ਗੁਪਤ ਖ਼ਜ਼ਾਨੇ ਲੱਭੇ
ਗੁਪਤ ਖ਼ਜ਼ਾਨੇ ਲੱਭੇ
ਕੀ ਤੁਹਾਨੂੰ ਕਿਸੇ ਅਜਿਹੀ ਜਗ੍ਹਾ ਤੋਂ ਖ਼ਜ਼ਾਨਾ ਲੱਭਾ ਹੈ ਜਿਸ ਬਾਰੇ ਤੁਸੀਂ ਕਦੀ ਸੋਚਿਆ ਵੀ ਨਹੀਂ ਸੀ? ਏਸਟੋਨੀਆ ਵਿਚ ਰਹਿੰਦੇ ਯਹੋਵਾਹ ਦੇ ਗਵਾਹ ਈਵੋ ਲੋਡ ਨਾਲ 27 ਮਾਰਚ 2005 ਵਿਚ ਇੱਦਾਂ ਹੋਇਆ। ਉਹ ਇਕ ਪੁਰਾਣੀ ਸ਼ੈੱਡ ਨੂੰ ਢਾਹੁਣ ਵਿਚ ਬਜ਼ੁਰਗ ਔਰਤ ਅਲਮਾ ਵਾਰਡੀਆ ਦੀ ਮਦਦ ਕਰ ਰਿਹਾ ਸੀ। ਉਹ ਵੀ ਯਹੋਵਾਹ ਦੀ ਇਕ ਗਵਾਹ ਹੈ। ਜਿਉਂ ਹੀ ਉਨ੍ਹਾਂ ਨੇ ਸ਼ੈੱਡ ਦੀ ਬਾਹਰਲੀ ਕੰਧ ਢਾਹੀ, ਤਾਂ ਉਨ੍ਹਾਂ ਨੇ ਥੰਮ੍ਹ ਦੇ ਇਕ ਪਾਸੇ ਫੱਟਾ ਦੇਖਿਆ। ਫੱਟਾ ਹਟਾ ਕੇ ਉਨ੍ਹਾਂ ਨੇ ਦੇਖਿਆ ਕਿ ਥੰਮ੍ਹ ਅੰਦਰੋਂ ਖੋਖਲਾ ਸੀ ਅਤੇ ਇਹ 4 ਇੰਚ ਚੌੜਾ, 50 ਇੰਚ ਲੰਬਾ ਤੇ 4 ਇੰਚ ਡੂੰਘਾ ਸੀ। ਇਸ ਖੋਖਲੀ ਜਗ੍ਹਾ ਨੂੰ ਥੰਮ੍ਹ ਦੇ ਰੰਗ ਵਰਗੇ ਲੱਕੜੀ ਦੇ ਫੱਟੇ ਨਾਲ ਢੱਕਿਆ ਹੋਇਆ ਸੀ। (1) ਇਹ ਖੋਖਲੀ ਜਗ੍ਹਾ ਖ਼ਜ਼ਾਨਿਆਂ ਨਾਲ ਭਰੀ ਪਈ ਸੀ! ਇਹ ਖ਼ਜ਼ਾਨੇ ਕੀ ਸਨ? ਕਿਸ ਨੇ ਇਨ੍ਹਾਂ ਨੂੰ ਇੱਥੇ ਲੁਕੋਇਆ ਸੀ?
ਥੰਮ੍ਹ ਵਿੱਚੋਂ ਮੋਟੇ ਕਾਗਜ਼ ਵਿਚ ਲਪੇਟੇ ਕਈ ਪੈਕਟ ਮਿਲੇ। (2) ਪੈਕਟਾਂ ਵਿਚ ਯਹੋਵਾਹ ਦੇ ਗਵਾਹਾਂ ਦਾ ਸਾਹਿੱਤ ਯਾਨੀ ਪਹਿਰਾਬੁਰਜ ਦੇ ਅਧਿਐਨ ਲੇਖ ਸਨ ਜਿਨ੍ਹਾਂ ਵਿਚ ਕੁਝ 1947 ਦੇ ਸਨ। (3) ਇਹ ਬੜੀ ਮਿਹਨਤ ਨਾਲ ਏਸਟੋਨੀਆ ਭਾਸ਼ਾ ਵਿਚ ਹੱਥ ਨਾਲ ਲਿਖੇ ਹੋਏ ਸਨ। ਕੁਝ ਪੈਕਟਾਂ ਵਿਚ ਸੁਰਾਗ ਸਨ ਕਿ ਇਹ ਸਾਹਿੱਤ ਕਿਸ ਨੇ ਲੁਕੋਇਆ ਸੀ। ਇਨ੍ਹਾਂ ਵਿਚ ਅਲਮਾ ਦੇ ਪਤੀ ਵਿਲਮ ਵਾਰਡੀਆ ਨਾਲ ਪੁਲਸ ਵੱਲੋਂ ਹੋਈ ਪੁੱਛ-ਗਿੱਛ ਦੇ ਰਿਕਾਰਡ ਵੀ ਸਨ। ਨਾਲੇ ਇਹ ਵੀ ਜਾਣਕਾਰੀ ਸੀ ਕਿ ਉਸ ਨੇ ਜੇਲ੍ਹ ਵਿਚ ਕਿੰਨੇ ਸਾਲ ਗੁਜ਼ਾਰੇ। ਪਰ ਉਸ ਨੂੰ ਜੇਲ੍ਹ ਕਿਉਂ ਹੋਈ ਸੀ?
ਵਿਲਮ ਵਾਰਡੀਆ ਕੋਲ ਟਾਰਟੂ ਸ਼ਹਿਰ ਦੀ ਕਲੀਸਿਯਾ ਵਿਚ ਕਈ ਜ਼ਿੰਮੇਵਾਰੀਆਂ ਸਨ ਅਤੇ ਬਾਅਦ ਵਿਚ ਉਸ ਨੇ ਏਸਟੋਨੀਆ ਦੀ ਓਟੇਪਾ ਕਲੀਸਿਯਾ ਵਿਚ ਵੀ ਜ਼ਿੰਮੇਵਾਰ ਭਰਾ ਵਜੋਂ ਸੇਵਾ ਕੀਤੀ। ਏਸਟੋਨੀਆ ਪਹਿਲਾਂ ਸਾਬਕਾ ਰੂਸ ਗਣਰਾਜ ਦਾ ਹਿੱਸਾ ਹੁੰਦਾ ਸੀ। ਵਿਲਮ ਨੇ ਦੂਜੀ ਵਿਸ਼ਵ ਜੰਗ ਤੋਂ ਕੁਝ ਸਮਾਂ ਪਹਿਲਾਂ ਸੱਚਾਈ ਸਿੱਖੀ ਸੀ। ਕੁਝ ਸਾਲਾਂ ਬਾਅਦ, 24 ਦਸੰਬਰ 1948 ਵਿਚ ਕਮਿਊਨਿਸਟ ਸਰਕਾਰ ਨੇ ਭਰਾ ਵਾਰਡੀਆ ਨੂੰ ਗਿਰਫ਼ਤਾਰ ਕਰ ਲਿਆ। ਸ਼ਾਇਦ ਇਸ ਲਈ ਕਿ ਉਹ ਪ੍ਰਚਾਰ ਕਰ ਰਿਹਾ ਸੀ। ਖੁਫੀਆ ਪੁਲਸ ਨੇ ਉਸ ਤੋਂ ਪੁੱਛ-ਗਿੱਛ ਕੀਤੀ ਅਤੇ ਉਸ ਨੂੰ ਮਾਰਿਆ-ਕੁੱਟਿਆ ਤਾਂਕਿ ਉਹ ਦੂਸਰੇ ਗਵਾਹਾਂ ਦੇ ਨਾਂ ਦੱਸੇ। ਪੁਲਸ ਨੇ ਉਸ ਨੂੰ ਅਦਾਲਤ ਵਿਚ ਆਪਣੀ ਸਫ਼ਾਈ ਪੇਸ਼ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਤੇ ਉਸ ਨੂੰ ਰੂਸੀ ਕੈਂਪਾਂ ਵਿਚ 10 ਸਾਲ ਕੈਦ ਦੀ ਸਜ਼ਾ ਦੇ ਦਿੱਤੀ।
ਵਿਲਮ ਵਾਰਡੀਆ 6 ਮਾਰਚ 1990 ਵਿਚ ਆਪਣੀ ਮੌਤ ਤਕ ਯਹੋਵਾਹ ਦਾ ਵਫ਼ਾਦਾਰ ਰਿਹਾ। ਉਸ ਦੀ ਪਤਨੀ ਨੂੰ ਸਾਹਿੱਤ ਬਾਰੇ ਕੁਝ ਵੀ ਨਹੀਂ ਸੀ ਪਤਾ। ਵਿਲਮ ਆਪਣੀ ਪਤਨੀ ਨੂੰ ਬਚਾਉਣਾ ਚਾਹੁੰਦਾ ਸੀ ਕਿ ਕਿਤੇ ਪੁਲਸ ਉਸ ਤੋਂ ਪੁੱਛ-ਗਿੱਛ ਨਾ ਕਰਨ ਲੱਗ ਪਵੇ। ਪਰ ਉਸ ਨੂੰ ਸਾਹਿੱਤ ਲੁਕਾਉਣ ਦੀ ਕੀ ਲੋੜ ਸੀ? ਕਿਉਂਕਿ ਰੂਸ ਦੀ ਖੁਫੀਆ ਪੁਲਸ (KGB) ਕਦੇ ਵੀ ਯਹੋਵਾਹ ਦੇ ਗਵਾਹਾਂ ਦੇ ਘਰਾਂ ਵਿਚ ਸਾਹਿੱਤ ਲੱਭਣ ਲਈ ਛਾਪੇ ਮਾਰ ਸਕਦੀ ਸੀ। ਭਰਾ ਵਾਰਡੀਆ ਨੇ ਇਹ ਵੀ ਸੋਚਿਆ ਹੋਣਾ ਕਿ ਜੇ ਪੁਲਸ ਨੇ ਸਾਰਾ ਹੀ ਸਾਹਿੱਤ ਜ਼ਬਤ ਕਰ ਲਿਆ, ਤਾਂ ਭੈਣਾਂ-ਭਰਾਵਾਂ ਕੋਲ ਇਹ ਛੁਪਾਇਆ ਹੋਇਆ ਸਾਹਿੱਤ ਹੋਵੇਗਾ। ਪਹਿਲਾਂ ਵੀ 1990 ਦੀਆਂ ਗਰਮੀਆਂ ਵਿਚ ਸਾਹਿੱਤ ਦੇ ਹੋਰ ਪੈਕਟ ਮਿਲੇ ਸਨ। ਇਕ ਪੈਕਟ ਦੱਖਣੀ ਏਸਟੋਨੀਆ ਦੇ ਟਾਰਟੂ ਸ਼ਹਿਰ ਵਿਚ ਮਿਲਿਆ ਸੀ। ਇਹ ਪੈਕਟ ਵੀ ਭਰਾ ਵਿਲਮ ਵਾਰਡੀਆ ਨੇ ਹੀ ਲੁਕੋਇਆ ਸੀ।
ਅਸੀਂ ਇਸ ਸਾਹਿੱਤ ਨੂੰ ਖ਼ਜ਼ਾਨਾ ਕਿਉਂ ਕਹਿੰਦੇ ਹਾਂ? ਕਿਉਂਕਿ ਇਹ ਸਾਹਿੱਤ ਬੜੀ ਮਿਹਨਤ ਨਾਲ ਹੱਥਾਂ ਨਾਲ ਲਿਖਿਆ ਸੀ ਅਤੇ ਇਸ ਨੂੰ ਸਾਵਧਾਨੀ ਨਾਲ ਲੁਕੋਇਆ ਗਿਆ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਦੇ ਭੈਣ-ਭਰਾ ਇਸ ਸਾਹਿੱਤ ਦੀ ਕਿੰਨੀ ਕਦਰ ਕਰਦੇ ਸਨ। (ਮੱਤੀ 24:45) ਕੀ ਤੁਸੀਂ ਹੁਣ ਮਿਲ ਰਹੇ ਸਾਹਿੱਤ ਦੀ ਕਦਰ ਕਰ ਰਹੋ ਹੋ? ਇਸ ਵਿਚ ਏਸਟੋਨੀਆ ਭਾਸ਼ਾ ਦੇ ਨਾਲ-ਨਾਲ 170 ਤੋਂ ਜ਼ਿਆਦਾ ਹੋਰ ਭਾਸ਼ਾਵਾਂ ਵਿਚ ਪਹਿਰਾਬੁਰਜ ਰਸਾਲਾ ਹੈ।