਜੇ ਤੁਸੀਂ ਦੋਹਾਂ ਨੇ ਯਹੋਵਾਹ ਦਾ ਲੜ ਛੱਡ ਦਿੱਤਾ, ਤਾਂ ਸ਼ਤਾਨ ਦੀ ਖ਼ੁਸ਼ੀ ਦੁਗਣੀ ਹੋ ਜਾਵੇਗੀ। ਇਸ ਲਈ ਆਪਣੇ ਰਿਸ਼ਤੇ ਨੂੰ ਤਿਹਰੀ ਰੱਸੀ ਦੇ ਅਟੁੱਟ ਬੰਧਨ ਵਿਚ ਬੰਨ੍ਹੀ ਰੱਖੋ। ਬਾਈਬਲ ਵਿਚ ਯਹੋਵਾਹ ਦੇ ਸੇਵਕਾਂ ਦੀਆਂ ਬਹੁਤ ਸਾਰੀਆਂ ਮਿਸਾਲਾਂ ਹਨ ਜੋ ਮੁਸੀਬਤਾਂ ਦੇ ਬਾਵਜੂਦ ਵਫ਼ਾਦਾਰ ਰਹੇ। ਉਦਾਹਰਣ ਲਈ ਇਕ ਵਾਰ ਦਾਊਦ ਨੇ ਯਹੋਵਾਹ ਨੂੰ ਇਸ ਤਰ੍ਹਾਂ ਦੁਆ ਕੀਤੀ: “ਹੇ ਪਰਮੇਸ਼ੁਰ, ਮੇਰੇ ਉੱਤੇ ਦਯਾ ਕਰ, ਕਿਉਂ ਜੋ ਆਦਮੀ . . . ਮੈਨੂੰ ਦਬਾਈ ਜਾਂਦੇ ਹਨ!” (ਜ਼ਬੂ. 56:1) ਕੀ ਤੁਸੀਂ ਕਦੇ ਕਿਸੇ ਤੋਂ ਦਬਾਅ ਮਹਿਸੂਸ ਕੀਤਾ ਹੈ? ਭਾਵੇਂ ਦਬਾਅ ਬਾਹਰੋਂ ਕਿਤਿਓਂ ਆਵੇ ਜਾਂ ਘਰ ਦੇ ਕਿਸੇ ਜੀਅ ਤੋਂ, ਯਾਦ ਰੱਖੋ ਕਿ ਦਾਊਦ ਵਾਂਗ ਤੁਸੀਂ ਵੀ ਇਸ ਨੂੰ ਸਹਿ ਸਕਦੇ ਹੋ। ਦਾਊਦ ਨੇ ਕਿਹਾ: “ਮੈਂ ਯਹੋਵਾਹ ਨੂੰ ਭਾਲਿਆ ਅਤੇ ਉਸ ਨੇ ਮੈਨੂੰ ਉੱਤਰ ਦਿੱਤਾ, ਅਤੇ ਮੇਰਿਆਂ ਸਭਨਾਂ ਭੈਜਲਾਂ ਤੋਂ ਮੈਨੂੰ ਛੁਡਾਇਆ।”​—⁠ਜ਼ਬੂ. 34:⁠4.

ਹੋਰ ਬਰਕਤਾਂ

19. ਅਸੀਂ ਸ਼ਤਾਨ ਦੇ ਹੱਥੋਂ ਕਿਵੇਂ ਬਚ ਸਕਦੇ ਹਾਂ?

19 ਇਨ੍ਹਾਂ ਆਖ਼ਰੀ ਦਿਨਾਂ ਵਿਚ ਪਤੀ-ਪਤਨੀ ਨੂੰ ‘ਇੱਕ ਦੂਏ ਨੂੰ ਤਸੱਲੀ ਦਿੰਦੇ ਰਹਿਣਾ ਅਤੇ ਇੱਕ ਦੂਏ ਦੀ ਉੱਨਤੀ ਕਰਦੇ ਰਹਿਣਾ’ ਚਾਹੀਦਾ ਹੈ। (1 ਥੱਸ. 5:11) ਸ਼ਤਾਨ ਤਾਂ ਕਹਿੰਦਾ ਹੈ ਕਿ ਅਸੀਂ ਯਹੋਵਾਹ ਦੀ ਭਗਤੀ ਆਪਣੇ ਮਤਲਬ ਲਈ ਕਰਦੇ ਹਾਂ। ਉਹ ਹਰ ਕੀਮਤ ਤੇ ਸਾਨੂੰ ਯਹੋਵਾਹ ਤੋਂ ਦੂਰ ਕਰਨਾ ਚਾਹੁੰਦਾ ਹੈ, ਭਾਵੇਂ ਸਾਡੇ ਵਿਆਹ ਦਾ ਬੰਧਨ ਹੀ ਟੁੱਟ ਜਾਵੇ। ਸ਼ਤਾਨ ਦੇ ਹੱਥੋਂ ਬਚਣ ਲਈ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਉੱਤੇ ਪੂਰਾ ਭਰੋਸਾ ਰੱਖੀਏ। (ਕਹਾ. 3:​5, 6) ਪੌਲੁਸ ਨੇ ਲਿਖਿਆ: “ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।”​—⁠ਫ਼ਿਲਿ. 4:⁠13.

20. ਯਹੋਵਾਹ ਦੀ ਸਲਾਹ ਮੁਤਾਬਕ ਚੱਲ ਕੇ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

20 ਯਹੋਵਾਹ ਦੀ ਸਲਾਹ ਮੁਤਾਬਕ ਚੱਲ ਕੇ ਪਤੀ-ਪਤਨੀ ਨੂੰ ਬਰਕਤਾਂ ਮਿਲਦੀਆਂ ਹਨ। ਇਹ ਗੱਲ ਉਸ ਪਤੀ-ਪਤਨੀ ਤੋਂ ਦੇਖੀ ਜਾ ਸਕਦੀ ਹੈ ਜਿਨ੍ਹਾਂ ਦੇ ਵਿਆਹ ਨੂੰ 51 ਸਾਲ ਹੋ ਗਏ ਹਨ। ਪਤੀ ਕਹਿੰਦਾ ਹੈ: “ਮੈਂ ਯਹੋਵਾਹ ਦਾ ਲੱਖ-ਲੱਖ ਸ਼ੁਕਰ ਕਰਦਾ ਹੈ ਕਿ ਉਸ ਨੇ ਮੈਨੂੰ ਇੰਨੀ ਚੰਗੀ ਪਤਨੀ ਦਿੱਤੀ। ਉਹ ਬਹੁਤ ਪਿਆਰੀ ਸਾਥਣ ਸਾਬਤ ਹੋਈ ਹੈ।” ਉਨ੍ਹਾਂ ਦੀ ਖ਼ੁਸ਼ੀ ਦਾ ਰਾਜ਼ ਕੀ ਹੈ? “ਅਸੀਂ ਹਮੇਸ਼ਾ ਇਕ-ਦੂਜੇ ਨਾਲ ਧੀਰਜ, ਦਿਆਲਗੀ ਅਤੇ ਪਿਆਰ ਨਾਲ ਪੇਸ਼ ਆਉਣ ਦੀ ਕੋਸ਼ਿਸ਼ ਕੀਤੀ ਹੈ।” ਇਸ ਜ਼ਮਾਨੇ ਵਿਚ ਇਸ ਤਰ੍ਹਾਂ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ। ਫਿਰ ਵੀ ਬਾਈਬਲ ਦੀ ਸਲਾਹ ਮੁਤਾਬਕ ਚੱਲ ਕੇ ਅਸੀਂ ਯਹੋਵਾਹ ਤੋਂ ਬਰਕਤਾਂ ਪਾ ਸਕਦੇ ਹਾਂ। ਫਿਰ ਸਾਡਾ ਰਿਸ਼ਤਾ ਉਸ “ਤੇਹਰੀ ਰੱਸੀ” ਵਰਗਾ ਹੋਵੇਗਾ ਜੋ ਛੇਤੀ ਟੁੱਟਦੀ ਨਹੀਂ।​—⁠ਉਪ. 4:⁠12.

ਕੀ ਤੁਹਾਨੂੰ ਯਾਦ ਹੈ?

• ਯਹੋਵਾਹ ਨਾਲ ਇਕ ਹੋਣ ਦਾ ਕੀ ਮਤਲਬ ਹੈ?

• ਮੁਸੀਬਤਾਂ ਖੜ੍ਹੀਆਂ ਹੋਣ ਤੇ ਪਤੀ-ਪਤਨੀ ਨੂੰ ਕੀ ਕਰਨਾ ਚਾਹੀਦਾ ਹੈ?

• ਇਹ ਕਿਵੇਂ ਪਤਾ ਲੱਗੇਗਾ ਕਿ ਕੋਈ ਰੱਬ ਦੀ ਸਲਾਹ ਮੁਤਾਬਕ ਚੱਲ ਰਿਹਾ ਹੈ?

[ਸਵਾਲ]

[ਸਫ਼ਾ 18 ਉੱਤੇ ਤਸਵੀਰਾਂ]

ਇਕੱਠੇ ਪ੍ਰਾਰਥਨਾ ਕਰਨ ਨਾਲ ਪਤੀ-ਪਤਨੀ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਦੇ ਹਨ