ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਯਹੂਦੀਆਂ ਨੂੰ ਨਹਮਯਾਹ 8:10 ਵਿਚ ਦੱਸਿਆ ਗਿਆ ਸੀ ਕਿ ਉਹ ‘ਥੰਧਿਆਈ ਖਾਣ,’ ਪਰ ਲੇਵੀਆਂ 3:17 ਵਿਚ ਯਹੋਵਾਹ ਨੇ ਕਿਹਾ ਸੀ ਕਿ ਉਨ੍ਹਾਂ ਨੂੰ ‘ਚਰਬੀ ਨਹੀਂ ਖਾਣੀ’ ਚਾਹੀਦੀ। ਇਹ ਦੋਵੇਂ ਗੱਲਾਂ ਸਹੀ ਕਿਵੇਂ ਹੋ ਸਕਦੀਆਂ ਹਨ?
ਮੂਲ ਭਾਸ਼ਾ ਵਿਚ ਨਹਮਯਾਹ 8:10 ਵਿਚ ‘ਥੰਧਿਆਈ’ ਅਤੇ ਲੇਵੀਆਂ 3:17 ਵਿਚ ‘ਚਰਬੀ’ ਅਨੁਵਾਦ ਕੀਤੇ ਗਏ ਸ਼ਬਦਾਂ ਦੇ ਵੱਖੋ-ਵੱਖਰੇ ਮਤਲਬ ਹਨ। ਲੇਵੀਆਂ 3:17 ਵਿਚ “ਚਰਬੀ” ਲਈ ਅਨੁਵਾਦ ਕੀਤਾ ਗਿਆ ਇਬਰਾਨੀ ਸ਼ਬਦ ਖੇਲੱਵ ਦਾ ਮਤਲਬ ਹੈ ਜਾਨਵਰਾਂ ਜਾਂ ਮਨੁੱਖਾਂ ਦੀ ਚਰਬੀ। (ਲੇਵੀ. 3:3; ਨਿਆ. 3:22) 17ਵੀਂ ਆਇਤ ਦੇ ਆਲੇ-ਦੁਆਲੇ ਦੀਆਂ ਆਇਤਾਂ ਮੁਤਾਬਕ ਇਸਰਾਏਲੀਆਂ ਨੇ ਬਲੀਦਾਨ ਕੀਤੇ ਗਏ ਜਾਨਵਰਾਂ ਦੀਆਂ ਆਂਦਰਾਂ ਤੇ ਗੁਰਦਿਆਂ ਦੇ ਦੁਆਲੇ ਦੀ ਚਰਬੀ ਨਹੀਂ ਸੀ ਖਾਣੀ ਅਤੇ ਨਾ ਹੀ ਵੱਖੀਆਂ ਉੱਤਲੀ ਚਰਬੀ ਖਾਣੀ ਸੀ ਕਿਉਂਕਿ ‘ਸਾਰੀ ਚਰਬੀ ਯਹੋਵਾਹ ਦੀ ਸੀ।’ (ਲੇਵੀ. 3:14-16) ਉਨ੍ਹਾਂ ਨੂੰ ਜਾਨਵਰਾਂ ਦੀ ਚਰਬੀ ਖਾਣ ਤੋਂ ਮਨ੍ਹਾ ਕੀਤਾ ਗਿਆ ਸੀ ਕਿਉਂਕਿ ਇਹ ਯਹੋਵਾਹ ਨੂੰ ਚੜ੍ਹਾਈ ਜਾਣੀ ਸੀ।
ਨਹਮਯਾਹ 8:10 ਵਿਚ “ਥੰਧਿਆਈ” ਵਾਲੀਆਂ ਚੀਜ਼ਾਂ ਵਾਸਤੇ ਅਨੁਵਾਦ ਕੀਤਾ ਗਿਆ ਇਬਰਾਨੀ ਸ਼ਬਦ ਮਾਸ਼ਮਾਨੀਮ ਹੈ ਜੋ ਇੱਕੋ ਵਾਰ ਇਬਰਾਨੀ ਸ਼ਾਸਤਰ ਵਿਚ ਆਉਂਦਾ ਹੈ। ਇਹ ਸ਼ਬਦ ਸ਼ਮਨ ਕ੍ਰਿਆ ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਹੈ “ਮੋਟੇ ਹੋਵੋ” ਅਤੇ “ਮੋਟਾਪਾ ਵਧਾਓ।” ਇਸ ਕ੍ਰਿਆ ਨਾਲ ਵਰਤੇ ਗਏ ਸ਼ਬਦਾਂ ਦਾ ਮਤਲਬ ਖ਼ੁਸ਼ਹਾਲ ਅਤੇ ਸਿਹਤਮੰਦ ਹੋਣਾ ਹੈ। (ਹੋਰ ਜਾਣਕਾਰੀ ਲਈ ਯਸਾਯਾਹ 25:6 ਦੇਖੋ।) ਇਸ ਕ੍ਰਿਆ ਤੋਂ ਆਮ ਸ਼ਬਦ ਜਿਹੜਾ ਲਿਆ ਜਾਂਦਾ ਹੈ, ਉਹ ਹੈ ਨਾਂਵ ਸ਼ੇਮਨ ਜਿਸ ਨੂੰ ਅਕਸਰ “ਤੇਲ” ਅਤੇ “ਜ਼ੈਤੂਨ ਦਾ ਤੇਲ” ਅਨੁਵਾਦ ਕੀਤਾ ਗਿਆ ਹੈ। (ਬਿਵ. 8:8; ਲੇਵੀ. 24:2) ਨਹਮਯਾਹ 8:10 ਵਿਚ ਵਰਤਿਆ ਗਿਆ ਸ਼ਬਦ ਮਾਸ਼ਮਾਨੀਮ ਦਾ ਭਾਵ ਹੈ ਬਹੁਤ ਸਾਰੇ ਤੇਲ ਵਿਚ ਬਣਾਇਆ ਗਿਆ ਭੋਜਨ ਜਾਂ ਫਿਰ ਮੀਟ ਜਿਸ ਵਿਚ ਮਾੜੀ-ਮੋਟੀ ਚਰਬੀ ਹੁੰਦੀ ਸੀ, ਨਾ ਕਿ ਚਰਬੀ ਦੀਆਂ ਪਰਤਾਂ।
ਭਾਵੇਂ ਕਿ ਇਸਰਾਏਲੀਆਂ ਨੂੰ ਜਾਨਵਰਾਂ ਦੀ ਚਰਬੀ ਦੀਆਂ ਪਰਤਾਂ ਖਾਣ ਤੋਂ ਮਨ੍ਹਾ ਕੀਤਾ ਗਿਆ ਸੀ, ਪਰ ਉਹ ਤੇਲ ਵਿਚ ਬਣਾਇਆ ਗਿਆ ਵਧੀਆ ਖਾਣਾ ਖਾ ਸਕਦੇ ਸਨ। ਕੁਝ ਚੀਜ਼ਾਂ ਜਿਵੇਂ ਕਣਕ ਦੇ ਕੇਕ ਜਾਨਵਰਾਂ ਦੀ ਚਰਬੀ ਵਿਚ ਨਹੀਂ ਸੀ ਬਣਾਏ ਜਾਂਦੇ, ਸਗੋਂ ਤੇਲ ਖ਼ਾਸ ਕਰਕੇ ਜ਼ੈਤੂਨ ਦੇ ਤੇਲ ਵਿਚ ਬਣਾਏ ਜਾਂਦੇ ਸਨ। (ਲੇਵੀ. 2:7) ਇਨਸਾਈਟ ਔਨ ਦ ਸਕ੍ਰਿਪਚਰਸ ਵਿਚ ਸਮਝਾਇਆ ਗਿਆ ਹੈ ਕਿ “ਥੰਧਿਆਈ” “ਸੁੱਕੀਆਂ ਚੀਜ਼ਾਂ ਨੂੰ ਨਹੀਂ, ਬਲਕਿ ਤੇਲ ਵਾਲੀਆਂ ਚੀਜ਼ਾਂ ਨੂੰ ਸੰਕੇਤ ਕਰਦੀ ਹੈ ਜੋ ਬਹੁਤ ਲਜ਼ੀਜ਼ ਹੁੰਦੀਆਂ ਸਨ।”
ਮਸੀਹੀ ਇਹ ਗੱਲ ਯਾਦ ਰੱਖਦੇ ਹਨ ਕਿ ਚਰਬੀ ਖਾਣ ਦੀ ਮਨਾਹੀ ਬਿਵਸਥਾ ਵਿਚ ਕੀਤੀ ਗਈ ਸੀ। ਪਰ ਹੁਣ ਮਸੀਹੀ ਉਸ ਬਿਵਸਥਾ ਤੇ ਜਾਨਵਰਾਂ ਦੀਆਂ ਬਲੀਆਂ ਨਾਲ ਸੰਬੰਧਿਤ ਮੰਗਾਂ ਦੇ ਅਧੀਨ ਨਹੀਂ ਹਨ।—ਰੋਮੀ. 3:20; 7:4, 6; 10:4; ਕੁਲੁ. 2:16, 17.