Skip to content

Skip to table of contents

‘ਯਹੋਵਾਹ ਮੇਰਾ ਬਲ ਹੈ’

‘ਯਹੋਵਾਹ ਮੇਰਾ ਬਲ ਹੈ’

‘ਯਹੋਵਾਹ ਮੇਰਾ ਬਲ ਹੈ’

ਜੋਨ ਕੋਵਿਲ ਦੀ ਜ਼ਬਾਨੀ

ਮੇਰਾ ਜਨਮ ਇੰਗਲੈਂਡ ਦੇ ਕਸਬੇ ਹਡਰਜ਼ਫ਼ੀਲਡ ਵਿਚ ਜੁਲਾਈ 1925 ਨੂੰ ਹੋਇਆ ਸੀ। ਮੈਂ ਆਪਣੇ ਮਾਪਿਆਂ ਦੀ ਇੱਕੋ-ਇਕ ਧੀ ਸਾਂ ਤੇ ਬੀਮਾਰ ਰਹਿੰਦੀ ਸਾਂ। ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸਨ ਕਿ “ਤੂੰ ਤਾਂ ਹਵਾ ਲੱਗਦਿਆਂ ਹੀ ਬੀਮਾਰ ਹੋ ਜਾਂਦੀ ਹੈਂ।” ਉਹ ਸੱਚ ਹੀ ਕਹਿੰਦੇ ਸਨ!

ਜਦ ਮੈਂ ਛੋਟੀ ਹੁੰਦੀ ਸੀ, ਤਾਂ ਚਰਚ ਦੇ ਪਾਦਰੀ ਸ਼ਾਂਤੀ ਲਈ ਦੁਆ ਕਰਦੇ ਹੁੰਦੇ ਸਨ। ਪਰ ਜਦੋਂ ਦੂਜੀ ਵਿਸ਼ਵ ਜੰਗ ਛਿੜ ਪਈ, ਤਾਂ ਉਹ ਜਿੱਤ ਲਈ ਪ੍ਰਾਰਥਨਾ ਕਰਨ ਲੱਗ ਪਏ। ਇਹ ਗੱਲ ਮੈਨੂੰ ਅਜੀਬ ਲੱਗਦੀ ਸੀ ਜਿਸ ਕਰਕੇ ਉਨ੍ਹਾਂ ਉੱਤੋਂ ਮੇਰਾ ਵਿਸ਼ਵਾਸ ਉੱਠ ਗਿਆ। ਉਸੇ ਸਮੇਂ ਦੌਰਾਨ ਮੈਨੂੰ ਐਨੀ ਰੈਟਕਲਿੱਫ਼ ਮਿਲੀ ਜੋ ਸਾਡੇ ਇਲਾਕੇ ਵਿਚ ਇੱਕੋ-ਇਕ ਯਹੋਵਾਹ ਦੀ ਗਵਾਹ ਸੀ।

ਸੱਚਾਈ ਮਿਲ ਗਈ

ਐਨੀ ਨੇ ਸਾਨੂੰ ਸਾਲਵੇਸ਼ਨ ਕਿਤਾਬ ਦਿੱਤੀ ਤੇ ਮਾਤਾ ਜੀ ਨੂੰ ਆਪਣੇ ਘਰ ਬੁਲਾਇਆ ਜਿੱਥੇ ਬਾਈਬਲ ’ਤੇ ਚਰਚਾ ਕੀਤੀ ਜਾਂਦੀ ਸੀ। * ਮਾਤਾ ਜੀ ਨੇ ਮੈਨੂੰ ਵੀ ਆਪਣੇ ਨਾਲ ਜਾਣ ਲਈ ਕਿਹਾ। ਮੈਨੂੰ ਉਹ ਪਹਿਲੀ ਚਰਚਾ ਹਾਲੇ ਵੀ ਯਾਦ ਹੈ। ਇਹ ਚਰਚਾ ਯਿਸੂ ਦੀ ਕੁਰਬਾਨੀ ਬਾਰੇ ਸੀ ਜੋ ਬਿਲਕੁਲ ਵੀ ਬੋਰਿੰਗ ਨਹੀਂ ਸੀ ਅਤੇ ਮੈਨੂੰ ਮੇਰੇ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਸਨ। ਅਸੀਂ ਅਗਲੇ ਹਫ਼ਤੇ ਫਿਰ ਗਈਆਂ। ਉਸ ਵੇਲੇ ਯਿਸੂ ਵੱਲੋਂ ਕੀਤੀ ਅੰਤ ਦੇ ਦਿਨਾਂ ਬਾਰੇ ਭਵਿੱਖਬਾਣੀ ਸਮਝਾਈ ਗਈ ਸੀ। ਦੁਨੀਆਂ ਦੀ ਮੰਦੀ ਹਾਲਤ ਦੇਖ ਕੇ ਅਸੀਂ ਸਮਝ ਗਈਆਂ ਸਾਂ ਕਿ ਇਹੀ ਸੱਚਾਈ ਹੈ। ਉਸੇ ਦਿਨ ਅਸੀਂ ਕਿੰਗਡਮ ਹਾਲ ਗਈਆਂ।

ਕਿੰਗਡਮ ਹਾਲ ਵਿਚ ਮੈਂ ਕਈ ਨੌਜਵਾਨ ਪਾਇਨੀਅਰਾਂ ਨੂੰ ਮਿਲੀ ਜਿਨ੍ਹਾਂ ਵਿਚ ਜੋਇਸ ਬਾਰਬਰ (ਹੁਣ ਦਾ ਗੋਤ ਐਲੀਸ) ਵੀ ਸੀ ਜੋ ਇਸ ਵੇਲੇ ਆਪਣੇ ਪਤੀ ਪੀਟਰ ਨਾਲ ਲੰਡਨ ਬੈਥਲ ਵਿਚ ਸੇਵਾ ਕਰਦੀ ਹੈ। ਮੈਂ ਸੋਚਿਆ ਕਿ ਸਾਰੇ ਹੀ ਪਾਇਨੀਅਰੀ ਕਰਦੇ ਸਨ। ਮੈਂ ਵੀ ਹਰ ਮਹੀਨੇ ਪ੍ਰਚਾਰ ਵਿਚ 60 ਘੰਟੇ ਲਾਉਣ ਲੱਗ ਪਈ ਭਾਵੇਂ ਮੈਂ ਅਜੇ ਸਕੂਲੇ ਪੜ੍ਹਨ ਜਾਂਦੀ ਸੀ।

ਪੰਜ ਮਹੀਨਿਆਂ ਬਾਅਦ 11 ਫਰਵਰੀ 1940 ਨੂੰ ਮੈਂ ਤੇ ਮਾਤਾ ਜੀ ਨੇ ਬਰੈਡਫ਼ਰਡ ਵਿਚ ਹੋਈ ਇਕ ਜ਼ੋਨ ਅਸੈਂਬਲੀ (ਹੁਣ ਸਰਕਟ ਅਸੈਂਬਲੀ) ਵਿਚ ਬਪਤਿਸਮਾ ਲੈ ਲਿਆ। ਪਿਤਾ ਜੀ ਨੇ ਸਾਡੇ ਇਸ ਨਵੇਂ ਧਰਮ ਕਰ ਕੇ ਸਾਡਾ ਕਦੀ ਵਿਰੋਧ ਨਹੀਂ ਕੀਤਾ, ਪਰ ਉਹ ਆਪ ਯਹੋਵਾਹ ਦੇ ਪਾਸੇ ਨਹੀਂ ਲੱਗੇ। ਜਿਸ ਵੇਲੇ ਮੈਂ ਬਪਤਿਸਮਾ ਲਿਆ ਸੀ, ਉਦੋਂ ਸੜਕਾਂ ’ਤੇ ਗਵਾਹੀ ਦੇਣੀ ਸ਼ੁਰੂ ਹੋਈ ਸੀ। ਮੈਂ ਰਸਾਲਿਆਂ ਨਾਲ ਭਰਿਆ ਬੈਗ ਨਾਲ ਲੈ ਜਾਂਦੀ ਸੀ ਅਤੇ ਗਲੇ ਵਿਚ ਤਖ਼ਤੀ ਲਟਕਾ ਕੇ ਪ੍ਰਚਾਰ ਕਰਦੀ ਸੀ। ਇਕ ਸ਼ਨੀਵਾਰ ਮੈਨੂੰ ਇਕ ਬਾਜ਼ਾਰ ਵਿਚ ਖੜ੍ਹ ਕੇ ਪ੍ਰਚਾਰ ਕਰਨ ਲਈ ਕਿਹਾ ਗਿਆ ਜਿੱਥੇ ਬਹੁਤ ਸਾਰੇ ਲੋਕ ਆਉਂਦੇ-ਜਾਂਦੇ ਸਨ। ਮੈਂ ਉੱਥੇ ਪ੍ਰਚਾਰ ਕਰਨ ਤੋਂ ਡਰਦੀ ਸੀ ਕਿਉਂਕਿ ਮੈਨੂੰ ਲੱਗਦਾ ਸੀ ਜਿਵੇਂ ਮੇਰੇ ਸਕੂਲ ਦੇ ਸਾਰੇ ਮੁੰਡੇ-ਕੁੜੀਆਂ ਉੱਥੋਂ ਦੀ ਲੰਘਦੇ ਹੋਣ।

1940 ਵਿਚ ਸਾਡੀ ਕੰਪਨੀ (ਹੁਣ ਕਲੀਸਿਯਾ) ਜਿੱਥੇ ਸਾਡੀਆਂ ਮੀਟਿੰਗਾਂ ਹੁੰਦੀਆਂ ਸਨ, ਦੀਆਂ ਦੋ ਕੰਪਨੀਆਂ ਬਣ ਗਈਆਂ। ਮੇਰੇ ਸਾਰੇ ਦੋਸਤ ਦੂਜੀ ਕਲੀਸਿਯਾ ਵਿਚ ਚਲੇ ਗਏ। ਮੈਂ ਇਸ ਬਾਰੇ ਕੰਪਨੀ ਸਰਵੈਂਟ (ਹੁਣ ਪ੍ਰਧਾਨ ਨਿਗਾਹਬਾਨ) ਨਾਲ ਗੱਲ ਕੀਤੀ। ਉਸ ਨੇ ਕਿਹਾ: “ਜੇ ਤੈਨੂੰ ਦੋਸਤ ਚਾਹੀਦੇ ਹਨ, ਤਾਂ ਸੇਵਕਾਈ ਵਿਚ ਜਾ ਕੇ ਉਨ੍ਹਾਂ ਨੂੰ ਲੱਭ।” ਮੈਂ ਇੱਦਾਂ ਹੀ ਕੀਤਾ! ਥੋੜ੍ਹੇ ਚਿਰ ਬਾਅਦ ਮੈਨੂੰ ਏਲਸੀ ਨੋਬਲ ਮਿਲੀ ਜੋ ਯਹੋਵਾਹ ਦੀ ਗਵਾਹ ਬਣਨ ਤੋਂ ਬਾਅਦ ਮੇਰੀ ਪੱਕੀ ਸਹੇਲੀ ਬਣ ਗਈ।

ਪਾਇਨੀਅਰੀ ਅਤੇ ਇਸ ਨਾਲ ਮਿਲੀਆਂ ਬਰਕਤਾਂ

ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਮੈਂ ਇਕ ਅਕਾਊਂਟੈਂਟ ਵਾਸਤੇ ਕੰਮ ਕਰਨ ਲੱਗ ਪਈ। ਦੂਸਰੇ ਪਾਇਨੀਅਰਾਂ ਨੂੰ ਖ਼ੁਸ਼ ਦੇਖ ਕੇ ਮੈਨੂੰ ਵੀ ਲੱਗਦਾ ਸੀ ਕਿ ਮੈਂ ਜੋਸ਼ ਨਾਲ ਪਾਇਨੀਅਰ ਦੇ ਤੌਰ ਤੇ ਯਹੋਵਾਹ ਦੀ ਸੇਵਾ ਕਰਦੀ ਰਹਾਂ। ਮਈ 1945 ਵਿਚ ਮੈਂ ਸਪੈਸ਼ਲ ਪਾਇਨੀਅਰ ਦੇ ਤੌਰ ਤੇ ਸੇਵਾ ਕਰਨ ਲੱਗ ਪਈ। ਸਪੈਸ਼ਲ ਪਾਇਨੀਅਰੀ ਸ਼ੁਰੂ ਕਰਨ ਵਾਲੇ ਦਿਨ ਸਾਰਾ ਦਿਨ ਮੀਂਹ ਪੈਂਦਾ ਰਿਹਾ। ਪਰ ਫਿਰ ਵੀ ਮੈਂ ਖ਼ੁਸ਼ ਸੀ ਕਿ ਮੀਂਹ ਵਿਚ ਵੀ ਮੈਂ ਪ੍ਰਚਾਰ ਕਰਨ ਗਈ। ਹਰ ਰੋਜ਼ ਸਾਈਕਲ ’ਤੇ ਪ੍ਰਚਾਰ ਕਰਨ ਜਾਣ ਨਾਲ ਮੇਰੀ ਕਸਰਤ ਹੋ ਜਾਂਦੀ ਸੀ ਜਿਸ ਦਾ ਮੇਰੀ ਸਿਹਤ ’ਤੇ ਚੰਗਾ ਅਸਰ ਪਿਆ। ਭਾਵੇਂ ਕਿ ਮੇਰਾ ਭਾਰ 42 ਕਿਲੋ ਤੋਂ ਜ਼ਿਆਦਾ ਨਹੀਂ ਹੋਇਆ, ਫਿਰ ਵੀ ਮੈਂ ਲਗਾਤਾਰ ਪਾਇਨੀਅਰੀ ਕਰਦੀ ਰਹੀ। ਕਈ ਸਾਲਾਂ ਦੌਰਾਨ ਮੈਂ ਆਪਣੇ ’ਤੇ ਇਹ ਹਵਾਲਾ ਪੂਰਾ ਹੁੰਦਿਆਂ ਦੇਖਿਆ ਹੈ: “ਯਹੋਵਾਹ ਮੇਰਾ ਬਲ” ਹੈ।​—⁠ਜ਼ਬੂ. 28:⁠7.

ਸੰਸਥਾ ਨੇ ਨਵੀਆਂ ਕਲੀਸਿਯਾਵਾਂ ਸ਼ੁਰੂ ਕਰਨ ਦੇ ਮਕਸਦ ਨਾਲ ਮੈਨੂੰ ਸਪੈਸ਼ਲ ਪਾਇਨੀਅਰ ਵਜੋਂ ਉਨ੍ਹਾਂ ਥਾਵਾਂ ਤੇ ਭੇਜਿਆ ਜਿੱਥੇ ਕੋਈ ਯਹੋਵਾਹ ਦਾ ਗਵਾਹ ਨਹੀਂ ਸੀ। ਪਹਿਲੇ ਤਿੰਨ ਸਾਲ ਮੈਂ ਇੰਗਲੈਂਡ ਵਿਚ ਪਾਇਨੀਅਰੀ ਕੀਤੀ ਤੇ ਫਿਰ ਤਿੰਨ ਸਾਲ ਆਇਰਲੈਂਡ ਵਿਚ। ਜਦੋਂ ਮੈਂ ਆਇਰਲੈਂਡ ਦੇ ਸ਼ਹਿਰ ਲਿਸਬਰਨ ਵਿਚ ਪਾਇਨੀਅਰੀ ਕਰ ਰਹੀ ਸਾਂ, ਤਾਂ ਮੈਂ ਪ੍ਰੋਟੈਸਟੈਂਟ ਚਰਚ ਦੇ ਇਕ ਪਾਦਰੀ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ। ਉਸ ਨੇ ਬਾਈਬਲ ਵਿੱਚੋਂ ਸਿੱਖੀਆਂ ਗੱਲਾਂ ਆਪਣੇ ਚਰਚ ਦੇ ਮੈਂਬਰਾਂ ਨੂੰ ਦੱਸੀਆਂ। ਕੁਝ ਮੈਂਬਰਾਂ ਨੇ ਚਰਚ ਦੇ ਹੋਰਨਾਂ ਪਾਦਰੀਆਂ ਨੂੰ ਇਸ ਬਾਰੇ ਸ਼ਿਕਾਇਤ ਕੀਤੀ। ਨਤੀਜੇ ਵਜੋਂ ਉਸ ਨੂੰ ਉਨ੍ਹਾਂ ਨੂੰ ਦੱਸਣਾ ਪਿਆ ਕਿ ਉਹ ਚਰਚ ਵਿਚ ਇਹ ਗੱਲਾਂ ਕਿਉਂ ਸਿਖਾ ਰਿਹਾ ਸੀ। ਉਸ ਨੇ ਕਿਹਾ ਕਿ ਇਹ ਉਸ ਦਾ ਫ਼ਰਜ਼ ਸੀ ਕਿ ਉਹ ਚਰਚ ਦੇ ਮੈਂਬਰਾਂ ਨੂੰ ਦੱਸੇ ਕਿ ਉਸ ਨੇ ਪਹਿਲਾਂ ਜੋ ਕੁਝ ਸਿਖਾਇਆ ਸੀ ਉਹ ਗ਼ਲਤ ਸੀ। ਭਾਵੇਂ ਕਿ ਉਸ ਦੇ ਪਰਿਵਾਰ ਨੇ ਉਸ ਦਾ ਬਹੁਤ ਵਿਰੋਧ ਕੀਤਾ, ਫਿਰ ਵੀ ਉਸ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਤੇ ਮਰਦੇ ਦਮ ਤਕ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦਾ ਰਿਹਾ।

ਫਿਰ ਮੈਨੂੰ ਆਇਰਲੈਂਡ ਦੇ ਸ਼ਹਿਰ ਲਾਰਨ ਵਿਚ ਭੇਜਿਆ ਗਿਆ। ਉੱਥੇ ਮੈਂ ਛੇ ਹਫ਼ਤੇ ਇਕੱਲੀ ਨੇ ਪਾਇਨੀਅਰੀ ਕੀਤੀ ਕਿਉਂਕਿ ਮੇਰੀ ਪਾਇਨੀਅਰ ਸਾਥਣ 1950 ਵਿਚ ਨਿਊਯਾਰਕ ਵਿਚ ਹੋ ਰਹੇ “ਥੀਓਕਰੇਸੀਸ ਇਨਕਰੀਜ਼” ਨਾਮਕ ਸੰਮੇਲਨ ਵਿਚ ਗਈ ਹੋਈ ਸੀ। ਮੇਰੇ ਲਈ ਉਹ ਸਮਾਂ ਬਹੁਤ ਔਖਾ ਲੰਘਿਆ ਕਿਉਂਕਿ ਮੇਰਾ ਵੀ ਦਿਲ ਉੱਥੇ ਜਾਣ ਨੂੰ ਕਰਦਾ ਸੀ। ਪਰ ਉਨ੍ਹਾਂ ਹਫ਼ਤਿਆਂ ਦੌਰਾਨ ਮੈਨੂੰ ਪ੍ਰਚਾਰ ਵਿਚ ਬਹੁਤ ਵਧੀਆ ਤਜਰਬੇ ਹੋਏ। ਮਿਸਾਲ ਲਈ ਮੈਂ ਇਕ ਬਿਰਧ ਆਦਮੀ ਨੂੰ ਮਿਲੀ ਜਿਸ ਨੂੰ 20 ਸਾਲ ਪਹਿਲਾਂ ਕਿਸੇ ਨੇ ਸਾਡਾ ਕੋਈ ਪ੍ਰਕਾਸ਼ਨ ਦਿੱਤਾ ਸੀ। ਕਈ ਸਾਲਾਂ ਤਕ ਉਹ ਇਸ ਨੂੰ ਵਾਰ-ਵਾਰ ਪੜ੍ਹਦਾ ਰਿਹਾ ਜਿਸ ਕਰਕੇ ਉਸ ਨੂੰ ਸਾਰਾ ਕੁਝ ਮੂੰਹ-ਜ਼ਬਾਨੀ ਯਾਦ ਸੀ। ਉਸ ਨੇ ਅਤੇ ਉਸ ਦੇ ਪੁੱਤਰ ਤੇ ਧੀ ਨੇ ਸੱਚਾਈ ਕਬੂਲ ਕਰ ਲਈ।

ਗਿਲੀਅਡ ਸਕੂਲ ਵਿਚ ਸਿਖਲਾਈ

1951 ਵਿਚ ਮੈਨੂੰ ਅਤੇ ਇੰਗਲੈਂਡ ਦੇ 10 ਹੋਰ ਪਾਇਨੀਅਰਾਂ ਦੇ ਨਾਲ ਸਾਊਥ ਲੈਂਸਿੰਗ, ਨਿਊਯਾਰਕ ਵਿਚ ਗਿਲੀਅਡ ਸਕੂਲ ਦੀ 17ਵੀਂ ਕਲਾਸ ਵਿਚ ਆਉਣ ਦਾ ਸੱਦਾ ਮਿਲਿਆ। ਉਨ੍ਹਾਂ ਮਹੀਨਿਆਂ ਦੌਰਾਨ ਬਾਈਬਲ ਵਿੱਚੋਂ ਮਿਲ ਰਹੀ ਸਿੱਖਿਆ ਦਾ ਮੈਂ ਬਹੁਤ ਆਨੰਦ ਮਾਣਿਆ। ਉਸ ਵੇਲੇ ਭੈਣਾਂ ਥੀਓਕ੍ਰੇਟਿਕ ਮਿਨੀਸਟਰੀ ਸਕੂਲ ਵਿਚ ਭਾਗ ਨਹੀਂ ਸਨ ਲੈਂਦੀਆਂ। ਪਰ ਗਿਲੀਅਡ ਸਕੂਲ ਵਿਚ ਭੈਣਾਂ ਨੂੰ ਭਾਸ਼ਣ ਅਤੇ ਰਿਪੋਰਟਾਂ ਦੇਣ ਲਈ ਕਿਹਾ ਜਾਂਦਾ ਸੀ। ਅਸੀਂ ਬਹੁਤ ਘਬਰਾ ਜਾਂਦੀਆਂ ਸਾਂ। ਜਦ ਮੈਂ ਪਹਿਲੀ ਵਾਰ ਭਾਸ਼ਣ ਦਿੱਤਾ, ਤਾਂ ਮੇਰੇ ਹੱਥਾਂ ਵਿਚ ਫੜੇ ਕਾਗਜ਼ ਕੰਬ ਰਹੇ ਸਨ। ਇੰਸਟ੍ਰਕਟਰ ਭਰਾ ਮੈਕਸਵੈੱਲ ਫ੍ਰੈਂਡ ਨੇ ਹਾਸੇ-ਹਾਸੇ ਵਿਚ ਮੈਨੂੰ ਕਿਹਾ: “ਤੂੰ ਤਾਂ ਵਧੀਆ ਤੋਂ ਵਧੀਆ ਭਾਸ਼ਣਕਾਰਾਂ ਦੀ ਤਰ੍ਹਾਂ ਨਾ ਸਿਰਫ਼ ਸ਼ੁਰੂ ਵਿਚ ਘਬਰਾਈ ਸਗੋਂ ਅੰਤ ਤਕ ਘਬਰਾਈ ਰਹੀ।” ਕੋਰਸ ਦੌਰਾਨ ਹੌਲੀ-ਹੌਲੀ ਸਾਡੀ ਸਾਰਿਆਂ ਦੀ ਦੂਜਿਆਂ ਦੇ ਸਾਮ੍ਹਣੇ ਬੋਲਣ ਦੀ ਕਲਾ ਸੁਧਰ ਗਈ। ਦੇਖਦੇ ਹੀ ਦੇਖਦੇ ਸਾਡੀ ਸਿਖਲਾਈ ਖ਼ਤਮ ਹੋ ਗਈ ਅਤੇ ਸਾਨੂੰ ਸਾਰਿਆਂ ਨੂੰ ਵਿਦੇਸ਼ਾਂ ਵਿਚ ਸੇਵਾ ਕਰਨ ਲਈ ਭੇਜ ਦਿੱਤਾ ਗਿਆ। ਮੈਨੂੰ ਥਾਈਲੈਂਡ ਵਿਚ ਭੇਜਿਆ ਗਿਆ।

“ਖਿੜੇ ਚਿਹਰਿਆਂ ਦਾ ਦੇਸ਼”

ਮੈਂ ਐਸਟ੍ਰਿਡ ਐਂਡਰਸਨ ਨੂੰ ਯਹੋਵਾਹ ਵੱਲੋਂ ਇਕ ਤੋਹਫ਼ਾ ਸਮਝਦੀ ਸੀ ਜਿਸ ਨੇ ਥਾਈਲੈਂਡ ਵਿਚ ਮਿਸ਼ਨਰੀ ਸੇਵਾ ਕਰਨ ਵਿਚ ਮੇਰਾ ਸਾਥ ਦਿੱਤਾ। ਉੱਥੇ ਜਾਣ ਲਈ ਸਾਨੂੰ ਕਾਰਗੋ ਜਹਾਜ਼ ਵਿਚ ਸੱਤ ਹਫ਼ਤੇ ਲੱਗੇ। ਰਾਜਧਾਨੀ ਬੈਂਕਾਕ ਪਹੁੰਚ ਕੇ ਅਸੀਂ ਦੇਖਿਆ ਕਿ ਸ਼ਹਿਰ ਵਿਚ ਬਹੁਤ ਭੀੜ-ਭੜੱਕਾ ਸੀ ਤੇ ਉੱਥੇ ਨਦੀਆਂ ਹੀ ਆਵਾਜਾਈ ਦਾ ਮੁੱਖ ਸਾਧਨ ਹਨ। 1952 ਵਿਚ ਥਾਈਲੈਂਡ ਵਿਚ 150 ਤੋਂ ਵੀ ਘੱਟ ਪਬਲੀਸ਼ਰ ਸਨ।

ਥਾਈ ਭਾਸ਼ਾ ਦੇ ਪਹਿਰਾਬੁਰਜ ਨੂੰ ਦੇਖ ਕੇ ਅਸੀਂ ਸੋਚਿਆ ਕਿ ‘ਕੀ ਅਸੀਂ ਇਸ ਭਾਸ਼ਾ ਨੂੰ ਕਦੇ ਸਿੱਖ ਵੀ ਪਾਵਾਂਗੀਆਂ?’ ਇਸ ਭਾਸ਼ਾ ਦੇ ਸ਼ਬਦਾਂ ਨੂੰ ਸਹੀ ਲਹਿਜੇ ਵਿਚ ਬੋਲਣਾ ਬਹੁਤ ਮੁਸ਼ਕਲ ਸੀ। ਮਿਸਾਲ ਲਈ, ਸ਼ਬਦ ‘ਖਅਊ’ ਨੂੰ ਤਿੱਖੀ ਆਵਾਜ਼ ਨਾਲ ਸ਼ੁਰੂ ਕਰ ਕੇ ਫਿਰ ਧੀਮੀ ਆਵਾਜ਼ ਨਾਲ ਖ਼ਤਮ ਕੀਤਾ ਜਾਵੇ, ਤਾਂ ਇਸ ਦਾ ਮਤਲਬ ਹੁੰਦਾ ਹੈ “ਚੌਲ਼।” ਪਰ ਜੇ ਇਸੇ ਸ਼ਬਦ ਨੂੰ ਭਾਰੀ ਆਵਾਜ਼ ਵਿਚ ਬੋਲਿਆ ਜਾਵੇ, ਤਾਂ ਇਸ ਦਾ ਮਤਲਬ ਹੁੰਦਾ ਹੈ “ਖ਼ਬਰ।” ਸੋ ਪਹਿਲਾਂ-ਪਹਿਲਾਂ ਅਸੀਂ ਪ੍ਰਚਾਰ ਦੌਰਾਨ ਲੋਕਾਂ ਨੂੰ “ਖ਼ੁਸ਼ ਖ਼ਬਰੀ” ਕਹਿਣ ਦੀ ਬਜਾਇ ਜੋਸ਼ ਨਾਲ ਇਹੀ ਕਹਿੰਦੀਆਂ ਸਾਂ, “ਮੈਂ ਤੁਹਾਡੇ ਲਈ ਵਧੀਆ ਚੌਲ਼ ਲਿਆਈ ਹਾਂ।” ਪਰ ਹੌਲੀ-ਹੌਲੀ ਅਸੀਂ ਇਹ ਭਾਸ਼ਾ ਸਿੱਖ ਗਈਆਂ ਭਾਵੇਂ ਕਿ ਪਹਿਲਾਂ-ਪਹਿਲਾਂ ਅਸੀਂ ਹਾਸੋਹੀਣੇ ਲਫ਼ਜ਼ ਵਰਤੇ ਸਨ।

ਥਾਈ ਲੋਕ ਬੜੇ ਖ਼ੁਸ਼ ਮਿਜ਼ਾਜ ਦੇ ਹਨ। ਤਾਹੀਓਂ ਥਾਈਲੈਂਡ ਨੂੰ ਖਿੜੇ ਚਿਹਰਿਆਂ ਦਾ ਦੇਸ਼ ਕਿਹਾ ਜਾਂਦਾ ਹੈ। ਪਹਿਲਾਂ ਅਸੀਂ ਦੋ ਸਾਲਾਂ ਤਾਈਂ ਕੋਹਰਾਤ (ਹੁਣ ਨਾਕੋਨ ਰਾਚੀਸੀਮਾ) ਵਿਚ ਪ੍ਰਚਾਰ ਕੀਤਾ। ਫਿਰ ਸਾਨੂੰ ਚਿਆਂਗ ਮਾਈ ਸ਼ਹਿਰ ਵਿਚ ਪ੍ਰਚਾਰ ਕਰਨ ਲਈ ਭੇਜਿਆ ਗਿਆ। ਜ਼ਿਆਦਾਤਰ ਥਾਈ ਲੋਕ ਬੁੱਧ ਧਰਮ ਨੂੰ ਮੰਨਦੇ ਹਨ ਤੇ ਉਨ੍ਹਾਂ ਨੂੰ ਬਾਈਬਲ ਬਾਰੇ ਜ਼ਿਆਦਾ ਕੁਝ ਨਹੀਂ ਪਤਾ। ਕੋਹਰਾਤ ਵਿਚ ਮੈਂ ਇਕ ਪੋਸਟ ਮਾਸਟਰ ਨਾਲ ਬਾਈਬਲ ਸਟੱਡੀ ਕੀਤੀ। ਅਸੀਂ ਉਸ ਨਾਲ ਪਰਮੇਸ਼ੁਰ ਦੇ ਭਗਤ ਅਬਰਾਹਾਮ ਬਾਰੇ ਗੱਲ ਕੀਤੀ। ਇਸ ਬੰਦੇ ਨੇ ਅਬਰਾਹਾਮ ਦਾ ਨਾਂ ਪਹਿਲਾਂ ਸੁਣਿਆ ਸੀ। ਇਸ ਲਈ ਉਹ ਇਸ ਤਰ੍ਹਾਂ ਹਾਂ ਵਿਚ ਸਿਰ ਹਿਲਾ ਰਿਹਾ ਸੀ ਜਿਵੇਂ ਕਿ ਉਹ ਸਾਡੀ ਗੱਲ ਸਮਝ ਗਿਆ ਹੋਵੇ। ਉਸ ਨੇ ਸੋਚਿਆ ਕਿ ਅਸੀਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਬਰਾਹਾਮ ਲਿੰਕਨ ਦੀ ਗੱਲ ਕਰ ਰਹੀਆਂ ਸਾਂ!

ਸਾਨੂੰ ਥਾਈ ਲੋਕਾਂ ਨੂੰ ਬਾਈਬਲ ਦਾ ਗਿਆਨ ਦੇ ਕੇ ਬਹੁਤ ਖ਼ੁਸ਼ੀ ਹੋਈ। ਇਸ ਦੇ ਨਾਲ ਹੀ ਅਸੀਂ ਉਨ੍ਹਾਂ ਤੋਂ ਸਿੱਖਿਆ ਕਿ ਸਾਦੀ ਜ਼ਿੰਦਗੀ ਜੀ ਕੇ ਵੀ ਅਸੀਂ ਖ਼ੁਸ਼ ਰਹਿ ਸਕਦੀਆਂ ਹਾਂ ਕਿਉਂਕਿ ਕੋਹਰਾਤ ਵਿਚ ਪਹਿਲੇ ਮਿਸ਼ਨਰੀ ਘਰ ਵਿਚ ਨਾ ਤਾਂ ਬਿਜਲੀ ਸੀ ਤੇ ਨਾ ਹੀ ਪਾਣੀ। ਅਸੀਂ ਖ਼ੁਸ਼ ਸਾਂ ਭਾਵੇਂ ਸਾਡੇ ਕੋਲ ਥੋੜ੍ਹਾ ਸੀ ਜਾਂ ਬਹੁਤਾ। ਪੌਲੁਸ ਦੀ ਤਰ੍ਹਾਂ ਸਾਨੂੰ ਪਤਾ ਲੱਗ ਗਿਆ ਸੀ ਕਿ ਅਸੀਂ ‘ਉਹ ਦੇ ਵਿੱਚ ਜੋ ਸਾਨੂੰ ਬਲ ਦਿੰਦਾ ਹੈ ਸੱਭੋ ਕੁਝ ਕਰ ਸੱਕਦੀਆਂ ਸਾਂ।’​—⁠ਫ਼ਿਲਿ. 4:​12, 13.

ਨਵਾਂ ਸਾਥੀ ਤੇ ਨਵਾਂ ਦੇਸ਼

1945 ਵਿਚ ਮੈਂ ਲੰਡਨ ਗਈ। ਉਸ ਵੇਲੇ ਮੈਂ ਕੁਝ ਪਾਇਨੀਅਰਾਂ ਅਤੇ ਬੈਥਲ ਦੇ ਭੈਣ-ਭਰਾਵਾਂ ਨਾਲ ਬ੍ਰਿਟਿਸ਼ ਮਿਊਜ਼ੀਅਮ ਦੇਖਣ ਗਈ। ਉਨ੍ਹਾਂ ਵਿਚ ਇਕ ਸੀ ਐਲਨ ਕੋਵਿਲ ਜੋ ਥੋੜ੍ਹੀ ਦੇਰ ਬਾਅਦ ਗਿਲੀਅਡ ਦੀ 11ਵੀਂ ਕਲਾਸ ਵਿਚ ਗਿਆ ਸੀ। ਉਸ ਨੂੰ ਪਹਿਲਾਂ ਫਰਾਂਸ ਤੇ ਫਿਰ ਬੈਲਜੀਅਮ ਭੇਜਿਆ ਗਿਆ। * ਫਿਰ ਜਦੋਂ ਮੈਂ ਥਾਈਲੈਂਡ ਵਾਪਸ ਗਈ, ਤਾਂ ਉਸ ਨੇ ਮੈਨੂੰ ਆਪਣੇ ਨਾਲ ਵਿਆਹ ਕਰਨ ਲਈ ਪੁੱਛਿਆ। ਮੈਂ ਹਾਂ ਕਰ ਦਿੱਤੀ।

ਅਸੀਂ 9 ਜੁਲਾਈ 1955 ਨੂੰ ਬੈਲਜੀਅਮ ਦੇ ਸ਼ਹਿਰ ਬ੍ਰਸਲਜ਼ ਵਿਚ ਵਿਆਹ ਕਰ ਲਿਆ। ਮੇਰਾ ਇਹੀ ਸੁਪਨਾ ਸੀ ਕਿ ਮੈਂ ਪੈਰਿਸ ਵਿਚ ਹਨੀਮੂਨ ਮਨਾਵਾਂ। ਇਸ ਲਈ ਐਲਨ ਨੇ ਉੱਥੇ ਅਗਲੇ ਹਫ਼ਤੇ ਅਸੈਂਬਲੀ ’ਤੇ ਜਾਣ ਦਾ ਪ੍ਰੋਗ੍ਰਾਮ ਬਣਾਇਆ ਜਿਸ ਦੇ ਨਾਲ-ਨਾਲ ਅਸੀਂ ਉੱਥੇ ਹਨੀਮੂਨ ਵੀ ਮਨਾ ਸਕਦੇ ਸਾਂ। ਪਰ ਉੱਥੇ ਪਹੁੰਚਦਿਆਂ ਹੀ ਐਲਨ ਨੂੰ ਅਸੈਂਬਲੀ ਦੇ ਪੂਰੇ ਪ੍ਰੋਗ੍ਰਾਮ ਦੀ ਟ੍ਰਾਂਸਲੇਸ਼ਨ ਕਰਨ ਲਈ ਪੁੱਛਿਆ ਗਿਆ। ਹਰ ਰੋਜ਼ ਅਸੀਂ ਤੜਕੇ ਹੀ ਨਿਕਲ ਜਾਂਦੇ ਸੀ ਤੇ ਦੇਰ ਰਾਤ ਨੂੰ ਵਾਪਸ ਆਉਂਦੇ ਸੀ। ਇਸ ਤਰ੍ਹਾਂ ਮੈਂ ਪੈਰਿਸ ਵਿਚ ਆਪਣਾ ਹਨੀਮੂਨ ਮਨਾਇਆ, ਪਰ ਐਲਨ ਸਾਰਾ ਦਿਨ ਸਟੇਜ ’ਤੇ ਟ੍ਰਾਂਸਲੇਸ਼ਨ ਕਰਦਾ ਸੀ। ਮੈਂ ਖ਼ੁਸ਼ ਸੀ ਕਿ ਮੇਰੇ ਪਤੀ ਨੂੰ ਭੈਣਾਂ-ਭਰਾਵਾਂ ਦੀ ਸੇਵਾ ਕਰਨ ਲਈ ਵਰਤਿਆ ਜਾ ਰਿਹਾ ਸੀ। ਮੈਨੂੰ ਪੂਰਾ ਯਕੀਨ ਸੀ ਕਿ ਜੇ ਅਸੀਂ ਯਹੋਵਾਹ ਨੂੰ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਪਹਿਲਾਂ ਰੱਖਾਂਗੇ, ਤਾਂ ਅਸੀਂ ਖ਼ੁਸ਼ ਰਹਾਂਗੇ।

ਵਿਆਹ ਤੋਂ ਬਾਅਦ ਮੈਂ ਬੈਲਜੀਅਮ ਆ ਗਈ। ਮੈਨੂੰ ਬਸ ਇੰਨਾ ਹੀ ਪਤਾ ਸੀ ਕਿ ਬੈਲਜੀਅਮ ਵਿਚ ਕਈ ਲੜਾਈਆਂ ਲੜੀਆਂ ਗਈਆਂ ਸਨ। ਪਰ ਜਲਦੀ ਹੀ ਮੈਨੂੰ ਪਤਾ ਲੱਗ ਗਿਆ ਕਿ ਬੈਲਜੀਅਮ ਦੇ ਲੋਕ ਸ਼ਾਂਤ ਸੁਭਾਅ ਦੇ ਲੋਕ ਸਨ। ਮੈਨੂੰ ਹੁਣ ਉੱਥੇ ਪ੍ਰਚਾਰ ਕਰਨ ਵਾਸਤੇ ਫ੍ਰੈਂਚ ਭਾਸ਼ਾ ਸਿੱਖਣੀ ਪੈਣੀ ਸੀ ਜੋ ਦੇਸ਼ ਦੇ ਦੱਖਣੀ ਹਿੱਸੇ ਵਿਚ ਬੋਲੀ ਜਾਂਦੀ ਹੈ।

1955 ਵਿਚ ਬੈਲਜੀਅਮ ਵਿਚ ਤਕਰੀਬਨ 4,500 ਪਬਲੀਸ਼ਰ ਸਨ। ਲਗਭਗ 50 ਸਾਲਾਂ ਤਕ ਮੈਂ ਅਤੇ ਐਲਨ ਨੇ ਬੈਥਲ ਵਿਚ ਅਤੇ ਸਰਕਟ ਨਿਗਾਹਬਾਨ ਵਜੋਂ ਸੇਵਾ ਕੀਤੀ। ਸਰਕਟ ਕੰਮ ਕਰਦਿਆਂ ਅਸੀਂ ਢਾਈ ਸਾਲ ਸਾਈਕਲ ਦੇ ਰਾਹੀਂ ਉੱਚੀਆਂ-ਨੀਵੀਆਂ ਥਾਵਾਂ ’ਤੇ ਮੀਂਹ ਜਾਂ ਧੁੱਪ ਵਿਚ ਸਫ਼ਰ ਕਰਦੇ ਸਾਂ। ਸਾਲਾਂ ਤਾਈਂ ਅਸੀਂ 2,000 ਵੱਖੋ-ਵੱਖਰੇ ਭੈਣਾਂ-ਭਰਾਵਾਂ ਦੇ ਘਰਾਂ ਵਿਚ ਠਹਿਰੇ! ਮੈਂ ਕਈ ਅਜਿਹੇ ਭੈਣਾਂ-ਭਰਾਵਾਂ ਨੂੰ ਮਿਲੀ ਜੋ ਜ਼ਿਆਦਾ ਸਿਹਤਮੰਦ ਨਹੀਂ ਸਨ, ਪਰ ਉਹ ਆਪਣੀ ਪੂਰੀ ਤਾਕਤ ਨਾਲ ਯਹੋਵਾਹ ਦੀ ਸੇਵਾ ਕਰਦੇ ਸਨ। ਉਨ੍ਹਾਂ ਦੀ ਮਿਸਾਲ ਨੂੰ ਦੇਖ ਕੇ ਮੈਨੂੰ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣ ਦੀ ਹਿੰਮਤ ਮਿਲੀ। ਹਰ ਹਫ਼ਤੇ ਕਲੀਸਿਯਾਵਾਂ ਵਿਚ ਜਾ ਕੇ ਸਾਨੂੰ ਬਹੁਤ ਹੌਸਲਾ ਮਿਲਦਾ ਸੀ। (ਰੋਮੀ. 1:​11, 12) ਐਲਨ ਹਮੇਸ਼ਾ ਮੇਰਾ ਸਾਥ ਦਿੰਦਾ ਰਿਹਾ। ਸਾਡੇ ਬਾਰੇ ਉਪਦੇਸ਼ਕ ਦੀ ਪੋਥੀ 4:​9, 10 ਦੇ ਸ਼ਬਦ ਸੱਚ ਸਾਬਤ ਹੋਏ: “ਇੱਕ ਨਾਲੋਂ ਦੋ ਚੰਗੇ ਹਨ . . . ਕਿਉਂਕਿ ਜੇ ਉਹ ਡਿੱਗ ਪੈਣ ਤਾਂ ਇੱਕ ਜਣਾ ਦੂਜੇ ਨੂੰ ਚੁੱਕੇਗਾ”!

“ਯਹੋਵਾਹ ਦੇ ਬਲ” ਨਾਲ ਕੀਤੀ ਸੇਵਾ ਦੀਆਂ ਬਰਕਤਾਂ

ਮੈਂ ਤੇ ਐਲਨ ਨੇ ਯਹੋਵਾਹ ਦੀ ਸੇਵਾ ਕਰਨ ਵਿਚ ਦੂਜਿਆਂ ਦੀ ਮਦਦ ਕਰ ਕੇ ਬਹੁਤ ਖ਼ੁਸ਼ੀ ਪਾਈ ਹੈ। ਮਿਸਾਲ ਲਈ, 1983 ਵਿਚ ਅਸੀਂ ਐਂਟਵਰਪ ਦੀ ਫ੍ਰੈਂਚ ਕਲੀਸਿਯਾ ਵਿਚ ਗਏ ਤੇ ਉੱਥੇ ਇਕ ਪਰਿਵਾਰ ਦੇ ਨਾਲ ਰਹੇ ਜਿਨ੍ਹਾਂ ਦੇ ਘਰ ਜ਼ਾਇਰ (ਕਾਂਗੋ ਲੋਕਤੰਤਰੀ ਗਣਰਾਜ) ਦਾ ਇਕ ਭਰਾ ਬੈਂਜਾਮਿਨ ਬਾਂਡੀਵਿਲਾ ਵੀ ਰਹਿ ਰਿਹਾ ਸੀ। ਇਹ ਭਰਾ ਬੈਲਜੀਅਮ ਵਿਚ ਉੱਚ-ਸਿੱਖਿਆ ਲੈਣ ਆਇਆ ਸੀ। ਉਸ ਨੇ ਸਾਨੂੰ ਕਿਹਾ: “ਮੈਨੂੰ ਤੁਹਾਡੇ ’ਤੇ ਫ਼ਖਰ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਪੂਰੀ ਤਰ੍ਹਾਂ ਯਹੋਵਾਹ ਦੀ ਸੇਵਾ ਵਿਚ ਲਾਈ ਹੋਈ ਹੈ।” ਐਲਨ ਨੇ ਉਸ ਨੂੰ ਕਿਹਾ: “ਤੈਨੂੰ ਸਾਡੇ ’ਤੇ ਫ਼ਖਰ ਹੈ, ਪਰ ਆਪ ਤੂੰ ਦੁਨੀਆਂ ਵਿਚ ਕੈਰੀਅਰ ਬਣਾਉਣ ਵਿਚ ਲੱਗਾ ਹੋਇਆ ਹੈ। ਤੂੰ ਕਿਉਂ ਨਹੀਂ ਯਹੋਵਾਹ ਦੀ ਸੇਵਾ ਕਰਨ ਵਿਚ ਆਪਣੀ ਜ਼ਿੰਦਗੀ ਲਾਉਂਦਾ?” ਇਹ ਸੁਣ ਕੇ ਬੈਂਜਾਮਿਨ ਸੋਚਣ ਲੱਗਾ ਕਿ ਉਹ ਆਪਣੀ ਜ਼ਿੰਦਗੀ ਵਿਚ ਕੀ ਕਰ ਰਿਹਾ ਹੈ। ਬਾਅਦ ਵਿਚ ਉਹ ਜ਼ਾਇਰ ਜਾ ਕੇ ਪਾਇਨੀਅਰੀ ਕਰਨ ਲੱਗ ਪਿਆ ਤੇ ਹੁਣ ਬੈਥਲ ਵਿਚ ਬ੍ਰਾਂਚ ਕਮੇਟੀ ਦੇ ਮੈਂਬਰ ਵਜੋਂ ਸੇਵਾ ਕਰ ਰਿਹਾ ਹੈ।

1999 ਵਿਚ ਮੇਰਾ ਓਪਰੇਸ਼ਨ ਕਰ ਕੇ ਮੇਰੇ ਗਲੇ ਦੀ ਨਾਲੀ ਵਿੱਚੋਂ ਅਲਸਰ ਕੱਢਿਆ ਗਿਆ। ਉਦੋਂ ਤੋਂ ਮੇਰਾ ਭਾਰ ਸਿਰਫ਼ 30 ਕਿਲੋ ਰਿਹਾ ਹੈ। ਮੈਂ ਸੱਚੀਂ ਨਾਜ਼ੁਕ ਜਿਹਾ ‘ਮਿੱਟੀ ਦਾ ਭਾਂਡਾ’ ਹਾਂ। ਪਰ ਫਿਰ ਵੀ ਮੈਂ ਯਹੋਵਾਹ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹ ਮੈਨੂੰ ਤਾਕਤ ਦਿੰਦਾ ਹੈ। ਓਪਰੇਸ਼ਨ ਤੋਂ ਬਾਅਦ ਮੈਂ ਫਿਰ ਐਲਨ ਨਾਲ ਸਰਕਟ ਕੰਮ ਵਿਚ ਜੁੱਟ ਗਈ। (2 ਕੁਰਿੰ. 4:7) ਫਿਰ ਐਲਨ ਮਾਰਚ 2004 ਨੂੰ ਮੌਤ ਦੀ ਨੀਂਦ ਸੌਂ ਗਿਆ। ਮੈਨੂੰ ਉਸ ਦੀ ਬਹੁਤ ਯਾਦ ਆਉਂਦੀ ਹੈ, ਪਰ ਮੈਨੂੰ ਇਸ ਗੱਲ ਤੋਂ ਹੌਸਲਾ ਮਿਲਦਾ ਹੈ ਕਿ ਉਹ ਯਹੋਵਾਹ ਦੀ ਯਾਦਾਸ਼ਤ ਵਿਚ ਹੈ।

ਅੱਜ ਮੈਂ 83 ਸਾਲਾਂ ਦੀ ਹਾਂ ਅਤੇ ਮੈਂ 63 ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਹੀ ਹਾਂ। ਮੈਂ ਅਜੇ ਵੀ ਪ੍ਰਚਾਰ ਕਰਦੀ ਹਾਂ, ਘਰ ਬਾਈਬਲ ਸਟੱਡੀ ਕਰਾਉਂਦੀ ਹਾਂ ਅਤੇ ਹਰ ਰੋਜ਼ ਕਿਸੇ ਨਾ ਕਿਸੇ ਨਾਲ ਯਹੋਵਾਹ ਦੇ ਸ਼ਾਨਦਾਰ ਮਕਸਦ ਬਾਰੇ ਗੱਲ ਕਰਦੀ ਹਾਂ। ਕਦੇ-ਕਦੇ ਮੈਂ ਸੋਚਦੀ ਹਾਂ ਕਿ ‘ਮੇਰੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਜੇ ਮੈਂ 1945 ਵਿਚ ਪਾਇਨੀਅਰੀ ਕਰਨੀ ਸ਼ੁਰੂ ਨਾ ਕੀਤੀ ਹੁੰਦੀ?’ ਉਦੋਂ ਮੇਰੀ ਸਿਹਤ ਖ਼ਰਾਬ ਰਹਿੰਦੀ ਸੀ ਜੋ ਪਾਇਨੀਅਰੀ ਨਾ ਕਰਨ ਦਾ ਕਾਰਨ ਹੋ ਸਕਦਾ ਸੀ। ਮੈਂ ਕਿੰਨੀ ਖ਼ੁਸ਼ ਹਾਂ ਕਿ ਮੈਂ ਜਵਾਨੀ ਵਿਚ ਪਾਇਨੀਅਰੀ ਕਰਨ ਲੱਗ ਪਈ ਸੀ! ਮੈਂ ਦੇਖਿਆ ਹੈ ਕਿ ਜੇ ਅਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਵਿਚ ਪਹਿਲਾਂ ਰੱਖਦੇ ਹਾਂ, ਤਾਂ ਉਹ ਸਾਨੂੰ ਜ਼ਰੂਰ ਬਲ ਦੇਵੇਗਾ।

[ਫੁਟਨੋਟ]

^ ਪੈਰਾ 6 ਸਾਲਵੇਸ਼ਨ (ਅੰਗ੍ਰੇਜ਼ੀ) ਕਿਤਾਬ 1939 ਵਿਚ ਛਾਪੀ ਗਈ ਸੀ। ਪਰ ਹੁਣ ਨਹੀਂ ਛਾਪੀ ਜਾਂਦੀ।

^ ਪੈਰਾ 22 ਭਰਾ ਕੋਵਿਲ ਦੀ ਜੀਵਨੀ 15 ਮਾਰਚ 1961 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿਚ ਛਾਪੀ ਗਈ ਹੈ।

[ਸਫ਼ਾ 18 ਉੱਤੇ ਤਸਵੀਰ]

(ਸੱਜੇ ਪਾਸੇ) ਮੇਰੀ ਮਿਸ਼ਨਰੀ ਸਾਥਣ ਐਸਟ੍ਰਿਡ ਐਂਡਰਸਨ

[ਸਫ਼ਾ 18 ਉੱਤੇ ਤਸਵੀਰ]

1956 ਵਿਚ ਆਪਣੇ ਪਤੀ ਨਾਲ ਸਰਕਟ ਕੰਮ ਵਿਚ

[ਸਫ਼ਾ 20 ਉੱਤੇ ਤਸਵੀਰ]

2000 ਵਿਚ ਐਲਨ ਨਾਲ