Skip to content

Skip to table of contents

ਤੁਹਾਡੀਆਂ ਪ੍ਰਾਰਥਨਾਵਾਂ ਤੋਂ ਤੁਹਾਡੇ ਬਾਰੇ ਕੀ ਜ਼ਾਹਰ ਹੁੰਦਾ ਹੈ?

ਤੁਹਾਡੀਆਂ ਪ੍ਰਾਰਥਨਾਵਾਂ ਤੋਂ ਤੁਹਾਡੇ ਬਾਰੇ ਕੀ ਜ਼ਾਹਰ ਹੁੰਦਾ ਹੈ?

ਤੁਹਾਡੀਆਂ ਪ੍ਰਾਰਥਨਾਵਾਂ ਤੋਂ ਤੁਹਾਡੇ ਬਾਰੇ ਕੀ ਜ਼ਾਹਰ ਹੁੰਦਾ ਹੈ?

“ਹੇ ਪ੍ਰਾਰਥਨਾ ਦੇ ਸੁਣਨ ਵਾਲੇ, ਸਾਰੇ ਬਸ਼ਰ ਤੇਰੇ ਕੋਲ ਆਉਣਗੇ।”—ਜ਼ਬੂ. 65:2.

1, 2. ਯਹੋਵਾਹ ਦੇ ਭਗਤ ਪੂਰੇ ਭਰੋਸੇ ਨਾਲ ਉਸ ਨੂੰ ਪ੍ਰਾਰਥਨਾ ਕਿਉਂ ਕਰ ਸਕਦੇ ਹਨ?

ਯਹੋਵਾਹ ਹਮੇਸ਼ਾ ਆਪਣੇ ਵਫ਼ਾਦਾਰ ਭਗਤਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ। ਸੋ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਉਹ ਸਾਡੀ ਵੀ ਸੁਣੇਗਾ। ਸਾਨੂੰ ਯਹੋਵਾਹ ਤੋਂ ਆਪਣੀ ਪ੍ਰਾਰਥਨਾ ਦੇ ਜਵਾਬ ਦੀ ਉਡੀਕ ਨਹੀਂ ਕਰਨੀ ਪਵੇਗੀ ਭਾਵੇਂ ਲੱਖਾਂ ਯਹੋਵਾਹ ਦੇ ਗਵਾਹ ਇੱਕੋ ਸਮੇਂ ਤੇ ਪ੍ਰਾਰਥਨਾ ਕਿਉਂ ਨਾ ਕਰਨ।

2 ਦਾਊਦ ਨੂੰ ਪਤਾ ਸੀ ਕਿ ਪਰਮੇਸ਼ੁਰ ਉਸ ਦੀਆਂ ਬੇਨਤੀਆਂ ਨੂੰ ਸੁਣਦਾ ਹੈ, ਇਸ ਲਈ ਉਸ ਨੇ ਗਾਇਆ: “ਹੇ ਪ੍ਰਾਰਥਨਾ ਦੇ ਸੁਣਨ ਵਾਲੇ, ਸਾਰੇ ਬਸ਼ਰ ਤੇਰੇ ਕੋਲ ਆਉਣਗੇ।” (ਜ਼ਬੂ. 65:2) ਯਹੋਵਾਹ ਨੇ ਦਾਊਦ ਦੀਆਂ ਪ੍ਰਾਰਥਨਾਵਾਂ ਸੁਣੀਆਂ ਸਨ ਕਿਉਂਕਿ ਉਹ ਉਸ ਦਾ ਵਫ਼ਾਦਾਰ ਭਗਤ ਸੀ। ਇਸ ਲਈ ਸਾਨੂੰ ਆਪਣੇ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਮੇਰੀਆਂ ਬੇਨਤੀਆਂ ਤੋਂ ਜ਼ਾਹਰ ਹੁੰਦਾ ਹੈ ਕਿ ਮੈਂ ਯਹੋਵਾਹ ’ਤੇ ਭਰੋਸਾ ਰੱਖਦਾ ਹਾਂ ਅਤੇ ਉਸ ਦੀ ਭਗਤੀ ਨੂੰ ਪਹਿਲ ਦਿੰਦਾ ਹਾਂ? ਮੇਰੀਆਂ ਪ੍ਰਾਰਥਨਾਵਾਂ ਤੋਂ ਮੇਰੇ ਬਾਰੇ ਕੀ ਪਤਾ ਲੱਗਦਾ ਹੈ?’

ਨਿਮਰਤਾ ਨਾਲ ਯਹੋਵਾਹ ਨੂੰ ਪ੍ਰਾਰਥਨਾ ਕਰੋ

3, 4. (ੳ) ਪ੍ਰਾਰਥਨਾ ਕਰਦਿਆਂ ਸਾਡਾ ਕੀ ਰਵੱਈਆ ਹੋਣਾ ਚਾਹੀਦਾ ਹੈ? (ਅ) ਸਾਨੂੰ ਕੀ ਕਰਨਾ ਚਾਹੀਦਾ ਹੈ ਜੇ ਵਾਰ-ਵਾਰ ਇਹ ‘ਖਿਆਲ’ ਆਉਂਦਾ ਹੈ ਕਿ ਅਸੀਂ ਗੰਭੀਰ ਪਾਪ ਕੀਤਾ ਹੈ?

3 ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣੇ, ਤਾਂ ਸਾਨੂੰ ਨਿਮਰਤਾ ਨਾਲ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। (ਜ਼ਬੂ. 138:6) ਦਾਊਦ ਦੀ ਤਰ੍ਹਾਂ ਸਾਨੂੰ ਵੀ ਯਹੋਵਾਹ ਨੂੰ ਕਹਿਣਾ ਚਾਹੀਦਾ ਹੈ ਕਿ ਉਹ ਸਾਨੂੰ ਪਰਖੇ। ਦਾਊਦ ਨੇ ਕਿਹਾ ਸੀ: “ਹੇ ਪਰਮੇਸ਼ੁਰ, ਮੈਨੂੰ ਪਰਖ ਅਤੇ ਮੇਰੇ ਦਿਲ ਨੂੰ ਜਾਣ, ਮੈਨੂੰ ਜਾਚ ਅਤੇ ਮੇਰੇ ਖਿਆਲਾਂ ਨੂੰ ਜਾਣ, ਅਤੇ ਵੇਖ ਕਿਤੇ ਮੇਰੇ ਵਿੱਚ ਕੋਈ ਭੈੜੀ ਚਾਲ ਤਾਂ ਨਹੀਂ? ਅਤੇ ਸਦੀਪਕ ਰਾਹ ਵਿੱਚ ਮੇਰੀ ਅਗਵਾਈ ਕਰ!” (ਜ਼ਬੂ. 139:23, 24) ਆਓ ਆਪਾਂ ਵੀ ਸਿਰਫ਼ ਪ੍ਰਾਰਥਨਾ ਹੀ ਨਾ ਕਰੀਏ, ਸਗੋਂ ਪਰਮੇਸ਼ੁਰ ਨੂੰ ਇਹ ਵੀ ਕਹੀਏ ਕਿ ਉਹ ਸਾਨੂੰ ਪਰਖੇ ਅਤੇ ਉਸ ਦੇ ਬਚਨ ਦੀ ਸਲਾਹ ਨੂੰ ਮੰਨੀਏ। ਯਹੋਵਾਹ ‘ਸਦੀਪਕ ਰਾਹ ਵਿੱਚ ਸਾਡੀ ਅਗਵਾਈ ਕਰ’ ਸਕਦਾ ਹੈ ਜਿਸ ’ਤੇ ਚੱਲ ਕੇ ਅਸੀਂ ਸਦਾ ਦੀ ਜ਼ਿੰਦਗੀ ਪਾ ਸਕਦੇ ਹਾਂ।

4 ਤਦ ਕੀ ਜੇ ਵਾਰ-ਵਾਰ ਇਹ ‘ਖਿਆਲ’ ਆਉਣ ਤੇ ਅਸੀਂ ਪਰੇਸ਼ਾਨ ਹੁੰਦੇ ਹਾਂ ਕਿ ਅਸੀਂ ਗੰਭੀਰ ਪਾਪ ਕੀਤਾ ਹੈ? (ਜ਼ਬੂਰਾਂ ਦੀ ਪੋਥੀ 32:1-5 ਪੜ੍ਹੋ।) ਜਿਸ ਤਰ੍ਹਾਂ ਲੋਹੜੇ ਦੀ ਗਰਮੀ ਚੰਗੇ-ਭਲੇ ਦਰਖ਼ਤ ਦੀ ਨਮੀ ਨੂੰ ਸੋਖ ਲੈਂਦੀ ਹੈ, ਉਸੇ ਤਰ੍ਹਾਂ ਜੇ ਅਸੀਂ ਆਪਣੇ ਦੋਸ਼ੀ ਜ਼ਮੀਰ ਨੂੰ ਦਬਾਈ ਜਾਈਏ, ਤਾਂ ਇਸ ਨਾਲ ਸਾਡੀ ਸਾਰੀ ਤਾਕਤ ਜਾਂਦੀ ਰਹੇਗੀ। ਦਾਊਦ ਨੇ ਪਾਪ ਦੇ ਕਾਰਨ ਆਪਣੀ ਸਾਰੀ ਖ਼ੁਸ਼ੀ ਗੁਆ ਲਈ ਅਤੇ ਸ਼ਾਇਦ ਬੀਮਾਰ ਵੀ ਹੋ ਗਿਆ ਸੀ। ਪਰ ਜਦੋਂ ਉਸ ਨੇ ਪਰਮੇਸ਼ੁਰ ਅੱਗੇ ਆਪਣੇ ਪਾਪ ਨੂੰ ਕਬੂਲ ਕਰ ਲਿਆ, ਤਾਂ ਉਸ ਨੂੰ ਕਿੰਨੀ ਰਾਹਤ ਮਿਲੀ! ਜ਼ਰਾ ਸੋਚੋ ਕਿ ਦਾਊਦ ਕਿੰਨਾ ਖ਼ੁਸ਼ ਹੋਇਆ ਹੋਵੇਗਾ ਜਦੋਂ ਉਸ ਦਾ “ਅਪਰਾਧ ਖਿਮਾ ਹੋ ਗਿਆ।” ਜੀ ਹਾਂ, ਯਹੋਵਾਹ ਨੇ ਉਸ ਨੂੰ ਮਾਫ਼ ਕਰ ਦਿੱਤਾ ਸੀ। ਇਸ ਤੋਂ ਜ਼ਾਹਰ ਹੈ ਕਿ ਪਰਮੇਸ਼ੁਰ ਅੱਗੇ ਆਪਣਾ ਪਾਪ ਕਬੂਲ ਕਰਨ ਨਾਲ ਰਾਹਤ ਮਿਲ ਸਕਦੀ ਹੈ ਅਤੇ ਮਸੀਹੀ ਬਜ਼ੁਰਗਾਂ ਦੀ ਮਦਦ ਨਾਲ ਵੀ ਪਾਪ ਕਰਨ ਵਾਲੇ ਦਾ ਯਹੋਵਾਹ ਨਾਲ ਫਿਰ ਤੋਂ ਰਿਸ਼ਤਾ ਜੁੜ ਸਕਦਾ ਹੈ।—ਕਹਾ. 28:13; ਯਾਕੂ. 5:13-16.

ਪਰਮੇਸ਼ੁਰ ਨੂੰ ਬੇਨਤੀ ਕਰੋ ਤੇ ਧੰਨਵਾਦ ਕਰੋ

5. ਸਾਨੂੰ ਕੀ ਕਰਨਾ ਚਾਹੀਦਾ ਹੈ ਜੇ ਅਸੀਂ ਚਿੰਤਾ ਵਿਚ ਡੁੱਬ ਜਾਂਦੇ ਹਾਂ?

5 ਜੇ ਅਸੀਂ ਕਿਸੇ ਕਾਰਨ ਚਿੰਤਾ ਵਿਚ ਡੁੱਬੇ ਰਹਿੰਦੇ ਹਾਂ, ਤਾਂ ਸਾਨੂੰ ਪੌਲੁਸ ਦੀ ਸਲਾਹ ਲਾਗੂ ਕਰਨੀ ਚਾਹੀਦੀ ਹੈ: “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ।” (ਫ਼ਿਲਿ. 4:6) ਸਾਨੂੰ ਖ਼ਾਸ ਕਰਕੇ ਯਹੋਵਾਹ ਨੂੰ ਉਦੋਂ ਸੇਧ ’ਤੇ ਮਦਦ ਲਈ ਬੇਨਤੀ ਕਰਨੀ ਚਾਹੀਦੀ ਹੈ ਜਦੋਂ ਅਸੀਂ ਖ਼ਤਰੇ ਵਿਚ ਹੁੰਦੇ ਹਾਂ ਜਾਂ ਸਾਡੇ ਤੇ ਕੋਈ ਸਤਾਹਟ ਆਉਂਦੀ ਹੈ।

6, 7. ਸਾਨੂੰ ਕਿਨ੍ਹਾਂ ਕਾਰਨਾਂ ਕਰਕੇ ਪ੍ਰਾਰਥਨਾ ਵਿਚ ਯਹੋਵਾਹ ਦਾ ਧੰਨਵਾਦ ਕਰਨਾ ਚਾਹੀਦਾ ਹੈ?

6 ਜੇ ਅਸੀਂ ਸਿਰਫ਼ ਉਦੋਂ ਹੀ ਪ੍ਰਾਰਥਨਾ ਕਰਦੇ ਹਾਂ ਜਦੋਂ ਸਾਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਹੈ, ਤਾਂ ਇਸ ਤੋਂ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਬਾਰੇ ਕੀ ਪਤਾ ਲੱਗਦਾ ਹੈ? ਪੌਲੁਸ ਨੇ ਕਿਹਾ ਕਿ ਸਾਨੂੰ “ਧੰਨਵਾਦ ਸਣੇ” ਪਰਮੇਸ਼ੁਰ ਨੂੰ ਬੇਨਤੀਆਂ ਕਰਨੀਆਂ ਚਾਹੀਦੀਆਂ ਹਨ। ਸਾਨੂੰ ਦਾਊਦ ਦੀ ਤਰ੍ਹਾਂ ਯਹੋਵਾਹ ਦਾ ਧੰਨਵਾਦ ਕਰਨਾ ਚਾਹੀਦਾ ਹੈ ਜਿਸ ਨੇ ਕਿਹਾ: “ਹੇ ਯਹੋਵਾਹ, ਵਡਿਆਈ ਅਤੇ ਸ਼ਕਤੀ ਅਤੇ ਪ੍ਰਤਾਪ ਅਤੇ ਫਤਹ ਅਤੇ ਮਹਿਮਾ ਤੇਰੀ ਹੀ ਹੈ ਕਿਉਂ ਜੋ ਸੱਭੋ ਕੁਝ ਜਿਹੜਾ ਅਕਾਸ਼ ਅਤੇ ਧਰਤੀ ਦੇ ਵਿੱਚ ਹੈ ਤੇਰਾ ਹੀ ਹੈ। ਹੇ ਯਹੋਵਾਹ, ਰਾਜ ਤੇਰਾ ਹੀ ਹੈ, ਤੂੰ ਸਭਨਾਂ ਦੇ ਸਿਰ ਉੱਤੇ ਅੱਤ ਉਚੇ ਤੋਂ ਉੱਚਾ ਹੈਂ। . . . ਹੇ ਸਾਡੇ ਪਰਮੇਸ਼ੁਰ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਅਤੇ ਤੇਰੇ ਪ੍ਰਤਾਪ ਵਾਲੇ ਨਾਮ ਦੀ ਮਹਿਮਾ ਕਰਦੇ ਹਾਂ।”—1 ਇਤ. 29:11-13.

7 ਯਿਸੂ ਨੇ ਲੋਕਾਂ ਨੂੰ ਖਾਣਾ ਖਿਲਾਉਣ ਅਤੇ ਆਪਣੇ ਚੇਲਿਆਂ ਨਾਲ ਆਖ਼ਰੀ ਵਾਰ ਰੋਟੀ ਖਾਣ ਤੇ ਦਾਖ-ਰਸ ਪੀਣ ਤੋਂ ਪਹਿਲਾਂ ਪਰਮੇਸ਼ੁਰ ਦਾ ਧੰਨਵਾਦ ਕੀਤਾ ਸੀ। (ਮੱਤੀ 15:36; ਮਰ. 14:22, 23) ਸਾਨੂੰ ਵੀ ਭੋਜਨ ਲਈ ਸ਼ੁਕਰੀਆ ਕਰਨ ਤੋਂ ਇਲਾਵਾ, ‘ਆਦਮ ਵੰਸੀਆਂ ਲਈ ਪਰਮੇਸ਼ੁਰ ਦੇ ਅਚਰਜ ਕੰਮਾਂ,’ “ਧਰਮ ਦਿਆਂ ਨਿਆਵਾਂ” ਅਤੇ ਬਾਈਬਲ ਵਿਚ ਉਸ ਦੇ ਸੰਦੇਸ਼ ਲਈ “ਯਹੋਵਾਹ ਦਾ ਧੰਨਵਾਦ” ਕਰਨਾ ਚਾਹੀਦਾ ਹੈ।—ਜ਼ਬੂ. 107:15; 119:62, 105.

ਦੂਸਰਿਆਂ ਲਈ ਪ੍ਰਾਰਥਨਾ ਕਰੋ

8, 9. ਸਾਨੂੰ ਕਿਉਂ ਹੋਰਨਾਂ ਮਸੀਹੀਆਂ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ?

8 ਅਸੀਂ ਆਪਣੇ ਲਈ ਤਾਂ ਪ੍ਰਾਰਥਨਾ ਕਰਦੇ ਹਾਂ, ਪਰ ਸਾਨੂੰ ਉਨ੍ਹਾਂ ਮਸੀਹੀਆਂ ਲਈ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਿਨ੍ਹਾਂ ਦੇ ਅਸੀਂ ਨਾਂ ਵੀ ਨਹੀਂ ਜਾਣਦੇ। ਪੌਲੁਸ ਸ਼ਾਇਦ ਕੁਲੁੱਸੈ ਦੇ ਸਾਰੇ ਮਸੀਹੀਆਂ ਨੂੰ ਨਹੀਂ ਸੀ ਜਾਣਦਾ, ਫਿਰ ਵੀ ਉਸ ਨੇ ਲਿਖਿਆ: “ਅਸੀਂ ਪਰਮੇਸ਼ੁਰ ਦਾ ਜੋ ਸਾਡੇ ਪ੍ਰਭੁ ਯਿਸੂ ਮਸੀਹ ਦਾ ਪਿਤਾ ਹੈ ਧੰਨਵਾਦ ਕਰਦੇ ਅਤੇ ਨਿੱਤ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ। ਜਦੋਂ ਅਸੀਂ ਤੁਹਾਡੀ ਨਿਹਚਾ ਦੀ ਜਿਹੜੀ ਮਸੀਹ ਯਿਸੂ ਉੱਤੇ ਹੈ ਅਤੇ ਉਸ ਪ੍ਰੇਮ ਦੀ ਜੋ ਤੁਸੀਂ ਸਭਨਾਂ ਸੰਤਾਂ ਨਾਲ ਕਰਦੇ ਹੋ ਖਬਰ ਸੁਣੀ।” (ਕੁਲੁ. 1:3, 4) ਪੌਲੁਸ ਨੇ ਥੱਸਲੁਨੀਕਾ ਦੇ ਮਸੀਹੀਆਂ ਲਈ ਵੀ ਪ੍ਰਾਰਥਨਾ ਕੀਤੀ। (2 ਥੱਸ. 1:11, 12) ਇਸ ਤਰ੍ਹਾਂ ਦੀਆਂ ਪ੍ਰਾਰਥਨਾਵਾਂ ਤੋਂ ਸਾਨੂੰ ਇਕ ਤਾਂ ਆਪਣੇ ਬਾਰੇ ਕਾਫ਼ੀ ਕੁਝ ਪਤਾ ਲੱਗਦਾ ਹੈ ਅਤੇ ਨਾਲੇ ਇਹ ਵੀ ਪਤਾ ਲੱਗਦਾ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਕਿਵੇਂ ਵਿਚਾਰਦੇ ਹਾਂ।

9 ਜਦੋਂ ਅਸੀਂ ਮਸਹ ਕੀਤੇ ਹੋਏ ਮਸੀਹੀਆਂ ਤੇ ਉਨ੍ਹਾਂ ਦਾ ਸਾਥ ਦੇਣ ਵਾਲੀਆਂ ‘ਹੋਰ ਭੇਡਾਂ’ ਲਈ ਪ੍ਰਾਰਥਨਾ ਕਰਦੇ ਹਾਂ, ਤਾਂ ਇਸ ਤੋਂ ਜ਼ਾਹਰ ਹੁੰਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਸੰਗਠਨ ਦੀ ਪਰਵਾਹ ਕਰਦੇ ਹਾਂ। (ਯੂਹੰ. 10:16) ਪੌਲੁਸ ਨੇ ਆਪਣੇ ਭੈਣਾਂ-ਭਰਾਵਾਂ ਨੂੰ ਕਿਹਾ ਸੀ ਕਿ ਉਹ ਉਸ ਲਈ ਪ੍ਰਾਰਥਨਾ ਕਰਨ ਤਾਂਕਿ ਉਸ ਨੂੰ ‘ਅਜੇਹਾ ਬੋਲਣਾ ਦਿੱਤਾ ਜਾਵੇ ਕਿ ਉਹ ਦਿਲੇਰੀ ਨਾਲ ਖੁਸ਼ ਖਬਰੀ ਦਾ ਭੇਤ ਖੋਲ੍ਹੇ।’ (ਅਫ਼. 6:17-20) ਕੀ ਅਸੀਂ ਵੀ ਹੋਰਨਾਂ ਮਸੀਹੀਆਂ ਲਈ ਪ੍ਰਾਰਥਨਾ ਕਰਦੇ ਹਾਂ?

10. ਦੂਸਰਿਆਂ ਲਈ ਪ੍ਰਾਰਥਨਾ ਕਰਨ ਦਾ ਸਾਡੇ ’ਤੇ ਕੀ ਅਸਰ ਪੈ ਸਕਦਾ ਹੈ?

10 ਦੂਜਿਆਂ ਲਈ ਪ੍ਰਾਰਥਨਾ ਕਰਨ ਨਾਲ ਉਨ੍ਹਾਂ ਪ੍ਰਤਿ ਸਾਡਾ ਰਵੱਈਆ ਬਦਲ ਸਕਦਾ ਹੈ। ਜੇ ਸਾਨੂੰ ਕੋਈ ਭੈਣ ਜਾਂ ਭਰਾ ਇੰਨਾ ਚੰਗਾ ਨਹੀਂ ਲੱਗਦਾ, ਪਰ ਅਸੀਂ ਉਸ ਲਈ ਪ੍ਰਾਰਥਨਾ ਕਰਦੇ ਹਾਂ, ਤਾਂ ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਉਸ ਨੂੰ ਪਿਆਰ ਨਹੀਂ ਕਰਦੇ? (1 ਯੂਹੰ. 4:20, 21) ਅਜਿਹੀਆਂ ਪ੍ਰਾਰਥਨਾਵਾਂ ਹੋਰਨਾਂ ਦੇ ਹੌਸਲੇ ਨੂੰ ਵਧਾਉਂਦੀਆਂ ਹਨ ਤੇ ਭਰਾਵਾਂ ਵਿਚ ਏਕਤਾ ਕਾਇਮ ਕਰਦੀਆਂ ਹਨ। ਇਸ ਤੋਂ ਇਲਾਵਾ, ਇਨ੍ਹਾਂ ਪ੍ਰਾਰਥਨਾਵਾਂ ਤੋਂ ਪਤਾ ਲੱਗਦਾ ਹੈ ਕਿ ਸਾਡੇ ਵਿਚ ਮਸੀਹ ਵਰਗਾ ਪ੍ਰੇਮ ਹੈ। (ਯੂਹੰ. 13:34, 35) ਇਹ ਗੁਣ ਪਰਮੇਸ਼ੁਰ ਦੀ ਸ਼ਕਤੀ ਦੇ ਫਲ ਦਾ ਹਿੱਸਾ ਹੈ। ਕੀ ਅਸੀਂ ਖ਼ੁਦ ਯਹੋਵਾਹ ਨੂੰ ਇਸ ਸ਼ਕਤੀ ਲਈ ਪ੍ਰਾਰਥਨਾ ਕਰਦੇ ਹਾਂ ਅਤੇ ਉਸ ਨੂੰ ਕਹਿੰਦੇ ਹਾਂ ਕਿ ਉਹ ਸਾਡੇ ਵਿਚ ਸ਼ਕਤੀ ਦਾ ਫਲ ਪੈਦਾ ਕਰੇ ਜਿਵੇਂ ਪਿਆਰ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ ਅਤੇ ਸੰਜਮ? (ਲੂਕਾ 11:13; ਗਲਾ. 5:22, 23) ਜੇ ਅਸੀਂ ਇੱਦਾਂ ਕਰਦੇ ਹਾਂ, ਤਾਂ ਸਾਡੀ ਕਹਿਣੀ ਤੇ ਕਰਨੀ ਤੋਂ ਸਪੱਸ਼ਟ ਹੋਵੇਗਾ ਕਿ ਅਸੀਂ ਪਵਿੱਤਰ ਸ਼ਕਤੀ ਅਨੁਸਾਰ ਚੱਲਦੇ ਤੇ ਜੀਉਂਦੇ ਹਾਂ।—ਗਲਾਤੀਆਂ 5:16, 25 ਪੜ੍ਹੋ।

11. ਤੁਹਾਡੇ ਖ਼ਿਆਲ ਅਨੁਸਾਰ ਦੂਜਿਆਂ ਨੂੰ ਕਹਿਣਾ ਕਿਉਂ ਠੀਕ ਹੈ ਕਿ ਉਹ ਸਾਡੇ ਲਈ ਪ੍ਰਾਰਥਨਾ ਕਰਨ?

11 ਜੇ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਨਿਆਣੇ ਪੇਪਰਾਂ ਵਿਚ ਨਕਲ ਮਾਰਨ ਦਾ ਝੁਕਾਅ ਰੱਖਦੇ ਹਨ, ਤਾਂ ਸਾਨੂੰ ਉਨ੍ਹਾਂ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਇਸ ਦੇ ਨਾਲ-ਨਾਲ ਸਾਨੂੰ ਉਨ੍ਹਾਂ ਨੂੰ ਬਾਈਬਲ ਵਿੱਚੋਂ ਆਇਤਾਂ ਦਿਖਾਉਣੀਆਂ ਚਾਹੀਦੀਆਂ ਹਨ ਤਾਂਕਿ ਉਹ ਈਮਾਨਦਾਰ ਰਹਿਣ ਤੇ ਕੁਝ ਗ਼ਲਤ ਨਾ ਕਰਨ। ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਕਿਹਾ: “ਅਸੀਂ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ ਜੋ ਤੁਸੀਂ ਕੁਝ ਬੁਰਾ ਨਾ ਕਰੋ।” (2 ਕੁਰਿੰ. 13:7) ਨਿਮਰਤਾ ਨਾਲ ਕੀਤੀਆਂ ਇਨ੍ਹਾਂ ਪ੍ਰਾਰਥਨਾਵਾਂ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ ਅਤੇ ਇਹ ਵੀ ਜ਼ਾਹਰ ਹੁੰਦਾ ਹੈ ਕਿ ਸਾਨੂੰ ਦੂਸਰਿਆਂ ਦੀ ਪਰਵਾਹ ਹੈ। (ਕਹਾਉਤਾਂ 15:8 ਪੜ੍ਹੋ।) ਅਸੀਂ ਪੌਲੁਸ ਰਸੂਲ ਦੀ ਤਰ੍ਹਾਂ ਦੂਸਰਿਆਂ ਨੂੰ ਕਹਿ ਸਕਦੇ ਹਾਂ ਕਿ ਉਹ ਸਾਡੇ ਲਈ ਪ੍ਰਾਰਥਨਾ ਕਰਨ। ਪੌਲੁਸ ਨੇ ਲਿਖਿਆ ਸੀ: “ਸਾਡੇ ਲਈ ਪ੍ਰਾਰਥਨਾ ਕਰੋ ਕਿਉਂ ਜੋ ਸਾਨੂੰ ਨਿਹਚਾ ਹੈ ਭਈ ਸਾਡਾ ਅੰਤਹਕਰਨ ਸ਼ੁੱਧ ਹੈ ਅਤੇ ਅਸੀਂ ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨੀ ਚਾਹੁੰਦੇ ਹਾਂ।”—ਇਬ. 13:18.

ਸਾਡੀਆਂ ਪ੍ਰਾਰਥਨਾਵਾਂ ਤੋਂ ਹੋਰ ਵੀ ਕੁਝ ਪਤਾ ਲੱਗਦਾ ਹੈ

12. ਸਾਨੂੰ ਆਪਣੀਆਂ ਪ੍ਰਾਰਥਨਾਵਾਂ ਵਿਚ ਕਿਹੜੀਆਂ ਜ਼ਰੂਰੀ ਗੱਲਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ?

12 ਕੀ ਸਾਡੀਆਂ ਪ੍ਰਾਰਥਨਾਵਾਂ ਤੋਂ ਜ਼ਾਹਰ ਹੁੰਦਾ ਹੈ ਕਿ ਅਸੀਂ ਯਹੋਵਾਹ ਦੇ ਖ਼ੁਸ਼ ਅਤੇ ਜੋਸ਼ੀਲੇ ਗਵਾਹ ਹਾਂ? ਕੀ ਅਸੀਂ ਆਪਣੀਆਂ ਬੇਨਤੀਆਂ ਵਿਚ ਯਹੋਵਾਹ ਦੀ ਮਰਜ਼ੀ, ਖ਼ੁਸ਼ ਖ਼ਬਰੀ ਦੇ ਪ੍ਰਚਾਰ, ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਸਹੀ ਠਹਿਰਾਉਣ ਅਤੇ ਉਸ ਦੇ ਨਾਂ ਨੂੰ ਵਡਿਆਉਣ ਬਾਰੇ ਗੱਲ ਕਰਦੇ ਹਾਂ? ਸਾਨੂੰ ਇਨ੍ਹਾਂ ਜ਼ਰੂਰੀ ਗੱਲਾਂ ਨੂੰ ਆਪਣੀਆਂ ਪ੍ਰਾਰਥਨਾਵਾਂ ਵਿਚ ਸ਼ਾਮਲ ਕਰਨਾ ਚਾਹੀਦਾ ਹੈ ਜਿਵੇਂ ਯਿਸੂ ਨੇ ਵੀ ਆਪਣੀ ਪ੍ਰਾਰਥਨਾ ਦੇ ਸ਼ੁਰੂ ਵਿਚ ਕਿਹਾ ਸੀ: “ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।”—ਮੱਤੀ 6:9, 10.

13, 14. ਆਪਣੀਆਂ ਪ੍ਰਾਰਥਨਾਵਾਂ ਤੋਂ ਸਾਨੂੰ ਆਪਣੇ ਬਾਰੇ ਕੀ ਪਤਾ ਲੱਗਦਾ ਹੈ?

13 ਪ੍ਰਾਰਥਨਾਵਾਂ ਤੋਂ ਸਾਨੂੰ ਆਪਣੇ ਮਨੋਰਥਾਂ, ਰੁਚੀਆਂ ਤੇ ਖ਼ਾਹਸ਼ਾਂ ਬਾਰੇ ਪਤਾ ਲੱਗਦਾ ਹੈ। ਯਹੋਵਾਹ ਨੂੰ ਪਤਾ ਹੈ ਕਿ ਅੰਦਰੋਂ ਅਸੀਂ ਕਿਹੋ ਜਿਹੇ ਇਨਸਾਨ ਹਾਂ। ਕਹਾਉਤਾਂ 17:3 ਕਹਿੰਦਾ ਹੈ: “ਚਾਂਦੀ ਲਈ ਕੁਠਾਲੀ ਅਤੇ ਸੋਨੇ ਲਈ ਭੱਠੀ ਹੈ, ਪਰ ਮਨਾਂ ਦਾ ਪਰਖਣ ਵਾਲਾ ਯਹੋਵਾਹ ਹੈ।” ਯਹੋਵਾਹ ਜਾਣਦਾ ਹੈ ਕਿ ਸਾਡੇ ਦਿਲ ਵਿਚ ਕੀ ਹੈ। (1 ਸਮੂ. 16:7) ਉਹ ਜਾਣਦਾ ਹੈ ਕਿ ਅਸੀਂ ਮੀਟਿੰਗਾਂ, ਸੇਵਕਾਈ ਅਤੇ ਆਪਣੇ ਭੈਣਾਂ-ਭਰਾਵਾਂ ਬਾਰੇ ਕਿਵੇਂ ਮਹਿਸੂਸ ਕਰਦੇ ਹਾਂ। ਯਹੋਵਾਹ ਨੂੰ ਇਹ ਵੀ ਪਤਾ ਹੈ ਕਿ ਅਸੀਂ ਮਸੀਹ ਦੇ “ਭਰਾਵਾਂ” ਬਾਰੇ ਕਿਵੇਂ ਸੋਚਦੇ ਹਾਂ। (ਮੱਤੀ 25:40) ਨਾਲੇ ਉਸ ਨੂੰ ਪਤਾ ਹੈ ਕਿ ਜਿਸ ਚੀਜ਼ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ, ਉਹ ਅਸੀਂ ਚਾਹੁੰਦੇ ਵੀ ਹਾਂ ਕਿ ਨਹੀਂ ਜਾਂ ਕੀ ਬਸ ਅਸੀਂ ਇੱਕੋ ਗੱਲ ਵਾਰ-ਵਾਰ ਦੁਹਰਾਉਂਦੇ ਰਹਿੰਦੇ ਹਾਂ। ਯਿਸੂ ਨੇ ਕਿਹਾ: “ਤੁਸੀਂ ਪ੍ਰਾਰਥਨਾ ਕਰਦਿਆਂ ਹੋਇਆਂ ਪਰਾਈਆਂ ਕੌਮਾਂ ਦੇ ਲੋਕਾਂ ਵਾਂਗਰ ਬਕ ਬਕ ਨਾ ਕਰੋ ਕਿਉਂ ਜੋ ਓਹ ਸਮਝਦੇ ਹਨ ਭਈ ਸਾਡੇ ਬਹੁਤ ਬੋਲਣ ਕਰਕੇ ਸਾਡੀ ਸੁਣੀ ਜਾਵੇਗੀ।”—ਮੱਤੀ 6:7.

14 ਸਾਡੀਆਂ ਪ੍ਰਾਰਥਨਾਵਾਂ ਇਹ ਵੀ ਜ਼ਾਹਰ ਕਰਦੀਆਂ ਹਨ ਕਿ ਅਸੀਂ ਪਰਮੇਸ਼ੁਰ ਉੱਤੇ ਕਿੰਨਾ ਕੁ ਭਰੋਸਾ ਕਰਦੇ ਹਾਂ। ਦਾਊਦ ਨੇ ਕਿਹਾ: “ਤੂੰ ਮੇਰੀ ਪਨਾਹ ਜੋ ਹੈਂ, ਤੂੰ ਵੈਰੀ ਦੇ ਸਨਮੁਖ ਇੱਕ ਤਕੜਾ ਬੁਰਜ ਹੈਂ। ਮੈਂ ਤੇਰੇ ਤੰਬੂ ਵਿੱਚ ਸਦਾ ਰਹਾਂਗਾ, ਮੈਂ ਤੇਰੇ ਖੰਭਾਂ ਦੇ ਮੁੱਢ ਪਨਾਹ ਲਵਾਂਗਾ।” (ਜ਼ਬੂ. 61:3, 4) ਪਰਮੇਸ਼ੁਰ ਮਾਨੋ “ਆਪਣਾ ਡੇਰਾ” ਯਾਨੀ ਤੰਬੂ ‘ਸਾਡੇ ਉੱਤੇ ਤਾਣ’ ਕੇ ਸਾਡੀ ਰੱਖਿਆ ਕਰਦਾ ਹੈ ਜਿਸ ਕਰਕੇ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਹਾਂ। (ਪਰ. 7:15) ਜਦੋਂ ਅਸੀਂ ਪੂਰੇ ਭਰੋਸੇ ਨਾਲ ਪ੍ਰਾਰਥਨਾ ਦੇ ਜ਼ਰੀਏ ਯਹੋਵਾਹ ਦੇ ਨੇੜੇ ਜਾਂਦੇ ਹਾਂ, ਤਾਂ ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਕਿਸੇ ਵੀ ਅਜ਼ਮਾਇਸ਼ ਦੌਰਾਨ ‘ਸਾਡੇ ਵੱਲ ਹੁੰਦਾ ਹੈ’!—ਜ਼ਬੂਰਾਂ ਦੀ ਪੋਥੀ 118:5-9 ਪੜ੍ਹੋ।

15, 16. ਕਲੀਸਿਯਾ ਵਿਚ ਜ਼ਿੰਮੇਵਾਰ ਭਰਾਵਾਂ ਵਜੋਂ ਸੇਵਾ ਕਰਨ ਦੀ ਇੱਛਾ ਬਾਰੇ ਸਾਡੀ ਪ੍ਰਾਰਥਨਾ ਤੋਂ ਕੀ ਪਤਾ ਲੱਗਦਾ ਹੈ?

15 ਸੱਚੇ ਦਿਲੋਂ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਸਾਨੂੰ ਪਤਾ ਲੱਗ ਸਕਦਾ ਹੈ ਕਿ ਸਾਡੇ ਮਨੋਰਥ ਸਹੀ ਹਨ ਜਾਂ ਨਹੀਂ। ਮਿਸਾਲ ਲਈ, ਕੀ ਅਸੀਂ ਇਸ ਲਈ ਨਿਗਾਹਬਾਨ ਬਣਨਾ ਚਾਹੁੰਦੇ ਹਾਂ ਕਿਉਂਕਿ ਅਸੀਂ ਨਿਮਰਤਾ ਨਾਲ ਪਰਮੇਸ਼ੁਰ ਦੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਹਾਂ ਅਤੇ ਪੂਰੀ ਵਾਹ ਲਾ ਕੇ ਪ੍ਰਚਾਰ ਤੇ ਕਲੀਸਿਯਾ ਦੇ ਕੰਮ ਕਰਨਾ ਚਾਹੁੰਦੇ ਹਾਂ? ਜਾਂ ਫਿਰ ਕੀ ਅਸੀਂ “ਸਿਰ ਕੱਢ” ਹੋਣਾ ਚਾਹੁੰਦੇ ਹਾਂ ਜਾਂ ਦੂਜਿਆਂ ਤੇ ‘ਹੁਕਮ ਚਲਾਉਣਾ’ ਚਾਹੁੰਦੇ ਹਾਂ? ਯਹੋਵਾਹ ਦੇ ਲੋਕਾਂ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ। (3 ਯੂਹੰਨਾ 9, 10; ਲੂਕਾ 22:24-27 ਪੜ੍ਹੋ।) ਜੇ ਸਾਡੇ ਮਨੋਰਥ ਗ਼ਲਤ ਹਨ, ਤਾਂ ਇਹ ਜ਼ਾਹਰ ਹੋ ਜਾਵੇਗਾ ਜਦੋਂ ਅਸੀਂ ਯਹੋਵਾਹ ਨੂੰ ਸੱਚੇ ਦਿਲੋਂ ਪ੍ਰਾਰਥਨਾ ਕਰਾਂਗੇ। ਨਾਲੇ, ਪ੍ਰਾਰਥਨਾ ਦੀ ਮਦਦ ਨਾਲ ਅਸੀਂ ਉਨ੍ਹਾਂ ਮਨੋਰਥਾਂ ਨੂੰ ਦਿਲ ਵਿੱਚੋਂ ਕੱਢ ਸਕਾਂਗੇ ਤਾਂਕਿ ਇਹ ਸਾਡੇ ਅੰਦਰ ਜੜ੍ਹ ਨਾ ਫੜ ਲੈਣ।

16 ਮਸੀਹੀ ਪਤਨੀਆਂ ਸ਼ਾਇਦ ਚਾਹੁਣ ਕਿ ਉਨ੍ਹਾਂ ਦੇ ਪਤੀ ਸਹਾਇਕ ਸੇਵਕ ਤੇ ਫਿਰ ਬਾਅਦ ਵਿਚ ਬਜ਼ੁਰਗ ਵਜੋਂ ਸੇਵਾ ਕਰਨ। ਇਹ ਭੈਣਾਂ ਪ੍ਰਾਰਥਨਾ ਵਿਚ ਯਹੋਵਾਹ ਅੱਗੇ ਆਪਣੀਆਂ ਭਾਵਨਾਵਾਂ ਜ਼ਾਹਰ ਕਰ ਸਕਦੀਆਂ ਹਨ। ਪਰ ਇਨ੍ਹਾਂ ਪ੍ਰਾਰਥਨਾਵਾਂ ਦੇ ਨਾਲ-ਨਾਲ ਉਨ੍ਹਾਂ ਨੂੰ ਆਪ ਵੀ ਚੰਗੀ ਮਿਸਾਲ ਬਣਨ ਦੀ ਲੋੜ ਹੈ। ਇੱਦਾਂ ਕਰਨਾ ਜ਼ਰੂਰੀ ਹੈ ਕਿਉਂਕਿ ਪਰਿਵਾਰ ਦੀ ਕਹਿਣੀ ਤੇ ਕਰਨੀ ਨੂੰ ਦੇਖ ਕੇ ਹੀ ਕਲੀਸਿਯਾ ਦੇ ਭੈਣ-ਭਰਾ ਉਸ ਭਰਾ ਦੀ ਇੱਜ਼ਤ ਕਰਨਗੇ।

ਦੂਜਿਆਂ ਦੀ ਤਰਫ਼ੋਂ ਪ੍ਰਾਰਥਨਾ ਕਰਨੀ

17. ਇਕੱਲੇ ਪ੍ਰਾਰਥਨਾ ਕਰਦਿਆਂ ਸਾਨੂੰ ਸ਼ਾਂਤ ਮਾਹੌਲ ਦੀ ਕਿਉਂ ਲੋੜ ਹੈ?

17 ਯਿਸੂ ਅਕਸਰ ਲੋਕਾਂ ਤੋਂ ਦੂਰ ਕਿਸੇ ਨਵੇਕਲੀ ਥਾਂ ਜਾ ਕੇ ਆਪਣੇ ਪਿਤਾ ਨੂੰ ਪ੍ਰਾਰਥਨਾ ਕਰਦਾ ਹੁੰਦਾ ਸੀ। (ਮੱਤੀ 14:13; ਲੂਕਾ 5:16; 6:12) ਪ੍ਰਾਰਥਨਾ ਕਰਨ ਲਈ ਸਾਨੂੰ ਵੀ ਅਜਿਹੀ ਥਾਂ ਲੱਭਣੀ ਚਾਹੀਦੀ ਹੈ। ਸ਼ਾਂਤ ਮਾਹੌਲ ਵਿਚ ਪ੍ਰਾਰਥਨਾ ਕਰਨ ਨਾਲ ਅਸੀਂ ਅਜਿਹੇ ਫ਼ੈਸਲੇ ਕਰ ਸਕਾਂਗੇ ਜਿਨ੍ਹਾਂ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ ਅਤੇ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ। ਯਿਸੂ ਨੇ ਲੋਕਾਂ ਦੇ ਸਾਮ੍ਹਣੇ ਵੀ ਪ੍ਰਾਰਥਨਾ ਕੀਤੀ ਸੀ। ਸੋ ਚੰਗਾ ਹੋਵੇਗਾ ਜੇ ਅਸੀਂ ਦੇਖੀਏ ਕਿ ਹੋਰਨਾਂ ਦੇ ਅੱਗੇ ਸਹੀ ਢੰਗ ਨਾਲ ਪ੍ਰਾਰਥਨਾ ਕਿਵੇਂ ਕੀਤੀ ਜਾ ਸਕਦੀ ਹੈ।

18. ਕਲੀਸਿਯਾ ਦੀ ਤਰਫ਼ੋਂ ਪ੍ਰਾਰਥਨਾ ਕਰਦਿਆਂ ਭਰਾਵਾਂ ਨੂੰ ਕਿਹੜੀਆਂ ਕੁਝ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ?

18 ਸਾਡੀਆਂ ਮੀਟਿੰਗਾਂ ਵਿਚ ਵਫ਼ਾਦਾਰ ਭਰਾ ਕਲੀਸਿਯਾ ਦੀ ਤਰਫ਼ੋਂ ਪ੍ਰਾਰਥਨਾ ਕਰਦੇ ਹਨ। (1 ਤਿਮੋ. 2:8) ਪ੍ਰਾਰਥਨਾ ਦੇ ਅਖ਼ੀਰ ਵਿਚ ਭੈਣਾਂ-ਭਰਾਵਾਂ ਨੂੰ “ਆਮੀਨ” ਕਹਿਣ ਵਿਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ। “ਆਮੀਨ” ਦਾ ਮਤਲਬ ਹੈ “ਇੱਦਾਂ ਹੀ ਹੋਵੇ।” “ਆਮੀਨ” ਕਹਿਣ ਲੱਗਿਆਂ ਉਨ੍ਹਾਂ ਨੂੰ ਪ੍ਰਾਰਥਨਾ ਵਿਚ ਕਹੀਆਂ ਗੱਲਾਂ ਨਾਲ ਸਹਿਮਤ ਹੋਣਾ ਚਾਹੀਦਾ ਹੈ। ਯਿਸੂ ਨੇ ਪ੍ਰਾਰਥਨਾ ਵਿਚ ਕਦੇ ਇੱਦਾਂ ਦੀ ਕੋਈ ਗੱਲ ਨਹੀਂ ਕਹੀ ਜਿਸ ਤੋਂ ਲੋਕਾਂ ਨੂੰ ਠੇਸ ਲੱਗੀ ਹੋਵੇ ਜਾਂ ਕੁਚੱਜੀ ਲੱਗੀ ਹੋਵੇ। (ਲੂਕਾ 11:2-4) ਇਸ ਤੋਂ ਇਲਾਵਾ, ਉਸ ਨੇ ਪ੍ਰਾਰਥਨਾ ਵਿਚ ਇਕ-ਇਕ ਜਣੇ ਦੀਆਂ ਲੋੜਾਂ ਜਾਂ ਮੁਸ਼ਕਲਾਂ ਦਾ ਜ਼ਿਕਰ ਨਹੀਂ ਕੀਤਾ। ਭਰਾ ਪ੍ਰਾਰਥਨਾ ਵਿਚ ਆਪਣੀਆਂ ਲੋੜਾਂ ਦਾ ਉਦੋਂ ਜ਼ਿਕਰ ਕਰ ਸਕਦਾ ਹੈ ਜਦੋਂ ਉਹ ਇਕੱਲਿਆਂ ਪ੍ਰਾਰਥਨਾ ਕਰਦਾ ਹੈ, ਨਾ ਕਿ ਹੋਰਨਾਂ ਦੇ ਅੱਗੇ ਪ੍ਰਾਰਥਨਾ ਕਰਦਿਆਂ। ਜਦੋਂ ਕੋਈ ਭਰਾ ਭੈਣਾਂ-ਭਰਾਵਾਂ ਦੀ ਤਰਫ਼ੋਂ ਪ੍ਰਾਰਥਨਾ ਕਰਦਾ ਹੈ, ਤਾਂ ਉਸ ਨੂੰ ਗੁਪਤ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ।

19. ਪ੍ਰਾਰਥਨਾ ਦੌਰਾਨ ਸਾਨੂੰ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?

19 ਜਿਸ ਵੇਲੇ ਸਾਡੇ ਲਈ ਪ੍ਰਾਰਥਨਾ ਕੀਤੀ ਜਾ ਰਹੀ ਹੁੰਦੀ ਹੈ, ਉਸ ਵੇਲੇ ਸਾਨੂੰ ‘ਪਰਮੇਸ਼ੁਰ ਦਾ ਭੈ ਮੰਨਣ’ ਦੀ ਲੋੜ ਹੈ। (1 ਪਤ. 2:17) ਕੁਝ ਗੱਲਾਂ ਹੋਰਨਾਂ ਸਮਿਆਂ ਅਤੇ ਥਾਵਾਂ ਤੇ ਕਰਨੀਆਂ ਠੀਕ ਹਨ, ਪਰ ਮਸੀਹੀ ਸਭਾਵਾਂ ਵਿਚ ਨਹੀਂ। (ਉਪ. 3:1) ਮਿਸਾਲ ਲਈ, ਮੰਨ ਲਓ ਕਿ ਗਰੁੱਪ ਵਿਚ ਕੋਈ ਜਣਾ ਚਾਹੁੰਦਾ ਹੈ ਕਿ ਪ੍ਰਾਰਥਨਾ ਦੌਰਾਨ ਸਾਰੇ ਜਣੇ ਇਕ-ਦੂਜੇ ਦੀ ਬਾਂਹ ਜਾਂ ਹੱਥ ਫੜਨ। ਇਹ ਦੇਖ ਕੇ ਸ਼ਾਇਦ ਕੁਝ ਭੈਣ-ਭਰਾਵਾਂ ਜਾਂ ਮੀਟਿੰਗਾਂ ਵਿਚ ਨਵੇਂ-ਨਵੇਂ ਆਉਂਦੇ ਲੋਕਾਂ ਨੂੰ ਚੰਗਾ ਨਾ ਲੱਗੇ ਜਾਂ ਉਨ੍ਹਾਂ ਦਾ ਧਿਆਨ ਭਟਕੇ। ਕੁਝ ਵਿਆਹੁਤਾ ਜੋੜੇ ਸ਼ਾਇਦ ਇਕ-ਦੂਜੇ ਦਾ ਹੱਥ ਫੜਨ, ਪਰ ਜੇ ਉਹ ਪ੍ਰਾਰਥਨਾ ਦੇ ਦੌਰਾਨ ਇਕ-ਦੂਜੇ ਨੂੰ ਜੱਫੀ ਪਾਉਂਦੇ ਹਨ, ਤਾਂ ਇਹ ਦੇਖ ਕੇ ਦੂਜਿਆਂ ਨੂੰ ਸ਼ਾਇਦ ਠੋਕਰ ਲੱਗੇ। ਉਹ ਸ਼ਾਇਦ ਸੋਚਣ ਕਿ ਪਤੀ-ਪਤਨੀ ਪ੍ਰਾਰਥਨਾ ਦੌਰਾਨ ਯਹੋਵਾਹ ਲਈ ਸ਼ਰਧਾ ਦਿਖਾਉਣ ਦੀ ਬਜਾਇ ਰੋਮਾਂਟਿਕ ਪਿਆਰ ’ਤੇ ਜ਼ਿਆਦਾ ਧਿਆਨ ਦੇ ਰਹੇ ਹਨ। ਇਸ ਲਈ, ਆਓ ਆਪਾਂ ਪਰਮੇਸ਼ੁਰ ਲਈ ਗਹਿਰਾ ਆਦਰ ਦਿਖਾਉਂਦਿਆਂ ‘ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰੀਏ’ ਅਤੇ ਉਨ੍ਹਾਂ ਗੱਲਾਂ ਤੋਂ ਪਰਹੇਜ਼ ਕਰੀਏ ਜਿਨ੍ਹਾਂ ਕਾਰਨ ਹੋਰਨਾਂ ਦਾ ਧਿਆਨ ਭੰਗ ਹੁੰਦਾ ਹੈ ਜਾਂ ਠੋਕਰ ਲੱਗਦੀ ਹੈ।—1 ਕੁਰਿੰ. 10:31, 32; 2 ਕੁਰਿੰ. 6:3.

ਕਿਸ ਚੀਜ਼ ਵਾਸਤੇ ਪ੍ਰਾਰਥਨਾ ਕਰੀਏ?

20. ਤੁਸੀਂ ਰੋਮੀਆਂ 8:26, 27 ਕਿਵੇਂ ਸਮਝਾਓਗੇ?

20 ਕਦੇ-ਕਦੇ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਪ੍ਰਾਰਥਨਾ ਕਰਦਿਆਂ ਕੀ ਕਹੀਏ। ਪੌਲੁਸ ਨੇ ਲਿਖਿਆ: “ਕਿਸ ਵਸਤ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਸੀਂ ਨਹੀਂ ਜਾਣਦੇ ਪਰ ਆਤਮਾ [ਪਵਿੱਤਰ ਸ਼ਕਤੀ] ਆਪ ਅਕੱਥ ਹਾਹੁਕੇ ਭਰ ਕੇ ਸਾਡੇ ਲਈ ਸਫ਼ਾਰਸ਼ ਕਰਦਾ ਹੈ। ਅਤੇ ਹਿਰਦਿਆਂ ਦਾ ਜਾਚਣ ਵਾਲਾ [ਪਰਮੇਸ਼ੁਰ] ਜਾਣਦਾ ਹੈ ਭਈ ਆਤਮਾ ਦੀ ਕੀ ਮਨਸ਼ਾ ਹੈ।” (ਰੋਮੀ. 8:26, 27) ਯਹੋਵਾਹ ਨੇ ਬਾਈਬਲ ਵਿਚ ਕਈ ਪ੍ਰਾਰਥਨਾਵਾਂ ਲਿਖਵਾਈਆਂ ਹਨ। ਜਦੋਂ ਅਸੀਂ ਇਨ੍ਹਾਂ ਪ੍ਰਾਰਥਨਾਵਾਂ ਦੇ ਸ਼ਬਦਾਂ ਨੂੰ ਆਪਣੀਆਂ ਪ੍ਰਾਰਥਨਾਵਾਂ ਵਿਚ ਕਹਿੰਦੇ ਹਾਂ, ਤਾਂ ਯਹੋਵਾਹ ਸਾਡੀ ਸੁਣਦਾ ਹੈ। ਉਹ ਸਾਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਸ ਨੂੰ ਉਨ੍ਹਾਂ ਗੱਲਾਂ ਦਾ ਵੀ ਮਤਲਬ ਪਤਾ ਹੈ ਜੋ ਉਸ ਨੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਬਾਈਬਲ ਦੇ ਲਿਖਾਰੀਆਂ ਤੋਂ ਲਿਖਵਾਈਆਂ। ਯਹੋਵਾਹ ਸਾਡੀਆਂ ਬੇਨਤੀਆਂ ਸੁਣਦਾ ਹੈ ਜਦੋਂ ਪਵਿੱਤਰ ਸ਼ਕਤੀ ਉਸ ਅੱਗੇ ਸਾਡੇ ਲਈ “ਸਫ਼ਾਰਸ਼” ਕਰਦੀ ਹੈ। ਪਰ ਅਸੀਂ ਜਿੰਨਾ ਜ਼ਿਆਦਾ ਬਾਈਬਲ ਪੜ੍ਹਾਂਗੇ, ਉੱਨਾ ਜ਼ਿਆਦਾ ਸਾਡੇ ਮਨ ਵਿਚ ਗੱਲਾਂ ਆਉਣਗੀਆਂ ਜੋ ਅਸੀਂ ਪ੍ਰਾਰਥਨਾ ਵਿਚ ਕਹਿ ਸਕਦੇ ਹਾਂ।

21. ਅਸੀਂ ਅਗਲੇ ਲੇਖ ਵਿਚ ਕੀ ਦੇਖਾਂਗੇ?

21 ਅਸੀਂ ਦੇਖਿਆ ਹੈ ਕਿ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਤੋਂ ਆਪਣੇ ਬਾਰੇ ਕਾਫ਼ੀ ਕੁਝ ਪਤਾ ਲੱਗਦਾ ਹੈ। ਮਿਸਾਲ ਲਈ, ਸਾਡੀਆਂ ਪ੍ਰਾਰਥਨਾਵਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਯਹੋਵਾਹ ਦੇ ਕਿੰਨੇ ਨੇੜੇ ਹਾਂ ਅਤੇ ਉਸ ਦੇ ਬਚਨ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦੇ ਹਾਂ। (ਯਾਕੂ. 4:8) ਅਗਲੇ ਲੇਖ ਵਿਚ ਅਸੀਂ ਬਾਈਬਲ ਵਿਚ ਦਰਜ ਕੁਝ ਪ੍ਰਾਰਥਨਾਵਾਂ ਤੇ ਉਨ੍ਹਾਂ ਵਿਚਲੇ ਸ਼ਬਦਾਂ ਉੱਤੇ ਗੌਰ ਕਰਾਂਗੇ। ਇਨ੍ਹਾਂ ਪ੍ਰਾਰਥਨਾਵਾਂ ਦਾ ਸਾਡੀਆਂ ਪ੍ਰਾਰਥਨਾਵਾਂ ਉੱਤੇ ਕਿਹੋ ਜਿਹਾ ਅਸਰ ਪੈਣਾ ਚਾਹੀਦਾ ਹੈ?

ਤੁਸੀਂ ਕਿਵੇਂ ਜਵਾਬ ਦਿਓਗੇ?

• ਯਹੋਵਾਹ ਨੂੰ ਪ੍ਰਾਰਥਨਾ ਕਰਦਿਆਂ ਸਾਡਾ ਕਿਹੋ ਜਿਹਾ ਰਵੱਈਆ ਹੋਣਾ ਚਾਹੀਦਾ ਹੈ?

• ਸਾਨੂੰ ਆਪਣੇ ਭੈਣਾਂ-ਭਰਾਵਾਂ ਵਾਸਤੇ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?

• ਸਾਨੂੰ ਆਪਣੀਆਂ ਪ੍ਰਾਰਥਨਾਵਾਂ ਤੋਂ ਆਪਣੇ ਬਾਰੇ ਅਤੇ ਆਪਣੇ ਮਨੋਰਥਾਂ ਬਾਰੇ ਕੀ ਪਤਾ ਲੱਗਦਾ ਹੈ?

• ਪ੍ਰਾਰਥਨਾ ਦੌਰਾਨ ਸਾਨੂੰ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?

[ਸਵਾਲ]

[ਸਫ਼ਾ 4 ਉੱਤੇ ਤਸਵੀਰ]

ਕੀ ਤੁਸੀਂ ਯਹੋਵਾਹ ਨੂੰ ਬਾਕਾਇਦਾ ਵਡਿਆਉਂਦੇ ਹੋ ਅਤੇ ਉਸ ਦਾ ਧੰਨਵਾਦ ਕਰਦੇ ਹੋ?

[ਸਫ਼ਾ 6 ਉੱਤੇ ਤਸਵੀਰ]

ਪ੍ਰਾਰਥਨਾ ਦੌਰਾਨ ਸਹੀ ਢੰਗ ਨਾਲ ਖੜ੍ਹ ਕੇ ਸਾਨੂੰ ਹਮੇਸ਼ਾ ਯਹੋਵਾਹ ਦੀ ਮਹਿਮਾ ਕਰਨੀ ਚਾਹੀਦੀ ਹੈ